ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਅੰਮ੍ਰਿਤਸਰ - ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ 1920 ਤੋਂ ਹੁਣ ਤੱਕ ਦੀਆਂ ਆਪਣੀਆਂ ਪ੍ਰਕਾਸ਼ਨਾਵਾਂ ਨੂੰ ਮੁੜ ਛਾਪੇ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਨ੍ਹਾਂ ਪ੍ਰਕਾਸ਼ਨਾਵਾਂ ਦੀ ਗੁਰਦੁਆਰਿਆਂ ਤੇ ਵਿਦਿਅਕ ਅਦਾਰਿਆਂ ਵਿਚ ਪ੍ਰਦਰਸ਼ਨੀਆਂ ਲਾਈਆਂ ਜਾਣ। ਉਹ ਇਥੇ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੋ ਦਿਨ ਕਥਾ ਕਰਨ ਲਈ ਆਏ ਸਨ ਅਤੇ ਅੱਜ ਵਾਪਸੀ ਵੇਲੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਆਪਣੀਆਂ ਦੋ ਬੱਸਾਂ ਦਾ ਪ੍ਰਬੰਧ ਕਰੇ, ਜਿਨ੍ਹਾਂ ਰਾਹੀਂ ਇਨ੍ਹਾਂ ਪ੍ਰਕਾਸ਼ਨਾਵਾਂ ਦਾ ਵੱਖ ਵੱਖ ਗੁਰਦੁਆਰਿਆਂ ਅਤੇ ਸਕੂਲਾਂ/ਕਾਲਜਾਂ ਵਿਚ ਇਸ ਦੀ ਪ੍ਰਦਰਸ਼ਨੀ ਲਾਈ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ 1920 ਤੋਂ ਲੈ ਕੇ 1955 ਤਕ ਕਈ ਬਾਕਮਾਲ ਧਾਰਮਿਕ ਪੁਸਤਕਾਂ ਛਾਪੀਆਂ ਗਈਆਂ ਹਨ। ਇਸ ਲਈ ਇਹ ਪੁਸਤਕਾਂ ਨੂੰ ਮੁੜ ਛਾਪਿਆ ਜਾਵੇ ਅਤੇ ਪ੍ਰਦਰਸ਼ਨੀ ਲਾਈ ਜਾਵੇ।ਇਹ ਪੁਸਤਕਾਂ ਨੌਜਵਾਨਾਂ ਨੂੰ ਘੱਟ ਰੇਟ ’ਤੇ ਦਿੱਤੀਆਂ ਜਾ ਸਕਦੀਆਂ ਹਨ ਅਤੇ ਛੋਟੇ ਕਿਤਾਬਚੇ ਮੁਫਤ ਵੰਡਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਕੱਲ ਇਸੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਗੱਲਬਾਤ ਵੀ ਹੋਈ ਹੈ। ਉਨ੍ਹਾਂ ਸੁਝਾਅ ਦਿੱਤਾ ਹੈ ਕਿ ਵਿਦਵਾਨਾਂ ਅਤੇ ਚਿੰਤਕਾਂ ਦੀ ਇਕ ਕਮੇਟੀ ਬਣਾਈ ਜਾਵੇ, ਜੋ 400 ਸਾਲਾ ਸ਼ਤਾਬਦੀ ਮੌਕੇ ਕੋਈ ਸਦੀਵੀਂ ਯਾਦਗਾਰ ਬਣਾਉਣ ਲਈ ਸੁਝਾਅ ਦੇਵੇ। ਪਬਲੀਕੇਸ਼ਨ ਵਿਭਾਗ ਦੇ ਰਿਕਾਰਡ ਵਿਚੋਂ ਘਟੇ ਪਾਵਨ ਸਰੂਪਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਜਾਂਚ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤੀ ਹੈ ਅਤੇ ਅਗਲੇਰੀ ਕਾਰਵਾਈ ਸ਼੍ਰੋਮਣੀ ਕਮੇਟੀ ਨੇ ਹੀ ਕਰਨੀ ਹੈ। ਸ਼੍ਰੋਮਣੀ ਕਮੇਟੀ ਇਸ ਸਬੰਧ ਵਿਚ ਫੌਜਦਾਰੀ ਕਾਰਵਾਈ ਜਾਂ ਵਿਭਾਗੀ ਕਾਰਵਾਈ ਕਰੇ , ਇਹ ਉਸ ਦਾ ਅਧਿਕਾਰ ਖੇਤਰ ਹੈ।

  ਅੰਮ੍ਰਿਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਦਾ ਲਾਂਘਾ ਮੁੜ ਖੋਲ੍ਹਿਆ ਜਾਵੇ। ਇਸ ਤੋਂ ਇਲਾਵਾ ਐੱਫਸੀਆਰਏ ਦਾ ਲਾਇਸੈਂਸ ਦੇਣ ਲਈ ਪ੍ਰਧਾਨ ਮੰਤਰੀ ਤੇ ਹੋਰਨਾਂ ਦਾ ਧੰਨਵਾਦ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਮਹਾਂਮਾਰੀ ਕਾਰਨ ਬੰਦ ਕੀਤਾ ਕਰਤਾਰਪੁਰ ਲਾਂਘਾ ਮੁੜ ਖੋਲ੍ਹਿਆ ਜਾਵੇ। ਉਨ੍ਹਾਂ ਆਖਿਆ ਕਿ ਹੁਣ ਜਦੋਂ ਸਰਕਾਰ ਵੱਲੋਂ ਸਾਵਧਾਨੀਆਂ ਤਹਿਤ ਕਈ ਛੋਟਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਇਹ ਲਾਂਘਾ ਵੀ ਸੰਗਤ ਲਈ ਖੋਲ੍ਹ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਸੰਗਤਾਂ ਚਾਹੁੰਦੀਆਂ ਹਨ ਕਿ ਗੁਰੂ ਨਾਨਕ ਦੇਵ ਨਾਲ ਸਬੰਧਤ ਇਸ ਧਰਮ ਅਸਥਾਨ ਦਾ ਲਾਂਘਾ ਮੁੜ ਤੋਂ ਬਹਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਪਾਕਿਸਤਾਨ ਸਰਕਾਰ ਵੱਲੋਂ ਪਹਿਲਾਂ ਹੀ ਲਾਂਘਾ ਖੋਲ੍ਹਣ ਦੀ ਪੇਸ਼ਕਸ਼ ਕੀਤੀ ਜਾ ਚੁੱਕੀ ਹੈ ਅਤੇ ਹੁਣ ਇਸ ਬਾਰੇ ਭਾਰਤ ਸਰਕਾਰ ਨੂੰ ਵੀ ਜਲਦੀ ਫ਼ੈਸਲਾ ਲੈਣਾ ਚਾਹੀਦਾ ਹੈ।
  ਦੱਸਣਯੋਗ ਹੈ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਜੀਪੀਸੀ) ਵੱਲੋਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਗੁਰੂ ਨਾਨਕ ਦੇਵ ਦੇ ਜੋਤੀ ਜੋਤ ਸਮਾਉਣ ਦਿਵਸ ਮੌਕੇ 20 ਤੋਂ 22 ਸਤੰਬਰ ਤੱਕ ਕੁਝ ਦੇਰ ਲਈ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਜਾਵੇ। ਪੀਜੀਪੀਸੀ ਵੱਲੋਂ ਇਸ ਸਬੰਧੀ ਲਾਂਘਾ ਖੁੱਲ੍ਹਣ ਤੋਂ ਬਾਅਦ ਪਹਿਲੀ ਵਾਰ ਗੁਰਦੁਆਰਾ ਕਰਤਾਰਪੁਰ ਵਿਖੇ ਜੋਤੀ ਜੋਤ ਸਮਾਉਣ ਦਿਵਸ ਬਾਰੇ ਤਿੰਨ ਦਿਨਾਂ ਸਮਾਗਮ ਰੱਖੇ ਗਏ ਹਨ।
  ਇਸ ਦੌਰਾਨ ਸ੍ਰੀ ਲੌਂਗੋਵਾਲ ਨੇ ਭਾਰਤ ਸਰਕਾਰ ਵੱਲੋਂ ਐੱਫਸੀਆਰਏਸੀ ਤਹਿਤ ਸ਼੍ਰੋਮਣੀ ਕਮੇਟੀ ਨੂੰ ਰਜਿਸਟਰੇਸ਼ਨ ਦਿੱਤੇ ਜਾਣ ’ਤੇ ਸਵਾਗਤ ਕਰਦਿਆਂ ਆਖਿਆ ਕਿ 1984 ਵਿੱਚ ਕੇਂਦਰ ਸਰਕਾਰ ਵੱਲੋਂ ਇਸ ’ਤੇ ਰੋਕ ਲਾ ਦਿੱਤੀ ਗਈ ਸੀ। ਹੁਣ ਇਸ ਤੋਂ ਰੋਕ ਹਟਾ ਕੇ ਮੁੜ ਵਿਦੇਸ਼ਾਂ ਤੋਂ ਸਿੱਖ ਸੰਗਤ ਨੂੰ ਦਾਨ ਰੂਪੀ ਮਾਇਆ ਭੇਟ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਨਾਲ ਸਿੱਖ ਜਥੇਬੰਦੀ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ। ਉਨ੍ਹਾਂ ਆਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਲਈ ਮਾਇਆ ਭੇਟ ਕਰਨ ਵਾਲੀਆਂ ਵਿਦੇਸ਼ ਦੀਆਂ ਸੰਗਤਾਂ ਲਈ ਖਾਤੇ ਸਬੰਧੀ ਜਾਣਕਾਰੀ ਵੈੱਬਸਾਈਟ ’ਤੇ ਉਪਲੱਬਧ ਹੋਵੇਗੀ, ਜਿਸ ਅਨੁਸਾਰ ਮਾਇਆ ਭੇਜੀ ਜਾ ਸਕਦੀ ਹੈ।

  ਐੱਸਏਐੱਸ ਨਗਰ (ਮੁਹਾਲੀ - ਮੁਹਾਲੀ ਦੇ ਵਸਨੀਕ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੂਬੇ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਦੀ ਰੱਦ ਹੋਣ ਤੋਂ ਬਾਅਦ ਸੈਣੀ ਲਗਾਤਾਰ ਗ੍ਰਿਫ਼ਤਾਰੀ ਤੋਂ ਬਚ ਰਿਹਾ ਹੈ। ਇਸ ਦੌਰਾਨ ਮੁਹਾਲੀ ਪੁਲੀਸ ਦੀ ਵਿਸ਼ੇਸ਼ ਟੀਮ ਨੇ ਸਾਬਕਾ ਡੀਜੀਪੀ ਦੀ ਪਤਨੀ ਸ਼ੋਭਾ ਸੈਣੀ ਅਤੇ ਧੀ ਗਾਇਤਰੀ ਸੈਣੀ ਤੋਂ ਪੁੱਛ-ਪੜਤਾਲ ਕੀਤੀ ਗਈ ਹੈ। ਸਿੱਟ ਦੇ ਮੈਂਬਰ ਨੇ ਦੱਸਿਆ ਕਿ ਮੁਹਾਲੀ ਪੁਲੀਸ ਦੀ ਟੀਮ ਸੈਣੀ ਦੀ ਭਾਲ ਵਿੱਚ ਦਿੱਲੀ ਗਈ ਸੀ। ਇਸ ਦੌਰਾਨ ਪੁਲੀਸ ਨੇ ਸੈਣੀ ਦੇ ਪਰਿਵਾਰ ਤੋਂ ਪੁੱਛ-ਪੜਤਾਲ ਕੀਤੀ ਗਈ। ਪਰਿਵਾਰ ਦਾ ਕਹਿਣਾ ਹੈ ਕਿ ਉਹ (ਸੈਣੀ) ਕਾਫੀ ਦਿਨਾਂ ਤੋਂ ਉਨ੍ਹਾਂ ਦੇ ਸੰਪਰਕ ਵਿੱਚ ਨਹੀਂ ਹੈ। ਸੈਣੀ ਨੇ ਅਗਾਊਂ ਜ਼ਮਾਨਤ ਲਈ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਹੈ। ਸੈਣੀ ਨੇ ਆਪਣੇ ਵਕੀਲਾਂ ਰਾਹੀਂ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਪਿਛਲੇ ਦਿਨੀਂ ਹਾਈ ਕੋਰਟ ਦੇ ਜੱਜ ਜਸਟਿਸ ਫਤਿਹਦੀਪ ਸਿੰਘ ਦੀ ਅਗਵਾਈ ਵਾਲੇ ਸਿੰਗਲ ਬੈਂਚ ਨੇ ਸਾਬਕਾ ਡੀਜੀਪੀ ਨੂੰ ਵੱਡਾ ਝਟਕਾ ਦਿੰਦਿਆਂ ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਮੁੱਢੋਂ ਰੱਦ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਮੁਹਾਲੀ ਅਦਾਲਤ ਸੈਣੀ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਕੋਰਾ ਜਵਾਬ ਦੇ ਦਿੱਤਾ ਸੀ।

   

  ਨਵੀਂ ਦਿੱਲੀ ,  (ਮਨਪ੍ਰੀਤ ਸਿੰਘ ਖਾਲਸਾ) - ਦਿੱਲੀ ਸਪੈਸ਼ਲ ਸੈਲ ਦੀ ਪੁਲਿਸ ਵਲੋਂ ਲੰਗਰ ਦੀ ਸੇਵਾ ਕਰਦੇ ਨੌਜੁਆਨਾਂ ਨੂੰ ਫੜ ਕੇ ਖਾੜਕੂ ਕਰਾਰ ਦੇਦੇਂ ਹੋਏ ਉਨ੍ਹਾਂ ਤੇ ਸੰਗੀਨ ਧਾਰਾਵਾਂ ਲਗਾ ਕੇ ਦਿੱਲੀ ਦੀਆਂ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਅਜ ਮਹਿੰਦਰਪਾਲ ਸਿੰਘ, ਲਵਪ੍ਰੀਤ ਅਤੇ ਗੁਰਤੇਜ ਨੂੰ ਵੀਡਿਓ ਕਾਨਫ੍ਰੇਸਿੰਗ ਰਾਹੀ ਏਐਸਜੇ ਧਰਮਿੰਦਰ ਰਾਣਾ ਦੀ ਅਦਾਲਤ ਅੰਦਰ ਪੇਸ਼ ਕੀਤਾ ਗਿਆ । ਮਹਿੰਦਰਪਾਲ ਸਿੰਘ ਤਿਹਾੜ੍ਹ ਜੇਲ ਦੀ 8 ਨੰ, ਲਵਪ੍ਰੀਤ ਅਤੇ ਗੁਰਤੇਜ ਮੰਡੋਲੀ ਜੇਲ੍ਹ ਅੰਦਰ ਬੰਦ ਹਨ । ਮਾਮਲੇ ਦੀ ਤਹਿਕੀਕਾਤ ਕਰ ਰਹੇ ਆਈ ਓ ਵਲੋਂ ਅਦਾਲਤ ਅੰਦਰ ਚਾਰਜ ਸ਼ੀਟ ਦਾਖਿਲ ਕਰਣ ਲਈ ਹੋਰ ਸਮਾਂ ਮੰਗਣ ਦੀ ਅਪੀਲ ਲਗਾਈ ਗਈ ਸੀ, ਤੇ ਸੁਣਵਾਈ ਹੋਈ । ਅਦਾਲਤ ਨੂੰ ਦਸਿਆ ਗਿਆ ਕਿ ਮਾਮਲੇ ਦੀ ਤਹਕੀਕਾਤ ਪੂਰੀ ਨਹੀ ਹੋਈ ਹੈ ਤੇ ਸਰਕਾਰ ਵਲੋਂ ਵੀ ਹਾਲੇ ਕਿਸੇ ਕਿਸਮ ਦੇ ਆਦੇਸ਼ ਜਾਰੀ ਨਹੀ ਹੋਏ ਹਨ ਇਸ ਕਰਕੇ ਸਾਨੂੰ 90 ਦਿਨਾਂ ਦੀ ਹੋਰ ਮੋਹਲਤ ਦਿੱਤੀ ਜਾਏ ਅਤੇ ਮਾਮਲੇ ਵਿਚ ਨਾਮਜ਼ਦ ਸਿੰਘਾਂ ਦੀ ਜੇਲ੍ਹ ਬੰਦੀ ਵੀ ਵਧਾ ਦਿੱਤੀ ਜਾਏ । ਸਿੰਘਾਂ ਵਲੋਂ ਪੇਸ਼ ਹੋਏ ਪੰਥਕ ਵਕੀਲ ਪਰਮਜੀਤ ਸਿੰਘ ਨੇ ਇਸਦਾ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਆਈਓ ਵਲੋਂ ਦਸੇ ਤਥਾਂ ਦੇ ਆਧਾਰ ਤੇ ਇਨ੍ਹਾਂ ਨੂੰ ਹੋਰ ਮੋਹਲਤ ਦਿੱਤੀ ਜਾਦੀਂ ਹੈ ਤਾਂ ਬੰਦੀ ਸਿੰਘਾਂ ਨੂੰ ਤੁਰੰਤ ਜਮਾਨਤ ਦਿੱਤੀ ਜਾਣੀ ਚਾਹੀਦੀ ਹੈ । ਜਮਾਨਤ ਦਾ ਨਾਮ ਸੁਣਦਿਆਂ ਹੀ ਜੱਜ ਸਾਹਿਬ ਨੇ ਕਿਹਾ ਕਿ ਦਾਖਿਲ ਅਪੀਲ ਵਿਚ ਇਸਦੇ ਨਾਲ ਹੋਰ ਵੀ ਅਧਾਰ ਦੱਸੇ ਗਏ ਹਨ ਜਿਸ ਕਰਕੇ ਅਸੀ ਹਾਲੇ ਜਮਾਨਤ ਦੀ ਅਪੀਲ ਨਹੀ ਲੈ ਸਕਦੇ ਹਾਂ ਜਿਸ ਬਾਰੇ ਅਸੀ ਅਪਣਾ ਫੈਸਲਾ ਅਜ ਦੇ ਦੇਵਾਗੇਂ ਤੇ ਸ਼ਾਮ ਤਕ ਤੁਹਾਨੂੰ ਮਿਲ ਜਾਏਗਾ । ਵਕੀਲ ਸਾਹਿਬ ਨੇ ਅਦਾਲਤ ਨੂੰ ਦਸਿਆ ਕਿ ਧਾਰਾ 43 (ਡੀ) ਤਹਿਤ ਮਾਮਲੇ ਦੀ ਤਹਕੀਕਾਤ ਕਰ ਰਹੇ ਆਈਓ ਕੋਲ ਕੋਈ ਅਧਿਕਾਰ ਨਹੀ ਹੈ ਕਿ ਉਹ ਜਮਾਨਤ ਮਾਮਲੇ ਵਿਚ ਵਾਧੂ ਸਮਾਂ ਮੰਗ ਸਕੇ ਜਦਕਿ ਸਰਕਾਰੀ ਵਕੀਲ ਆਈਓ ਕੋਲੋਂ ਪੁੱਛ ਕੇ ਇਕ ਰਿਪੋਰਟ ਪੇਸ਼ ਕਰ ਸਕਦਾ ਹੈ ਕਿ ਅਦਾਲਤ ਅੰਦਰ ਮਾਮਲੇ ਦੀ ਚਾਰਜਸ਼ੀਟ ਕਿਉਂ ਨਹੀ ਪੇਸ਼ ਕੀਤੀ ਗਈ ਜਿਸਦਾ ਕੀ ਕਾਰਣ ਹੈ ਜੋ ਉਨ੍ਹਾਂ ਵਲੋਂ ਹੋਰ ਸਮਾਂ ਮੰਗਿਆ ਜਾ ਰਿਹਾ ਹੈ ਇਸਤੇ ਸਰਕਾਰੀ ਵਕੀਲ ਵਲੋਂ ਦਾਖਿਲ ਕੀਤੀ ਰਿਪੋਰਟ ਦੇ ਅਧਾਰ ਤੇ ਅਦਾਲਤ ਮਾਮਲੇ ਦੀ ਡਾਇਰੀ ਦੇਖ ਕੇ ਅਪਣਾ ਰੁਖ ਦਸਦੀ ਹੈ ਕਿ ਉਸਨੇ ਉਨ੍ਹਾਂ ਨੂੰ ਹੋਰ ਮੋਹਲਤ ਦੇਣੀ ਹੈ ਜਾਂ ਨਹੀ, ਇਸਤੇ ਅਦਾਲਤ ਨੇ ਵਕੀਲ ਸਾਹਿਬ ਵਲੋਂ ਕੀਤੀ ਜਿਰਹ ਤੇ ਗੌਰ ਕਰਦਿਆ ਇਹ ਗਲ ਨੋਟ ਕਰ ਲਈ ਹੈ । ਵਕੀਲ ਸਾਹਿਬ ਵਲੋਂ ਅਦਾਲਤ ਕੋਲੋਂ ਆਈ ਓ ਵਲੋਂ ਲਗਾਈ ਅਪੀਲ ਅਤੇ ਅਜ ਦੇ ਆਦੇਸ਼ ਦੀ ਕਾਪੀ ਦੀ ਮੰਗ ਕੀਤੀ ਗਈ ਹੈ । ਮਾਮਲੇ ਨਾਲ ਸੰਬੰਧਿਤ ਅਗਲੀ ਕੋਈ ਤਰੀਕ ਜਾਰੀ ਨਹੀ ਕੀਤੀ ਜੋ ਕਿ ਅਦਾਲਤ ਦੇ ਅਜ ਦੇ ਆਦੇਸ਼ ਆਣ ਤੋਂ ਬਾਅਦ ਹੀ ਪਤਾ ਚਲੇਗਾ ਕਿ ਮਾਮਲੇ ਵਿਚ ਉਨ੍ਹਾਂ ਦਾ ਕਿ ਰੁਖ ਹੈ ਅਤੇ ਅਗਲੀ ਸੁਣਵਾਈ ਕਿਸ ਤਰੀਕ ਨੂੰ ਹੋਵੇਗੀ । ਖ਼ਬਰ ਲਿਖੇ ਜਾਣ ਤਕ ਵਕੀਲ ਸਾਹਿਬ ਕੋਲ ਆਦੇਸ਼ ਦੀ ਕਾਪੀ ਨਹੀਂ ਮਿਲ਼ੀ ਸੀ ।

  ਨਵੀਂ ਦਿੱਲੀ , (ਮਨਪ੍ਰੀਤ ਸਿੰਘ ਖਾਲਸਾ) - ਪੰਥਕ ਮਾਮਲਿਆਂ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਥ ਵਿਰੋਧੀ ਨੀਤੀਆਂ ਦਾ ਹਵਾਲਾ ਦਿੰਦੇ ਹੋਏ 'ਜਾਗੋ' ਪਾਰਟੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸਰਬੱਤ ਖ਼ਾਲਸਾ ਬੁਲਾਉਣ ਦੀ ਮੰਗ ਕੀਤੀ ਹੈ। ਪਾਰਟੀ ਦੀ ਜਨਰਲ ਬਾਡੀ ਦੀ ਅੱਜ ਪਾਰਟੀ ਦਫ਼ਤਰ ਵਿਖੇ ਹੋਈ ਬੈਠਕ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ 'ਜਾਗੋ' ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਬੈਠਕ ਵਿੱਚ ਲਈ ਗਏ ਫ਼ੈਸਲਿਆਂ ਦੀ ਜਾਣਕਾਰੀ ਦਿੱਤੀ। ਜੀਕੇ ਨੇ ਦੱਸਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਗ਼ਾਇਬ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੇ ਪੰਥ ਦੀ ਬਜਾਏ ਦੋਸ਼ੀਆਂ ਦਾ ਸਾਥ ਦੇਣ ਦਾ ਫ਼ੈਸਲਾ ਲੈ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਸਾਹਿਬਾਨਾਂ ਨੂੰ ਝੂਠਾ ਸਾਬਤ ਕੀਤਾ ਹੈ। ਸ਼੍ਰੋਮਣੀ ਕਮੇਟੀ ਅੱਜ ਬਾਦਲ ਪਰਵਾਰ ਦੀ ਕਠਪੁਤਲੀ ਬਣਕੇ ਕੌਮ ਦੇ ਨਾਲ ਬੇਇਨਸਾਫ਼ੀ ਕਰ ਰਹੀ ਹੈ। ਇੱਕ ਵਾਰ ਸ਼੍ਰੋਮਣੀ ਕਮੇਟੀ ਦਾ ਅੰਤ੍ਰਿੰਗ ਬੋਰਡ ਦੋਸ਼ੀਆਂ ਦੇ ਖ਼ਿਲਾਫ਼ ਫ਼ੌਜਦਾਰੀ ਕੇਸ ਦਰਜ ਕਰਵਾਉਣ ਦਾ ਮਤਾ ਪਾਸ ਕਰਦਾ ਹੈਂ ਅਤੇ ਫਿਰ ਉਹਨੂੰ ਰੱਦ ਕਰ ਦਿੰਦਾ ਹੈਂ। ਇਸ ਲਈ ਹੁਣ ਸੋਚਣ ਦੀ ਜ਼ਰੂਰਤ ਹੈ ਕਿ ਸਿੱਖ ਮਸਲਿਆਂ ਉੱਤੇ ਕੌਮ ਦੀਆਂ ਭਾਵਨਾਵਾਂ ਲਈ ਕੌਣ ਆਵਾਜ਼ ਉਠਾਏਗਾ ?ਇਸ ਲਈ ਅਸੀਂ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸਰਬੱਤ ਖ਼ਾਲਸਾ ਬੁਲਾਉਣ ਲਈ ਮਤਾ ਪਾਸ ਕੀਤਾ ਹੈ। ਤਾਂਕਿ ਸਰਬੱਤ ਖ਼ਾਲਸਾ ਵਿੱਚ ਅੱਗੇ ਕੌਮ ਨੂੰ ਸੰਭਾਲਣ ਦਾ ਰਸਤਾ ਕੌਮ ਦੀਆਂ ਸਾਰੀ ਨੁਮਾਇੰਦਾ ਸੰਸਥਾਵਾਂ ਅਤੇ ਸੰਗਤ ਦੇ ਵੱਲੋਂ ਤੈਅ ਕੀਤਾ ਜਾ ਸਕੇ।
  ਜੀਕੇ ਨੇ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਮੁਲਤਾਨੀ ਮਰਡਰ ਕੇਸ ਵਿੱਚ ਗਿਰਫਤਾਰ ਕਰਨ ਵਿੱਚ ਨਾਕਾਮ ਰਹੀ ਪੰਜਾਬ ਪੁਲਿਸ ਦੇ ਖ਼ਿਲਾਫ਼ 14 ਸਤੰਬਰ ਨੂੰ ਦਿੱਲੀ ਸਥਿਤ ਪੰਜਾਬ ਭਵਨ ਦੇ ਬਾਹਰ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ। ਜੀਕੇ ਨੇ ਕਿਹਾ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੈਣੀ ਦੀ ਗਿਰਫਤਾਰੀ ਲਈ 3 ਦਿਨ ਦੀ ਮੁਹਲਤ ਦਿੱਤੀ ਸੀ, ਪਰ ਪੰਜਾਬ ਪੁਲਿਸ ਸੈਣੀ ਨੂੰ 3 ਦਿਨ ਵਿੱਚ ਫੜ ਨਹੀਂ ਪਾਈ ਹੈ, ਇਸ ਲਈ ਆਪਣੀ ਪਹਿਲਾਂ ਦਿੱਤੀ ਚਿਤਾਵਨੀ ਦੇ ਕਾਰਨ ਅਸੀਂ ਪੰਜਾਬ ਭਵਨ ਦਾ ਘਿਰਾਊ ਕਰਾਂਗੇ। 2 ਅਕਤੂਬਰ ਨੂੰ ਆ ਰਹੇ ਪਾਰਟੀ ਦੇ ਪਹਿਲੇ ਸਥਾਪਨਾ ਦਿਹਾੜੇ ਅਤੇ ਭਾਈ ਤਾਰੂ ਸਿੰਘ ਦੀ ਤੀਜੀ ਜਨਮ ਸ਼ਤਾਬਦੀ ਦੇ ਮੌਕੇ ਗੁਰਮਤਿ ਸਮਾਗਮ ਪਾਰਟੀ ਦਫ਼ਤਰ ਵਿਖੇ 2 ਅਕਤੂਬਰ ਨੂੰ ਆਯੋਜਿਤ ਕਰਨ ਦੀ ਘੋਸ਼ਣਾ ਕਰਦੇ ਹੋਏ ਜੀਕੇ ਨੇ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਕਮੇਟੀ ਚੋਣਾਂ ਨੂੰ ਲਮਕਾਉਣ ਦੀ ਕੀਤੀਆਂ ਜਾ ਰਹੇ ਹੰਭਲਿਆਂ ਦੀ ਨਿੰਦਿਆ ਦਾ ਮਤਾ ਵੀ ਮੀਟਿੰਗ ਵਿੱਚ ਪਾਸ ਕੀਤਾ ਗਿਆ ਹੈ। ਇਸ ਮੌਕੇ ਪਾਰਟੀ ਦੇ ਕਈ ਨੇਤਾਵਾਂ ਨੂੰ ਅਹੁਦੇਦਾਰ ਦੇ ਤੌਰ ਉੱਤੇ ਨਿਯੁਕਤੀ ਪੱਤਰ ਵੀ ਦਿੱਤੇ ਗਏ।

   

  ਅੰਮ੍ਰਿਤਸਰ - ਜਨਰਲ ਵੈਦਿਆ ਕਤਲ ਕੇਸ ਵਿਚ 9 ਅਕਤੂਬਰ 1992 ਨੂੰ ਫਾਂਸੀ ਦੀ ਸਜ਼ਾ ਭੁਗਤਣ ਵਾਲੇ ਭਾਈ ਸੁਖਦੇਵ ਸਿੰਘ ਦੀ ਮਾਤਾ ਸੁਰਜੀਤ ਕੌਰ ਨਮਿਤ ਅਖੰਡ ਪਾਠ ਦੇ ਭੋਗ ਇੱਥੇ ਹਰਿਮੰਦਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਝੰਡਾ ਬੁੰਗਾ ਵਿਚ ਪਾਏ ਗਏ ਹਨ। ਇਹ ਅਖੰਡ ਪਾਠ ਸਿੱਖ ਜਥੇਬੰਦੀਆਂ ਵਲੋਂ ਰਖਵਾਇਆ ਗਿਆ ਸੀ। ਮਾਤਾ ਸੁਰਜੀਤ ਕੌਰ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ।
  ਇੱਥੇ ਅਖੰਡ ਪਾਠ ਦੇ ਭੋਗ ਮਗਰੋਂ ਹਜ਼ੂਰੀ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਹੁਕਮਨਾਮਾ ਲਿਆ ਅਤੇ ਮਗਰੋਂ ਪਰਿਵਾਰ ਦੇ ਜੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਆ ਗਿਆ। ਭੋਗ ਸਮਾਗਮ ਵਿਚ ਭਾਈ ਸੁੱਖਾ ਦੇ ਪਰਿਵਾਰ ਵਿਚੋਂ ਉਸ ਦੀ ਭੈਣ ਕੁਲਵੰਤ ਕੌਰ ਅਤੇ ਭਣੇਵਾਂ ਰਮਨਦੀਪ ਸਿੰਘ ਸਣੇ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਭੈਣ ਬਲਵਿੰਦਰ ਕੌਰ ਵੀ ਪੁੱਜੇ ਹੋਏ ਸਨ। ਦੱਸਣਯੋਗ ਹੈ ਕਿ ਭਾਈ ਸੁੱਖਾ ਦੇ ਨਾਲ ਭਾਈ ਹਰਜਿੰਦਰ ਸਿੰਘ ਜਿੰਦਾ ਨੂੰ 9 ਅਕਤੂਬਰ 1992 ਨੂੰ ਫਾਂਸੀ ਦਿੱਤੀ ਗਈ ਸੀ। ਅੱਜ ਇਸ ਮੌਕੇ ਖ਼ਾਲਿਸਤਾਨ ਪੱਖੀ ਨਾਅਰੇ ਵੀ ਲਾਏ ਗਏ। ਸਮਾਗਮ ਵਿਚ ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਕੰਵਰਪਾਲ ਸਿੰਘ, ਸਤਨਾਮ ਸਿੰਘ ਪਾਉਂਟਾ ਸਾਹਿਬ, ਹਰਚਰਨਜੀਤ ਸਿੰਘ ਧਾਮੀ, ਮਾਨ ਦਲ ਵਲੋਂ ਜਸਕਰਨ ਸਿੰਘ ਕਾਨਸਿੰਘ ਵਾਲਾ, ਹਰਦੀਪ ਸਿੰਘ ਸੰਧੂ, ਅਕਾਲ ਫੈੱਡਰੇਸ਼ਨ ਤੋਂ ਨਰੈਣ ਸਿੰਘ ਚੌੜਾ, ਯੂਨਾਈਟਿਡ ਅਕਾਲੀ ਦਲ ਤੋਂ ਗਰਦੀਪ ਸਿੰਘ ਬਠਿੰਡਾ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਅਕਾਲੀ ਦਲ ਡੈਮੋਕਰੈਟਿਵ ਤੋਂ ਭਾਈ ਮੋਹਕਮ ਸਿੰਘ, ਭਗਵੰਤ ਸਿੰਘ, ਅਜਾਇਬ ਸਿੰਘ ਅਭਿਆਸੀ, ਜਰਨੈਲ ਸਿੰਘ, ਅਮਰੀਕ ਸਿੰਘ, ਪਰਮਜੀਤ ਸਿੰਘ ਆਦਿ ਸ਼ਾਮਲ ਸਨ।

  ਚੰਡੀਗੜ੍ਹ - ਪੰਜਾਬ ਸਰਕਾਰ ਨੇ ਸਾਰੇ ਸ਼ਹਿਰਾਂ ਵਿਚ ਐਤਵਾਰ ਨੂੰ ਮੁਕੰਮਲ ਕਰਫਿਊ ਲਗਾ ਦਿੱਤਾ ਹੈ। ਪੰਜਾਬ ਦੇ 167 ਸ਼ਹਿਰਾਂ ’ਚ 30 ਸਤੰਬਰ ਤੱਕ ਐਤਵਾਰ ਨੂੰ ਮੁਕੰਮਲ ਕਰਫਿਊ ਰਹੇਗਾ ਅਤੇ ਸ਼ਨਿੱਚਰਵਾਰ ਨੂੰ ਕਰਫਿਊ ਨਹੀਂ ਹੋਵੇਗਾ। ਰਾਤ ਦਾ ਕਰਫਿਊ ਸਾਰੇ ਸ਼ਹਿਰਾਂ ਵਿਚ ਪੂਰਾ ਹਫ਼ਤਾ ਰਾਤ 9:30 ਵਜੇ ਤੋਂ ਲੈ ਕੇ ਸਵੇਰ 5 ਵਜੇ ਤੱਕ ਪਹਿਲਾਂ ਵਾਂਗ ਜਾਰੀ ਰਹੇਗਾ। ਰਾਤਰੀ ਕਰਫਿਊ ਦੌਰਾਨ ਗੈਰ-ਜ਼ਰੂਰੀ ਗਤੀਵਿਧੀ ਦੀ ਮਨਾਹੀ ਹੋਵੇਗੀ। ਪੰਜਾਬ ਸਰਕਾਰ ਨੇ ਅਣਲੌਕ-4 ਦੇ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਨਵੇਂ ਹੁਕਮ ਜਾਰੀ ਕੀਤੇ ਹਨ, ਜਿਸ ਤਹਿਤ ਸ਼ਹਿਰੀ ਖੇਤਰ ਵਿਚ ਕੁਝ ਛੋਟਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਅਨੁਸਾਰ ਹੋਟਲ ਪੂਰਾ ਹਫ਼ਤਾ ਦਿਨ-ਰਾਤ ਖੁੱਲ੍ਹੇ ਰਹਿਣਗੇ ਜਦੋਂਕਿ ਸ਼ਰਾਬ ਦੇ ਠੇਕੇ ਪੂਰਾ ਹਫ਼ਤਾ ਰਾਤ ਦੇ 9 ਵਜੇ ਤੱਕ ਖੁੱਲ੍ਹ ਸਕਣਗੇ।

  ਚੰਡੀਗੜ੍ਹ - ਪੰਜਾਬ ਵਿੱਚ ਕਰੋਨਾਵਾਇਰਸ ਕਰਕੇ ਲੰਘੇ 24 ਘੰਟਿਆਂ ’ਚ 71 ਹੋਰ ਮੌਤਾਂ ਹੋ ਗਈਆਂ ਹਨ। ਇਸ ਨਾਲ ਮਹਾਮਾਰੀ ਕਾਰਨ ਸੂਬੇ ’ਚ ਮਰਨ ਵਾਲਿਆਂ ਦਾ ਅੰਕੜਾ 2000 ਤੋਂ ਪਾਰ ਹੋ ਗਿਆ ਹੈ। ਅੱਜ ਕੋਵਿਡ-19 ਦੇ 2,137 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 1,231 ਨੂੰ ਛੁੱਟੀ ਦੇ ਦਿੱਤੀ ਗਈ ਹੈ। ਸਿਹਤ ਵਿਭਾਗ ਅਨੁਸਾਰ ਸੂਬੇ ’ਚ ਹੁਣ ਤੱਕ 12,69,052 ਲੋਕਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 69,684 ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਹੁਣ ਤੱਕ ਸੂਬੇ ਵਿੱਚ ਲਾਗ ਦੇ 50,558 ਮਰੀਜ਼ ਤੰਦਰੁਸਤ ਹੋਏ ਹਨ ਅਤੇ 17,065 ਸਰਗਰਮ ਕੇਸ ਹਨ। ਇਨ੍ਹਾਂ ਵਿੱਚੋਂ 74 ਮਰੀਜ਼ਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ ਅਤੇ 573 ਮਰੀਜ਼ਾਂ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ।

  ਬੀਤੇ ਇਕ ਦਿਨ ’ਚ ਸਭ ਤੋਂ ਵੱਧ 13 ਮੌਤਾਂ ਲੁਧਿਆਣਾ ’ਚ ਹੋਈਆਂ ਹਨ। ਇਸੇ ਤਰ੍ਹਾਂ ਜਲੰਧਰ ਵਿਚ 11, ਪਟਿਆਲਾ ’ਚ 8, ਕਪੂਰਥਲਾ ’ਚ 6, ਬਠਿੰਡਾ ਅਤੇ ਸੰਗਰੂਰ ’ਚ 5-5, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਨਵਾਂਸ਼ਹਿਰ ’ਚ 4-4, ਅੰਮ੍ਰਿਤਸਰ ’ਚ 3, ਗੁਰਦਾਸਪੁਰ ’ਚ 2, ਫ਼ਾਜ਼ਿਲਕਾ, ਫਿਰੋਜ਼ਪੁਰ, ਮਾਨਸਾ, ਮੋਗਾ, ਪਠਾਨਕੋਟ ਅਤੇ ਰੋਪੜ ’ਚ ਇਕ-ਇਕ ਵਿਅਕਤੀ ਕਰੋਨਾ ਦੀ ਭੇਟ ਚੜ੍ਹ ਗਿਆ ਹੈ। ਸਿਹਤ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਮੁਹਾਲੀ ’ਚ 319, ਅੰਮ੍ਰਿਤਸਰ ’ਚ 311, ਲੁਧਿਆਣਾ ’ਚ 240, ਜਲੰਧਰ ’ਚ 210, ਗੁਰਦਾਸਪੁਰ ’ਚ 173, ਪਟਿਆਲਾ ’ਚ 159, ਬਠਿੰਡਾ ’ਚ 130, ਹੁਸ਼ਿਆਰਪੁਰ ’ਚ 94, ਸੰਗਰੂਰ ’ਚ 57, ਫਰੀਦਕੋਟ ’ਚ 54, ਮੁਕਤਸਰ ’ਚ 53, ਫਾਜ਼ਿਲਕਾ ’ਚ 52, ਫਿਰੋਜ਼ਪੁਰ ’ਚ 49, ਕਪੂਰਥਲਾ ’ਚ 45, ਮੋਗਾ ’ਚ 37, ਤਰਨਤਾਰਨ ’ਚ 35, ਮਾਨਸਾ ’ਚ 31, ਨਵਾਂ ਸ਼ਹਿਰ ’ਚ 24, ਫਤਿਹਗੜ੍ਹ ਸਾਹਿਬ ’ਚ 22, ਪਠਾਨਕੋਟ ’ਚ 19, ਬਰਨਾਲਾ ’ਚ 15 ਅਤੇ ਰੋਪੜ ’ਚ 8 ਨਵੇਂ ਮਰੀਜ਼ ਸਾਹਮਣੇ ਆਏ ਹਨ। ਸੂਬੇ ’ਚ ਹੁਣ ਤੱਕ 2,061 ਲੋਕਾਂ ਦੀ ਕਰੋਨਾਵਾਇਰਸ ਕਰਕੇ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚ ਲੁਧਿਆਣਾ ’ਚ 535, ਜਲੰਧਰ ’ਚ 221, ਪਟਿਆਲਾ ’ਚ 218, ਅੰਮ੍ਰਿਤਸਰ ’ਚ 212, ਮੁਹਾਲੀ ’ਚ 118, ਸੰਗਰੂਰ ’ਚ 103, ਕਪੂਰਥਲਾ ’ਚ 83, ਗੁਰਦਾਸਪੁਰ ’ਚ 72, ਹੁਸ਼ਿਆਰਪੁਰ ’ਚ 70, ਬਠਿੰਡਾ ’ਚ 58, ਫਿਰੋਜ਼ਪੁਰ ’ਚ 52, ਫਤਿਹਗੜ੍ਹ ਸਾਹਿਬ ’ਚ 46, ਮੋਗਾ ’ਚ 42, ਤਰਨਤਾਰਨ ’ਚ 38, ਰੋਪੜ ’ਚ 31, ਪਠਾਨਕੋਟ ’ਚ 30, ਫ਼ਰੀਦਕੋਟ, ਨਵਾਂ ਸ਼ਹਿਰ ’ਚ 28-28, ਬਰਨਾਲਾ ’ਚ 26, ਫਾਜ਼ਿਲਕਾ ’ਚ 20, ਮੁਕਤਸਰ ’ਚ 16 ਅਤੇ ਮਾਨਸਾ ’ਚ 14 ਲੋਕਾਂ ਦੀਆਂ ਮੌਤਾਂ ਸ਼ਾਮਲ ਹਨ।

  ਫ਼ਰੀਦਕੋਟ - ਬਹਿਬਲ ਗੋਲੀ ਕਾਂਡ ਦੀ ਸੁਣਵਾਈ ਕਰ ਰਹੀ ਅਦਾਲਤ ਨੇ ਆਦੇਸ਼ ਦਿੱਤੇ ਹਨ ਕਿ ਵਿਸ਼ੇਸ਼ ਜਾਂਚ ਟੀਮ ਦੇ ਪ੍ਰਮੁੱਖ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਭਲਕੇ ਅਦਾਲਤ ਸਾਹਮਣੇ ਨਿੱਜੀ ਤੌਰ ’ਤੇ ਪੇਸ਼ ਹੋਣ। ਭਲਕੇ ਅਦਾਲਤ ਨੇ ਬਹਿਬਲ ਗੋਲੀ ਕਾਂਡ ਦੇ ਮੁੱਖ ਮੁਲਜ਼ਮਾਂ ਵਿੱਚੋਂ ਇਕ ਇੰਸਪੈਕਟਰ ਪ੍ਰਦੀਪ ਸਿੰਘ ਦੇ ਵਾਅਦਾ ਮੁਆਫ਼ ਗਵਾਹ ਬਣਨ ਮੁੱਦੇ ’ਤੇ ਫੈਸਲਾ ਕਰਨਾ ਹੈ। ਇਸ ਤੋਂ ਇਲਾਵਾ ਇੰਸਪੈਕਟਰ ਪ੍ਰਦੀਪ ਸਿੰਘ ਵੱਲੋਂ ਇਲਾਕਾ ਮੈਜਿਸਟਰੇਟ ਸਾਹਮਣੇ ਬਹਿਬਲ ਗੋਲੀ ਕਾਂਡ ਦੀ ਸੱਚਾਈ ਬਾਰੇ ਦਿੱਤੇ ਬਿਆਨ ਦੀ ਨਕਲ ਵੀ ਵਿਸ਼ੇਸ਼ ਜਾਂਚ ਟੀਮ ਨੂੰ ਸੌਂਪੀ ਜਾਣੀ ਹੈ। ਸੂਤਰਾਂ ਅਨੁਸਾਰ ਸ਼ਿਕਾਇਤ ਕਰਤਾ ਧਿਰ ਨੇ ਅਦਾਲਤ ਵਿੱਚ ਅਰਜ਼ੀ ਦੇ ਕੇ ਇੰਸਪੈਕਟਰ ਪ੍ਰਦੀਪ ਸਿੰਘ ਦੇ ਬਿਆਨ ਦੀ ਨਕਲ ਮੰਗੀ ਹੈ। ਇਸ ਤੋਂ ਇਲਾਵਾ ਹੋਰ ਧਿਰਾਂ ਨੇ ਵੀ ਅਦਾਲਤ ਵਿੱਚ ਅਰਜ਼ੀ ਦੇ ਕੇ ਬਿਆਨਾਂ ਦੀ ਨਕਲ ਜਾਰੀ ਕਰਨ ਦੀ ਮੰਗ ਕੀਤੀ ਹੈ।

  ਅੰਮ੍ਰਿਤਸਰ - ਬਲਵੰਤ ਸਿੰਘ ਮੁਲਤਾਨੀ ਕੇਸ ਵਿਚ ਪੰਜਾਬ ਪੁਲੀਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਲਈ ਅੱਜ ਇਥੇ ਦਲ ਖਾਲਸਾ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਤੇ ਕਰਾਉਣ ਵਾਲੇ ਨੂੰ ਬਹਾਦਰੀ ਇਨਾਮ ਦੇਣ ਦਾ ਐਲਾਨ ਕੀਤਾ ਹੈ। ਅੱਜ ਇਥੇ ਆਪਣੇ ਦਫਤਰ ਵਿਚ ਵੱਖ ਵੱਖ ਗਰਮ ਖਿਆਲੀ ਦਲਾਂ ਦੇ ਆਗੂਆਂ ਦੀ ਮੀਟਿੰਗ ਮਗਰੋਂ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਬੁਲਾਰੇ ਕੰਵਰਪਾਲ ਸਿੰਘ, ਅਕਾਲ ਫੈਡਰੇਸ਼ਨ ਦੇ ਨਰਾਇਣ ਸਿੰਘ, ਅਕਾਲੀ ਦਲ (ਅ) ਦੇ ਹਰਬੀਰ ਸਿੰਘ ਸੰਧੂ ਨੇ ਸਾਬਕਾ ਡੀਜੀਪੀ ਦੀ ਗ੍ਰਿਫ਼ਤਾਰੀ ਲਈ ਪੋਸਟਰ ਵੀ ਜਾਰੀ ਕੀਤਾ ਹੈ, ਜਿਸ ਵਿਚ ਉਸ ਨੂੰ ਕਾਨੂੰਨ ਅਤੇ ਸੂਬੇ ਦੇ ਲੋਕਾਂ ਦਾ ਭਗੌੜਾ ਆਖਿਆ ਹੈ। ਪੋਸਟਰ ’ਤੇ ਕਿਲਰ ਐਕਸ ਕੋਪ ਵਾਂਟੇਡ ਲਿਖਿਆ ਹੋਇਆ ਹੈ ਅਤੇ ਉਸ ਦੀ ਤਸਵੀਰ ਲੱਗੀ ਹੋਈ ਹੈ। ਪੋਸਟਰ ’ਤੇ ਗ੍ਰਿਫ਼ਤਾਰ ਕਰਨ ਤੇ ਕਰਾਉਣ ਵਾਲਿਆਂ ਨੂੰ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਵੀ ਐਲਾਨ ਕੀਤਾ ਹੋਇਆ ਹੈ। ਇਸ ਸਬੰਧ ਵਿਚ ਪੰਜਾਬ ਅਤੇ ਦਿੱਲੀ ਸਮੇਤ ਹੋਰ ਥਾਵਾਂ ’ਤੇ ਇਹ ਪੋਸਟਰ ਲਾਏ ਜਾ ਰਹੇ ਹਨ। ਗ੍ਰਿਫ਼ਤਾਰ ਕਰਨ ਤੇ ਕਰਾਉਣ ਵਾਲੇ ਨੂੰ ਗੋਲਡ ਮੈਡਲ ਦਿੱਤਾ ਜਾਵੇਗਾ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com