ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥

  - ਗੁਰਸ਼ਰਨ ਸਿੰਘ ਕਸੇਲ

  ਕਿਸੇ ਦੀ ਜਾਇਦਾਦ ਨੂੰ ਹੜੱਪਣਾ ਜਾਂ ਕਿਸੇ ਦੀ ਮਾਇਕ ਤੌਰ ਤੇ ਚੋਰੀ ਠੱਗੀ ਕਰਨੀ ਜਾਂ ਕਿਸੇ ਗੈਬੀ ਸ਼ਕਤੀ ਦਾ ਪ੍ਰਚਾਰ ਕਰਕੇ ਠੱਗਣਾ, ਸ਼ੈਤਾਨ ਬਿਰਤੀ ਤੇ ਕੰਮਚੋਰ ਲੋਕਾਂ ਦਾ ਇਹ ਗੰਦਾ ਧੰਦਾ ਹਰੇਕ ਸਮੇਂ ਹੀ ਹੁੰਦਾ ਰਿਹਾ ਹੈ; ਅਤੇ ਹੁਣ ਵੀ ਹੋ ਰਿਹਾ ਹੈ । ਧਰਮ ਦੇ ਨਾਂਅ ਤੇ ਠੱਗਣ ਵਾਲੇ ਬਹੁਤੇ ਪੁਜਾਰੀ ਹਰੇਕ ਹੀ ਧਰਮ ਵਿੱਚ ਹਨ । ਜੋ ਧਾਰਮਿਕ ਗ੍ਰੰਥਾਂ ਦਾ ਅਸਲ ਮਕਸਦ ਪ੍ਰਚਾਰਨ ਦੀ ਬਜਾਏ ਲੋਕਾਂ ਨੂੰ ਅੰਧਵਿਸ਼ਵਾਸ ਤੇ ਵਹਿਮਾਂ ਭਰਮਾਂ ਵਿੱਚ ਪਾ ਕੇ ਅਣਜਾਣ ਲੋਕਾਂ ਨੂੰ ਗੁਮਰਾਹ ਕਰਦੇ ਆ ਰਹੇ ਹਨ ।

  ਇਹਨਾਂ ਲੋਕਾਂ ਦੇ ਹਰੇਕ ਧਰਮ ਅਨੁਸਾਰ ਆਪਣੇ ਨਾਂਅ ਅਤੇ ਸਰੀਰਕ ਪਹਿਰਾਵੇ ਭਾਂਵੇਂ ਵੱਖਰੇ-ਵੱਖਰੇ ਹਨ, ਪਰ ਪੇਸ਼ੇ ਅਨੁਸਾਰ ਸੋਚ ਇਕੋ ਹੀ ਹੈ ।

  ਕੁਝ ਕੁ ਨੂੰ ਛੱਡ ਕੇ ਬਹੁਤੇ ਇਹ ਨਹੀਂ ਵੇਖਦੇ ਕਿ ਸਾਡੇ ਕੋਲ ਆਉਣ ਵਾਲਾ ਇਨਸਾਨ ਆਪਣੀ ਮਾਨਸਿਕ ਸਮੱਸਿਆ ਕਾਰਨ ਕਿੰਨਾ ਦੁੱਖੀ ਅਤੇ ਲਾਚਾਰ ਹੈ । ਇਹਨਾਂ ਨੇ ਉਸਨੂੰ ਮਾਨਸਿਕ ਰਾਹਤ ਦੇਣ ਦੀ ਬਜਾਏ ਸਗੋਂ ਇਸ ਜਨਮ ਵਿੱਚ ਤਾਂ ਕੀ ਰਾਹਤ ਦੇਣੀ ਹੈ, ਸਗੋਂ ਮਰਨ ਤੋਂ ਬਾਅਦ ਵੀ ਉਸਨੂੰ ਆਖਦੇ ਹਨ, ਤੂੰ ਸੁੱਖੀ ਨਹੀਂ ਹੋ ਸਕਦਾ । ਉਸਨੂੰ ਡਰਾਇਆਂ ਜਾਂਦਾ ਹੈ ਕਿ ਤੂੰ ਮਰਨ ਤੋਂ ਪਿੱਛੋਂ ਵੀ ਲੱਖਾਂ ਜੂਨਾਂ ਵਿੱਚ ਜਾਵੇਗਾ । ਇਹ ਪਤਾ ਨਹੀਂ ਇਹ ਪੁਜਾਰੀ ਲੋਕ ਕਦੋਂ ਵੇਖ ਆਏ ਹਨ, ਜਦ ਕਿ ਜਦੋਂ ਜਿਉਂਦੇ ਜੀਅ ਰੋਜ ਕਈ ਜੂਨਾਂ ਵਿੱਚ ਪੈਂਦੇ ਹਨ, ਉਹਨਾਂ ਦਾ ਤਾਂ ਪਤਾ ਨਹੀਂ ਲੱਗਦਾ ।

  ਸਿੱਖ ਧਰਮ ਜਿਸਨੂੰ ਨਵੇਂ ਯੁਗ ਦਾ ਧਰਮ ਆਖਿਆ ਜਾਂਦਾ ਹੈ । ਅੱਜ ਇਸ ਦੇ ਬਹੁਤੇ ਭਾਈ (ਪੁਜਾਰੀ) ਵੀ ਕਿਸੇ ਹੋਰ ਧਰਮ ਵਾਲਿਆਂ ਨਾਲੋਂ ਸਿੱਖਾਂ ਨੂੰ ਡਰਾਉਣ ਵਿੱਚ ਪਿੱਛੇ ਨਹੀਂ ਹਨ । ਇਹ ਵੀ ਗੁਰੂ ਸਾਹਿਬਾਨ ਅਤੇ ਸੰਤ ਬਾਬਿਆਂ ਦੇ ਨਾਂਵਾਂ ਤੇ ਗੁਰਦੁਆਰਿਆਂ ਵਿੱਚ ਪਾਠ ਪੂਜਾ ਕਰਵਾਉਣ ਤੇ ਸਰੋਵਰਾਂ ਵਿੱਚ ਅਤੇ ਬੇਰੀਆਂ ਹੇਠ ਇਸ਼ਨਾਨ ਕਰਕੇ ਆਪਣੇ ਸਰੀਰਕ ਦੁੱਖ ਦੂਰ ਕਰਨ ਦਾ ਪ੍ਰਚਾਰ ਕਰਦੇ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ‘ਸ਼ਬਦ ਗੁਰੂ’ ਦੇ ਬਿਨਾਂ ਸੁਣੇ ਸਮਝੇ ਲੜੀ ਵਾਰ ਅਖੰਡ ਪਾਠ ਅਤੇ ਗੁਰਬਾਣੀ ਵਿੱਚੋਂ ਕੁਝ ਮਰਜੀ ਦੇ ਸ਼ਬਦ ਦੱਸ ਕੇ ਉਹਨਾਂ ਦਾ ਰਟਨ ਕਰਨ ਲਈ ਆਖਦੇ ਹਨ । ਕਈ ਤਾਂ ਇਸ ਤੋਂ ਵੀ ਅੱਗੇ ਕਈ ਤਰ੍ਹਾਂ ਦੇ ਧਾਗੇ ਤਵੀਤ ਦੇਣ ਦਾ ਧੰਦਾ ਵੀ ਕਰਦੇ ਹਨ ।

  ਕਈ ਆਪਣੇ ਨਾਵਾਂ ਨਾਲ ਸੰਤ ਅਤੇ ਬ੍ਰਹਮ ਗਿਆਨੀ ਲਿਖਦੇ ਤੇ ਅਖਵਾਉਂਦੇ ਹਨ । ਕਈਆਂ ਨੂੰ ਵਰ ਅਤੇ ਕਈਆਂ ਨੂੰ ਸਰਾਪ ਦੇਣ ਦੀਆ ਧਮਕੀਆਂ ਦੇਂਦੇ ਹਨ । ਕਿਸੇ ਦੇ ਅਕਾਲ ਚਲਾਣ ਹੋ ਜਾਣ ਤੇ ਉਸ ਦੀ ਅਰਦਾਸ ਕਰਦੇ ਸਮੇਂ ਉਸਨੂੰ ਸਵਰਗ ਵਿੱਚ ਪਹੁੰਚ ਜਾਣ ਦਾ ਪ੍ਰਮਾਣ ਪੱਤਰ ਦੇਣ ਵਾਲੇ ਅੱਜ ਇਹ ਲੋਕ ਆਪਣੀ ਜਾਨ ਬਚਾਉਣ ਲਈ ਵਾਰ-ਵਾਰ ਸ਼ਰਾਬ ਤੋਂ ਬਣੀ ਵਸਤੂ ਨਾਲ ਹੱਥ ਸਾਫ ਕਰਦੇ ਹਨ ।

  ਇੰਝ ਹੀ ਹਿੰਦੂ ਧਰਮ ਅਤੇ ਮੁਸਲਮਾਨ ਜਾਂ ਹੋਰ ਦੁਨੀਆਂ ਦੇ ਬਾਕੀ ਧਰਮ ਵਾਲੇ ਪੁਜਾਰੀ ਵੀ ਹਨ । ਜਿਹੜੇ ਕਿਸੇ ਮੰਦਰ ਵਿੱਚ ਆ ਕੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਦਾ ਦਾਵਾ ਕਰਦੇ ਸਨ । ਕੋਈ ਤੀਰਥਾਂ ਤੇ ਜਾ ਕੇ ਤੰਦਰੁਸਤੀ ਦਾ ਦਾਵਾ ਕਰਦਾ ਸੀ, ਪਰ ਅੱਜ ਉਹ ਤੀਰਥ ਲੋਕਾਂ ਲਈ ਬੰਦ ਕਰਕੇ ਆਪਣੇ ਘਰ ਬੈਠੇ ਹਨ । ਕਿਸੇ ਦਰਗਾਹ ਤੇ ਆ ਕੇ ਇਸ ਬਿਮਾਰੀ ਨੂੰ ਠੀਕ ਹੋਣ ਦਾ ਕੋਈ ਪੀਰ ਦਾਵਾ ਨਹੀਂ ਕਰ ਰਿਹਾ ।

  ਜੋਤਸ਼ ਦੱਸਣ ਵਾਲੇ ਵੀ ਕਿਸੇ ਰਾਹੂ ਕੇਤੂ ਬਾਰੇ ਨਹੀਂ ਦੱਸ ਰਹੇ । ਕੋਈ ਟੇਵਾ ਨਹੀਂ ਲੱਗਾ ਰਿਹਾ ਕਿ ਕਿਸ ਦਿਨ ਇਹ ‘ਕੋਰੋਨਾ’ ਬੀਮਾਰੀ ਕਦੋਂ ਹਟੇਗੀ । ਨਾ ਇਹ ਹੀ ਦੱਸਦੇ ਹਨ ਕਿ ਕਿਸ ਨੱਗ ਜਾਂ ਕਿਸ ਰੰਗ ਦੇ ਧਾਗੇ ਨਾਲ ਇਹ ਬੀਮਾਰੀ ਲਾਗੇ ਨਹੀਂ ਆਵੇਗੀ ।

  ਅੱਜ ਨਾ ਕੋਈ ਇਸਾਈ ਮਤ ਵਾਲੇ ਜਿਹੜੇ ਹੱਥ ਲਾ ਕੇ ਹੀ ਲੋਕਾਂ ਨੂੰ ਠੀਕ ਕਰ ਦੇਣ ਦਾ ਦਾਵਾ ਕਰਦੇ ਸਨ, ਉਹ ਵੀ ਨਜ਼ਰ ਨਹੀਂ ਆਉਂਦੇ ।

  ਹਾਂ, ਇਹ ਜਰੂਰ ਹੈ ਕਿ ਜਦੋਂ ਵਿਗਿਆਨੀ ਕੋਈ ਇਸ ਦਾ ਇਲਾਜ ਲੱਭ ਲੈਣਗੇ, ਉਦੋਂ ਬਾਅਦ ਵਿੱਚ ਅਜਿਹੇ ਕਰਾਮਾਤਾਂ ਦਾ ਪ੍ਰਚਾਰ ਕਰਨ ਵਾਲੇ ਪੁਜਾਰੀ, ਜਿਵੇਂ ਬਰਸਾਤ ਦੇ ਦਿਨਾਂ ਵਿੱਚ ਮੀਂਹ ਪੈਣ ਤੋਂ ਪਿੱਛੋਂ, ਪੀਲੇ-ਪੀਲੇ ਡੱਡੂ ਨਿਕਲ ਕੇ ਉੱਚੀ-ਉੱਚੀ ਰੋਲਾ ਪਾਉਂਦੇ ਹਨ, ਉਵੇਂ ਅਜਿਹੇ ਬਹੁਤ ਸਾਰੇ ਲੋਕ ਵੀ ਕਰਾਮਾਤਾਂ ਦਾ ਪ੍ਰਚਾਰ ਕਰਨ ਲਈ ਨਿਕਲ ਆਉਣਗੇ । ਫਿਰ ਪਹਿਲਾਂ ਵਾਂਗੂ ਹੀ ਲੋਕਾਂ ਨੂੰ ਮੂਰਖ ਬਣਾਉਣ ਵੱਲ ਲੱਗ ਪੈਣਗੇ । ਇਸ ਸਮੇਂ ਸੰਸਾਰ ਵਿੱਚ ਬਣੀ ਮੁਸ਼ਕਲ ਦੀ ਘੜੀ ਵਿੱਚ ਰਿਧੀਆਂ ਸਿੱਧੀਆਂ ਦਾ ਪ੍ਰਚਾਰ ਕਰਨ ਵਾਲਿਆਂ ਤੋਂ ਕੁਝ ਸੋਚਣ ਸਮਝਣ ਵਾਲੇ ਲੋਕ ਜਰੂਰ ਇਹਨਾਂ ਦੇ ਵਿਛਾਏ ਜਾਲ ਤੋਂ ਛੁਟਕਾਰਾ ਪਾ ਲੈਣਗੇ ।

  ਜਿਹੜੇ-ਜਿਹੜੇ ਧਰਮਾਂ ਦੇ ਮਹਾਂਪੁਰਖ ਆਪਣੇ-ਆਪਣੇ ਸਮੇਂ ਵਿੱਚ ਹੋਏ ਹਨ । ਜਿਹਨਾ ਨੇ ਵੀ ਲੋਕਾਈ ਦੇ ਭਲੇ ਲਈ ਚੰਗੇ ਕੰਮ ਕੀਤੇ ਹਨ । ਉਹਨਾਂ ਦੇ ਜੀਵਨ ਦੀ ਘਾਲਣਾ ਕੁਝ ਪਾਖੰਡੀ ਲੋਕ ਆਪਣੀ ਐਸ਼ ਪ੍ਰਸਤੀ ਲਈ ਉਹਨਾਂ ਦੇ ਨਾਂਵਾਂ ‘ਤੇ ਗੁਰਦੁਆਰੇ, ਮੰਦਰ, ਮਸਜਦਾਂ ਤੇ ਕਬਰਾਂ ਆਦਿ ਬਣਾ ਕੇ ਲੋਕਾਂ ਨੂੰ ਮੂੰਹੋਂ ਮੰਗੀਆਂ ਮੁਰਾਦਾਂ ਦੇਣ ਦਾ ਲਾਲਚ ਦੇ ਕੇ, ਉਹਨਾਂ ਵਿੱਚ ਰਿਧੀਆਂ ਸਿੱਧੀਆਂ ਹੋਣ ਦਾ ਪ੍ਰਚਾਰ ਕਰਦੇ ਹਨ, ਜਦ ਕਿ ਉਹਨਾਂ ਨੇ ਆਪ ਖੁਦ ਕਦੇ ਵੀ ਅਜਿਹਾ ਨਹੀਂ ਕਿਹਾ । ਜਿਸਦਾ ਇਸ ‘ਕੋਰੋਨਾ 19’ ਨਾਮੀ ਭਿਆਨਕ ਬੀਮਾਰੀ ਨੇ ਇਹਨਾਂ ਦਾ ਪਾਖੰਡ ਨੰਗਾ ਕਰ ਦਿੱਤਾ ਹੈ । ਜਿਵੇਂ 500 ਸਾਲ ਦੇ ਲਾਗੇ ਗੁਰੂ ਨਾਨਕ ਪਾਤਸ਼ਾਹ ਨੇ ਉਸ ਸਮੇਂ ਬਾਬਰ ਅਤੇ ਪਠਾਣਾਂ ਦੀ ਲੜਾਈ ਸਮੇਂ ਪੁਜਾਰੀਆਂ ਦਾ ਝੂਠ ਨੰਗਾ ਕੀਤਾ ਸੀ । ਜਦੋਂ ਪਠਾਣ ਹਾਕਮਾਂ ਨੇ ਸੁਣਿਆ ਸੀ ਕਿ ਮੀਰ ਬਾਬਰ ਹੱਲਾ ਕਰਕੇ ਆ ਰਿਹਾ ਹੈ, ਤਾਂ ਉਸ ਸਮੇਂ ਕਈ ਪੀਰਾਂ (ਪੁਜਾਰੀਆਂ) ਨੇ ਵੀ ਹੁਣ ਵਰਗੇ ਕਈ ਕਰਾਮਾਤਾਂ ਦਾ ਪ੍ਰਚਾਰ ਕਰਨ ਵਾਲਿਆਂ ਵਾਂਗੂ ਮੰਤਰਾਂ ਨਾਲ ਹੀ ਬਾਬਰ ਦੀ ਫੌਜ ਅੰਨੀ ਕਰਨ ਦਾ ਦਾਵਾ ਕਰਨ ਵਾਲੇ ਵੀ ਹੁਣ ਵਾਂਗੂ ਕੁਝ ਨਹੀਂ ਕਰ ਸਕੇ ਸੀ । ਗੁਰੂ ਜੀ ਨੇ ਉਸ ਸਮੇਂ ਇਹ ਸ਼ਬਦ ਉਚਾਰਿਆ ਸੀ :

  ਆਸਾ ਮਹਲਾ ੧ ॥ ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ ॥ ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ ॥ ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ ॥੧॥ ਇਹੁ ਜਗੁ ਤੇਰਾ ਤੂ ਗੋਸਾਈ ॥ ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਂਈ ॥੧॥ ਰਹਾਉ ॥ ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ ॥ ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ ॥ ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ ॥੨॥ ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥ ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥ ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ ॥੩॥ ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥ ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ ॥ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥੪॥ ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ ॥ ਓਨ੍ਹ੍ਹੀ ਤੁਪਕ ਤਾਣਿ ਚਲਾਈ ਓਨ੍ਹ੍ਹੀ ਹਸਤਿ ਚਿੜਾਈ ॥ ਜਿਨ੍ਹ੍ਹ ਕੀ ਚੀਰੀ ਦਰਗਹ ਪਾਟੀ ਤਿਨ੍ਹ੍ਹਾ ਮਰਣਾ ਭਾਈ ॥੫॥ ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ ॥ ਇਕਨ੍ਹ੍ਹਾ ਪੇਰਣ ਸਿਰ ਖੁਰ ਪਾਟੇ ਇਕਨ੍ਹ੍ਹਾ ਵਾਸੁ ਮਸਾਣੀ ॥ ਜਿਨ੍ਹ੍ਹ ਕੇ ਬੰਕੇ ਘਰੀ ਨ ਆਇਆ ਤਿਨ੍ਹ੍ਹ ਕਿਉ ਰੈਣਿ ਵਿਹਾਣੀ ॥੬॥ ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ ॥ ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ ॥ ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ॥(ਪੰਨਾ 417-418)

  ਅੱਜ ਕੱਲ੍ਹ ਫਿਰ ਉਸ ਸਮੇਂ ਨੇ ਦੁਬਾਰਾ ਆਪਣੇ ਆਪ ਨੂੰ ਦੁਰਾਹਿਆਂ ਹੈ, ਕਿ ਇਹ ਰਿਧੀਆਂ ਸਿੱਧੀਆਂ ਦਾ ਪ੍ਰਚਾਰ ਕਰਨ ਵਾਲੇ ਝੂਠੇ ਤੇ ਠੱਗ ਲੋਕ ਹਨ । ਹਾਂ, ਜੇਕਰ ਕਿਸੇ ਕੋਲ ਜਾਂ ਕਿਸੇ ਜਗ੍ਹਾ ਕੋਲ ਕੋਈ ਐਸੀ ਕਰਾਮਾਤੀ ਸ਼ਕਤੀ ਹੈ, ਜਿਸ ਨਾਲ ‘ਕੋਰੋਨਾ’ ਦੇ ਰੋਗੀ ਠੀਕ ਹੋ ਸਕਦੇ ਹਨ ਤਾਂ ਹੁਣ ਸਮਾਂ ਹੈ, ਮੀਡੀਏ ਰਾਂਹੀ ਸਾਹਮਣੇ ਆ ਕੇ ਉਸ ਬੀਮਾਰ ਨੂੰ ਤੰਦਰੁਸਤ ਕਰੋ; ਨਹੀਂ ਤਾਂ ਤੁਹਾਡੇ ਕਰਾਮਾਤੀ ਦਾਵੇ ਸਿਰਫ ਗੱਪਾਂ ਹੀ ਰਹਿ ਜਾਣਗੀਆਂ ।

  ਸੋਚਣ ਵਾਲੀ ਗੱਲ ਹੈ, ਕਿ ਮਹਾਂਪੁਰਖਾਂ ਦੇ ਨਾਵਾਂ ਨਾਲ ਜੋੜ ਕੇ ਬਣਾਏ ਅਸਥਾਨਾਂ ‘ਤੇ ਕਰਾਮਾਤਾਂ ਦਾ ਪ੍ਰਚਾਰ ਕਰਕੇ, ਕਈ ਅਜਿਹੇ ਪੁਜਾਰੀ ਕੀ ਸਾਡੇ ਮਹਾਂਪੁਰਖਾਂ ਦਾ ਅਦਬ ਸਤਿਕਾਰ ਵਧਾ ਰਹੇ ਹਨ ਜਾਂ ਘੱਟਾ ਰਹੇ ਹਨ ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com