ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਸੂਬਾ ਭਰ ਵਿੱਚ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਸਥਾਪਤ ਕੀਤੇ ਜਾਂ ਭਵਿੱਖ ਵਿੱਚ ਸਥਾਪਤ ਕੀਤੇ ਜਾਣ ਵਾਲੇ ਸਤਿਸੰਗ ਭਵਨਾਂ ਲਈ ਚੇਂਜ ਆਫ ਲੈਂਡ ਯੂਜ਼ (ਸੀਐੱਲਯੂ) ਫੀਸ ਅਤੇ ਕਈ ਹੋਰ ਦਰਾਂ ਨੂੰ ਮੁਆਫ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸੀਐੱਲਯੂ ਤੋਂ ਇਲਾਵਾ ਮੁਆਫ਼ ਕੀਤੇ ਜਾਣ ਵਾਲੀਆਂ ਹੋਰ ਦਰਾਂ ਵਿੱਚ ਬਾਹਰੀ ਵਿਕਾਸ ਚਾਰਜ (ਈਡੀਸੀ), ਪ੍ਰਵਾਨਗੀ ਫੀਸ (ਪੀਐੱਫ), ਸਮਾਜਿਕ ਬੁਨਿਆਦੀ ਢਾਂਚਾ ਫੰਡ (ਐੱਸਆਈਐੱਫ) ਅਤੇ ਇਮਾਰਤ ਪੜਤਾਲ ਫੀਸ ਸ਼ਾਮਲ ਹੈ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸੜਕੀ ਆਵਾਜਾਈ ਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਦਾ 72 ਕਿਲੋਮੀਟਰ ਲੰਬੇ ਬਿਆਸ-ਮਹਿਤਾ-ਬਟਾਲਾ-ਡੇਰਾ ਬਾਬਾ ਨਾਨਕ ਸੜਕੀ ਪ੍ਰਾਜੈਕਟ ਦੀ ਅੱਪਗ੍ਰਡੇਸ਼ਨ ਕਰਨ ਬਾਰੇ ਸੂਬਾ ਸਰਕਾਰ ਦੀ ਤਜਵੀਜ਼ ਨੂੰ ਪ੍ਰਵਾਨ ਕਰਨ ਲਈ ਧੰਨਵਾਦ ਕੀਤਾ ਹੈ। ਇਹ ਸੜਕੀ ਪ੍ਰਾਜੈਕਟ 'ਭਾਰਤਮਾਲਾ ਪ੍ਰਾਜੈਕਟ ਦੇ ਪਹਿਲੇ ਪੜਾਅ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਪੁਰਬ ਦੇ ਸਾਲ ਭਰ ਚੱਲਣ ਵਾਲੇ ਜਸ਼ਨਾਂ ਦਾ ਹਿੱਸਾ ਹੈ। ਮੁੱਖ ਮੰਤਰੀ ਨੇ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਸੁਖਬੀਰ ਸਿੰਘ ਸੰਧੂ ਦਾ ਵੀ ਇਸ ਵੱਕਾਰੀ ਸੜਕੀ ਪ੍ਰਾਜੈਕਟ ਨੂੰ ਮਨਜ਼ੂਰ ਕਰਨ ਲਈ ਧੰਨਵਾਦ ਕੀਤਾ ਹੈ। ਕੈਬਨਿਟ ਨੇ ਵੀਰਵਾਰ ਨੂੰ ਬਹੁ-ਕਾਰਜ ਖੇਤਰ ਵਾਲੀਆਂ ਯੂਨੀਵਰਸਿਟੀਆਂ ਲਈ ਉਸਾਰੇ ਗਏ ਖੇਤਰ ਦੀ ਸ਼ਰਤ 50000 ਵਰਗ ਮੀਟਰ ਤੋਂ ਘਟਾ ਕੇ 30000 ਵਰਗ ਮੀਟਰ ਅਤੇ ਇਕੋ ਕਾਰਜ ਖੇਤਰ ਵਾਲੀਆਂ ਯੂਨੀਵਰਸਿਟੀਆਂ ਲਈ ਇਹ ਸ਼ਰਤ 20000 ਵਰਗ ਮੀਟਰ ਤੋਂ ਘਟਾ ਕੇ 10000 ਵਰਗ ਮੀਟਰ ਕੀਤੇ ਜਾਣ ਦਾ ਫੈਸਲਾ ਕਰ ਲਿਆ ਹੈ। ਸਰਕਾਰੀ ਬੁਲਾਰੇ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੰਜਾਬ ਵਜ਼ਾਰਤ ਦੀ ਮੀਟਿੰਗ ਤੋਂ ਬਾਅਦ ਦੱਸਿਆ ਕਿ ਇਸੇ ਲਈ 'ਦਿ ਪੰਜਾਬ ਪ੍ਰਾਈਵੇਟ ਯੂਨੀਵਰਸਿਟੀ ਪਾਲਿਸੀ- 2010' ਵਿੱਚ ਸੋਧ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ।
    ਕੈਬਨਿਟ ਵੱਲੋਂ 'ਦਾ ਪੰਜਾਬ ਕੋਆਪਰੇਟਿਵ ਆਡਿਟ (ਗਰੁੱਪ-ਬੀ) ਸਰਵਿਸ ਰੂਲਜ਼, 2016' ਨੂੰ ਸੋਧੇ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਇਸ ਤਹਿਤ ਸੀਨੀਅਰ ਸਹਾਇਕ (ਲੇਖਾ) ਦੀ ਅਸਾਮੀ ਨੂੰ ਸੀਨੀਅਰ ਸਹਾਇਕਾਂ ਵਿੱਚ ਰਲੇਵਾਂ ਕੀਤਾ ਜਾਵੇਗਾ ਤਾਂ ਜੋ ਸਹਿਕਾਰਤਾ ਵਿਭਾਗ ਦੇ ਆਡਿਟ ਵਿੰਗ ਵਿੱਚ ਕੰਮ ਕਰਦੇ ਸੀਨੀਅਰ ਸਹਾਇਕ (ਲੇਖਾ) ਦੀਆਂ ਤਰੱਕੀਆਂ ਦਾ ਰਾਹ ਪੱਧਰਾ ਹੋ ਸਕੇ।

    ਬਹੁਤ ਦੇਰ ਬਾਅਦ ਪੰਜਾਬ ਦੀ ਸਿਆਸਤ ਦਿਹਾਤੀ ਪੰਜਾਬ ਦੀ ਆਰਥਿਕਤਾ ਨਾਲ ਜੁੜੇ ਮੁੱਦਿਆਂ ਵੱਲ ਪਰਤੀ ਹੈ। ਇਹ ਕੋਵਿਡ-19 ਦੀ ਮਹਾਮਾਰੀ ਦੌਰਾਨ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਜ਼ਰੂਰੀ ਵਸਤਾਂ (ਸੋਧ) ਆਰਡੀਨੈਂਸ, ਕਿਸਾਨ ਉਪਜ ਵਪਾਰ ਅਤੇ ਵਣਜ (ਤਰੱਕੀ ਅਤੇ ਸਹੂਲਤ) ਆਰਡੀਨੈਂਸ ਅਤੇ ਕੀਮਤ ਭਰੋਸੇ ਬਾਰੇ ਕਿਸਾਨ (ਸਸ਼ਕਤੀਕਰਨ ਅਤੇ ਸੁਰੱਖਿਆ) ਸਮਝੌਤਾ ਅਤੇ ਖੇਤੀ ਸੇਵਾਵਾਂ ਆਰਡੀਨੈਂਸ ਜਾਰੀ ਕਰਨ ਕਰਕੇ ਹੋਇਆ। ਖੇਤੀ ਦੇ ਮੰਡੀਕਰਨ ਨਾਲ ਜੁੜੇ ਇਨ੍ਹਾਂ ਆਰਡੀਨੈਂਸਾਂ (ਜਿਹੜੇ ਮੌਜੂਦਾ ਸੰਸਦ ਇਜਲਾਸ ਵਿਚ ਕਾਨੂੰਨ ਬਣਨ ਜਾ ਰਹੇ ਹਨ) ਦਾ ਕਿਸਾਨ-ਵਿਰੋਧੀ ਅਤੇ ਨਿੱਜੀ/ਕਾਰਪੋਰੇਟ ਖੇਤਰ ਪੱਖੀ ਮਕਸਦ ਕਿਸਾਨਾਂ ਨੇ ਬੜੀ ਸਪੱਸ਼ਟਤਾ ਨਾਲ ਦੇਖਿਆ ਅਤੇ ਉਹ ਇਨ੍ਹਾਂ ਵਿਰੁੱਧ ਸੰਘਰਸ਼ ਕਰਨ ਲਈ ਮੈਦਾਨ ਵਿਚ ਨਿੱਤਰੇ।

    ਨਵੀਂ ਦਿੱਲੀ , (ਮਨਪ੍ਰੀਤ ਸਿੰਘ ਖਾਲਸਾ) - ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸ਼ਰਦ ਪਵਾਰ ਦੀ ਕਿਤਾਬ 'ਆਪਣੀ ਸ਼ਰਤਾਂ ਉੱਤੇ' ਦੇ ਹਵਾਲੇ ਨਾਲ ਮੀਡੀਆ ਵਿੱਚ ਰਾਜੀਵ- ਲੌਂਗੋਵਾਲ ਸਮਝੌਤੇ ਦੀ ਭੂਮਿਕਾ ਸਾਹਮਣੇ ਆਉਣ ਉੱਤੇ 'ਜਾਗੋ' ਪਾਰਟੀ ਨੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਉੱਤੇ ਵੱਡਾ ਹਮਲਾ ਬੋਲਿਆ ਹੈ। ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਨਵਭਾਰਤ ਟਾਈਮਸ ਵਿੱਚ ਪਵਾਰ ਦੀ ਕਿਤਾਬ ਦੇ ਹਵਾਲੇ ਨਾਲ ਛਪੇ ਲੇਖ ਦਾ ਹਵਾਲਾ ਦਿੰਦੇ ਹੋਏ ਬਾਦਲ ਦੀ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਕਥਿਤ ਗੰਢ-ਤੁਪ ਹੋਣ ਦਾ ਦਾਅਵਾ ਕੀਤਾ ਹੈ। ਨਾਲ ਹੀ ਬਾਦਲ ਅਤੇ ਹੋਰ ਅਕਾਲੀ ਨੇਤਾਵਾਂ ਵੱਲੋਂ ਰਾਜੀਵ ਗਾਂਧੀ ਸਰਕਾਰ ਤੋਂ ਵਿਸ਼ੇਸ਼ ਸੁਵਿਧਾਵਾਂ ਪ੍ਰਾਪਤ ਕਰਨ ਦਾ ਦਾਅਵਾ ਕੀਤਾ ਹੈ। ਜੀਕੇ ਨੇ ਦੱਸਿਆ ਕਿ ਅਪਰੇਸ਼ਨ ਬਲ਼ੂ ਸਟਾਰ ਦੇ ਬਾਅਦ ਅਕਾਲੀ ਨੇਤਾਵਾਂ ਸੁਰਜੀਤ ਸਿੰਘ ਬਰਨਾਲਾ, ਹਰਚੰਦ ਸਿੰਘ ਲੌਂਗੋਵਾਲ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਗ੍ਰਿਫਤਾਰ ਕਰ ਕੇ ਮੱਧ ਪ੍ਰਦੇਸ਼ ਦੀ ਪੰਚਮੜੀ ਜੇਲ੍ਹ ਵਿੱਚ ਰੱਖਿਆ ਗਿਆ ਸੀ। ਪਵਾਰ ਦੇ ਦਾਅਵੇ ਅਨੁਸਾਰ ਉਸ ਸਮੇਂ ਦੇ ਕੇਂਦਰੀ ਗ੍ਰਹਿ ਸਕੱਤਰ ਰਾਮ ਪ੍ਰਧਾਨ ਦਿੱਲੀ ਦੇ ਮਹਾਰਾਸ਼ਟਰ ਸਦਨ ਵਿੱਚ ਆ ਕੇ ਉਨ੍ਹਾਂ ਨੂੰ ਮਿਲਦੇ ਹਨ ਅਤੇ ਅਕਾਲੀ ਨੇਤਾਵਾਂ ਦੇ ਨਾਲ ਉਨ੍ਹਾਂ ਦੇ ਚੰਗੇ ਸੰਬੰਧਾਂ ਦਾ ਹਵਾਲਾ ਦਿੰਦੇ ਹੋਏ ਅਕਾਲੀ ਨੇਤਾਵਾਂ ਨਾਲ ਗੈਰ ਅਧਿਕਾਰਤ ਗੱਲਬਾਤ ਕਰਨ ਦੀ ਸਰਕਾਰ ਵੱਲੋਂ ਪੇਸ਼ਕਸ਼ ਕਰਦੇ ਹਨ। ਤਦ ਪਵਾਰ ਨੇ ਰਾਮ ਪ੍ਰਧਾਨ ਤੋਂ ਸਵਾਲ ਪੁੱਛਿਆ ਕਿ ਕੀ ਪ੍ਰਧਾਨ ਮੰਤਰੀ ਚਾਹੁੰਦੇ ਹਨ ਕਿ ਮੈਂ ਅਕਾਲੀ ਨੇਤਾਵਾਂ ਨਾਲ ਗੱਲਬਾਤ ਕਰਾਂ? ਤਦ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਕੇ ਜਲਦੀ ਮੈਂ ਤੁਹਾਨੂੰ ਸੂਚਿਤ ਕਰਦਾ ਹਾਂ।
    ਜੀਕੇ ਨੇ ਪਵਾਰ ਦੇ ਲੇਖ ਦੇ ਹਵਾਲੇ ਨਾਲ ਦੱਸਿਆ ਕਿ ਇਸ ਦੇ ਬਾਅਦ ਰਾਜੀਵ ਗਾਂਧੀ ਵੱਲੋਂ ਪਵਾਰ ਨੂੰ ਗੱਲਬਾਤ ਕਰਨ ਲਈ ਫ਼ੋਨ ਕਰਕੇ ਦਿੱਲੀ ਬੁਲਾਇਆ ਜਾਂਦਾ ਹੈ। ਜਿਸ ਦੇ ਬਾਅਦ ਦਿੱਲੀ ਵਿੱਚ ਹੋਈ ਮੁਲਾਕਾਤ ਵਿੱਚ ਰਾਜੀਵ ਗਾਂਧੀ ਅਕਾਲੀ ਨੇਤਾਵਾਂ ਨਾਲ ਪਵਾਰ ਨੂੰ ਗੱਲਬਾਤ ਕਰਨ ਲਈ ਅਖ਼ਤਿਆਰ ਦਿੰਦੇ ਹਨ। ਜਿਸ ਦੇ ਬਾਅਦ ਪਵਾਰ ਪੰਚਮੰੜੀ ਜੇਲ੍ਹ ਵਿੱਚ ਸਾਰੇ ਅਕਾਲੀ ਨੇਤਾਵਾਂ ਨਾਲ ਮਿਲਦੇ ਹਨ। ਅਕਾਲੀ ਨੇਤਾ ਉਨ੍ਹਾਂ ਨੂੰ ਲੌਂਗੋਵਾਲ ਨਾਲ ਗੱਲਬਾਤ ਕਰਨ ਦੀ ਸਲਾਹ ਦਿੰਦੇ ਹੈ। ਥੋੜ੍ਹੇ ਗ਼ੁੱਸੇ ਦੇ ਬਾਅਦ ਲੌਂਗੋਵਾਲ ਗੱਲ ਕਰਨ ਲਈ ਤਿਆਰ ਹੋ ਜਾਂਦੇ ਹਨ। ਜਿਸਦੇ ਬਾਅਦ ਸਾਰੇ ਅਕਾਲੀ ਨੇਤਾਵਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਛੇਤੀ ਭੇਜਣ ਦਾ ਪਵਾਰ ਭਰੋਸਾ ਦੇਕੇ ਰਾਜੀਵ-ਲੌਂਗੋਵਾਲ ਸਮਝੌਤੇ ਦੀ ਗੱਲਬਾਤ ਦੀ ਪਿੱਚ ਤਿਆਰ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ। ਜਿਸ ਵਜਾ ਰਾਜੀਵ ਗਾਂਧੀ ਦੀ ਮਨਜ਼ੂਰੀ ਦੇ ਬਾਅਦ ਅਕਾਲੀ ਨੇਤਾਵਾਂ ਨੂੰ ਤਿਹਾੜ ਜੇਲ੍ਹ ਲਿਆਇਆ ਜਾਂਦਾ ਹੈ ਅਤੇ ਪਾਰਟੀ ਕਾਰਕੁਨਾਂ ਅਤੇ ਪਰਿਵਾਰਿਕ ਮੈਂਬਰਾਂ ਨਾਲ ਜੇਲ੍ਹ ਵਿੱਚ ਜਲਦੀ ਮੁਲਾਕਾਤ ਕਰਨ ਦੀ ਵਿਸ਼ੇਸ਼ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ।
    ਜੀਕੇ ਨੇ ਕਿਹਾ ਕਿ ਬਾਦਲ ਉੱਤੇ ਪਹਿਲਾਂ ਵੀ ਅਪਰੇਸ਼ਨ ਬਲ਼ੂ ਸਟਾਰ ਨੂੰ ਚੁੱਪ-ਚੁਪੀਤੇ ਸਮਰਥਨ ਦੇਣ ਦੇ ਇਲਜ਼ਾਮ ਲੱਗਦੇ ਰਹੇ ਹਨ। ਪਰ ਹੁਣ ਕਾਂਗਰਸ ਦੇ ਨੇਤਾਵਾਂ ਨਾਲ ਗੰਢ-ਤੁਪ ਕਰਕੇ ਕੌਮ ਨੂੰ ਮੂਰਖ ਬਣਾਉਣ ਦਾ ਨਵਾਂ ਖ਼ੁਲਾਸਾ ਸਾਹਮਣੇ ਆ ਗਿਆ ਹੈ। ਜੀਕੇ ਨੇ ਹੈਰਾਨੀ ਜਤਾਈ ਕਿ ਅਕਾਲੀ ਨੇਤਾ ਸਿਰਫ਼ ਜੇਲ੍ਹ ਬਦਲਣ ਦੇ ਲਾਲਚ ਵਿੱਚ ਹੀ ਕੌਮ ਦਾ ਸਭ ਕੁੱਝ ਦਾਅ ਉੱਤੇ ਲਗਾ ਕੇ ਗੱਲਬਾਤ ਦੀ ਟੇਬਲ ਉੱਤੇ ਬੈਠਣ ਨੂੰ ਤਿਆਰ ਕਿਵੇਂ ਹੋ ਗਏ ? ਕੀ ਬਾਦਲ ਨੇ ਲੌਂਗੋਵਾਲ ਨੂੰ ਅੱਗੇ ਕਰਕੇ ਪੰਜਾਬ ਦੇ ਹੱਕਾਂ ਉੱਤੇ ਡਾਕਾ ਮਾਰਨ ਦੀ ਰਾਜੀਵ ਗਾਂਧੀ ਨੂੰ ਚੋਰੀ ਛਿਪੇ ਛੁੱਟ ਦਿੱਤੀ ਸੀ ? ਕੌਮ ਦੇ ਮੁੱਦਿਆਂ ਨਾਲ ਜ਼ਰੂਰੀ ਇਹਨਾਂ ਦੀ ਪਰਿਵਾਰਿਕ ਮੁਲਾਕਾਤਾਂ ਜ਼ਿਆਦਾ ਜ਼ਰੂਰੀ ਸੀ ? ਜੀਕੇ ਨੇ ਅਫ਼ਸੋਸ ਜਤਾਇਆ ਕਿ ਕੌਮ ਲਈ ਕੁਰਬਾਨੀਆਂ ਕਰਨ ਦਾ ਦਾਅਵਾ ਕਰਨ ਵਾਲੇ ਉਕਤ ਨੇਤਾਵਾਂ ਨੂੰ ਕੌਮ ਨੇ ਵਾਰ-ਵਾਰ ਸੱਤਾ ਦੇ ਕੇ ਆਪਣੇ ਜੁਆਈ ਵਰਗਾ ਪਿਆਰ ਦਿੱਤਾ ਪਰ ਇਹ ਤਾਂ ਸਰਕਾਰੀ ਜੁਆਈ ਨਿਕਲੇ।

     

    ਅੰਮ੍ਰਿਤਸਰ - ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਦੇ ਬਾਹਰ ਧਰਨਾ ਦੇ ਰਹੇ ਸਿੱਖਾਂ ਦੇ ਹੱਕ ਵਿਚ ਆਏ ਕੁਝ ਨਿਹੰਗ ਸਿੰਘਾਂ ਅਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਿਚਾਲੇ ਤਕਰਾਰ ਤੋਂ ਬਾਅਦ ਹੋਏ ਝਗੜੇ ਵਿਚ ਕੁਝ ਨਿਹੰਗ ਸਿੰਘ ਜ਼ਖਮੀ ਹੋ ਗਏ ਹਨ, ਜਿਨ੍ਹਾਂ ਦੀਆਂ ਦਸਤਾਰਾਂ ਵੀ ਉਤਰ ਗਈਆਂ। ਇਸ ਦੌਰਾਨ ਟਾਸਕ ਫੋਰਸ ਦੇ ਕਰਮਚਾਰੀਆਂ ਵਲੋਂ ਮੀਡੀਆ ਕਰਮੀਆਂ ਨਾਲ ਵੀ ਦੁਰਵਿਹਾਰ ਕੀਤਾ ਗਿਆ ਹੈ। ਧਰਨਾਕਾਰੀਆਂ ਵਲੋਂ ਜਾਰੀ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਸ਼੍ਰੋਮਣੀ ਕਮੇਟੀ ਨੇ ਤਿੰਨ ਪਾਸੇ ਉੱਚੀਆਂ ਟੀਨਾਂ (ਬੈਰੀਕੇਡ) ਲਾ ਕੇ ਧਰਨਾ ਦੇ ਰਹੇ ਸਿੱਖ ਕਾਰਕੁਨਾਂ ਨੂੰ ਵੀ ਅਲੱਗ-ਥਲੱਗ ਕਰ ਦਿੱਤਾ ਹੈ। ਲਾਪਤਾ ਸਰੂਪਾਂ ਦੀ ਜਾਂਚ ਰਿਪੋਰਟ ਵਿਚ ਦੱਸੇ ਗਏ ਦੋਸ਼ੀਆਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਾਉਣ ਲਈ ਕੇ ਸਤਿਕਾਰ ਕਮੇਟੀਆਂ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਕਾਰਕੁਨ ਕੱਲ੍ਹ ਤੋਂ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਦੇ ਬਾਹਰ ਧਰਨੇ ’ਤੇ ਬੈਠੇ ਹੋਏ ਹਨ। ਰਾਤ ਵੇਲੇ ਜਦੋਂ ਧਰਨਾਕਾਰੀ ਘੱਟ ਗਿਣਤੀ ਵਿਚ ਰਹਿ ਗਏ ਸਨ ਤਾਂ ਸ਼੍ਰੋਮਣੀ ਕਮੇਟੀ ਨੇ ਗੁਰੂ ਰਾਮਦਾਸ ਨਿਵਾਸ, ਗੁਰਦੁਆਰਾ ਬਾਬਾ ਅਟਲ ਰਾਏ ਅਤੇ ਮੰਜੀ ਸਾਹਿਬ ਦੀਵਾਨ ਹਾਲ ਦੇ ਅੱਗੇ 10 ਫੁੱਟ ਉੱਚੀਆਂ ਟੀਨਾਂ ਲਾ ਕੇ ਇਧਰ ਆਉਣ ਵਾਲੇ ਰਸਤੇ ਰੋਕ ਦਿੱਤੇ ਹਨ, ਜਿਸ ਨਾਲ ਧਰਨਾਕਾਰੀ ਅਲੱਗ ਥਲਗ ਹੋ ਕੇ ਰਹਿ ਗਏ ਹਨ। ਸਵੇਰ ਵੇਲੇ ਜਦੋਂ ਧਰਨਾਕਾਰੀਆਂ ਦੇ ਸਮਰਥਨ ਵਿਚ ਕੁਝ ਨਿਹੰਗ ਸਿੰਘ ਪੁੱਜੇ ਤਾਂ ਉਨ੍ਹਾਂ ਨੇ ਰਸਤਾ ਬੰਦ ਦੇਖ ਕੇ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਸਾਹਮਣੇ ਧਰਨੇ ’ਤੇ ਬੈਠ ਗਏ। ਇਨ੍ਹਾਂ ਨੇ ਇਥੇ ਹੀ ਕੁਝ ਬੈਨਰ ਵੀ ਲਾਏ, ਜਿਨ੍ਹਾਂ ’ਤੇ ਲਿਖਿਆ ਹੋਇਆ ਸੀ ‘ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰੋ ਸ਼ਰਮ ਕਰੋ’। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਆਈ ਟਾਸਕ ਫੋਰਸ ਦੇ ਕਰਮਚਾਰੀਆਂ ਨੇ ਪਹਿਲਾਂ ਇਹ ਬੈਨਰ ਇਥੋਂ ਹਟਾਏ, ਜਿਸ ਨਾਲ ਨਿਹੰਗਾਂ ਅਤੇ ਇਨ੍ਹਾਂ ਵਿਚਾਲੇ ਤਕਰਾਰ ਸ਼ੁਰੂ ਹੋ ਗਈ। ਇਹ ਤਕਰਾਰ ਝਗੜੇ ਵਿਚ ਬਦਲ ਗਈ। ਇਕ ਨਿਹੰਗ ਨੇ ਕਿਰਪਾਨ ਖਿੱਚ ਲਈ ਅਤੇ ਹਮਲਾ ਕੀਤਾ, ਜਿਸ ਨੂੰ ਰੋਕਦਿਆਂ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਨੇ ਉਸ ਨਿਹੰਗ ਸਮੇਤ ਹੋਰਨਾਂ ਦੀ ਮਾਰਕੁੱਟ ਕੀਤੀ ਅਤੇ ਕਈਆਂ ਦੀ ਦਸਤਾਰ ਵੀ ਉਤਰ ਗਈ। ਇਸ ਕਾਰਵਾਈ ਵਿਚ ਕੁਝ ਨਿਹੰਗ ਜ਼ਖਮੀ ਵੀ ਹੋਏ ਅਤੇ ਟਾਸਕ ਫੋਰਸ ਨੇ ਇਨ੍ਹਾਂ ਨੂੰ ਭਜਾ ਦਿੱਤਾ। ਇਸ ਦੌਰਾਨ ਘਟਨਾ ਦੀ ਕਵਰੇਜ ਕਰ ਰਹੇ ਮੀਡੀਆ ਕਰਮੀਆਂ ਨੂੰ ਰੋਕਣ ਲਈ ਉਨ੍ਹਾਂ ਦੀ ਵੀ ਖਿੱਚ-ਧੂਹ ਕੀਤੀ ਗਈ ਅਤੇ ਕੈਮਰੇ ਖੋਹਣ ਦਾ ਵੀ ਯਤਨ ਕੀਤਾ।
    ਇਸ ਘਟਨਾ ਦੀ ਵੀਡਿਓ ਵਾਇਰਲ ਹੋਣ ਮਗਰੋਂ ਧਰਨਾਕਾਰੀਆਂ ਦੇ ਹੋਰ ਵੀ ਸਮਰਥਕ ਮੌਕੇ ’ਤੇ ਪੁੱਜ ਗਏ ਅਤੇ ਉਨ੍ਹਾਂ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਸਾਹਮਣੇ ਧਰਨਾ ਦੇ ਦਿੱਤਾ। ਲੋਕ ਇਨਸਾਫ ਪਾਰਟੀ ਦੇ ਜਗਜੋਤ ਸਿੰਘ ਤੇ ਉਨ੍ਹਾਂ ਦੇ ਸਮਰਥਕ ਵੀ ਪੁੱਜੇ ਸਨ। ਹਵਾਰਾ ਕਮੇਟੀ ਦੇ ਆਗੂਆਂ ਨੇ ਵੀ ਧਰਨੇ ਵਿਚ ਸ਼ਮੂਲੀਅਤ ਕੀਤੀ। ਇਸ ਘਟਨਾ ਦੀ ਵੱਖ ਵੱਖ ਜਥੇਬੰਦੀਆਂ ਵਲੋਂ ਸਖ਼ਤ ਨਿੰਦਾ ਕੀਤੀ ਗਈ ਹੈ। ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਨੇ ਆਖਿਆ ਕਿ 328 ਸਰੂਪਾਂ ਦਾ ਵੇਰਵਾ ਸਿੱਖ ਸੰਗਤ ਨੂੰ ਦੇਣਾ ਚਾਹੀਦਾ ਹੈ।
    ਸ਼੍ਰੋਮਣੀ ਕਮੇਟੀ ਅਤੇ ਮੋਰਚਾ ਲਾ ਕੇ ਬੈਠੇ ਸਿੱਖ ਕਾਰਕੁਨਾਂ ਵਿਚਾਲੇ ਅੱਜ ਹੋਈਆਂ ਦੋ ਮੀਟਿੰਗਾਂ ਮਗਰੋਂ ਸਹਿਮਤੀ ਹੋ ਗਈ ਹੈ, ਜਿਸ ਤਹਿਤ ਸਿੱਖ ਕਾਰਕੁਨ ਆਪਣਾ ਧਰਨਾ ਸ਼੍ਰੋਮਣੀ ਕਮੇਟੀ ਦੇ ਮੁਖ ਦਫਤਰ ਦੇ ਬਾਹਰੋਂ ਹਟਾ ਕੇ ਸਾਹਮਣੇ ਬਣ ਰਹੀ ਇਮਾਰਤ ਹੇਠਾਂ ਲੈ ਗਏ ਹਨ। ਇਸ ਮਾਮਲੇ ਵਿਚ ਸਿੱਖ ਜਥੇਬੰਦੀਆਂ ਵੱਲੋਂ ਆਪਣੇ ਤੌਰ ’ਤੇ 16 ਸਤੰਬਰ ਨੂੰ ਪੁਲੀਸ ਕਮਿਸ਼ਨਰ ਕੋਲ ਦਰਖਾਸਤ ਦੇ ਕੇ ਕੇਸ ਦਰਜ ਕਰਨ ਦੀ ਮੰਗ ਕੀਤੀ ਜਾਵੇਗੀ।
    ਇਹ ਮੀਟਿੰਗ ਸਿੱਖ ਜਥੇਬੰਦੀਆਂ ਦੇ ਕਾਰਕੁਨ ਦਿਲਬਾਗ ਸਿੰਘ, ਤਰਲੋਚਨ ਸਿੰਘ ਸੋਹਲ, ਬਲਬੀਰ ਸਿੰਘ ਮੁੱਛਲ ਅਤੇ ਐਡਵੋਕੇਟ ਸਿਮਰਨਜੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ, ਸਕੱਤਰ ਮਹਿੰਦਰ ਸਿੰਘ ਆਹਲੀ, ਸੁਖਦੇਵ ਸਿੰਘ ਭੂਰਾ ਕੋਹਨਾ, ਮੈਂਬਰ ਅਜਾਇਬ ਸਿੰਘ ਅਭਿਆਸੀ ਦਰਮਿਆਨ ਹੋਈ।
    ਮੀਟਿੰਗ ਦੇ ਵੇਰਵੇ ਜਾਰੀ ਕਰਦਿਆਂ ਸਿੱਖ ਆਗੂਆਂ ਨੇ ਦੱਸਿਆ ਕਿ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਾਂ ’ਤੇ ਇਕ ਪੱਤਰ ਦਿੱਤਾ ਹੈ, ਜਿਸ ਵਿਚ ਮੰਗ ਕੀਤੀ ਹੈ ਕਿ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਸੱਦ ਕੇ 5 ਸਤੰਬਰ ਦੀ ਮੀਟਿੰਗ ਵਿੱਚ ਕੀਤੇ ਫ਼ੈਸਲੇ ਨੂੰ ਰੱਦ ਕਰਦਿਆਂ ਕਥਿਤ ਦੋਸ਼ੀਆਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਾਇਆ ਜਾਵੇ, ਅੱਗ ਅਤੇ ਪਾਣੀ ਨਾਲ ਨੁਕਸਾਨੇ ਗਏ ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਪਸ਼ਚਾਤਾਪ ਕਰੇ ਅਤੇ ਅਖੰਡ ਪਾਠ ਕਰਵਾਏ। ਪਬਲੀਕੇਸ਼ਨ ਵਿਭਾਗ ਜਿੱਥੇ ਸਰੂਪਾਂ ਦੀ ਛਪਾਈ ਹੁੰਦੀ ਹੈ, ਦੀ ਦੇਖ ਰੇਖ ਲਈ ਕਮੇਟੀ ਬਣਾਈ ਜਾਵੇ, ਜਿਸ ਵਿੱਚ ਸੰਗਤ ਦੇ ਨੁਮਾਇੰਦੇ ਵੀ ਸ਼ਾਮਲ ਹੋਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਾਮਲਿਆਂ ’ਤੇ ਸ਼੍ਰੋਮਣੀ ਕਮੇਟੀ ਨੇ ਸਹਿਮਤੀ ਦਿੱਤੀ ਹੈ। ਸਿੱਖ ਕਾਰਕੁਨਾਂ ਵੱਲੋਂ ਐਡਵੋਕੇਟ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਲਾਪਤਾ ਸਰੂਪਾਂ ਦੇ ਮਾਮਲੇ ਵਿੱਚ ਦੋਸ਼ੀਆਂ ਖ਼ਿਲਾਫ਼ ਕਾਰਵਾਈ ਵਾਸਤੇ ਸਿੱਖ ਜਥੇਬੰਦੀਆਂ ਆਪਣੇ ਵੱਲੋਂ ਬੁੱੱਧਵਾਰ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ ਪੱਤਰ ਦੇਣਗੀਆਂ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਸ਼੍ਰੋਮਣੀ ਕਮੇਟੀ ਆਪਣਾ ਪਿਛਲਾ ਮਤਾ ਰੱਦ ਕਰਕੇ ਨਵੇਂ ਮਤੇ ਰਾਹੀਂ ਦੋਸ਼ੀਆਂ ਖ਼ਿਲਾਫ਼ ਫ਼ੌਜਦਾਰੀ ਕਾਰਵਾਈ ਦਾ ਫ਼ੌਸਲਾ ਨਹੀਂ ਕਰਦੀ ਅਤੇ ਪੁਲੀਸ ਕੇਸ ਦਰਜ ਨਹੀਂ ਕਰਾਉਂਦੀ, ਇਹ ਮੋਰਚਾ ਨਿਰੰਤਰ ਜਾਰੀ ਰਹੇਗਾ। ਪਰ ਇਸ ਦਾ ਸਥਾਨ ਥੋੜ੍ਹਾ ਬਦਲ ਦਿੱਤਾ ਹੈ। ਇਸ ਤੋਂ ਇਲਾਵਾ ਟੀਨਾਂ ਲਾ ਕੇ ਕੀਤੀ ਗਈ ਘੇਰਾਬੰਦੀ ਖ਼ਤਮ ਕਰਨ ਲਈ ਆਖਿਆ ਹੈ ਤਾਂ ਜੋ ਸੰਗਤ ਨੂੰ ਮੁਸ਼ਕਲ ਨਾ ਆਵੇ।

    ਐੱਸਏਐੱਸ ਨਗਰ - ਸੁਪਰੀਮ ਕੋਰਟ ਨੇ ਮੁਹਾਲੀ ਦੇ ਵਸਨੀਕ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵੱਡੀ ਰਾਹਤ ਦਿੰਦਿਆਂ ਉਸ ਦੀ ਗ੍ਰਿਫ਼ਤਾਰੀ ’ਤੇ ਫਿਲਹਾਲ ਆਰਜ਼ੀ ਰੋਕ ਲਗਾ ਦਿੱਤੀ ਹੈ ਅਤੇ ਸੈਣੀ ਨੂੰ ਪੁਲੀਸ ਜਾਂਚ ਵਿੱਚ ਸਹਿਯੋਗ ਦੇਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਮਾਮਲੇ ਵਿੱਚ ਜੁਆਬ ਦਾਖਲ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ ਦੇ ਜੱਜ ਜਸਟਿਸ ਅਸ਼ੋਕ ਭੂਸ਼ਣ, ਜਸਟਿਸ ਆਰ ਸੁਭਾਸ਼ ਰੈਡੀ ਅਤੇ ਜਸਟਿਸ ਐੱਮਆਰ ਸ਼ਾਹ ’ਤੇ ਆਧਾਰਿਤ ਵਿਸ਼ੇਸ਼ ਬੈਂਚ ਨੇ ਅੱਜ ਸੈਣੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਕੀਤੀ। ਕਰੋਨਾ ਮਹਾਮਾਰੀ ਪ੍ਰਕੋਪ ਦੇ ਮੱਦੇਨਜ਼ਰ ਵੀਡੀਓ ਕਾਨਫਰੰਸਿੰਗ ਰਾਹੀਂ ਸੈਣੀ ਦੀ ਪਟੀਸ਼ਨ ’ਤੇ ਸੁਣਵਾਈ ਹੋਈ।
    ਸੁਮੇਧ ਸੈਣੀ ਦੀ ਤਰਫੋਂ ਬਹਿਸ ਵਿੱਚ ਹਿੱਸਾ ਲੈਂਦਿਆਂ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਚੋਟੀ ਦੀ ਅਦਾਲਤ ਨੂੰ ਦੱਸਿਆ ਕਿ ‘ਇਹ ਬਹੁਤ ਗੰਭੀਰ ਮਾਮਲਾ ਹੈ। ਉਨ੍ਹਾਂ ਸੈਣੀ ਨੂੰ ਇਕ ਜ਼ਾਬਾਜ਼ ਅਤੇ ਮਿਹਨਤੀ ਅਫ਼ਸਰ ਸਨ। ਬਚਾਅ ਪੱਖ ਨੇ ਇਹ ਵੀ ਦਲੀਲ ਦਿੱਤੀ ਕਿ ਮੁਲਤਾਨੀ ਇੱਕ ਕੇਸ ਵਿੱਚ ਭਗੌੜਾ ਅਪਰਾਧੀ ਸੀ।
    ਦੂਜੇ ਪਾਸੇ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਵੱਲੋਂ ਸੈਣੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਦਲੀਲਾਂ ਦਿੱਤੀਆਂ ਗਈਆਂ। ਸਿਖਰਲੀ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫਿਲਹਾਲ ਸਾਬਕਾ ਡੀਜੀਪੀ ਦੀ ਗ੍ਰਿਫ਼ਤਾਰੀ ’ਤੇ ਰੋਕ ਲਗਾਉਂਦਿਆਂ ਸੈਣੀ ਨੂੰ ਪੁਲੀਸ ਜਾਂਚ ਵਿੱਚ ਪੂਰਾ ਸਹਿਯੋਗ ਦੇਣ ਲਈ ਕਿਹਾ ਗਿਆ ਹੈ।

    ਲੌਂਗੋਵਾਲ - ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਥਿਤ ਤੌਰ 'ਤੇ ਗ਼ਾਇਬ ਪਾਵਨ ਸਰੂਪਾਂ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਗ੍ਰਹਿ ਵਿਖੇ ਰੱਖੇ ਗਏ ਸਮਾਗਮ ਤੋਂ ਪਹਿਲਾਂ ਭਾਈ ਲੌਾਗੋਵਾਲ ਨੇ ਜ਼ਿਲ੍ਹੇ ਦੇ ਸੀਨੀਅਰ ਅਕਾਲੀ ਆਗੂਆਂ ਦੀ ਮੌਜੂਦਗੀ 'ਚ ਕਾਹਲੀ ਨਾਲ ਪ੍ਰੈੱਸ ਕਾਨਫ਼ਰੰਸ ਬੁਲਾਈ ਅਤੇ ਆਪਣੀ ਰਿਹਾਇਸ਼ 'ਤੇ ਪੁੱਜੇ ਸਮਰਥਕਾਂ ਨੂੰ ਸੰਬੋਧਨ ਕੀਤਾ | ਭਾਈ ਲੌਾਗੋਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਵਲੋਂ ਕਰਵਾਈ ਗਈ ਜਾਂਚ ਤੋਂ ਬਾਅਦ ਇਹ ਸਪਸ਼ਟ ਹੋ ਚੁੱਕਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਨਾ ਹੀ ਕਿਧਰੇ ਗ਼ਾਇਬ ਹੋਏ ਹਨ ਅਤੇ ਨਾ ਹੀ ਪਾਵਨ ਸਰੂਪਾਂ ਦੀ ਕੋਈ ਬੇਅਦਬੀ ਹੋਈ ਹੈ, ਸਗੋਂ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ 'ਚ ਕੰਮ ਕਰਦੇ ਕੁਝ ਮੁਲਾਜ਼ਮਾਂ ਨੇ ਭਿ੍ਸ਼ਟਾਚਾਰ ਕਰ ਕੇ ਸੰਗਤਾਂ ਨੂੰ ਹੀ ਦਿੱਤੇ ਹਨ | ਜਾਂਚ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ 328 ਪਾਵਨ ਸਰੂਪ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਨੇ ਪੈਸੇ ਦੇ ਲਾਲਚ 'ਚ ਰਿਕਾਰਡ 'ਚ ਹੇਰਾ ਫੇਰੀ ਕਰ ਕੇ ਸੰਸਥਾਵਾਂ ਜਾਂ ਸ਼ਰਧਾਲੂਆਂ ਨੂੰ ਦਿੱਤੇ ਹਨ | ਇਸ ਘਪਲੇ ਲਈ ਜ਼ਿੰਮੇਵਾਰ 16 ਕਰਮਚਾਰੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਇਸ ਸੰਵੇਦਨਸ਼ੀਲ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਬੇਹੱਦ ਗੰਭੀਰ ਹੈ ਅਤੇ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਉਨ੍ਹਾਂ ਦੱਸਿਆ ਕਿ ਅਕਾਲੀ ਦਲ ਡੈਮੋਕ੍ਰੇਟਿਕ ਵਲੋਂ ਇਸ ਮਾਮਲੇ 'ਤੇ ਸੌੜੀ ਰਾਜਨੀਤੀ ਕੀਤੀ ਜਾ ਰਹੀ ਹੈ | ਸ੍ਰੀ ਅਕਾਲ ਤਖ਼ਤ ਵਲੋਂ ਨਿਰਪੱਖ ਤਰੀਕੇ ਨਾਲ ਜਾਂਚ ਨੂੰ ਅਮਲ 'ਚ ਲਿਆਂਦਾ ਗਿਆ ਹੈ ਜੋ ਕਿ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ 'ਤੇ ਵੀ ਉਪਲਬਧ ਕਰਵਾਈ ਗਈ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ, ਸੀਨੀਅਰ ਆਗੂ ਬਲਦੇਵ ਸਿੰਘ ਮਾਨ, ਹਲਕਾ ਧੂਰੀ ਦੇ ਇੰਚਾਰਜ ਹਰੀ ਸਿੰਘ ਨਾਭਾ, ਜਥੇ. ਉਦੇ ਸਿੰਘ ਜਥੇ. ਤੇਜਾ ਸਿੰਘ ਕਮਾਲਪੁਰ, ਜਗਮੇਲ ਸਿੰਘ ਛਾਜਲਾ, ਬੀਬੀ ਸ਼ਮਿੰਦਰ ਕੌਰ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਚਹਿਲ, ਜਤਿੰਦਰ ਸਿੰਘ ਦਿਆਲਗੜ੍ਹ, ਹਰਬੰਸ ਸਿੰਘ ਮੌੜ, ਜਸਵਿੰਦਰ ਸਿੰਘ ਲਿਬੜਾ, ਜਸਵੀਰ ਸਿੰਘ ਲੌਾਗੋਵਾਲ, ਸੰਸਾਰ ਸਿੰਘ ਛਾਜਲੀ, ਭੁਪਿੰਦਰ ਸਿੰਘ ਢੱਡਰੀਆਂ, ਜਗਸੀਰ ਸਿੰਘ ਕੋਟੜਾ ਅਤੇ ਕਰਮਾ ਸਿੰਘ ਨਮੋਲ ਆਦਿ ਹਾਜ਼ਰ ਸਨ |

    ਜਲੰਧਰ - ਸੰਸਦ 'ਚ ਪੇਸ਼ ਹੋਏ ਖੇਤੀ ਬਿੱਲਾਂ ਬਾਰੇ ਕਾਫ਼ੀ ਜੱਕੋ-ਤੱਕੀ ਤੇ ਕਿਸਾਨਾਂ ਦੇ ਭਾਰੀ ਦਬਾਅ ਕਾਰਨ ਆਖਰ ਅਕਾਲੀ ਦਲ ਖੇਤੀ ਆਰਡੀਨੈਂਸਾਂ ਨੂੰ ਕਾਨੂੰਨ 'ਚ ਬਦਲਣ ਲਈ ਪੇਸ਼ ਕੀਤੇ 3 ਬਿੱਲਾਂ ਦਾ ਵਿਰੋਧ ਕਰਨ ਲਈ ਤਿਆਰ ਹੋ ਗਿਆ ਹੈ ਤੇ ਜੇਕਰ ਕੇਂਦਰ ਸਰਕਾਰ ਨੇ ਇਹ ਬਿੱਲ ਵਾਪਸ ਲੈਣ ਜਾਂ ਸੋਧਾਂ ਕਰਕੇ ਕਿਸਾਨਾਂ ਦੇ ਖ਼ਦਸ਼ੇ ਦੂਰ ਨਾ ਕੀਤੇ ਤਾਂ ਲੋਕ ਸਭਾ 'ਚ ਪਾਰਟੀ ਦੇ ਮੈਂਬਰਾਂ ਵਲੋਂ ਵਿਰੋਧ ਕੀਤੇ ਜਾਣ ਦੇ ਫ਼ੈਸਲੇ ਦਾ ਪਤਾ ਲੱਗਾ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਪਿਛਲੇ ਦਿਨੀਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ 'ਚ 2 ਦਿਨ ਪਾਰਟੀ ਦੇ ਸੀਨੀਅਰ ਆਗੂਆਂ, ਕਿਸਾਨ ਸੰਗਠਨਾਂ ਦੇ ਨੇਤਾਵਾਂ ਤੇ ਖੇਤੀ ਵਿਸ਼ੇ ਨਾਲ ਸਬੰਧਿਤ ਬੁੱਧੀਜੀਵੀਆਂ ਨਾਲ ਲੰਬੀਆਂ ਮੀਟਿੰਗਾਂ ਕੀਤੀਆਂ ਸਨ ਤੇ ਇਨ੍ਹਾਂ ਮੀਟਿੰਗਾਂ 'ਚ ਆਏ ਵਿਚਾਰਾਂ ਦੇ ਆਧਾਰ ਉੱਪਰ ਹੀ ਪਤਾ ਲੱਗਾ ਹੈ ਕਿ ਫਿਰ ਪਹਿਲਾਂ ਕੇਂਦਰ ਸਰਕਾਰ ਤੇ ਭਾਜਪਾ ਨੇਤਾਵਾਂ ਨੂੰ ਕਿਸਾਨਾਂ ਦੇ ਖਦਸ਼ੇ ਦੂਰ ਕਰਨ ਤੱਕ ਖੇਤੀ ਬਿੱਲ ਸੰਸਦ 'ਚ ਪੇਸ਼ ਨਾ ਕਰਨ ਦੀ ਅਪੀਲ ਕੀਤੀ ਪਰ ਨਾਲ ਹੀ ਪਤਾ ਲੱਗਾ ਹੈ ਕਿ ਇਹ ਵੀ ਫ਼ੈਸਲਾ ਕਰ ਲਿਆ ਗਿਆ ਹੈ ਕਿ ਜੇਕਰ ਕੇਂਦਰ ਸਰਕਾਰ ਖੇਤੀ ਆਰਡੀਨੈਂਸਾਂ ਨੂੰ ਇੰਨ-ਬਿੰਨ ਪਾਸ ਕਰਵਾਉਣ ਦਾ ਯਤਨ ਕਰੇਗੀ ਤਾਂ ਅਕਾਲੀ ਦਲ ਦੇ ਨੁਮਾਇੰਦੇ ਸੰਸਦ ਵਿਚ ਇਸ ਦਾ ਵਿਰੋਧ ਕਰਨਗੇ। ਇਸੇ ਰਣਨੀਤੀ ਤਹਿਤ ਹੀ ਹੁਣ ਜਦ ਸਰਕਾਰ ਨੇ ਖੇਤੀ ਆਰਡੀਨੈਂਸਾਂ ਨੂੰ ਇੰਨ-ਬਿੰਨ ਕਾਨੂੰਨ 'ਚ ਬਦਲਣ ਲਈ ਬਿੱਲ ਲੋਕ ਸਭਾ 'ਚ ਪੇਸ਼ ਕਰ ਦਿੱਤੇ ਹਨ ਤਾਂ ਅਕਾਲੀ ਦਲ ਨੇ ਇਸ ਦਾ ਵਿਰੋਧ ਕਰਨ ਦੀ ਤਿਆਰੀ ਕਰ ਲਈ ਹੈ। ਵਰਨਣਯੋਗ ਹੈ ਕਿ ਲੋਕ ਸਭਾ ਵਿਚ ਇਸ ਵੇਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਮੈਂਬਰ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਦੀ ਮੀਟਿੰਗ ਵਿਚ ਸਾਰੇ ਪਹਿਲੂਆਂ 'ਤੇ ਵਿਚਾਰ ਸਮੇਂ ਸਰਕਾਰ ਦੇ ਬਿੱਲ ਦੇ ਵਿਰੋਧ ਤੋਂ ਉਪਜਣ ਵਾਲੇ ਸਿੱਟਿਆਂ ਬਾਰੇ ਵਿਚਾਰ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਦੇ ਭਵਿੱਖ ਬਾਰੇ ਵੀ ਚਰਚਾ ਹੋਈ ਤੇ ਸਮਝਿਆ ਜਾਂਦਾ ਹੈ ਕਿ ਬਿੱਲ ਦੇ ਵਿਰੋਧ ਤੋਂ ਬਾਅਦ ਉਹ ਵੀ ਵਜ਼ਾਰਤ ਤੋਂ ਅਸਤੀਫ਼ਾ ਦੇ ਸਕਦੇ ਹਨ। ਇਸ ਤਰ੍ਹਾਂ ਅਕਾਲੀ ਦਲ ਕੇਂਦਰ ਸਰਕਾਰ 'ਚੋਂ ਬਾਹਰ ਹੋ ਸਕਦਾ ਹੈ।
    ਅਕਾਲੀ-ਭਾਜਪਾ ਗੱਠਜੋੜ ਪਿਛਲੇ ਕਰੀਬ 25 ਸਾਲ ਦੌਰਾਨ ਪਹਿਲਾਂ ਵੀ ਕਈ ਵਾਰ ਬੇਇਤਫਾਕੀ ਤੇ ਔਕੜਾਂ ਵਿਚ ਘਿਰਦਾ ਰਿਹਾ ਹੈ ਪਰ ਇਹ ਪਹਿਲਾ ਸੰਕਟ ਹੈ ਜਦ ਗੱਠਜੋੜ ਹੀ ਸੰਕਟ ਦੇ ਮੂੰਹ ਪੈਂਦਾ ਨਜ਼ਰ ਆ ਰਿਹਾ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਹੱਕ ਵਿਚ ਡਟਣ ਦਾ ਪੈਂਤੜਾ ਲੈਣ ਬਾਅਦ ਅਕਾਲੀ ਦਲ ਨੂੰ ਭਾਜਪਾ ਨਾਲ ਭਾਈਵਾਲੀ ਰੱਖਣੀ ਮੁਸ਼ਕਿਲ ਹੋ ਜਾਵੇਗੀ ਤੇ ਪਤਾ ਲੱਗਾ ਹੈ ਕਿ ਅਕਾਲੀ ਲੀਡਰਸ਼ਿਪ ਕਿਸਾਨਾਂ ਦਾ ਭਰੋਸਾ ਜਿੱਤਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ। ਉਂਝ ਤਾਂ ਮੁੱਢ ਤੋਂ ਹੀ ਅਕਾਲੀ ਆਗੂ ਇਹ ਕਹਿੰਦੇ ਆ ਰਹੇ ਹਨ ਕਿ ਉਹ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੇ ਹਨ ਤੇ ਕਿਸਾਨ ਹੱਕਾਂ ਲਈ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹਨ। ਕਿਸਾਨ ਮਸਲਿਆਂ ਵਰਗੇ ਵੱਡੇ ਮੁੱਦੇ ਉੱਪਰ ਪੈਦਾ ਹੋਇਆ ਟਕਰਾਅ ਅਕਾਲੀ-ਭਾਜਪਾ ਗੱਠਜੋੜ ਦੀ ਬਲੀ ਵੀ ਲੈ ਸਕਦਾ ਹੈ। ਅਕਾਲੀ ਲੀਡਰਸ਼ਿਪ ਖ਼ਾਸਕਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਰੀ ਦਬਾਅ ਦੇ ਬਾਵਜੂਦ ਭਾਜਪਾ ਲੀਡਰਸ਼ਿਪ ਖ਼ਿਲਾਫ਼ ਕਾਹਲੀ 'ਚ ਕੋਈ ਕਦਮ ਚੁੱਕਣ ਦੀ ਬਜਾਏ ਖੇਤੀ ਆਰਡੀਨੈਂਸਾਂ ਬਾਰੇ ਕਿਸਾਨਾਂ ਦੇ ਸ਼ੰਕੇ ਨਵਿਰਤ ਕਰਨ ਦੇ ਯਤਨ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨਾਲ ਮੀਟਿੰਗਾਂ ਕੀਤੀਆਂ ਪਰ ਗੱਲ ਨਾ ਸੁਣੇ ਜਾਣ ਬਾਅਦ ਆਖ਼ਰ ਅਕਾਲੀ ਦਲ ਨੇ ਇਹ ਸਖ਼ਤ ਫ਼ੈਸਲਾ ਲੈਣ ਬਾਰੇ ਸੋਚਿਆ ਹੈ। ਅਕਾਲੀ ਦਲ ਨੇ ਆਖ਼ਰੀ ਮੌਕੇ ਵੀ ਕੇਂਦਰੀ ਨੇਤਾਵਾਂ ਨੂੰ ਬਿੱਲ ਸੰਸਦ ਵਿਚ ਪੇਸ਼ ਨਾ ਕਰਨ ਦੀ ਅਪੀਲ ਕਰਕੇ ਮੌਕਾ ਦੇਣ ਦਾ ਯਤਨ ਕੀਤਾ ਪਰ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਆਪਣਾ ਮਨ ਪਹਿਲਾਂ ਹੀ ਬਣਾ ਚੁੱਕੀ ਸੀ।

    ਚੰਡੀਗੜ੍ਹ - ਪੰਜਾਬ ਵਿੱਚ ਕਰੋਨਾਵਾਇਰਸ ਦੇ ਵਧ ਰਹੇ ਕੇਸਾਂ ਦੇ ਨਾਲ-ਨਾਲ ਮੌਤਾਂ ਦੀ ਗਿਣਤੀ ਵਧ ਰਹੀ ਹੈ ਜੋ ਕਿ 2500 ਤੋਂ ਪਾਰ ਹੋ ਗਈ ਹੈ। ਬੀਤੇ 24 ਘੰਟਿਆਂ ’ਚ 90 ਹੋਰ ਮੌਤਾਂ ਹੋਣ ਨਾਲ ਸੂਬੇ ’ਚ ਇਸ ਲਾਗ ਕਾਰਨ ਮਰਨ ਵਾਲਿਆਂ ਦੀ ਗਿਣਤੀ 2,514 ਹੋ ਗਈ ਹੈ। ਕਰੋਨਾ ਦੇ 2,481 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਜਦਕਿ 1,815 ਨੂੰ ਛੁੱਟੀ ਦੇ ਦਿੱਤੀ ਗਈ। ਸਿਹਤ ਵਿਭਾਗ ਅਨੁਸਾਰ ਸੂਬੇ ’ਚ ਹੁਣ ਤੱਕ 14,39,583 ਜਣਿਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 84,482 ਪਾਜ਼ੇਟਿਵ ਪਾਏ ਗਏ ਜਦਕਿ 60,814 ਜਣਿਆਂ ਨੂੰ ਠੀਕ ਹੋਣ ਮਗਰੋਂ ਛੁੱਟੀ ਦੇ ਦਿੱਤੀ ਹੈ। ਹੁਣ ਤੱਕ ਸੂਬੇ ਵਿੱਚ 21,154 ਸਰਗਰਮ ਕੇਸ ਹਨ, ਜਿਨ੍ਹਾਂ ਵਿੱਚੋਂ 88 ਵਿਅਕਤੀਆਂ ਦਾ ਵੈਂਟੀਲੇਟਰ ਰਾਹੀਂ ਅਤੇ 481 ਵਿਅਕਤੀਆਂ ਦਾ ਆਕਸੀਜਨ ਰਾਹੀਂ ਇਲਾਜ ਕੀਤਾ ਜਾ ਰਿਹਾ ਹੈ।

    ਫ਼ਰੀਦਕੋਟ - ਬਹਿਬਲ ਗੋਲੀ ਕਾਂਡ ਦੀ ਸੁਣਵਾਈ ਕਰਦਿਆਂ ਇਥੋਂ ਦੇ ਸੈਸ਼ਨ ਜੱਜ ਸਮੀਤ ਮਲਹੋਤਰਾ ਨੇ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਵਾਅਦਾ ਮੁਆਫ਼ ਗਵਾਹ ਬਣਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਉਹ ਬਹਿਬਲ ਗੋਲੀ ਕਾਂਡ ਵਿੱਚ ਦੇ ਮੁੱਖ ਮੁਲਜ਼ਮਾਂ ਵਿੱਚ ਸ਼ਾਮਲ ਸੀ।

    ਨਵੀਂ ਦਿੱਲੀ -  ਸਵਾਮੀ ਅਗਨੀਵੇਸ਼ (80) ਦਾ ਸ਼ੁੱਕਰਵਾਰ ਰਾਤ ਨੂੰ ਦਿੱਲੀ ਦੇ ਹਸਪਤਾਲ ’ਚ ਦੇਹਾਂਤ ਹੋ ਗਿਆ। ਅਗਨੀਵੇਸ਼ ਜਿਗਰ ਦੀ ਗੰਭੀਰ ਬਿਮਾਰੀ ਤੋਂ ਪੀੜਤ ਸਨ। ਸਰੀਰ ਦੇ ਕਈ ਅੰਗਾਂ ਦੇ ਕੰਮ ਕਰਨਾ ਬੰਦ ਦੇਣ ਕਰਕੇ ਉਹ ਪਿਛਲੇ ਚਾਰ ਦਿਨਾਂ ਤੋਂ ਵੈਂਟੀਲੇਟਰ ’ਤੇ ਸਨ। ਉਨ੍ਹਾਂ ਨੂੰ ਸ਼ਾਮ 6 ਵਜੇ ਦੇ ਕਰੀਬ ਦਿਲ ਦਾ ਦੌਰਾ ਵੀ ਪਿਆ। ਊਹ ਇਥੇ ਇੰਸਟੀਚਿਊਟ ਆਫ਼ ਲਿਵਰ ਤੇ ਬਿਲੀਅਰੀ ਸਾਇੰਸਜ਼ ਹਸਪਤਾਲ ’ਚ ਦਾਖ਼ਲ ਸਨ।
    ਸਵਾਮੀ ਅਗਨੀਵੇਸ਼ ਅਕਸਰ ਚਰਚਾ ਵਿਚ ਰਹਿੰਦੇ ਹਨ ਅਤੇ ਸਮਾਜਿਕ ਮੁੱਦਿਆਂ 'ਤੇ ਖੁੱਲ੍ਹ ਕੇ ਆਪਣੇ ਵਿਚਾਰ ਜ਼ਾਹਰ ਕਰਦੇ ਹਨ। ਉਨ੍ਹਾਂ ਨੇ 1970 ਵਿਚ ਆਰੀਆ ਸਭਾ ਨਾਮ ਦੀ ਇਕ ਰਾਜਨੀਤੀ ਪਾਰਟੀ ਬਣਾਈ। 1977 ਵਿਚ ਉਹ ਹਰਿਆਣਾ ਵਿਧਾਨ ਸਭਾ ਵਿਚ ਵਿਧਾਇਕ ਚੁਣੇ ਗਏ ਅਤੇ ਹਰਿਆਣਾ ਸਰਕਾਰ ਵਿਚ ਸਿੱਖਿਆ ਮੰਤਰੀ ਵਜੋਂ ਵੀ ਸੇਵਾ ਕੀਤੀ। 1981 ਵਿਚ ਸਵਾਮੀ ਅਗਨੀਵੇਸ਼ ਨੇ ਬੰਧੂਆਂ ਮੁਕਤੀ ਮੋਰਚਾ ਨਾਮ ਦੀ ਇਕ ਸੰਸਥਾ ਦੀ ਸਥਾਪਨਾ ਕੀਤੀ। ਸਾਲ 2011 ਵਿਚ ਸਵਾਮੀ ਅਗਨੀਵੇਸ਼ ਨੇ ਅੰਨਾ ਹਜ਼ਾਰੇ ਦੀ ਅਗਵਾਈ ਵਾਲੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਵਿਚ ਵੀ ਹਿੱਸਾ ਲਿਆ ਸੀ। ਉਨ੍ਹਾਂ ਰਿਐਲਿਟੀ ਸ਼ੋਅ ਬਿੱਗ ਬੌਸ ਵਿੱਚ ਵੀ ਹਿੱਸਾ ਲਿਆ। ਉਹ 8 ਤੋਂ 11 ਨਵੰਬਰ ਤੱਕ ਤਿੰਨ ਦਿਨ ਬਿਗ ਬੌਸ ਦੇ ਘਰ ਵਿਚ ਵੀ ਰਹੇ। ਸਵਾਮੀ ਅਗਨੀਵੇਸ਼ ਵਿਧਾਇਕ ਅਤੇ ਮੰਤਰੀ ਵੀ ਰਹੇ। ਅਨੇਕਾ ਮੁੱਦਿਆਂ ਤੇ ਹਿੰਦੂ ਜਥੇਬੰਦੀਆਂ ਨੇ ਉਸ ਦਾ ਵਿਰੋਧ ਕੀਤਾ ਅਤੇ ਕਈ ਵਾਰ ਹਿੰਸਕ ਹਮਲੇ ਵੀ ਕੀਤੇ।
    ਸਵਾਮੀ ਅਗਨੀਵੇਸ਼ ਦਾ ਜਨਮ ਆਂਧਰਾ ਪ੍ਰਦੇਸ਼ ਵਿਚ ਸ੍ਰੀਕਾਕੁਲਮ ਦੇ ਇੱਕ ਆਰਥੋਡਾਕਸ ਹਿੰਦੂ ਬ੍ਰਾਹਮਣ ਪਰਿਵਾਰ ਵਿਚ 21 ਸਤੰਬਰ, 1939 ਨੂੰ ਵੀਪਾ ਸ਼ਿਆਮ ਰਾਓ ਵਜੋਂ ਹੋਇਆ ਸੀ। ਉਹ ਚਾਰ ਸਾਲ ਦਾ ਸੀ ਜਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ। ਉਸ ਦਾ ਪਾਲਣ ਪੋਸ਼ਣ ਉਸਦੇ ਨਾਨਾ ਨੇ ਕੀਤਾ ਜੋ ਸ਼ਕਤੀ (ਹੁਣ ਛੱਤੀਸਗੜ੍ਹ ਵਿੱਚ) ਨਾਮ ਦੀ ਇੱਕ ਸ਼ਾਹੀ ਰਿਆਸਤ ਦੇ ਦੀਵਾਨ ਦੇ ਪੋਤਾ ਸੀ। ਸਵਾਮੀ ਅਗਨੀਵੇਸ਼ ਨੇ ਕੋਲਕਾਤਾ ਵਿੱਚ ਕਨੂੰਨ ਅਤੇ ਬਿਜਨੇਸ ਮੈਨੇਜਮੇਂਟ ਦੀ ਪੜਾਈ ਕਰਨ ਦੇ ਬਾਅਦ ਕੋਲਕਾਤਾ ਦੇ ਨਾਮਵਰ ਸੇਂਟ ਜ਼ੇਵੀਅਰ ਕਾਲਜ ਵਿੱਚ ਮੈਨੇਜਮੈਂਟ ਦਾ ਲੈਕਚਰਾਰ ਬਣ ਗਿਆ ਅਤੇ ਫਿਰ ਕੁਝ ਦੇਰ ਲਈ ਸਬਿਆਸਾਚੀ ਮੁਖਰਜੀ, ਜੋ ਬਾਅਦ ਵਿੱਚ ਭਾਰਤ ਦਾ ਮੁੱਖ ਜਸਟਿਸ ਬਣਿਆ, ਨਾਲ ਇਕ ਜੂਨੀਅਰ ਵਜੋਂ ਵਕਾਲਤ ਵੀ ਕੀਤੀ। ਬਾਅਦ ਵਿੱਚ ਅਗਨੀਵੇਸ਼ ਨੇ ਆਰੀਆ ਸਮਾਜ ਵਿੱਚ ਸੰਨਿਆਸ ਧਾਰਨ ਕਰ ਲਿਆ।

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com