-ਤੀਰਥ ਸਿੰਘ ਢਿੱਲੋਂ* ਕੀਰਤਨ ਦੀ ਪ੍ਰੰਪਰਾ ਦੇ ਮੋਢੀ ਗੁਰੂ ਨਾਨਕ ਦੇਵ ਨੇ ਰਬਾਬੀ ਭਾਈ ਮਰਦਾਨੇ ਨੂੰ ਆਪਣੀਆਂ ਪ੍ਰਚਾਰ ਫੇਰੀਆਂ ਦੌਰਾਨ ਆਪਣੇ ਨਾਲ ਰੱਖਿਆ ਤੇ ਉਸ ਨੂੰ ਭਾਈ ਦਾ ਖਿਤਾਬ ਦੇ ਕੇ ਨਵਾਜਿਆ। ਉਥੋਂ ਹੀ ਰਬਾਬੀ ਪ੍ਰੰਪਰਾ ਦੀ ਸ਼ੁਰੂਆਤ ਹੋਈ। ਗੁਰੂ ਸਾਹਿਬ ਨੇ ਰਬਾਬ ਦੇ ਜ਼ਰੀਏ ਕੀਰਤਨ ਗਾਇਨ ਕਰਕੇ ਇੱਕ ਪ੍ਰਕਾਰ ਨਾਲ ਤੰਤੀ ਸਾਜਾਂ ਨਾਲ ਕੀਰਤਨ ਦੀ ਪ੍ਰੰਪਰਾ ਦੀ ਨੀਂਹ ਰੱਖੀ। ਅੱਜ ਉਹ ਪ੍ਰੰਪਰਾ ਅਲੋਪ ਹੋਣ ਦੇ ਕੰਢੇ ਹੈ। ਇਸ ਪ੍ਰੰਪਰਾ ਨੂੰ ਸੁਰਜੀਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1999 ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰਮਤਿ ਸੰਗੀਤ ਅਕੈਡਮੀ ਦੀ ਸਥਾਪਨਾ ਦਾ ਸ਼ਲਾਘਾਯੋਗ ਕਾਰਜ ਕੀਤਾ ਗਿਆ। ਇਸ ਦਾ ਸੁਝਾਅ ਉਸ ਵੇਲੇ ਦੇ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਪ੍ਰੋ. ਮਨਜੀਤ ਸਿੰਘ ਨੇ ਦਿੱਤਾ ਸੀ, ਜਿਸ ਨੂੰ ਤਤਕਾਲੀ ਪ੍ਰਧਾਨ ਸ਼੍ਰੋਮਣੀ ਕਮੇਟੀ ਬੀਬੀ ਜਗੀਰ ਕੌਰ ਨੇ ਪ੍ਰਵਾਨ ਕਰਦਿਆਂ ਇਸ ਦੀ ਸਥਾਪਨਾ ਦੇ ਆਦੇਸ਼ ਜਾਰੀ ਕੀਤੇ। 17 ਦਸੰਬਰ 1999 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਅਕੈਡਮੀ ਦੀ ਆਰੰਭਤਾ ਲਈ ਅਰਦਾਸ ਕੀਤੀ ਗਈ, ਜਿਸ ਵਿੱਚ ਸਿੱਖ ਪੰਥ ਦੀਆਂ ਨਾਮਵਰ ਹਸਤੀਆਂ ਨੇ ਹਿੱਸਾ ਲਿਆ। ਮਹਾਨ ਸੰਗੀਤ ਅਚਾਰੀਆ ਅਤੇ ਸ਼੍ਰੋਮਣੀ ਰਾਗੀ ਪ੍ਰੋ. ਕਰਤਾਰ ਸਿੰਘ ਨੂੰ ਇਸ ਦੇ ਬਾਨੀ ਡਾਇਰੈਕਟਰ ਨਿਯੁਕਤ ਕੀਤਾ ਗਿਆ, ਜਿਹੜੇ ਹੁਣ ਤੱਕ ਬਹੁਤ ਲਗਨ, ਉੱਦਮ ਅਤੇ ਵਡੇਰੀ ਉਮਰ ਦੇ ਬਾਵਜੂਦ ਪੂਰੇ ਸਮਰਪਣ ਨਾਲ ਇਹ ਸੇਵਾ ਬਾਖੂਬੀ ਨਿਭਾ ਰਹੇ ਹਨ।