ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਅੰਮ੍ਰਿਤਸਰ - ਇੱਥੇ ਦੇਰ ਸ਼ਾਮ ਧੋਬੀ ਘਾਟ ਨੇੜਲੇ ਜੌੜੇ ਫਾਟਕ ਨਜ਼ਦੀਕ ਰੇਲਵੇ ਲਾਈਨਾਂ ’ਤੇ ਖੜ੍ਹ ਕੇ ਨੇੜਲੇ ਮੈਦਾਨ ਵਿਚ ਦਸਹਿਰਾ ਵੇਖ ਰਹੇ ਲੋਕਾਂ ਦੇ ਰੇਲਗੱਡੀਆਂ ਹੇਠ ਆ ਜਾਣ ਕਾਰਨ 61 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 72 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ। ਜਦੋਂ ਹਾਦਸਾ ਵਾਪਰਿਆ ਉਦੋਂ ਜੋੜੇ ਫਾਟਕ ਨੇੜਲੇ ਮੈਦਾਨ ਵਿੱਚ ਤਿੰਨ ਸੌ ਦੇ ਕਰੀਬ ਲੋਕ ‘ਰਾਵਣ ਦਹਿਣ’ ਵੇਖ ਰਹੇ ਸਨ। ਡਿਪਟੀ ਕਮਿਸ਼ਨਰ ਕਮਲਦੀਪ ਸੰਘਾ ਨੇ ਹਾਦਸੇ ’ਚ 58 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਬੀਬੀਸੀ ਕੋਲ ਕਮਿਸ਼ਨਰ ਨੇ 62 ਮੌਤਾਂ ਹੋਣ ਦੀ ਜਾਣਕਾਰੀ ਦਿੱਤੀ ਹੈ।
    ਜਾਣਕਾਰੀ ਮੁਤਾਬਕ ਰਾਵਣ ਦਾ ਪੁਤਲਾ ਸਾੜਨ ਤੋਂ ਬਾਅਦ ਜਦੋਂ ਲੋਕ ਵਾਪਸ ਮੁੜਨ ਲੱਗੇ ਤਾਂ ਨੇੜੇ ਹੀ ਰੇਲ ਟਰੈਕ ’ਤੇ ਲੋਕ ਪਹਿਲਾਂ ਹੀ ਮੌਜੂਦ ਸਨ ਤੇ ਭੀੜ ਵੱਧ ਗਈ। ਇਸੇ ਦੌਰਾਨ ਦੋਵਾਂ ਪਾਸਿਓਂ ਤੋਂ ਰੇਲਗੱਡੀਆਂ ਆ ਗਈਆਂ ਤੇ ਲੋਕਾਂ ਨੂੰ ਬਚਾਅ ਦਾ ਮੌਕਾ ਨਾ ਮਿਲਣ ਕਰਕੇ ਵੱਡੀ ਗਿਣਤੀ ਲੋਕ ਜਲੰਧਰ ਤੋਂ ਅੰਮ੍ਰਿਤਸਰ ਆ ਰਹੀ ਰੇਲਗੱਡੀ ਹੇਠਾਂ ਆ ਗਏ। ਪੁਤਲਾ ਫੂਕਣ ਤੋਂ ਬਾਅਦ ਪਟਾਖ਼ਿਆਂ ਦੀ ਵੀ ਰੇਲਗੱਡੀਆਂ ਬਾਰੇ ਪਤਾ ਨਹੀਂ ਲੱਗ ਸਕਿਆ। ਪ੍ਰਸ਼ਾਸਨ ਨੇ ਹੁਣ ਤੱਕ 58 ਤੋਂ ਵੱਧ ਮੌਤਾਂ ਹੋਣ ਦੀ ਪੁਸ਼ਟੀ ਕੀਤੀ ਹੈ ਤੇ ਕਰੀਬ 72 ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਮ੍ਰਿਤਕਾਂ ਵਿਚ ਕਈ ਔਰਤਾਂ ਵੀ ਸ਼ਾਮਲ ਹਨ। ਹਾਦਸਾ ਐਨਾ ਭਿਆਨਕ ਸੀ ਕਿ ਗੱਡੀ ਥੱਲੇ ਆਉਣ ਵਾਲੇ ਲੋਕਾਂ ਦੇ ਅੰਗ ਰੇਲਵੇ ਟਰੈਕ ’ਤੇ ਥਾਂ-ਥਾਂ ਖਿੱਲਰੇ ਹੋਏ ਸਨ ਅਤੇ ਚੀਕ-ਚਿਹਾੜਾ ਪਿਆ ਹੋਇਆ ਸੀ।

    ਪ੍ਰਾਪਤ ਜਾਣਕਾਰੀ ਮੁਤਾਬਕ ਇਸ ਦਸਹਿਰਾ ਸਮਾਗਮ ਵਿਚ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੇ ਸ਼ਿਰਕਤ ਕਰਨੀ ਸੀ। ਸਾਬਕਾ ਵਿਧਾਇਕਾ ਸਮਾਗਮ ਵਿਚ ਦੇਰ ਨਾਲ ਪੁੱਜੇ ਤੇ ਇਸ ਕਰਕੇ ਰਾਵਣ ਦੇ ਪੁਤਲੇ ਨੂੰ ਸਾੜਨ ਵਿਚ ਦੇਰ ਹੋ ਗਈ। ਜਾਣਕਾਰੀ ਮੁਤਾਬਕ ਘਟਨਾ ਵਾਪਰਨ ਵੇਲੇ ਕਰੀਬ 300 ਲੋਕ ਮੌਜੂਦ ਸਨ। ਲੋਕਾਂ ਮੁਤਾਬਕ ਘਟਨਾ ਵਾਪਰਨ ਸਮੇਂ ਕਾਫ਼ੀ ਹਨੇਰਾ ਹੋ ਚੁੱਕਾ ਸੀ ਤੇ ਹਾਦਸਾ ਮੌਕੇ ਵੱਡੀ ਗਿਣਤੀ ਮੌਤਾਂ ਦਾ ਇਹ ਵੀ ਇਕ ਕਾਰਨ ਹੈ। ਜਿਸ ਵੇਲੇ ਪੁਤਲੇ ਸਾੜੇ ਗਏ ਤਾਂ ਪਟਾਕਿਆਂ ਅਤੇ ਸਪੀਕਰ ਦੀ ਆਵਾਜ਼ ਦੌਰਾਨ ਰੇਲ ਪਟੜੀਆਂ ’ਤੇ ਖੜ੍ਹੇ ਲੋਕਾਂ ਨੂੰ ਰੇਲ ਗੱਡੀ ਦੇ ਆਉਣ ਬਾਰੇ ਪਤਾ ਹੀ ਨਹੀਂ ਲੱਗਾ। ਇਕ ਰੇਲ ਗੱਡੀ ਅੰਮ੍ਰਿਤਸਰ ਹਾਵੜਾ ਮੇਲ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਜਾ ਰਹੀ ਸੀ ਤਾਂ ਦੂਜੀ ਰੇਲ ਗੱਡੀ ਜਲੰਧਰ ਤੋਂ ਅੰਮ੍ਰਿਤਸਰ ਡੀਐਮਯੂ ਆ ਰਹੀ ਸੀ। ਲੋਕਾਂ ਮੁਤਾਬਕ ਰੇਲ ਟਰੈਕ ’ਤੇ ਖੜੇ ਲੋਕਾਂ ਨੂੰ ਇਨ੍ਹਾਂ ਰੇਲ ਗੱਡੀਆਂ ਦੇ ਆਉਣ ਬਾਰੇ ਪਤਾ ਹੀ ਨਹੀਂ ਲੱਗਾ ਅਤੇ ਲੋਕ ਦੋਵੇਂ ਪਾਸੇ ਰੇਲ ਦਾ ਸ਼ਿਕਾਰ ਹੋ ਗਏ। ਵਧੇਰੇ ਲੋਕ ਡੀਐਮਯੂ ਗੱਡੀ ਦਾ ਸ਼ਿਕਾਰ ਹੋ ਗਏ। ਇਹ ਤੇਜ਼ ਗਤੀ ਰੇਲ ਗੱਡੀ ਕਈ ਲੋਕਾਂ ਨੂੰ ਕੁਚਲਦੀ ਹੋਈ ਆਪਣੇ ਨਾਲ ਹੀ ਘਸੀਟਦੀ ਹੋਈ ਲੈ ਗਈ। ਰੇਲ ਪਟੜੀਆਂ ’ਤੇ ਵੱਖ ਵੱਖ ਥਾਵਾਂ ’ਤੇ ਦੂਰ ਤਕ ਕੱਟੀਆਂ ਵੱਢੀਆਂ ਲਾਸ਼ਾਂ ਅਤੇ ਅੰਗ ਖਿਲਰੇ ਹੋਏ ਸਨ ਅਤੇ ਹਾਹਾਕਾਰ ਮਚੀ ਹੋਈ ਸੀ। ਮੌਕੇ ’ਤੇ ਐਂਬੂਲੈਂਸਾਂ ਦੇ ਹੂਟਰ ਅਤੇ ਲੋਕਾਂ ਦੀ ਕੁਰਲਾਹਟ ਦੀ ਆਵਾਜ਼ ਆ ਰਹੀ ਸੀ। ਪੁਲੀਸ ਕਮਿਸ਼ਨਰ ਐਸ ਐਸ ਸ੍ਰੀਵਾਸਤਵ ਤੇ ਹੋਰ ਪੁਲੀਸ ਅਧਿਕਾਰੀ ਤੇ ਜ਼ਿਲ੍ਹਾ ਅਧਿਕਾਰੀ ਘਟਨਾ ਸਥਾਨ ’ਤੇ ਪੁੱਜ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਵੱਖ ਵੱਖ ਹਸਪਤਾਲਾਂ ਤੇ ਸੰਸਥਾਵਾਂ ਦੀਆਂ ਐਂਬੂਲੈਂਸਾਂ ਸੱਦੀਆਂ ਗਈਆਂ ਸਨ। ਪੁਲੀਸ ਕਰਮਚਾਰੀ ਲਾਸ਼ਾਂ ਨੂੰ ਚਾਦਰਾਂ ਆਦਿ ਵਿਚ ਲਪੇਟ ਕੇ ਲੈ ਜਾ ਰਹੇ ਸਨ। ਇਸੇ ਤਰ੍ਹਾਂ ਜ਼ਖਮੀਆਂ ਨੂੰ ਵੀ ਇਲਾਜ ਲਈ ਲੈ ਜਾਇਆ ਗਿਆ।

    ਘਟਨਾ ਦੀ ਜਾਣਕਾਰੀ ਮਿਲਣ ’ਤੇ ਸਿੱਖਿਆ ਮੰਤਰੀ ਓਪੀ ਸੋਨੀ ਪੁੱਜੇ, ਪਰ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ, ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਲੋਕਾਂ ਦੇ ਰੋਹ ਨੂੰ ਦੇਖਦਿਆਂ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ। ਇਸ ਦੌਰਾਨ ਪੁਲੀਸ ਕਮਿਸ਼ਨਰ ਸ੍ਰੀਵਾਸਤਵਾ ਵਲੋਂ ਲੋਕਾਂ ਨੂੰ ਸਹਿਯੋਗ ਦੀ ਵੀ ਅਪੀਲ ਕੀਤੀ ਗਈ। ਮੌਕੇ ਤੇ ਹਾਜ਼ਰ ਕ੍ਰਿਸ਼ਨ ਨਗਰ ਦੇ ਸ਼ੂਰਵੀਰ ਨੇ ਦੱਸਿਆ ਕਿ ਦੋ ਰੇਲ ਗੱਡੀਆਂ ਇਕੱਠੀਆਂ ਆਉਣ ਕਾਰਨ ਰੇਲ ਪਟੜੀਆਂ ਤੇ ਖੜੇ ਲੋਕ ਦੁਚਿੱਤੀ ਵਿਚ ਆ ਗਏ ਅਤੇ ਕੁਝ ਲੋਕ ਇਕ ਪਟੜੀ ਤੋਂ ਦੂਜੇ ਪਟੜੀ ਵਲ ਭੱਜੇ ਅਤੇ ਰੇਲ ਗੱਡੀਆਂ ਦਾ ਸ਼ਿਕਾਰ ਬਣ ਗਏ। ਜੱਜ ਨਗਰ ਦੇ ਵਾਸੀ ਗੁਲਜਾਰ ਸਿੰਘ ਨੇ ਆਖਿਆ ਕਿ ਪ੍ਰਬੰਧਕ ਇਸ ਘਟਨਾ ਲਈ ਜ਼ਿੰਮੇਵਾਰ ਹਨ, ਜਿਨ੍ਹਾਂ ਦਸਹਿਰਾ ਸਮਾਗਮ ਨੂੰ ਦੇਰ ਨਾਲ ਸ਼ੁਰੂ ਕੀਤਾ ਹੈ। ਘਟਨਾ ਤੋਂ ਬਾਅਦ ਮੈਡੀਕਲ ਮਦਦ ਵਾਸਤੇ ਭੇਜੀ ਗਈ ਰੇਲ ਗੱਡੀ ਉਸ ਵੇਲੇ ਲੋਕਾਂ ਦੇ ਰੋਹ ਦਾ ਸ਼ਿਕਾਰ ਹੋ ਗਈ ਜਦੋਂ ਲੋਕਾਂ ਨੇ ਇਸ ਰੇਲ ਗੱਡੀ ਦੀ ਭੰਨ ਤੋੜ ਕੀਤੀ। ਰੇਲ ਗੱਡੀ ਦਾ ਡਰਾਈਵਰ ਉਸ ਨੂੰ ਵਾਪਸ ਲੈ ਕੇ ਚਲਾ ਗਿਆ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਵੀ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਵਾਰਸਾਂ ਨੇ ਗੁੱਸੇ ਵਿਚ ਹਸਪਤਾਲ ਦੀਆਂ ਦਰਵਾਜ਼ੇ ਅਤੇ ਖਿੜਕੀਆਂ ਦੇ ਸ਼ੀਸ਼ੇ ਭੰਨ ਦਿੱਤੇ। ਮੌਕੇ ’ਤੇ ਪੁੱਜੇ ਐਮਪੀ ਗੁਰਜੀਤ ਸਿੰਘ ਔਜਲਾ ਨੇ ਲੋਕਾਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ, ਪਰ ਲੋਕ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਅ ਰਹੇ ਸਨ।

    ਲੋਕਾਂ ਨੇ ਦੋਸ਼ ਲਾਇਆ ਕਿ ਰੇਲ ਟਰੈਕ ਨੇੜੇ ਅਜਿਹੇ ਸਮਾਗਮ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ, ਲਿਹਾਜ਼ਾ ਪ੍ਰਬੰਧਕਾਂ ਖਿਲਾਫ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਲੋਕਾਂ ਨੇ ਸਾਬਕਾ ਵਿਧਾਇਕਾ ਡਾ. ਸਿੱਧੂ ਖਿਲਾਫ ਵੀ ਕੇਸ ਦਰਜ ਕਰਨ ਦੀ ਮੰਗ ਕੀਤੀ। ਪ੍ਰਸ਼ਾਸਨ ਵੱਲੋਂ ਲਾਈਟ ਦਾ ਪ੍ਰਬੰਧ ਨਾ ਕੀਤੇ ਜਾਣ ਕਰਕੇ ਹਾਦਸੇ ਵਾਲੀ ਥਾਂ ਹਨੇਰਾ ਪਸਰਿਆ ਹੋਇਆ ਸੀ। ਦਸਹਿਰਾ ਸਮਾਗਮ ਕੌਂਸਲਰ ਬੀਬੀ ਵਿਜੈ ਮਦਾਨ ਦੇ ਪੁੱਤਰ ਮਿੱਠੂ ਮਦਾਨ ਵੱਲੋਂ ਰਚਾਿੲਆ ਗਿਆ ਸੀ। ਇਹ ਹਾਦਸਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹਲਕੇ ਅੰਮਿ੍ਰਤਸਰ (ਪੂਰਬੀ) ’ਚ ਵਾਪਰਿਆ ਹੈ।
    ਖ਼ਬਰ ਲਿਖੇ ਜਾਣ ਤਕ ਜ਼ਿਲ੍ਹਾ ਪ੍ਰਸ਼ਾਸਨ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾਉਣ ਵਿਚ ਜੁਟਿਆ ਹੋਇਆ ਸੀ ਤੇ ਲਾਸ਼ਾਂ ਨੂੰ ਟਰੈਕ ਤੋਂ ਚੁੱਕ ਕੇ ਸਾਂਭਿਆ ਜਾ ਰਿਹਾ ਸੀ। ਰੇਲ ਵਿਭਾਗ ਨੇ ਪੀੜਤਾਂ ਦੇ ਰਿਸ਼ਤੇਦਾਰਾਂ ਲਈ ਹੈਲਪਲਾਈਨ ਨੰਬਰ 0183-2223171 ਅਤੇ 0183-2564485 ਜਾਰੀ ਕੀਤੇ ਹਨ। ਰੇਲਵੇ ਨੇ ਕਿਹਾ ਹੈ ਕਿ ਇਹ ਸਪਸ਼ਟ ਤੌਰ ਉੱਤੇ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਸਮਾਗਮ ਬਾਰੇ ਪਤਾ ਸੀ ਕਿਉਂਕਿ ਸਮਾਗਮ ਵਿਚ ਇੱਕ ਸਥਾਨਕ ਮੰਤਰੀ ਦੀ ਪਤਨੀ ਨੇ ਸ਼ਾਮਲ ਹੋਣਾ ਸੀ ਪਰ ਰੇਲਵੇ ਕੋਲੋਂ ਪ੍ਰਵਾਨਗੀ ਨਹੀਂ ਲਈ ਗਈ ਸੀ। ਇਸ ਮੌਕੇ ਕੇਂਦਰੀ ਰੇਲ ਰਾਜ ਮੰਤਰੀ ਮਨੋਜ ਸਿਨਹਾ ਨੇ ਰਾਤ ਨੂੰ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਰੇਲਗੱਡੀ ਦੇ ਡਰਾਿੲਵਰ ਨੂੰ ਕੋਈ ਹੁਕਮ ਨਹੀਂ ਸਨ। ਉਨ੍ਹਾਂ ਦੇ ਨਾਲ ਸੰਸਦ ਮੈਂਬਰ ਸ਼ਵੇਤ ਮਲਿਕ ਤੇ ਤਰੁਣ ਚੁੱਘ ਵੀ ਮੌਜੂਦ ਸਨ।
    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਸਹਿਰੇ ਦੇ ਦਿਨ ਰਾਵਣ ਦਹਿਨ ਮੌਕੇ ਅੰਮ੍ਰਿਤਸਰ ਵਿਚ ਵਾਪਰੇ ਰੇਲ ਹਾਦਸੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਸਹਾਇਤਾ ਪਹੁੰਚਾਉਣ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲ ਹਾਦਸੇ ਦੇ ਮ੍ਰਿਤਕਾਂ ਦੇ ਵਾਰਸਾਂ ਨੂੰ ਦੋ ਦੋ ਲੱਖ ਰੁਪਏ ਤੇ ਜ਼ਖ਼ਮੀਆਂ ਨੂੰ ਪੰਜਾਹ ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਰੇਲਵੇ ਮੰਤਰੀ ਪਿਊਸ਼ ਗੋਇਲ ਅਤੇ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਰੇਲ ਹਾਦਸੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਅਮਰੀਕਾ ਤੋਂ ਟਵੀਟ ਕਰਕੇ ਦੱਸਿਆ ਕਿ ਰੇਲਵੇ ਦੇ ਸੀਨੀਅਰ ਅਧਿਕਾਰੀ ਘਟਨਾ ਸਥਾਨ ਲਈ ਰਵਾਨਾ ਹੋ ਚੁੱਕੇ ਹਨ ਤੇ ਰਾਹਤ ਕਾਰਜ ਤੁਰੰਤ ਪ੍ਰਭਾਵ ਵੱਡੀ ਪੱਧਰ ਉੱਤੇ ਆਰੰਭੇ ਗਏ ਹਨ। ਰੇਲਵੇ ਬੋਰਡ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਅਤੇ ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਵਿਸ਼ਵੇਸ਼ ਚਾਓਬੇ ਵੀ ਘਟਨਾ ਸਥਾਨ ਉੱਤੇ ਪੁੱਜ ਰਹੇ ਹਨ।
    ਉਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਸਹਾਇਤਾ ਪਹੁੰਚਾਉਣ ਦੇ ਹੁਕਮ ਦਿੱਤੇ ਹਨ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰੇਲ ਹਾਦਸੇ ਲਈ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ,‘ ਮੈਂ ਪੰਜਾਬ ਵਿਚ ਵਾਪਰੇ ਰੇਲ ਹਾਦਸੇ ਤੋਂ ਬੇਹੱਦ ਦੁਖੀ ਹਾਂ ਤੇ ਇਸ ਘੜੀ ਦੁੱਖ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਜ਼ਖਮੀਆਂ ਦੀ ਜਲਦੀ ਤੰਦਰੁਸਤੀ ਲਈ ਦੁਆ ਕਰਦਾ ਹਾਂ।’ ਉਨ੍ਹਾਂ ਕਿਹਾ ਕਿ ਪੰਜਾਬ ਦੇ ਗ੍ਰਹਿ ਸਕੱਤਰ ਅਤੇ ਪੁਲੀਸ ਮੁਖੀ ਘਟਨਾ ਸਥਾਨ ਉੱਤੇ ਭੇਜੇ ਗਏ ਹਨ।

    ਹਾਦਸੇ ਉੱਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਗੋਇਲ ਨੇ ਅਮਰੀਕਾ ਤੋਂ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਨੂੰ ਮ੍ਰਿਤਕਾਂ ਦੇ ਪਰਿਵਾਰਾਂ, ਜਿਨ੍ਹਾਂ ਨੇ ਦਸਹਿਰੇ ਦੇ ਦਿਨ ਆਪਣੇ ਸਕੇ ਸਬੰਧੀ ਗਵਾ ਲਏ ਹਨ, ਨਾਲ ਦਿਲੀ ਤੌਰ ਉੱਤੇ ਹਮਦਰਦੀ ਹੈ। ਉਹ ਨਿਜੀ ਤੌਰ ਉੱਤੇ ਇਸ ਦੀ ਦੁੱਖ ਦੀ ਘੜੀ ਵਿਚ ਹਾਦਸੇ ਦੇ ਪੀੜਤਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਨ। ਇਸ ਦੌਰਾਨ ਹੀ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਰੇਲ ਹਾਦਸੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
     ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਵਿਚ ਦਸਹਿਰੇ ਮੌਕੇ ਵਾਪਰੇ ਭਿਆਨਕ ਰੇਲ ਹਾਦਸੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਸਹਾਇਤਾ ਵਜੋਂ ਪੰਜ ਪੰਜ ਲੱਖ ਰੁਪਏ ਦੇਣ ਅਤੇ ਜ਼ਖ਼ਮੀਆਂ ਦੇ ਮੁਫ਼ਤ ਇਲਾਜ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਆਪਣਾ ਇਜ਼ਰਾਈਲ ਦੌਰਾ ਫਿਲਹਾਲ ਟਾਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਵੀ ਅੰਮ੍ਰਿਤਸਰ ਜਾ ਕੇ ਸਹਾਇਤਾ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ। ਮੁੱਖ ਮੰਤਰੀ ਭਲਕੇ ਸਥਿਤੀ ਦਾ ਜਾਇਜ਼ਾ ਲੈਣ ਲਈ ਅੰਮਿ੍ਰਤਸਰ ਜਾਣਗੇ

    ਅੰਮ੍ਰਿਤਸਰ ਵਿਚ ਦਸਹਿਰੇ ਦੇ ਦਿਨ ਵਾਪਰੇ ਭਿਆਨਕ ਰੇਲ ਹਾਦਸੇ, ਜਿਸ ਵਿਚ 57 ਤੋਂ ਵੱਧ ਲੋਕ ਮਾਰੇ ਗਏ ਹਨ, ਉੱਤੇ ਦੁੱਖ ਪ੍ਰਗਟਾਉਂਦਿਆਂ ਪੰਜਾਬ ਸਰਕਾਰ ਨੇ ਸਰਕਾਰੀ ਪੱਧਰ ਉੱਤੇ ਸੋਗ ਦਾ ਐਲਾਨ ਕੀਤਾ ਹੈ। ਸੂਬੇ ਵਿਚ 20 ਅਕਤੂਬਰ ਨੂੰ ਸਾਰੇ ਸਰਕਾਰੀ ਅਦਾਰੇ ਅਤੇ ਸਿੱਖਿਆ ਸੰਸਥਾਵਾਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।

    ਇਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ‘ਆਪ’ ਆਗੂਆਂ ਭਗਵੰਤ ਮਾਨ ਤੇ ਹਰਪਾਲ ਚੀਮਾ, ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਨੇ ਰੇਲ ਹਾਦਸੇ ’ਤੇ ਦੁੱਖ ਪ੍ਰਗਟਾਇਆ ਹੈ। ਇਨ੍ਹਾਂ ਆਗੂਆਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ ਦਿੱਤਾ ਜਾਣ ਵਾਲਾ ਮੁਆਵਜ਼ਾ ਵਧਾਇਆ ਜਾਵੇ ਤੇ ਵਾਰਸਾਂ ਨੂੰ ਨੌਕਰੀਆਂ ਦਿੱਤੀਆਂ ਜਾਣ। ਉਧਰ ਅਕਾਲੀ ਦਲ ਦੇ ਪ੍ਰਧਾਨ ਪ੍ਰਧਾਨ ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਨੂੰ ਲੋੜੀਂਦੇ ਪ੍ਰਬੰਧ ਤੇ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਲਈ ਕਿਹਾ ਹੈ।
    -ਟ੍ਰਿਬਿਊਨ ਨਿਊਜ਼ ਸਰਵਿਸ

    ਅੰਮ੍ਰਿਤਸਰ ਵਿੱਚ ਵਾਪਰੇ ਰੇਲ ਹਾਦਸੇ ਮਗਰੋਂ ਜਲੰਧਰ-ਅੰਮ੍ਰਿਤਸਰ ਰੇਲ ਮਾਰਗ ’ਤੇ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਕੁਝ ਗੱਡੀਆਂ ਨੂੰ ਜਿੱਥੇ ਬਦਲਵੇਂ ਰੂਟਾਂ ਰਾਹੀਂ ਤੋਰ ਦਿੱਤਾ ਗਿਆ ਹੈ, ਉਥੇ ਕਈ ਗੱਡੀਆਂ ਜਲੰਧਰ ਰੇਲਵੇ ਸਟੇਸ਼ਨ ’ਤੇ ਰੋਕ ਦਿੱੱਤੀਆਂ ਗਈਆਂ ਹਨ। ਇਸ ਦੌਰਾਨ ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਵਿੱਚ ਫ਼ੌਤ ਹੋਏ ਲੋਕ ਮੁਸਾਫ਼ਰ ਨਹੀਂ ਸਨ ਅਤੇ ਜਦੋਂ ਹਾਦਸਾ ਵਾਪਰਿਆ ਉਹ ਕਾਨੂੰਨ ਦੀ ਉਲੰਘਣਾ ਕਰਦਿਆਂ ਰੇਲ ਲਾਈਨਾਂ ਪਾਰ ਕਰ ਰਹੇ ਸਨ, ਲਿਹਾਜ਼ਾ ਉਹ ਮੁਆਵਜ਼ੇ ਦੇ ਹੱਕਦਾਰ ਨਹੀਂ ਹਨ। ਇਸ ਦੌਰਾਨ ਰੇਲ ਮੰਤਰੀ ਪਿਊਸ਼ ਗੋਇਲ ਜੋ ਇਸ ਵੇਲੇ ਅਮਰੀਕਾ ਵਿੱਚ ਹਨ, ਰੇਲ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਦੁਆ ਕਰਨਗੇ ਕਿ ਜ਼ਖ਼ਮੀ ਜਲਦੀ ਸਿਹਤਯਾਬ ਹੋਣ। ਉਂਜ ਉਨ੍ਹਾਂ ਕਿਹਾ ਕਿ ਰੇਲਵੇ ਵੱਲੋਂ ਹਾਦਸੇ ਦੇ ਪੀੜਤਾਂ ਲਈ ਫ਼ੌਰੀ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਰੇਲ ਹਾਦਸੇ ਦੇ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਾਏਗੀ। ਕਮੇਟੀ ਦੇ ਮੁਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲਾ ਵਿਚ ਜ਼ਖਮੀਆਂ ਦੇ ਮੁਫ਼ਤ ਇਲਾਜ ਲਈ ਪ੍ਰਬੰਧ ਕੀਤਾ ਗਿਆ ਹੈ। ਜ਼ਖਮੀਆਂ ਨੂੰ ਹਸਪਤਾਲ ਤਕ ਲਿਆਉਣ ਲਈ ਗੁਰੂ ਰਾਮਦਾਸ ਮੈਡੀਕਲ ਕਾਲਜ ਤੋਂ ਐਂਬੂਲੈਂਸਾਂ ਭੇਜੀਆਂ ਗਈਆਂ ਹਨ ਅਤੇ ਹੰਗਾਮੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

     

    ਅੰਮ੍ਰਿਤਸਰ - ਅਮਰੀਕਾ ਦੇ ਸੂਬੇ ਪੈਨਸਿਲਵੇਨੀਆ ਦੀ ਅਸੈਂਬਲੀ ਵੱਲੋਂ ਨਵੰਬਰ 1984 ਵਿਚ ਭਾਰਤ ’ਚ ਦਿੱਲੀ ਸਮੇਤ ਹੋਰ ਸ਼ਹਿਰਾਂ ਵਿਚ ਵਾਪਰੇ ਸਿੱਖ ਕਤਲੇਆਮ ਨੂੰ ‘ਸਿੱਖ ਨਸਲਕੁਸ਼ੀ’ ਕਰਾਰ ਦਿੱਤਾ ਗਿਆ ਹੈ। ਇਸ ਸਬੰਧੀ ਇਕ ਬਿੱਲ ਅਸੈਂਬਲੀ ਵਿਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਹੈ, ਜਿਸ ਦੀ ਅਮਰੀਕਾ ਵਿਚ ਵਸਦੇ ਸਿੱਖਾਂ ਵੱਲੋਂ ਸ਼ਲਾਘਾ ਕੀਤੀ ਗਈ ਹੈ।
    ਅਮਰੀਕਾ ਦੇ ਸਿੱਖਾਂ ਦੀ ਜਥੇਬੰਦੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਜਿਸ ਵਿਚ ਕਈ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀ ਅਤੇ ਸਿੱਖ ਜਥੇਬੰਦੀਆਂ ਸ਼ਾਮਲ ਹਨ, ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਦੱਸਿਆ ਕਿ ਪੈਨਸਿਲਵੇਨੀਆ ਦੀ ਅਸੈਂਬਲੀ ਵਿਚ ਇਸ ਸਬੰਧੀ 1160 ਨੰਬਰ ਬਿੱਲ ਪੇਸ਼ ਕੀਤਾ ਗਿਆ, ਜਿਸ ਨੂੰ ਬਿਨਾ ਕਿਸੇ ਵਿਰੋਧ ਦੇ ਕੁੱਲ 190 ਮੈਂਬਰਾਂ ਨੇ ਪ੍ਰਵਾਨਗੀ ਦਿੱਤੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਫ਼ੈਸਲੇ ਨਾਲ ਪੈਨਸਿਲਵੇਨੀਆ ਦੀ ਅਸੈਂਬਲੀ ਦੁਨੀਆ ਦੀ ਪਹਿਲੀ ਅਜਿਹੀ ਅਸੈਂਬਲੀ ਬਣ ਗਈ ਹੈ, ਜਿਸ ਵੱਲੋਂ ਨਵੰਬਰ 1984 ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਸੈਂਬਲੀ ਵਿਚ ਇਹ ਬਿੱਲ ਸੂਬੇ ਦੇ ਪ੍ਰਤੀਨਿਧ ਅਲੈਕਸ ਚਾਰਲਟੋਲ ਅਤੇ ਜੈਮਸ ਸੰਟੋਰਾ ਨੇ ਪੇਸ਼ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਬਿੱਲ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਮਿਲੀ ਹੈ। ਇਸ ਤੋਂ ਬਾਅਦ ਸਿੱਖ ਭਾਈਚਾਰਾ ਇਹ ਮਾਮਲਾ ਸੰਯੁਕਤ ਰਾਸ਼ਟਰ ਕੋਲ ਵੀ ਰੱਖ ਸਕੇਗਾ। ਕਮੇਟੀ ਆਗੂ ਨਰਿੰਦਰ ਸਿੰਘ, ਕੇਵਲ ਸਿੰਘ, ਯੁਗਰਾਜ ਸਿੰਘ, ਹਿੰਮਤ ਸਿੰਘ ਤੇ ਹਰਜਿੰਦਰ ਸਿੰਘ ਨੇ ਪੈਨਸਿਲਵੇਨੀਆ ਦੇ ਪ੍ਰਤੀਨਿਧਾਂ ਦਾ ਇਸ ਫ਼ੈਸਲੇ ਲਈ ਧੰਨਵਾਦ ਕੀਤਾ।
    ਇਸੇ ਦੌਰਾਨ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਡਾ. ਪ੍ਰਿਤਪਾਲ ਸਿੰਘ, ਕਾਕਸ ਕਮੇਟੀ ਦੇ ਮੈਂਬਰ ਹਰਪ੍ਰੀਤ ਸਿੰਘ ਤੇ ਹੋਰ ਸਿੱਖ ਮੈਂਬਰਾਂ ਨੇ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਆਖਿਆ ਕਿ ਇਸ ਮਤੇ ਵਿਚ ਦਰਜ ਕੀਤਾ ਗਿਆ ਸੀ ਕਿ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਪਹਿਲੀ ਨਵੰਬਰ 1984 ਨੂੰ ਰਾਜਧਾਨੀ ਦਿੱਲੀ ਸਮੇਤ ਵੱਖ ਵੱਖ ਸੂਬਿਆਂ ਦੇ ਕਈ ਸ਼ਹਿਰਾਂ ਵਿਚ 3 ਦਿਨ ਸਿੱਖਾਂ ਦਾ ਚੁਣ ਚੁਣ ਕੇ ਕਤਲੇਆਮ ਕੀਤਾ ਗਿਆ ਸੀ ਤੇ ਉਨ੍ਹਾਂ ਦੇ ਘਰ ਵੀ ਸਾੜ ਦਿੱਤੇ ਗਏ ਸਨ।

    ਅੰਮ੍ਰਿਤਸਰ - ਅੰਮ੍ਰਿਤਸਰ ਦੇ ਬਾਨੀ ਅਤੇ ਚੌਥੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰਿਮੰਦਰ ਸਾਹਿਬ ਵਿਚ ਸਰੋਵਰ ਦੇ ਆਲੇ-ਦੁਆਲੇ ਮਿੱਟੀ ਦੇ ਚਾਰ ਲੱਖ ਦੀਵੇ ਜਗਾਉਣ ਦੀ ਯੋਜਨਾ ਦਾ ਵਿਰੋਧ ਹੋਣ ਕਾਰਨ ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਕੀਤੇ ਜਾ ਰਹੇ ਆਰਜ਼ੀ ਪ੍ਰਬੰਧਾਂ ਨੂੰ ਰੋਕ ਦਿੱਤਾ ਹੈ। ਪ੍ਰਕਾਸ਼ ਪੁਰਬ 26 ਅਕਤੂਬਰ ਨੂੰ ਮਨਾਇਆ ਜਾਵੇਗਾ ਤੇ 25 ਅਕਤੂਬਰ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ।
    ਇਸ ਸਬੰਧੀ ਸਰੋਵਰ ਦੇ ਚਾਰੋਂ ਪਾਸੇ ਥੜ੍ਹਾ ਬਣਾਇਆ ਜਾ ਰਿਹਾ ਸੀ, ਜਿਸ ’ਤੇ ਮਿੱਟੀ ਦੇ ਦੀਵੇ ਜਗਾਉਣ ਦੀ ਯੋਜਨਾ ਸੀ। ਇਹ ਯੋਜਨਾ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਵੱਲੋਂ ਬਣਾਈ ਗਈ ਸੀ, ਜਿਸ ਤਹਿਤ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿਚ ਮਿੱਟੀ ਦੇ ਚਾਰ ਲੱਖ ਦੀਵੇ ਜਗਾਏ ਜਾਣੇ ਸਨ, ਪਰ ਗਿਆਨੀ ਗੁਰਬਚਨ ਸਿੰਘ ਵੱਲੋਂ ਕੱਲ੍ਹ ਇਸ ਦਾ ਵਿਰੋਧ ਕੀਤਾ ਗਿਆ ਸੀ। ਉਨ੍ਹਾਂ ਆਖਿਆ ਕਿ ਇਸ ਨਾਲ ਨਾ ਸਿਰਫ਼ ਇਸ਼ਨਾਨ ਕਰਨ ਵਾਲੀ ਸੰਗਤ ਨੂੰ ਪ੍ਰੇਸ਼ਾਨੀ ਆਵੇਗੀ, ਸਗੋਂ ਇਹ ਪ੍ਰਦੂਸ਼ਣ ਦਾ ਵੀ ਸਬੱਬ ਬਣੇਗਾ ਤੇ ਪ੍ਰਦੂਸ਼ਣ ਕਾਰਨ ਸਰੋਵਰ ਦਾ ਜਲ ਤੇ ਮੱਛੀਆਂ ਵੀ ਪ੍ਰਭਾਵਿਤ ਹੋਣਗੀਆਂ। ਉਨ੍ਹਾਂ ਸ਼੍ਰ੍ਰੋਮਣੀ ਕਮੇਟੀ ਨੂੰ ਇਸ ਯੋਜਨਾ ’ਤੇ ਮੁੜ ਵਿਚਾਰ ਕਰਨ ਵਾਸਤੇ ਆਖਿਆ ਸੀ।
    ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਖ਼ੁਲਾਸਾ ਕੀਤਾ ਕਿ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਗੁਰਪੁਰਬ ਮੌਕੇ ਹਰ ਸਾਲ ਕੀਤੀ ਜਾਂਦੀ ਦੀਪਮਾਲਾ ਨੂੰ ਪਹਿਲਾਂ ਦੀ ਤਰ੍ਹਾਂ ਪ੍ਰੰਪਰਾਵਾਂ ਅਨੁਸਾਰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰੋਵਰ ਦੇ ਆਲੇ-ਦੁਆਲੇ ਦੀਵੇ ਜਗਾਉਣ ਲਈ ਕੀਤੇ ਜਾ ਰਹੇ ਆਰਜ਼ੀ ਪ੍ਰਬੰਧਾਂ ਨੂੰ ਰੋਕ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਲਾਈ ਰੋਕ ਤੋਂ ਬਾਅਦ ਇੱਥੇ ਸਰੋਵਰ ਦੇ ਆਲੇ-ਦੁਆਲੇ ਉਸਾਰੇ ਜਾ ਰਹੇ ਥੜ੍ਹੇ ਦਾ ਕੰਮ ਅੱਜ ਵਿਚਾਲੇ ਹੀ ਬੰਦ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਹ ਮੰਚ ਉਸਾਰਨ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਂਪੀ ਗਈ ਸੀ, ਜਿਨ੍ਹਾਂ ਵੱਲੋਂ ਸਰੋਵਰ ਦੇ ਅਗਲੇ ਹਿੱਸੇ ਵਿਚ ਸ਼ਟਰਿੰਗ ਰਾਹੀਂ ਵਾਧੂ ਮੰਚ ਉਸਾਰਿਆ ਜਾ ਰਿਹਾ ਸੀ। ਸਰੋਵਰ ਦੇ ਕੁਝ ਹਿੱਸੇ ਵਿਚ ਇਹ ਮੰਚ ਬਣਾਇਆ ਜਾ ਚੁੱਕਾ ਹੈ, ਜਿਸ ਨੂੰ ਹੁਣ ਅਗਲੇ ਦਿਨਾਂ ਵਿਚ ਹਟਾਇਆ ਜਾਵੇਗਾ।

    ਦੰਡ: ਸ਼ਾਸਿਤ ਪ੍ਰਜਾ ਸ੍ਰਵੋ:ਦੰਡ ਏਵਾ ਭਿਰਕਸ਼ਿਤੀ॥
    ਦੰਡ: ਸੁਪਤੇਸ਼ੁ,ਜਾਗ੍ਰਿਤਿ ਦੰਡ ਧ੍ਰਮ ਵਿਦੁਬੁਰਿਧਾ॥ (ਚਾਣਕਿਆ)
    ਲੰਕੇਸ਼ ਰਾਵਣ ਦਹਿਨ ਸਮੇਂ ਅਵਾਮੀ ਜਰੀਏ ਉਪਰ ਅਨੇਕਾਂ ਤਰ੍ਹਾਂ ਦੇ ਖਿਆਲਾਤ ਪ੍ਰਗਟ ਕੀਤੇ ਜਾ ਰਹੇ ਹਨ,ਕੋਈ ਉਜ਼ਰ ਨਹੀਂ ਹਰੇਕ ਨੂੰ ਆਪਣਾ ਪੱਖ ਰੱਖਣ ਦੀ ਆਜ਼ਾਦੀ ਹੈ ਪਰ ਮੇਰੇ ਜ਼ਿਹਨ ਅੰਦਰ ਚਾਣਕਿਆ ਸੂਤਰ ਦੀਆਂ ਉਪਰੋਕਤ ਸਤਰਾਂ ਬਾਰ ਬਾਰ ਪ੍ਰਸੂਤੀ ਪੀੜਾਂ ਵਾਂਗ ਬੇਤਾਬ ਹਨ ਜੋ ਵਿਆਖਿਆ ਬਣ ਜਨਮ ਲੈਣਾ ਚਾਹੁੰਦੀਆਂ ਹਨ।ਸਮੁੱਚੇ ਵਰਤਾਰੇ ਦੇ ਭਾਵਅਰਥ ਜੇਕਰ ਸਮਝ ਆ ਜਾਣ ਤਾਂ ਇਹੀ ਇਹਨਾਂ ਸਤਰਾਂ ਦੀ ਵਿਆਖਿਆ ਹੋਵੇਗੀ ਜੋ ਕਿ ਆਪਣੇ ਗਰਭ ਅੰਦਰ ਇਕ ਅਹਿਮ ਨੀਤੀ ਅਤੇ ਸੂਤਰ ਨੂੰ ਸਮੋਈ ਬੈਠੀਆਂ ਹਨ।
    ਯੁਧਨੀਤੀ ਦੇ ਭਵਿੱਖੀ ਪੜਾਅ ਦਾ ਅਹਿਮ ਸੂਤਰ ਹੁੰਦਾ ਹੈ ਆਪਣੀ ਉਮੱਤ ਨੂੰ ਮਾਨਸਿਕ ਪੱਧਰ ਉਪਰ ਤਿਆਰ ਕਰਨਾ, ਸਿਰ ਧਰਿ ਤਲੀ ਦੀ ਮਾਨਸਕਿ ਸਿਖ਼ਰਤਾ ਹੀ ਸਾਡੀ ਅਠਾਰਵੀਂ ਸਦੀ ਦੇ ਸੰਘਰਸ਼ ਦਾ ਮਿਆਰ ਨਿਯਤ ਕਰਦੀ ਹੈ।ਬਿਪਰਵਾਦੀ ਮਾਨਸਿਕਤਾ ਨੂੰ ਗੁਰਬਾਣੀ ਦੀ ਰੋਸ਼ਨੀ ਤੋਂ ਬਿਨਾਂ ਸਮਝਿਆ ਹੀ ਨਹੀਂ ਜਾ ਸਕਦਾ।

    - ਡਾ. ਹਰਦੀਪ ਕੌਰ ਸੰਧੂ
    ਇਸ ਵਰ੍ਹੇ ਹਰ ਇੱਕ ਦੇ ਹਿੱਸੇ ਕੁਝ ਪਲ ਉਦਾਸੀ ਦੇ ਜ਼ਰੂਰ ਆਏ ਹੋਣਗੇ। ਲੱਖਾਂ ਲੋਕ ਉਦਾਸੀਨਤਾ (ਡਿਪਰੈਸ਼ਨ) ਦਾ ਸ਼ਿਕਾਰ ਹੋਏ ਹੋਣਗੇ। ਤਾਂ ਫ਼ੇਰ ਕੀ ਫ਼ਰਕ ਹੈ ਉਦਾਸੀ ਤੇ ਉਦਾਸੀਨਤਾ ਵਿੱਚ ?
    ਅਸੀਂ ਉਦਾਸ ਹੋ ਜਾਂਦੇ ਹਾਂ ਜਦੋਂ ਕੁਝ ਅਜਿਹਾ ਹੋ ਜਾਵੇ ਜੋ ਅਸੀਂ ਨਹੀਂ ਚਾਹੁੰਦੇ। ਉਦਾਸੀ ਦਾ ਸਿੱਧਾ ਸਬੰਧ ਕਿਸੇ ਖ਼ਾਸ ਸਥਿਤੀ ਨਾਲ਼ ਹੁੰਦਾ ਹੈ। ਜਿਸ ਕਰਕੇ ਅਸੀਂ ਕਦੇ ਅਸ਼ਾਂਤ, ਨਿਢਾਲ, ਛਲਣੀ ਹੋਏ ਤੇ ਕਦੇ ਅਤਿਅੰਤ ਪੀੜਾ 'ਚ ਮਹਿਸੂਸ ਕਰਦੇ ਹਾਂ ਜੋ ਸਿੱਧੇ ਤੌਰ 'ਤੇ ਇਸ ਨੂੰ ਉਤਪੰਨ ਕਰਨ ਦੇ ਕਾਰਣ ਨਾਲ ਜੁੜਿਆ ਹੁੰਦਾ ਹੈ। ਜਦੋਂ ਤੁਸੀਂ ਕਿਸੇ ਇੱਕ ਕਾਰਣ ਕਰਕੇ ਉਦਾਸ ਹੁੰਦੇ ਹੋ ਤਾਂ ਤੁਸੀਂ ਕਿਸੇ ਦੂਜੇ ਕਾਰਣ ਕਰਕੇ ਖੁਸ਼ ਵੀ ਹੋ ਸਕਦੇ ਹੋ।

    ਅੰਮ੍ਰਿਤਸਰ - ਬਰਗਾੜੀ ਮੋਰਚੇ ਦੀ ਅਵਾਜ਼ ਇਸ ਕਦਰ ਦੇਸ਼ ਵਿਦੇਸ਼ ਤੱਕ ਪੁੱਜ ਚੁੱਕੀ ਹੈ ਕਿ ਉਤਰਾਖੰਡ ਵਿੱਚ ਆਉਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰੂਦੁਆਰਾ ਨਾਨਕਮੱਤਾ ਵਿਖੇ ਸੰਗਤਾਂ ਨੇ ਮੱਸਿਆ ਦੀ ਪਹਿਲੀ ਰਾਤ ਸਮੇਂ ਲੱਗੇ ਦੀਵਾਨ ਵਿਚ ਉਸ ਵੇਲੇ ਬਰਗਾੜੀ ਮੋਰਚੇ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਜਦੋਂ ਪੰਥਕ ਚਿੰਤਕ, ਕਿਸਾਨ ਆਗੂ ਤੇ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ. ਬਲਦੇਵ ਸਿੰਘ ਸਿਰਸਾ ਨੇ ਸਿੱਖ ਵਿਰੋਧੀ ਜਥੇਬੰਦੀ ਆਰ.ਐਸ.ਐਸ. ਵਲੋਂ ਸ਼੍ਰੋਮਣੀ ਕਮੇਟੀ ਦੇ ਨਾਮ ਹੇਠ ਗੁਰੂ ਸਾਹਿਬ ਦੇ ਚਰਿੱਤਰ ਖਿਲਾਫ ਛਾਪੀਆਂ ਗਈਆਂ ਕਿਤਾਬਾਂ ਦੀ ਜਾਣਕਾਰੀ ਦੇ ਰਹੇ ਸਨ ਤੇ ਬਰਗਾੜੀ ਮੋਰਚੇ ਦੇ ਕਾਰਨਾਂ ਸਬੰਧੀ ਵਿਸਥਾਰ ਸਾਹਿਤ ਚਾਨਣਾ ਪਾ ਰਹੇ ਸਨ। ਸ. ਬਲਦੇਵ ਸਿੰਘ ਸਿਰਸਾ ਨੂੰ ਵਿਸ਼ੇਸ਼ ਪੱਤਰ ਲਿਖ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਨਨਕਾਣਾ ਸਾਹਿਬ ਨਾਨਕਮੱਤਾ (ਉਤਰਾਖੰਡ) ਦੇ ਪ੍ਰਧਾਨ ਸ. ਸੇਵਾ ਸਿੰਘ, ਸੀਨੀਅਰ ਮੀਤ ਪ੍ਰਧਾਨ ਕੇਹਰ ਸਿੰਘ ਤੇ ਸਕੱਤਰ ਜਨਰਲ ਸ. ਪ੍ਰੀਤਮ ਸਿੰਘ ਸੰਧੂ ਦੇ ਆਦੇਸ਼ਾਂ ਤੇ ਗੁਰਦੁਆਰੇ ਦੇ ਮੈਨੇਜਰ ਭਾਈ ਰਣਜੀਤ ਸਿੰਘ ਦੁਆਰਾ ਲਿਖਿਆ ਪੱਤਰ ਮਿਲਿਆ ਜਿਸ ਵਿਚ ਭਾਈ ਸਿਰਸਾ ਨੂੰ ਵਿਸ਼ੇਸ਼ ਤੌਰ 'ਤੇ ਲਿਖਤੀ ਪੱਤਰ ਲਿਖ ਕੇ ਬੇਨਤੀ ਕੀਤੀ ਕਿ ਉਹ ਮੱਸਿਆ ਦੀ ਪਹਿਲੀ ਰਾਤ ਪੁੱਜ ਕੇ ਵੱਡੀ ਗਿਣਤੀ ਵਿਚ ਦੀਵਾਨ ਵਿਚ ਹੋਈਆਂ ਇਕੱਠੀਆਂ ਸੰਗਤਾਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣ। ਭਾਈ ਬਲਦੇਵ ਸਿੰਘ ਸਿਰਸਾ ਨੇ ਆਰ.ਐਸ.ਐਸ. ਵਲੋਂ ਸ਼੍ਰੋਮਣੀ ਕਮੇਟੀ ਦੀ ਮੋਹਰ ਹੇਠ ਛਾਪੀਆਂ ਗਈਆਂ ਕਿਤਾਬਾਂ ਵਿਚ ਗੁਰੂ ਸਾਹਿਬਾਨ ਨੂੰ ਚੋਰ, ਡਾਕੂ, ਲੁਟੇਰਾ, ਦਾਸੀਆਂ ਦੇ ਪੇਟੋਂ ਜੰਮੇ ਦਰਸਾਇਆ ਗਿਆ ਹੈ। ਬਰਗਾੜੀ ਮੋਰਚਾ ਕਿਸੇ ਸ਼ੌਂਕ ਵਜੋਂ ਨਹੀਂ ਲਗਾਇਆ ਗਿਆ ਸਗੋਂ ਬਾਦਲ ਸਰਕਾਰ ਵੇਲੇ ਸੌਦਾ ਸਾਧ ਦੇ ਪ੍ਰੇਮੀਆਂ ਵਲੋਂ ਗੁਰੂ ਸਾਹਿਬ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਲੱਗਾ ਹੈ।
    ਭਾਈ ਸਿਰਸਾ ਨੇ ਦਸਿਆ ਕਿ ਸਮਾਗਮ ਉਪਰੰਤ ਗੁਰਦੁਆਰੇ ਦੇ ਪ੍ਰਬੰਧਕਾਂ ਜਿਨ੍ਹਾਂ ਵਿਚ ਪ੍ਰਧਾਨ ਸ. ਸੇਵਾ ਸਿੰਘ, ਸੀਨੀਅਰ ਮੀਤ ਪ੍ਰਧਾਨ ਸ. ਕੇਹਰ ਸਿੰਘ, ਸਕੱਤਰ ਜਨਰਲ ਸ. ਪ੍ਰੀਤਮ ਸਿੰਘ ਸੰਧੂ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਾਈ ਗੁਰਮੇਜ ਸਿੰਘ, ਸਕੱਤਰ ਭਾਈ ਬਰਜਿੰਦਰ ਸਿੰਘ ਤੇ ਮੈਨੇਜਰ ਭਾਈ ਰਣਜੀਤ ਸਿੰਘ ਤੇ ਹੋਰ ਪਤਵੰਤੇ ਸੱਜਣਾਂ ਨੇ ਸ਼ਮੂਲੀਅਤ ਕੀਤੀ।

    ਨਵੀਂ ਦਿੱਲੀ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਕਾਬਜ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਕਰੀਬ 12 ਸਾਲ ਦਿੱਲੀ ਦੀ ਸਿੱਖ ਸਿਆਸਤ ਵਿੱਚ ਆਪਣਾ ਦਬ-ਦਬਾ ਰੱਖਣ ਵਾਲੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੇ ਇਕ ਦੂਜੇ ’ਤੇ ਦੂਸ਼ਣਬਾਜ਼ੀ ਤੇਜ਼ ਕਰ ਦਿੱਤੀ ਹੈ। ਦੋਵਾਂ ਧੜਿਆਂ ਦੇ ਮੁੱਖ ਆਗੂਆਂ ਵੱਲੋਂ ‘ਆਪਣਿਆਂ’ ਨੂੰ ਹੀ ਦਿੱਲੀ ਕਮੇਟੀ ਦੇ ਠੇਕੇ ਦੇਣ ਦਾ ਖੁਲਾਸਾ ਪ੍ਰੈਸ ਕਾਨਫਰੰਸਾਂ ਦੌਰਾਨ ਕੀਤਾ ਜਾ ਰਿਹਾ ਹੈ। ਦਿੱਲੀ ਦੀ ਰਾਜਨੀਤੀ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਦੋਨੋਂ ਹੀ ਧੜੇ ਇੱਕ-ਦੂਜੇ ਨੂੰ ਨੀਵਾਂ ਦਿਖਾਉਣ ’ਚ ਲੱਗੇ ਹੋਏ ਹਨ।
    ਪੰਥਕ ਸੇਵਾ ਦਲ ਦੇ ਬੁਲਾਰੇ ਹਰਮਿੰਦਰ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਦੋਨਾਂ ਹੀ ਦਲਾਂ ਵੱਲੋਂ ਕੀਤੇ ਗਏ ਖੁਲਾਸਿਆਂ ਤੋਂ ਇਹ ਸਾਬਤ ਹੋ ਗਿਆ ਕਿ ਦੋਨੋਂ ਹੀ ਧਿਰਾਂ ਪਾਕ-ਸਾਫ਼ ਨਹੀਂ ਹਨ ਸਗੋਂ ਦੋਨਾਂ ਨੇ ਹੀ ਦਿੱਲੀ ਸਿੱਖ ਗੁਰਦੁਆਰਾ ਐਕਟ ਦੇ ਨਿਯਮਾਂ ਦੇ ਖ਼ਿਲਾਫ਼ ਜਾ ਕੇ ‘ਆਪਣਿਆਂ’ ਨੂੰ ਲਾਹਾ ਦੇਣ ਲਈ ਗੁਰਦੁਆਰਾ ਐਕਟ ਦੀ ਧਾਰਾ 14 ਦੀ ਅਣਦੇਖੀ ਕੀਤੀ ਹੈ।
    ਸ੍ਰੀ ਆਹਲੂਵਾਲੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਕਾਰਜਕਾਲ ਦੌਰਾਨ ਆਪਣੀ ਧੀ ਤੇ ਜਵਾਈ ਨੂੰ ਸਫ਼ਾਰੀ ਸੂਟਾਂ ਦਾ ਠੇਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਪਰ ਬਾਦਲ ਦਲ ਨੇ ਇਸ ਮੁੱਦੇ ਬਾਰੇ ਸਥਿਤੀ ਸਪਸ਼ਟ ਕਰਨ ਦੀ ਥਾਂ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਇਸੇ ਤਰ੍ਹਾਂ ਐਕਟ ਦੀ ਅਣਦੇਖੀ ਕਰਕੇ ਆਪਣਿਆਂ ਤੋਂ ਕੀਤੀ ਖਰੀਦਦਾਰੀ ਦਾ ਖੁਲਾਸਾ ਕਰ ਦਿੱਤਾ।
    ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੋਵਾਂ ਧੜਿਆਂ ਬਾਰੇ ਸਾਬਤ ਹੋ ਗਿਆ ਕਿ ਉਹ ਸੇਵਾ ਦੇ ਨਾਂ ’ਤੇ ਆਪਣੇ ਵਪਾਰ ਕਰਨ ਆਏ ਸਨ, ਸਰਨਾ ਧੜੇ ਨੇ ਆਪਣੇ ਭਾਂਡੇ ਵੇਚੇ ਤੇ ਬਾਦਲ ਦਲ ਦੇ ਆਗੂ ਮਨਜੀਤ ਸਿੰਘ ਜੀ.ਕੇ. ਨੇ ਆਪਣੀ ਧੀ ਜਵਾਈ ਨੂੰ ਲਾਹਾ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਦੋਵੇਂ ਹੀ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲੱਗੇ ਹੋਏ ਹਨ ਪਰ ਨਾਲ ਹੀ ਖ਼ੁਦ ਨੂੰ ਪਾਕ-ਸਾਫ਼ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨਾਲ ਸੰਗਤ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ ਸੰਗਤ ਨੇ ਦੋਵਾਂ ਧੜਿਆਂ ਦੇ ਆਗੂਆਂ ਨੂੰ ਵਿਸ਼ਵਾਸ ਕਰਕੇ ਮੌਕੇ ਦਿੱਤੇ ਹਨ ਤੇ ਇਨ੍ਹਾਂ ਆਗੂਆਂ ਨੂੰ ਸੰਗਤ ਦੇ ਵਿਸ਼ਵਾਸ ਉੱਤੇ ਖਰੇ ਉਤਰਨਾ ਚਾਹੀਦਾ ਸੀ।
    ਉਨ੍ਹਾਂ ਕਿਹਾ ਕਿ ਸੰਗਤ ਕੋਲ ਇਹੀ ਲੋਕ ਧਰਮ ਦੀ ਸੇਵਾ ਕਰਨ ਦੇ ਨਾਂ ’ਤੇ ਵੋਟਾਂ ਮੰਗਦੇ ਹਨ ਪਰ ਬਾਅਦ ਵਿੱਚ ਆਪਣੀ ਰਾਜਨੀਤੀ ਕਮੇਟੀ ਦੇ ਸਾਧਨਾਂ ਤੋਂ ਚਮਕਾਉਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਨਾ ਭਰਾ ਤੇ ਮਨਜੀਤ ਸਿੰਘ ਜੀ.ਕੇ. ਦਿੱਲੀ ਦੀ ਸੰਗਤ ਤੋਂ ਮੁਆਫ਼ੀ ਮੰਗਣ ਤੇ ਜੋ ਪੈਸਾ ਉਨ੍ਹਾਂ ਕਮੇਟੀ ਤੋਂ ਐਕਟ ਦੀ ਉਲੰਘਣਾ ਕਰਕੇ ਕਮਾਇਆ ਹੈ ਉਹ ਵਿਆਜ ਸਮੇਤ ਵਾਪਸ ਦਿੰਦੇ ਹੋਏ ਖ਼ੁਦ ਹੀ ਸਿੱਖ ਰਾਜਨੀਤੀ ਤੋਂ ਦੂਰ ਹੋ ਜਾਣ।

    ਪ੍ਰੈੱਸ ਨੋਟ
    ਨੰਬਰ:- ਸਪੈਸ਼ਲ
    ਮਿਤੀ:- 18-10-2018
    ਅੱਜ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਬੋਲਦਿਆਂ ਕਿਹਾ ਕਿ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਮੂਚੇ ਖਾਲਸਾ ਪੰਥ ਨੂੰ ਬਖਸ਼ੇ ਸਿਰਮੋਰ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸੇਵਾ ਸ਼੍ਰੋਮਣੀ ਗੁ: ਪ੍ਰ: ਕਮੇਟੀ, ਸਮੁੱਚੀਆਂ ਧਾਰਮਿਕ ਜਥੇਬੰਦੀਆਂ, ਸਭਾ ਸੁਸਾਇਟੀਆਂ ਅਤੇ ਸਮੁੱਚੀ ਸਾਧਸੰਗਤ ਦੇ ਸਹਿਯੋਗ ਨਾਲ ਦਾਸ ਨੂੰ ਲਗਾਤਾਰ 10 ਸਾਲ ਤੋਂ ਇਸ ਮਹਾਨ ਤਖ਼ਤ ਦਾ ਕੂਕਰ ਬਣ ਕੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ।ਦਾਸ ਰੋਮ-ਰੋਮ ਕਰਕੇ ਸਮੁੱਚੇ ਖਾਲਸਾ ਪੰਥ ਦਾ ਰਿਣੀ ਹੈ ਜਿਸ ਨੇ ਸਮੇਂ-ਸਮੇਂ ਸਿਰ ਪੰਥ ਵਿਚ ਆਈਆਂ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਨ ਲਈ ਦਾਸ ਨੂੰ ਸਹਿਯੋਗ ਬਖਸ਼ਿਆ।ਸਮੁੱਚੇ ਖਾਲਸਾ ਪੰਥ ਨੇ ਏਕਤਾ ਦਾ ਸਬੂਤ ਦਿੰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਹਿਨੁਮਾਈ ਹੇਠ ਪੰਥ ਦੇ ਮਹਾਨ ਕੌਮੀ ਜੂਝਾਰੂ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇ ਤਖਤੇ ਤੋਂ ਬਚਾਉਣ ਲਈ ਸੰਘਰਸ਼ ਕੀਤਾ ਹੈ।ਦਸਮ ਗ੍ਰੰਥ ਅਤੇ ਬਾਣੀਆਂ ਦੇ ਖਿਲਾਫ ਬੋਲਣ ਵਾਲਿਆਂ ਨੂੰ ਠੱਲ ਪਾਈ।ਜੂਨ 1984 ਨੂੰ ਸ਼ਹੀਦ ਹੋਏ ਮਹਾਨ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਅਤੇ ਉਹਨਾਂ ਦੇ ਸਾਥੀ ਸਿੰਘਾਂ ਦੀ ਯਾਦਗਾਰ ਉਸਾਰਨ ਵਿਚ ਵੀ ਦਮਦਮੀ ਟਕਸਾਲ ਨੂੰ ਪੂਰਨ ਸਹਿਯੋਗ ਦਿੱਤਾ।ਕੌਮੀ ਸ਼ਹੀਦਾਂ ਦੀਆਂ ਤਸਵੀਰਾਂ ਵੀ ਕੇਂਦਰੀ ਸਿੱਖ ਅਜਾਇਬਘਰ ਵਿਚ ਲਗਵਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ, ਉਥੇ ਹੀ ਪੰਥ ਦੇ ਮਹਾਨ ਵਿਦਵਾਨਾਂ, ਸੰਤ ਮਹਾਪੁਰਖਾਂ, ਧਾਰਮਿਕ ਜਥੇਬੰਦੀਆਂ ਦੇ ਮੁੱਖੀਆਂ ਅਤੇ ਗੁਰੂ ਘਰ ਦੇ ਕੀਰਤਨੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਨਮਾਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
    ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ ਦੇ ਨਾਤੇ ਇਸ ਲੰਮੇ ਸਮੇਂ ਦੋਰਾਨ ਬਹੁਤ ਸਾਰੇ ਕੌਮੀ ਮਸਲੇ ਅਤੇ ਗੁਰੂ ਗ੍ਰੰਥ ਅਤੇ ਪੰਥ ਨੂੰ ਗੰਭੀਰ ਚੁਣੋਤੀਆਂ ਦੇਣ ਵਾਲੇ ਮੁਆਮਲੇ ਵੀ ਸ੍ਰੀ ਅਕਾਲ ਤਖ਼ਫ਼ੳਮਪ;ਤ ਸਾਹਿਬ ਜੀ ਦੇ ਸਨਮੁੱਖ ਆਏ ਜਿੰਨ੍ਹਾ ਦਾ ਨਿਪਟਾਰਾ ਗੁਰੂ ਦੇ ਭੈਅ ਵਿਚ ਰਹਿ ਕੇ ਸਹਿਯੋਗੀ ਸਿੰਘ ਸਾਹਿਬਾਨਾਂ, ਪੰਥਕ ਸੰਸਥਾਵਾਂ ਅਤੇ ਸੰਗਤ ਦੇ ਸਹਿਯੋਗ ਨਾਲ ਪੰਥਕ ਰੁਹ-ਰੀਤਾਂ ਅਨੁਸਾਰ ਕੀਤਾ ਗਿਆ।ਮੈਨੂੰ ਮਾਨ ਹੈ ਕਿ ਸਮੂਹ ਸਿੱਖ ਸੰਸਥਾਵਾਂ, ਸੰਪਰਦਾਵਾਂ ਅਤੇ ਖਾਲਸਾ ਪੰਥ ਨੇ ਗੁਰੂ ਤਖ਼ਤ ਤੋਂ ਜਾਰੀ ਸਿੰਘ ਸਾਹਿਬਾਨਾਂ ਦੇ ਫੈਸਲੇ ਖਿੜੇ ਮੱਥੇ ਪ੍ਰਵਾਨ ਕੀਤੇ ਅਤੇ ਇਹਨਾਂ ਉੱਪਰ ਡੱਟ ਕੇ ਪਹਿਰਾ ਦਿੱਤਾ।
    ਸਰਸੇ ਵਾਲੇ ਅਖੌਤੀ ਅਸਾਧ ਦੇ ਸਬੰਧੀ ਲਏ ਗਏ ਫੈਸਲੇ ਪ੍ਰਤੀ ਕਿੰਤੂ-ਪ੍ਰੰਤੂ ਵੀ ਹੋਇਆ।ਖਾਲਸਾ ਪੰਥ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਸਿੰਘ ਸਾਹਿਬਾਨਾਂ ਦੀ ਰਾਏ ਨਾਲ ਦਿੱਤਾ ਫੈਸਲਾ ਵਾਪਸ ਲੈ ਲਿਆ ਗਿਆ।ਦਾਸ ਹਮੇਸ਼ਾ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿੱਤ ਹੈ ਅਤੇ ਅੰਤਮ ਸੁਵਾਸਾਂ ਤੱਕ ਰਹੇਗਾ।ਗੁਰਬਾਣੀ ਦਾ ਫੁਰਮਾਨ ਹੈ “ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ ॥” ਦੇ ਅਨੁਸਾਰ ਜੀਵ ਭੁਲਣਹਾਰ ਹੈ, ਆਪਣੇ ਸੇਵਾ ਕਾਲ ਦੋਰਾਨ ਜਾਣੇ-ਅਣਜਾਨੇ ਵਿਚ ਹੋਈਆਂ ਭੁੱਲਾਂ ਆਪਣੀ ਝੋਲੀ ਪਾਉਂਦਾ ਹੋਇਆ ਦਾਸ ਸਮੂਚੇ ਖਾਲਸਾ ਪੰਥ ਕੋਲੋਂ ਖਿਮ੍ਹਾਂ ਯਾਚਨਾ ਕਰਦਾ ਹਾਂ।
    ਕੁਦਰਤ ਦੇ ਨਿਯਮ ਅਨੁਸਾਰ ਵੱਡੇਰੀ ਉਮਰ ਅਤੇ ਇਸ ਨਾਲ ਜੁੜ ਰਹੀਆਂ ਸਿਹਤ ਦੀਆਂ ਕੁਝ ਦਿੱਕਤਾਂ ਮੈਨੂੰ ਇਸ ਗੱਲ ਦਾ ਅਹਿਸਾਸ ਕਰਵਾ ਰਹੀਆਂ ਹਨ ਕਿ ਬਹੁਤ ਹੀ ਜਿੰਮੇਵਾਰੀ ਵਾਲੀ ਸੇਵਾ ਨਿਭਾਉਣ ਤੋਂ ਦਾਸ ਅਸਮਰੱਥ ਹੈ।ਖਾਲਸਾ ਪੰਥ, ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਪ੍ਰਧਾਨ ਸਾਹਿਬ ਅਤੇ ਸਮੂਚੇ ਅਗਜ਼ੈਕਟੀਵ ਨੂੰ ਇਸ ਅਹਿਮ ਪੱਦਵੀ ਤੇ ਯੋਗ ਵਿਅਕਤੀ ਨੂੰ ਨਿਯਤ ਕਰਦਿਆਂ ਦਾਸ ਨੂੰ ਸੇਵਾ ਮੁਕਤ ਕਰ ਦਿੱਤਾ ਜਾਵੇ।ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਪੰਥ ਦੀ ਚੜਦੀ ਕਲ੍ਹਾਂ ਦੀ ਅਰਦਾਸ ਕਰਦਾ ਹਾਂ।ਦਾਸ ਹਮੇਸ਼ਾ ਖਾਲਸਾ ਪੰਥ ਦਾ ਸੇਵਾਦਾਰ ਰਹਾਂਗਾ।ਸਹਿਯੋਗ ਲਈ ਸਮੁੱਚੀਆਂ ਧਾਰਮਿਕ ਜਥੇਬੰਦੀਆਂ ਤੇ ਸੰਗਤਾਂ ਦਾ ਧੰਨਵਾਦ ਕਰਦਾ ਹਾਂ।
    ਸਤਿੰਦਰਪਾਲ ਸਿੰਘ
    ਨਿੱਜੀ ਸਹਾਇਕ

    ਅੰਮ੍ਰਿਤਸਰ - ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਖ਼ਾਲਸਾ ਪੰਥ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅੰਤਰਿੰਗ ਕਮੇਟੀ ਨੂੰ ਸੰਬੋਧਨ ਹੁੰਦਿਆਂ ਜਥੇਦਾਰ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਦੀ ਇੱਛਾ ਪ੍ਰਗਟਾਈ ਹੈ ਤੇ ਇਸ ਅਹੁਦੇ ’ਤੇ ਕਿਸੇ ਯੋਗ ਵਿਅਕਤੀ ਨੂੰ ਨਿਯੁਕਤ ਕਰਨ ਲਈ ਆਖਿਆ ਹੈ। ਇਹ ਇੱਛਾ ਉਨ੍ਹਾਂ ਇਥੇ ਪ੍ਰੈੱਸ ਨੂੰ ਦੇਰ ਸ਼ਾਮ ਜਾਰੀ ਕੀਤੇ ਬਿਆਨ ਵਿੱਚ ਪ੍ਰਗਟਾਈ ਹੈ। ਬਿਆਨ ’ਚ ਉਨ੍ਹਾਂ ਆਪਣੀ ਵੱਡੀ ਉਮਰ ਅਤੇ ਇਸ ਨਾਲ ਜੁੜੀਆਂ ਸਿਹਤ ਦੀਆਂ ਕੁਝ ਦਿੱਕਤਾਂ ਦਾ ਹਵਾਲਾ ਦਿੰਦਿਆਂ ਆਖਿਆ ਕਿ ਉਹ ਹੁਣ ਇਹ ਜ਼ਿੰਮੇਵਾਰੀ ਵਾਲੀ ਸੇਵਾ ਨਿਭਾਉਣ ਤੋਂ ਅਸਮਰੱਥ ਹਨ। ਪ੍ਰੈੱਸ ਬਿਆਨ ਨੂੰ ਉਨ੍ਹਾਂ ਦੇ ਨਿੱਜੀ ਸਹਾਇਕ ਸਤਿੰਦਰਪਾਲ ਸਿੰਘ ਵੱਲੋਂ ਜਾਰੀ ਕੀਤਾ ਗਿਆ ਹੈ।
    ਜਥੇਦਾਰ ਨੇ ਪ੍ਰੈੱਸ ਬਿਆਨ ਵਿੱਚ ਇਹ ਵੀ ਲਿਖਿਆ ਹੈ ਕਿ ਡੇਰਾ ਸਿਰਸਾ ਦੀ ਮੁਆਫ਼ੀ ਸਬੰਧੀ ਲਏ ਗਏ ਫ਼ੈਸਲੇ ’ਤੇ ਕਿੰਤੂ ਪ੍ਰੰਤੂ ਵੀ ਹੋਇਆ ਹੈ, ਪਰ ਖਾਲਸਾ ਪੰਥ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਸਿੰਘ ਸਾਹਿਬਾਨ ਦੀ ਰਾਇ ਨਾਲ ਇਹ ਫ਼ੈਸਲਾ ਵਾਪਸ ਲੈ ਲਿਆ ਸੀ। ਉਨ੍ਹਾਂ ਗੁਰਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੀਵ ਭੁੱਲਣਹਾਰ ਹੈ ਅਤੇ ਆਪਣੇ ਸੇਵਾ ਕਾਲ ਦੌਰਾਨ ਉਨ੍ਹਾਂ ਕੋਲੋਂ ਵੀ ਜਾਣੇ ਅਣਜਾਣੇ ’ਚ ਭੁੱਲਾਂ ਹੋਈਆਂ ਹਨ। ਉਨ੍ਹਾਂ ਇਸ ਸਬੰਧ ਵਿੱਚ ਪੂਰੇ ਖਾਲਸਾ ਪੰਥ ਕੋਲੋਂ ਖਿਮਾ ਯਾਚਨਾ ਕੀਤੀ ਹੈ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕਈ ਕੌਮੀ ਮਸਲੇ ਹੱਲ ਕਰਨ ਬਾਰੇ ਵੀ ਦੱਸਿਆ ਹੈ। ਉਨ੍ਹਾਂ ਆਖਿਆ ਕਿ ਉਹ ਅਕਾਲ ਤਖ਼ਤ ਤੇ ਖਾਲਸਾ ਪੰਥ ਨੂੰ ਸਮਰਪਿਤ ਹਨ। ਉਨ੍ਹਾਂ ਲਗਾਤਾਰ 10 ਸਾਲ ਇਕ ਨਿਮਾਣੇ ਦਾਸ ਵਜੋਂ ਸੇਵਾ ਨਿਭਾਈ ਹੈ। ਉਨ੍ਹਾਂ ਨੇ ਮਿਲੇ ਸਹਿਯੋਗ ਲਈ ਸਮੁੱਚੀ ਧਾਰਮਿਕ ਜਥੇਬੰਦੀਆਂ ਅਤੇ ਸੰਗਤ ਦਾ ਧੰਨਵਾਦ ਵੀ ਕੀਤਾ ਹੈ।

    ਕੋਟਕਪੂਰਾ - ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲੇ ਦੀ ਜਾਂਚ ਸਪੈਸ਼ਲ ਜਾਂਚ ਟੀਮ (ਸਿੱਟ) ਵੱਲੋਂ ਅੱਜ ਤੀਜੇ ਦਿਨ ਕੋਟਕਪੂਰੇ ਦੇ ਬੱਤੀਆਂ ਵਾਲਾ ਚੌਕ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਚਾਰ ਮਹਿਲਾ ਪੀੜਤਾਂ ਦੇ ਬਿਆਨ ਦਰਜ ਕੀਤੇ। ਟੀਮ ਦੇ ਮੈਂਬਰ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਥੇ ਡੀਐੱਸਪੀ ਦਫਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ‘ਸਿੱਟ’ ਨੂੰ ਜਿਹੜੀ ਤਫਤੀਸ਼ ਸੌਂਪੀ ਗਈ ਹੈ। ਉਹ ਬਹੁਤ ਜਲਦ ਅਦਾਲਤ ਵਿਚ ਪੇਸ਼ ਕਰਕੇ ਕਸੂਰਵਾਰਾਂ ਨੂੰ ਸਜ਼ਾ ਦਿਵਾਈ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੀਮ ਦਾ ਸਹਿਯੋਗ ਕਰਨ ਤੇ ਘਟਨਾ ਸਬੰਧੀ ਹਰ ਤਰ੍ਹਾਂ ਜਾਣਕਾਰੀ ਟੀਮ ਦੇ ਧਿਆਨ ਵਿਚ ਲਿਆਉਣ। ਇਸ ਤੋਂ ਇਲਾਵਾ ਪੁਲੀਸ ਮੁਲਾਜ਼ਮਾਂ ਦੇ ਬਿਆਨ ਦਰਜ ਕੀਤੇ ਹਨ, ਜਿਨ੍ਹਾਂ ਵਿਚ ਹੌਲਦਾਰ ਤੋਂ ਇੰਸਪੈਕਟਰ ਤੱਕ ਅਧਿਕਾਰੀ ਸ਼ਾਮਲ ਹਨ। ਪੰਥਕ ਮੋਰਚੇ ਦੇ ਆਗੂ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ‘ਸਿੱਟ’ ਦੀ ਜਾਂਚ ਵਿਚ ਬੇਭਰੋਸਗੀ ਜਤਾਉਂਦਿਆਂ ਆਖਿਆ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਦੀ ਕਿਸੇ ਜਾਂਚ ਵਿਚ ਭਰੋਸਾ ਨਹੀਂ ਹੈ। ਉਨ੍ਹਾਂ ਆਖਿਆ ਕਿ ਸਰਕਾਰਾਂ ਮਾਮਲੇ ਨੂੰ ਲਟਕਾਉਣ ਲਈ ਇਹ ਕਾਰਵਾਈਆਂ ਕਰ ਰਹੀਆਂ ਹਨ। ਉਨ੍ਹਾਂ ਆਖਿਆ ਕਿ ਪੰਥ ਅੱਗੇ ਜਦੋਂ ਕੋਈ ਚੁਣੌਤੀ ਦਰਪੇਸ਼ ਆਈ ਹੈ, ਉਦੋਂ ਸਰਬੱਤ ਖਾਲਸਾ ਬੁਲਾ ਕੇ ਹੱਲ ਹੋਈ ਹੈ। ਉਨ੍ਹਾਂ ਆਖਿਆ ਕਿ ਇਥੇ ਵੀ ਸਰਬੱਤ ਖਾਲਸਾ ਬੁਲਾਇਆ ਜਾ ਸਕਦਾ ਹੈ।

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com