ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਗੁਰੂ ਨਾਨਕ-ਦ੍ਰਿਸ਼ਟੀ ਵਿੱਚ ਭਗਤ ਬਾਲਮੀਕ ਅਤੇ ਮਹਾਂਰਿਸ਼ੀ ਵਾਲਮੀਕੀ

  -: ਗਿਆਨੀ ਜਗਤਾਰ ਸਿੰਘ
  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਸਾਂਝੀ ਤੇ ਸਮਦ੍ਰਿਸ਼ਟ ਵਿਚਾਰਾਧਾਰਾ ‘ਗੁਰੂ ਨਾਨਕ ਦ੍ਰਿਸ਼ਟੀਕੋਨ’ ਹੀ ਮੰਨਿਆ ਜਾਂਦਾ ਹੈ ; ਕਿਉਂਕਿ ‘ੴ ਤੋਂ ਗੁਰਪ੍ਰਸਾਦਿ’ ਤੱਕ ਦਾ ਵਾਰਤਕ ਮਹਾਂਵਾਕ ਸਮੁੱਚੀ ਬਾਣੀ ਦਾ ਅਧਾਰ ਰੂਪ ਆਦਿ ਮੰਗਲਾਚਰਨ ਹੈ । ਇਸ ਵਿੱਚ ਗੁਰੂ ਨਾਨਕ-ਜੋਤਿ-ਜੁਗਤਿ ਦੇ ਵਾਰਸ 6 ਗੁਰੂ ਸਾਹਿਬਾਨਾਂ ਅਤੇ ਦੇਸ਼ ਭਰ ਦੇ ਵੱਖ ਵੱਖ ਕਥਿਤ ਜਾਤੀਆਂ ਦੇ 15 ਭਗਤਾਂ, 11 ਭਟਾਂ, 2 ਮਰਦਾਨਾ ਵੰਸ਼ੀ ਰਬਾਬੀਆਂ ਤੇ ਇੱਕ ਸਿੱਖ ਸੇਵਕ ਦੀਆਂ ਰੂਹਾਨੀ ਰਚਨਾਵਾਂ ਅੰਕਿਤ ਹਨ । ਉਨ੍ਹਾਂ ਨੇ ‘ਧੁਰ ਕੀ ਬਾਣੀ’ ਵਿੱਚ ਇਤਿਹਾਸਕ ਤੇ ਮਿਥਿਹਾਸਕ ਉਦਾਹਰਣੀ ਹਵਾਲਿਆਂ ਤੋਂ ਇਲਾਵਾ ਸਮਕਾਲੀ ਸਮਾਜ ਵਿੱਚ ਪ੍ਰਚਲਿਤ ਕਈ ਮਨੌਤਾਂ, ਮੁਹਾਵਰਿਆਂ ਤੇ ਅਲੰਕਾਰਾਂ ਦੀ ਕਾਵਿਕ ਵਰਤੋਂ ਵੀ ਕੀਤੀ ਹੈ ।


  ਅਜਿਹੀ ਲਿਖਣ-ਸ਼ੈਲੀ ਦਾ ਮੁੱਖ ਮਨੋਰਥ ਕੇਵਲ ਗੁਰੂਸ਼ਬਦ ਸੰਦੇਸ਼ ਨੂੰ ਸੌਖੇ ਢੰਗ ਨਾਲ ਸਮਝਾਉਣਾ ਹੁੰਦਾ ਹੈ ; ਨਾ ਕਿ ਕੋਈ ਇਤਿਹਾਸਕ, ਸਮਾਜਿਕ, ਵਿਅਕਤੀਗਤ ਤੇ ਸਥਾਨਿਕ ਕਿਸਮ ਦੇ ਸੱਚ ਨੂੰ ਪ੍ਰਗਟਾਉਣਾ ਜਾਂ ਉਸ ਦੇ ਸਹੀ ਹੋਣ ਦੀ ਸਾਖੀ (ਗਵਾਹੀ) ਭਰਨਾ । ਗੁਰਬਾਣੀ ਦੇ ਪਾਠਕ ਉਸ ਵੇਲੇ ਗੁਰਮਤਿ ਗਾਡੀ-ਰਾਹ ਤੋਂ ਭਟਕ ਜਾਂਦੇ ਹਨ, ਜਦੋਂ ਉਪਰੋਕਤ ਕਿਸਮ ਦੀ ਕਾਵਿਕ ਵਰਤੋਂ ਨੂੰ ਸੱਚ ਮੰਨ ਕੇ ਚੱਲ ਪੈਂਦੇ ਹਨ ।
  ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਬਾਣੀਕਾਰ ਗੁਰੂ ਸਾਹਿਬਾਨ ਲਈ ‘ਭਲੇ ਅਮਰਦਾਸ’ ‘ਰਾਮਦਾਸੁ ਸੋਢੀ’ ਅਤੇ ਭਗਤ ਧੰਨਾ ਜੀ ਲਈ ਜੱਟ ਤੇ ਜਾਟਰੋ ; ਕਬੀਰ ਜੀ ਲਈ ਜੁਲਾਹਾ ਤੇ ਜੁਲਾਹਰਾ; ਰਵਿਦਾਸ ਜੀ ਲਈ ਚੁਮਾਰ, ਚਾਮਰੋ ਤੇ ਚੰਮਰਟਾ; ਨਾਮਦੇਵ ਜੀ ਲਈ ਛੀਂਬਾ; ਭਾਈ ਸੱਤੇ ਤੇ ਬਲਵੰਡ ਲਈ ਡੂਮ; ਅਤੇ ਹਵਾਲਾ-ਜਨਕ ਭਗਤ ਬਾਲਮੀਕ ਜੀ ਲਈ ਸੁਪਚਾਰੋ ਤੇ ਬਟਵਾਰਾ; ਭਗਤ ਧ੍ਰੂ ਜੀ ਲਈ ਦੈਂਤ ਪੁੱਤ ਆਦਿਕ ਕੁਝ ਜਾਤੀ ਸੂਚਕ ਤੇ ਕਰਮ-ਵਾਚਕ ਘ੍ਰਿਣਤ ਉਪਨਾਮ ਵਰਤੇ ਮਿਲਦੇ ਹਨ । ਪਰ, ਜੇ ਕੋਈ ਉਪਨਾਵਾਂ ਦੀ ਉਪਰੋਕਤ ਵਰਤੋਂ ਨੂੰ ਗੁਰਮਤਿ ਸਿਧਾਂਤ ਮੰਨ ਲਵੇ ਤੇ ਆਖੇ ਕਿ ਗੁਰਬਾਣੀ ਮੁਤਾਬਿਕ ਆਪਣੇ ਜਾਂ ਕਿਸੇ ਹੋਰ ਭੈਣ ਭਰਾ ਦੇ ਜਾਤੀ ਜਾਂ ਕਰਮ-ਸੂਚਕ ਨਾਵਾਂ ਦੀ ਵਰਤੋਂ ਕਰਨੀ ਅਯੋਗ ਨਹੀਂ; ਯੋਗ ਹੈ । ਸੰਧੂ, ਰੰਧਾਵਾ, ਮੱਕੜ ਛੱਕੜ ਤੇ ਚਾਵਲਾ ਆਦਿਕ ਉਪਨਾਮ ਵਰਤਣੇ ਗ਼ਲਤ ਨਹੀਂ, ਠੀਕ ਹਨ । ਤਾਂ ਸਮਝਿਆ ਲਿਆ ਜਾਣਾ ਚਾਹੀਦਾ ਹੈ ਕਿ ਉਸ ਨੇ ਬਹੁਤ ਵੱਡਾ ਭੁਲੇਖਾ ਖਾਧਾ ਹੈ । ਉਹ ਗੁਰੂ ਗ੍ਰੰਥ ਦੇ ਨਿਰਮਲ ਪੰਥ (ਗਾਡੀ ਰਾਹ) ਤੋਂ ਭਟਕ ਗਿਆ ਹੈ ਤੇ ਹੁਣ ਹੋਰਨਾ ਨੂੰ ਵੀ ਭਟਕਾਉਣ ਦਾ ਕਾਰਣ ਬਣ ਰਿਹਾ ਹੈ । ਕਿਉਂਕਿ, ਸਾਰੇ ਗੁਰਬਾਣੀਕਾਰ ਤਾਂ “ਫਕੜ ਜਾਤੀ, ਫਕੜੁ ਨਾਉ ॥ ਸਭਨਾ ਜੀਆ, ਇਕਾ ਛਾਉ ॥” {ਗੁ.ਗ੍ਰੰ.-ਪੰ.83} ਵਰਗੇ ਸਮਦ੍ਰਿਸ਼ਟ ਨਾਨਕੀ ਸਿਧਾਂਤ ਦਾ ਹੋਕਾ ਦੇਣ ਵਾਲੇ ਹਨ ।
  ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਦ੍ਰਿਸ਼ਟੀ ਵਿੱਚ ਤਾਂ ਉਹੀ ਵਿਅਕਤੀ ਸ੍ਰੇਸ਼ਟ ਬ੍ਰਾਹਮਣ ਹੈ, ਜਿਹੜਾ ਅਕਾਲਮੂਰਤੀ ਬ੍ਰਹਮ ਨਾਲ ਸਾਂਝ ਪਾ ਕੇ ਅਤੇ ਜਾਤ-ਪਾਤ ਦੇ ਬੰਧਨਾਂ ਨੂੰ ਤੋੜ ਕੇ ਸਦਾ ਲਈ ਮੁਕਤ ਹੋ ਗਿਆ ਹੋਵੇ। ਐਸਾ ਵਿਅਕਤੀ ਹੀ ਸਤਿਕਾਰਯੋਗ ਅਤੇ ਭਲਾ ਹੈ । ਜਨਮ ਪੱਖੋਂ ਮਨੂੰਵਾਦੀ ਬ੍ਰਾਹਮਣਾਂ ਵਾਂਗ ਕੋਈ ਵੀ ਉੱਚ ਜਾਤੀ ਦਾ ਹੋਣ ਕਰਕੇ ਵਿਸ਼ੇਸ਼ ਚੰਗਾ ਨਹੀਂ ਮੰਨਿਆ ਜਾ ਸਕਦਾ ਅਤੇ ਜੱਟਾਂ ਵਾਂਗ ਮਧਮ ਤੇ ਕਥਿਤ ਚੂੜ੍ਹੇ ਚੁਮਾਰਾਂ ਵਾਂਗ ਨੀਚ ਜਾਤੀ ਦਾ ਹੋਣ ਕਰਕੇ ਕੋਈ ਖ਼ਾਸ ਬੁਰਾ ਨਹੀ ਆਖਿਆ ਜਾ ਸਕਦਾ । ਕਿਉਂਕਿ, ਰੱਬੀ ਦਰਗਹ ਵਿੱਚ ਆਦਰ ਮਾਣ ਕਿਸੇ ਜਾਤ ’ਤੇ ਅਧਾਰਿਤ ਨਹੀਂ ਮਿਲਦਾ, ਚੰਗੇ ਕੰਮਾਂ ਕਰਕੇ ਮਿਲਦਾ ਹੈ । ਪਾਵਨ ਗੁਰਵਾਕ ਹਨ :
  ਸੋ ਬ੍ਰਾਹਮਣੁ ਭਲਾ ਆਖੀਐ ਜਿ ਬੂਝੈ ਬ੍ਰਹਮੁ ਬੀਚਾਰੁ ॥ ਹਰਿ ਸਾਲਾਹੇ ਹਰਿ ਪੜੈ ਗੁਰ ਕੈ ਸਬਦਿ ਵੀਚਾਰਿ ॥
  ਆਇਆ ਓਹੁ ਪਰਵਾਣੁ ਹੈ ਜਿ ਕੁਲ ਕਾ ਕਰੇ ਉਧਾਰੁ ॥ ਅਗੈ ਜਾਤਿ ਨ ਪੁਛੀਐ ਕਰਣੀ ਸਬਦੁ ਹੈ ਸਾਰੁ ॥ {ਗੁਰੂ ਗ੍ਰੰਥ-1094}
  ਉਪਰੋਕਤ ਸਾਰੀ ਵੀਚਾਰ ਤੋਂ ਸਪਸ਼ਟ ਨਿਰਣੈ ਹੁੰਦਾ ਹੈ ਕਿ ਬਾਣੀਕਾਰ ਭਗਤਾਂ ਜਾਂ ਹਵਾਲਾ-ਜਨਕ ਨਾਵਾਂ ਨਾਲ ਵਰਤੇ ਗਏ ਜਾਤੀ-ਸੂਚਕ ਉਪਨਾਮ ਅਤੇ ਬਟਵਾਰਾ ਅਤੇ ਦੈਂਤ ਪੁੱਤ ਘ੍ਰਿਣਤ ਵਿਸ਼ੇਸ਼ਣ ਉਹੀ ਹਨ, ਜਿਹੜੇ ਮਨੂੰਵਾਦੀ ਬ੍ਰਾਹਮਣ ਸ਼੍ਰੇਣੀ ਵੱਲੋਂ ਅਕਾਲਪੁਰਖ ਦੇ ਪੂਜਾਰੀ ਭਗਤਾਂ ਨੂੰ ਨੀਵੇਂ ਤੇ ਆਚਰਨਹੀਣ ਪ੍ਰਚਾਰ ਕੇ ਛੁਟਿਆਉਣ ਲਈ ਵਧੇਰੇ ਪ੍ਰਚਾਰੇ ਗਏ ਸਨ ; ਤਾਂ ਕਿ ਸਮਾਜ ਭਾਈਚਾਰਾ ਉਨ੍ਹਾਂ ਦਾ ਪ੍ਰਭਾਵ ਨਾ ਕਬੂਲੇ । ਕਿਉਂਕਿ, ਮਨੂੰਵਾਦ (ਬਿਪਰਵਾਦ) ਕਥਿਤ ਨੀਵੀਆਂ ਜਾਤਾਂ ਨੂੰ ਵਿਦਿਆ ਪ੍ਰਾਪਤੀ ਤੇ ਪ੍ਰਭੂ ਭਗਤੀ ਦਾ ਅਧਿਕਾਰ ਨਹੀਂ ਸੀ ਦਿੰਦਾ । ਆਪੂੰ ਗੁਰੂ ਬਣੇ ਬ੍ਰਾਹਮਣ ਡਰਦੇ ਸਨ ਕਿ ਜੇ ਬਾਲਮੀਕ ਤੇ ਰਵਿਦਾਸ ਜੀ ਵਰਗੇ ਭਗਤਾਂ ਪਿੱਛੇ ਲੱਗ ਕੇ ਉਨ੍ਹਾਂ ਦੇ ਭਾਈਚਾਰੇ ਜਾਗਰੂਕ ਹੋ ਗਏ ਤਾਂ ਉਹ ਸਮਾਜ ਵਿੱਚ ਸਾਡੇ ਵਿਰੁਧ ਬਗਾਵਤ ਖੜੀ ਕਰ ਦੇਣਗੇ । ਫਿਰ ਉਹ ਘਰਾਂ ਤੇ ਗਲੀਆਂ ਵਿੱਚੋਂ ਸਾਡਾ ਗੰਦ ਨੂੰ ਨਹੀਂ ਚੁੱਕਣਗੇ । ਸਾਡੇ ਮਰੇ ਡੰਗਰਾਂ ਅਤੇ ਕੁੱਤਿਆਂ ਨੂੰ ਪਸ਼ੂਆਂ ਵਾਂਗ ਧੂਹ ਕੇ ਹੱਡੋ-ਰੋੜੇ ਨਹੀਂ ਲਜਾਣਗੇ । ਸਗੋਂ ਉਹ ਤਾਂ ਸਾਰੇ ਦੇ ਸਾਰੇ ਹੀ ਕਬੀਰ ਜੁਲਾਹੇ ਵਾਂਗ ਸਾਡੇ ਸਾਹਮਣੇ ਅਜਿਹੇ ਬਗਾਵਤੀ ਸੁਆਲ ਕਰਨ ਦੀ ਜੁਅਰਤ ਕਰਨ ਲੱਗ ਪੈਣਗੇ –
  ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥ {ਗੁਰੂ ਗ੍ਰੰਥ-324}
  ਇਹੀ ਕਾਰਣ ਹੈ ਕਿ ਭਗਤ ਕਬੀਰ ਤੇ ਰਵਿਦਾਸ ਜੀ ਵਰਗੇ ਸਿਰਲੱਥ ਸੂਰਮੇ ਕਈ ਥਾਈਂ ਜਾਣ ਬੁੱਝ ਕੇ ਵੀ ਆਪਣੀ ਜਾਤੀ ਦਾ ਪ੍ਰਗਟਾਵਾ ਕਰਦੇ ਹਨ । ਜਿਵੇਂ “ਚਮਰਟਾ, ਗਾਂਠਿ ਨ ਜਨਈ ॥ ਲੋਗੁ, ਗਠਾਵੈ ਪਨਹੀ ॥ {ਗੁ.ਗ੍ਰੰ.-ਪੰ.659} ਅਥਵਾ “ਜਾਤਿ ਜੁਲਾਹਾ, ਮਤਿ ਕਾ ਧੀਰੁ ॥ ਸਹਜਿ ਸਹਜਿ ਗੁਣ ਰਮੈ ਕਬੀਰੁ ॥” {ਗੁ.ਗ੍ਰੰ.-ਪੰ.328} ਤਾਂ ਕਿ ਸਵਰਨ ਜਾਤੀਆਂ ਨੂੰ ਅਹਿਸਾਸ ਕਰਵਾਇਆ ਜਾ ਸਕੇ ਕਿ ਅਸੀਂ ਜੀਊਂਦੇ ਜਾਗਦੇ ਹਾਂ ਅਤੇ ਰੱਬੀ ਭਗਤੀ ਕਰਨ ਦਾ ਸਾਡਾ ਵੀ ਉੱਤਨਾ ਹੀ ਹੱਕ ਹੈ, ਜਿਨ੍ਹਾਂ ਤੁਹਾਡਾ । ਤੁਸੀਂ ਸਾਨੂੰ ਭਗਤੀ ਤੋਂ ਰੋਕ ਨਹੀਂ ਸਕਦੇ । ਕਿਉਂਕਿ, ਰੱਬ ਕਿਸੇ ਦੇ ਬਾਪ ਦੀ ਜੱਦੀ ਵਿਰਾਸਤ ਨਹੀਂ, ਉਹ ਤਾਂ ਸਾਡੇ ਤੁਹਾਡੇ ਸਮੇਤ ਸਾਰਿਆਂ ਦਾ ਸਾਂਝਾ ਬਾਪ ਹੈ । ਉਹ ਪ੍ਰਭੂ ਪਾਤਸ਼ਾਹ ਮਨੁਖ ਦੀ ਭਾਵਨਾ ਵੇਖਦਾ ਹੈ, ਜਾਤ-ਪਾਤ ਨਹੀਂ । “ਆਪਨ ਬਾਪੈ, ਨਾਹੀ ਕਿਸੀ ਕੋ ; ਭਾਵਨ ਕੋ ਹਰਿ ਰਾਜਾ ॥ {(ਰਵਿਦਾਸ) ਗੁਰੂ ਗ੍ਰੰਥ -658} । ਇਹ ਅਵਾਜ਼ ਤਾਂ ਬਿਪਰਵਾਦ ਵਿਰੁਧ ਇੱਕ ਦਲੇਰਾਨਾ ਬਗਾਵਤ ਸੀ ।
  ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ‘ਬਾਲਮੀਕ’ ਨਾਮ ਨਾਲ ਸੰਬੰਧਿਤ ਉਪਨਾਵਾਂ ਦੇ ਜੋ ਹੇਠ ਲਿਖੇ ਉਦਾਹਰਣੀ ਹਵਾਲੇ ਮਿਲਦੇ ਹਨ, ਉਨ੍ਹਾਂ ਨੂੰ ਗੁਰਮਤਿ ਦੇ ਉਪਰੋਕਤ ਦਿਸ਼੍ਰਟੀਕੋਨ ਤੋਂ ਹੀ ਵਿਚਾਰਨਾ ਚਾਹੀਦਾ ਹੈ । ਅਜਿਹਾ ਨਹੀਂ ਕਿ ਜੇ ਗੁਰਵਾਕਾਂ ਵਿੱਚ ਬਾਲਮੀਕ ਜੀ ਨੂੰ ਪ੍ਰਚਲਿਤ ਕਥਾਵਾਂ ਮੁਤਾਬਿਕ ‘ਬਟਵਾਰਾ’ (ਰਾਹ ਮਾਰ ਡਾਕੂ) ਜਾਂ ‘ਸੁਪਚਾਰੋ’ (ਕੁੱਤੇ ਖਾਣਾ ਚੰਡਾਲ) ਲਿਖ ਦਿੱਤਾ ਹੈ ਤਾਂ ਇਹ ਬਿਲਕੁਲ ਸੱਚ ਹੋਵੇਗਾ । ਕਿਉਂਕਿ, ਮਨੂੰਵਾਦੀ ਬ੍ਰਾਹਮਣ ਵਿਦਿਆ ਦੇ ਬਲ-ਬੋਤੇ ਝੂਠ ਨੂੰ ਬੜੇ ਸੋਹਣੇ ਗਹਿਣਿਆਂ ਵਾਂਗ ਲਿਸ਼ਕਾਅ ਕੇ ਪੇਸ਼ ਕਰਨ ਦੀ ਮੁਹਾਰਤ ਰੱਖਦਾ ਹੈ । ਗੁਰੂ ਨਾਨਕ ਸਾਹਿਬ ਜੀ ਦੀ ਆਸਾ ਦੀ ਵਾਰ ਵਿੱਚਲੀ ਇਹ ਪਾਵਨ ਤੁਕ “ਮੁਖਿ ਝੂਠ ਬਿਭੂਖਣ ਸਾਰੰ ॥” ਇਸ ਬ੍ਰਾਹਮਣੀ ਨਿਪੁੰਨਤਾ ਦੇ ਕਮਾਲ ਦੀ ਗਵਾਹੀ ਭਰਦੀ ਹੈ । ਮਹਾਤਮਾ ਬੁੱਧ ਤੇ ਜੈਨੀ ਤੀਰਥੰਕਰ ਬ੍ਰਾਹਮਣੀ ਮੱਤ ਦੇ ਵਿਰੋਧੀ ਸਨ । ਪਰ, ਇਨ੍ਹਾਂ ਨੇ ਮਨੋਕਲਪਤ ਕਹਾਣੀਆਂ ਘੜਣ ਉਪਰੰਤ ਪ੍ਰਚਾਰ ਤੇ ਹਥਿਆਰ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਸ੍ਰੀ ਰਾਮ ਤੇ ਸ੍ਰੀ ਕ੍ਰਿਸ਼ਨ ਵਰਗੇ ਅਵਤਾਰ ਸਿੱਧ ਕਰਕੇ ਹੀ ਸਾਹ ਲਿਆ । ਇਹੀ ਚਾਣਕੀਆ ਨੀਤੀ ਵਰਤੀ ਗਈ ਹੈ ਕਥਿਤ ਨੀਵੀਆਂ ਜਾਤਾਂ ਨਾਲ ਸਬੰਧਤ ਭਗਤਾਂ ਪ੍ਰਤੀ । ਭਾਵੇਂ ਉਹ ਭਗਤ ਕਬੀਰ ਜੀ ਸਨ ਜਾਂ ਸ੍ਰੀ ਰਵਿਦਾਸ । ਭਗਤ ਭਗਤ ਧੰਨਾ ਜੀ ਸਨ ਜਾਂ ਸ੍ਰੀ ਬਾਲਮੀਕ ਆਦਿ ।
  ਸ਼ੁਕਰ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਥਾਪਿਤ ਮਹਾਂਰਿਸ਼ੀ ਵਾਲਮੀਕੀ ਚੇਅਰ ਦੀ ਪਹਿਲੀ ਮੁੱਖੀ ਡਾ. ਅੰਜੁਲਾ ਸਹਿਦੇਵ ਨੇ ‘ਮਹਾਂਰਿਸ਼ੀ ਵਾਲਮੀਕ-ਇੱਕ ਸਮੀਸ਼ਾਤਮਕ ਅਧਿਐਨ’ ਨਾਂ ਦੀ ਖੋਜ ਪੁਸਤਕ ਲਿਖ ਕੇ ਸਿੱਧ ਕਰ ਦਿੱਤਾ ਹੈ ਕਿ ਵਾਲਮੀਕ ਨਾਮ ਨਾਲ ਜੁੜੀਆਂ ਸਾਰੀਆਂ ਪ੍ਰਚਲਿਤ ਕਥਾਵਾਂ ਤੇ ਉਪਨਾਂਵ 13ਵੀਂ ਸਦੀ ਤੋਂ ਪਿੱਛੋਂ ਦੀਆਂ ਕਲਪਨਿਕ ਘਾੜਤਾਂ ਹਨ, ਸੱਚਾਈ ਨਹੀਂ । ਹੋਰ ਵੱਡੀ ਗੱਲ ਹੈ ਕਿ ਭਾਰਤੀ ਸੁਪਰੀਮ ਕੋਰਟ ਨੇ ਵੀ ਉਸ ਦੀ ਗਵਾਹੀ ਨੂੰ ਸੱਚ ਮੰਨ ਕੇ ਮੀਡੀਏ ਨੂੰ ਆਦੇਸ਼ ਜਾਰੀ ਕੀਤਾ ਹੈ ਕਿ ਉਹ ਮਹਾਂਰਿਸ਼ੀ ਵਾਲਮੀਕ ਨਾਂ ਨਾਲ ‘ਡਾਕੂ’ (ਬਟਵਾੜਾ) ਉਪਨਾਂਵ ਦੀ ਵਰਤੋਂ ਨਾ ਕਰੇ । ਕਿੳਂਕਿ, ਅੱਗੋਂ ਤੋਂ ਅਜਿਹਾ ਵਰਤਾਰਾ ਕਨੂੰਨੀ ਅਪਰਾਧ ਮੰਨਿਆ ਜਾਏਗਾ ।
  ਪਰ, ਦੁੱਖ ਦੀ ਗੱਲ ਹੈ ਕਿ ਅਗਿਆਨਤਾ ਭਰੇ ਭੁਲੇਖੇ ਜਾਂ ਚਲਾਕ ਬ੍ਰਾਹਮਣੀ ਸੋਚ ਨੇ ਭਗਤਮਾਲ ਦੀਆਂ ਪ੍ਰਚਲਿਤ ਪੁਰਾਣਿਕ ਕਥਾਵਾਂ ਅਧੀਨ ਭਾਰਤ ਦੇ ਮੂਲ-ਵਾਸੀ ਭੀਲ ਭਗਤ ਬਾਲਮੀਕ ਜੀ ਨੂੰ ਬ੍ਰਾਹਮਣ ਰਿਸ਼ੀ ਵਾਲਮੀਕ ਨਾਲ ਰਲਗੱਢ ਕਰ ਦਿੱਤਾ ਹੈ । ਅਜੇ ਵੀ ਉਸ ਨੂੰ ਸਾਬਾਕਾ ਡਾਕੂ ਦਸਦਿਆਂ ਕਿਸੇ ਮੂਰਤੀ ਪੂਜਕ ਨਾਰਦ ਮੁਨੀ ਦਾ ਚੇਲਾ ਪ੍ਰਚਾਰਿਆ ਜਾ ਰਿਹਾ ਹੈ । ਪ੍ਰੰਤੂ ਗੁਰੂ ਨਾਨਕ ਦ੍ਰਿਸ਼ਟੀ ਵਿੱਚ ਐਸਾ ਪਰਚਾਰ ਕਰਨਾ ਬਿਲਕੁਲ ਗ਼ਲ਼ਤ ਹੈ; ਕਿਉਂਕਿ, ਹੇਠ ਲਿਖੇ ਗੁਰਵਾਕਾਂ ਵਿੱਚ ਉਨ੍ਹਾਂ ਨਿਰਣੈ-ਜਨਕ ਬਚਨ ਕੀਤੇ ਹਨ ਕਿ ਸਾਧ ਸੰਗ ਕਰਦਿਆਂ ਗੁਰਮੁਖ ਹੋ ਕੇ ਅਕਾਲਪੁਰਖ ਜੀ ਦੀ ਯਾਦ ਵਿੱਚ ਜਿਹੜਾ ਵੀ ਜੁੜਿਆ, ਉਹੀ ਤਰ ਗਿਆ । ਭਾਵ, ਉਹ ਮਾਇਕ ਤੇ ਇੰਦ੍ਰਿਆਵੀ ਵਾਸ਼ਨਾਵਾਂ ਵਾਲੇ ਭੈੜੇ ਅਉਗਣਾਂ ਤੋਂ ਬਚ ਕੇ ਰੱਬੀ ਗੁਣਾਂ ਵਾਲਾ ਹੋ ਗਿਆ । ਭਾਵੇਂ ਉਹ ਧੰਨਾ ਜਾਟ (ਜੱਟ) ਸੀ ਜਾਂ ਉਹ ਭੀਲ ‘ਬਾਲਮੀਕ’ ਅਤੇ ਲੋਧੀ ਤੇ ਜਰਾ ਵਰਗੇ ਸ਼ਿਕਾਰੀ ; ਜਿਨਾਂ ਨੂੰ ਛੁਟਿਆਉਣ ਲਈ ਉੱਚ-ਜਾਤੀ ਬ੍ਰਾਹਮਣ ਨਫ਼ਰਤ ਨਾਲ ‘ਚੰਡਾਲ’, ‘ਬਟਵਾਰੇ’ (ਡਾਕੂ) ‘ਸੁਪਚਾਰੋ’ ਤੇ ‘ਸੁਆਨਸ਼ਤ੍ਰ’ ਵਰਗੇ ਘ੍ਰਿਣਤ ਉਪਨਾਵਾਂ ਨਾਲ ਬਲਾਉਂਦੇ ਸਨ :
  (1) ਮੇਰੇ ਮਨ ਨਾਮੁ ਜਪਤ ਤਰਿਆ ॥ ਧੰਨਾ ਜਟੁ ਬਾਲਮੀਕੁ ਬਟਵਾਰਾ ਗੁਰਮੁਖਿ ਪਾਰਿ ਪਇਆ ॥ {ਗੁਰੂ ਗ੍ਰੰਥ.ਪੰ. 995}
  (2) ਬਾਲਮੀਕੁ ਸੁਪਚਾਰੋ ਤਰਿਓ ਬਧਿਕ ਤਰੇ ਬਿਚਾਰੇ ॥ ਏਕ ਨਿਮਖ, ਮਨ ਮਾਹਿ ਅਰਾਧਿਓ ਗਜਪਤਿ ਪਾਰਿ ਉਤਾਰੇ ॥ {ਗੁਰੂ ਗ੍ਰੰਥ -999}
  (3) ਬਾਲਮੀਕੈ ਹੋਆ ਸਾਧਸੰਗੁ ॥ ਧ੍ਰੂ ਕਉ ਮਿਲਿਆ ਹਰਿ ਨਿਸੰਗ ॥ {ਗੁਰੁ ਗ੍ਰੰਥ- 1192}
  (4) ਰੇ ਚਿਤ ਚੇਤਿ ਚੇਤ ਅਚੇਤ ॥ ਕਾਹੇ ਨ ਬਾਲਮੀਕਹਿ ਦੇਖ ॥ ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ ਰਾਮ ਭਗਤਿ ਬਿਸੇਖ ॥ਰਹਾਉ॥
  ਸੁਆਨ ਸਤ੍ਰੁ ਅਜਾਤੁ ਸਭ ਤੇ ਕ੍ਰਿਸ˜ ਲਾਵੈ ਹੇਤੁ ॥ ਲੋਗੁ ਬਪੁਰਾ ਕਿਆ ਸਰਾਹੈ ਤੀਨਿ ਲੋਕ ਪ੍ਰਵੇਸ ॥2॥ {ਗੁਰੂ ਗ੍ਰੰਥ-1124}
  ਉਪਰੋਕਤ ਗੁਰਵਾਕਾਂ ਦੁਆਰਾ ਭਗਤ ਬਾਲਮੀਕ ਜੀ ਦੇ ਪਾਰ ਉਤਾਰੇ ਦਾ ਕਾਰਣ ਸਪਸ਼ਟ ਤੌਰ ’ਤੇ ਸਾਧ-ਸੰਗ ਅਤੇ ਗੁਰਮੁਖਤਾਈ ਨੂੰ ਦੱਸਿਆ ਗਿਆ ਹੈ ; ਭਗਤਮਾਲ ਦੇ ਨਾਰਦ ਮੁਨੀ ਦੀ ਸਿਖਿਆ ਨੂੰ ਨਹੀਂ, ਜਿਹੜਾ ਲੋਕਾਈ ਨੂੰ ਪੱਥਰਾਂ ਦੀ ਪੂਜਾ ਵਿੱਚ ਲਾਉਂਦਾ ਰਿਹਾ । ਕਿਉਂਕਿ ਉਸ ਮਨੂੰਵਾਦੀ ਮੁਨੀ ਬਾਰੇ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਸਪਸ਼ਟ ਨਿਰਣਾ ਹੈ ਕਿ ਉਹ ਆਪ ਵੀ ਹਨੇਰੇ ਵਿੱਚ ਸੀ ਅਤੇ ਅਨਪੜ੍ਹ ਰੱਖ ਕੇ ਅੰਧੀ ਗੁੰਗੀ ਬਣਾਈ ਲੋਕਾਈ ਨੂੰ ਵੀ ਉਹ ਭਟਕਾਉਂਦਾ ਹੀ ਰਿਹਾ ਹੈ :
  ਹਿੰਦੂ ਮੂਲੇ ਭੂਲੇ, ਅਖੁਟੀ ਜਾਂਹੀ ॥ ਨਾਰਦਿ ਕਹਿਆ, ਸਿ ਪੂਜ ਕਰਾਂਹੀ ॥
  ਅੰਧੇ, ਗੁੰਗੇ, ਅੰਧ ਅੰਧਾਰੁ ॥ ਪਾਥਰੁ ਲੇ ਪੂਜਹਿ, ਮੁਗਧ ਗਵਾਰ ॥
  ਓਹਿ ਜਾ ਆਪਿ ਡੁਬੇ, ਤੁਮ ਕਹਾ ਤਰਣਹਾਰੁ ॥ {ਗੁਰੂ ਗ੍ਰੰਥ- 556}
  ਸਪਸ਼ਟ ਹੈ ਕਿ ਨਾਰਦ ਮੁਨੀ ਨੂੰ ਗੁਰੂ ਨਾਨਕ ਦ੍ਰਿਸ਼ਟੀ ਵਿੱਚ ਗੁਰਮੁਖ ਭਗਤ ਨਹੀਂ ਮੰਨਿਆ ਗਿਆ । ਇਹੀ ਮੁਖ ਕਾਰਣ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਭੀਲ ਭਗਤ ਬਾਲਮੀਕ ਜੀ ਨੂੰ ਤਾਂ ਭਗਤ ਕਬੀਰ, ਨਾਮਦੇਵ, ਰਵਿਦਾਸ ਤੇ ਧੰਨੇ ਦੀ ਕੋਟੀ ਵਿੱਚ ਰੱਖ ਕੇ ਵਿਚਾਰਿਆ ਗਿਆ ਹੈ । ਪਰ, ਮਹਾਂਰਿਸ਼ੀ ਜਾਂ ਆਦਿ ਕਵੀ ਮੰਨੇ ਜਾਂਦੇ ਬ੍ਰਾਹਮਣ ਜਾਤੀ ਦੇ ਰਾਜਕੁਮਾਰ ‘ਵਾਲਮੀਕ’ ਦਾ ਕਿਤੇ ਹਵਾਲਾ ਮਾਤ੍ਰ ਵੀ ਵਰਨਣ ਨਹੀਂ ਕੀਤਾ । ਪੁਰਾਣਾਂ ਮੁਤਾਬਿਕ ਉਨ੍ਹਾਂ ਦਾ ਪੂਰਾ ਨਾਂ ਸੀ ‘ਰਤਨਾਕਰ ਪ੍ਰਚੇਤਾ ਵਾਲਮੀਕੀ’ । ਯਾਦ ਰੱਖਣਾ ਚਾਹੀਦਾ ਹੈ ਕਿ ‘ਵਾਲਮੀਕਿ’ ਇੱਕ ਉਪਾਧੀ ਹੈ, ਜਿਹੜੀ ਨਾਰਦੀ ਦ੍ਰਿਸ਼ਟੀ ਵਿੱਚ ਕੇਵਲ ਉਨ੍ਹਾਂ ਬ੍ਰਾਹਮਣਾਂ ਨੂੰ ਦਿੱਤੀ ਜਾ ਸਕਦੀ ਹੈ, ਜਿਹੜੇ ਸ੍ਰੀ ਰਾਮਚੰਦਰ ਦੇ ਗੁਰੂ ਵਸ਼ਿਸ਼ਟ ਵਰਗੇ ਰਾਜ-ਰਿਸ਼ੀਆਂ ਵੱਲੋਂ ਵੱਲੋਂ ‘ਆਤਮ-ਦਰਸ਼ੀ’ ਘੋਸ਼ਤ ਕੀਤੇ ਹੋਣ । ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਕੀਤੇ ਗਏ ‘ਹਿੰਦੂ ਮਿਥਿਹਾਸ ਕੋਸ਼’ ਵਿੱਚ ‘ਵਾਲਮੀਕਿ’ ਦਾ ਅਰਥ ਹੈ ‘ਵੇਖਿਆ’ ਨਾ ਕਿ ਸਿਉਂਕਿ ਦੀ ਉਹ ਵਰਮੀ, ਜਿਸ ਵਿੱਚੋਂ ਵਾਲਮੀਕ ਦਾ ਦ੍ਵਿੱਜੀ (ਦੂਜਾ) ਜਨਮ ਹੋਇਆ ਮੰਨਿਆ ਜਾਂਦਾ ਹੈ ।
  ਇਸ ਲਈ ਸਪਸ਼ਟ ਹੈ ਕਿ ਦਲਿਤ ਸ਼੍ਰੇਣੀਆਂ ਦੇ ਭਗਤ ਬਾਲਮੀਕ ਨੂੰ ਸੋਨੇ ਦੀ ਮੂਰਤੀ ਵਿੱਚ ਮੜ੍ਹ ਕੇ ਮੰਦਰ ਵਿੱਚ ਸਥਾਪਿਤ ਕਰਨਾ ਇੱਕ ਰਾਜਨੀਤਕ ਚੋਣ ਸਟੰਟ ਹੈ । ਇਹ ਤਾਂ ਬਾਲਮੀਕੀ ਅਖਵਾਉਂਦੇ ਭੈਣ ਭਰਾਵਾਂ ਨੂੰ ਮੁੜ ਨਾਰਦ ਮੁਨੀ ਦੇ ਚੇਲੇ ਬਣਾ ਕੇ ਮੰਨੂਵਾਦੀ ਚਕ੍ਰਵਿਊ ਵਿੱਚ ਫਸਾਉਣ ਦੀ ਰਾਜਨੀਤਕ ਚਾਣਕੀਆ ਕੁਟਿਲ ਚਾਲ ਹੈ, ਹੋਰ ਕੋਈ ਗ਼ਰੀਬਨਿਵਾਜ਼ੀ ਵਾਲੀ ਦਲਿਤਾਂ ਦੀ ਹਮਦਰਦ ਸੋਚ ਨਹੀਂ । ਇਸ ਲਈ ਦਲਿਤ ਵਰਗ ਦੇ ਬਾਲਮੀਕੀਆਂ ਸਮੇਤ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਸੁਚੇਤ ਰਹਿਣ ਦੀ ਲੋੜ ਹੈ ਤਾਂ ਕਿ ਸੱਤਾਧਾਰੀ ਸ਼ੈਤਾਨ ਹਾਕਮ ਉਨ੍ਹਾਂ ਦੀ ਦੁਰਵਰਤੋਂ ਕਰਕੇ ਸਰਬ-ਸਾਂਝੇ ਭਾਰਤ ਨੂੰ ਹਿੰਦੂ ਰਾਸ਼ਟਰ ਵਿੱਚ ਬਦਲ ਕੇ ‘ਹਿੰਦੁਸਤਾਨ’ ਨਾਮ ਨਾ ਦੇ ਸਕਣ । ਕਿੰਨਾ ਘੋਰ ਅਨਿਆਂ ਹੈ ਕਿ ਜੇ ਕੋਈ ਖ਼ਾਲਿਸਤਾਨ ਦਾ ਨਾਰ੍ਹਾ ਲਾਵੇ ਤਾਂ ਉਹ ‘ਵੱਖਵਾਦੀ’ ਤੇ ‘ਅੱਤਵਾਦੀ’ ਅਤੇ ਜੇ ਕੋਈ ਸੱਤਾਧਾਰੀ ਲੋਕਾਂ ਦੀ ਅਗਿਆਨੀ ਭੀੜ ਤੋ ‘ਹਿੰਦੁਸਤਾਨ ਜ਼ਿੰਦਾ-ਬਾਦ’ ਦੇ ਨਾਰ੍ਹੇ ਲਗਵਾਏ ਤਾਂ ਉਹ ਦੇਸ਼-ਭਗਤ । ਭੁੱਲ-ਚੁੱਕ ਮੁਆਫ਼ ।
  ਗੁਰੂ ਗ੍ਰੰਥ ਪੰਥੀਆਂ ਦਾ ਦਾਸਨਿਦਾਸ : ਜਗਤਾਰ ਸਿੰਘ ਜਾਚਕ, ਨਿਊਯਾਰਕ

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com