ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਬਿਨੁ ਨਾਵੈ ਪੂਜ ਨ ਹੋਇ॥

  - ਗੁਰਸ਼ਰਨ ਸਿੰਘ ਕਸੇਲ
  ਵੇਖਦੇ ਹਾਂ ਗੁਰਬਾਣੀ ਦਾ ਇਹ ਪੂਰਾ ਸ਼ਬਦ ਅਤੇ ਕੁਝ ਵਿਚਾਰ।
  ਨੂੰਤੋਂ ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ॥ ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ॥1॥ ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ॥1॥ ਰਹਾਉ॥ ਬਾਹਰਿ ਦੇਵ ਪਖਾਲੀਅਹਿ ਜੇ ਮਨੁ ਧੋਵੈ ਕੋਇ॥ ਜੂਠਿ ਲਹੈ ਜੀਉ ਮਾਜੀਐ ਮੋਖ ਪਇਆਣਾ ਹੋਇ॥2॥ ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ॥ ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ॥3॥ ਨੇੜਾ ਹੈ ਦੂਰਿ ਨ ਜਾਣਿਅਹੁ ਨਿਤ ਸਾਰੇ ਸੰਮ੍ਹਾਲੇ॥ ਜੋ ਦੇਵੈ ਸੋ ਖਾਵਣਾ ਕਹੁ ਨਾਨਕ ਸਾਚਾ ਹੇ॥ (ਮ:1,ਪੰਨਾ 489)


  ਉਪਰ ਦਿੱਤੇ ਸ਼ਬਦ ਬਾਰੇ ਵਿਚਾਰ ਕਰਨ ਦਾ ਸਬੱਬ ਇੰਝ ਅਚਾਨਕ ਬਣਿਆਂ। ਕਿਸੇ ਸੱਜਣ ਕੋਲ ਗਏ ਸੀ, ਉਥੇ ਬੈਠਿਆਂ ਗੁਰਬਾਣੀ ਬਾਰੇ ਗੱਲ ਚਲ ਪਈ। ਉਹਨਾਂ ਵਿੱਚੋਂ ਇੱਕ ਜਾਣਾ ਆਖਦਾ “ਗੁਰਬਾਣੀ ਵਿੱਚ ਲਿਖਿਆ ਹੈ ਕਿ ਨ੍ਹਾਉਣ ਤੋਂ ਬਿਨਾ ਪੂਜਾ ਪਾਠ ਨਹੀਂ ਹੁੰਦਾ”। ਉਸਨੂੰ ਪੁੱਛਿਆ ਉਹ ਕਿਹੜਾ ਸ਼ਬਦ ਹੈ, ਉਹ ਬੋਲਿਆ, “ਬਿਨੁ ਨਾਵੈ ਪੂਜ ਨ ਹੋਇ” ਹੈ। ਉਸਨੂੰ ਦੱਸਿਆ ਵੀਰਾ “ਨਾਵੈ” ਦਾ ਮਤਲਬ ਨ੍ਹਾਉਣਾ ਨਹੀਂ ਹੈ। ਇਸ ਦਾ ਮਤਲਬ ਇਸ ਸ਼ਬਦ ਵਿੱਚ “ਨਾਮ” ਜਾਂਨੀ ਕਿ ਗਿਆਨ ਹੈ। ਸਿੱਖ ਧਰਮ ਤਾਂ ਸ਼ੁਰੂ ਹੀ ਗਿਆਨ, ਸੁਰਤ ਅਤੇ ਦਲੀਲ ਤੋਂ ਹੋਇਆ ਹੈ:
  ਸਬਦੁ ਗੁਰੂ, ਸੁਰਤਿ ਧੁਨਿ ਚੇਲਾ॥ (ਪੰਨਾ 942)
  ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥ (ਪੰਨਾ 471)
  ਬਿੰਦੁ ਰਾਖਿ ਜੌ ਤਰੀਐ ਭਾਈ॥ ਖੁਸਰੈ ਕਿਉ ਨ ਪਰਮ ਗਤਿ ਪਾਈ॥
  (ਪੰਨਾ 324)
  ਉਸ ਨੂੰ ਸਮਝਾਇਆ ਕਿ ਗੁਰਬਾਣੀ ਸਮਝਾਉਂਦੀ ਹੈ ਕਿ ਬਿਨਾ ਗਿਆਨ (ਸੋਝੀ) ਦੇ ਰੱਬ ਵੱਲੋਂ ਬਣਾਈ ਉਸ ਦੀ ਕੁਦਰਤ ਅਤੇ ਉਸ ਦੇ ਨਿਯਮਾਂ ਦੀ ਸਮਝ ਨਹੀਂ ਆ ਸਕਦੀ; ਜਾਂਨੀ ਕਿ ਅਧਿਆਤਮਿਕ ਸੋਝੀ ਲੈਣ ਲਈ ਵੀ ਅਕਲ ਦਾ ਹੋਣਾ ਬਹੁਤ ਜ਼ਰੂਰੀ ਹੈ। ਜਿਵੇਂ ਗੁਰਬਾਣੀ ਦਾ ਵਾਕ ਹੈ:
  ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ 1372)
  ਜਿਵੇਂ ਗੁਰੂ ਨਾਨਕ ਪਾਤਸ਼ਾਹ ਆਪਣੀ ਪਹਿਲੀ ਬਾਣੀ ਵਿੱਚ ਹੀ ਦੱਸਦੇ ਹਨ ਕਿ ਜੇ ਸਰੀਰ ਗੰਦਾ ਹੋਵੇ ਤਾਂ ਪਾਣੀ ਨਾਲ ਸਾਫ ਹੁੰਦਾ ਹੈ ਅਤੇ ਜੇ ਬੁੱਧ ਵਿਕਾਰਾਂ ਨਾਲ ਗੰਦੀ ਹੋ ਜਾਵੇ ਤਾਂ ਉਹ ਸੱਚੇ ਗਿਆਨ ਨਾਲ ਸਾਫ ਹੁੰਦੀ : ਭਰੀਐ ਹਥੁ ਪੈਰੁ ਤਨੁ ਦੇਹ॥ ਪਾਣੀ ਧੋਤੈ ਉਤਰਸੁ ਖੇਹ॥ ਮੂਤ ਪਲੀਤੀ ਕਪੜੁ ਹੋਇ॥ ਦੇ ਸਾਬੂਣੁ ਲਈਐ ਓਹੁ ਧੋਇ॥ ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ॥ (ਪੰਨਾ4)
  ਨ੍ਹਾਉਣ ਨਾਲ ਸਰੀਰ ਤੰਦਰੁਸਤ ਹੁੰਦਾ ਹੈ ਅਤੇ ਗੁਰਬਾਣੀ ਦੇ ਗਿਆਨ ਨਾਲ ਮਨ ਵਹਿਮਾਂ ਭਰਮਾ ਤੋਂ ਛੁਟਕਾਰਾ ਪਾ ਕੇ ਡਰ ਰਹਿਤ ਹੁੰਦਾ ਹੈ :
  ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ॥ (ਪੰਨਾ 611)
  ਜਿਵੇਂ ਗੁਰਬਾਣੀ ਦੇ ਇਸ ਸ਼ਬਦ ਵਿੱਚ 'ਨਾਵੈ' ਦਾ ਅਰਥ ਗਿਆਨ ਕਹਿ ਲਵੋ ਜਾਂ ਸੂਝ ਕਹਿ ਲਵੋ ਹੈ; ਇਵੇਂ ਹੀ ਗੁਰਬਾਣੀ ਵਿੱਚ 'ਸ਼ਬਦਿ ਮਰਹੁ' ਹੈ। ਇਸ ਦਾ ਮਤਲਬ ਗੁਰਬਾਣੀ ਦੀ ਸਿਖਿਆ ਨੂੰ ਆਪਣੇ ਜੀਵਨ ਵਿੱਚ ਢਾਲਣ ਦਾ ਹੈ :
  ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ॥ ਅੰਮ੍ਰਿਤੁ ਨਾਮੁ ਸਦਾ ਮਨਿ ਮੀਠਾ ਸਬਦੇ ਪਾਵੈ ਕੋਈ॥ (ਮ:3, ਪੰਨਾ 603)
  ਇਸ ਸੰਸਾਰ ਵਿੱਚ ਰਹਿੰਦਿਆਂ ਗਿਆਨ ਦਾ ਹੋਣਾ ਬਹੁਤ ਜਰੂਰੀ ਹੈ। ਉਹ ਭਾਵੇਂ ਕੋਈ ਕਾਰੋਬਾਰ ਹੋਵੇ ਤੇ ਭਾਂਵੇਂ ਧਾਰਮਿਕ ਕੰਮ ਹੀ ਕਿਉਂ ਨਾ ਹੋਣ। ਜਿਵੇਂ ਦੁਨੀਆਵੀ ਤੌਰ ਤੇ ਵੇਖਣ ਵਿੱਚ ਆਮ ਹੀ ਆਉਂਦਾ ਹੈ ਕਿ ਜਿਹੜਾ ਇਨਸਾਨ ਜੋ ਵੀ ਧੰਦਾ ਕਰਦਾ ਹੈ, ਉਸ ਦੀ ਇਹ ਮੰਨਸ਼ਾ ਹੁੰਦੀ ਹੈ ਕਿ ਉਸ ਦਾ ਗਾਹਕ ਜਿਹੜੀ ਚੀਜ ਲੈਣ ਆਇਆ ਹੈ, ਉਸਨੂੰ ਉਸ ਬਾਰੇ ਜਾਣਕਾਰੀ (ਗਿਆਨ) ਨਾ ਹੋਵੇ ਜਾਂ ਘੱਟ ਹੋਵੇ; ਤਾਂ ਕਿ ਉਹ ਉਸਨੂੰ ਆਪਣੀ ਮਰਜੀ ਅਨੁਸਾਰ ਆਪਣੀ ਵਸਤੂ ਵੇਚ ਸਕੇ।
  ਇਸੇ ਤਰ੍ਹਾਂ ਦੀ ਸੋਚ ਵਾਲੇ ਅੱਜ- ਕੱਲ੍ਹ ਸਾਡੇ ਕੁਝ ਧਾਰਮਿਕ ਪ੍ਰਚਾਰਕ ਵੀ ਸ਼ਾਮਿਲ ਹਨ, ਜੋ ਧਰਮ ਨੂੰ ਵੀ ਇੱਕ ਧੰਦੇ ਦੇ ਤੌਰ ਤੇ ਵਰਤ ਰਹੇ ਹਨ। ਉਹ ਵੀ ਇਹ ਹੀ ਚਾਹੁੰਦੇ ਹਨ ਕਿ ਸਿੱਖ ਗੁਰਬਾਣੀ ਪ੍ਰਤੀ ਆਪ ਸੂਝਵਾਨ ਨਾ ਹੋਣ ਅਤੇ ਸਿਰਫ ਉਹਨਾਂ ਕੋਲ ਆ ਕੇ ਹੀ ਇਸ ਬਾਰੇ ਜਾਣਨ। ਇਸ ਤਰ੍ਹਾਂ ਉਹਨਾਂ ਦੀ ਆਓ ਭਗਤ ਹੁੰਦੀ ਰਹੇ।
  ਇਸ ਤਰ੍ਹਾਂ ਦੀ ਸੋਚ ਵਾਲੇ ਇੱਕ ਮਸ਼ਹੂਰ ਕਥਾ ਵਾਚਕ ਨਾਲ ਵਾਪਰਿਆ ਵਾਕਿਆ ਆਪ ਨਾਲ ਸਾਂਝਾ ਕਰਦਾ ਹਾਂ। ਉਸ ਪ੍ਰਚਾਰਕ ਨੂੰ ਅਸੀਂ ਉਦੋਂ ਤੋਂ ਜਾਣਦੇ ਹਾਂ, ਜਦ ਉਹ ਅਜੇ ਮਸ਼ਹੂਰ ਨਹੀਂ ਸੀ ਹੋਇਆ। ਉਹ ਕਈ ਵਾਰ ਟੋਰਾਂਟੋ ਦੇ ਇਲਾਕੇ ਵਾਲੇ ਗੁਰਦੁਆਰਿਆਂ ਵਿੱਚ ਕਥਾ ਕਰਨ ਆਉਂਦਾ ਹੁੰਦਾ ਸੀ। ਮੈਂਨੂੰ ਉਸ ਨਾਲ ਮਿਲਣ ਦਾ ਸਬੱਬ ਮੇਰੇ ਜੀਜੇ (ਭਾਈਆ) ਕਰਕੇ ਬਣਿਆ ਸੀ। ਮੈਂ ਵੀ ਉਦੋਂ ਅਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਜਾਣਕਾਰੀ ਲੈਣੀ ਸ਼ੁਰੂ ਹੀ ਕੀਤੀ ਸੀ।
  ਇੱਕ ਦਿਨ ਮੈਂ ਤੇ ਮੇਰਾ ਜੀਜਾ ਉਸ ਪ੍ਰਚਾਰਕ ਜੀ ਨੂੰ ਟੋਰਾਂਟੋ ਦੇ ਇਲਾਕੇ ਵਾਲੇ ਗੁਰਦੁਆਰੇ ਉਹਨਾਂ ਦੇ ਕਮਰੇ ਵਿੱਚ ਮਿਲਣ ਗਏ, ਜਿਥੇ ਉਹ ਕਥਾ ਕਰਨ ਆਏ ਸਨ। ਕੁਝ ਚਿਰ ਗੱਲਾਂ ਕਰਦਿਆਂ ਉਹ ਮੇਰੇ ਜੀਜੇ ਨੂੰ ਆਖਦੇ “ਤੂੰ ਕੋਈ ਨਾ ਧਾਰਮਿਕ ਕਿਤਾਬ, ਨਾਂ ਟੀਵੀ, ਨਾਂ ਰੇਡੀਓ ਕੁਝ ਨਾ ਸੁਣਿਆਂ ਕਰ, ਸਿਰਫ ਸਿਮਰਨ ਕਰਿਆ ਕਰ ਤੇ ਸਾਡੇ ਕੋਲ ਆਇਆ ਕਰ”। ਮੈਂ ਉਹਨਾਂ ਨੂੰ ਕਿਹਾ ਕਿ ਜੇ ਇਹ ਟੀਵੀ ਅਖ਼ਬਾਰ ਆਦਿ ਕੁਝ ਵੀ ਨਹੀਂ ਸੁਣੇ-ਵੇਖੇਗਾ ਤਾਂ ਇਸ ਨੂੰ ਕੀ ਪਤਾ ਲੱਗੇਗਾ ਕਿ ਦੁਨੀਆਂ ਵਿੱਚ ਕੀ ਹੋ ਰਿਹਾ ਹੈ। ਪ੍ਰਚਾਰਕ ਜੀ ਕਹਿੰਦੇ, “ਇਹ ਸਿਮਰਨ ਕਰਨ ਨਾਲ ਆਪੇ ਸਮਝ ਆ ਜਾਂਦੀ ਹੈ”। ਫਿਰ ਮੈਂ ਕਿਹਾ, ਪਰ ਤੁਸੀਂ ਹੁਣ ਸਟੇਜ ਤੇ ਕਥਾ ਕਰਨ ਜਾਣਾ ਹੈ ਤਾਂ ਇਹ ਕਿਤਾਬਾਂ ਕਿਉਂ ਪੜ੍ਹ ਰਹੇ ਹੋ, ਤੁਹਾਨੂੰ ਆਪੇ ਕਥਾ ਕਿਉਂ ਨਹੀਂ ਆ ਜਾਂਦੀ। ਇਹ ਗੱਲ ਸੁਣ ਕੇ ਉਹ ਚੁੱਪ ਕਰ ਗਏ। ਮੇਰਾ ਜੀਜਾ ਉਹਨਾਂ ਜਾਂ ਉਹਨਾਂ ਵਰਗੇ ਹੋਰ ਪ੍ਰਚਾਰਕਾਂ ਨੂੰ ਜਿਹੜੇ ਪੰਜਾਬ ਤੋਂ ਆਉਂਦੇ ਸਨ, ਲੈ ਕੇ ਕਈ ਥਾਂਈ ਘੁਮਾਉਂਦਾ ਹੁੰਦਾ ਸੀ ਅਤੇ ਆਪਣੇ ਘਰ ਵੀ ਪ੍ਰਸ਼ਾਦਾ ਛਕਾਉਣ ਲਈ ਲਿਆਉਣਾ ਤੇ ਜਾਣ ਲੱਗਿਆਂ ਨੂੰ ਦੰਦ ਘਸਾਈ ਵੀ ਦੇਣੀ। (ਸੁਣਿਆਂ ਜਿਵੇਂ ਹਿੰਦੂ ਪੰਡਤ ਕਿਸੇ ਜਜਮਾਨ ਦੇ ਘਰ ਰੋਟੀ ਖਾਣ ਤੋਂ ਬਾਦ ਦੰਦ ਘਸਾਈ ਲੈਂਦਾ ਸੀ)
  ਆਪਣੇ ਲਾਲਚ ਅਤੇ ਹਉਮੈ ਵਿੱਚ ਗ੍ਰਹਿਸੇ ਧਾਰਮਿਕ ਅਖਵਾਉਣ ਵਾਲਿਆਂ ਲਈ ਗੁਰੂ ਜੀ ਨੇ ਉਸ ਸਮੇਂ ਦੇ ਪੁਜਾਰੀਆਂ ਨੂੰ ਉਹਨਾਂ ਵੱਲੋਂ ਜਨਤਾ ਨਾਲ ਕੀਤੀ ਜਾਂਦੀ ਕਮੀਨਗੀ ਤੋਂ ਸੁਚੇਤ ਕਰਨ ਲਈ ਇਹ ਸ਼ਬਦ ਉਚਾਰਿਆ ਸੀ, ਪਰ ਹੁਣ ਇਹ ਸ਼ਬਦ ਸਿੱਖ ਧਰਮ ਵਾਲਿਆਂ ਵਾਸਤੇ ਵੀ ਲਾਗੂ ਹੁੰਦਾ ਹੈ ਜਿਹੜੇ “ਸ਼ਬਦ ਗੁਰੂ” ਦਾ ਸਹੀ ਪ੍ਰਚਾਰ ਨਹੀਂ ਕਰਦੇ :
  ਝੂਠੁ ਨ ਬੋਲਿ ਪਾਡੇ ਸਚੁ ਕਹੀਐ॥ ਹਉਮੈ ਜਾਇ ਸਬਦਿ ਘਰੁ ਲਹੀਐ॥ (ਮ:1, ਪੰਨਾ 904)
  ਇਸ ਨਾਲ ਹੀ ਮਿਲਦਾ ਇਕ ਹੋਰ ਵਾਕਿਆ ਵੀ ਹੈ। ਇਹ ਗੱਲ ਸਾਡੇ ਪਿੰਡ ਕਸੇਲ ਦੀ ਹੈ। ਮੈਂ ਕੁਝ ਰਿਸ਼ਤੇਦਾਰਾਂ ਅਤੇ ਵਾਕਿਫ਼ਕਾਰਾਂ ਦੇ ਨਾਂਵਾਂ ਤੇ ਗੁਰਮਤਿ ਪ੍ਰਕਾਸ਼ ਅਤੇ ਸਿੱਖ ਫੁਲਵਾੜੀ ਮਾਸਿਕ ਰਸਾਲੇ ਲਵਾਏ ਸੀ। ਸਾਲ ਕੁ ਬਾਅਦ ਆਪਣੇ ਪਿੰਡ ਆਇਆ ਤਾਂ ਇੱਕ ਧਾਰਮਿਕ ਤੌਰ ਤੇ ਜਾਣੇ ਜਾਂਦੇ ਸੱਜਣ ਨੂੰ ਮਿਲਣ ਗਿਆ। ਉਸ ਨਾਲ ਗੱਲਾਂ ਕਰਦਿਆਂ ਪੁੱਛਿਆ ਕਿ ਗੁਰਮਤਿ ਪ੍ਰਕਾਸ਼ ਅਤੇ ਸਿੱਖ ਫੁਲਵਾੜੀ ਵਾਲੇ ਰਸਾਲੇ ਕਿਵੇਂ ਲੱਗੇ। ਉਸ ਸੱਜਣ ਨੇ ਅੱਗੋਂ ਆਖਿਆ, “ਮੈਂ ਤਾਂ ਕਦੀ ਪੜ੍ਹੇ ਹੀ ਨਹੀਂ; ਮੈਂ ਇੱਕ ਮਹਾਂਪੁਰਖਾਂ ਕੋਲ ਅੰਮ੍ਰਿਤਸਰ ਜਾਂਦਾ ਹਾਂ। ਉਹ ਕਹਿੰਦੇ ਹਨ, ਕਿ ਤੁਸੀਂ ਨਾਂ ਕੋਈ ਧਾਰਮਿਕ ਕਿਤਾਬ ਪੜ੍ਹਨੀ, ਨਾਂ ਅਖ਼ਬਾਰ, ਨਾਂ ਟੀਵੀ ਰੇਡੀਓ ਸੁਣਨਾ ਹੈ। ਮੇਰੇ ਕੋਲ ਆਇਆ ਕਰੋ, ਉਹ ਬਹੁਤ ਵੱਡੇ ਮਹਾਂਪੁਰਖ ਹਨ”। ਉਸ ਬਾਬੇ ਨੇ ਵੀ ਉਹੀ ਸੱਭ ਕੁਝ ਇਸ ਵੀਰ ਨੂੰ ਆਖਿਆ, ਜੋ ਸਾਨੂੰ ਸਾਡੇ ਵਾਕਫ ਕਥਾ ਵਾਚਕ ਨੇ ਆਖਿਆ ਸੀ।
  ਸੋ, ਅਜਿਹੀ ਸੋਚ ਵਾਲੇ ਬਣੇ ਪ੍ਰਚਾਰਕ ਤੇ ਬਾਬੇ ਆਪਣੀ ਐਸ਼ ਪ੍ਰਸਤੀ ਕਾਰਨ ਸਿੱਖਾਂ ਨੂੰ ਜਾਹਿਲ ਗਵਾਰ ਬਣਾਉਣਾ ਚਾਹੁੰਦੇ ਹਨ ਤਾਂ ਕਿ ਸਿੱਖ ਗੁਰਬਾਣੀ ਪ੍ਰਤੀ ਉਹਨਾਂ ਦੇ ਗੁਲਾਮ ਰਹਿਣ। ਅਜਿਹੇ ਧਾਰਮਿਕ ਦਿੱਖ ਵਾਲਿਆਂ ਦੀ ਅਸਲੀਅਤ ਬਾਰੇ ਗੁਰੂ ਜੀ ਸਮਝਾਉਂਦੇ ਹਨ:-
  ਹਿਰਦੈ ਜਿਨ੍ਹ ਕੈ ਕਪਟੁ ਵਸੈ ਬਾਹਰਹੁ ਸੰਤ ਕਹਾਹਿ॥ ਤ੍ਰਿਸਨਾ ਮੂਲਿ ਨ ਚੁਕਈ ਅੰਤਿ ਗਏ ਪਛੁਤਾਹਿ॥ (ਮ:3, ਪੰਨਾ 491)
  ਅੰਤਰਿ ਕਪਟੁ ਭਗਉਤੀ ਕਹਾਏ॥ ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ॥ (ਮ:3, ਪੰਨਾ 88)
  ਜਿਵੇਂ ਗੁਰਬਾਣੀ ਸਾਨੂੰ ਸੁਚੇਤ ਕਰਦੀ ਹੈ ਕਿ ਇਹ ਜਰੂਰੀ ਨਹੀਂ ਕਿ ਜਿਹੜਾ ਇਨਸਾਨ ਗੁਰੂ ਸਾਹਿਬ ਦੇ ਲਾਗੇ ਜਾਂ ਗੁਰਧਾਮਾਂ ਦੇ ਵਿੱਚ ਰਹਿੰਦਾ ਹੈ, ਉਸਨੇ ਵੀ ਆਪਣਾ ਜੀਵਨ ਗੁਰੂ ਦੀ ਸਿਖਿਆ ਅਨੁਸਾਰ ਢਾਲ ਲਿਆ ਹੋਵੇ:-
  ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ॥ ਚੰਦਨ ਕੈ ਨਿਕਟੇ ਬਸੈ ਬਾਂਸੁ ਸੁਗੰਧੁ ਨ ਹੋਇ॥ (ਪੰਨਾ 1365)
  ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ॥ ਨਾਨਕ ਸਤਿਗੁਰੁ ਤਾਂ ਮਿਲੈ ਜਾ ਮਨੁ ਰਹੈ ਹਦੂਰਿ॥ (ਮ:3.ਪੰਨਾ 84)
  ਸਾਡੇ ਵਰਗੇ ਆਮ ਸਿੱਖ ਇਹ ਆਸ ਰੱਖ ਕੇ ਧਾਰਮਿਕ ਦਿੱਖ ਦਿਸਣ ਵਾਲੇ ਜਾਂ ਧਾਰਮਿਕ ਪੇਸ਼ਾਵਰ ਲੋਕਾਂ ਕੋਲ ਇਸ ਕਰਕੇ ਆਉਂਦੇ ਹਨ ਕਿ ਇਹ ਸਾਡੇ ਪਾਪ ਜਾਂਨੀਕਿ ਸਾਥੋਂ ਹੋਏ ਮਾੜੇ ਕਰਮ ਇਹ ਗੁਰਮਤਿ ਦੀ ਸੋਝੀ ਦੇ ਕੇ ਕੱਟ ਦੇਣਗੇ; ਜਾਂਨੀ ਕਿ ਸੱਚੇ ਗਿਆਨ ਦੀ ਸੋਝੀ ਦੇ ਕੇ ਅੱਗੇ ਤੋਂ ਸਾਡੀ ਜੀਵਨ ਜਾਚ ਬਦਲਣ ਵਿੱਚ ਮਦਦ ਕਰਨਗੇ। ਪਰ ਸਿੱਖਾਂ ਨੂੰ ਕੀ ਪਤਾ ਹੈ ਕਿ ਇਹਨਾਂ ਵਿੱਚੋਂ ਕਈ ਲੋਕ ਸਗੋਂ ਸਾਨੂੰ ਵਹਿਮਾਂ, ਭਰਮਾ, ਅੰਧਵਿਸ਼ਵਾਸਾ ਅਤੇ ਧਰਮ ਦੇ ਨਾਂਅ ਤੇ ਵਿਖਾਵੇ ਦੇ ਕੰਮਾਂ ਦੀ ਘੁੰਮਣਘੇਰੀ ਵਿਚ ਪਾ ਕੇ ਸਗੋਂ ਮਾਨਸਿਕ ਤੌਰ ਤੇ ਡਰਾ ਦੇਣਗੇ। ਜਿਹੜੇ ਧਾਰਮਿਕ ਦਿੱਖ ਵਾਲੇ ਬੰਦੇ ਆਪਣੀ ਚੌਧਰ ਰੱਖਣ ਜਾਂ ਸਿੱਖਾਂ ਨੂੰ ਠੱਗਣ ਖਾਤਰ ਆਪਣੀ ਸੱਚੀ ਨੀਅਤ ਨਾਲ ਸਿੱਖਾਂ ਨੂੰ ਗੁਰਮਤਿ ਦੀ ਸਹੀ ਜਾਣਕਾਰੀ ਨਹੀਂ ਦੇਂਦੇ, ਉਹਨਾਂ ਨਾਲੋਂ ਵੱਡਾ ਪਾਪੀ ਬੰਦਾ ਹੋਰ ਕੌਣ ਹੋ ਸਕਦਾ ਹੈ। ਇਹ ਤਾਂ ਇਵੇਂ ਹੀ ਹੈ, ਜਿਵੇਂ ਕਿਸੇ ਬੰਦੇ ਦੀਆਂ ਅੱਖਾਂ ਦੀ ਰੋਸ਼ਨੀ ਨਾਂ ਹੋਵੇ ਤੇ ਉਹ ਕਿਸੇ ਅੱਖਾਂ ਵਾਲੇ ਬੰਦੇ ਤੋਂ (ਸੁਜਾਖੇ) ਇਹ ਆਸ ਰੱਖੇ ਕਿ ਉਹ ਉਸਨੂੰ ਸਹੀ ਰਾਹ ਤੇ ਪਾ ਦੇਵੇਗਾ, ਪਰ ਅੱਖਾਂ ਵਾਲਾ ਅੱਗੋਂ ਬੇਈਮਾਨ ਹੋਵੇ ਤੇ ਉਹ ਸਗੋਂ ਉਸਨੂੰ ਗਲਤ ਰਾਹ ਤੇ ਪਾ ਦੇਵੇ। ਦੁਨੀਆਵੀ ਹੋਰ ਧੰਦੇ ਕਰਨ ਵਾਲਿਆਂ ਵਿੱਚ ਜੇ ਕੋਈ ਕਿਸੇ ਚੀਜ ਵਿੱਚ ਮਿਲਾਵਟ ਜਾਂ ਕੋਈ ਸਰਕਾਰੀ ਨੌਕਰੀ ਕਰਨ ਵਾਲਾ ਰਿਸ਼ਵਤ ਲੈਂਦਾ ਹੈ ਤਾਂ ਉਸਨੂੰ ਸਮਾਜ ਬਹੁਤ ਬੁਰਾ ਭਲਾ ਆਖਦਾ ਹੈ ਪਰ ਜੋ ਲੋਕ ਸਿੱਖੀ ਪਹਿਰਾਵੇ ਵਿੱਚ ਗੁਰਮਤਿ ਦੇ ਨਾਂਅ ਹੇਠ ਕਰਾਮਾਤੀ ਕਹਾਣੀਆਂ ਬਣਾ ਕੇ ਸੁਣਾਉਂਦੇ ਹਨ ਤੇ ਸਿੱਖਾਂ ਦੀ ਸੋਚ ਨੂੰ ਸਹੀ ਦਿਸ਼ਾ ਦੀ ਬਜਾਏ ਸਗੋਂ ਕੁਰਾਹੇ ਪਾ ਰਹੇ ਹਨ, ਉਹਨਾਂ ਨੂੰ ਕਿਹੜੇ ਲਫਜਾਂ ਨਾਲ ਨਿਵਾਜੋਗੇ ?
  ਕਈ ਗੁਰੂ ਦੇ ਵਜੀਰ ਆਖਣ ਵਾਲਿਆਂ ਦੀ ਤਾਂ ਪੈਸੇ ਖਾਤਰ ਏਨੀ ਜਮੀਰ ਮਰ ਚੁੱਕੀ ਹੈ ਕਿ ਉਹ ਇਹ ਸਮਝਦੇ ਤੇ ਮੰਨਦੇ ਹੋਏ ਵੀ ਕਿ ਗੁਰਮਤਿ 'ਦੇਹ' ਨੂੰ ਮਾਨਤਾ ਨਹੀਂ ਦੇਂਦੀ, ਸਗੋਂ “ਸ਼ਬਦ ਗੁਰੂ' ਦਾ ਸਿਧਾਂਤ ਹੈ; ਅਤੇ ਇਹਨਾਂ ਦੋਹਾਂ ਵਿੱਚ ਬਹੁਤ ਅੰਤਰ ਹੈ, ਪਰ ਜਦੋਂ ਕਿਸੇ ਸਾਧ ਬਾਬਿਆਂ ਦੇ ਗੁਰਦੁਆਰੇ ਜਾਂ ਡੇਰੇ ਸਮਾਂ ਲੈਣਾ ਹੋਵੇ ਤਾਂ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰਿਆਂ ਨੂੰ 'ਪੰਨਾ ਆਖਣ ਦੀ ਬਜਾਏ 'ਅੰਗ' ਆਖਣ ਲੱਗ ਪੈਂਦੇ ਹਨ ਤਾਂ ਕਿ ਸਾਨੂੰ ਪੈਸਿਆਂ ਵੱਲੋਂ ਨਾਗਾ ਨਾ ਪੈ ਜਾਵੇ।
  ਸਤਿਕਾਰ ਯੋਗ ਹਨ, ਉਹ ਪ੍ਰਚਾਰਕ ਜਿਹੜੇ ਆਪਣੇ ਘਰ ਪ੍ਰੀਵਾਰ ਨੂੰ ਪਾਲਣ ਦੇ ਨਾਲ-ਨਾਲ ਸਿੱਖਾਂ ਨੂੰ ਵੀ ਆਪਣੇ ਵੱਲੋਂ 'ਸ਼ਬਦ ਗੁਰੂ' ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਹੀ ਸੋਝੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਜੋ ਲੋਕ ਫੋਕਟ ਦੇ ਕਰਮਾਂ ਤੋਂ ਨਿਜਾਤ ਪਾ ਕੇ ਬੁਬੇਕੀ (ਚੰਗੇ ਮਾੜੇ ਦੀ ਪਰਖ ਕਰਨ ਵਾਲੇ) ਬਣ ਸਕਣ। ਸਿੱਖਾਂ ਨੂੰ ਵੀ ਅਜਿਹੇ ਪ੍ਰਚਾਰਕਾਂ ਦੀ ਹੀ ਹੌਸਲਾ ਅਫਸਾਹੀ ਕਰਨੀ ਚਾਹੀਦੀ ਹੈ।
  ਗੁਰਬਾਣੀ ਦੇ ਅੱਗੇ ਦਿੱਤੇ ਸਲੋਕ ਤੋਂ ਵੀ ਇਹ ਹੀ ਸਿੱਧ ਹੁੰਦਾ ਹੈ, ਕਿ 'ਨਾਮ' ਜਾਂਨੀਕਿ “ਸ਼ਬਦ ਗੁਰੂ” ਦੇ ਗਿਆਨ ਦੀ ਸੋਝੀ ਤੋਂ ਬਗੈਰ ਨਾਂ ਤਾਂ ਕੀਤੇ ਧਾਰਮਿਕ ਕੰਮਾ ਦੀ ਸੋਝੀ ਹੁੰਦੀ ਹੈ ਅਤੇ ਨਾ ਹੀ ਅਕਾਲ ਪੁਰਖ ਦੀ ਬਣਾਈ ਕੁਦਰਤ ਦੀ ਸੋਝੀ ਆਉਂਦੀ ਹੈ।
  ਸਲੋਕ॥ ਗੁਰਮੁਖਿ ਗਿਆਨੁ ਬਿਬੇਕ ਬੁਧਿ ਹੋਇ॥ ਹਰਿ ਗੁਣ ਗਾਵੈ ਹਿਰਦੈ ਹਾਰੁ ਪਰੋਇ॥ ਪਵਿਤੁ ਪਾਵਨੁ ਪਰਮ ਬੀਚਾਰੀ॥ ਜਿ ਓਸੁ ਮਿਲੈ ਤਿਸੁ ਪਾਰਿ ਉਤਾਰੀ॥ (ਮ: 3, ਪੰਨਾ 317)
  ਅਰਥ: ਜੋ ਮਨੁੱਖ ਸਤਿਗੁਰੂ ਦੇ ਸਨਮੁਖ ਰਹਿੰਦਾ ਹੈ, ਉਸ ਵਿਚ ਗਿਆਨ ਤੇ ਵਿਚਾਰ ਵਾਲੀ ਅਕਲਿ ਹੁੰਦੀ ਹੈ; ਉਹ ਹਰੀ ਦੇ ਗੁਣ ਗਾਉਂਦਾ ਹੈ ਤੇ ਹਿਰਦੇ ਵਿਚ (ਗੁਣਾਂ ਦਾ) ਹਾਰ ਪ੍ਰੋ ਲੈਂਦਾ ਹੈ, (ਆਚਰਨ ਦਾ) ਬੜਾ ਸੁੱਧ ਤੇ ਉਂਚੀ ਮਤਿ ਵਾਲਾ ਹੁੰਦਾ ਹੈ। ਜੋ ਮਨੁੱਖ ਉਸ ਦੀ ਸੰਗਤਿ ਕਰਦਾ ਹੈ ਉਸ ਨੂੰ ਭੀ ਉਹ (ਸੰਸਾਰ-ਸਾਗਰ ਤੋਂ) ਪਾਰ ਉਤਾਰ ਲੈਂਦਾ ਹੈ।
  ਟੀਕਾਕਾਰ: ਪ੍ਰੋ. ਸਾਹਿਬ ਸਿੰਘ ਜੀ

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com