ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) - “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਹਾਨ ਸੰਸਥਾਂ ਅਤੇ ਸਿੱਖ ਪਾਰਲੀਮੈਂਟ ਇਸ ਲਈ ਕਾਨੂੰਨੀ ਤੌਰ ਤੇ ਹੋਂਦ ਵਿਚ ਆਈ ਸੀ ਕਿ ਇਹ ਸਿੱਖ ਕੌਮ ਦੁਆਰਾ ਚੁਣੀ ਜਾਣ ਵਾਲੀ ਧਾਰਮਿਕ ਸੰਸਥਾਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ-ਸਤਿਕਾਰ ਅਤੇ ਮਰਿਯਾਦਾਵਾਂ ਨੂੰ ਹਰ ਕੀਮਤ ਤੇ ਕਾਇਮ ਰੱਖਦੀ ਹੋਈ ਸਿੱਖ ਧਰਮ ਦਾ ਸੰਸਾਰ ਵਿਚ ਸਹੀ ਦਿਸ਼ਾ ਵੱਲ ਪ੍ਰਚਾਰ ਅਤੇ ਪ੍ਰਸਾਰ ਕਰ ਸਕੇ । ਇਸ ਦੇ ਨਾਲ ਹੀ ਗੁਰੂਘਰਾਂ ਦੇ ਨਿਜ਼ਾਮ ਨੂੰ ਸਮਾਜਿਕ ਉਸਾਰੂ ਅਤੇ ਪਾਰਦਰਸ਼ੀ ਰੱਖਦੀ ਹੋਈ ਬਿਨ੍ਹਾਂ ਕਿਸੇ ਭੇਦਭਾਵ-ਵਿਤਕਰੇ ਦੇ ਸਮੁੱਚੀ ਲੋਕਾਈ ਨੂੰ ਸਿੱਖ ਧਰਮ ਦੀਆਂ ਮਨੁੱਖਤਾ ਅਤੇ ਸਮਾਜਪੱਖੀ ਅੱਛਾਈਆ ਦੀ ਜਾਣਕਾਰੀ ਪ੍ਰਦਾਨ ਕਰਦੀ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਤੇ ਸਿੱਖ ਧਰਮ ਦੇ ਕੌਮਾਂਤਰੀ ਸਤਿਕਾਰ ਵਿਚ ਵਾਧਾ ਕਰਨ ਦੀ ਜਿ਼ੰਮੇਵਾਰੀ ਨਿਭਾਉਦੀ ਰਹੇ । ਜਦੋਂ ਹੁਣ ਐਸ.ਜੀ.ਪੀ.ਸੀ. ਦੇ ਹੈੱਡਕੁਆਰਟਰ ਸ੍ਰੀ ਅੰਮ੍ਰਿਤਸਰ ਵਿਖੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2016 ਤੋਂ ਹੀ 328 ਪਾਵਨ ਸਰੂਪ ਗਾਇਬ ਹਨ ਅਤੇ ਜਿਨ੍ਹਾਂ ਦਾ ਕੋਈ ਇਹ ਲਿਖਤੀ ਰਿਕਾਰਡ ਹੀ ਨਹੀਂ ਕਿ ਉਹ ਕਿਥੇ ਗਏ ? ਕਿਸ ਮਕਸਦ ਲਈ ਕਿੱਥੇ ਭੇਜੇ ਗਏ, ਕਿਸ ਦੇ ਹੁਕਮਾਂ ਤੇ ਗਏ, ਖਰਾਬ ਹੋਏ ਕਾਰਨ ਜਾਂ ਅੱਗ ਲੱਗਣ ਕਾਰਨ ਉਨ੍ਹਾਂ ਦੇ ਸੰਸਕਾਰ ਕਿਥੇ ਕੀਤੇ ਗਏ ਅਤੇ ਕਿਸ ਦੀ ਨਿਗਰਾਨੀ ਹੇਠ ਕੀਤੇ ਗਏ ? ਕੋਈ ਲਿਖਤੀ ਰਿਕਾਰਡ ਹੀ ਨਹੀਂ ਹੈ ਤਾਂ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਦੀ ਬਦੌਲਤ ਅਤੇ ਆਪਣੀਆ ਜਿ਼ੰਮੇਵਾਰੀਆਂ ਨਿਭਾਉਣ ਵਿਚ ਅਸਫ਼ਲ ਹੋ ਚੁੱਕੀ ਐਸ.ਜੀ.ਪੀ.ਸੀ. ਦੇ ਪ੍ਰਧਾਨ, ਅੰਤ੍ਰਿਗ ਕਮੇਟੀ ਮੈਂਬਰ ਅਤੇ ਸਮੁੱਚੇ ਚੁਣੇ ਹੋਏ ਐਸ.ਜੀ.ਪੀ.ਸੀ. ਮੈਬਰਾਂ ਨੂੰ ਕੋਈ ਇਖਲਾਕੀ ਹੱਕ ਬਾਕੀ ਨਹੀਂ ਰਹਿ ਗਿਆ ਕਿ ਉਹ ਆਪਣੇ ਆਪ ਨੂੰ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੇ ਮੈਂਬਰ ਕਹਿਲਾਉਣ। ਬਲਕਿ ਇਸ ਹੋਈ ਬਜਰ ਗੁਸਤਾਖੀ ਲਈ ਸਮੁੱਚੇ ਐਸ.ਜੀ.ਪੀ.ਸੀ. ਮੈਂਬਰ ਆਪਣੇ ਆਪ ਨੂੰ ਜਿ਼ੰਮੇਵਾਰ ਸਮਝਦੇ ਹੋਏ ਆਪਣੀ-ਆਪਣੀ ਮੈਬਰੀ ਤੋਂ ਅਸਤੀਫੇ ਦੇ ਕੇ ਇਸ ਮਹਾਨ ਧਾਰਮਿਕ ਸੰਸਥਾਂ ਦੀ ਨਵੀ ਚੋਣ ਕਰਵਾਉਣ ਲਈ ਰਾਹ ਪੱਧਰਾਂ ਕਰਨ ਤਾਂ ਜੋ ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੀ ਘਟੀਆਂ ਸਿਆਸਤ ਅਤੇ ਇਸ ਸੰਸਥਾਂ ਦੇ ਅਮਲੇ-ਫੈਲੇ ਵਿਚ ਵੱਡੀ ਰਿਸ਼ਵਤਖੋਰੀ ਪੈਦਾ ਹੋ ਚੁੱਕੇ ਦੋਸ਼ਪੂਰਨ ਪ੍ਰਬੰਧ ਨੂੰ ਖ਼ਤਮ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਨ ਰੂਪ ਵਿਚ ਸਮਰਪਿਤ ਗੁਰਸਿੱਖਾਂ ਨੂੰ ਆਪਣੇ ਵੋਟ ਹੱਕ ਰਾਹੀ ਚੁੱਣਕੇ ਨਵੇਂ ਸਿਰੇ ਤੋਂ ਐਸ.ਜੀ.ਪੀ.ਸੀ. ਦਾ ਪ੍ਰਬੰਧ ਸੌਪ ਸਕੇ ਅਤੇ ਇਸ ਮਹਾਨ ਸੰਸਥਾਂ ਉਤੇ ਲੱਗੇ ਧੱਬੇ ਅਤੇ ਦੋਸ਼ਾ ਨੂੰ ਧੋਇਆ ਜਾ ਸਕੇ ।”
  ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਐਸ.ਜੀ.ਪੀ.ਸੀ. ਦੇ ਮੌਜੂਦਾ ਪ੍ਰਧਾਨ, ਸਮੁੱਚੇ ਅੰਤ੍ਰਿਗ ਕਮੇਟੀ ਮੈਬਰਾਂ ਅਤੇ ਦੂਸਰੇ ਮੈਬਰਾਂ ਨੂੰ ਸਿੱਖ ਧਰਮ ਅਤੇ ਸਿੱਖ ਕੌਮ ਦੇ ਵੱਡੇਰੇ ਹਿੱਤਾ ਨੂੰ ਮੁੱਖ ਰੱਖਦੇ ਹੋਏ ਐਸ.ਜੀ.ਪੀ.ਸੀ. ਦੇ ਨਿਜ਼ਾਮ ਵਿਚ ਫੈਲੇ ਵੱਡੇ ਭ੍ਰਿਸ਼ਟਾਚਾਰ, ਘਪਲਿਆ ਅਤੇ ਗੁਰੂਘਰ ਦੇ ਪ੍ਰਬੰਧ ਵਿਚ ਆਈਆ ਵੱਡੀਆ ਖਾਮੀਆ ਦਾ ਅੰਤ ਕਰਨ ਲਈ ਸਮੁੱਚੇ ਐਸ.ਜੀ.ਪੀ.ਸੀ. ਮੈਬਰਾਂ ਨੂੰ ਤੁਰੰਤ ਅਸਤੀਫੇ ਦੇ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਨਵੀਆਂ ਜਰਨਲ ਚੋਣਾਂ ਕਰਵਾਉਣ ਦੀ ਜਿ਼ੰਮੇਵਾਰੀ ਨਿਭਾਉਣ ਦੀ ਸੰਜ਼ੀਦਾਂ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੰਭੀਰ ਵਿਸ਼ੇ ਤੇ ਗੱਲ ਕਰਦੇ ਹੋਏ ਕਿਹਾ ਕਿ ਜਦੋਂ ਕਿਸੇ ਸੰਗਠਨ ਸੰਸਥਾਂ ਜਾਂ ਘਰ ਦੇ ਪ੍ਰਬੰਧ ਨੂੰ ਚਲਾਉਣ ਵਾਲਾ ਹੀ ਗੈਰ ਇਖਲਾਕੀ, ਧੋਖੇ-ਫਰੇਬ ਕਰਨ ਵਾਲਾ ਇਨਸਾਨ ਹੋਵੇ ਤਾਂ ਉਸ ਸੰਸਥਾਂ ਦੇ ਬਾਕੀ ਮੈਬਰਾਂ ਅਤੇ ਪ੍ਰਬੰਧਕਾਂ ਦੇ ਦਾਗੀ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਕਿਉਂਕਿ ਬੇਸ਼ੱਕ ਸਿੱਧੇ ਤੌਰ ਤੇ ਐਸ.ਜੀ.ਪੀ.ਸੀ. ਉਤੇ ਗੈਰ ਸਿਧਾਤਿਕ, ਸਿੱਖੀ ਨਿਯਮਾਂ ਅਤੇ ਅਸੂਲਾਂ ਨੂੰ ਨਿਰੰਤਰ ਪਿੱਠ ਦੇਦੇ ਆ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦਾ ਕੋਈ ਹੱਥ ਨਹੀਂ, ਪਰ ਅਸਿੱਧੇ ਤੌਰ ਤੇ ਇਸ ਮਹਾਨ ਸੰਸਥਾਂ ਦੇ ਪ੍ਰਬੰਧ ਨੂੰ ਦੋਸ਼ਪੂਰਨ ਬਣਾਉਣ ਅਤੇ ਇਸ ਵਿਚ ਵੱਡੀ ਘਪਲੇਬਾਜ਼ੀ ਨੂੰ ਉਤਸਾਹਿਤ ਕਾਰਨ, ਗੁਰੂਘਰ ਦੀ ਗੋਲਕ ਦੀ ਲੁੱਟ-ਖਸੁੱਟ ਕਰਨ ਅਤੇ ਇਸ ਸੰਸਥਾਂ ਦੇ ਅਧੀਨ ਚੱਲ ਰਹੇ ਸਮੁੱਚੇ ਵਿਦਿਅਕ ਅਤੇ ਸਿਹਤ ਸੰਬੰਧੀ ਅਦਾਰਿਆ ਦਾ ਟਰੱਸਟ ਬਣਾਕੇ ਆਪਣੇ ਚਹੇਤਿਆ ਨੂੰ ਗਲਤ ਢੰਗਾਂ ਰਾਹੀ ਧਨ-ਦੌਲਤ ਇਕੱਤਰ ਕਰਨ ਨੂੰ ਉਤਸਾਹਿਤ ਕਰਨ ਵਿਚ ਸ. ਬਾਦਲ ਅਤੇ ਬਾਦਲ ਪਰਿਵਾਰ ਸਿੱਧੇ ਤੌਰ ਤੇ ਜਿ਼ੰਮੇਵਾਰ ਹੈ । ਉਨ੍ਹਾਂ ਦੇ ਹੁਕਮਾਂ ਤੋਂ ਵਗੈਰ ਇਸ ਮਹਾਨ ਸੰਸਥਾਂ ਵਿਚ ਨਾ ਤਾਂ ਕੋਈ ਨਿਯੁਕਤੀ ਹੋ ਸਕਦੀ ਹੈ ਅਤੇ ਨਾ ਹੀ ਕੋਈ ਵੱਡੇ ਗਬਨ ਅਤੇ ਘਪਲੇ ੋਹ ਸਕਦੇ ਹਨ । ਇਥੋਂ ਤੱਕ ਉਨ੍ਹਾਂ ਵੱਲੋਂ ਭੇਜੇ ਬੰਦ ਲਿਫਾਫਿਆ ਰਾਹੀ ਹੀ ਸਾਡੇ ਮਹਾਨ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ, ਐਸ.ਜੀ.ਪੀ.ਸੀ. ਦੇ ਪ੍ਰਧਾਨ ਅਤੇ ਅਧਿਕਾਰੀਆਂ ਦੀ ਚੋਣ ਹੁੰਦੀ ਆ ਰਹੀ ਹੈ । ਇਸ ਦੋਸ਼ਪੂਰਨ ਗੈਰ ਇਖਲਾਕੀ ਪ੍ਰਣਾਲੀ ਨੇ ਸਾਡੀ ਇਸ ਮਹਾਨ ਸੰਸਥਾਂ ਨੂੰ ਦਾਗੋ-ਦਾਗ ਕਰ ਦਿੱਤਾ ਹੈ । ਜੋ ਹੁਣ ਸਿੱਖ ਕੌਮ ਵੱਲੋਂ ਬਰਦਾਸਤ ਨਹੀਂ ਕੀਤਾ ਜਾ ਸਕਦਾ ।
  ਸ. ਟਿਵਾਣਾ ਨੇ ਖੁਦ ਪ੍ਰਬੰਧਕਾਂ ਅਤੇ ਉਨ੍ਹਾਂ ਦੇ ਆਕਾਵਾਂ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਹੋਣ ਦੇ ਵੇਰਵੇ ਦਿੰਦੇ ਹੋਏ ਕਿਹਾ ਕਿ ਬੀਤੇ ਸਮੇਂ ਵਿਚ ਜੋ ਸਿਰਸੇ ਵਾਲੇ ਬਲਾਤਕਾਰੀ ਅਤੇ ਕਾਤਲ ਸਾਧ ਦੇ ਚੇਲਿਆ ਵੱਲੋਂ ਬਰਗਾੜੀ, ਬੁਰਜ ਜਵਾਹਰ ਸਿੰਘ ਵਾਲਾ ਅਤੇ ਹੋਰ ਅਨੇਕਾਂ ਸਥਾਨਾਂ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਹੋਏ ਹਨ, ਉਹ ਸ . ਬਾਦਲ ਦੀ ਸਰਪ੍ਰਸਤੀ ਵਾਲੀ ਸਰਕਾਰ ਸਮੇਂ ਉਪਰੋਕਤ ਡੇਰੇਦਾਰਾਂ ਤੋਂ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਖੁਦ ਕਰਵਾਏ ਗਏ ਹਨ । ਦੋਸ਼ੀਆਂ ਨੂੰ ਫੜਨ ਦੀ ਬਜਾਇ ਬਾਦਲ ਸਰਕਾਰ ਨੇ ਆਪਣੇ ਪੁਲਿਸ ਅਫ਼ਸਰਾਂ ਰਾਹੀ ਅਮਨਮਈ ਧਰਨੇ ਉਤੇ ਬੈਠੇ ਸਿੱਖਾਂ ਉਤੇ ਗੋਲੀਆਂ ਚਲਾਉਣ ਦੇ ਹੁਕਮ ਕਰਕੇ ਸਿੱਖਾਂ ਨੂੰ ਸ਼ਹੀਦ ਕਰਕੇ ਸਾਬਤ ਕਰ ਦਿੱਤਾ ਹੈ ਕਿ ਇਨ੍ਹਾਂ ਨੀਲੀ ਪੱਗੜੀਧਾਰੀ ਆਪਣੇ-ਆਪ ਨੂੰ ਅਕਾਲੀ ਕਹਾਉਣ ਵਾਲੇ ਆਗੂਆਂ ਦੇ ਮਨ ਅਤੇ ਆਤਮਾਵਾਂ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਪ੍ਰਤੀ ਕੋਈ ਸਤਿਕਾਰ-ਮਾਣ ਨਹੀਂ । ਕੇਵਲ ਤੇ ਕੇਵਲ ਆਪਣੇ ਸਿਆਸੀ ਰੁਤਬਿਆ ਨੂੰ ਕਾਇਮ ਰੱਖਣ ਅਤੇ ਆਪਣੇ ਧਨ-ਦੌਲਤਾਂ ਦੇ ਭੰਡਾਰਾਂ ਵਿਚ ਵਾਧਾ ਕਰਨ ਲਈ ਸਾਡੀ ਮਹਾਨ ਸੰਸਥਾਂ ਐਸ.ਜੀ.ਪੀ.ਸੀ. ਅਤੇ ਸਿੱਖ ਧਰਮ ਦੀ ਇਹ ਨਿਰੰਤਰ ਦੁਰਵਰਤੋਂ ਵੀ ਕਰਦੇ ਆ ਰਹੇ ਹਨ ਅਤੇ ਸਿੱਖ ਕੌਮ ਨੂੰ ਬਿਨ੍ਹਾਂ ਵਜਹ ਬਦਨਾਮ ਕਰਨ ਦੇ ਵੀ ਭਾਗੀਦਾਰ ਹਨ । ਉਨ੍ਹਾਂ ਕਿਹਾ ਕਿ ਜੋ 328 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਅਲੋਪ ਹੋਣ ਦੀ ਗੱਲ ਚੱਲ ਰਹੀ ਹੈ, ਇਹ ਕੇਵਲ 328 ਨਹੀਂ, ਬਲਕਿ 453 ਸਰੂਪ ਹਨ, ਜਿਨ੍ਹਾਂ ਵਿਚ 125 ਉਹ ਹਨ ਜਿਨ੍ਹਾਂ ਦੇ ਪਵਿੱਤਰ ਅੰਗਾਂ ਨੂੰ ਛਾਪਕੇ ਬਾਹਰੋ ਜਿਲਦਾਂ ਚੜਾਈਆ ਗਈਆ ਹਨ ਅਤੇ 21 ਹੋਰ ਪਾਵਨ ਸਰੂਪ ਹਨ। ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ 2016 ਵਿਚ ਜਦੋਂ ਇਹ ਪਾਵਨ ਸਰੂਪ ਅਲੋਪ ਹੋਏ ਸਨ, ਉਸ ਸਮੇਂ ਕੁਝ ਨੇਕ ਅਤੇ ਇਮਾਨਦਾਰ ਪੁਲਿਸ ਅਫ਼ਸਰਾਂ ਨੇ ਆਪਣੀ ਵੱਡੀ ਅਫ਼ਸਰਸ਼ਾਹੀ ਨੂੰ ਇਸ ਦਿਸ਼ਾ ਵੱਲ ਪਰਚਾ ਦਰਜ ਕਰਨ ਲਈ ਕਿਹਾ ਸੀ । ਲੇਕਿਨ ਕਿਉਂਕਿ ਉਸ ਸਮੇਂ ਬਾਦਲ ਸਰਕਾਰ ਸੀ ਅਤੇ ਪੰਜਾਬ ਦੇ ਗ੍ਰਹਿ ਵਜ਼ੀਰ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਨ । ਇਸੇ ਲਈ ਪੁਲਿਸ ਦੀ ਵੱਡੀ ਅਫਸਰਸ਼ਾਹੀ ਨੇ ਇਹ ਪਰਚਾ ਦਰਜ ਕਰਨ ਦੀ ਨਾਂਹ ਕਰਕੇ ਆਪਣੇ ਨਾਲ ਪੁਲਿਸ ਅਫਸਰਾਂ ਨੂੰ ਗੱਲਬਾਤ ਕਰਨ ਲਈ ਕਿਹਾ ਸੀ । ਇਸ ਸੰਬੰਧੀ ਜੋ ਐਸ.ਜੀ.ਪੀ.ਸੀ. ਅੰਤ੍ਰਿਗ ਕਮੇਟੀ ਦੀ ਫੈਸਲਾ ਲੈਣ ਲਈ ਮੀਟਿੰਗ ਹੋਈ ਸੀ, ਉਹ ਪਹਿਲੇ 11 ਵਜੇ ਸ੍ਰੋਮਣੀ ਕਮੇਟੀ ਦੇ ਦਫ਼ਤਰ ਵਿਖੇ ਰੱਖੀ ਗਈ, ਫਿਰ ਇਸ ਨੂੰ ਬਦਲਕੇ 2 ਵਜੇ ਐਸ.ਜੀ.ਪੀ.ਸੀ. ਦੇ ਮਹਿਤਾ ਰੋਡ ਵਿਖੇ ਸਥਿਤ ਹਸਪਤਾਲ ਦੇ ਮੀਟਿੰਗ ਰੂਪ ਵਿਚ ਰੱਖੀ ਗਈ, ਫਿਰ ਇਹ 4 ਵਜੇ ਕਰ ਦਿੱਤੀ ਗਈ, ਕਿਉਂਕਿ ਉਸ ਦਿਨ ਚੰਡੀਗੜ੍ਹ ਵਿਖੇ ਬਾਦਲ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਣੀ ਸੀ। ਉਸ ਕੋਰ ਕਮੇਟੀ ਦੀ ਮੀਟਿੰਗ ਤੋਂ ਆਏ ਹੁਕਮਾਂ ਅਨੁਸਾਰ ਹੀ ਇਨ੍ਹਾਂ ਨੇ ਫੈਸਲਾ ਕਰਨਾ ਸੀ । ਜਿਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਗਾਇਬ ਕਰਨ ਜਾਂ ਆਪਣੇ ਸੈਂਟਰ ਦੇ ਭਾਈਵਾਲਾ ਦੇ ਸਾਤਿਰ ਦਿਮਾਗਾਂ ਤੇ ਇਨ੍ਹਾਂ ਸਰੂਪਾਂ ਨੂੰ ਸੌਪਣ ਜਾਂ ਕਿਸੇ ਹੋਰ ਮੰਦਭਾਵਨਾਂ ਭਰੇ ਮਕਸਦ ਅਧੀਨ ਕੀਤਾ ਗਿਆ । ਉਸ ਤੋਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਉਸ ਸਮੇਂ ਵੀ ਪੂਰੀ ਵਾਕਫੀਅਤ ਰੱਖਦਾ ਸੀ ਅਤੇ ਅੱਜ ਵੀ ਇਨ੍ਹਾਂ ਕੋਲ ਸਾਰੀ ਜਾਣਕਾਰੀ ਹੈ । ਉਨ੍ਹਾਂ ਇਨ੍ਹਾਂ ਸਰੂਪਾਂ ਦੀ ਬੇਅਦਬੀ ਦੀ ਇਕ ਹੋਰ ਗੱਲ ਕਰਦੇ ਹੋਏ ਕਿਹਾ ਕਿ 17 ਅਕਤੂਬਰ 2014 ਨੂੰ ਐਸ.ਜੀ.ਪੀ.ਸੀ. ਦੇ ਮਤਾ ਨੰਬਰ 931 ਰਾਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 450 ਸਰੂਪ ਕੈਨੇਡਾ ਦੇ ਇਕ ਟਰੱਸਟ ਵੱਲੋਂ ਕੀਤੀ ਮੰਗ ਉਤੇ ਸ. ਰਿਪੁਦਮਨ ਸਿੰਘ ਮਲਿਕ ਨੂੰ ਭੇਜਣ ਦਾ ਮਤਾ ਪਾਸ ਹੋਇਆ ਸੀ । ਇਹ ਐਸ.ਜੀ.ਪੀ.ਸੀ. ਵੱਲੋਂ ਇਕ ਬਹੁਤ ਹੀ ਮਹਿੰਗੀ ਬੱਸ ਤਿਆਰ ਕਰਵਾਕੇ ਜਿਸਦਾ ਨੰਬਰ ਪੀਬੀ 02ਏ-9903 ਸੀ, ਉਸ ਰਾਹੀ ਸਮੁੰਦਰੀ ਜਹਾਜ਼ ਤੇ ਚੜ੍ਹਾਕੇ ਕੈਨੇਡਾ ਭੇਜੇ ਗਏ ਅਤੇ ਇਹ ਬੱਸ ਵੈਨਕੂਵਰ ਦੇ ਸਮੁੰਦਰੀ ਕੰਢੇ ਤੇ ਲੰਮਾਂ ਸਮਾਂ ਖੜ੍ਹੀ ਰਹੀ । ਜਿਸਦੀ ਬਦੌਲਤ ਸਮੁੰਦਰੀ ਨਮੀ ਕਾਰਨ ਇਹ ਪਾਵਨ ਸਰੂਪ ਖਰਾਬ ਹੋ ਗਏ । ਜਦੋਂ ਕਿਸੇ ਗੁਰਸਿੱਖ ਨੇ ਵੇਖਕੇ ਰੌਲਾ ਪਾਇਆ ਤਾਂ ਇਨ੍ਹਾਂ ਸਰੂਪਾਂ ਨੂੰ ਕੈਨੇਡਾ ਦੇ ਵੱਖ-ਵੱਖ ਗੁਰੂਘਰਾਂ ਵਿਚ ਵੰਡ ਦਿੱਤਾ ਗਿਆ । ਜੋ ਬਹੁਤ ਕੀਮਤੀ ਬੱਸ ਐਸ.ਜੀ.ਪੀ.ਸੀ. ਦੇ ਖਜਾਨੇ ਵਿਚੋਂ ਤਿਆਰ ਕੀਤੀ ਗਈ ਸੀ ਉਸ ਨੂੰ ਇਨ੍ਹਾਂ ਰਿਸ਼ਵਤਖੋਰ ਅਤੇ ਘਪਲੇਬਾਜ ਅਧਿਕਾਰੀਆਂ ਅਤੇ ਸਿਆਸਤਦਾਨਾਂ ਨੇ ਕੈਨੇਡਾ ਦੇ ਇਕ ਧਨਾਢ ਸ. ਜਤਿੰਦਰ ਸਿੰਘ ਉੱਪਲ ਨੂੰ ਕੇਵਲ 8 ਲੱਖ ਵਿਚ ਵੇਚ ਦਿੱਤੀ ਗਈ । ਬਾਅਦ ਵਿਚ 25 ਦਸੰਬਰ 2016 ਨੂੰ ਐਸ.ਜੀ.ਪੀ.ਸੀ. ਨੇ ਇਸ ਬੱਸ ਨੂੰ ਹਾਦਸਾਗ੍ਰਸਤ ਕਰਾਰ ਦੇ ਕੇ ਇਸ ਘਪਲੇ ਦਾ ਅੰਤ ਕਰ ਦਿੱਤਾ । ਜੋ ਸ. ਬਾਦਲਾਂ ਦੇ ਹੁਕਮ ਉਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਗਬਨ ਵਿਚ 11 ਅਧਿਕਾਰੀਆਂ ਨੂੰ ਸਜ਼ਾ ਦਿੰਦੇ ਹੋਏ ਮੁਅੱਤਲ ਅਤੇ ਨੌਕਰੀਆਂ ਤੋਂ ਫਾਰਗ ਕੀਤਾ ਗਿਆ ਹੈ, ਬੇਸ਼ੱਕ ਇਹ ਸਾਰੇ ਗੁਰੂਘਰਾਂ ਦੇ ਵਿਚ ਹੋਣ ਵਾਲੇ ਘਪਲਿਆ ਅਤੇ ਉਪਰੋਕਤ ਮੁੱਦੇ ਵਿਚ ਸਾਜਿ਼ਸ ਦੀ ਕੜੀ ਦੇ ਹਿੱਸਾ ਹਨ । ਪਰ ਜੋ ਇਨ੍ਹਾਂ ਤੋਂ ਅਜਿਹੇ ਗੈਰ-ਇਖਲਾਕੀ, ਗੈਰ-ਧਾਰਮਿਕ ਗਲਤ ਕੰਮ ਕਰਵਾਉਣ ਦੇ ਹੁਕਮ ਕਰਦੇ ਰਹੇ ਹਨ, ਉਨ੍ਹਾਂ ਵੱਡੇ ਮਗਰਮੱਛਾਂ ਨੂੰ ਕੋਈ ਆਂਚ ਨਹੀਂ ਆਈ । ਕੁਝ ਸਮੇਂ ਬਾਅਦ ਇਹ ਮਗਰਮੱਛ ਸਾਡੀ ਐਸ.ਜੀ.ਪੀ.ਸੀ. ਦੀ ਸੰਸਥਾਂ ਵਿਚ ਅਜਿਹੇ ਵੱਡੇ ਘਪਲੇ ਅਤੇ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਠੇਸ ਪਹੁੰਚਾਉਣ ਦੇ ਅਮਲ ਕਰਦੇ ਰਹਿਣਗੇ । ਇਸ ਲਈ ਸਮੁੱਚੀ ਸਿੱਖ ਕੌਮ ਦੀ ਇਸ ਸਮੇਂ ਵੱਡੀ ਜਿ਼ੰਮੇਵਾਰੀ ਬਣ ਜਾਂਦੀ ਹੈ ਕਿ ਐਸ.ਜੀ.ਪੀ.ਸੀ. ਦੀ ਮਹਾਨ ਸੰਸਥਾਂ ਉਤੇ ਲੱਗੇ ਅਜਿਹੇ ਧੱਬਿਆ ਜਿਨ੍ਹਾਂ ਵਿਚ ਲੰਗਰਾਂ ਦੀ ਰਸਦ ਵਿਚ ਹੇਰਾਫੇਰੀ, ਦੇਗ ਲਈ ਵਰਤੇ ਜਾਣ ਵਾਲੇ ਦੇਸ਼ੀ ਘੀ ਦੀ ਖਰੀਦ ਵਿਚ, ਸਿਰਪਾਓ ਦੀ ਖਰੀਦ ਵਿਚ, ਇਮਾਰਤੀ ਸਾਜੋ ਸਮਾਨ ਦੀ ਖਰੀਦ ਵਿਚ, ਐਸ.ਜੀ.ਪੀ.ਸੀ. ਦੀਆਂ ਗੱਡੀਆਂ ਅਤੇ ਪੈਟਰੋਲ ਵਿਚ ਹੋ ਰਹੇ ਗਬਨ ਆਦਿ ਸਭ ਦਾ ਅੰਤ ਕਰਨ ਲਈ ਇਹ ਜ਼ਰੂਰੀ ਹੈ ਕਿ ਮੌਜੂਦਾ ਐਸ.ਜੀ.ਪੀ.ਸੀ. ਦੇ ਸਮੁੱਚੇ ਮੈਬਰਾਂ ਤੋਂ ਇਖ਼ਲਾਕੀ ਤੌਰ ਤੇ ਜਿਥੇ ਅਸਤੀਫੇ ਦੀ ਮੰਗ ਕਰਨ, ਉਥੇ ਅੱਛੀ ਸੋਚ ਰੱਖਣ ਵਾਲੇ ਐਸ.ਜੀ.ਪੀ.ਸੀ. ਮੈਬਰ ਖੁਦ ਅਜਿਹੇ ਦੋਸ਼ਪੂਰਨ ਪ੍ਰਬੰਧ ਨੂੰ ਮੁੱਖ ਰੱਖਕੇ ਆਪੋ-ਆਪਣੀ ਮੈਬਰੀ ਤੋਂ ਅਸਤੀਫੇ ਦੇ ਕੇ ਐਸ.ਜੀ.ਪੀ.ਸੀ. ਦੀਆਂ ਪਿਛਲੇ 4 ਸਾਲਾਂ ਤੋਂ ਪੈਡਿੰਗ ਪਈਆਂ ਜਰਨਲ ਚੋਣਾਂ ਕਰਵਾਉਣ ਲਈ ਆਵਾਜ਼ ਉਠਾਉਦੇ ਹੋਏ ਸਮੁੱਚੇ ਮੈਬਰਾਂ ਨੂੰ ਅਸਤੀਫੇ ਦੇਣ ਲਈ ਮਜਬੂਰ ਕਰ ਦੇਣ । ਤਾਂ ਇਹ ਖ਼ਾਲਸਾ ਪੰਥ ਦੀ ਜਿਥੇ ਵੱਡੀ ਸੇਵਾ ਹੋਵੇਗੀ, ਉਥੇ ਇਸ ਮਹਾਨ ਸੰਸਥਾਂ ਦੇ ਸਤਿਕਾਰ-ਮਾਣ ਨੂੰ ਅਸੀਂ ਕੌਮਾਂਤਰੀ ਪੱਧਰ ਤੇ ਫਿਰ ਤੋਂ ਕਾਇਮ ਕਰਨ ਵਿਚ ਸਫਲ ਹੋ ਸਕਾਂਗੇ ਅਤੇ ਗੁਰੂਘਰਾਂ ਦੇ ਪ੍ਰਬੰਧ ਨੂੰ ਸੁਚਾਰੂ ਬਣਾਉਣ ਵਿਚ ਭੂਮਿਕਾ ਨਿਭਾ ਰਹੇ ਹੋਵਾਂਗੇ । ਸ. ਟਿਵਾਣਾ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਕੌਮ ਦੇ ਬਿਨ੍ਹਾਂ ਤੇ ਐਸ.ਜੀ.ਪੀ.ਸੀ. ਦੇ ਸਮੁੱਚੇ ਮੈਬਰਾਂ, ਅਹੁਦੇਦਾਰਾਂ ਤੋਂ ਇਹ ਉਮੀਦ ਪ੍ਰਗਟ ਕੀਤੀ ਕਿ ਉਹ ਗੈਰ ਇਖਲਾਕੀ ਅਤੇ ਗੈਰ ਧਾਰਮਿਕ ਸ. ਬਾਦਲ ਅਤੇ ਬਾਦਲ ਪਰਿਵਾਰ ਦੇ ਸਿਆਸਤਦਾਨਾਂ ਤੋਂ ਇਸ ਸੰਸਥਾਂ ਨੂੰ ਪੂਰਨ ਰੂਪ ਵਿਚ ਆਜ਼ਾਦ ਕਰਵਾਉਣ ਲਈ ਅਤੇ ਮਹਾਨ ਸਿੱਖੀ ਰਵਾਇਤਾ ਨੂੰ ਕਾਇਮ ਰੱਖਣ ਲਈ ਆਪਣੀ ਇਹ ਕੌਮੀ ਜਿ਼ੰਮੇਵਾਰੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬ ਨੂੰ ਹਾਜ਼ਰ-ਨਾਜ਼ਰ ਸਮਝਦੇ ਹੋਏ ਤੁਰੰਤ ਅਮਲੀ ਰੂਪ ਵਿਚ ਕਦਮ ਉਠਾਉਣਗੇ ।

  ਨਵੀਂ ਦਿੱਲੀ , (ਮਨਪ੍ਰੀਤ ਸਿੰਘ ਖਾਲਸਾ) - ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀਆਂ ਦੁਸ਼ਵਾਰੀਆਂ ਨਿੱਤ ਦਿਨ ਵੱਧਦੀਆਂ ਜਾ ਰਹੀਆਂ ਹਨ ਅਤੇ ਬੰਦੀ ਸਿੰਘਾਂ ਨੂੰ ਨਿੱਤ ਨਵੇਂ ਤਰੀਕਿਆਂ ਨਾਲ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸਦੀ ਤਾਜ਼ਾ ਮਿਸਾਲ ਮਾਡਲ ਜੇਲ੍ਹ, ਕਪੂਰਥਲਾ ਵਿੱਚ ਨਜ਼ਰਬੰਦ ਭਾਈ ਬਲਬੀਰ ਸਿੰੰਘ ਬੀਰਾ ਵਲੋਂ ਬੀਤੇ ਬੁੱਧਵਾਰ ਤੋਂ ਭੁੱਖ ਹੜਤਾਲ ਰੱਖੀ ਹੋਈ ਹੈ ਜਿਸਦਾ ਕਾਰਨ ਹੈ ਕਿ ਭਾਈ ਬਲ਼ਬੀਰ ਸਿੰਘ ਬੀਰੇ ਨੂੰ ਜੇਲ੍ਹ ਵਿਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਜਾਣ ਉੱਤੇ ਪਾਬੰਦੀ ਲਾਉਂਣਾ ਹੈ। ਇਹ ਜਾਣਕਾਰੀ ਭਾਈ ਬਲਬੀਰ ਸਿੰਘ ਬੀਰੇ ਨੇ ਆਪਣੀ ਪਤਨੀ ਬੀਬੀ ਸੁਖਜਿੰਦਰ ਕੌਰ ਤੇ ਵਕੀਲ ਜਸਪਾਲ ਸਿੰਘ ਮੰਝਪੁਰ ਨੂੰ ਦਿੱਤੀ।
  ਬੀਬੀ ਸੁਖਜਿੰਦਰ ਕੌਰ ਨੇ ਕਿਹਾ ਕਿ ਜੇਲ੍ਹ ਦੀਆਂ ਮੁਲਾਕਾਤਾਂ ਮਾਰਚ 2020 ਤੋਂ ਕਰੋਨਾ ਕਾਰਨ ਬੰਦ ਕੀਤੀਆਂ ਹੋਈਆਂ ਹਨ ਪਰ ਸਿਤਮ ਦੀ ਗੱਲ ਹੈ ਕਿ ਬਹੁਤ ਸਾਰੇ ਬੰਦੀਆਂ ਨੂੰ ਕਰੋਨਾ ਕਾਰਨ ਪੈਰੋਲ ਛੁੱਟੀਆਂ ਦਿੱਤੀਆਂ ਗਈਆਂ ਹਨ ਜੋ ਅਜੇ ਤੱਕ ਜਾਰੀ ਹਨ ਪਰ ਉਹਨਾਂ ਨੇ ਪਤੀ ਨੂੰ ਆਮ ਬੰਦੀਆਂ ਤੋਂ ਉਲਟ ਕਰੋਨਾ ਦੀ ਆੜ ਲੈ ਕੇ ਸਕਿਓਰਟੀ ਨਾ ਹੋਣ ਦਾ ਬਹਾਨਾ ਲਾ ਕੇ ਪੈਰੋਲ ਨਹੀਂ ਦਿੱਤੀ ਗਈ ਅਤੇ ਪਹਿਲਾਂ ਉਹਨਾਂ ਨੂੰ ਨਾਭਾ ਜੇਲ੍ਹ ਵਿਚੋਂ ਕਪੂਰਥਲਾ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ ਅਤੇ ਬਿਨਾਂ ਕਿਸੇ ਵਜਾਹ ਦੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਗੁਰੁ ਗਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਨਹੀਂ ਜਾਣ ਦਿੱਤਾ ਜਾਂਦਾ ਜਿਸ ਕਾਰਨ ਉਨਾਂ ਨੇ ਬੁੱਧਵਾਰ ਤੋਂ ਪਰਸ਼ਾਦਾ ਨਹੀਂ ਫੜਿਆ ਅਤੇ ਨਿਰੰਤਰ ਭੁੱਖ ਹੜਤਾਲ ਉਪਰ ਹਨ ਅਤੇ ਜੇਲ੍ਹ ਪ੍ਰਸਾਸ਼ਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਅਤੇ ਹੁਣ ਉਹਨਾਂ ਦੀ ਸਿਹਤ ਖਰਾਬ ਹੋ ਰਹੀ ਹੈ। ਬੀਬੀ ਸੁਖਜਿੰਦਰ ਕੌਰ ਨੇ ਕਿਹਾ ਕਿ ਜੇਲ੍ਹਾਂ ਵਿਚ ਸਥਿਤ ਗੁਰੂ ਘਰਾਂ ਵਿਚ ਮਰਿਯਾਦਾ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ ਜਿਵੇਂ ਕਿ ਰਹਿਰਾਸ ਸਾਹਿਬ ਦਾ ਪਾਠ ਦੁਪਹਿਰਬਾਦ 3 ਵਜੇ ਹੀ ਕਰਾ ਕੇ ਸੁਖ ਆਸਨ ਕਰ ਦਿੱਤਾ ਜਾਂਦਾ ਹੈ।
  ਇਸ ਮੌਕੇ ਜਾਣਕਾਰੀ ਦਿੰਦਿਆਂ ਐਡਵੋਕੇਟ ਜਸਪਾਲ ਸਿੰਘ ਮੰੰਝਪੁਰ ਨੇ ਦੱਸਿਆ ਕਿ ਭਾਈ ਬਲਬੀਰ ਸਿੰਘ ਬੀਰੇ ਤੇ ਉਸਦੀ ਪਤਨੀ ਨੂੰ ਲੁਧਿਆਣਾ ਪੁਲਿਸ ਨੇ 2009 ਵਿਚ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਸੀ ਅਤੇ 2014 ਵਿਚ ਬੀਬੀ ਸੁਖਜਿੰਦਰ ਕੌਰ ਬਰੀ ਹੋ ਗਈ ਸੀ ਅਤੇ ਭਾਈ ਬੀਰੇ ਨੂੰ ਕਤਲ ਕੇਸ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਬਾਕੀ ਸਾਰੇ ਕੇਸ ਬਰੀ ਹੋ ਚੁੱਕੇ ਹਨ ਅਤੇ ਹੁਣ ਤੱਕ ਭਾਈ ਬੀਰਾ 11 ਸਾਲ ਤੋਂ ਵੱਧ ਸਮਾਂ ਜੇਲ੍ਹ ਵਿਚ ਕੱਟ ਚੁੱਕਾ ਹੈ ਅਤੇ 6 ਵਾਰ ਪੈਰੋਲ ਛੁੱਟੀ ਵੀ ਕੱਟ ਚੁੱਕਾ ਹੈ ਅਤੇ ਭਾਈ ਬੀਰੇ ਦੇ ਨਾਭੇ ਜੇਲ੍ਹ ਵਿਚ ਹੁੰਦਿਆਂ ਗੁਰੁ ਨਾਨਕ ਪਾਤਸ਼ਾਹ ਦੇ ੫੫੦ ਸਾਲਾ ਪਰਕਾਸ਼ ਪੁਰਬ ਮੌਕੇ ਰਿਹਾਈ ਦਾ ਨਕਸ਼ਾ ਵੀ ਤੋਰਿਆ ਗਿਆ ਸੀ ਜਿਸ ਸਬੰਧੀ ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਪਰ ਦੂਜੇ ਪਾਸੇ ਭਾਈ ਬੀਰੇ ਨੂੰ ਪੈਰੋਲ ਤੋਂ ਵੀ ਇਨਕਾਰੀ ਕੀਤੀ ਗਈ ਹੈ ਜੋ ਕਿ ਸਰਾਸਰ ਧੱਕਾ ਹੈ ਅਤੇ ਹੁਣ ਗੁਰਦੁਆਰਾ ਸਾਹਿਬ ਜਾਣ ਲਈ ਵੀ ਭੁੱਖ ਹੜਤਾਲ ਰੱਖਣੀ ਪੈ ਰਹੀ ਹੈ।

  ਅੰਮ੍ਰਿਤਸਰ - 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਦੀ ਕੀਤੀ ਗਈ ਜਾਂਚ ਦੀ ਰਿਪੋਰਟ ਦਾ ਕੁੱਝ ਹਿੱਸਾ ਸ਼੍ਰੋਮਣੀ ਕਮੇਟੀ ਨੇ ਜਨਤਕ ਕਰ ਦਿੱਤਾ ਹੈ ਤੇ ਇਹ ਸਿੱਖ ਸੰਸਥਾ ਦੀ ਵੈੱਬਸਾਈਟ ’ਤੇ ਉਪਲਬੱਧ ਹੈ। 10 ਪੰਨਿਆਂ ਦੀ ਇਕ ਰਿਪੋਰਟ ਵੈੱਬਸਾਈਟ ਉਤੇ ਹੈ, ਜਿਸ ਨੂੰ ਸਮੁੱਚੀ ਰਿਪੋਰਟ ਦਾ ਮੁੱਖ ਅੰਸ਼ ਦੱਸਿਆ ਗਿਆ ਹੈ ਤੇ ਬਾਕੀ ਹਿੱਸੇ ਵਿਚ ਜਾਂਚ ਦੌਰਾਨ ਦਰਜ ਕੀਤੇ ਬਿਆਨ ਆਦਿ ਦੱਸੇ ਜਾ ਰਹੇ ਹਨ। ਇਸ ਮਾਮਲੇ ਵਿਚ ਦੋਸ਼ੀ ਪਾਏ ਗਏ ਕਰਮਚਾਰੀਆਂ ਅਤੇ ਅਧਿਕਾਰੀਆਂ ਖਿਲਾਫ਼ ਪੁਲੀਸ ਕੇਸ ਦਰਜ ਕਰਾਉਣ ਦੀ ਥਾਂ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਗੁਰਦੁਆਰਾ ਐਕਟ ਮੁਤਾਬਕ ਪੰਥਕ ਮਰਿਆਦਾ ਅਤੇ ਰਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਅਹੁਦੇਦਾਰ ਅਤੇ ਅੰਤ੍ਰਿੰਗ ਕਮੇਟੀ ਦੇ ਮੈਂਬਰ ਵੀ 18 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਖਿਮਾ ਯਾਚਨਾ ਕਰਨਗੇ।
  ਇਹ ਫੈਸਲਾ ਅੱਜ ਇਥੇ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਲਿਆ ਗਿਆ। ਭਾਈ ਲੌਂਗੋਵਾਲ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਫ਼ੈਸਲਾ ਲਿਆ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਕੰਮਕਾਜ ਵਿਚ ਕਿਸੇ ਨੂੰ ਦਖ਼ਲ ਦੇਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਹੈ। ‘ਸਿੱਖ ਸੰਸਥਾ ਦੀ ਆਪਣੀ ਆਜ਼ਾਦ ਹਸਤੀ ਹੈ ਅਤੇ ਉਹ ਫ਼ੈਸਲੇ ਲੈਣ ਦੇ ਸਮਰੱਥ ਹੈ।’
  ਜ਼ਿਕਰਯੋਗ ਹੈ ਕਿ ਪਿਛਲੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਇਸ ਮਾਮਲੇ ਵਿਚ ਦੋਸ਼ੀ ਪਾਏ ਗਏ ਪੰਜ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ ਸਨ ਅਤੇ ਪੰਜ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਮੌਕੇ ਸ਼੍ਰੋਮਣੀ ਕਮੇਟੀ ਨੇ ਦੋਸ਼ੀ ਕਰਮਚਾਰੀਆਂ ਖਿਲਾਫ਼ ਫ਼ੌਜਦਾਰੀ ਕੇਸ ਕਰਨ ਦਾ ਵੀ ਐਲਾਨ ਕੀਤਾ ਸੀ ਅਤੇ ਚਾਰ ਵਕੀਲਾਂ ਦਾ ਪੈਨਲ ਵੀ ਬਣਾਇਆ ਗਿਆ ਸੀ।
  ਭਾਈ ਲੌਂਗੋਵਾਲ ਨੇ ਇਸ ਬਾਰੇ ਸਪੱਸ਼ਟ ਕੀਤਾ ਕਿ ਹੁਣ ਇਹ ਮਾਮਲਾ ਪੁਲੀਸ ਕੋਲ ਦੇਣ ਦੀ ਥਾਂ ’ਤੇ ਸ਼੍ਰੋਮਣੀ ਕਮੇਟੀ ਕੁਝ ਸਖ਼ਤ ਕਾਰਵਾਈ ਕਰੇਗੀ ਤਾਂ ਜੋ ਭਵਿੱਖ ਵਿਚ ਕੋਈ ਅਜਿਹੀ ਹਿੰਮਤ ਨਾ ਕਰ ਸਕੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਰਿਕਾਰਡ ਵਿਚੋਂ ਘਟੇ ਪਾਵਨ ਸਰੂਪ ਨਾ ਤਾਂ ਗਾਇਬ ਹੋਏ ਹਨ ਅਤੇ ਨਾ ਹੀ ਕੋਈ ਬੇਅਦਬੀ ਹੋਈ ਹੈ। ਉਨ੍ਹਾਂ ਕਿਹਾ ਕਿ ਸਬੰਧਤ ਕਰਮਚਾਰੀਆਂ ਵੱਲੋਂ ਇਹ ਪਾਵਨ ਸਰੂਪ ਸੰਗਤ ਨੂੰ ਹੀ ਦਿੱਤੇ ਗਏ ਹਨ ਪਰ ਲਾਲਚ ਵੱਸ ਇਸ ਦੀ ਨਾ ਭੇਟਾ ਜਮ੍ਹਾਂ ਕਰਾਈ ਗਈ ਅਤੇ ਨਾ ਹੀ ਇਸ ਨੂੰ ਰਿਕਾਰਡ ਵਿਚ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਘਟਨਾਕ੍ਰਮ ਨਾਲ ਨਾਨਕ ਨਾਮਲੇਵਾ ਸੰਗਤ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ ਅਤੇ ਉਹ ਇਸ ਲਈ ਜ਼ਾਤੀ ਤੌਰ ’ਤੇ ਸਿੱਖ ਸੰਗਤ ਕੋਲੋਂ ਖਿਮਾ ਮੰਗਦੇ ਹਨ। ਉਨ੍ਹਾਂ ਕਿਹਾ ਕਿ ਕੁਝ ਕਰਮਚਾਰੀਆਂ ਵੱਲੋਂ ਕੀਤੀਆਂ ਗਈਆਂ ਬੇਨਿਯਮੀਆਂ ਅਤੇ ਗੈਰ ਜ਼ਿੰਮੇਵਾਰਾਨਾ ਕੰਮਾਂ ਕਾਰਨ ਸ਼੍ਰੋਮਣੀ ਕਮੇਟੀ ਨੂੰ ਨਮੋਸ਼ੀ ਅਤੇ ਚਿੰਤਾਜਨਕ ਹਾਲਾਤ ਵਿਚੋਂ ਲੰਘਣਾ ਪੈ ਰਿਹਾ ਹੈ।
  ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਸੱਜਣ ਸਿੰਘ ਬੱਜੂਮਾਨ, ਸਾਬਕਾ ਮੈਂਬਰ ਚਤਿੰਨ ਸਿੰਘ ਸਮਾਓ ਅਤੇ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਦੇ ਅਕਾਲ ਚਲਾਣੇ ’ਤੇ ਵੀ ਸ਼ੋਕ ਮਤਾ ਪੇਸ਼ ਕੀਤਾ ਗਿਆ।
  ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ 28 ਸਤੰਬਰ ਨੂੰ ਸੱਦ ਲਿਆ ਗਿਆ ਹੈ। ਕਰੋਨਾ ਕਾਰਨ ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ ਹੁਣ ਤੱਕ ਨਹੀਂ ਹੋ ਸਕਿਆ ਸੀ। ਅੰਤ੍ਰਿੰਗ ਕਮੇਟੀ ਦੀ ਪ੍ਰਵਾਨਗੀ ਨਾਲ ਤਿੰਨ-ਤਿੰਨ ਮਹੀਨਿਆਂ ਦੇ ਖ਼ਰਚ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਇਸੇ ਆਧਾਰ ’ਤੇ ਸ਼੍ਰੋਮਣੀ ਕਮੇਟੀ ਦੇ ਖ਼ਰਚੇ ਚਲਾਏ ਜਾ ਰਹੇ ਹਨ।

  ਅੰਮ੍ਰਿਤਸਰ - ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਡਾ. ਰੂਪ ਸਿੰਘ, ਜਿਨ੍ਹਾਂ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਅਸਤੀਫ਼ਾ ਦੇ ਦਿੱਤਾ ਸੀ, ਨੇ ਅੱਜ ਆਪਣੀ ਖਾਮੋਸ਼ੀ ਤੋੜਦਿਆਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਬਿਨਾਂ ਵਜ੍ਹਾ ਦੋਸ਼ੀ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਅਕਾਰਨ ਹੀ ਬਦਨਾਮੀ ਹੋ ਰਹੀ ਹੈ। ਕੈਨੇਡਾ ਤੋਂ ਪਰਤਣ ਮਗਰੋਂ ਇਕਾਂਤਵਾਸ ਵਿਚ ਰਹਿ ਰਹੇ ਡਾ. ਰੂਪ ਸਿੰਘ ਨੇ ਮੀਡੀਆ ਬਿਆਨ ਰਾਹੀਂ ਆਖਿਆ ਕਿ ਉਨ੍ਹਾਂ ਨੈਤਿਕ ਆਧਾਰ ’ਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ ਪਰ ਮੀਡੀਆ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਉਨ੍ਹਾਂ ਦਾ ਨਾਂ ਦੋਸ਼ੀਆਂ ਦੀ ਸੂਚੀ ਵਿਚ ਸ਼ਾਮਲ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਪੜਤਾਲ ਵਿਚ ਦੋਸ਼ੀ ਹਨ ਤਾਂ ਅਸਤੀਫ਼ਾ ਅਪ੍ਰਵਾਨ ਕਰ ਕੇ ਊਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਬੇਲੋੜੀ ਬਦਨਾਮੀ ਕਾਰਨ ਉਨ੍ਹਾਂ ਦੇ ਸਮਾਜਿਕ ਜੀਵਨ ਦੀ ਹੱਤਿਆ ਹੋਈ ਹੈ ਅਤੇ ਉਹ ਵੱਡੇ ਮਾਨਸਿਕ ਸੰਤਾਪ ਵਿਚੋਂ ਲੰਘ ਰਹੇ ਹਨ। ਉਨ੍ਹਾਂ ਆਖਿਆ ਕਿ ਜੇਕਰ ਇਸ ਮਾਮਲੇ ਵਿਚ ਕੋਈ ਗਲਤੀ ਹੋਈ ਹੈ ਤਾਂ ਉਹ ਹਰ ਤਰ੍ਹਾਂ ਦੀ ਸਜ਼ਾ ਭੁਗਤਣ ਲਈ ਤਿਆਰ ਹਨ। ਛੁੱਟੀ ’ਤੇ ਜਾਣ ਬਾਰੇ ਲੱਗ ਰਹੇ ਦੋਸ਼ਾਂ ਬਾਰੇ ਉਨ੍ਹਾਂ ਆਖਿਆ ਕਿ ਕਿਸੇ ਪਰਿਵਾਰਕ ਰੁਝੇਵੇਂ ਕਾਰਨ ਊਨ੍ਹਾਂ ਦਾ ਵਿਦੇਸ਼ ਜਾਣਾ ਜ਼ਰੂਰੀ ਸੀ।

  ਸ੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਸ੍ਰ ਹਰਚਰਨ ਸਿੰਘ ਸ੍ਰੋਮਣੀ ਕਮੇਟੀ ਅਤੇ ਬਾਦਲ ਪ੍ਰੀਵਾਰ ਦੇ ਵੱਡੇ ਰਾਜ ਸੀਨੇ ਵਿਚ ਹੀ ਲੈ ਕੇ ਇਸ ਫਾਨੀ ਸੰਸਾਰ ਤੋ ਰੁਖਸਤ ਹੋ ਗਿਆ ਹੈ।ਸ੍ਰੋਮਣੀ ਕਮੇਟੀ ਵਿੱਚ ਮੁੱਖ ਸਕੱਤਰ ਦੇ ਅੋਹਦੇ ਤੇ ਤਾਇਨਾਤ ਹੋਣ ਤੋਂ ਬਆਦ ਸ੍ਰ ਹਰਚਰਨ ਸਿੰਘ ਹਮੇਸ਼ਾਂ ਸੁਰਖੀਆਂ ਵਿੱਚ ਰਹੇ ਹਨ ਇਹਨਾਂ ਦੀ ਤਾਇਨਾਤੀ ਤੋਂ ਲੈ ਕੇ ਬਰਖਾਸਤੀ ਤੱਕ ਕਾਫੀ ਚਰਚਾਵਾਂ ਚਲਦੀਆਂ ਰਹੀਆਂ ਹਨ ਇਹਨਾਂ ਦੇ ਕਾਰਜਕਾਲ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਅਗਨੀ ਕਾਂਡ ਅਤੇ ਗਿਣਤੀ ਦੇ ਵਾਧੇ ਘਾਟੇ ਦਾ ਵਿਵਾਦ ਚੱਲ ਰਿਹਾ ਹੈ ਜਿਸ ਦੇ ਚਲਦਿਆਂ ਹੀ ਇਹਨਾਂ ਨੂੰ ਅਤੇ 2016 ਵੇਲੇ ਦੀ ਅੰਤ੍ਰਿੰਗ ਕਮੇਟੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਪਸ਼ਟੀ ਕਰਨ ਦੇਣ ਲਈ ਤਲਬ ਕੀਤਾ ਹੋਇਆ ਹੈ।

  ਨਵੀਂ ਦਿੱਲੀ  - ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਰੈਲੀਗੇਅਰ ਫਿਨਵੈਸਟ ਲਿਮਟਿਡ ਨਾਲ 2 ਹਜ਼ਾਰ ਕਰੋੜ ਰੁਪਏ ਦੀ ਠੱਗੀ ਦੇ ਸਬੰਧ ‘ਚ ਦਿੱਲੀ ਪੁਲਸ ਦੇ ਆਰਥਿਕ ਅਪਰਾਧ ਵਿੰਗ (ਈਓਡਬਲਿਊ) ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਨੋਟਿਸ ਵਿਚ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਜਾਂਚ ‘ਚ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੀਡੀਆ ‘ਚ ਛਪੀਆਂ ਰਿਪੋਰਟਾਂ ਮੁਤਾਬਕ ਰੈਲੀਗੇਅਰ ਫਿਨਵੈਸਟ ਲਿਮਟਿਡ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਐੱਫ. ਆਈ. ਆਰ. ਦਰਜ ਕਰਨ ਮਗਰੋਂ ਨੋਟਿਸ ਜਾਰੀ ਕੀਤਾ ਗਿਆ ਹੈ। ਦਿੱਲੀ ਹਾਈ ਕੋਰਟ ‘ਚ ਰੈਲੀਗੇਅਰ ਐਂਟਰਪ੍ਰਾਈਜ਼ਿਜ਼ ਦੇ ਸਾਬਕਾ ਪ੍ਰਮੋਟਰ ਮਲਵਿੰਦਰ ਮੋਹਨ ਸਿੰਘ ਵੱਲੋਂ ਹੁਣੇ ਜਿਹੇ ਦਾਖ਼ਲ ਹਲਫ਼ਨਾਮੇ ‘ਚ ਬਿਆਸ ਡੇਰੇ ਦੇ ਮੁਖੀ ਖਿਲਾਫ਼ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਫਰਜ਼ੀ ਕੰਪਨੀਆਂ ਬਣਾ ਕੇ ਪੈਸੇ ਦੀ ਹੇਰਾਫੇਰੀ ਕੀਤੀ। ਆਰਥਿਕ ਅਪਰਾਧ ਵਿੰਗ (ਈ. ਓ. ਡਬਲਿਊ.) ਵੱਲੋਂ ਕੀਤੀ ਗਈ ਜਾਂਚ ਮਗਰੋਂ ਡੇਰਾ ਮੁਖੀ ਅਤੇ ਉਨ੍ਹਾਂ ਦੇ ਪੁੱਤਰਾਂ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।

  ਅੰਮ੍ਰਿਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਤੇ ਦੋਸ਼ੀ ਕਰਮਚਾਰੀਆਂ ਦੇ ਖਿਲਾਫ ਆਪਣੇ ਦੁਆਰਾ 27 ਅਗਸਤ ਦੀ ਮੀਟਿੰਗ ਵਿਚ ਲਏ ਫੈਸਲਿਆਂ ਤੋ ਪਿਛਾਹ ਹਟਦਿਆਂ ਕਿਸੇ ਵਿਅਕਤੀ ਦੇ ਖਿਲਾਫ ਪੁਲੀਸ ਕੇਸ ਦਰਜ ਕਰਵਾਉਂਣ ਤੋ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਸ਼੍ਰੋਮਣੀ ਕਮੇਟੀ ਖੁਦ ਸਮਰਥ ਹੈ ਤੇ ਅਸੀ ਆਪ ਦੋਸ਼ੀਆਂ ਨੂੰ ਸਜ਼ਾਵਾਂ ਦਿਆਂਗੇ। ਆਪਣੇ ਪਹਿਲਾਂ ਦਿੱਤੇ ਬਿਆਨ ਤੋ ਮੁਕਰ ਚੁੱਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਕੋਲੋ ਬਾਰ ਬਾਰ ਪੁੱਛੇ ਜਾਣ ਤੇ ਕਿ ਸ਼੍ਰੋਮਣੀ ਕਮੇਟੀ ਕੀ ਤੇ ਕਿਸ ਤਰ੍ਹਾਂ ਦੀ ਸਜ਼ਾ ਦੇਵੇਗੀ ਤਾਂ ਲੌਗੋਵਾਲ ਨੇ ਕੋਈ ਜਵਾਬ ਨਹੀ ਦਿੱਤਾ। ਉਨ੍ਹਾਂ ਵਿਸ਼ਵਾਸ ਦਵਾਉਂਦਿਆਂ ਕਿਹਾ ਕਿ ਜਿਸ ਉਦੇਸ਼ ਨੂੰ ਮੁੱਖ ਰੱਖ ਕੇ ਸ਼੍ਰੋਮਣੀ ਕਮੇਟੀ ਹੋਂਦ ਵਿਚ ਆਈ ਸੀ, ਉਸ ਸੋਚ ‘ਤੇ ਪਹਿਰਾ ਦਿੰਦਿਆਂ ਬੇਨਿਯਮੀਆਂ ਕਰਨ ਵਾਲੇ ਕਰਮਚਾਰੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਐਕਟ ਅਧੀਨ ਅਦਾਰੇ ਵਿਚ ਰਹਿੰਦਿਆਂ ਪੰਥਕ ਪ੍ਰੰਪਰਾਵਾਂ ਅਤੇ ਰਵਾਇਤਾਂ ਦੇ ਅਨੁਕੂਲ ਸਖ਼ਤ ਸਜ਼ਾ ਦਿੱਤੀ ਜਾਵੇਗੀ, ਤਾਂ ਜੋ ਅੱਗੇ ਤੋਂ ਕੋਈ ਅਜਿਹੀ ਹਿੰਮਤ ਨਾ ਕਰੇ। ਉਨ੍ਹਾਂ ਕਿਹਾ ਕਿ ਅੰਤ੍ਰਿੰਗ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਕੰਮ ਕਾਰ ਵਿਚ ਕਿਸੇ ਨੂੰ ਵੀ ਦਖ਼ਲ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਸ਼੍ਰੋਮਣੀ ਕਮੇਟੀ ਇਕ ਅਜ਼ਾਦ ਹਸਤੀ ਹੈ ਅਤੇ ਆਪਣੇ ਫੈਸਲੇ ਆਪ ਲੈਣ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਵਰਤਾਰੇ ਕਾਰਨ ਖਾਲਸਾ ਪੰਥ ਨੂੰ ਪੀੜਾ ਵਿੱਚੋਂ ਗੁਜਰਨਾ ਪਿਆ ਹੈ, ਜਿਸ ਨੂੰ ਮਹਿਸੂਸ ਕਰਦਿਆਂ ਸਿੱਖ ਵਿਦਵਾਨਾਂ, ਮਹਾਂਪੁਰਖਾਂ, ਧਾਰਮਿਕ ਜਥੇਬੰਦੀਆਂ ਅਤੇ ਕਮੇਟੀਆਂ ਵੱਲੋਂ ਦਿੱਤੇ ਸੁਝਾਵਾਂ ਤੇ ਵਿਚਾਰਾਂ ਨੂੰ ਅਮਲ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟ ਵਿਚ ਪ੍ਰਬੰਧ ਸਬੰਧੀ ਜੋ ਕਮੀਆਂ ਵੱਲ ਸੰਕੇਤ ਕੀਤਾ ਗਿਆ ਹੈ ਉਨ੍ਹਾਂ ਨੂੰ ਦੂਰ ਕੀਤਾ ਜਾਵੇਗਾ, ਤਾਂ ਕਿ ਅੱਗੇ ਤੋਂ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪਾਵਨ ਸਰੂਪਾਂ ਦੇ ਮਾਮਲੇ ਨਾਲ ਸਬੰਧਤ ਹਰ ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਲਈ ਪਾਬੰਦ ਹੈ, ਪਰੰਤੂ ਅਫ਼ਸੋਸ ਇਸ ਗੱਲ ਦਾ ਹੈ ਕਿ ਇਸ ਨਾਜ਼ੁਕ ਮਾਮਲੇ ‘ਤੇ ਪਿਛਲੇ ਦਿਨਾਂ ਤੋਂ ਕੁਝ ਲੋਕ ਨੀਵੇਂ ਪੱਧਰ ਦੀ ਸਿਆਸਤ ਕਰ ਰਹੇ ਹਨ, ਜੋ ਨਹੀਂ ਹੋਣੀ ਚਾਹੀਦੀ। ਅੱਜ ਪੱਤਰਕਾਰਾਂ ਨਾਲ ਗਲ ਕਰਦਿਆਂ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਕਮੇਟੀ ਦੇ ਕੁਝ ਕਰਮਚਾਰੀਆਂ ਵੱਲੋਂ ਬੇਨਿਯਮੀਆਂ ਅਤੇ ਗੈਰ-ਜ਼ੁੰਮੇਵਰਾਨਾ ਢੰਗ ਨਾਲ ਡਿਊਟੀਆਂ ਕਰਨ ਕਰਕੇ ਸ਼੍ਰੋਮਣੀ ਕਮੇਟੀ ਨੂੰ ਚਿੰਤਾਜਨਕ ਹਲਾਤਾਂ ਦਾ ਸਾਹਮਣਾ ਕਰਨਾ ਪਿਆ ਹੈ। ਪਾਵਨ ਸਰੂਪਾਂ ਸਬੰਧੀ ਰਿਕਾਰਡ ਵਿਚ ਵਾਧੇ ਘਾਟੇ ਕਾਰਨ ਮੰਦਭਾਗੀ ਚਰਚਾ ਚੱਲ ਰਹੀ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਇਸ ਕਾਰਨ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦੇ ਮਨ ਨੂੰ ਭਾਰੀ ਠੇਸ ਪਹੁੰਚੀ ਹੈ। ਇਸ ਲਈ ਮੈਂ ਜਾਤੀ ਤੌਰ ‘ਤੇ ਨਿਰਮਤਾ ਸਹਿਤ ਸਮੁੱਚੀਆਂ ਸਿੱਖ ਸੰਗਤਾਂ ਤੋਂ ਖਿਮਾ ਮੰਗਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਵਿਸ਼ਵਾਸ ਦਵਾਉਂਦਾ ਹਾਂ ਕਿ ਇਸ ਸਮੇਂ ਦੌਰਾਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪਾਵਨ ਸਰੂਪ ਨਾ ਹੀ ਗਾਇਬ ਹੋਏ ਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਬੇਅਦਬੀ ਹੋਈ। ਸਬੰਧਤ ਕਰਮਚਾਰੀਆਂ ਵੱਲੋਂ ਜੋ ਪਾਵਨ ਸਰੂਪ ਸੰਗਤਾਂ ਨੂੰ ਦਿੱਤੇ ਜਾਂਦੇ ਰਹੇ, ਲਾਲਚ ਵੱਸ ਉਸ ਦੀ ਭੇਟਾ ਜਮ੍ਹਾਂ ਨਹੀਂ ਕਰਵਾਈ ਗਈ ਅਤੇ ਉਸ ਨੂੰ ਰਿਕਾਰਡ ਵਿਚ ਵੀ ਦਰਜ਼ ਨਹੀਂ ਕੀਤਾ ਗਿਆ। ਨਿੱਜੀ ਹਿੱਤਾਂ ਲਈ ਹੀ ਦੋਸ਼ੀ ਕਰਮਚਾਰੀ ਅਜਿਹਾ ਕਰਦੇ ਰਹੇ, ਜਿਸ ਦਾ ਜ਼ਿਕਰ ਜਾਂਚ ਕਮਿਸ਼ਨ ਦੀ ਰਿਪੋਰਟ ਵਿਚ ਦਰਜ਼ ਹੈ।
  ਭਾਈ ਲੌਂਗੋਵਾਲ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਪਾਵਨ ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਅਹੁਦੇਦਾਰ ਅਤੇ ਅੰਤ੍ਰਿੰਗ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਨਮੁਖ ਹੋ ਕੇ 18 ਸਤੰਬਰ ਨੂੰ ਖਿਮਾ ਜਾਚਨਾ ਕਰਨਗੇ। ਉਨ੍ਹਾਂ ਜਾਂਚ ਰਿਪੋਰਟ ਵਿਚ ਜ਼ਿਕਰ ਕੀਤੇ ਮੁਲਾਜ਼ਮਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋ ਕੇ ਖਿਮਾ ਮੰਗਣ।
  ਅੱਜ ਸ਼੍ਰੋਮਣੀ ਕਮੇਟੀ ਦੀ ਅਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਪਬਲੀਕੇਸ਼ਨ ਵਿਭਾਗ ਵਿੱਚੋਂ ਘੱਟ ਪਾਏ ਗਏ ਪਾਵਨ ਸਰੂਪਾਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਡਾ. ਈਸ਼ਰ ਸਿੰਘ ਦੀ ਅਗਵਾਈ ਵਿਚ ਬਣਾਏ ਗਏ ਜਾਂਚ ਕਮਿਸ਼ਨ ਦੀ ਰਿਪੋਰਟ ਅੱਜ ਜਨਤਕ ਕਰ ਦਿੱਤੀ ਗਈ ਹੈ। ਇਹ ਜਾਂਚ ਰਿਪੋਰਟ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ‘ਤੇ ਵੀ ਉਪਲੱਬਧ ਹੋਵੇਗੀ। ਇਸ ਤੋਂ ਇਲਾਵਾ ਅੰਤ੍ਰਿੰਗ ਕਮੇਟੀ ਨੇ ਸਾਲਾਨਾ ਬਜਟ ਇਜਲਾਸ 28 ਸਤੰਬਰ ਨੂੰ ਸੱਦਣ ਦਾ ਫੈਸਲਾ ਕੀਤਾ ਹੈ।
  ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਰਹੇ ਸ. ਸੱਜਣ ਸਿੰਘ ਬੱਜੂਮਾਨ, ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਸ. ਚੇਤੰਨ ਸਿੰਘ ਸਮਾਓ ਅਤੇ ਸਾਬਕਾ ਮੁੱਖ ਸਕੱਤਰ ਸ. ਹਰਚਰਨ ਸਿੰਘ ਦੇ ਅਕਾਲ ਚਲਾਣੇ ‘ਤੇ ਸ਼ੋਕ ਮਤੇ ਵੀ ਪੜ੍ਹੇ ਗਏ। ਇਕੱਤਰਤਾ ਵਿਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਸ. ਗੁਰਬਖ਼ਸ਼ ਸਿੰਘ ਖ਼ਾਲਸਾ, ਜਨਰਲ ਸਕੱਤਰ ਸ. ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਮੈਂਬਰ ਸ. ਜਗਸੀਰ ਸਿੰਘ ਮਾਂਗੇਆਣਾ, ਸ. ਗੁਰਪਾਲ ਸਿੰਘ ਗੋਰਾ, ਸ. ਭੁਪਿੰਦਰ ਸਿੰਘ ਅਸੰਧ, ਸ. ਅਮਰਜੀਤ ਸਿੰਘ ਭਲਾਈਪੁਰ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਸ. ਸੁਰਜੀਤ ਸਿੰਘ ਕੰਗ, ਸ. ਸ਼ੇਰ ਸਿੰਘ ਮੰਡਵਾਲਾ, ਸ. ਇੰਦਰਮੋਹਨ ਸਿੰਘ ਲਖਮੀਰਵਾਲਾ, ਬੀਬੀ ਕੁਲਦੀਪ ਕੌਰ ਟੌਹੜਾ, ਬੀਬੀ ਪਰਮਜੀਤ ਕੌਰ, ਸਕੱਤਰ ਸ. ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪ੍ਰਤਾਪ ਸਿੰਘ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ, ਮੀਤ ਸਕੱਤਰ ਸ. ਗੁਰਰਿੰਦਰ ਸਿੰਘ ਮਥਰੇਵਾਲ, ਸ. ਹਰਜਿੰਦਰ ਸਿੰਘ ਕੈਰੋਂਵਾਲ, ਸ. ਮਲਕੀਤ ਸਿੰਘ ਬਹਿੜਵਾਲ ਸਪ੍ਰਿੰਟੈਂਡੈਂਟ, ਸ. ਦਰਸ਼ਨ ਸਿੰਘ ਪੀ.ਏ. ਆਦਿ ਮੌਜੂਦ ਸਨ।

  ਅੰਮ੍ਰਿਤਸਰ - ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਲਈ ਮਨੁੱਖੀ ਬੰਬ ਬਣੇ ਦਿਲਾਵਰ ਸਿੰਘ ਦੀ 25ਵੀਂ ਬਰਸੀ ਅੱਜ ਸ੍ਰੀ ਅਕਾਲ ਤਖ਼ਤ ’ਤੇ ਮਨਾਈ ਗਈ। ਇਸ ਮੌਕੇ ਖਾਲਿਸਤਾਨ ਪੱਖੀ ਨਾਅਰੇ ਵੀ ਲੱਗੇ ਅਤੇ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਵੀ ਪੜ੍ਹਿਆ ਗਿਆ। ਅੱਜ ਦੇ ਦਿਨ ਦਿਲਾਵਰ ਸਿੰਘ ਵਲੋਂ ਮਨੁੱਖੀ ਬੰਬ ਬਣ ਕੇ ਪੰਜਾਬ ਸਕੱਤਰੇਤ ਚੰਡੀਗੜ੍ਹ ਵਿਚ ਉਸ ਵੇਲੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਬੰਬ ਧਮਾਕੇ ਨਾਲ ਉਡਾ ਦਿੱਤਾ ਗਿਆ ਸੀ। ਉਸ ਦੀ ਬਰਸੀ ਸਬੰਧੀ ਅੱਜ ਸ੍ਰੀ ਅਕਾਲ ਤਖ਼ਤ ਦੀ ਉਪਰਲੀ ਮੰਜ਼ਿਲ ’ਤੇ ਅਖੰਡ ਪਾਠ ਦੇ ਭੋਗ ਪਾਏ ਗਏ। ਅਰਦਾਸ ਅਤੇ ਮੁੱਖ ਵਾਕ ਮਗਰੋਂ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਵੀ ਪੜਿ੍ਹਆ ਗਿਆ ਜਿਸ ਵਿਚ ਭਾਈ ਦਿਲਾਵਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਸਮਾਗਮ ਵਿਚ ਗਰਮ ਖਿਆਲੀ ਜਥੇਬੰਦੀਆਂ ਵਿਚੋਂ ਦਲ ਖਾਲਸਾ, ਮਾਨ ਦਲ, ਹਵਾਰਾ ਕਮੇਟੀ ਸਮੇਤ ਅਖੰਡ ਕੀਰਤਨੀ ਜਥਾ ਤੇ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।
  ਗਰਮ ਖਿਆਲੀ ਆਗੂਆਂ ਵਲੋਂ ਦਿਲਾਵਰ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਵਿਚ ਸਥਾਪਤ ਕਰਨ ਦੀ ਮੰਗ ਕੀਤੀ ਗਈ। ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਵਲੋਂ ਉਸ ਨੂੰ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ ਪਰ ਹੁਣ ਤਕ ਉਸ ਦਾ ਚਿੱਤਰ ਸਥਾਪਤ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਅਜਾਇਬ ਘਰ ਵਿਚ ਸਿੱਖ ਸੰਘਰਸ਼ ਦੇ ਹੋਰਨਾਂ ਸ਼ਹੀਦਾਂ ਦੇ ਵੀ ਚਿੱਤਰ ਸਥਾਪਤ ਕੀਤੇ ਜਾਣ। ਉਨ੍ਹਾਂ ਸ਼੍ਰੋਮਣੀ ਕਮੇਟੀ ’ਤੇ ਇਸ ਮੰਗ ਨੂੰ ਜਾਣਬੁੱਝ ਕੇ ਅਣਗੌਲਿਆਂ ਕਰਨ ਦਾ ਦੋਸ਼ ਲਾਇਆ। ਬੱਬਰ ਖਾਲਸਾ ਜਥੇਬੰਦੀ ਦੇ ਮੁਖੀ ਵਧਾਵਾ ਸਿੰਘ ਬੱਬਰ ਦਾ ਸੰਦੇਸ਼ ਵੀ ਵੰਡਿਆ ਗਿਆ।

  ਅੰਮ੍ਰਿਤਸਰ - ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਅਗਲੇਰੀ ਕਾਰਵਾਈ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਅੱਜ ਦੋਸ਼ੀ ਕਰਾਰ ਦਿੱਤੇ ਕਰਮਚਾਰੀਆਂ ਅਤੇ ਅਧਿਕਾਰੀਆਂ ਖਿਲਾਫ ਕਾਰਵਾਈ ਲਈ ਕਾਨੂੰਨੀ ਮਾਹਿਰਾਂ ਦੀ ਇਕ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਚਾਰ ਮੈਂਬਰੀ ਕਮੇਟੀ ਦਾ ਐਲਾਨ ਕਰਦਿਆਂ ਦੱਸਿਆ ਕਿ ਇਸ ਕਮੇਟੀ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਰਨਗੇ, ਜਦੋਂਕਿ ਇਸ ਵਿਚ ਬਤੌਰ ਮੈਂਬਰ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਐਡਵੋਕੇਟ ਬਲਤੇਜ ਸਿੰਘ ਢਿੱਲੋਂ ਸਾਬਕਾ ਜ਼ਿਲ੍ਹਾ ਅਟਾਰਨੀ ਅਤੇ ਐਡਵੋਕੇਟ ਮਹਿੰਦਰ ਸਿੰਘ ਗਿੱਲ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕਮੇਟੀ ਵਲੋਂ ਅਗਲੇਰੀ ਕਾਰਵਾਈ ਵਾਸਤੇ ਅਤੇ ਅੰਤ੍ਰਿੰਗ ਕਮੇਟੀ ਦੇ ਫੈਸਲੇ ਨੂੰ ਲਾਗੂ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
  ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਵਲੋਂ ਕਰਵਾਈ ਗਈ ਜਾਂਚ ਨੂੰ ਰੱਦ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਸ ਮਾਮਲੇ ਦੀ ਆਪਣੇ ਤੌਰ ’ਤੇ ਜਾਂਚ ਕਰਨ ਦਾ ਐਲਾਨ ਕੀਤਾ ਹੈ। ਜਥੇਬੰਦੀ ਨੇ ਅੱਜ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਕੋਲੋਂ ਜਾਣਕਾਰੀ ਮੰਗੀ ਕਿ ਲਾਪਤਾ ਪਾਵਨ ਸਰੂਪ ਕਿੱਥੇ ਗਏ, ਕਿਸ ਹਾਲਾਤ ਵਿਚ ਹਨ ਅਤੇ ਕਿਸ ਦੇ ਆਦੇਸ਼ਾਂ ਨਾਲ ਅਗਾਂਹ ਵੰਡੇ ਗਏ ਸਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਇਮਾਨ ਸਿੰਘ ਮਾਨ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦੇ ਦਫਤਰ ਪੁੱਜੇ। ਵਫ਼ਦ ਨੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਅਤੇ ਪ੍ਰਧਾਨ ਦੇ ਨਿੱਜੀ ਸਕੱਤਰ ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਤੇ ਹੋਰਨਾਂ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਇਮਾਨ ਸਿੰਘ ਮਾਨ ਅਤੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਉਹ ਮਾਮਲੇ ਦੀ ਖੁਦ ਜਾਂਚ ਕਰਨਗੇ। ਇਸ ਸਬੰਧ ਵਿਚ ਇਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ।

  ਚੰਡੀਗੜ੍ਹ - ਪੰਜਾਬ ਸਰਕਾਰ ਨੇ ਅੱਜ ਕੇਂਦਰੀ ਲੀਹਾਂ ’ਤੇ ਚੱਲਦਿਆਂ ਰਾਜ ਦੇ ਸ਼ਹਿਰੀ ਖੇਤਰਾਂ ’ਚ ਹਫ਼ਤਾਵਾਰੀ ਲੌਕਡਾਊਨ ਅਤੇ ਰਾਤਰੀ ਕਰਫ਼ਿਊ ਨੂੰ 30 ਸਤੰਬਰ ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਪੰਜਾਬ ਦੇ 167 ਮਿਉਂਸਪਲ ਕਸਬਿਆਂ ਵਿਚ ਹਫ਼ਤਾਵਾਰੀ ਲੌਕਡਾਊਨ ਅਤੇ ਸ਼ਹਿਰਾਂ ਵਿਚ ਰਾਤ 7 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਸਤੰਬਰ ਦੇ ਅਖੀਰ ਤੱਕ ਲਾਗੂ ਰਹੇਗਾ। ਰਾਜ ਭਰ ਵਿਚ ਧਾਰਾ 144 ਲਾਗੂ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਜਦੋਂਕਿ ਵਿਆਹ ਅਤੇ ਅੰਤਿਮ ਸੰਸਕਾਰ ਸਬੰਧੀ ਇਕੱਠਾਂ ਵਿੱਚ ਕ੍ਰਮਵਾਰ 30 ਅਤੇ 20 ਵਿਅਕਤੀ ਹੀ ਜਾ ਸਕਣਗੇ। ਮਿਉਂਸਪਲ ਖੇਤਰਾਂ ਵਿੱਚ ਸ਼ਨਿਚਰਵਾਰ ਅਤੇ ਐਤਵਾਰ ਨੂੰ ਮੁਕੰਮਲ ਕਰਫਿਊ ਰਹੇਗਾ ਜਦਕਿ ਵਿਅਕਤੀਆਂ ਦੀ ਪੰਜਾਬ ਦੇ ਸਾਰੇ ਸ਼ਹਿਰਾਂ ਦੀਆਂ ਮਿਉਂਸਪਲ ਹੱਦਾਂ ਵਿੱਚ ਪੂਰੇ ਹਫ਼ਤੇ ਦੌਰਾਨ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਸਾਰੇ ਗੈਰਜ਼ਰੂਰੀ ਕੰਮਾਂ ਲਈ ਆਵਾਜਾਈ ਦੀ ਪਾਬੰਦੀ ਕਾਇਮ ਰਹੇਗੀ। ਇਨ੍ਹਾਂ ਪਾਬੰਦੀਆਂ ਤੋਂ ਲੋਕ ਸੇਵਾ ਕਮਿਸ਼ਨਾਂ, ਬੋਰਡਾਂ, ਯੂਨੀਵਰਸਿਟੀਆਂ ਦੁਆਰਾ ਲਈਆਂ ਜਾਣ ਵਾਲੀਆਂ ਪ੍ਰਵੇਸ਼ ਅਤੇ ਹੋਰ ਸਭ ਕਿਸਮ ਦੀਆਂ ਪ੍ਰੀਖਿਆਵਾਂ ਦੇ ਸਬੰਧ ਵਿੱਚ ਵਿਦਿਆਰਥੀਆਂ ਅਤੇ ਹੋਰਨਾਂ ਨੂੰ ਬਾਹਰ ਰੱਖਿਆ ਗਿਆ ਹੈ। ਧਾਰਮਿਕ ਸਥਾਨਾਂ ਨੂੰ ਸਾਰੇ ਦਿਨ ਸ਼ਾਮ 6.30 ਵਜੇ ਤੱਕ ਖੁੱਲ੍ਹੇ ਰੱਖਣ ਦੀ ਇਜਾਜ਼ਤ ਹੋਵੇਗੀ। ਰੈਸਟੋਰੈਂਟ (ਮਾਲਜ਼ ਵਾਲਿਆਂ ਸਮੇਤ) ਅਤੇ ਸ਼ਰਾਬ ਦੇ ਠੇਕੇ ਖੁੱਲ੍ਹਣਗੇ। ਦਿਨ/ਰਾਤ ਦੀਆਂ ਬੰਦਿਸ਼ਾਂ ਹੋਟਲਾਂ ’ਤੇ ਲਾਗੂ ਨਹੀਂ ਹੋਣਗੀਆਂ। ਬੰਦਿਸ਼ਾਂ ਦੀਆਂ ਹਾਲਤਾਂ ਦੌਰਾਨ ਵੀ ਕੌਮੀ ਤੇ ਸੂਬਾਈ ਮਾਰਗਾਂ ਉਤੇ ਅੰਤਰ-ਰਾਜ ਤੇ ਰਾਜ ਦੇ ਅੰਦਰ ਲੋਕਾਂ ਦੇ ਆਉਣ ਜਾਣ, ਜ਼ਰੂਰੀ ਵਸਤਾਂ ਤੇ ਸੇਵਾਵਾਂ ਨਾਲ ਸਬੰਧਤ ਗਤੀਵਿਧੀਆਂ, ਬੱਸ, ਰੇਲ ਗੱਡੀਆਂ ਤੇ ਹਵਾਈ ਜਹਾਜ਼ਾਂ ਰਾਹੀਂ ਆਪਣੀ ਮੰਜ਼ਿਲ ’ਤੇ ਜਾਣ ਵਾਲੇ ਲੋਕਾਂ ਅਤੇ ਮਾਲ ਉਤਾਰਨ ਤੇ ਲਿਜਾਣ ਲਈ ਆਗਿਆ ਹੋਵੇਗੀ। ਜ਼ਰੂਰੀ ਵਸਤਾਂ ਨਾਲ ਸਬੰਧ ਰੱਖਣ ਵਾਲਿਆਂ ਨੂੰ ਛੱਡ ਕੇ ਦੁਕਾਨਾਂ/ਮਾਲਜ਼ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ 6.30 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਹੋਵੇਗੀ ਪਰ ਸ਼ਨਿਚਰਵਾਰ ਤੇ ਐਤਵਾਰ ਨੂੰ ਸਾਰੇ ਸ਼ਹਿਰਾਂ ਵਿੱਚ ਇਹ ਬੰਦ ਰਹਿਣਗੇ। ਜ਼ਰੂਰੀ ਵਸਤਾਂ ਨਾਲ ਸਬੰਧਤ ਦੁਕਾਨਾਂ ਹਫ਼ਤੇ ਦੇ ਅੰਤਲੇ ਦਿਨਾਂ (ਸ਼ਨਿਚਰਵਾਰ ਤੇ ਐਤਵਾਰ) ਨੂੰ ਵੀ ਸ਼ਾਮ 6.30 ਵਜੇ ਤੱਕ ਜ਼ਰੂਰ ਖੁੱਲ੍ਹ ਸਕਦੀਆਂ ਹਨ। ਵਾਹਨਾਂ ਵਿੱਚ ਸਵਾਰੀਆਂ ਦੀ ਸਮਰੱਥਾ ਉੱਤੇ ਲਗਾਈਆਂ ਬੰਦਿਸ਼ਾਂ ਲਾਗੂ ਰਹਿਣਗੀਆਂ। ਸਰਕਾਰੀ ਤੇ ਪ੍ਰਾਈਵੇਟ ਦਫ਼ਤਰ ਇਸ ਮਹੀਨੇ ਦੇ ਅੰਤ ਤੱਕ 50 ਫੀਸਦੀ ਸਟਾਫ਼ ਸਮਰੱਥਾ ਨਾਲ ਕੰਮ ਕਰਨਗੇ। ਜ਼ਿਆਦਾ ਪ੍ਰਭਾਵਿਤ ਪੰਜ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਪਟਿਆਲਾ, ਮੁਹਾਲੀ ਤੇ ਲੁਧਿਆਣਾ ਵਿੱਚ ਦੁਕਾਨਾਂ ਖੋਲ੍ਹਣ ਦੇ ਸਬੰਧ ਵਿੱਚ ਢਿੱਲ ਦੇ ਹੁਕਮ ਦਿੱਤੇ ਹੋਏ ਹਨ। ਇਨ੍ਹਾਂ ਸ਼ਹਿਰਾਂ ਵਿੱਚ ਨਿਰਧਾਰਿਤ ਦਿਨ ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ 50 ਫੀਸਦੀ ਖੋਲ੍ਹਣ ਦੀ ਸ਼ਰਤ ਹੁਣ ਹਟਾ ਦਿੱਤੀ ਗਈ ਹੈ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com