ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਰੁੱਤਾਂ ਨਾਲ ਸਬੰਧਤ ਕੀਰਤਨ ਪਰੰਪਰਾ

  - ਤੀਰਥ ਸਿੰਘ ਢਿੱਲੋਂ
  ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਸਾਹਿਬਾਨ, ਭਗਤਾਂ ਅਤੇ ਭੱਟਾਂ ਦੀ ਬਾਣੀ ਦੀ ਇੱਕ ਵਿਲੱਖਣ ਖੂਬੀ ਇਹ ਵੀ ਹੈ ਕਿ ਕਾਫੀ ਬਾਣੀ ਦੀ ਰਚਨਾ ਰੁੱਤਾਂ/ਮੌਸਮਾਂ ਮੁਤਾਬਕ ਕੀਤੀ ਗਈ ਹੈ। ਇਨ੍ਹਾਂ ਸ਼ਬਦਾਂ ਵਿੱਚ ਵੱਖ-ਵੱਖ ਮੌਸਮਾਂ ਦਾ ਭਾਵਪੂਰਤ ਚਿੱਤਰਨ ਬਾਖੂਬੀ ਕੀਤਾ ਗਿਆ ਹੈ। ਉਂਜ ਵੀ ਗੁਰਬਾਣੀ ਕਾਦਰ ਦੀ ਕੁਦਰਤ ਨਾਲ ਡਾਢਾ ਸਨੇਹ ਅਤੇ ਤਾਲਮੇਲ ਰੱਖਣ ਦੀ ਸਿੱਖਿਆ ਦਿੰਦੀ ਹੈ। ਜਿਵੇਂ:
  ਬਲਿਹਾਰੀ ਕੁਦਰਤਿ ਵਸਿਆ।।
  ਤੇਰਾ ਅੰਤੁ ਨਾ ਜਾਈ ਲਖਿਆ।।
  ਗੁਰਬਾਣੀ ਕੀਰਤਨ ਵਿੱਚ ਰੁੱਤਾਂ ਅਤੇ ਮਹੀਨਿਆਂ ਦਾ ਵਿਸ਼ੇਸ਼ ਮਹੱਤਵ ਇਸ ਤੱਥ ਤੋਂ ਵੀ ਉਜਾਗਰ ਹੁੰਦਾ ਹੈ

  ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਰਾਮਾਹ ’ਚੋਂ ਦੇਸੀ ਮਹੀਨੇ ਨਾਲ ਸਬੰਧਤ ਸ਼ਬਦ ਦਾ ਹਰ ਮਹੀਨੇ ਸੰਗਰਾਂਦ ਦੇ ਦਿਹਾੜੇ ’ਤੇ ਪਾਠ ਅਤੇ ਕੀਰਤਨ ਕਰਨ ਦੀ ਪਰੰਪਰਾ ਗੁਰੂ ਕਾਲ ਤੋਂ ਹੀ ਚੱਲੀ ਆ ਰਹੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦੋ ਬਾਰਾਮਾਹ ਹਨ। ਪਹਿਲਾ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਵੱਲੋਂ ਰਾਗ ਮਾਝ ਵਿੱਚ ਅਤੇ ਦੂਸਰਾ ਗੁਰੂ ਨਾਨਕ ਦੇਵ ਜੀ ਵੱਲੋਂ ਰਾਗ ਤੁਖਾਰੀ ਵਿੱਚ ਉਚਾਰਿਆ ਗਿਆ ਬਾਰਾਮਾਹ। ਆਮ ਤੌਰ ’ਤੇ ਬਾਰਾਮਾਹ ਮਾਝ ਮਹੱਲਾ ਪੰਜਵਾਂ ਹੀ ਪੜ੍ਹਿਆ ਜਾਂਦਾ ਹੈ। ਕਿਉਂਕਿ ਸਾਡੇ ਮਨਾਂ ਨਾਲ ਕੁਦਰਤ ਦਾ ਅਟੁੱਟ ਸਬੰਧ ਹੈ, ਇਸ ਲਈ ਗੁਰੂ ਸਾਹਿਬਾਨ ਅਤੇ ਬਾਣੀਕਾਰਾਂ ਨੇ ਇਸ ਨੂੰ ਰੁੱਤਾਂ ਵਿੱਚ ਹੋ ਰਹੀਆਂ ਤਬਦੀਲੀਆਂ ਨੂੰ ਆਧਾਰ ਬਣਾ ਕੇ ਪਰਮਾਤਮਾ ਨਾਲੋਂ ਵਿੱਛੜੀ ਜੀਵ ਆਤਮਾ ਦੀ ਅੰਦਰਲੀ ਵੇਦਨਾ ਨੂੰ ਪ੍ਰਗਟਾਉਣ ਦਾ ਮਾਧਿਅਮ ਬਣਾਇਆ ਹੈ।
  ਬਾਰਾਮਾਹ ਰਾਗ ਤੁਖਾਰੀ: ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਇਹ ਰਚਨਾ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੀ ਹੈ। ਗੁਰੂ ਸਾਹਿਬ ਨੇ ਬੜੇ ਖੂਬਸੂਰਤ ਅੰਦਾਜ਼ ਵਿੱਚ ਪਰਮਾਤਮਾ ਨਾਲੋਂ ਵਿੱਛੜੀ ਕੂੰਜ ਵਾਂਗ ਕੁਰਲਾਉਂਦੀ ਜੀਵ ਆਤਮਾ ਦੀ ਕਸਕ ਅਤੇ ਪ੍ਰਭੂ ਮਿਲਾਪ ਦੀ ਤਾਂਘ ਨੂੰ ਜਿਸ ਸ਼ਿੱਦਤ ਨਾਲ ਬਿਆਨ ਕੀਤਾ ਹੈ, ਉਹ ਕਥਨੀ ਤੋਂ ਬਾਹਰ ਦੀ ਗੱਲ ਹੈ। ਗੁਰੂ ਨਾਨਕ ਦੇਵ ਜੀ ਵੱਲੋਂ ਰਾਗ ਤੁਖਾਰੀ ਵਿੱਚ ਰਚਿਆ ਬਾਰਾਮਾਹ ਕਾਵਿਕ ਵੰਨਗੀ ਛੰਤ ਰੂਪ ਵਿੱਚ ਹੈ।
  ਬਾਰਾਮਾਹ ਰਾਗ ਮਾਝ: ਗੁਰੂ ਗ੍ਰੰਥ ਸਾਹਿਬ ਦੇ ਸੰਕਲਨਕਰਤਾ ਗੁਰੂ ਅਰਜਨ ਦੇਵ ਜੀ ਨੇ ਭਾਰਤੀ ਸ਼ਾਸਤਰੀ ਸੰਗੀਤ ਦੇ ਇੱਕ ਵਿਲੱਖਣ ਰਾਗ ਮਾਝ ਵਿੱਚ ਜਿਹੜਾ ਬਾਰਾਮਾਹ ਉਚਾਰਨ ਕੀਤਾ ਹੈ, ਉਸ ਦਾ ਹੀ ਗਾਇਨ ਹੁੰਦਾ ਹੈ। ਮਾਝ ਰਾਗ ਨਾ ਉੱਤਰੀ ਭਾਰਤ ਦੀ ਗਾਇਨ ਸ਼ੈਲੀ ਅਤੇ ਨਾ ਹੀ ਦੱਖਣੀ ਭਾਰਤ ਦੀ ਕਰਨਾਟਕਾ ਗਾਇਨ ਸ਼ੈਲੀ ਵਿੱਚ ਕਿਤੇ ਮਿਲਦਾ ਹੈ। ਇਸ ਦਾ ਭਾਵ ਇਹ ਹੈ ਕਿ ਇਹ ਰਾਗ ਸਿੱਖ ਗੁਰੂ ਸਾਹਿਬਾਨ ਦੀ ਭਾਰਤੀ ਸ਼ਾਸਤਰੀ ਸੰਗੀਤ ਨੂੰ ਬਹੁਤ ਵੱਡੀ ਤੇ ਲਾਸਾਨੀ ਦੇਣ ਹੈ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਨ ਕੀਰਤਨੀਏ ਸਨ, ਜਿਨ੍ਹਾਂ ਨੇ ਤੰਤੀ ਸਾਜ਼ ਸਾਰੰਦੇ ਨਾਲ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿੱਚ ਕੀਰਤਨ ਦੀ ਪਰੰਪਰਾ ਤੋਰੀ।
  ਆਓ ਹੁਣ ਗੁਰਬਾਣੀ ਕੀਰਤਨ ਪਰੰਪਰਾ ਦੇ ਮੌਸਮਾਂ ਨਾਲ ਸਬੰਧਾਂ ਦਾ ਜ਼ਿਕਰ ਕਰੀਏ। ਗੁਰਬਾਣੀ ਵਿੱਚ ਕੁਝ ਰਾਗ ਇਸ ਤਰ੍ਹਾਂ ਦੇ ਦਰਜ ਹਨ, ਜਿਹੜੇ ਮੌਸਮਾਂ ਨਾਲ ਸਬੰਧਤ ਹੋਣ ਕਰਕੇ ਉਨ੍ਹਾਂ ਨੂੰ ਉਸੇ ਮੌਸਮ ਦੌਰਾਨ ਹੀ ਗਾਇਨ ਕਰਨ ਦੀ ਪਰੰਪਰਾ ਹੈ; ਜਿਵੇਂ ਬਸੰਤ ਰਾਗ ਨੂੰ ਮੌਸਮ-ਏ-ਬਹਾਰ ਅਤੇ ਮਲ੍ਹਾਰ ਰਾਗ ਨੂੰ ਮੀਂਹ ਦੀ ਰੁੱਤ ਦੌਰਾਨ ਗਾਇਨ ਕਰਨ ਦਾ ਆਦੇਸ਼ ਹੈ। ਕੁਝ ਵੰਨਗੀਆਂ ਇਸ ਪ੍ਰਕਾਰ ਹਨ :
  ਰਾਗ ਬਸੰਤ:
  * ਪਹਿਲ ਬਸੰਤੈ ਆਗਮਨਿ ਤਿਸ ਕਾ ਕਰਹੁ ਬੀਚਾਰੁ।।
  ਨਾਨਕ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ।।
  * ਨਾਨਕ ਤਿਨਾ ਬਸੰਤ ਹੈ ਜਿਨਿ ਘਰ ਵਸਿਆ ਕੰਤੁ।।
  * ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ।।
  * ਬਸੰਤੁ ਚੜਿਆ ਫੂਲੀ ਬਨਰਾਇ।।
  ਰਾਗ ਮਲ੍ਹਾਰ:
  * ਸੁਣਿ ਘਨ ਘੋਰ ਸੀਤਲੁ ਮਨੁ ਮੋਰਾ ਲਾਲ ਰਤੀ ਗੁਣ ਗਾਵੈ।।
  * ਨਾਨਕ ਸਾਵਣਿ ਜੇ ਵਸੈ ਚਹੁ ਓਮਾਹਾ ਹੋਇ।।
  * ਊਂਨਵਿ ਊਂਨਵਿ ਆਇਆ ਵਰਸੈ ਲਾਇ ਝੜੀ।।
  * ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ।।
  ਪਹੁਫੁਟਾਲੇ ਦਾ ਬੜਾ ਹੀ ਭਾਵਪੂਰਤ ਚਿੱਤਰਣ ਗੁਰਬਾਣੀ ਵਿੱਚ ਇਸ ਤਰ੍ਹਾਂ ਕੀਤਾ ਗਿਆ ਹੈ:
  * ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ।
  ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ।।
  ਇੱਥੇ ਇੱਕ ਖਾਸ ਉਲੇਖ ਕਰਨਾ ਬਣਦਾ ਹੈ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਰਾਗ ਤੁਖਾਰੀ ਅਤੇ ਗੁਰੂ ਅਰਜਨ ਦੇਵ ਜੀ ਵੱਲੋਂ ਰਾਗ ਮਾਝ ਵਿੱਚ ਉਚਾਰਨ ਕੀਤੇ ਗਏ ਦੋਨਾਂ ਹੀ ਬਾਰਾਮਾਹ ਦੇ ਕਿਸੇ ਵੀ ਪਦੇ ਵਿੱਚ ਰਹਾਓ ਦੀ ਵਰਤੋਂ ਨਹੀਂ ਕੀਤੀ ਗਈ, ਜਿਵੇਂ ਕਿ ਹੋਰਨਾਂ ਸ਼ਬਦਾਂ ਵਿੱਚ ਅਕਸਰ ਕੀਤੀ ਮਿਲਦੀ ਹੈ।
  ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ’ਚ ਬਸੰਤ ਰਾਗ ਦੀ ਆਰੰਭਤਾ ਮਾਘ ਦੀ ਸੰਗਰਾਂਦ ਦੇ ਦਿਹਾੜੇ ਤੋਂ ਪਹਿਲੀ ਰਾਤ ਆਖਰੀ ਚੌਕੀ ਸਮੇਂ ਅਰਦਾਸ ਕਰਕੇ ਕੀਤੀ ਜਾਂਦੀ ਹੈ। ਸਾਰੇ ਰਾਗੀ ਜਥੇ ਪਹਿਲਾ ਸ਼ਬਦ ਬਸੰਤ ਰਾਗ ਵਿੱਚ ਪੜ੍ਹਦੇ ਹਨ ਅਤੇ ਨਾਲ ਬਸੰਤ ਕੀ ਵਾਰ ਅਤੇ ਪਉੜੀ ਗਾਇਨ ਕਰਨ ਦੀ ਮਰਿਯਾਦਾ ਹੈ। ਹੋਲੇ ਮਹੱਲੇ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਸਾ ਦੀ ਵਾਰ ਅਤੇ ਬਸੰਤ ਰਾਗ ਗਾਇਆ ਜਾਂਦਾ ਹੈ। ਇਸ ਤੋਂ ਬਾਅਦ ਗੁਲਾਲ ਖੇਡਦੇ ਹੋਏ ਹੋਲੇ ਮਹੱਲੇ ਦਾ ਨਗਰ ਕੀਰਤਨ ਸਜਾਇਆ ਜਾਂਦਾ ਹੈ। ਇਸ ਦੌਰਾਨ ਕੁਝ ਰਾਗੀ ਜਥੇ ਹੋਰੀ ਅੰਗ ਦਾ ਗਾਇਨ ਵੀ ਕਰਕੇ ਸਮਾਂ ਬੰਨ੍ਹਦੇ ਹਨ, ਜਿਵੇਂ: ਫਾਗੁਨ ਮੈ ਸਖੀ ਡਾਰਿ ਗੁਲਾਲ ਸਭੈ ਹਰਿ ਸਿਉ ਬਨ ਬੀਚ ਰਮੈ।।
  ਇਹ ਹੋਰੀ ਰਚਨਾ ਦਸਵੇਂ ਗੁਰੂ ਗੋਬਿੰਦ ਸਿੰਘ ਦੀ ਹੈ, ਜਿਸ ਨੂੰ ਉਨ੍ਹਾਂ ਆਪ ਵੀ ਗਾਇਆ। ਇਸ ਸਾਰੀ ਰਚਨਾ ਵਿੱਚ ਉਨ੍ਹਾਂ ਨੇ ਭਗਵਾਨ ਕ੍ਰਿਸ਼ਨ ਜੀ ਵੱਲੋਂ ਗੋਪੀਆਂ ਨਾਲ ਰਲ ਕੇ ਖੇਡੀ ਜਾਂਦੀ ਹੋਲੀ ਦਾ ਚਿੱਤਰਣ ਕੀਤਾ ਹੈ।
  ਇਸੇ ਤਰ੍ਹਾਂ ਮਲ੍ਹਾਰ ਰਾਗ ਸਾਵਣ ਭਾਦੋਂ ਦੇ ਮਹੀਨਿਆਂ ਵਿੱਚ ਗਾਇਆ ਜਾਂਦਾ ਹੈ ਅਤੇ ਬਸੰਤ ਵਾਂਗ ਹਰ ਕੀਰਤਨ ਚੌਕੀ ਵਿੱਚ ਮਲ੍ਹਾਰ ਰਾਗ ਦੇ ਸ਼ਬਦ ਸਮੇਤ ਪਉੜੀ ਦੇ ਗਾਇਨ ਕਰਨ ਦਾ ਹੁਕਮ ਹੈ। ਇਸ ਤਰ੍ਹਾਂ ਇਹ ਗੱਲ ਸੱਪਸ਼ਟ ਹੁੰਦੀ ਹੈ ਕਿ ਗੁਰਮਤਿ ਸੰਗੀਤ ਪਰੰਪਰਾ ਵਿੱਚ ਮੌਸਮਾਂ, ਮਹੀਨਿਆਂ ਅਤੇ ਰੁੱਤਾਂ ਮੁਤਾਬਕ ਗੁਰਬਾਣੀ ਨੂੰ ਸੰਗੀਤਕ ਢੰਗ ਨਾਲ ਗਾਇਨ ਕਰਨ ਦੀ ਮਹਾਨ ਪਰੰਪਰਾ ਹੈ, ਜੋ ਹੋਰ ਕਿਤੇ ਵੇਖਣ, ਸੁਣਨ ਨੂੰ ਨਹੀਂ ਮਿਲਦੀ। ਇਹ ਗੱਲ ਤਸੱਲੀ ਵਾਲੀ ਹੈ ਕਿ ਜਦੋਂ ਡਾਕਟਰ ਦਲਜੀਤ ਸਿੰਘ ਦੂਰਦਰਸ਼ਨ ਕੇਂਦਰ, ਜਲੰਧਰ ਦੇ ਡਿਪਟੀ ਡਾਇਰੈਕਟਰ ਜਨਰਲ ਸਨ ਤਾਂ ਉਨ੍ਹਾਂ ਨੇ ਦੋਵੇਂ ਬਾਰਾਮਾਹ ਸ਼੍ਰੋਮਣੀ ਰਾਗੀ, ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਆਵਾਜ਼ ਵਿੱਚ ਰਿਕਾਰਡ ਕਰਵਾਏ, ਜਿਨ੍ਹਾਂ ਦੀ ਵਿਆਖਿਆ ਦੀ ਜ਼ਿੰਮੇਵਾਰੀ ਉਨ੍ਹਾਂ ਨੇ ਮੈਨੂੰ ਸੌਂਪੀ। ਦੂਰਦਰਸ਼ਨ ਜਲੰਧਰ ਕੋਲ ਸ਼ਾਇਦ ਹਾਲੇ ਵੀ ਇਹ ਦੁਰਲੱਭ ਖਜ਼ਾਨਾ ਸਾਂਭਿਆ ਪਿਆ ਹੋਵੇ।
  *ਮੈਂਬਰ, ਕੀਰਤਨ ਸਬ-ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ)
  ਸੰਪਰਕ: 98154-61710

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com