ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਸੁਖ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ ਕੋਇ॥

  ਸਿਰੀਰਾਗੁ ਮਹਲਾ ੧
  ਸੁਖ ਕਉ ਮਾਗੈ ਸਭੁ ਕੋ
  ਦੁਖੁ ਨ ਮਾਗੈ ਕੋਇ॥
  ਸੁਖੈ ਕਉ ਦੁਖੁ ਅਗਲਾ
  ਮਨਮੁਖਿ ਬੂਝ ਨ ਹੋਇ॥
  ਸੁਖ ਦੁਖ ਸਮ ਕਰਿ ਜਾਣੀਅਹਿ
  ਸਬਦਿ ਭੇਦਿ ਸੁਖੁ ਹੋਇ॥ ੫॥
  ਬੇਦੁ ਪੁਕਾਰੇ ਵਾਚੀਐ
  ਬਾਣੀ ਬ੍ਰਹਮ ਬਿਆਸੁ॥


  ਮੁਨਿ ਜਨ ਸੇਵਕ ਸਾਧਿਕਾ
  ਨਾਮਿ ਰਤੇ ਗੁਣਤਾਸੁ॥
  ਸਚਿ ਰਤੇ ਸੇ ਜਿਣਿ ਗਏ
  ਹਉ ਸਦ ਬਲਿਹਾਰੈ ਜਾਸੁ॥ ੬॥
  ਚਹੁ ਜੁਗਿ ਮੈਲੇ ਮਲੁ ਭਰੇ
  ਜਿਨ ਮੁਖਿ ਨਾਮੁ ਨ ਹੋਇ॥
  ਭਗਤੀ ਭਾਇ ਵਿਹੂਣਿਆ
  ਮੁਹੁ ਕਾਲਾ ਪਤਿ ਖੋਇ॥
  ਜਿਨੀ ਨਾਮੁ ਵਿਸਾਰਿਆ
  ਅਵਗਣ ਮੁਠੀ ਰੋਇ॥ ੭॥
  ਖੋਜਤ ਖੋਜਤ ਪਾਇਆ
  ਡਰੁ ਕਰਿ ਮਿਲੈ ਮਿਲਾਇ॥
  ਆਪੁ ਪਛਾਣੈ ਘਰਿ ਵਸੈ
  ਹਉਮੈ ਤ੍ਰਿਸਨਾ ਜਾਇ॥
  ਨਾਨਕ ਨਿਰਮਲ ਊਜਲੇ
  ਜੋ ਰਾਤੇ ਹਰਿ ਨਾਇ॥ ੮॥ ੭॥ (ਅੰਗ 57)
  ਪਦ ਅਰਥ : ਸਭ ਕੋ-ਸਭ ਕੋਈ, ਸਭ ਜੀਵ। ਅਗਲਾ-ਬੜਾ, ਬਹੁਤ। ਮਨਮੁਖਿ-ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ। ਬੂਝ-ਸੋਝੀ, ਸਮਝ। ਸਮ-ਇਕੋ ਜਿਹੇ। ਜਾਣੀਅਹਿ-ਜਾਣਨੇ ਚਾਹੀਦੇ ਹਨ, ਸਮਝਣੇ ਚਾਹੀਦੇ ਹਨ। ਭੇਦਿ-(ਮਨ ਨੂੰ) ਵਿੰਨ੍ਹ ਕੇ।
  ਪੁਕਾਰੇ-ਉੱਚੀ ਉੱਚੀ ਪੁਕਾਰਦਾ ਹੈ, ਉਚਾਰਦਾ ਹੈ। ਵਾਚੀਐ-ਪੜ੍ਹਨੀ ਚਾਹੀਦੀ ਹੈ। ਬੇਦੁ-ਵੇਦ। ਬਾਣੀ ਬ੍ਰਹਮ-ਬ੍ਰਹਮ ਦੀ ਸਿਫ਼ਤ ਸਾਲਾਹ ਦੀ ਬਾਣੀ, ਪਰਮਾਤਮਾ ਦੀ ਸਿਫ਼ਤ ਸਾਲਾਹ ਦੀ ਬਾਣੀ। ਬਿਆਸੁ-ਰਿਸ਼ੀ ਵੇਦ ਵਿਆਸ। ਮੁਨਿ ਜਨ-ਮੁਨੀ ਲੋਕ। ਨਾਮਿ ਰਤੇ-ਨਾਮ ਰੰਗ ਵਿਚ ਰੰਗੇ ਰਹਿੰਦੇ ਹਨ। ਗੁਣਤਾਸੁ-ਗੁਣਾਂ ਦਾ ਖ਼ਜ਼ਾਨਾ, ਪ੍ਰਭੂ। ਸਚਿ ਰਤੇ-ਜਿਹੜੇ ਸਦਾ ਥਿਰ ਪ੍ਰਭੂ ਦੇ ਰੰਗ ਵਿਚ ਰੰਗੇ ਜਾਂਦੇ ਹਨ। ਉਹ ਸਦ-ਮੈਂ ਉਨ੍ਹਾਂ ਤੋਂ ਸਦਾ। ਜਾਸੁ-ਜਾਂਦਾ ਹਾਂ। ਜਿਣਿ ਗਏ-ਜਿੱਤ ਕੇ ਜਾਂਦੇ ਹਨ।
  ਚਹੁ ਜੁਗਿ-ਚਾਰੇ ਜੁਗਾਂ (ਸਤਿਜੁਗ, ਤ੍ਰੇਤਾ, ਦੁਆਪਰ ਅਤੇ ਕਲਿਜੁਗ) ਵਿਚ। ਮੈਲੇ ਮਲੁ ਭਰੇ-ਵਿਕਾਰਾਂ ਦੀ ਮੈਲ ਨਾਲ ਭਰੇ ਰਹਿੰਦੇ ਹਨ। ਜਿਨ ਮੁਖਿ-ਜਿਨ੍ਹਾਂ ਦੇ ਮੁੱਖ ਤੋਂ। ਭਾਇ-ਪਿਆਰ ਤੋਂ। ਵਿਹੂਣਿਆ-ਵਾਂਝੇ ਰਹਿ ਜਾਂਦੇ ਹਨ। ਪਤਿ-ਇੱਜ਼ਤ। ਖੋਇ-ਗੁਆ ਕੇ। ਵਿਸਾਰਿਆ-ਵਿਸਾਰ ਦਿੱਤਾ ਹੈ, ਭੁਲਾ ਦਿੱਤਾ ਹੈ। ਅਵਗੁਣ ਮੁਠੀ-ਔਗੁਣਾਂ ਨੇ ਲੁੱਟ ਲਿਆ ਹੈ।
  ਡਰੁ ਕਰਿ-(ਪ੍ਰਭੂ ਦਾ) ਡਰ (ਮਨ ਵਿਚ ਧਾਰਨ) ਕੀਤਿਆਂ। ਮਿਲੈ ਮਿਲਾਇ-ਮਿਲਾਇਆਂ ਮਿਲ ਪੈਂਦਾ ਹੈ। ਆਪੁ ਪਛਾਣੈ-ਜੋ ਆਪਣੇ-ਆਪ ਨੂੰ ਪਛਾਣ ਲੈਂਦਾ ਹੈ, ਜਿਸ ਨੂੰ ਆਪੇ ਦੀ ਸੋਝੀ ਪੈ ਜਾਂਦੀ ਹੈ। ਘਰਿ ਵਸੈ-ਅੰਤਰਆਤਮਾ ਵਿਚ ਹੀ ਟਿਕ ਜਾਂਦਾ ਹੈ। ਹਉਮੈ ਤ੍ਰਿਸਨਾ ਜਾਇ-ਹਉਮੈ ਤੇ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ। ਨਿਰਮਲ ਉਜਲੇ-ਪਵਿੱਤਰ ਤੇ ਉੱਜਲ ਮਨ ਵਾਲੇ ਹਨ। ਜੋ ਰਾਤੇ ਹਰਿ ਨਾਇ-ਜੋ ਪ੍ਰਭੂ ਦੇ ਨਾਮ ਵਿਚ ਰੰਗੇ ਗਏ ਹਨ।
  ਹਿੰਦ ਅਤੇ ਧਰਮ ਦੀ ਚਾਦਰ, ਸ੍ਰੀ ਗੁਰੂ ਤੇਗ਼ ਬਹਾਦਰ ਜੀ ਰਾਗੁ ਗਉੜੀ ਵਿਚ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਜੋ ਜਗਿਆਸੂ ਸੁਖ ਅਤੇ ਦੁੱਖ ਨੂੰ ਇਕ ਸਮਾਨ ਸਮਝਦਾ ਹੈ, ਮਾਣ ਅਤੇ ਅਪਮਾਨ (ਨਿਰਾਦਰੀ) ਨੂੰ ਵੀ ਇਕੋ ਜਿਹਾ ਪ੍ਰਤੀਤ ਕਰਦਾ ਹੈ, ਖੁਸ਼ੀ ਅਤੇ ਗ਼ਮੀ ਇਨ੍ਹਾਂ ਦੋਵਾਂ ਨੂੰ ਇਕੋ ਜਿਹੇ ਸਮਝਦਾ ਹੈ, ਉਸ ਨੇ ਜਗਤ ਵਿਚ ਜੀਵਨ ਮਨੋਰਥ ਨੂੰ ਸਮਝ ਲਿਆ ਹੈ-
  ਸੁਖੁ ਦੁਖੁ ਦੋਨੋ ਸਮ ਕਰਿ ਜਾਨੈ
  ਅਉਰੁ ਮਾਨੁ ਅਪਮਾਨਾ॥
  ਹਰਖ ਸੋਗ ਤੇ ਰਹੈ ਅਤੀਤਾ
  ਤਿਨਿ ਜਗਿ ਤਤੁ ਪਛਾਨਾ॥
  (ਅੰਗ 219)
  ਸਮ-ਇਕ ਸਮਾਨ। ਹਰਖ-ਖੁਸ਼ੀ। ਸੋਗ-ਗ਼ਮੀ, ਦੁੱਖ। ਅਤੀਤਾ-ਨਿਰਲੇਪ, ਇਕੋ ਜਿਹਾ ਪ੍ਰਤੀਤ ਕਰਦਾ ਹੈ। ਤਤੁ-ਭੇਦ, ਅਸਲੀਅਤ।
  ਸੁਖਾਂ ਦੀ ਪ੍ਰਾਪਤੀ ਲਈ ਜੀਵ ਜਣੇ-ਖਣੇ ਦੀ ਚਾਅ ਪਲੂਸੀ ਕਰਦਾ ਫਿਰਦਾ ਹੈ, ਜਿਸ ਸਦਕਾ ਉਹ ਸੁੱਖਾਂ ਦੀ ਖਾਤਰ ਸਗੋਂ ਬੜੇ ਦੁੱਖ ਹੀ ਪਾਉਂਦਾ ਹੈ-
  ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ
  ਸੇਵ ਕਰਤ ਜਨ ਜਨ ਕੀ॥
  (ਰਾਗੁ ਆਸਾ ਮਹਲਾ ੯, ਅੰਗ 411)
  ਹੇਤਿ-ਲਈ। ਜਨ ਜਨ ਕੀ-ਵੱਖ ਵੱਖ ਮਨੁੱਖਾਂ ਦੀ, ਜਣੇ ਖਣੇ ਦੀ।
  ਇਥੋਂ ਤੱਕ ਕਿ ਦੂਜਿਆਂ ਦੇ ਦਰ-ਦਰ 'ਤੇ ਕੁੱਤੇ ਵਾਂਗ ਭਟਕਦਾ ਫਿਰਦਾ ਹੈ ਅਤੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਲਈ ਇਸ ਨੂੰ ਸੁੱਧ-ਬੁੱਧ ਤੱਕ ਨਹੀਂ-
  ਦੁਆਰਹਿ ਦੁਆਰਿ
  ਸੁਆਨ ਜਿਉ ਡੋਲਤ
  ਨਹ ਸੁਧ ਰਾਮ ਭਜਨ ਕੀ॥
  (ਅੰਗ 411)
  ਸੁਆਨ-ਕੁੱਤਾ। ਡੋਲਤ-ਭਟਕਦਾ ਫਿਰਦਾ ਹੈ।
  ਵਾਸਤਵਿਕ ਵਿਚ ਗੁਰਮੁਖ ਹਰ ਅਵਸਥਾ ਵਿਚ ਪ੍ਰਭੂ ਦੇ ਭਾਣੇ ਵਿਚ ਵਿਚਰਦਾ ਹੈ।
  ਜਗਤ ਗੁਰੂ ਬਾਬਾ ਨੇ ਬਾਣੀ 'ਜਪੁ' ਜੀ ਦੀ 5ਵੀਂ ਪਉੜੀ ਵਿਚ ਸੁਖ ਦੀ ਪ੍ਰਾਪਤੀ ਲਈ ਵਿਧੀ ਸਮਝਾਈ ਹੈ ਕਿ ਜੇਕਰ ਪ੍ਰਭੂ ਦੇ ਨਾਮ ਨੂੰ ਗਾਵੀਏ, ਸੁਣੀਏ ਅਤੇ ਉਸ ਪ੍ਰੇਮ ਨੂੰ ਆਪਣੇ ਮਨ ਵਿਚ ਵਸਾਈਏ ਤਾਂ ਦੁੱਖਾਂ ਨੂੰ ਦੂਰ ਕਰਕੇ ਹਿਰਦੇ ਘਰ ਵਿਚ ਸੁਖ ਨੂੰ ਵਸਾ ਲਈਦਾ ਹੈ-
  ਗਾਵੀਐ ਸੁਣੀਐ ਮਨਿ ਰਖੀਐ ਭਾਉ॥
  ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥
  (ਅੰਗ 2)
  ਇਸ ਲਈ ਹੇ ਭਾਈ, ਸਦਾ ਦਿਨ-ਰਾਤ ਪ੍ਰਭੂ ਦੇ ਨਾਮ ਨੂੰ ਜਪਦੇ ਰਹੋ, ਸਿਮਰਦੇ ਰਹੋ। ਸਾਰੀਆਂ ਕਰਨੀਆਂ ਨਾਲੋਂ ਇਹ ਉੱਤਮ ਅਤੇ ਪਵਿੱਤਰ ਕਰਮ ਹਨ। ਰਾਗੁ ਗਉੜੀ ਸੁਖਮਨੀ ਵਿਚ ਪੰਚਮ ਗੁਰਦੇਵ ਦੇ ਪਾਵਨ ਬਚਨ ਹਨ-
  ਜਪਿ ਜਨ ਸਦਾ ਸਦਾ ਦਿਨੁ ਰੈਣੀ॥
  ਸਭ ਤੇ ਊਚ ਨਿਰਮਲ ਇਹ ਕਰਣੀ॥
  (ਅੰਗ 283)
  ਰੈਣੀ-ਰਾਤ। ਨਿਰਮਲ-ਪਵਿੱਤਰ। ਕਰਣੀ-ਕਰਮ।
  ਅਸ਼ਟਪਦੀ ਦੇ ਅੱਖਰੀਂ ਅਰਥ : ਸਭ ਜੀਵ (ਪਰਮਾਤਮਾ ਪਾਸੋਂ) ਸੁਖ ਹੀ ਮੰਗਦੇ ਹਨ, ਕਦੇ ਕੋਈ ਦੁੱਖ ਨਹੀਂ ਮੰਗਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨਮੁਖ ਨੂੰ ਇਸ ਗੱਲ ਦੀ ਸੋਝੀ ਨਹੀਂ ਹੁੰਦੀ ਕਿ ਇਨ੍ਹਾਂ ਦੁਨਿਆਵੀ ਭਾਵ ਮਾਇਕ ਸੁਖਾਂ ਨਾਲ ਦੁੱਖ ਵੀ ਬੜੇ ਹਨ। ਵਾਸਤਵ ਵਿਚ ਸੁਖ ਅਤੇ ਦੁੱਖ ਨੂੰ ਇਕ ਸਮਾਨ ਸਮਝਣਾ ਚਾਹੀਦਾ ਹੈ ਪਰ ਮਨ ਨੂੰ ਗੁਰੂ ਦੇ ਸ਼ਬਦ ਵਿਚ ਵਿੰਨ੍ਹਣ ਨਾਲ ਸੁਖ ਦੀ ਪ੍ਰਾਪਤੀ ਹੁੰਦੀ ਹੈ।
  ਵਿਆਸ ਰਿਸ਼ੀ ਉੱਚੀ-ਉੱਚੀ ਵੇਦ ਨੂੰ ਪੁਕਾਰਦੇ ਅਥਵਾ ਵਿਚਾਰਦੇ ਹਨ (ਪਰ) ਗੁਰੂ ਦਾ ਉਪਦੇਸ਼ ਹੈ ਕਿ ਪਰਮਾਤਮਾ ਦੇ ਨਾਮ ਦੀ ਬਾਣੀ ਸਦਾ ਪੜ੍ਹਨੀ (ਉਚਾਰਨੀ) ਚਾਹੀਦੀ ਹੈ। ਅਸਲੀ ਅਰਥਾਂ ਵਿਚ ਉਹ ਜਨ ਮੁਨੀ, ਸੇਵਕ ਜਾਂ ਸਾਧਕ ਹਨ ਜੋ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਰੰਗ ਵਿਚ ਰੰਗੇ ਰਹਿੰਦੇ ਹਨ। ਅਜਿਹੇ ਜਗਿਆਸੂ ਇਥੋਂ (ਸੰਸਾਰ 'ਚੋਂ) ਬਾਜ਼ੀ ਜਿੱਤ ਕੇ ਜਾਂਦੇ ਹਨ, ਜਿਨ੍ਹਾਂ ਤੋਂ ਗੁਰੂ ਬਾਬਾ ਕੁਰਬਾਨ ਜਾਂਦੇ ਹਨ।
  ਪਰ ਜੋ ਮੁੱਖੋਂ ਪਰਮਾਤਮਾ ਦਾ ਨਾਮ ਨਹੀਂ ਉਚਾਰਦੇ, ਉਨ੍ਹਾਂ ਦੇ ਮਨ ਚੌਹਾਂ ਜੁਗਾਂ ਵਿਚ ਹੀ (ਵਿਕਾਰਾਂ ਦੀ) ਮੈਲ ਨਾਲ ਭਰੇ ਰਹਿੰਦੇ ਹਨ। ਜਿਹੜੇ ਜਗਿਆਸੂ ਪਰਮਾਤਮਾ ਦੀ ਪ੍ਰੇਮਾ ਭਗਤੀ ਤੋਂ ਵਾਂਝੇ ਰਹਿ ਜਾਂਦੇ ਹਨ, ਉਨ੍ਹਾਂ ਦੇ ਪ੍ਰਭੂ ਦੀ ਦਰਗਾਹ ਵਿਚ ਮੂੰਹ ਕਾਲੇ ਹੁੰਦੇ ਹਨ ਅਤੇ ਉਹ ਆਪਣੀ ਇੱਜ਼ਤ ਗੁਆ ਬੈਠਦੇ ਹਨ। ਇਸ ਤਰ੍ਹਾਂ ਜਿਹੜੇ ਪ੍ਰਭੂ ਦੇ ਨਾਮ ਨੂੰ ਵਿਸਾਰ ਦਿੰਦੇ ਹਨ, ਉਹ ਔਗੁਣਾਂ ਕਾਰਨ ਆਤਮਿਕ ਤੌਰ 'ਤੇ ਲੁੱਟੇ ਜਾਂਦੇ ਹਨ ਅਤੇ ਫਿਰ ਪਛਤਾਵੇ ਵਜੋਂ ਰੋਂਦੇ ਹਨ।
  ਗੁਰੂਦੁਆਰਾ ਖੋਜਦਿਆਂ-ਖੋਜਦਿਆਂ ਇਸ ਗੱਲ ਦੀ ਸੋਝੀ ਪੈ ਜਾਂਦੀ ਹੈ ਕਿ ਪਰਮਾਤਮਾ ਦੇ ਡਰ-ਅਦਬ ਵਿਚ ਰਹਿਣ ਨਾਲ, ਗੁਰੂ ਦੇ ਮਿਲਾਉਣ ਨਾਲ ਪਰਮਾਤਮਾ ਮਿਲ ਪੈਂਦਾ ਹੈ। ਫਿਰ ਜਦੋਂ ਆਪੇ ਦੀ ਸੋਝੀ ਪੈ ਜਾਂਦੀ ਹੈ ਤਾਂ ਪਰਮਾਤਮਾ ਜੀਵ ਦੇ ਹਿਰਦੇ ਘਰ ਵਿਚ ਆ ਵਸਦਾ ਹੈ ਅਤੇ ਜੀਵ ਦੇ ਮਨ ਅੰਦਰੋਂ ਹਉਮੈ ਅਤੇ ਤ੍ਰਿਸ਼ਨਾ ਜਾਂਦੀ ਰਹਿੰਦੀ ਹੈ।
  ਗੁਰੂ ਬਾਬਾ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਜੋ ਪ੍ਰਭੂ ਦੇ ਨਾਮ ਰੰਗ ਵਿਚ ਰੰਗੇ ਜਾਂਦੇ ਹਨ, ਉਨ੍ਹਾਂ ਦਾ ਮਨ ਪਵਿੱਤਰ ਅਤੇ ਉਜਲਾ ਹੋ ਜਾਂਦਾ ਹੈ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com