ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਗੁਰਮਤਿ ਸੰਗੀਤ ਨੂੰ ਆਨੰਦਪੁਰ ਸਾਹਿਬ ਅਕੈਡਮੀ ਦੀ ਦੇਣ

  -ਤੀਰਥ ਸਿੰਘ ਢਿੱਲੋਂ*

  ਕੀਰਤਨ ਦੀ ਪ੍ਰੰਪਰਾ ਦੇ ਮੋਢੀ ਗੁਰੂ ਨਾਨਕ ਦੇਵ ਨੇ ਰਬਾਬੀ ਭਾਈ ਮਰਦਾਨੇ ਨੂੰ ਆਪਣੀਆਂ ਪ੍ਰਚਾਰ ਫੇਰੀਆਂ ਦੌਰਾਨ ਆਪਣੇ ਨਾਲ ਰੱਖਿਆ ਤੇ ਉਸ ਨੂੰ ਭਾਈ ਦਾ ਖਿਤਾਬ ਦੇ ਕੇ ਨਵਾਜਿਆ। ਉਥੋਂ ਹੀ ਰਬਾਬੀ ਪ੍ਰੰਪਰਾ ਦੀ ਸ਼ੁਰੂਆਤ ਹੋਈ। ਗੁਰੂ ਸਾਹਿਬ ਨੇ ਰਬਾਬ ਦੇ ਜ਼ਰੀਏ ਕੀਰਤਨ ਗਾਇਨ ਕਰਕੇ ਇੱਕ ਪ੍ਰਕਾਰ ਨਾਲ ਤੰਤੀ ਸਾਜਾਂ ਨਾਲ ਕੀਰਤਨ ਦੀ ਪ੍ਰੰਪਰਾ ਦੀ ਨੀਂਹ ਰੱਖੀ। ਅੱਜ ਉਹ ਪ੍ਰੰਪਰਾ ਅਲੋਪ ਹੋਣ ਦੇ ਕੰਢੇ ਹੈ। ਇਸ ਪ੍ਰੰਪਰਾ ਨੂੰ ਸੁਰਜੀਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1999 ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰਮਤਿ ਸੰਗੀਤ ਅਕੈਡਮੀ ਦੀ ਸਥਾਪਨਾ ਦਾ ਸ਼ਲਾਘਾਯੋਗ ਕਾਰਜ ਕੀਤਾ ਗਿਆ। ਇਸ ਦਾ ਸੁਝਾਅ ਉਸ ਵੇਲੇ ਦੇ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਪ੍ਰੋ. ਮਨਜੀਤ ਸਿੰਘ ਨੇ ਦਿੱਤਾ ਸੀ, ਜਿਸ ਨੂੰ ਤਤਕਾਲੀ ਪ੍ਰਧਾਨ ਸ਼੍ਰੋਮਣੀ ਕਮੇਟੀ ਬੀਬੀ ਜਗੀਰ ਕੌਰ ਨੇ ਪ੍ਰਵਾਨ ਕਰਦਿਆਂ ਇਸ ਦੀ ਸਥਾਪਨਾ ਦੇ ਆਦੇਸ਼ ਜਾਰੀ ਕੀਤੇ। 17 ਦਸੰਬਰ 1999 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਅਕੈਡਮੀ ਦੀ ਆਰੰਭਤਾ ਲਈ ਅਰਦਾਸ ਕੀਤੀ ਗਈ, ਜਿਸ ਵਿੱਚ ਸਿੱਖ ਪੰਥ ਦੀਆਂ ਨਾਮਵਰ ਹਸਤੀਆਂ ਨੇ ਹਿੱਸਾ ਲਿਆ। ਮਹਾਨ ਸੰਗੀਤ ਅਚਾਰੀਆ ਅਤੇ ਸ਼੍ਰੋਮਣੀ ਰਾਗੀ ਪ੍ਰੋ. ਕਰਤਾਰ ਸਿੰਘ ਨੂੰ ਇਸ ਦੇ ਬਾਨੀ ਡਾਇਰੈਕਟਰ ਨਿਯੁਕਤ ਕੀਤਾ ਗਿਆ, ਜਿਹੜੇ ਹੁਣ ਤੱਕ ਬਹੁਤ ਲਗਨ, ਉੱਦਮ ਅਤੇ ਵਡੇਰੀ ਉਮਰ ਦੇ ਬਾਵਜੂਦ ਪੂਰੇ ਸਮਰਪਣ ਨਾਲ ਇਹ ਸੇਵਾ ਬਾਖੂਬੀ ਨਿਭਾ ਰਹੇ ਹਨ।


  ਇਸ ਅਕੈਡਮੀ ਦੀ ਸਥਾਪਨਾ ਦਾ ਮੁੱਖ ਉਦੇਸ਼ ਪੁਰਾਤਨ ਕੀਰਤਨ ਸ਼ੈਲੀ ਰਾਹੀਂ ਰਬਾਬ, ਸਿਰੰਦਾ, ਦਿਲਰੁਬਾ, ਤਾਊਸ ਅਤੇ ਤਾਨਪੁਰਾ ਰਾਹੀਂ ਗੁਰਬਾਣੀ ਦੇ ਮੁੱਖ ਤੇ ਮਿਸ਼ਰਤ ਰਾਗਾਂ ਅਨੁਸਾਰ ਵਿਦਿਆਰਥੀਆਂ ਨੂੰ ਸਿੱਖਿਆ ਦੇਣਾ ਹੈ।
  ਇਸ ਅਕੈਡਮੀ ਵਿੱਚ 3 ਸਾਲਾਂ ਕੀਰਤਨ ਗਿਆਨ ਕੋਰਸ ਅਤੇ ਤਬਲਾ ਗਿਆਨ ਕੋਰਸ ਲਈ ਗੁਰਮਤਿ ਸੰਗੀਤ ਵਿੱਚ ਡੂੰਘੀ ਰੁਚੀ ਰੱਖਣ 10+2 ਪਾਸ ਗੁਰਸਿੱਖ ਉਮੀਦਵਾਰਾਂ ਨੂੰ ਦਾਖਲ ਕੀਤਾ ਜਾਂਦਾ ਹੈ।
  ਸਥਾਪਨਾ ਤੋਂ ਲੈ ਕੇ ਇਸ ਅਕੈਡਮੀ ਨੇ ਤੰਤੀ ਸਾਜਾਂ ਦੁਆਰਾ ਹੁਣ ਤੱਕ 6 ਸੈਸ਼ਨਾਂ ਵਿੱਚ 180 ਵਿਦਿਆਰਥੀ ਤਿਆਰ ਕੀਤੇ ਹਨ। ਇਹ ਵੱਖ-ਵੱਖ ਗੁਰ-ਅਸਥਾਨਾਂ ’ਤੇ ਪੁਰਾਤਨ ਸ਼ੈਲੀ ਮੁਤਾਬਕ ਕੀਰਤਨ ਦੀ ਸੇਵਾ ਨਿਭਾ ਰਹੇ ਹਨ। ਇਨ੍ਹਾਂ ਵਿੱਚੋਂ ਪ੍ਰਮੁੱਖ ਨਾਂ ਇਸ ਪ੍ਰਕਾਰ ਹਨ-ਭਾਈ ਜਸਪਿੰਦਰ ਸਿੰਘ, ਭਾਈ ਹਰਪਿੰਦਰ ਸਿੰਘ ਤੇ ਭਾਈ ਗੁਰਪ੍ਰੀਤ ਸਿੰਘ (ਤਿੰਨੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ), ਭਾਈ ਚਾਣਕ ਸਿੰਘ (ਹਜ਼ੂਰੀ ਰਾਗੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ), ਭਾਈ ਗੁਰਬੀਰ ਸਿੰਘ ਕੈਨੇਡਾ, ਤੰਤੀ ਸਾਜ ਵਜਾਉਣ ਵਾਲਿਆਂ ਵਿੱਚ ਭਾਈ ਕੁਲਦੀਪ ਸਿੰਘ, ਭਾਈ ਰਵਿੰਦਰ ਸਿੰਘ (ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ), ਭਾਈ ਨੌਨਿਹਾਲ ਸਿੰਘ (ਤਖ਼ਤ ਸ੍ਰੀ ਕੇਸਗੜ੍ਹ ਸਾਹਿਬ)।
  ਤਬਲਾ ਵਾਦਕਾਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ, ਭਾਈ ਓਂਕਾਰ ਸਿੰਘ (ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ), ਭਾਈ ਸਰਬਜੀਤ ਸਿੰਘ, ਭਾਈ ਗੁਰਜੀਤ ਸਿੰਘ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਰਜਵੰਤ ਸਿੰਘ, ਭਾਈ ਸਤਿੰਦਰ ਸਿੰਘ ਦੇ ਨਾਂ ਸ਼ਾਮਲ ਹਨ। ਪ੍ਰੋ. ਕਰਤਾਰ ਸਿੰਘ ਦੇ ਹੋਰਨਾਂ ਸ਼ਾਗਿਰਦਾਂ ਵਿੱਚ ਭਾਈ ਵਿਕਰਮਜੀਤ ਸਿੰਘ (ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ) , ਭਾਈ ਸੁਖਵਿੰਦਰ ਸਿੰਘ, ਭਾਈ ਹਰਜੋਤ ਸਿੰਘ, ਭਾਈ ਜੋਗਿੰਦਰ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਰਾਜਵੀਰ ਸਿੰਘ, ਭਾਈ ਮਨਜੀਤ ਸਿੰਘ ਅਤੇ ਦਲਜੀਤ ਸਿੰਘ ਸ਼ਾਮਿਲ ਹਨ।
  2014 ਤੋਂ 2017 ਤੱਕ 7 ਜੱਥਿਆਂ ਭਾਈ ਗੁਰਸੇਵਕ ਸਿੰਘ, ਭਾਈ ਗੁਰਮੁੱਖ ਸਿੰਘ, ਭਾਈ ਗੁਰਕੀਰਤ ਸਿੰਘ, ਭਾਈ ਉਪਿੰਦਰਪਾਲ ਸਿੰਘ , ਭਾਈ ਹਰਸ਼ਰਨ ਸਿੰਘ, ਭਾਈ ਹਰਦੀਪ ਸਿੰਘ ਰੋਪੜ, ਭਾਈ ਹਰਮਿੰਦਰ ਸਿੰਘ ਨੇ ਸਿਖਲਾਈ ਲਈ। 2017 ਤੋਂ 2020 ਤੱਕ ਵਿਦਿਆਰਥੀ ਕੀਰਤਨ ਅਤੇ 18 ਵਿਦਿਆਰਥੀ ਤਬਲੇ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਸ ਅਕੈਡਮੀ ਵਿੱਚ ਪ੍ਰੋ. ਕਰਤਾਰ ਸਿੰਘ ਡਾਇਰੈਕਟਰ ਤੋਂ ਇਲਾਵਾ ਉਨ੍ਹਾਂ ਤੇ 3 ਹੋਰ ਸਾਥੀ ਸੁਖਵਿੰਦਰ ਸਿੰਘ, ਅਰਸ਼ਦੀਪ ਸਿੰਘ ਕੀਰਤਨ ਦੀ ਸਿਖਲਾਈ ਦਿੰਦੇ ਹਨ। ਹਰ ਬੈਂਚ ਵਿੱਚ 40 ਵਿਦਿਆਰਥੀ ਹੁੰਦੇ ਹਨ, ਜਿਨ੍ਹਾਂ ਵਿੱਚ 30 ਗਾਇਨ ਦੀ ਅਤੇ 10 ਪਖਾਵਜ ਦੀ ਸਿੱਖਿਆ ਲੈਂਦੇ ਹਨ। ਇਨ੍ਹਾਂ ਦੀ ਰਿਹਾਇਸ਼ ਤੇ ਖਾਣੇ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕਰਦੀ ਹੈ ਅਤੇ ਵਿਦਿਆਰਥੀਆਂ ਨੂੰ ਵਜ਼ੀਫੇ ਦੀ ਦਿੱਤੇ ਜਾਂਦੇ ਹਨ। ਸਮੇਂ-ਸਮੇਂ ’ਤੇ ਗਾਇਨ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਅਤੇ ਚੰਗੇ ਇਨਾਮ ਦੇ ਕੇ ਹੌਂਸਲਾ ਅਫ਼ਜਾਈ ਕੀਤੀ ਜਾਂਦੀ ਹੈ।
  ਹਰ ਸਾਲ ਅਕੈਡਮੀ ਵੱਲੋਂ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਉੱਚ ਪੱਧਰ ਦਾ ਰਾਗਬੱਧ ਕੀਰਤਨ ਦਰਬਾਰ ਵੀ ਕਰਵਾਇਆ ਜਾਂਦਾ ਹੈ। ਪ੍ਰੋ. ਕਰਤਾਰ ਸਿੰਘ ਲੰਬਾ ਸਮਾਂ ਗੁਰੂ ਨਾਨਕ ਗਰਲਜ਼ ਕਾਲਜ, ਮਾਡਲ ਟਾਊਨ, ਲੁਧਿਆਣਾ ਵਿੱਚ ਸੰਗੀਤ ਵਿਭਾਗ ਦੇ ਮੁਖੀ ਵੀ ਰਹੇ ਅਤੇ ਜਵੱਦੀ ਕਲਾਂ ਦੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਮੋਢੀਆਂ ਵਿੱਚ ਗਿਣੇ ਜਾਂਦੇ ਹਨ। ਵਿਸ਼ੇਸ਼ ਤੌਰ ’ਤੇ ਸ਼੍ਰੋਮਣੀ ਕਮੇਟੀ ਦੀ ਧਰਮ-ਪ੍ਰਚਾਰ ਕਮੇਟੀ ਦੇ ਸੁਯੋਗ ਮੁਖੀ ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੀਆਂ ਚੱਲ ਰਹੀਆਂ ਸਾਰੀਆਂ ਗੁਰਮਤਿ ਸੰਗੀਤ ਅਕੈਡਮੀਆਂ ਦੇ ਪ੍ਰਬੰਧ ਨੂੰ ਦੇਖਦਿਆਂ ਬੜੇ ਉਤਸ਼ਾਹ ਨਾਲ ਹਰ ਸੰਭਵ ਸਹਾਇਤਾ ਪ੍ਰਦਾਨ ਕਰਦੇ ਹਨ।
  ਗੁਰਮਤਿ ਸੰਗੀਤ ਦੀ ਪ੍ਰੰਪਰਾਗਤ ਸ਼ੈਲੀ ਨੂੰ ਜੀਵੰਤ ਰੱਖਣ ਲਈ ਪ੍ਰੋ. ਕਰਤਾਰ ਸਿੰਘ ਦੀ ਘਾਲਣਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਭਾਰਤ ਸਰਕਾਰ ਦੇ ਸੰਗੀਤ ਨਾਟਕ ਅਕੈਡਮੀ ਨਵੀਂ ਦਿੱਲੀ ਵੱਲੋਂ ਟੈਗੋਰ ਅਕੈਡਮੀ ਰਤਨ ਐਵਾਰਡ ਅਤੇ ਰਾਸ਼ਟਰਪਤੀ ਵੱਲੋਂ ਗੁਰਬਾਣੀ ਸੰਗੀਤ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਿੱਖ ਵਰਲਡ ਸੁਸਾਇਟੀ ਯੂ.ਕੇ. ਵੱਲੋਂ ਸਿੱਖ ਲਾਈਫ-ਟਾਇਮ ਅਚੀਵਮੈਂਟ ਪੁਰਸਕਾਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਗੁਰਮਤਿ ਸੰਗੀਤ ਸੀਨੀਅਰ ਫੈਲੋਸ਼ਿਪ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਰਾਗੀ ਐਵਾਰਡ ਸਮੇਤ ਹੋਰ ਅਨੇਕਾਂ ਐਵਾਰਡਾਂ ਨਾਲ ਸਨਮਾਨਿਆ ਗਿਆ। ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸ਼ੁੱਧ 31 ਰਾਗਾਂ ਤੇ 33 ਰਾਗ ਪ੍ਰਕਾਰਾਂ ਦੀ ਵਿਸਥਾਰ ਪੂਰਵਕ ਸੰਪੂਰਨ ਜਾਣਕਾਰੀ ਲਿਖਤੀ ਰੂਪ ਵਿੱਚ ਦੇ ਕੇ ਮਹਾਨ ਕਾਰਜ ਕੀਤੇ ਹਨ। ਉਨ੍ਹਾਂ ਨੇ ਸੰਗੀਤ ਦੀਆਂ 7 ਪੁਸਤਕਾਂ ਦੀ ਰਚਨਾ ਕੀਤੀ ਹੈ। ਉਨ੍ਹਾਂ ਦੀ ਵੱਡੀ ਦੇਣ ਇਹ ਹੈ ਕਿ ਉਨ੍ਹਾਂ ਨੇ ਬਹੁਤ ਸਿਰੜ ਨਾਲ ਹੋਰਨਾਂ ਸਾਥੀਆਂ ਨੂੰ ਨਾਲ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰਾਗੀ ਜੱਥਿਆਂ ਨਾਲ 33 ਸਾਜ ਵਜਾਉਣ ਵਾਲਿਆਂ ਨੂੰ ਸ਼ਾਮਿਲ ਕਰਵਾਇਆ ਹੈ ਅਤੇ ਇਹ ਮਾਣ ਵੀ ਉਨ੍ਹਾਂ ਨੂੰ ਹੀ ਜਾਂਦਾ ਹੈ ਕਿ ਤੰਤੀ ਸਾਜਾਂ ਨਾਲ ਜਦੋਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਰਤਨ ਦੀ ਆਰੰਭਤਾ ਹੋਈ ਤਾਂ ਸੋਦਰੁ ਦੀ ਚੌਂਕੀ ਦਾ ਕੀਰਤਨ ਪ੍ਰੋ. ਕਰਤਾਰ ਸਿੰਘ ਹੋਰਾਂ ਹੀ ਕੀਤਾ ਸੀ।

  *ਮੈਂਬਰ, ਕੀਰਤਨ ਸਬ ਕਮੇਟੀ,
  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ
  ਸੰਪਰਕ: 98154-61710

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com