ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਐੱਸਏਐੱਸ ਨਗਰ - ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਅਤੇ ਲਾਪਤਾ ਕਰਨ ਦੇ ਮਾਮਲੇ ਵਿੱਚ ਕਤਲ ਦੀਆਂ ਧਾਰਾਵਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਅੱਜ ਚੁੱਪ ਚੁਪੀਤੇ ਮੁਹਾਲੀ ਪਹੁੰਚੇ। ਉਹ ਮਟੌਰ ਥਾਣੇ ਵਿੱਚ ਆਉਣ ਦੀ ਥਾਂ ਜ਼ਿਲ੍ਹਾ ਪੁਲੀਸ ਮੁਖੀ ਦੇ ਦਫਤਰ ਆਏ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਮੁਲਤਾਨੀ ਮਾਮਲੇ ਦੀ ਜਾਂਚ ਸਬੰਧੀ ਮੁਹਾਲੀ ਪੁਲੀਸ ਵੱਲੋਂ ਬਣਾਈ ਤਿੰਨ ਮੈਂਬਰੀ ਸਿੱਟ ਦੇ ਇੰਚਾਰਜ ਐੱਸਪੀ ਹਰਮਨਦੀਪ ਸਿੰਘ ਹਾਂਸ ਦੇ ਦਫਤਰ ਵਿੱਚ ਆਕੇ ਆਪਣੀ ਹਾਜ਼ਰੀ ਲਾਉਣ ਬਾਅਦ ਚਲੇ ਗਏ। ਪਿਛਲੇ ਦਿਨੀਂ ਸਿੱਟ ਵੱਲੋਂ ਪੇਸ਼ ਹੋਣ ਲਈ ਬੁਲਾਏ ਜਾਣ ’ਤੇ ਉਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਸ਼ਰਨ ਵਿੱਚ ਚਲੇ ਗਏ ਸਨ। ਸੈਣੀ ਦੇ ਅੱਜ ਮੁਹਾਲੀ ਆਉਣ ਦੀ ਕਿਸੇ ਨੂੰ ਵੀ ਭਿਣਕ ਨਹੀਂ ਸੀ। ਸਮੁੱਚਾ ਮੀਡੀਆ ਤੇ ਪੁਲੀਸ ਪ੍ਰਸ਼ਾਸਨ ਕਿਸਾਨ ਧਰਨਿਆਂ ਵਿੱਚ ਵਿਅਸਤ ਸੀ। ਸਾਬਕਾ ਪੁਲੀਸ ਮੁਖੀ ਸਵੇਰੇ ਦਸ ਵਜੇ ਤੋਂ ਪਹਿਲਾਂ ਹੀ ਮੁਹਾਲੀ ਪਹੁੰਚੇ। ਉਹ ਪੰਜ-ਸੱਤ ਮਿੰਟ ਬਾਅਦ ਇਥੋਂ ਚਲੇ ਗਏ।
  ਥਾਣਾ ਮਟੌਰ ਦੇ ਐਸਐਚਓ ਅਤੇ ਸਿੱਟ ਦੇ ਮੈਂਬਰ ਇੰਸਪੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਸੁਮੇਧ ਸੈਣੀ ਮਟੌਰ ਥਾਣੇ ਵਿਖੇ ਨਹੀਂ ਆਏ।
  ਸਿੱਟ ਦੇ ਇੰਚਾਰਜ ਹਰਮਨਦੀਪ ਸਿੰਘ ਹਾਂਸ ਨੇ ਆਖਿਆ ਕਿ ਸਿੱਟ ਵੱਲੋਂ ਸ੍ਰੀ ਸੈਣੀ ਨੂੰ ਬੁਲਾਇਆ ਹੀ ਨਹੀਂ ਗਿਆ ਸੀ। ਦੁਬਾਰਾ ਬੁਲਾਏ ਜਾਣ ਸਬੰਧੀ ਨਵੇਂ ਸੰਮਨ ਜਾਰੀ ਕਰਨ ਬਾਰੇ ਉਨ੍ਹਾਂ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।

  ਤਲਵੰਡੀ ਸਾਬੋ  - ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਤਖ਼ਤ ਦਮਦਮਾ ਸਾਹਿਬ ਵਿਖੇ ਮੱਥਾ ਟੇਕਣ ਲਈ ਆਉਣ ਸਮੇਂ ਖੇਤੀ ਬਿੱਲਾਂ ਦੇ ਮੁੱਦੇ ’ਤੇ ਯੂਥ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਕਾਲੀਆਂ ਝੰਡੀਆਂ ਤੇ ਕਾਲੇ ਝੋਲੇ ਪਾ ਕੇ ਪ੍ਰਦਰਸ਼ਨ ਕੀਤਾ। ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਸਥਾਨਕ ਖੰਡਾ ਚੌਕ ਵਿਖੇ ਜਿੱਥੋਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦਾ ਕਾਫ਼ਲਾ ਲੰਘਣਾ ਸੀ, ਵਿਖੇ ਪ੍ਰੋਫੈਸਰ ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ (ਦੋਵੇਂ ਆਪ ਵਿਧਾਇਕਾ), ਨਵਦੀਪ ਸਿੰਘ ਜੀਦਾ, ਗੁਰਪ੍ਰੀਤ ਸਿੰਘ ਬਣਾਂਵਾਲੀ ਤੇ ਚੌਧਰੀ ਨੇਮ ਚੰਦ ਸਰਦੂਲਗੜ੍ਹ ਅਤੇ ਭੋਲਾ ਸਿੰਘ ਮਾਨ ਦੀ ਅਗਵਾਈ ਵਿੱਚ ਹੱਥਾਂ ਵਿੱਚ ਕਾਲੀਆਂ ਝੰਡੀਆਂ, ਕਾਲੇ ਝੋਲੇ ਪਾ ਕੇ ਅਤੇ ਸਿਰਾਂ ਉਪਰ ਕਾਲੀਆ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ ਕੀਤਾ ਗਿਆ। ਯੂਥ ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਅਤੇ ਰਣਜੀਤ ਸਿੰਘ ਸੰਧੂ ਦੀ ਅਗਵਾਈ ਵਿੱਚ ਯੂਥ ਆਗੂਆਂ ਤੇ ਵਰਕਰਾਂ ਨੇ ਵੀ ਸਥਾਨਕ ਦਸਮੇਸ਼ ਸਕੂਲ ਕੋਲ ਤਲਵੰਡੀ ਸਾਬੋ-ਬਠਿੰਡਾ ਮੁੱਖ ਸੜਕ ਮਾਰਗ 'ਤੇ ਬਾਦਲ ਜੋੜੀ ਖ਼ਿਲਾਫ਼ ਕਾਲੀਆਂ ਝੰਡੀਆਂ ਲਹਿਰਾ ਕੇ ਰੋਸ ਪ੍ਰਦਰਸ਼ਨ ਕੀਤਾ।


  ਚੰਡੀਗੜ੍ਹ  - ਪੰਜਾਬ ਵਿੱਚ ਕਰੋਨਾਵਾਇਰਸ ਨੇ ਪਿਛਲੇ 24 ਘੰਟਿਆਂ ਦੌਰਾਨ 76 ਵਿਅਕਤੀਆਂ ਦੀ ਜਾਨ ਲੈ ਲਈ ਤੇ 1793 ਸੱਜਰੇ ਮਾਮਲੇ ਸਾਹਮਣੇ ਆਏ ਹਨ। ਸੂਬੇ ਵਿੱਚ ਇਸ ਵਾਇਰਸ ਕਰਕੇ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 3066 ਤੱਕ ਅੱਪੜ ਗਈ ਹੈ ਤੇ ਲਾਗ ਦਾ ਸ਼ਿਕਾਰ ਹੋਣ ਵਾਲੇ ਵਿਅਕਤੀਆਂ ਦਾ ਅੰਕੜਾ 1,05,220 ਤੱਕ ਪਹੁੰਚ ਗਿਆ ਹੈ। ਸਿਹਤ ਵਿਭਾਗ ਦਾ ਦੱਸਣਾ ਹੈ ਕਿ ਲੰਘੇ 24 ਘੰਟਿਆਂ ਦੌਰਾਨ ਮੁਹਾਲੀ ਵਿੱਚ ਸਭ ਤੋਂ ਜ਼ਿਆਦਾ 9, ਬਠਿੰਡਾ, ਜਲੰਧਰ, ਕਪੂਰਥਲਾ ਵਿੱਚ 8-8, ਲੁਧਿਆਣਾ ਵਿੱਚ 7, ਅੰਮ੍ਰਿਤਸਰ ਤੇ ਹੁਸ਼ਿਆਰਪੁਰ ਵਿੱਚ 6-6, ਗੁਰਦਾਸਪੁਰ ਤੇ ਰੋਪੜ ਵਿੱਚ 5-5, ਪਟਿਆਲਾ ਤੇ ਸੰਗਰੂਰ ਵਿੱਚ 4-4, ਫਰੀਦਕੋਟ ਤੇ ਤਰਨ ਤਾਰਨ ਵਿੱਚ 2-2, ਮਾਨਸਾ ਤੇ ਨਵਾਂਸ਼ਹਿਰ ਵਿੱਚ 1-1 ਵਿਅਕਤੀ ਦੀ ਮੌਤ ਹੋਈ ਹੈ। ਸੱਜਰੇ ਮਾਮਲਿਆਂ ਵਿੱਚ ਜ਼ਿਲ੍ਹਾਵਾਰ ਸਥਿਤੀ ਦੇਖੀ ਜਾਵੇ ਤਾਂ ਜਲੰਧਰ ਵਿੱਚ 188, ਮੁਹਾਲੀ 169, ਬਠਿੰਡਾ 158, ਅੰਮ੍ਰਿਤਸਰ 146, ਪਟਿਆਲਾ 135, ਹੁਸ਼ਿਆਰਪੁਰ 108, ਗੁਰਦਾਸਪੁਰ 104, ਪਠਾਨਕੋਟ 77, ਕਪੂਰਥਲਾ 66, ਫਾਜ਼ਿਲਕਾ 51, ਮੁਕਤਸਰ 50, ਨਵਾਂਸ਼ਹਿਰ 47, ਰੋਪੜ 47, ਫਿਰੋਜ਼ਪੁਰ 43, ਫਤਿਹਗੜ੍ਹ ਸਾਹਿਬ 35, ਮਾਨਸਾ 28, ਸੰਗਰੂਰ 31, ਬਰਨਾਲਾ 23, ਮੋਗਾ 20 ਅਤੇ ਤਰਨ ਤਾਰਨ ਵਿੱਚ 16 ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਲੰਘੇ ਇੱਕ ਦਿਨ ਦੌਰਾਨ 28,215 ਨਮੂਨੇ ਲਏ ਗਏ ਹਨ। ਸੂਬੇ ਵਿੱਚ ਇਸ ਸਮੇਂ 443 ਵਿਅਕਤੀਆਂ ਨੂੰ ਆਕਸੀਜਨ ਤੇ 76 ਵਿਅਕਤੀਆਂ ਨੂੰ ਵੈਂਟੀਲੇਟਰ ਦੀ ਮਦਦ ਦਿੱਤੀ ਜਾ ਰਹੀ ਹੈ।

  ਲੰਬੀ - ਖੇਤੀ ਬਿੱਲਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਟਰੈਕਟਰ 'ਤੇ ਸਵਾਰ ਹੋ ਕੇ ਲੰਬੀ ਨੇੜੇ ਚੱਕਾ ਜਾਮ ਧਰਨੇ ਵਿਚ ਸ਼ਾਮਲ ਹੋਏ। ਟਰੈਕਟਰ ਨੂੰ ਸੁਖਬੀਰ ਬਾਦਲ ਚਲਾ ਰਹੇ ਸਨ ਜਦ ਕਿ ਊਨ੍ਹਾਂ ਦੀ ਪਤਨੀ ਨਾਲ ਬੈਠੀ ਸੀ। ਦੋਵੇਂ ਆਗੂ ਪਿੰਡ ਬਾਦਲ ਰਿਹਾਇਸ਼ ਤੋਂ ਟਰੈਕਟਰਾਂ ਜ਼ਰੀਏ ਵੱਡੇ ਕਾਫਲੇ ਦੀ ਸ਼ਕਲ ਵਿੱਚ ਧਰਨੇ ਵਿਚ ਪੁੱਜੇ। ਅਕਾਲੀ ਦਲ ਨੇ ਲੰਬੀ ਨੇੜੇ ਡੱਬਵਾਲੀ -ਮਲੋਟ ਕੌਮੀ ਸ਼ਾਹ ਰੋਡ 'ਤੇ ਚੱਕਾ ਜਾਮ ਤਹਿਤ ਧਰਨਾ ਲਗਾਇਆ ਹੋਇਆ ਹੈ।

  ਲਾਹੌਰ - ਪੰਜਾਬ ਦੇ ਗੁਜਰਾਤ ਜ਼ਿਲ੍ਹੇ ਦੇ ਮੁਸਲਿਮ ਸੂਫੀ ਪਰਿਵਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 110 ਸਾਲ ਪੁਰਾਣੇ ਸਰੂਪ ਨੂੰ ਸਿਆਲਕੋਟ ਦੇ ਗੁਰਦੁਆਰਾ ਬਾਬਾ ਦੀ ਬੇਰੀ ਦੇ ਪ੍ਰਬੰਧਕਾਂ ਨੂੰ ਸੌਂਪ ਦਿੱਤਾ ਹੈ। ਦੱਸ ਦਈਏ ਕਿ ਇਹ 110 ਸਾਲ ਪੁਰਾਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਗ੍ਰੰਥੀ ਸਰਦਾਰ ਜਸਕਰਨ ਨੂੰ ਸੌਂਪਿਆ ਗਿਆ।
  ਮਿੱਤਰਸੰਘ ਪੰਜਾਬ ਸੰਸਥਾ ਦੇ ਮੁਖੀ ਇਫਤਿਖਾਰ ਵੜੈਚ ਕਾਲਰਾਵੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਇਹ ਦੋਵੇਂ ਪੁਰਾਣੀਆਂ ਹੱਥ-ਲਿਖਤਾਂ ਮਹਾਨ ਸੂਫੀ ਸਈਦ ਮੁਨੀਰ ਨਕਸ਼ਬੰਦੀ ਦੇ ਪਰਿਵਾਰ ਕੋਲ ਸੁਰੱਖਿਅਤ ਸੀ। ਮੁਨੀਰ ਚਿਸ਼ਤੀ ਦੀ 1950 ਵਿੱਚ ਮੌਤ ਹੋ ਗਈ। ਉਨ੍ਹਾਂ ਨੇ ਇਹ ਦੋਵੇਂ ਬੀੜਾਂ ਆਪਣੇ ਬੱਚਿਆਂ ਨੂੰ ਦਿੱਤੀਆਂ। ਇਫਤਿਖਾਰ ਰਾਇਚ ਨੇ ਕਿਹਾ ਕਿ ਪੀਰ ਸੂਫੀ ਮੁਨੀਰ ਨਕਸ਼ਬੰਦੀ ਗੁਜਰਾਤ ਦੇ ਕਾਲੜਾ ਦੀਵਾਨ ਸਿੰਘਵਾਲਾ ਨਾਲ ਸਬੰਧ ਰੱਖਦੀ ਹੈ। 1947 ਵਿੱਚ ਵੰਡ ਦੌਰਾਨ ਗੁਜਰਾਤ, ਸਿਆਲਕੋਟ ਤੇ ਨੇੜਲੇ ਖੇਤਰ ਦੇ ਸੈਂਕੜੇ ਸਿੱਖ ਤੇ ਹਿੰਦੂ ਪਰਿਵਾਰ ਭਾਰਤ ਚਲੇ ਗਏ ਸੀ।
  ਬਜ਼ੁਰਗ ਸੂਫੀ ਮੁਨੀਰ ਨਕਸ਼ਬੰਦੀ ਨੇ ਉਸ ਸਮੇਂ ਨਾ ਸਿਰਫ ਬਹੁਤ ਸਾਰੇ ਸਿੱਖ ਪਰਿਵਾਰਾਂ ਨੂੰ ਸ਼ਰਾਰਤੀ ਅਨਸਰਾਂ ਦੇ ਹਮਲਿਆਂ ਤੋਂ ਬਚਾਇਆ ਸਗੋਂ ਕੁਝ ਲੋਕਾਂ ਨੇ ਇੱਥੋਂ ਦੇ ਸਿੱਖਾਂ ਦੇ ਪਵਿੱਤਰ ਗੁਰਦੁਆਰੇ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਢਾਹਿਆ ਗਿਆ ਤੇ ਗੁਰਦੁਆਰਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਸੀ ਪਰ ਸੂਫੀਆ ਨੇ ਇਨ੍ਹਾਂ ਨੂੰ ਸੁਰੱਖਿਅਤ ਰੱਖਿਆ।
  ਉਨ੍ਹਾਂ ਕਿਹਾ ਕਿ ਪੀਰ ਸੂਫੀ ਮੁਨੀਰ ਚਿਸ਼ਤੀ ਮੁਸਲਿਮ-ਸਿੱਖ ਦੋਸਤੀ, ਸ਼ਾਂਤੀ ਤੇ ਭਾਈਚਾਰਕ ਸਾਂਝ ਦਾ ਸਮਰਥਕ ਸੀ। ਉਨ੍ਹਾਂ ਨੇ ਮੁਸਲਮਾਨਾਂ ਨੂੰ ਕਿਸੇ ਸਿੱਖ ਜਾਂ ਹਿੰਦੂ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਤੇ ਉਨ੍ਹਾਂ ਦੇ ਪਵਿੱਤਰ ਗ੍ਰੰਥ ਤੇ ਅਸਥਾਨਾਂ ਦੀ ਬੇਅਦਬੀ ਕਰਨ ਤੋਂ ਵਰਜਿਆ।
  ਇਫਤਿਖਾਰ ਰਾਇਚ ਮੁਤਾਬਕ ਸੂਫੀ ਮੁਨੀਰ ਚਿਸ਼ਤੀ ਦੀ ਮੌਤ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਸਰੂਪ ਉਸ ਦੇ ਪਰਵਾਰ ਕੋਲ ਸੁਰੱਖਿਅਤ ਸੀ। ਹੁਣ ਕਰੀਬ 73 ਸਾਲਾਂ ਬਾਅਦ ਸੰਸਥਾ ਮਸਤਸਰੰਜ ਪੰਜਾਬ ਨੇ ਫੈਸਲਾ ਲਿਆ ਹੈ ਕਿ ਇਹ ਸਰੂਪ ਇੱਕ ਗੁਰਦੁਆਰਾ ਸਾਹਿਬ ਵਿੱਚ ਰੱਖਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਪਾਕਿਸਤਾਨ ਵਿੱਚ ਮੁਸਲਿਮ-ਸਿੱਖ ਦੋਸਤੀ ਦੀ ਵੱਡੀ ਮਿਸਾਲ ਹੈ।
  ਸਿਆਲਕੋਟ ਦੇ ਗੁਰਦੁਆਰਾ ਬਾਬਾ ਦੀ ਬੇਰੀ ਦੇ ਗ੍ਰੰਥੀ ਸਰਦਾਰ ਜਸਕਰਨ ਸਿੰਘ ਨੇ ਦੱਸਿਆ ਕਿ ਇਹ ਗੁਰਦੁਆਰਾ 70 ਸਾਲਾਂ ਤੋਂ ਉਜਾੜਿਆ ਪਿਆ ਸੀ। ਜਿੱਥੇ ਹੁਣ ਸਿੱਖਾਂ ਦੀ ਆਮਦ ਸ਼ੁਰੂ ਹੋ ਗਈ। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਮੁਸਲਿਮ ਪਰਿਵਾਰ ਨੇ ਇਹ ਸਦੀ ਪੁਰਾਣਾ ਗੁਰੂ ਗ੍ਰੰਥ ਸਾਹਿਬ ਸਾਨੂੰ ਸੌਂਪਿਆ ਹੈ। ਅਸੀਂ ਮੁਸਲਿਮ ਭਾਈਚਾਰੇ, ਖ਼ਾਸਕਰ ਮਿੱਤਰਸੰਘ ਪੰਜਾਬ ਦਾ ਪਾਕਿਸਤਾਨ ਵਿੱਚ ਮੁਸਲਿਮ-ਸਿੱਖੀ ਦੋਸਤੀ ਨੂੰ ਉਤਸ਼ਾਹਤ ਕਰਨ ਵਿੱਚ ਇਸ ਦੇ ਮਹੱਤਵਪੂਰਨ ਕਾਰਜ ਲਈ ਤਹਿ ਦਿਲੋਂ ਧੰਨਵਾਦ ਕਰਦੇ ਹਾਂ।
  ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਵੇਂ ਸਰੂਪ ਧਾਰਮਿਕ ਸ਼ਰਧਾ ਤੇ ਸਤਿਕਾਰ ਨਾਲ ਗੁਰਦੁਆਰਾ ਸਾਹਿਬ ਵਿੱਚ ਰੱਖੇ ਗਏ ਹਨ।

  ਹਾਈ ਕੋਰਟ ਨੇ ਕਿਹਾ; ਸੂਬੇ ਤੋਂ ਬਾਹਰ ਟਰਾਇਲ ਨਾਲ ਹੋਰ ਦੇਰ ਹੋਵੇਗੀ

  ---
  ਚੰਡੀਗੜ੍ਹ - ਬਲਵੰਤ ਸਿੰਘ ਮੁਲਤਾਨੀ ਦੀ ਹੱਤਿਆ ਦੇ ਮਾਮਲੇ ਵਿਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਵਿਰੁੱਧ ਦਰਜ ਐੱਫਆਈਆਰ ਦੀ ਜਾਂਚ ਨੂੰ ਪੰਜਾਬ ਤੋਂ ਬਾਹਰ ਕਰਵਾਉਣ ਦੀ ਮੰਗ ਨੂੰ ਖ਼ਾਰਜ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਸਾਬਕਾ ਡੀਜੀਪੀ ਖ਼ੁਸ਼ਹਾਲ ਤੇ ਸਮਰੱਥ ਹਨ ਤੇ ਉਹ ਦੂਜੀ ਥਾਂ 'ਤੇ ਵੀ ਬਿਹਤਰ ਵਕੀਲ ਰੱਖ ਕੇ ਆਪਣਾ ਕੇਸ ਲੜ ਸਕਦੇ ਹਨ ਪਰ ਹੋ ਸਕਦਾ ਹੈ ਕਿ ਪੀੜਤ ਧਿਰ ਅਜਿਹਾ ਨਾ ਕਰ ਸਕੇ। ਇਸ ਮਾਮਲੇ ਦੀ ਜਾਂਚ ਨੂੰ ਪੰਜਾਬ ਵਿਚ ਹੀ ਰੱਖੇ ਜਾਣ ਦੀ ਹਮਾਇਤ ਕਰਦਿਆਂ ਆਪਣੇ ਫ਼ੈਸਲੇ ਵਿਚ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਜਾਂਚ ਦੌਰਾਨ ਗਵਾਹਾਂ ਲਈ ਆਪਣੀਆਂ ਗਵਾਹੀਆਂ ਦੇਣੀਆਂ ਸੌਖੀਆਂ ਹੋਣਗੀਆਂ ਤੇ ਇਹ ਪਹਿਲਾਂ ਹੀ ਏਨੀ ਦੇਰ ਨਾਲ ਸ਼ੁਰੂ ਹੋਏ ਟਰਾਇਲ ਨੂੰ ਸੌਖਿਆ ਬਣਾਏਗਾ।
  ਸੈਣੀ ਵੱਲੋਂ ਉਨ੍ਹਾਂ ਵਿਰੁੱਧ ਮੋਹਾਲੀ ਦੇ ਮਟੌਰ ਥਾਣੇ ਵਿਚ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰ ਕੇ ਹੱਤਿਆ ਕਰਨ ਸਬੰਧੀ ਦਰਜ ਐੱਫਆਈਆਰ ਨੂੰ ਰੱਦ ਕਰਨ ਜਾਂ ਮਾਮਲੇ ਦੀ ਜਾਂਚ ਸੂਬੇ ਤੋਂ ਬਾਹਰ ਕਰਵਾਉਣ ਦੀ ਪਟੀਸ਼ਨ ਨੂੰ ਖ਼ਾਰਜ ਕਰਦਿਆਂ ਹਾਈ ਕੋਰਟ ਨੇ ਕਿਹਾ ਕਿ ਸੁਮੇਧ ਸੈਣੀ ਦੇ ਕਾਰੇ ਨੇ ਨਾ ਸਿਰਫ਼ ਪੁਲਿਸ ਫੋਰਸ ਨੂੰ ਬਦਨਾਮ ਕੀਤਾ ਬਲਕਿ ਫੋਰਸ ਵਿਚ ਆਉਣ ਤੋਂ ਪਹਿਲਾਂ ਲੋਕਾਂ ਦੀ ਰਾਖੀ ਲਈ ਚੁੱਕੀ ਸਹੁੰ ਵੀ ਪੂਰੀ ਨਹੀਂ ਕੀਤੀ।
  ਅਦਾਲਤ ਨੇ ਕਿਹਾ ਕਿ ਸੈਣੀ 'ਤੇ ਪੂਰੇ ਹੋਸ਼-ਹਵਾਸ ਨਾਲ ਅਪਰਾਧ ਕਰਨ ਦੇ ਦੋਸ਼ ਹਨ ਜੋ ਉਨ੍ਹਾਂ ਨੇ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਕੀਤਾ ਇਸ ਲਈ ਉਨ੍ਹਾਂ ਨੂੰ ਬੇਕਸੂਰ ਜਾਂ ਮਾਸੂਮ ਮੰਨਦਿਆਂ ਐੱਫਆਈਆਰ ਰੱਦ ਨਹੀਂ ਕੀਤੀ ਜਾ ਸਕਦੀ।
  ਸੈਣੀ ਨੇ ਇਸ ਪਟੀਸ਼ਨ ਵਿਚ ਕਿਹਾ ਸੀ ਕਿ ਇਕ ਹੀ ਮਾਮਲੇ ਵਿਚ ਦੋ ਐੱਫਆਈਆਰ ਦਰਜ ਨਹੀਂ ਕੀਤੀਆਂ ਜਾ ਸਕਦੀਆਂ।

  ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਅਪੀਲ ਕੀਤੀ ਹੈ ਕਿ ਉਹ ਸੰਸਦ ਵੱਲੋਂ ਪਾਸ ਤਿੰਨ ਖੇਤੀ ਬਿੱਲਾਂ ਨੂੰ ਆਪਣੀ ਸਹਿਮਤੀ ਨਾ ਦੇਣ। ਇਸ ਨਾਲ ਕਿਸਾਨ ਤੇ ਕਿਰਤ ਨਾਲ ਸਬੰਧਿਤ ਵਪਾਰੀਆਂ ਤੇ ਮਜ਼ਦੂਰਾਂ ਦੀ ਹੋਂਦ ਖ਼ਤਰੇ ਵਿਚ ਪੈ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੇ ਕਿਸਾਨਾਂ ਦੇ ਬਚਾਅ ਲਈ ਅੱਗੇ ਆਉਣ ਕਿਉਂਕਿ ਉਨ੍ਹਾਂ ਨੂੰ ਦੇਸ਼ ਦੀ ਲੋੜ ਹੈ।
  ਸੋਮਵਾਰ ਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਦੇ ਵਫ਼ਦ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ। ਸੁਖਬੀਰ ਨੇ ਰਾਸ਼ਟਰਪਤੀ ਨੂੰ ਦੇਸ਼ ਦਾ ਰਾਖਾ ਦੱਸਦਿਆਂ ਕਿਹਾ ਕਿ ਉਹ ਸੰਵਿਧਾਨ ਦੇ ਰਾਖੇ ਦੇ ਰੂਪ ਵਿਚ ਕੰਮ ਕਰਨ ਅਤੇ ਕਿਸਾਨ ਅਤੇ ਖੇਤ ਮਜ਼ਦੂਰਾਂ, ਦਲਿਤਾਂ ਦੇ ਬਚਾਅ ਲਈ ਅੱਗੇ ਆਉਣ। ਬਾਅਦ ਵਿਚ ਰਾਸ਼ਟਰਪਤੀ ਭਵਨ ਦੇ ਬਾਹਰ ਬਾਦਲ ਨੇ ਕਿਹਾ ਕਿ ਪਾਰਟੀ ਨੇ ਕਿਸਾਨਾਂ ਦੇ ਵਿਚਾਰਾਂ ਨੂੰ ਉੱਚ ਪੱਧਰ ਤਕ ਪਹੁੰਚਾਇਆ ਹੈ। ਪਾਰਟੀ ਦੀ ਕੋਰ ਕਮੇਟੀ ਦੀ ਛੇਤੀ ਹੀ ਮੀਂਟਿੰਗ ਹੋਵੇਗੀ ਅਤੇ ਨਿਆਂ ਲਈ ਸੰਘਰਸ਼ ਕਰਨ ਲਈ ਅਗਲੀ ਰਣਨੀਤੀ ਲਈ ਫ਼ੈਸਲਾ ਛੇਤੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਨਾਲ ਹਰ ਵੇਲੇ ਖੜ੍ਹੇ ਹਾਂ। ਸਾਡੀ ਪਾਰਟੀ ਕਿਸਾਨਾਂ ਦੀ ਪਾਰਟੀ ਹੈ ਅਤੇ ਸਾਡੇ 95 ਫ਼ੀਸਦੀ ਮੈਂਬਰ ਕਿਸਾਨ ਹਨ।

  ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਸਦ ਵਿੱਚ ਨਵੇਂ ਖੇਤੀ ਬਿੱਲਾਂ ਦੇ ਪਾਸ ਹੋਣ ਨਾਲ ਘੱਟੋ-ਘੱਟ ਸਮਰਥਨ ਮੁੱਲ ਖਤਮ ਹੋਣ ਬਾਰੇ ਕਿਸਾਨਾਂ ਵਿੱਚ ਵੱਧ ਰਹੇ ਖਦਸ਼ਿਆਂ ਦੇ ਦਰਮਿਆਨ ਕਣਕ ਅਤੇ ਹਾੜ੍ਹੀ ਦੀਆਂ ਹੋਰ ਪੰਜ ਫਸਲਾਂ ਦੇ ਭਾਅ ਵਿੱਚ ਕੀਤੇ ਨਿਗੂਣੇ ਵਾਧੇ ਨੂੰ ਕੋਝਾ ਮਜ਼ਾਕ ਕਰਾਰ ਦਿੱਤਾ ਹੈ।
  ਮੁੱਖ ਮੰਤਰੀ ਨੇ ਕਿਹਾ,''ਇਹ ਬੇਰਹਿਮ ਕਦਮ ਹੈ। ਕੇਂਦਰ ਨੇ ਖੇਤੀ ਬਿੱਲਾਂ 'ਤੇ ਕਿਸਾਨਾਂ ਦੇ ਰੋਸ ਪ੍ਰਦਰਸ਼ਨਾਂ ਦੀ ਖਿੱਲੀ ਉਡਾਈ ਹੈ। ਇਹ ਖੇਤੀ ਬਿੱਲ ਆਖ਼ਰ ਵਿੱਚ ਘੱਟੋ-ਘੱਟ ਸਮਰਥਨ ਮੁੱਲ ਦਾ ਅੰਤ ਕਰਨ ਅਤੇ ਭਾਰਤੀ ਖੁਰਾਕ ਨਿਗਮ ਦੇ ਖਾਤਮੇ ਲਈ ਰਾਹ ਸਾਫ਼ ਕਰ ਦੇਣਗੇ।''
  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਇਹ ਸੋਚਦੀ ਹੈ ਕਿ ਉਹ ਇਸ ਤੁੱਛ ਵਾਧੇ ਨਾਲ ਸੜਕਾਂ 'ਤੇ ਉਤਰੇ ਕਿਸਾਨਾਂ ਨੂੰ ਸ਼ਾਂਤ ਕਰ ਲਵੇਗੀ ਤਾਂ ਉਹ ਜ਼ਮੀਨੀ ਹਕੀਕਤ ਤੋਂ ਪੂਰੀ ਤਰ੍ਹਾਂ ਅਣਜਾਣ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਕਿਹਾ,''ਤੁਸੀਂ ਅਜਿਹੇ ਵਿਅਕਤੀ ਨੂੰ ਖੁਸ਼ ਕਰਨ ਦੀਆਂ ਚਾਲਬਾਜ਼ੀਆਂ ਵਿੱਚ ਚੱਲ ਸਕਦੇ ਜੋ ਤੁਹਾਡੇ ਸ਼ਰਮਨਾਕ ਕਦਮਾਂ ਦੇ ਨਤੀਜੇ ਵਜੋਂ ਆਪਣੀ ਰੋਜ਼ੀ-ਰੋਟੀ ਗੁਆਚ ਜਾਣ ਦੀ ਕਗਾਰ 'ਤੇ ਹੈ।''
  ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਵੱਲੋਂ ਤਾਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਲਿਖਤੀ ਗਾਰੰਟੀ ਦਿੱਤੀ ਜਾਵੇ ਕਿ ਘੱਟੋ-ਘੱਟ ਸਮਰਥਨ ਭਾਅ ਨਾਲ ਛੇੜਛਾੜ ਨਹੀਂ ਕੀਤੀ ਜਾਵੇਗੀ ਪਰ ਬਾਵਜੂਦ ਇਸ ਦੇ ਕੇਂਦਰ ਸਰਕਾਰ ਉਨ੍ਹਾਂ ਲਈ ਅਜਿਹੀਆਂ ਨਿਕੰਮੀਆਂ ਪੇਸ਼ਕਸ਼ਾਂ ਲੈ ਕੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਕ ਵਾਰ ਫਿਰ ਇਹ ਸਿੱਧ ਹੋ ਜਾਂਦਾ ਹੈ ਕਿ ਭਾਜਪਾ ਅਤੇ ਉਸ ਦੇ ਸ਼ੋਮਣੀ ਅਕਾਲੀ ਦਲ ਵਰਗੇ ਸਹਿਯੋਗੀ ਕਿਸਾਨਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਕਿੰਨੀ ਕੁ ਚੰਗੀ ਤਰ੍ਹਾਂ ਜਾਣਦੇ ਹਨ।
  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਕਿਸਾਨ ਅਤੇ ਇੱਥੋਂ ਤੱਕ ਕਿ ਪੂਰੇ ਮੁਲਕ ਨੂੰ ਇਸ ਗੱਲ ਦਾ ਯਕੀਨ ਨਹੀਂ ਕਿ ਘੱਟੋ-ਘੱਟ ਸਮਰਥਨ ਮੁੱਲ ਦੀ ਵਿਵਸਥਾ ਕਾਇਮ ਰਹੇਗੀ ਅਤੇ ਕਿੰਨਾ ਸਮਾਂ ਰਹੇਗੀ ਤਾਂ ਉਸ ਮੌਕੇ ਕੇਂਦਰ ਵੱਲੋਂ ਕੁਝ ਫਸਲਾਂ ਦੇ ਭਾਅ ਵਿੱਚ ਮਾਮੂਲੀ ਜਿਹਾ ਵਾਧਾ ਕਰ ਕੇ ਉਨ੍ਹਾਂ ਦੇ ਜਜ਼ਬਾਤਾਂ ਨਾਲ ਖੇਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਆਪਣੇ ਲਿਖਤੀ ਵਾਅਦਿਆਂ ਅਤੇ ਵਚਨਬੱਧਤਾ ਨੂੰ ਲਾਗੂ ਕਰਨ ਵਿੱਚ ਨਾਕਾਮ ਰਹੀ ਹੋਵੇ, ਉਸ ਸਰਕਾਰ ਦੇ ਜ਼ੁਬਾਨੀ ਭਰੋਸੇ ਤੇ ਵਾਅਦੇ ਬੇਮਾਅਨਾ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਆਖਿਆ ਕਿ ਅਜਿਹੀਆਂ ਨੌਟੰਕੀਆਂ ਕਰਨ ਦੀ ਬਜਾਏ ਕਿਸਾਨਾਂ ਦੀਆਂ ਚਿੰਤਾਵਾਂ ਵੱਲ ਧਿਆਨ ਦੇ ਕੇ ਇਨ੍ਹਾਂ ਦਾ ਸਾਰਥਕ ਹੱਲ ਕੱਢਣ ਲਈ ਲੋੜੀਂਦੇ ਕਦਮ ਚੁੱਕੇ ਜਾਣ।
  ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਕਿਸਾਨ ਆਪਣੇ ਅਤੇ ਪਰਿਵਾਰਾਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਵਿੱਚ ਡੁੱਬੇ ਹੋਏ ਹਨ ਅਤੇ ਉਹ ਬਿਨਾਂ ਕਿਸੇ ਹੇਰ-ਫੇਰ ਦੇ ਸਪੱਸ਼ਟ ਰੂਪ ਵਿੱਚ ਇਹ ਚਾਹੁੰਦੇ ਹਨ ਕਿ ਘੱਟੋ-ਘੱਟ ਯਕੀਨਨ ਕੀਮਤ 'ਤੇ ਏ.ਪੀ.ਐਮ.ਸੀ. ਮੰਡੀਆਂ ਵਿੱਚ ਉਨ੍ਹਾਂ ਦੀ ਫਸਲ ਦੀ ਖਰੀਦ ਜਾਰੀ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਆਪਣੇ ਜੀਵਨ ਨਿਰਬਾਹ ਨੂੰ ਸੁਰੱਖਿਅਤ ਬਣਾਉਣਾ ਚਾਹੁੰਦੇ ਹਨ ਜੋ ਪਿਛਲੇ ਛੇ ਸਾਲਾਂ ਵਿੱਚ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਬੁਰੀ ਤਰ੍ਹਾਂ ਅਸਰਅੰਦਾਜ਼ ਹੋਇਆ ਹੈ।
  ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨਾ ਸਾੜਣ ਵਾਲੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਵਾਸਤੇ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦਾ ਐਲਾਨ ਕਰਨ ਵਿੱਚ ਇਕ ਵਾਰ ਫਿਰ ਨਾਕਾਮ ਰਹਿਣ 'ਤੇ ਅਫਸੋਸ ਜ਼ਾਹਰ ਕੀਤਾ।

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ  ਕੇਂਦਰ ਸਰਕਾਰ ਵੱਲੋਂ ਕਣਕ ਦੇ ਆਉਂਦੇ ਸੀਜ਼ਨ ਲਈ ਘੱਟੋ ਘੱਟ ਸਮਰਥਨ ਮੁੱਲ ਵਿਚ 50 ਰੁਪਏ ਦਾ ਵਾਧਾ ਰੱਦ ਕਰ ਦਿੱਤਾ ਹੈ।
  ਸ੍ਰੀ ਬਾਦਲ ਨੇ ਇਸ ਵਾਧੇ ਨੂੰ ਨਾਕਾਫੀ ਕਰਾਰ ਦਿੰਦਿਆਂ ਕਿਹਾ ਕਿ ਇਹ ਵਾਧਾ ਉਹਨਾਂ ਕਿਸਾਨਾਂ ਲਈ ਵੱਡੀ ਮਾਯੂਸੀ ਹੈ ਜੋ ਪਹਿਲਾਂ ਹੀ ਆਪਣੀ ਜਿਣਸ ਦਾ ਸਹੀ ਭਾਅ ਨਾ ਮਿਲਣ ਖਿਲਾਫ ਸੰਘਰਸ਼ ਕਰ ਰਹੇ ਹਨ।
  ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹੋਰ ਜਿਣਸਾਂ ਲਈ ਐਲਾਨਿਆ ਘੱਟੋ ਘੱਟ ਸਮਰਥਨ ਮੁੱਲ ਬੇਮਾਇਨਾ ਹੋ ਜਾਂਦਾ ਹੈ ਕਿਉਂਕਿ ਇਹਨਾਂ ਜਿਣਸਾਂ ਲਈ ਯਕੀਨੀ ਖਰੀਦ ਦੇ ਪ੍ਰਬੰਧ ਨਹੀਂ ਹਨ। ਉਹਨਾਂ ਕਿਹਾ ਕਿ ਕੀਤੇ ਗਏ ਵਾਧੇ ਨਾਲ ਤਾਂ ਜਿਣਸ ਦੀ ਪੈਦਾਵਾਰ ’ਤ ਹੋ ਰਿਹਾ ਵਾਧੂ ਖਰਚ ਵੀ ਪੂਰਾ ਨਹੀਂ ਹੋ ਸਕੇਗਾ।

  ਚੰਡੀਗੜ੍ਹ - ਪੰਜਾਬ ’ਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵਧ ਕੇ ਇਕ ਲੱਖ ਦੇ ਨੇੜੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਕਰੋਨਾਵਾਇਰਸ ਕਰਕੇ ਮੌਤਾਂ ਦੀ ਗਿਣਤੀ ਵੀ ਵਧ ਰਹੀ ਹੈ। ਪਿਛਲੇ 24 ਘੰਟਿਆਂ ’ਚ 56 ਹੋਰ ਜਣਿਆਂ ਦੀ ਮੌਤ ਹੋ ਗਈ ਹੈ। ਸੂਬੇ ’ਚ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ 2813 ਤੱਕ ਪਹੁੰਚ ਗਿਆ ਹੈ। ਅੱਜ ਕਰੋਨਾ ਦੇ 2160 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਜਦਕਿ 2225 ਨੂੰ ਛੁੱਟੀ ਕਰ ਦਿੱਤੀ ਹੈ। ਸਿਹਤ ਵਿਭਾਗ ਅਨੁਸਾਰ ਸੂਬੇ ’ਚ ਹੁਣ ਤੱਕ 15,79,113 ਜਣਿਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 97689 ਪਾਜ਼ੇਟਿਵ ਪਾਏ ਗਏ ਹਨ। ਜਦਕਿ 72598 ਜਣਿਆਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਹੈ। ਇਸ ਸਮੇਂ ਸੂਬੇ ਵਿੱਚ 22278 ਐਕਟਿਵ ਕੇਸ ਹਨ। ਜਿਨ੍ਹਾਂ ਵਿੱਚੋਂ 67 ਦਾ ਵੈਂਟੀਲੇਟਰ ਅਤੇ 490 ਦਾ ਆਕਸੀਜਨ ਨਾਲ ਇਲਾਜ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਅਨੁਸਾਰ ਬੀਤੇ ਇਕ ਦਿਨ ’ਚ ਸਭ ਤੋਂ ਵੱਧ 8 ਮੌਤਾਂ ਜਲੰਧਰ ’ਚ ਹੋਈਆਂ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਅਤੇ ਫਤਿਹਗੜ੍ਹ ਸਾਹਿਬ ’ਚ 6-6, ਲੁਧਿਆਣਾ ’ਚ 5, ਹੁਸ਼ਿਆਰਪੁਰ, ਪਟਿਆਲਾ ਅਤੇ ਰੋਪੜ ’ਚ 4-4, ਮਾਨਸਾ, ਤਰਨਤਾਰਨ ’ਚ 3-3, ਫਰੀਦਕੋਟ, ਫਿਰੋਜ਼ਪੁਰ, ਕਪੂਰਥਲਾ, ਪਠਾਨਕੋਟ ’ਚ 2-2 ਅਤੇ ਬਰਨਾਲਾ, ਬਠਿੰਡਾ, ਗੁਰਦਾਸਪੁਰ, ਨਵਾਂ ਸ਼ਹਿਰ ਅਤੇ ਸੰਗਰੂਰ ’ਚ ਇਕ-ਇਕ ਵਿਅਕਤੀ ਕਰੋਨਾ ਦੀ ਭੇਟ ਚੜ੍ਹ ਗਿਆ ਹੈ। ਪਿਛਲੇ ਇਕ ਦਿਨ ’ਚ 2160 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਵਿੱਚੋਂ ਫਿਰੋਜ਼ਪੁਰ ’ਚ 256, ਮੁਹਾਲੀ ’ਚ 225, ਲੁਧਿਆਣਾ ’ਚ 212, ਜਲੰਧਰ ’ਚ 197, ਪਟਿਆਲਾ ’ਚ 183, ਪਠਾਨਕੋਟ ’ਚ 174, ਬਠਿੰਡਾ ’ਚ 148, ਅੰਮ੍ਰਿਤਸਰ ’ਚ 126, ਗੁਰਦਾਸਪੁਰ ’ਚ 104, ਹੁਸ਼ਿਆਰਪੁਰ ’ਚ 94, ਸੰਗਰੂਰ ’ਚ 56, ਫਾਜ਼ਿਲਕਾ ’ਚ 55, ਕਪੂਰਥਲਾ, ਫਤਿਹਗੜ੍ਹ ਸਹਿਬ ’ਚ 48-48, ਮਾਨਸਾ ’ਚ 46, ਨਵਾਂ ਸ਼ਹਿਰ ’ਚ 39, ਮੁਕਤਸਰ ’ਚ 37, ਬਰਨਾਲਾ ’ਚ 36, ਤਰਨਤਾਰਨ ’ਚ 35, ਫਰੀਦਕੋਟ ’ਚ 20, ਮੋਗਾ ’ਚ 11, ਰੋਪੜ ’ਚ 10 ਨਵੇਂ ਪਾਜ਼ੇਟਿਵ ਕੇਸ ਪਾਏ ਗਏ ਹਨ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com