ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਰਤੀਆ - ਮੁੱਖ ਮੰਤਰੀ ਖੱਟਰ ਵੱਲੋਂ ਡਾਚਰ ਪਿੰਡ ਦੇ ਗੁਰਦੁਆਰੇ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਲੱਗੀ ਹੋਣ ਦੇ ਚੱਲਦੇ ਨਾ ਜਾਣ ਕਾਰਨ ਸਿੱਖ ਜਥੇਬੰਦੀ ਦੇ ਲੋਕਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ। ਭਾਜਪਾ ਆਗੂਆਂ ਦੀ ਪੈਦਲ ਯਾਤਰਾ ਨੂੰ ਅਨੇਕਾਂ ਪਿੰਡਾਂ ਵਿੱਚ ਆਉਣ ਵਾਲੇ ਗੁਰਦੁਆਰੇ ਦੇ ਬਾਹਰ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਲਗਾ ਕੇ ਅਤੇ ਕਾਲੇ ਝੰਡੇ ਦਿਖਾ ਕੇ ਵਿਰੋਧ ਅਤੇ ਰੋਸ ਪ੍ਰਗਟਾਇਆ। ਇਸੇ ਗੱਲ ਤੋਂ ਖਫ਼ਾ ਹੋ ਕੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਸਰਕਾਰ ਪ੍ਰਤੀ ਆਪਣਾ ਰੋਸ ਪ੍ਰਗਟਾਉਂਦੇ ਸਥਾਨਕ ਲੋਕਲ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਭਾਨੀਖੇੜਾ ਅਤੇ ਉਨ੍ਹਾਂ ਦੇ ਹੋਰ ਸਮਰਥਕਾਂ ਨੇ ਪੁਰਾਣਾ ਬਾਜ਼ਾਰ ਸਥਿਤ ਵੱਡਾ ਗੁਰੂਦੁਆਰਾ ਵਿੱਚ ਜਰਨੈਲ ਸਿੰਘ ਭਿੰਡਰਾਵਾਲੇ ਦੀ ਫੋਟੋ ਸਥਾਪਿਤ ਕੀਤੀ ਅਤੇ ਹੋਰ ਗੁਰਦੁਆਰਿਆਂ ਦੇ ਪ੍ਰਮੁੱਖ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕ ਗੁਰਦੁਆਰੇ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਸਥਾਪਿਤ ਕਰਨ। ਲੋਕਲ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਭਾਨੀਖੇੜਾ ਨੇ ਕਿਹਾ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਪ੍ਰਤੀ ਆਪਣੀ ਆਸਥਾ ਪ੍ਰਗਟਾਉਂਦੇ ਹੋਏ ਉਨ੍ਹਾਂ ਅਤੇ ਉਨ੍ਹਾਂ ਦੇ ਕਮੇਟੀ ਮੈਂਬਰਾਂ ਨੇ ਪੁਰਾਣਾ ਬਾਜ਼ਾਰ ਸਥਿਤ ਵੱਡਾ ਗੁਰਦੁਆਰਾ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਸਥਾਪਿਤ ਕਰਕੇ ਇਲਾਕੇ ਦੇ ਹੋਰ ਗੁਰਦੁਆਰਾ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਭ ਲੋਕ ਗੁਰਦੁਆਰਿਆਂ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਸਥਾਪਿਤ ਕਰਨ।
  ਉਨ੍ਹਾਂ ਕਿਹਾ ਕਿ ਜਦੋਂ ਤੱਕ ਮੁੱਖ ਮੰਤਰੀ ਸਿੱਖ ਸਮਾਜ ਤੋਂ ਆਪਣੀ ਗਲਤੀ ਦੀ ਮੁਆਫ਼ੀ ਨਹੀਂ ਮੰਗਦੇ, ਸਿੱਖ ਸਮਾਜ ਸੂਬਾ ਸਰਕਾਰ, ਮੁੱਖ ਮੰਤਰੀ ਅਤੇ ਭਾਜਪਾ ਆਗੂਆਂ ਦਾ ਵਿਰੋਧ ਕਰਦਾ ਰਹੇਗਾ।

  ਕੋਟਕਪੂਰਾ - ਜਿਲਾ ਪੁਲੀਸ ਫਰੀਦਕੋਟ ਨੇ ਡੇਰਾ ਸੱਚਾ ਸੌਦਾ ਸਿਰਸਾ ਦੇ ਸਥਾਨਕ ਆਗੂ ਮਹਿੰਦਰਪਾਲ ਬਿੱਟੂ ਸਮੇਤ ਤਿੰਨ ਵਿਅਕਤੀਆਂ ਨੂੰ ਬੇਅਦਬੀ ਕਾਂਡ ਵਿੱਚ ਸ਼ਾਮਿਲ ਹੋਣ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਹੈ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਇਹ ਡੇਰਾ ਪ੍ਰੇਮੀ ਸਥਾਨਕ ਮੈਜਿਸਟਰੇਟ ਏਕਤਾ ਉੱਪਲ ਦੀ ਅਦਾਲਤ ਵਿੱਚ ਪੇਸ਼ ਕੀਤੇ ਗਏ। ਅਦਾਲਤ ਨੇ ਤਿੰਨੇ ਡੇਰਾ ਪ੍ਰੇਮੀਆਂ ਨੂੰ 4 ਅਕਤੂਬਰ ਤੱਕ ਪੁਲੀਸ ਰਿਮਾਂਡ 'ਤੇ ਭੇਜਣ ਦਾ ਹੁਕਮ ਦਿੱਤਾ। ਜਾਣਕਾਰੀ ਅਨੁਸਾਰ ਸਿਟੀ ਪੁਲੀਸ ਕੋਟਕਪੂਰਾ ਨੇ ਏ.ਐੱਸ.ਆਈ ਪ੍ਰੀਤਮ ਸਿੰਘ ਦੀ ਸ਼ਿਕਾਇਤ ਦੇ ਅਧਾਰ 'ਤੇ 13 ਜੂਨ 2018 ਨੂੰ ਮਹਿੰਦਰਪਾਲ ਬਿੱਟੂ ਖਿਲਾਫ਼ ਆਈ.ਪੀ.ਸੀ ਦੀ ਧਾਰਾ 295 ਏ ਤਹਿਤ ਮੁਕੱਦਮਾ ਦਰਜ ਕਰਕੇ ਦੋਸ਼ ਲਾਇਆ ਸੀ ਕਿ ਉਸ ਨੇ ਆਪਣੇ ਘਰ ਵਿੱਚ ਇਤਰਾਜਯੋਗ ਜਗਾ 'ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਰੱਖੀ ਸੀ ਅਤੇ ਇਸ ਤੋਂ ਇਲਾਵਾ ਪੁਲੀਸ ਨੂੰ ਤਲਾਸ਼ੀ ਦੌਰਾਨ 25 ਚੱਲੇ ਹੋਏ ਕਾਰਤੂਸ ਮਿਲੇ।
  ਪੁਲੀਸ ਨੇ ਅਦਾਲਤ 'ਚ ਦਾਅਵਾ ਕੀਤਾ ਕਿ ਉਹ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਮਹਿੰਦਰਪਾਲ ਬਿੱਟੂ, ਸੁਖਜਿੰਦਰ ਸਿੰਘ ਅਤੇ ਸ਼ਕਤੀ ਸਿੰਘ ਨੂੰ ਪੁਲੀਸ ਰਿਮਾਂਡ 'ਤੇ ਲੈਣਾ ਪਿਆ ਅਦਾਲਤ ਨੇ ਸਮੁੱਚੇ ਮਾਮਲੇ ਦੀ ਪੜਤਾਲ ਲਈ ਮਹਿੰਦਰਪਾਲ ਸਿੰਘ ਬਿੱਟੂ, ਸੁਖਜਿੰਦਰ ਸਿੰਘ ਸੰਨੀ ਅਤੇ ਸ਼ਕਤੀ ਸਿੰਘ ਡੱਗੋਰੋਮਾਣਾ ਨੂੰ 4 ਅਕਤੂਬਰ ਤੱਕ ਪੁਲੀਸ ਰਿਮਾਂਡ 'ਤੇ ਭੇਜਣ ਦਾ ਹੁਕਮ ਦਿੱਤਾ ਸੀ ।ਰਿਮਾਂਡ ਪੂਰਾ ਹੋਣ ਉਪਰੰਤ ਦੁਬਾਰਾ ਮਾਨਯੋਗ ਅਦਾਲਤ ਅੱਜ ਪੇਸ਼ ਕੀਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਬੇਅਦਬੀ ਕਾਂਡ ਚੋ ਗ੍ਰਿਫਤਾਰ ਕੀਤੇ ਗਏ ਮਹਿੰਦਰਪਾਲ ਬਿੱਟੂ ਅਤੇ ਉਸ ਦੇ ਸਾਥੀ ਨੂੰ ਬਚਾਉਣ ਲਈ 45 ਮੈਬਰੀ ਕਮੇਟੀ ਦੇ ਮੈਬਰ ਜੋ ਸੰਗਰੂਰ ਜਿਲੇ ਦਾ ਮਹਿੰਦਰ ਕੁਮਾਰ ਨੇ ਇੱਕ ਪਰਚੀ ਲਿਖੀ ਸੀ ਜਿਸ ਲਿਖੀਆ ਕਿ ਮਹਿੰਦਰਪਾਲ ਬਿੱਟੂ ਅਤੇ ਉਸ ਦੇ ਸਾਥੀ ਨੂੰ ਬਚਾਉਣ ਲਈ ਰੇਲ ਗੱਡੀ ,ਬੱਸਾ ਆਦਿ ਦੀ ਸਾੜ ਫੂਕ ਕਰਨ ਸੰਬਧੀ ਅਤੇ ਇਹ ਸਭ ਕਰਨ ਨਾਲ ਸਰਕਾਰਾ ਹਿੱਲ ਜਾਣਗੀਆਂ ਵਿੱਚ ਲਿਖੀਆ ਸੀ। ਦੱਸਣਯੋਗ ਇਹ ਕਿ “ਜੇਹੋ ਜੀ ਕੋਕੋ ਉਹ ਜੇ ਕੋਕੋ ਦੇ ਬੱਚੇ” ਕਿਉ ਕਿ ਬਲਤਕਾਰੀ ਸੋਦਾ ਸਾਧ ਨੇ ਪੰਚਕੂਲੇ ਵਿੱਚ ਆਪਣੇ ਆਪ ਨੂੰ ਬਚਾਉਣ ਲਈ ਭੰਨ ਤੋੜ ਅਤੇ ਸਾੜਫੂਕ ਕੀਤੀ ਸੀ।
  ਦੂਜੇ ਪਾਸੇ ਬਚਾਪੱਖ ਦੇ ਨੇ ਦੱਸਿਆ ਇਹ ਸਾਰੀ ਗੱਲਬਾਤ ਮਹਿੰਦਰਪਾਲ ਬਿੱਟੂ ਤੋ ਪੁੱਛਗਿਸ ਦੋਰਾਨ ਗੱਲ ਸਾਹਮਣੇ ਆਈ ਹੈ।ਉਹਨਾਂ ਨੂੰ ਬਚਾਉਣ ਲਈ 45 ਮੈਬਰੀ ਕਮੇਟੀ ਦੇ ਮੈਬਰ ਜੋ ਸੰਗਰੂਰ ਜਿਲੇ ਦਾ ਮਹਿੰਦਰ ਕੁਮਾਰ ਨੇ ਇੱਕ ਪਰਚੀ ਲਿਖੀ ਸੀ ਜੋ ਕਿ 1ਨੂੰਹ ਮਾਨਯੋਗ ਅਦਾਲਤ ਨੇ ਮਹਿੰਦਰਪਾਲ ਬਿੱਟੂ ਦਾ 2 ਦਿਨਾਂ ਦਾ ਪੁਲਸ ਰਿਮਾਂਡ ਦੇ ਦਿੱਤਾ ਤੇ ਸੁਖਵਿੰਦਰ ਸਨੀ ,ਸ਼ਕਤੀ ਸਿੰਘ ਅਤੇ ਪੁੱਛਗਿਸ ਦੋਰਾਨ ਸੰਗਰੂਰ ਜਿਲੇ ਦੇ ਮਹਿੰਦਰ ਕੁਮਾਰ ਨੂੰ ਵਾਪਸ ਜੇਲ ਫਰੀਦਕੋਟ ਭੇਜਣ ਦਾ ਹੁਕਮ ਦਿੱਤਾ ਇਸ ਸੰਬਧੀ ਜਦ ਐਸ ਐਚÀ ਕੇ ਸੀ ਪਰਾਸ਼ਰ ਨਾਲ ਸਰਪੰਕ ਕੀਤਾ ਤਾ ਉਹਨਾਂ ਦੱਸਿਆਂ ਕਿ ਪੁੱਛਗਿਸ ਦੋਰਾਨ ਮਹਿੰਦਰਪਾਲ ਬਿੱਟੂ ਨੇ ਇਕ ਕੁਰਬਾਨੀ ਗੈਗ ਬਣਿਆਂ ਸੀ ਐਸ ਐਚ ਅਨੁਸਾਰ ਨੋਟ ਬੰਦੀ ਦੋਰਾਨ ਡੇਰਾ ਮੁੱਖੀ ਸਿਰਸਾ ਵੱਲੋ ਮਹਿੰਦਰਪਾਲ ਬਿੱਟੂ 5 ਕਰੋੜ ਉਸ ਟਾਇਮ ਦਿੱਤਾ ਸੀ।

  ਜਲੰਧਰ - ਨਕੋਦਰ ਬੇਅਦਬੀ ਕਾਂਡ ਦਾ ਮਾਮਲਾ ਯੂਐੱਨਓ ’ਚ ਪਹੁੰਚ ਗਿਆ ਹੈ। ਇਸ ਕਾਂਡ ’ਚ ਪੁਲੀਸ ਵੱਲੋਂ ਚਲਾਈ ਗਈ ਗੋਲੀ ਕਾਰਨ ਚਾਰ ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ ਵਿੱਚੋਂ ਇਕ ਨੌਜਵਾਨ ਦੇ ਮਾਪਿਆਂ ਨੇ ਯੂਐੱਨਓ ਨੂੰ ਪੱਤਰ ਲਿਖ ਕੇ 32 ਸਾਲ ਪਹਿਲਾਂ ਨਕੋਦਰ ਵਿੱਚ ਵਾਪਰੇ ਇਸ ਗੋਲੀ ਕਾਂਡ ਲਈ ਇਨਸਾਫ ਦੀ ਮੰਗ ਕੀਤੀ ਹੈ।
  ਪ੍ਰਾਪਤ ਜਾਣਕਾਰੀ ਅਨੁਸਾਰ ਇਸ ਗੋਲੀ ਕਾਂਡ ’ਚ ਰਵਿੰਦਰ ਸਿੰਘ ਲਿੱਤਰਾਂ, ਬਲਧੀਰ ਸਿੰਘ ਰਾਮਗੜ੍ਹ, ਝਲਮਣ ਸਿੰਘ ਗੋਰਸੀਆਂ ਅਤੇ ਹਰਮਿੰਦਰ ਸਿੰਘ ਸ਼ਹੀਦ ਹੋਏ ਸਨ। ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਲਦੇਵ ਸਿੰਘ ਤੇ ਮਾਤਾ ਬਲਦੀਪ ਕੌਰ ਨੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਨੂੰ ਪੱਤਰ ਲਿਖਿਆ ਸੀ। ਉਨ੍ਹਾਂ ਇਸ ਪੱਤਰ ਵਿੱਚ ਮੰਗ ਕੀਤੀ ਹੈ ਕਿ 4 ਫਰਵਰੀ 1986 ਨੂੰ ਨਕੋਦਰ ’ਚ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਚਾਰ ਨੌਜਵਾਨਾਂ ਨੂੰ ਪੁਲੀਸ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਸ਼ਹੀਦ ਕਰ ਦਿੱਤਾ ਸੀ ਤੇ ਉਨ੍ਹਾਂ ਨੂੰ ਅਜੇ ਤੱਕ ਇਸ ਮਾਮਲੇ ਵਿੱਚ ਇਨਸਾਫ਼ ਨਹੀਂ ਮਿਲਿਆ। ਰਵਿੰਦਰ ਸਿੰਘ ਲਿੱਤਰਾਂ ਦੇ ਮਾਪਿਆਂ ਨੇ ਕਿਹਾ ਕਿ ਉਹ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਵੀ ਪੁੱਛਣਗੇ ਕਿ ਕੀ ਉਨ੍ਹਾਂ ਨੇ ਯੂਐੱਨਓ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਕੋਲ ਨਕੋਦਰ ਬੇਅਦਬੀ ਕਾਂਡ ਦਾ ਮਾਮਲਾ ਉਠਾਇਆ ਸੀ ਜਿਸ ਦੌਰਾਨ 2 ਫਰਵਰੀ 1986 ਨੂੰ ਗੁਰੂ ਗ੍ਰੰਥ ਸਾਹਿਬ ਦੇ ਪੰਜ ਸਰੂਪ ਸੜ ਗਏ ਸਨ।

  ਇਸਲਾਮਾਬਾਦ - ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਖੋਲ੍ਹਣਾ ਪਾਕਿਸਤਾਨ ਤੇ ਭਾਰਤ ਵਿਚਾਲੇ ਗੱਲਬਾਤ ਬਿਨਾਂ ਸੰਭਵ ਨਹੀਂ ਹੈ। ਇਹ ਦਾਅਵਾ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਕੀਤਾ ਹੈ। ਦਫ਼ਤਰ ਦਾ ਕਹਿਣਾ ਹੈ ਕਿ ਦੋਵਾਂ ਮੁਲਕਾਂ ਵਿਚਲੇ ਵਿਵਾਦਾਂ ਨੂੰ ਸੁਲਝਾਉਣ ਦਾ ਇਹ ਹੀ ਇਕੋ ਇਕ ਰਾਹ ਹੈ।
  ਵਿਦੇਸ਼ ਦਫ਼ਤਰ ਦੇ ਬੁਲਾਰੇ ਮੁਹੰਮਦ ਫੈਸਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਕਿਸਤਾਨ ਆਪਣੇ ਗੁਆਂਢੀ ਨਾਲ ਮਿਲ ਕੇ ਰਹਿਣ ਦੀ ਕੋਸ਼ਿਸ਼ ਕਰ ਸਕਦਾ ਹੈ। ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਫੈਸਲ ਨੇ ਕਿਹਾ ਕਿ ਜੇ ਦੋਵਾਂ ਮੁਲਕਾਂ ਵਿਚਾਲੇ ਕੋਈ ਗੱਲਬਾਤ ਨਹੀਂ ਹੁੰਦੀ ਤਾਂ ਕੁਝ ਨਹੀਂ ਹੋ ਸਕਦਾ ਪਰ ਉਨ੍ਹਾਂ ਪੈਂਡਿੰਗ ਮਸਲਿਆਂ ਦੇ ਹੱਲ ਲਈ ਭਾਰਤ ਨਾਲ ਗੱਲਬਾਤ ਦੇ ਪਾਕਿਸਤਾਨੀ ਰਵੱਈਏ ਨੂੰ ਦੁਹਰਾਇਆ।
  ਜ਼ਿਕਰਯੋਗ ਹੈ ਕਿ ਕਰਤਾਰਪੁਰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਰੋਵਾਲ ਜ਼ਿਲ੍ਹੇ ਵਿੱਚ ਸਥਿਤ ਹੈ, ਜੋ ਭਾਰਤ ਪਾਕਿ ਸਰਹੱਦ ਨਜ਼ਦੀਕ ਹੈ। ਇਥੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ 1522 ਵਿੱਚ ਪਹਿਲਾ ਗੁਰਦੁਆਰਾ ਬਣਾਇਆ ਸੀ ਤੇ ਇਥੇ ਹੀ ਉਹ ਜੋਤੀ ਜੋਤ ਸਮਾਏ ਸਨ ।
  ਕਿ੍ਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਅਗਸਤ ਮਹੀਨੇ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ ਤੇ ਕਿਹਾ ਸੀ ਕਿ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ’ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦਾ ਸੰਕੇਤ ਦਿੱਤਾ ਹੈ। ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਨਵੰਬਰ 2019 ਵਿੱਚ ਮਨਾਇਆ ਜਾਵੇਗਾ। ਜ਼ਿਕਰਯੋਗ ਹੈ ਕਿ 2016 ਵਿੱਚ ਪਾਕਿਸਤਾਨੀ ਧੜੇ ਵੱਲੋਂ ਕੀਤੀ ਦਹਿਸ਼ਤੀ ਕਾਰਵਾਈ ਅਤੇ ਭਾਰਤ ਵੱਲੋਂ ਮਕਬੂਜ਼ਾ ਕਸ਼ਮੀਰ ਦੇ ਅੰਦਰ ਸਰਜੀਕਲ ਸਟ੍ਰਾਈਕ ਕੀਤੇ ਜਾਣ ਤੋਂ ਬਾਅਦ ਦੋਵਾਂ ਮੁਲਕਾਂ ਵਿਚਾਲੇ ਸਬੰਧਾਂ ਵਿੱਚ ਤਣਾਅ ਆ ਗਿਆ ਸੀ। ਪਿਛਲੇ ਮਹੀਨੇ ਭਾਰਤ ਨੇ ਨਿਊਯਾਰਕ ਵਿੱਚ ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ ਸੀ।
  ਸਾਰਕ ਕਾਨਫਰੰਸ ਬਾਰੇ ਫੈਸਲ ਨੇ ਕਿਹਾ ਕਿ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਮੀਟਿੰਗ ਤੋਂ ਇਲਾਵਾ ਪਾਕਿਸਤਾਨ ਨੇ ਸਾਰੇ ਦੱਖਣੀ ਏਸ਼ਿਆਈ ਮੁਲਕਾਂ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਦਾ ਇਸਲਾਮਾਬਾਦ ਸੰਮੇਲਨ ਬਾਰੇ ਰੱਵਈਆ ਸਾਕਾਰਾਤਮਕ ਸੀ, ਪਰ ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਇਸ ਵਿੱਚ ਅੜਿੱਕੇ ਡਾਹ ਰਿਹਾ ਹੈ। ਪਿਛਲਾ ਸਾਰਕ ਸੰਮੇਲਨ 2014 ਵਿੱਚ ਕਾਠਮੰਡੂ ਵਿੱਚ ਹੋਇਆ ਸੀ ਤੇ 2016 ਦਾ ਸੰਮੇਲਨ ਪਾਕਿਸਤਾਨ ਵਿੱਚ ਹੋਣਾ ਸੀ ਪਰ ਕਸ਼ਮੀਰ ਦੇ ਉੜੀ ਸੈਕਟਰ ਵਿੱਚ ਭਾਰਤੀ ਫੌਜੀ ਕੈਂਪ ’ਤੇ ਹੋਏ ਦਹਿਸ਼ਤੀ ਹਮਲੇ ਬਾਅਦ ਭਾਰਤ ਨੇ ਸੰਮੇਲਨ ਵਿੱਚ ਹਿੱਸਾ ਲੈਣ ਵਿੱਚ ਅਸਮਰਥਾ ਜਤਾਈ ਸੀ ਅਤੇ ਪਾਕਿਸਤਾਨ ’ਤੇ ਕੂਟਨੀਤਕ ਦਬਾਅ ਬਣਾਇਆ ਸੀ। ਬੰਗਲਾਦੇਸ਼, ਭੂਟਾਨ ਅਤੇ ਅਫਗਾਨਿਸਤਾਨ ਵੱਲੋਂ ਸੰਮੇਲਨ ਵਿੱਚ ਸ਼ਮੂਲੀਅਤ ਕਰਨ ਤੋਂ ਇਨਕਾਰ ਕਰਨ ’ਤੇ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ।

  ਸੰਗਰੂਰ - ਇਥੇ ਸਿੱਖ ਸੰਗਤ ਵੱਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਗਿਆ। ਇਸ ਦੌਰਾਨ ਬਾਦਲ ਦੇ ਗੱਡੀਆਂ ਦੇ ਕਾਫ਼ਲੇ ਉਪਰ ਜੁੱਤੀ ਵੀ ਸੁੱਟੀ ਗਈ ਅਤੇ ਇੱਕ ਗੱਡੀ ਉਪਰ ਡਾਂਗ ਵੀ ਲੱਗੀ ਹੈ। ਸਿੱਖ ਕਾਰਕੁਨਾਂ ਨੂੰ ਰੋਕਣ ਮੌਕੇ ਪੁਲੀਸ ਦੀ ਉਨ੍ਹਾਂ ਨਾਲ ਝੜਪ ਵੀ ਹੋਈ। ਸੁਖਬੀਰ ਸਿੰਘ ਬਾਦਲ ਦੀ ਫੇਰੀ ਦੌਰਾਨ ਕਰੀਬ ਚਾਰ ਘੰਟੇ ਤੱਕ ਗੁਰਦੁਆਰਾ ਨਾਨਕਿਆਣਾ ਸਾਹਿਬ ਦੇ ਨਜ਼ਦੀਕ ਮਾਹੌਲ ਤਣਾਅਪੂਰਨ ਬਣਿਆ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਇਥੇ ‘ਪਟਿਆਲਾ ਰੈਲੀ’ ਦੀ ਤਿਆਰੀ ਮੀਟਿੰਗ ’ਚ ਭਾਗ ਲੈਣ ਪੁੱਜੇ ਸਨ। ਬਾਦਲ ਦੇ ਪੁੱਜਣ ਤੋਂ ਪਹਿਲਾਂ ਹੀ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਕਰੀਬ ਛੇ ਦਰਜਨ ਕਾਰਕੁਨ ਕਾਲੀਆਂ ਝੰਡੀਆਂ ਲੈ ਕੇ ਗੁਰਦੁਆਰਾ ਨਾਨਕਿਆਣਾ ਸਾਹਿਬ ਨਜ਼ਦੀਕ ਪੁੱਜ ਗਏ ਸਨ ਪਰ ਪੁਲੀਸ ਵੱਲੋਂ ਸਖਤ ਨਾਕੇਬੰਦੀ ਕਰਕੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਕੰਪਲੈਕਸ ਵਿਚ ਦਾਖ਼ਲ ਨਹੀਂ ਹੋਣ ਦਿੱਤਾ। ਸਿੱਖ ਕਾਰਕੁਨਾਂ ਦੀ ਪੁਲੀਸ ਨਾਲ ਮਾਮੂਲੀ ਝੜਪ ਵੀ ਹੋਈ। ਇਸ ਮਗਰੋਂ ਗੁਰਦੁਆਰੇ ਨੂੰ ਜਾਂਦੀ ਸੜਕ ਦੇ ਕਿਨਾਰੇ ਸਿੱਖ ਕਾਰਕੁਨ ਕਾਲੀਆਂ ਝੰਡੀਆਂ ਲੈ ਕੇ ਖੜ੍ਹ ਗਏ ਅਤੇ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਮੌਕੇ ’ਤੇ ਐੱਸਪੀ ਜਗਜੀਤ ਸਿੰਘ ਸਰੋਆ, ਡੀਐੱਸਪੀ ਸੱਤਪਾਲ ਸ਼ਰਮਾ ਅਤੇ ਕਈ ਥਾਣਾ ਮੁਖੀ ਵੱਡੀ ਗਿਣਤੀ ’ਚ ਪੁਲੀਸ ਫੋਰਸ ਸਮੇਤ ਮੌਜੂਦ ਸਨ।
  ਕਰੀਬ ਪੌਣੇ ਚਾਰ ਵਜੇ ਜਿਉਂ ਹੀ ਸੁਖਬੀਰ ਸਿੰਘ ਬਾਦਲ ਦੀਆਂ ਗੱਡੀਆਂ ਦਾ ਕਾਫ਼ਲਾ ਗੁਰਦੁਆਰੇ ਵੱਲ ਜਾਣ ਲਈ ਕੋਲੋਂ ਲੰਘਿਆ ਤਾਂ ਸੜਕ ਕਿਨਾਰੇ ਖੜ੍ਹੀ ਸਿੱਖ ਸੰਗਤ ਕਾਲੀਆਂ ਝੰਡੀਆਂ ਲੈ ਕੇ ਕਾਫਲੇ ਵੱਲ ਵਧੀ ਅਤੇ ਸਿੱਖ ਕਾਰਕੁਨਾਂ ਵਿਚੋਂ ਇੱਕ ਨੇ ਸੁਖਬੀਰ ਦੀਆਂ ਗੱਡੀਆਂ ਦੇ ਕਾਫ਼ਲੇ ਉਪਰ ਜੁੱਤਾ ਸੁੱਟਿਆ, ਜੋ ਗੱਡੀ ਦੀ ਇੱਕ ਸਾਈਡ ’ਤੇ ਲੱਗਿਆ। ਕਾਫ਼ਲੇ ਦੀ ਇੱਕ ਗੱਡੀ ਉਪਰ ਝੰਡੇ ਵਾਲੀ ਸੋਟੀ ਵੀ ਲੱਗੀ ਹੈ। ਸਿੱਖ ਸੰਗਤ ਦੀ ਅਗਵਾਈ ਕਰ ਰਹੇ ਗੁਰਮਤਿ ਪ੍ਰਚਾਰ ਰਾਗੀ ਗ੍ਰੰਥੀ ਸਭਾ ਦੇ ਪ੍ਰਧਾਨ ਭਾਈ ਬਚਿੱਤਰ ਸਿੰਘ, ਬਾਬਾ ਅਮਰਜੀਤ ਸਿੰਘ ਕਣਕਵਾਲ ਭੰਗੂਆਂ ਨੇ ਦੋਸ਼ ਲਾਇਆ ਕਿ ਸੁਖਬੀਰ ਸਿੰਘ ਬਾਦਲ ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ’ਚ ਗੋਲੀ ਕਾਂਡ ਲਈ ਜ਼ਿੰਮੇਵਾਰ ਹੈ, ਜਿਸ ਨੂੰ ਇਥੇ ਗੁਰਦੁਆਰੇ ਵਿਚ ਸਿਆਸੀ ਮੀਟਿੰਗ ਕਰਨ ਦਾ ਕੋਈ ਹੱਕ ਨਹੀਂ ਹੈ। ਸਿੱਖ ਸੰਗਤ ਅੱਜ ਬਾਦਲ ਨੂੰ ਗੁਰਦੁਆਰੇ ਵਿਚ ਮੀਟਿੰਗ ਕਰਨ ਤੋਂ ਰੋਕਣ ਅਤੇ ਵਿਰੋਧ ਕਰਨ ਲਈ ਪੁੱਜੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਆਗੂ ਗੁਰਦੁਆਰੇ ਵਿਚ ਮੀਟਿੰਗਾਂ ਕਰ ਰਹੇ ਹਨ ਜਦੋਂਕਿ ਸਿੱਖ ਸੰਗਤ ਨੂੰ ਪੁਲੀਸ ਨੇ ਗੁਰੂ ਘਰ ਵਿਚ ਦਾਖ਼ਲ ਨਹੀਂ ਹੋਣ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਅਕਾਲੀ ਕਾਰਕੁਨ ਵੀ ਰੋਹ ਵਿਚ ਆ ਗਏ। ਪੁਲੀਸ ਨੇ ਸਿੱਖ ਕਾਰਕੁਨਾਂ ਨੂੰ ਨੇੜੇ ਹੀ ਕਾਰ ਸੇਵਾ ਵਾਲੇ ਸਥਾਨ ਵਿਚ ਬੰਦ ਕਰ ਦਿੱਤਾ ਅਤੇ ਭਾਰੀ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ। ਅਕਾਲੀ ਕਾਰਕੁਨ ਨਾਅਰੇਬਾਜ਼ੀ ਕਰਦੇ ਹੋਏ ਕਾਰ ਸੇਵਾ ਵਾਲੇ ਸਥਾਨ ਦੇ ਅੱਗੇ ਪਹੁੰਚ ਗਏ। ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਅਕਾਲੀ ਕਾਰਕੁੰਨਾਂ ਵੱਲੋਂ ਸੁਖਬੀਰ ਦੀਆਂ ਗੱਡੀਆਂ ਦੁਆਲੇ ਘੇਰਾ ਬਣਾਉਂਦਿਆਂ ਉਥੋਂ ਲੰਘਾਇਆ ਗਿਆ।
  ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਲਈ ਜ਼ਿਲ੍ਹਾ ਪੁਲੀਸ ਮੁਖੀ ਸਮੇਤ ਸੰਗਰੂਰ ਪੁਲੀਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਪੁਲੀਸ ਕਾਲੀਆਂ ਝੰਡੀਆਂ ਲੈ ਕੇ ਖੜ੍ਹੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰ ਰਹੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਨਰਜੀਤ ਸਿੰਘ ਗੋਲਡੀ ਨੇ ਇਸ ਘਟਨਾ ਨੂੰ ਸੁਖਬੀਰ ਸਿੰਘ ਬਾਦਲ ਉਪਰ ਜਾਨਲੇਵਾ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸੰਗਰੂਰ ਪੁਲੀਸ ਪਾਸ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਅਗਲੀ ਕਾਰਵਾਈ ਹੁਣ ਪੁਲੀਸ ਨੇ ਕਰਨੀ ਹੈ।
  ਸ੍ਰੀ ਢੀਂਡਸਾ ਨੇ ਕਿਹਾ ਕਿ ਜਦੋਂ ਉਹ ਆਪਣੀ ਰਿਹਾਇਸ਼ ਤੋਂ ਸੁਖਬੀਰ ਸਿੰਘ ਬਾਦਲ ਦੀ ਗੱਡੀ ’ਚ ਬੈਠ ਕੇ ਜਾ ਰਹੇ ਸਨ ਤਾਂ ਕੁਝ ਲੋਕਾਂ ਨੇ ਪੁਲੀਸ ਦੀ ਹਾਜ਼ਰੀ ’ਚ ਸੜਕ ਦਾ ਡਿਵਾਈਡਰ ਪਾਰ ਕਰਕੇ ਕ੍ਰਿਪਾਨਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਕਾਂਗਰਸ ਦੀ ਇਸ਼ਾਰੇ ’ਤੇ ਹੋਇਆ ਹੈ।

  ਕਸੂਰਵਾਰਾਂ ਖ਼ਿਲਾਫ਼ ਕਾਰਵਾਈ ਹੋਵੇਗੀ: ਐੱਸਐੱਸਪੀ
  ਜ਼ਿਲ੍ਹਾ ਪੁਲੀਸ ਮੁਖੀ ਡਾ. ਸੰਦੀਪ ਗਰਗ ਦਾ ਕਹਿਣਾ ਹੈ ਕਿ
  ਪੁਲੀਸ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਸਨ। ਪੁਲੀਸ ਨੂੰ ਘਟਨਾ ਸਬੰਧੀ ਸ਼ਿਕਾਇਤ ਮਿਲ ਚੁੱਕੀ ਹੈ। ਸੀਸੀਟੀਵੀ ਫੁਟੇਜ ਚੈੱਕ ਕੀਤੇ ਜਾ ਰਹੇ ਹਨ। ਘਟਨਾ ਲਈ ਜੋ ਵੀ ਲੋਕ ਜ਼ਿੰਮੇਵਾਰ ਹੋਣਗੇ, ਉਨ੍ਹਾਂ ਖ਼ਿਲਾਫ ਕਾਨੂੰਨ ਅਨੁਸਾਰ ਕੇਸ ਦਰਜ ਕੀਤਾ ਜਾਵੇਗਾ।

  ਪੁਲੀਸ ਦੀ ਸ਼ਹਿ ’ਤੇ ਹਮਲਾ ਹੋਇਆ: ਢੀਂਡਸਾ
  ਸੰਗਰੂਰ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ, ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾ, ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਆਖਿਆ ਕਿ ਸੁਖਬੀਰ ਬਾਦਲ ਦੇ ਕਾਫ਼ਲੇ ’ਤੇ ਹਮਲਾ ਪੁਲੀਸ ਦੀ ਸ਼ਹਿ ’ਤੇ ਹੋਇਆ ਹੈ। ਉਨ੍ਹਾਂ ਘਟਨਾ ਦੀ ਨਿਖੇਧੀ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

  ਨਵੀਂ ਦਿੱਲੀ - ਕਾਰ-ਸੇਵਾ ਦੇ ਨਾਂ ’ਤੇ ਇਤਿਹਾਸਕ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਦਰਬਾਰ ਹਾਲ ਦੀ ਕੀਤੀ ਜਾਣ ਵਾਲੀ ਤੋੜਭੰਨ ਦੇ ਮਾਮਲੇ ਨੂੰ ਲੈ ਕੇ ਦਿੱਲੀ ਦੇ ਕੁੱਝ ਜਾਗਰੂਕ ਸਿੱਖਾਂ ਦੇ ਗਰੁੱਪ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਅਸਤੀਫੇ ਦੀ ਮੰਗ ਕੀਤੀ ਹੈ।
  ਪੰਥਕ ਮਸਲਿਆਂ ਨੂੰ ਲੈ ਕੇ ਦਿੱਲੀ ਦੇ ਚੋਣਵੇਂ ਸਿੱਖਾਂ ਵੱਲੋਂ ‘ਸੰਗਤ’ ਨਾਂਅ ਦਾ ਗਰੁੱਪ ਬਣਾਇਆ ਗਿਆ ਹੈ। ਇਸ ਗਰੁੱਪ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਨੂੰ ਇੱਕ ਵੀਡੀਓ ਦਿਖਾ ਕੇ ਜੀ.ਕੇ. ਦੇ ਦੋਗਲੇ ਕਿਰਦਾਰ ਨੂੰ ਸੰਗਤਾਂ ਸਾਹਮਣੇ ਰੱਖਿਆ ਹੈ। ਗਰੁਪ ਨੇ ਕਿਹਾ ਕਿ ਜੀ.ਕੇ. ਵੱਲੋਂ ਕਾਰ ਸੇਵਾ ਦੇ ਨਾਂਅ ’ਤੇ ਇਤਿਹਾਸਕ ਇਮਾਰਤ ਨਾਲ ਛੇੜਛਾੜ ਜਾਂ ਤੋੜਭੰਨ ਦੀ ਪੱਕੀ ਯੋਜਨਾ ਬਣਾਈ ਗਈ ਪਰ ਜਦੋਂ ਦਿੱਲੀ ਦੀਆਂ ਸੰਗਤਾਂ ਵੱਲੋਂ ਇਸ ਦਾ ਤਿੱਖਾ ਵਿਰੋਧ ਕੀਤਾ ਗਿਆ ਤਾਂ ਉਹ ਸੰਗਤਾਂ ਨੂੰ ਗੁਮਰਾਹ ਕਰਨ ਲਈ ਇਹ ਦਾਅਵਾ ਕਰਨ ਲਗ ਪਏ ਕਿ ਦਰਬਾਰ ਹਾਲ ਨਾਲ ਕੋਈ ਛੇੜਛਾੜ ਜਾਂ ਤੋੜਭੰਨ ਕਰਨ ਦੀ ਕੋਈ ਯੋਜਨਾ ਨਹੀਂ ਹੈ। ਕਾਰ ਸੇਵਾ ਦੇ ਨਾਂ ’ਤੇ ਇੱਕਠੀ ਕੀਤੀ ਜਾਣ ਵਾਲੀ ਮਾਇਆ ਦਾ ਹਿਸਾਬ ਕਿਤਾਬ ਨਹੀਂ ਦੇਣਾ ਪੈਂਦਾ। ਇਸ ਲਈ ਹੋ ਸਕਦਾ ਹੈ ਕਿ ਇਸ ਨਾਲ ਦਿੱਲੀ ਕਮੇਟੀ ਦੇ ਘਾਟੇ ਨੂੰ ਕੁੱਝ ਘੱਟ ਕਰਨ ਦੀ ਯੋਜਨਾ ਬਣਾਈ ਗਈ ਹੋਵੇ।
  ਗਰੁੱਪ ਨੇ ਇਹ ਵੀ ਦੋਸ਼ ਲਾਇਆ ਕਿ ਸਿੱਖੀ ਵਿਰੋਧੀ ਤਾਕਤਾਂ ਨਾਲ ਰਲ ਕੇ ਵੱਡੀ ਸਾਜਿਸ਼ ਕੀਤੀ ਜਾ ਰਹੀ ਹੈ। ਪਾਰਲੀਮੈਂਟ ਦੇ ਸਾਹਮਣੇ ਸਥਿਤ ਗੁਰਦੁਆਰਾ ਸਾਹਿਬ ਦੀ ਇਹ ਇਮਾਰਤ ਵੀ.ਵੀ.ਆਈ.ਪੀ. ਖੇਤਰ ਅਧੀਨ ਹੈ। ਜੇਕਰ ਇੱਕ ਵਾਰ ਇਸ ਇਤਿਹਾਸਕ ਇਮਾਰਤ ਨਾਲ ਤੋੜਭੰਨ੍ਹ ਕੀਤੀ ਗਈ ਤਾਂ ਸਰਕਾਰੀ ਏਜੰਸੀਆਂ ਵੱਲੋਂ ਇਸ ਨੂੰ ਦੁਬਾਰਾ ਉਸਾਰੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਨਤੀਜੇ ਵਜੋਂ ਸਿੱਖੀ ਵਿਰੋਧੀ ਤਾਕਤਾਂ ਦੀ ਸਿੱਖ ਇਤਿਹਾਸ ਨੂੰ ਮਿਟਾਉਣ ਦੇ ਮਨਸੂਬੇ ਸਫਲ ਹੋ ਜਾਣਗੇ। ਉਧਰ ਮਨਜੀਤ ਸਿੰਘ ਜੀ.ਕੇ. ਵੱਲੋਂ ਇਸ ਮਾਮਲੇ ਵਿੱਚ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਗਿਆ ਤੇ ਮੀਡੀਆ ਸਲਾਹਕਾਰ ਪ੍ਰਮਿੰਦਰਪਾਲ ਸਿੰਘ ਨੇ ਕਿਹਾ ਕਿ ਤੱਥ ਤਰੋੜ ਮਰੋੜ ਕੇ ਪੇਸ਼ ਕੀਤੇ ਗਏ ਹਨ ਤੇ ਉਸਾਰੀ ਦਾ ਜੋ ਵੀ ਕੰਮ ਹੋਵੇਗਾ ਉਹ ਸੰਗਤ ਦੇ ਸਾਹਮਣੇ ਰੱਖਿਆ ਜਾਵੇਗਾ ਤੇ ਫਿਰ ਹੀ ਕੀਤਾ ਜਾਵੇਗਾ।

  ਅੰਮ੍ਰਿਤਸਰ - ਭਾਰਤ ਦੌਰੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੂੰ ਇਥੇ ਸ਼੍ਰੋਮਣੀ ਕਮੇਟੀ ਨੇ ਅੰਤਰਾਸ਼ਟਰੀ ਪੱਧਰ ’ਤੇ ਸਿੱਖਾਂ ਦੇ ਮਨੁੱਖੀ ਹੱਕਾਂ ਨਾਲ ਸਬੰਧਤ ਸਮੱਸਿਆਵਾਂ ਤੋਂ ਜਾਣੂ ਕਰਾਇਆ ਅਤੇ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਸਾਕਾ ਨੀਲਾ ਤਾਰਾ ਤੇ ਨਵੰਬਰ 1984 ਸਿੱਖ ਕਤਲੇਆਮ ਮਾਮਲਿਆਂ ਵਿਚ ਨਿਆਂ ਦਿਵਾਉਣ ਦੀ ਅਪੀਲ ਕੀਤੀ ਹੈ।
  ਅੱਜ ਸ਼ਾਮ ਅੰਮ੍ਰਿਤਸਰ ਪੁੱਜੇ ਸਕੱਤਰ ਜਨਰਲ ਨੇ ਲਗਪਗ ਸਵਾ ਘੰਟਾ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਬਿਤਾਇਆ। ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਸਮੇਂ ਉਹ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿਚ ਗਏ, ਜਿਥੇ ਉਨ੍ਹਾਂ ਲੰਗਰ ਛਕਿਆ ਅਤੇ ਲੰਗਰ ਦੀ ਪ੍ਰਥਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਪਰਿਕਰਮਾ ਕਰਦਿਆਂ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਾਇਆ ਗਿਆ। ਸਿੱਖ ਰੈਫਰੈਂਸ ਲਾਇਬਰੇਰੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਦੱਸਿਆ ਕਿ ਸਾਕਾ ਨੀਲਾ ਤਾਰਾ ਫੌਜੀ ਹਮਲੇ ਸਮੇਂ ਇਸ ਲਾਇਬਰੇਰੀ ਨੂੰ ਸਾੜ ਦਿੱਤਾ ਗਿਆ ਸੀ ਅਤੇ ਸਿੱਖ ਧਰਮ ਦਾ ਅਮੁੱਲਾ ਖਜ਼ਾਨਾ ਫੌਜ ਚੁੱਕ ਕੇ ਲੈ ਗਈ ਸੀ। ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਉਨ੍ਹਾਂ ਨੂੰ ਸਿਰੋਪਾਓ ਅਤੇ ਪਤਾਸਿਆਂ ਦਾ ਪ੍ਰਸ਼ਾਦ ਭੇਟ ਕੀਤਾ। ਉਹ ਕੁਝ ਸਮਾਂ ਗੁਰਬਾਣੀ ਦਾ ਕੀਰਤਨ ਵੀ ਸੁਣਨਾ ਚਾਹੁੰਦੇ ਸਨ ਪਰ ਅਧਿਕਾਰੀਆਂ ਵੱਲੋਂ ਲਗਾਤਾਰ ਉਨ੍ਹਾਂ ਨੂੰ ਜਲਦੀ ਚੱਲਣ ਲਈ ਕਿਹਾ ਜਾ ਰਿਹਾ ਸੀ। ਇਸ ਦੌਰਾਨ ਉਹ ਸ੍ਰੀ ਅਕਾਲ ਤਖ਼ਤ ਵੀ ਗਏ, ਜਿਥੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਇਸ ਦੇ ਇਤਿਹਾਸ ਅਤੇ ਸਰਵਉਚਤਾ ਬਾਰੇ ਜਾਣਕਾਰੀ ਦਿੱਤੀ। ਉਪਰੰਤ ਸੂਚਨਾ ਕੇਂਦਰ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਮੁੱਖ ਸਕੱਤਰ ਡਾ. ਰੂਪ ਸਿੰਘ, ਮੈਂਬਰ ਬੀਬੀ ਕਿਰਨਜੋਤ ਕੌਰ ਆਦਿ ਨੇ ਉਨ੍ਹਾਂ ਨੂੰ ਸਿਰੋਪਾਓ, ਲੋਈ ਅਤੇ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ , ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ।
  ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਉਨ੍ਹਾਂ ਆਖਿਆ ਕਿ ਇਸ ਰੂਹਾਨੀ ਅਸਥਾਨ ’ਤੇ ਆ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਅਤੇ ਉਹ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰ ਰਹੇ ਹਨ ਕਿ ਇਥੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਆਖਿਆ ਕਿ ਇਹ ਉਹ ਅਸਥਾਨ ਹੈ, ਜਿਥੇ ਹਰ ਧਰਮ ਦਾ ਵਿਅਕਤੀ ਪ੍ਰਾਰਥਨਾ ਕਰ ਸਕਦਾ ਹੈ। ਉਨ੍ਹਾਂ ਨੇ ਸਿੱਖ ਭਾਈਚਾਰੇ ਦੀ ਸ਼ਲਾਘਾ ਕੀਤੀ ਅਤੇ ਆਖਿਆ ਕਿ ਉਹ ਸਿੱਖਾਂ ਨੂੰ ਨੇੜਿਉਂ ਜਾਣਦੇ ਹਨ। ਉਨ੍ਹਾਂ ਦੀ ਆਮਦ ‘ਤੇ ਸ਼੍ਰੋਮਣੀ ਕਮੇਟੀ ਵਲੋਂ ‘ਰੈਡ ਕਾਰਪੇਟ’ ਸਵਾਗਤ ਕੀਤਾ ਗਿਆ। ਸਮੁੱਚੀ ਪਰਿਕਰਮਾ ਅਤੇ ਦਰਸ਼ਨੀ ਡਿਉਢੀ ਪੁਲ ਤੇ ਵੀ ਵਿਸ਼ੇਸ਼ ਤੌਰ ’ਤੇ ਲਾਲ ਰੰਗ ਦਾ ਗਲੀਚਾ ਵਿਛਾਇਆ ਹੋਇਆ ਸੀ।
  ਇਥੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੂੰ ਇਕ ਮੰਗ ਪੱਤਰ ਵੀ ਸੌਂਪਿਆ, ਜਿਸ ਵਿੱਚ ਸ੍ਰੀ ਹਰਿਮੰਦਰ ਸਾਹਿਬ ਤੇ ਫੌਜੀ ਹਮਲੇ ਅਤੇ ਸਿੱਖ ਕਤਲੇਆਮ ਮਾਮਲਿਆਂ ਵਿਚ ਨਿਆਂ ਦਿਵਾਉਣ ਦੀ ਮੰਗ ਕੀਤੀ ਗਈ। ਵਿਦੇਸ਼ਾਂ ਵਿਚ ਰਹਿ ਰਹੇ ਸਿੱਖਾਂ ਨੂੰ ਦਰਪੇਸ਼ ਸਿੱਖ ਸ਼ਨਾਖਤ ਦਾ ਮਾਮਲਾ ਵੀ ਉਨ੍ਹਾਂ ਅੱਗੇ ਰੱਖਿਆ ਗਿਆ। ਸ਼੍ਰੋਮਣੀ ਕਮੇਟੀ ਨੇ ਆਖਿਆ ਕਿ ਸਮੁੱਚਾ ਸਿੱਖ ਭਾਈਚਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਿਹਾ ਹੈ ਅਤੇ ਇਸ ਮੌਕੇ ਸਿੱਖ ਭਾਈਚਾਰਾ ਪਾਕਿਸਤਾਨ ਵਿਚਲੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦਾ ਹੈ, ਜਿਥੇ ਗੁਰੂ ਸਾਹਿਬ ਨੇ ਆਪਣਾ ਆਖਰੀ ਸਮਾਂ ਬਿਤਾਇਆ ਸੀ। ਇਸ ਵਾਸਤੇ ਖੁੱਲੇ ਲਾਂਘੇ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਜੇਕਰ ਇਹ ਖੁੱਲ੍ਹਾ ਲਾਂਘਾ ਮਿਲਦਾ ਹੈ ਤਾਂ ਇਸ ਨਾਲ ਇਸ ਖਿੱਤੇ ਵਿਚ ਅਮਨ ਅਤੇ ਸ਼ਾਂਤੀ ਸਥਾਪਤ ਹੋਵੇਗੀ। ਸ੍ਰੀ ਲੌਂਗੋਵਾਲ ਨੇ ਆਖਿਆ ਕਿ ਮੰਗ ਪੱਤਰ ਲੈਣ ਮਗਰੋਂ ਸ੍ਰੀ ਗੁਟੇਰੇਜ਼ ਨੇ ਹਾਂ ਪੱਖੀ ਹੁੰਗਾਰਾ ਦਿੱਤਾ ਹੈ।
  ਇਥੇ ਹਵਾਈ ਅੱਡੇ ‘ਤੇ ਪੁੱਜਣ ਮੌਕੇ ਪੰਜਾਬ ਸਰਕਾਰ ਵੱਲੋਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਉਨ੍ਹਾਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ ਸ੍ਰੀ ਹਰਦੀਪ ਸਿੰਘ ਪੁਰੀ ਵੀ ਹਾਜ਼ਰ ਸਨ।

  ਬਠਿੰਡਾ - ਬਠਿੰਡਾ ਦੀ ਅਦਾਲਤ ਨੇ ਡੇਰਾ ਸਿਰਸਾ ਪ੍ਰੇਮੀਆਂ ਵੱਲੋਂ ਦਰਜ ਕਰਵਾਏ ਕੇਸਾਂ ਵਿਚੋਂ ਸਿੱਖ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਤੇ ਦੋ ਹੋਰਾਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਲ ਖ਼ਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਨੇ ਦੋਸ਼ ਲਾਇਆ ਕਿ ਬਾਦਲਾਂ ਨੇ ਡੇਰਾ ਪੈਰੋਕਾਰਾਂ ਤੋਂ ਵੋਟਾਂ ਲੈਣ ਤੇ ਸਿੱਖ ਪੰਥ ਦੇ ਉਲਟ ਕਾਰਵਾਈਆਂ ਕਰਵਾਉਣ ਲਈ ਵੱਖ ਵੱਖ ਸਮੇਂ ਸਿੱਖਾਂ ਨੂੰ ਝੂਠੇ ਕੇਸਾਂ ਵਿਚ ਫਸਾਇਆ। ਇਸ ਮੌਕੇ ਉਨ੍ਹਾਂ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਦੱਸਿਆ ਕਿ ਬਠਿੰਡਾ ਸੈਸ਼ਨ ਅਦਾਲਤ ਦੇ ਜੱਜ ਬਲਜਿੰਦਰ ਸਿੰਘ ਨੇ 9 ਸਾਲ ਪਹਿਲਾਂ ਆਈਪੀਸੀ ਦੀ ਧਾਰਾ 342, 323, 332, 353, 186, 427, 149 ਤਹਿਤ ਦਰਜ ਕੇਸ ’ਚੋਂ ਬਾਬਾ ਹਰਦੀਪ ਸਿੰਘ, ਰਣਜੀਤ ਸਿੰਘ ਤੇ ਘੁੱਦਰ ਸਿੰਘ ਵਾਸੀ ਮਹਿਰਾਜ ਨੂੰ ਬਰੀ ਕਰ ਦਿੱਤਾ ਹੈ।
  ਦੱਸਣਯੋਗ ਹੈ ਕਿ 4 ਅਕਤੂਬਰ 2009 ਨੂੰ ਡੇਰਾ ਸਿਰਸਾ ਪੈਰੋਕਾਰਾਂ ਸਤਪਾਲ ਤੇ ਸ਼ਾਮ ਲਾਲ ਨੇ ਥਾਣਾ ਫੂਲ ਵਿਚ ਦਰਖ਼ਾਸਤ ਦਿੱਤੀ ਸੀ ਕਿ ਉਹ ਸਵੇਰੇ ਮਹਿਰਾਜ ਪਿੰਡ ਦੀ ਅਨਾਜ ਮੰਡੀ ਵਿਚ ਨਾਮ ਚਰਚਾ ਕਰ ਰਹੇ ਸਨ ਤਾਂ ਸਾਢੇ ਸੱਤ ਵਜੇ ਇਸ ਸਾਰੇ 80-90 ਵਿਅਕਤੀਆਂ ਨਾਲ ਆਏ ਤੇ ਉਨ੍ਹਾਂ ’ਤੇ ਹੱਲਾ ਬੋਲ ਦਿੱਤਾ ਅਤੇ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਸਬੰਧ ਵਿਚ ਫੂਲ ਅਦਾਲਤ ਦੇ ਜੱਜ ਸੁਮਿਤ ਭੱਲਾ ਵੱਲੋਂ 4 ਨਵੰਬਰ 2016 ਨੂੰ ਇਨ੍ਹਾਂ ਨੂੰ ਤਿੰਨ-ਤਿੰਨ ਸਾਲ ਦੀ ਕੈਦ ਤੇ 25-25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ, ਜਿਸ ਖ਼ਿਲਾਫ਼ ਬਾਬਾ ਹਰਦੀਪ ਸਿੰਘ ਤੇ ਹੋਰਾਂ ਵੱਲੋਂ ਬਠਿੰਡਾ ਅਦਾਲਤ ਵਿਚ ਅਪੀਲ ਕੀਤੀ ਗਈ, ਜਿਸ ’ਤੇ ਅਦਾਲਤ ਨੇ ਤਿੰਨਾਂ ਨੂੰ ਬਰੀ ਕਰ ਦਿੱਤਾ ਹੈ।

  ਨਿਹਾਲ ਸਿੰਘ ਵਾਲਾ - ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਨਿਹਾਲ ਸਿੰਘ ਵਾਲਾ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਬਰਗਾੜੀ ਮੋਰਚੇ ਵਿੱਚ ਪਹੁੰਚਣ ਦੀ ਅਪੀਲ ਕੀਤੀ। ਸ੍ਰੀ ਖਹਿਰਾ ਨੇ ਇਥੇ ਵਿਕਰਾਜ ਪੈਲੇਸ ਵਿੱਚ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਅਤੇ 7 ਅਕਤੂਬਰ ਨੂੰ ਬਿਨਾਂ ਕਾਰਨ ਰੈਲੀਆਂ ਕਰਨ ਦਾ ਫ਼ਤਵਾ ਦਿੰਦਿਆਂ ਕਿਹਾ ਕਿ ਕੈਪਟਨ ਦੇ ਰਾਜ ਵਿੱਚ ਭ੍ਰਿਸ਼ਟਾਚਾਰ, ਨਸ਼ੇ ਅਤੇ ਮਾਫ਼ੀਆ ਸਰਗਰਮ ਹਨ। ਅਕਾਲੀਆਂ ਨੇ ਪੰਜਾਬ ਲੁੱਟ ਕੇ ਖਾ ਲਿਆ। ਉਨ੍ਹਾਂ ਕਿਹਾ ਕਿ ਜੇ ਬਾਦਲ ਪਿਉ-ਪੁੱਤ ਸਿਆਸਤ ਛੱਡ ਦੇਣ ਤਾਂ ਪੰਜਾਬ ਬਚ ਸਕਦਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ’ਤੇ ਵਰ੍ਹਦਿਆਂ ਕਿਹਾ ਕਿ ਲੋਕ ਇੱਥੇ ਮੁੱਦਿਆਂ ਦੀ ਲੜਾਈ ਲੜ ਰਹੇ ਹਨ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਿੱਲੀ ਬੈਠੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਾਲਿਆਂ ਨੇ ਪੰਜਾਬ ਅਤੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਮਨਮਰਜ਼ੀ ਨਾਲ ਟਿਕਟਾਂ ਦਿੱਤੀਆਂ ਅਤੇ ਜਿਸ ਨੂੰ ਦਿਲ ਕੀਤਾ ਗੈਰ-ਜ਼ਮਹੂਰੀ ਢੰਗ ਨਾਲ ਕੱਢਿਆ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਮੋਰਚਾ ਧਰਮ ਦੀ ਲੜਾਈ ਨਹੀਂ ਇਨਸਾਫ਼ ਦੀ ਲੜਾਈ ਹੈ। ਕਿਸੇ ਧਰਮ ਨਾਲ ਵੀ ਇੰਝ ਹੋ ਸਕਦਾ ਹੈ, ਸਾਨੂੰ ਵਧ ਚੜ੍ਹ ਕੇ ਮੋਰਚੇ ਦਾ ਸਾਥ ਦੇਣਾ ਚਾਹੀਦਾ ਹੈ। ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਸ੍ਰੀ ਖਹਿਰਾ ਨੇ ਕਿਹਾ ਕਿ ਉਹ ਤਾਂ ਹਲਕਾ ਵਿਧਾਇਕਾਂ ਨੂੰ ਅਪੀਲ ਹੀ ਕਰ ਸਕਦੇ ਹਨ। ਬਾਕੀ ਉਨ੍ਹਾਂ ਦੀ ਮਰਜ਼ੀ ਹੈ ਕਿ ਉਨ੍ਹਾਂ ਨੇ ਦਿੱਲੀ ਵਾਲਿਆਂ ਦੀ ਸੁਣਨੀ ਹੈ ਜਾਂ ਉਨ੍ਹਾਂ ਦੀ, ਜਿਨ੍ਹਾਂ ਨੇ ਉਨ੍ਹਾਂ ਨੂੰ ਵਿਧਾਇਕ ਬਣਾਇਆ ਹੈ।
  ਇਸ ਮੌਕੇ ਬਲਾਕ ਸਮਿਤੀ ਮੈਂਬਰ ਕੁਲਦੀਪ ਸਿੰਘ ਬਰਾੜ, ਬਲਾਕ ਸਮਿਤੀ ਮੈਂਬਰ ਸਰਬਜੀਤ ਸਿੰਘ, ਕੁਲਵੰਤ ਸਿੰਘ ਗਰੇਵਾਲ, ਜਗਦੇਵ ਸਿੰਘ ਲੁਹਾਰਾ, ਡਾ. ਰਾਜਵੀਰ ਸਿੰਘ ਖਾਲਸਾ, ਚਮਕੌਰ ਸਿੰਘ ਬਰਾੜ, ਅਰਵਿੰਦ ਰਾਣਾ, ਬਲਵਿੰਦਰ ਘੋਲੀਆ, ਦਵਿੰਦਰ ਸਿੰਘ ਲੁਹਾਰਾ, ਬਲਬੀਰ ਫੌਜੀ, ਬਲਦੇਵ ਸਿੰਘ ਡਾਲਾ, ਜੀਤ ਬਾਠ, ਮਹਿੰਦਰ ਸਿੰਘ ਧੂੜਕੋਟ, ਅਮਰਜੀਤ ਸਿੰਘ ਸੈਦੋ ਕੇ ਆਦਿ ਸਮੇਤ ਵੱਡੀ ਗਿਣਤੀ ਵਿੱਚ ਆਪ ਵਰਕਰ ਤੇ ਸਮਰਥਕ ਮੌਜੂਦ ਸਨ।

  ਨਵੀਂ ਦਿੱਲੀ - ਪੰਜਾਬ ਵਿੱਚ ਬਜ਼ੁਰਗ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ ਬਾਰੇ ਅਪਣਾਏ ਰਵੱਈਏ ਦਾ ਅਸਰ ਦਿੱਲੀ ਦੀ ਸਿੱਖ ਸਿਆਸਤ ’ਤੇ ਵੀ ਪੈਣ ਲੱਗਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ ਪ੍ਰਦੇਸ਼ ਇਕਾਈ) ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨਾਲ ਬੀਤੇ ਮਹੀਨੇ ਅਮਰੀਕਾ ਵਿੱਚ ਵਾਪਰੀਆਂ ਘਟਨਾਵਾਂ ਮਗਰੋਂ ਕਮੇਟੀ ਪ੍ਰਧਾਨ ਜਿੱਥੇ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਏ ਸਨ ਉੱਥੇ ਹੀ ਦਿੱਲੀ ਦੀ ਸਿੱਖ ਰਾਜਨੀਤੀ ਵੀ ਤਬਦੀਲੀ ਦਾ ਰਾਹ ਤੱਕਣ ਲੱਗੀ ਹੈ।
  ਬਾਦਲ ਧੜੇ ਵੱਲੋਂ ਚਿਰ ਪਿੱਛੋਂ ਪਾਰਟੀ ਅਹੁਦੇਦਾਰਾਂ ਦੀ ਹੰਗਾਮੀ ਬੈਠਕ ਬੁਲਾਈ ਗਈ ਤੇ ਨਾਰਾਜ਼ ਆਗੂਆਂ ਨੂੰ ਮਨਾਉਣ ਲਈ ਧੜਾ-ਧੜ ਦਿੱਲੀ ਇਕਾਈ ਦਾ ਵਿਸਥਾਰ ਕਰਨ ਖ਼ਾਤਰ ਦਿੱਲੀ ਨੂੰ 6 ਜ਼ੋਨਾਂ ਉੱਤਰੀ, ਪੂਰਬੀ, ਕੇਂਦਰੀ, ਦੱੱਖਣੀ, ਪੱਛਮੀ-1 ਤੇ ਪੱਛਮੀ-2 ਵੰਡਿਆ ਗਿਆ ਹੈ। ਦਿੱਲੀ ਕਮੇਟੀ ਦੇ ਸਾਰੇ 46 ਚੋਣ ਹਲਕਿਆਂ ਦੇ ਸਰਕਲ ਜਥੇਦਾਰ ਬਣਾਏ ਜਾਣਗੇ ਤੇ ਇਸਤਰੀ ਅਕਾਲੀ ਦਲ ਦੀਆਂ ਸਥਾਨਕ ਪ੍ਰਧਾਨਗੀਆਂ ਵੀ ਵੰਡੀਆਂ ਜਾਣਗੀਆਂ।
  ਦਿੱਲੀ ਦੇ ਇਸ ਧੜੇ ਵਿੱਚ ਚੱਲ ਰਹੀ ਰੱਸਾਕਸ਼ੀ ਨੂੰ ਠੱਲ੍ਹਣ ਦੀ ਤਾਕੀਦ ਸਾਰੇ ਮੁੱਖ ਆਗੂਆਂ ਵੱਲੋਂ ਅੱਜ ਹੋਈ ਮੀਟਿੰਗ ਵਿੱਚ ਕੀਤੀ ਗਈ ਜੋ ਖ਼ੁਦ ਇਸ ’ਤੇ ਸਵਾਰ ਹਨ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੰਦਰੋ-ਅੰਦਰੀਂ ਨਾਰਾਜ਼ ਕਮੇਟੀ ਮੈਂਬਰਾਂ ਨੂੰ ਸਮਾਂ ਨਾ ਦੇਣ ਦੀ ਸਫ਼ਾਈ ਦਿੱਤੀ, ‘ਮੈਂ ਕਿਸੇ ਵੀ ਮੈਂਬਰ ਨੂੰ ਮਿਲਣ ਦਾ ਸਮਾਂ ਦੇਣ ਤੋਂ ਮੈਂ ਕਦੇ ਇਨਕਾਰ ਨਹੀਂ ਕੀਤਾ ਪਰ ਅਸੀਂ ਕਮੇਟੀ ਚੋਣਾਂ ਕਾਰਕੁਨਾਂ ਦੀ ਮਿਹਨਤ ਦੇ ਸਿਰ ’ਤੇ ਜਿੱਤਦੇ ਆਏ ਹਾਂ ਇਸ ਲਈ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸੱਟ ਨਹੀਂ ਮਾਰੀ ਜਾਵੇਗੀ’। ਉਨ੍ਹਾਂ ਆਗੂਆਂ ਨੂੰ ਜ਼ਾਬਤੇ ਵਿੱਚ ਰਹਿ ਕੇ ਕੰਮ ਕਰਨ ਤੇ ਮੈਂਬਰਾਂ ਨੂੰ ਆਪਣੇ ਦਾਇਰੇ ਵਿੱਚ ਰਹਿਣ ਦੀ ਤਾਕੀਦ ਕੀਤੀ। ਬੇਅਦਬੀਆਂ ਦੇ ਮੁੱਦੇ ’ਤੇ ਉਹ ਸਿੱਖ ਭਾਈਚਾਰੇ ਦੇ ਲੋਕਾਂ ਕੋਲ ਜਾਣਗੇ।
  ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕੁਝ ਮੈਂਬਰਾਂ ਦੇ ਮਨਾਂ ਵਿੱਚ ਕੁਝ ਸ਼ਿਕਾਇਤਾਂ ਹਨ ਤਾਂ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਦੇ ਨਾਲ ਬੰੰਦ ਕਮਰਾ ਮੀਟਿੰਗ ਕਰਨੀ ਚਾਹੀਦੀ ਹੈ। ਅਨੁਸ਼ਾਸ਼ਨਹੀਣਤਾ ਕੋਈ ਵੀ ਕਰੇ ਉਸ ਖ਼ਿਲਾਫ਼ ਡੱਟ ਕੇ ਕਾਰਵਾਈ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਉਣ ਮਗਰੋਂ ਦਿੱਲੀ ਦੇ ਸਿੱਖਾਂ ਵਿੱਚ ਪੈਦਾ ਹੋਏ ਤੌਖਲਿਆਂ ਨੂੰ ਲੈ ਕੇ ਦਿੱਲੀ ਦੇ ਅਕਾਲੀ ਵੀ ਰੈਲੀਆਂ ਕਰਨ ਦੇ ਰਾਹ ਤੁਰ ਪਏ ਹਨ। ਆਉਣ ਵਾਲੇ ਦਿਨਾਂ ਦੌਰਾਨ ਕਮੇਟੀ ਦੀਆਂ ਸਿੱਖਿਆ ਸੰਸਥਾਵਾਂ ਦੀਆਂ ਅਹੁਦੇਦਾਰੀਆਂ ਦੇ ਕੇ ਵੀ ਨਾਰਾਜ਼ ਆਗੂਆਂ ਨੂੰ ਖੁਸ਼ ਕੀਤਾ ਜਾਵੇਗਾ। ਮੀਟਿੰਗ ਵਿੱਚ ਮੁੱਖ ਆਗੂ ਸ਼ਾਮਲ ਸਨ।
  ਸ਼੍ਰੋਮਣੀ ਅਕਾਲੀ ਦਲ ਦੀ ਬੈਠਕ ਦੌਰਾਨ ਦਿੱਲੀ ਕਮੇਟੀ ਦੇ ਬੰਦ ਹੋਏ ਅਦਾਰੇ ਦੇ 8-10 ਮੁਲਾਜ਼ਮਾਂ ਨੇ ਖੌਰੂ ਪਾਇਆ ਤੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ। ਇਹ ਮੁਲਾਜ਼ਮ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅੱਗੇ ਆਪਣਾ ਪੱਖ ਰੱਖਣਾ ਚਾਹੁੰਦੇ ਸਨ। ਸੂਤਰਾਂ ਮੁਤਾਬਕ ਇਹ ਮੁਲਾਜ਼ਮ ਪਹਿਲਾਂ ਸੰਸਥਾ ਵਿੱਚ ਕੰਮ ਕਰਦੇ ਰਹੇ ਹਨ ਤੇ ਆਪਣੀਆਂ ਬਕਾਇਆ ਤਨਖ਼ਾਹਾਂ ਦਾ ਦਾਅਵਾ ਕਰ ਰਹੇ ਸਨ। ਉਨ੍ਹਾਂ ਵੱਲੋਂ ਅਵਤਾਰ ਸਿੰਘ ਹਿਤ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਗਈ। 

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com