ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਸ਼ੇਖ਼ ਫ਼ਰੀਦ: ਬਾਣੀ ਅਤੇ ਵਿਚਾਰਧਾਰਾ

  ਪ੍ਰੋ. ਬ੍ਰਹਮਜਗਦੀਸ਼ ਸਿੰਘ
  ਬਾਬਾ ਸ਼ੇਖ਼ ਫ਼ਰੀਦ (1173-1266 ਈ.) ਚਿਸ਼ਤੀ ਸਿਲਸਿਲੇ ਦੇ ਸੂਫ਼ੀ ਫ਼ਕੀਰ ਸਨ। ਪੰਜਾਬ ਦੀ ਸਰਜ਼ਮੀਨ ’ਤੇ ਪੈਦਾ ਹੋਣ ਵਾਲੇ ਉਹ ਪਹਿਲੇ ਸੂਫ਼ੀ ਦਰਵੇਸ਼ ਸਨ। ਉਨ੍ਹਾਂ ਤੋਂ ਪਹਿਲਾਂ ਹਜ਼ਰਤ ਦਾਤਾ ਗੰਜ ਬਖ਼ਸ਼ ਹੁਜਵੀਰੀ, ਹਜ਼ਰਤ ਮੂਈਨੁਦੀਨ ਚਿਸ਼ਤੀ, ਖੁਆਜਾ ਕੁਤਬੁਦੀਨ ਬਖ਼ਤਿਆਰ ਕਾਕੀ ਵਰਗੇ ਮਹਾਨ ਸੂਫ਼ੀ ਵੀ ਪੰਜਾਬ ਵਿੱਚ ਕਾਫ਼ੀ ਸਮਾਂ ਵਿਚਰੇ ਪਰ ਉਨ੍ਹਾਂ ਦਾ ਜਨਮ ਪੰਜਾਬ ਤੋਂ ਬਾਹਰ ਗ਼ਜ਼ਨੀ, ਚਿਸ਼ਤ ਅਤੇ ਫਰਗਾਨਾ ਵਰਗੇ ਨਗਰਾਂ ਵਿੱਚ ਹੋਇਆ ਸੀ। ਫਰੀਦ ਜੀ ਮੁਲਤਾਨ ਦੇ ਨਜ਼ਦੀਕ ਪਿੰਡ ਕੋਠੇਵਾਲ ਵਿੱਚ ਜੰਮੇ-ਪਲੇ।

  ਉਨ੍ਹਾਂ ਨੇ ਆਪਣੇ ਜੀਵਨ ਦਾ ਕਾਫੀ ਸਮਾਂ ਪੰਜਾਬ (ਕੋਠੇਵਾਲ ਅਤੇ ਅਜੋਧਨ-ਪਾਕਪਟਨ) ਵਿੱਚ ਹੀ ਗੁਜ਼ਾਰਿਆ। ਪੰਜਾਬੀ ਬੋਲੀ ਵਿੱਚ (ਸੂਫ਼ੀ) ਬਾਣੀ ਰਚਣ ਵਾਲੇ ਉਹ ਪਹਿਲੇ ਕਵੀ ਸਨ। ਉਨ੍ਹਾਂ ਤੋਂ ਪਹਿਲਾਂ ਪੰਜਾਬ ਵਿੱਚ ਵਿਚਰਣ ਵਾਲੇ ਸੂਫ਼ੀ ਹਜ਼ਰਤ ਨੇ ਕੋਈ ਬਾਣੀ/ਕਵਿਤਾ ਨਹੀਂ ਰਚੀ। ਉਨ੍ਹਾਂ ਨੇ ਪੰਜਾਬੀ ਵਿੱਚ ਕਾਵਿ ਰਚਨਾ ਦੀ ਇੱਕ ਲੋਕਪੱਖੀ ਪਰੰਪਰਾ ਦੀ ਨੀਂਹ ਰੱਖੀ। ਇਹ ਪਰੰਪਰਾ ਅੱਜ ਵੀ ਪੰਜਾਬੀਆਂ ਲਈ ਪ੍ਰਾਸੰਗਿਕ ਅਤੇ ਅਰਥਪੂਰਨ ਬਣੀ ਹੋਈ ਹੈ।
  ਫ਼ਰੀਦ ਜੀ ਦੇ ਦੌਰ ਵਿੱਚ ਪੰਜਾਬ ਅੰਦਰ ਨਾਥ-ਜੋਗੀਆਂ ਦਾ ਕਾਫੀ ਜ਼ੋਰ ਸੀ। ਉਹ ਦਸਵੀਂ-ਗਿਆਰ੍ਹਵੀਂ ਸਦੀ ਵਿੱਚ ਅਪਭਰੰਸ਼ ਮਿਲੀ ਸਾਧ-ਭਾਸ਼ਾ ਵਿੱਚ ਬਾਣੀ ਦੀ ਰਚਨਾ ਕਰਦੇ ਸਨ। ਸਾਧ-ਭਾਸ਼ਾ ਉਸ ਸਮੇਂ ਪੂਰੇ ਭਾਰਤ ਵਿੱਚ ਸਮਝੀ ਜਾਂਦੀ ਸੀ। ਫ਼ਰੀਦ ਜੀ ਨੇ ਕਾਵਿ ਰਚਨਾ ਵਾਸਤੇ ਉਨ੍ਹਾਂ ਪਾਸੋਂ ਕੁਝ ਬਿਰਤਾਂਤ-ਵਿਧੀਆਂ ਜਾਂ ਰੂਪਾਕਾਰ ਹਾਸਲ ਕੀਤੇ ਹੋਣਗੇ ਪਰ ਠੇਠ ਪੰਜਾਬੀ ਵਿੱਚ ਲਿਖਣਾ, ਇਹ ਉਨ੍ਹਾਂ ਦਾ ਖ਼ੁਦ ਦਾ ਲਿਆ ਫ਼ੈਸਲਾ ਸੀ, ਨਹੀਂ ਤਾਂ ਉਹ ਫ਼ਾਰਸੀ ਜਾਂ ਸਾਧ-ਭਾਸ਼ਾ ਵਿੱਚ ਵੀ ਲਿਖ ਸਕਦੇ ਸਨ। ਇਹ ਕੰਮ ਉਨ੍ਹਾਂ ਲਈ ਕਾਫ਼ੀ ਸੌਖਾ ਹੋਣਾ ਸੀ ਪਰ ਕਿਉਂਕਿ ਉਨ੍ਹਾਂ ਨੇ ਪੰਜਾਬੀਆਂ ਨਾਲ ਸੰਬਾਦ ਰਚਾਉਣਾ ਸੀ, ਇਸ ਕਾਰਨ ਉਨ੍ਹਾਂ ਨੇ ਮੁਲਤਾਨ ਖੇਤਰ ਦੀ ਠੇਠ ਪੰਜਾਬੀ ਬੋਲੀ ਨੂੰ ਆਪਣੇ ਭਾਵਾਂ ਦੇ ਨਿਰੂਪਣ ਲਈ ਚੁਣਿਆ। ਆਧੁਨਿਕ ਯੁਗ ਦੇ ਅਨੇਕ ਵੱਡੇ ਚਿੰਤਕਾਂ ਨਾਲੋਂ ਸੱਤ-ਅੱਠ ਸੌ ਵਰ੍ਹੇ, ਪਹਿਲਾਂ ਹੀ ਉਨ੍ਹਾਂ ਨੇ ਇਹ ਸਿੱਧ ਕਰ ਦਿੱਤਾ ਸੀ ਕਿ ਪ੍ਰਮਾਣਿਕ ਕਵਿਤਾ ਆਪਣੀ ਮਾਂ-ਬੋਲੀ ਵਿੱਚ ਹੀ ਰਚੀ ਜਾ ਸਕਦੀ ਹੈ। ਉਹ ਇਹ ਵੀ ਜਾਣਦੇ ਸਨ ਕਿ ਪੰਜਾਬ ਲਕੀਰ-ਦੇ-ਫ਼ਕੀਰ ਲੋਕਾਂ ਦੀ ਧਾਰਨੀ ਨਹੀਂ, ਇਹ ਨਾਬਰਾਂ ਅਤੇ ਬੇਪਰਵਾਹਾਂ ਦਾ ਦੇਸ਼ ਹੈ ਜੋ ਕਿਸੇ ਦੀ ਟੈਂ ਨਹੀਂ ਮੰਨਦੇ। ਇਹ ਕਾਰਨ ਹੈ ਕਿ ਉਨ੍ਹਾਂ ਦੀ ਬਾਣੀ ਵਿੱਚ ਨਾਬਰੀ ਦੀਆਂ ਅਨੇਕ ਧੁਨੀਆਂ ਸੁਣੀਆਂ ਜਾ ਸਕਦੀਆਂ ਹਨ।
  ਸ਼ੇਖ ਫ਼ਰੀਦ ਜੀ ਆਪਣੇ ਆਸ-ਪਾਸ ਦੇ ਜਨਜੀਵਨ ਨਾਲ ਸਬੰਧਤ ਵੇਰਵਿਆਂ ਦੇ ਵਰਣਨ ਸਦਕਾ ਆਪਣੀ ਬਾਣੀ ਨੂੰ ਅਮੂਰਤ ਨਹੀਂ ਰਹਿਣ ਦਿੰਦੇ ਬਲਕਿ ਕੰਕਰੀਟ ਬਣਾ ਦਿੰਦੇ ਹਨ। ਉਨ੍ਹਾਂ ਦੀ ਬਾਣੀ ਬਿੰਬਵਾਦੀ ਕਾਵਿਦ ਦੀ ਇਕ ਸਰਵੋਤਮ ਉਦਾਹਰਣ ਹੈ। ਭਾਵਾਂ ਦੀ ਕਵਿਤਾ ਹੋਣ ਦੇ ਨਾਲ-ਨਾਲ ਇਹ ਵਸਤਾਂ ਦੀ ਕਵਿਤਾ ਵੀ ਹੈ, ਪਰ ਉਹ ਇਨ੍ਹਾਂ ਵਸਤਾਂ ਨੂੰ ਅਧਿਆਤਮਕ ਜਗਤ ਦੇ ਪ੍ਰਤੀਕਾਂ ਵਜੋਂ ਵੇਖਦੇ ਸਨ। ਦਿਸਦੇ ਵਿੱਚੋਂ ਅਣਦਿਸਦੇ ਦੀ ਤਲਾਸ਼ ਅਤੇ ਨਿਰੂਪਣ ਉਨ੍ਹਾਂ ਦੀ ਬਾਣਾ ਦ ਇੱਕ ਪ੍ਰਮੁੱਖ ਸਰੋਕਾਰ ਰਿਹਾ ਹੈ।
  ਤਤਕਾਲੀ ਜੀਵਨ ਦੇ ਵੇਰਵਿਆਂ ਨੂੰ ਉਹ ਦਿੱਬ-ਦ੍ਰਿਸ਼ਟੀ ਨਾਲ ਵੇਖਦੇ ਹਨ ਅਤੇ ਇਨ੍ਹਾਂ ਦੇ ਵਰਣਨ ਦੁਆਰਾ ਮਨੁੱਖ ਨੂੰ ਪਰਮ-ਸੱਚ ਨਾਲ ਜੋੜਦੇ ਹਨ। ਜੀਵਨ ਦਾ ਪਰਮ-ਸੱਚ ਹੈ, ਪਰਮਾਤਮਾ ਦੀ ਪਛਾਣ ਕਰਨਾ ਅਤੇ ਉਸ ਦੀ ਨਜ਼ਰ ਵਿੱਚ ਪ੍ਰਵਾਨ ਚੜ੍ਹਨ ਲਈ ਉਸ ਵਰਗਾ ਬਣਨ ਦਾ ਯਤਨ ਕਰਨਾ। ਫ਼ਰੀਦ ਜੀ ਜਾਣਦੇ ਸਨ ਕਿ ਦੁਨੀਆਂ ਦੇ ਲੋਕ ਸਾਵਧਾਨ ਹੋ ਕੇ ਨਹੀਂ ਜੀਉਂਦੇ ਬਲਕਿ ਵਿਰਸੇ ਵਿੱਚ ਮਿਲੀ ਸੋਝੀ ਅਨੁਸਾਰ ਆਦਤਨ ਹੀ ਜੀਵੀ ਜਾਂਦੇ ਹਨ। ਕੋਈ ਵੀ ਕਰਮ ਕਰਨ ਤੋਂ ਪਹਿਲਾਂ ਉਹ ਆਪਣੀ ਅੰਤਰਾਤਮਾ ਨੂੰ ਮੁਖ਼ਾਤਿਬ ਨਹੀਂ ਹੁੰਦੇ, ਆਪਣੇ ਆਪ ਤੋਂ ਸਵਾਲ ਨਹੀਂ ਪੁੱਛਦੇ ਕਿ ਉਹ ਜੋ ਕਰਮ ਕਰਨ ਜਾ ਰਿਹਾ ਹੈ, ਕੀ ਉਹ ਉਸ ਵਾਸਤੇ ਜਾਂ ਦੁਨੀਆਂ ਦੀ ਨਜ਼ਰ ਵਿੱਚ ਪ੍ਰਮਾਣਿਕ ਹੈ ਜਾਂ ਨਹੀਂ। ਫ਼ਰੀਦ ਜੀ ਆਪਣੇ ਸਮਕਾਲੀ ਸਮਾਜ ਦੇ ਸੁੱਤੇ-ਸੁੱਤੇ ਚੱਲਣ ਵਾਲੇ ਲੋਕਾਂ ਨੂੰ ਝੰਜੋੜ ਕੇ ਜਗਾਉਂਦੇ ਹਨ ਅਤੇ ਹਰ ਕਦਮ ਹੋਸ਼ ਨਾਲ ਉੱਠਣ ਦੀ ਪ੍ਰੇਰਨਾ ਦਿੰਦੇ ਹਨ। ਉਹ ਸਮਝਾਉਂਦੇ ਹਨ ਕਿ ਦੁਨੀਆਂ ਦੇ ਕਿਸੇ ਵੀ ਪੱਖ ਬਾਰੇ ਤਤਫਟ ਨਿਰਣਾ ਦੇਣ ਤੋਂ ਪਹਿਲਾਂ ਇੱਕ ਵਿਥ ਉਪਰ ਖੜੇ ਹੋ ਕੇ ਵੇਖਣਾ ਜ਼ਰੂਰੀ ਹੁੰਦਾ ਹੈ। ਵਿਥ ਤੋਂ ਬਿਨਾਂ ਕਿਸੇ ਵੀ ਰਿਸ਼ਤੇ ਜਾਂ ਪ੍ਰਸੰਗ ਦੇ ਮਹੱਤਵ ਨੂੰ ਨਹੀਂ ਸਮਝਿਆ ਜਾ ਸਕਦਾ।
  ਫ਼ਰੀਦ ਜੀ ਜਾਣਦੇ ਸਨ ਕਿ ਆਪਣੇ ਵਸਤੂਗਤ ਯਥਾਰਥ ਨਾਲ ਜੁੜੇ ਕੇ ਹੀ ਬੰਦਾ ਪੂਰਨ ਹੁੰਦਾ ਹੈ, ਨਹੀਂ ਤਾਂ ਉਹ ਖੰਡਿਤ ਹੋ ਜਾਂਦਾ ਹੈ। ਫ਼ਰੀਦ ਜੀ ਤੋਂ ਪਹਿਲਾਂ ਅਤੇ ਪਿੱਛੋਂ ਹੋਏ ਬਹੁਤ ਸਾਰੇ ਸੂਫ਼ੀ ਦਰਵੇਸ਼ ਰਾਜ-ਦਰਬਾਰਾਂ ਦੇ ਨਜ਼ਦੀਕ ਰਹੇ। ਰਾਜੇ ਅਤੇ ਹੋਰ ਅਮੀਰ ਵਜ਼ੀਰ ਉਨ੍ਹਾਂ ਦੀ ਸ਼ੋਭਾ ਕਰਦੇ ਹਨ, ਇਸ ਕਾਰਨ ਆਪ ਲੋਕਾਂ ਦੀ ਨਜ਼ਰ ਵਿੱਚ ਉਨ੍ਹਾਂ ਦੀ ਅਜ਼ਮਤ ਅਤੇ ਸ਼ਕਤੀ ਹੋਰ ਵੀ ਵੱਧ ਜਾਂਦੀ ਸੀ, ਪਰ ਇਸ ਤਰ੍ਹਾਂ ਦੀ ਜੀਵਨ-ਸੈਲੀ ਉਨ੍ਹਾਂ ਨੂੰ ਕੁਲੀਨ ਵਰਗ ਵਿੱਚ ਸ਼ਾਮਲ ਕਰ ਦਿੰਦੀ ਸੀ, ਉਹ ਆਪਣੇ ਦੇਸ਼ ਅਤੇ ਸਮਾਜ ਦੀਆਂ ਜ਼ਮੀਨੀ ਹਕੀਕਤਾਂ ਤੋਂ ਟੁੱਟ ਜਾਂਦੇ ਸਨ, ਖੰਡਿਤ ਹੋ ਜਾਂਦੇ ਸਨ। ਇਸ ਸਿੱਚ ਦਾ ਬੋਧ ਫ਼ਰੀਦ ਜੀ ਨੂੰ ਆਪਣੇ ਮੁਰਸ਼ਦ ਖੁਆਜਾ ਕਾਕੀ ਜੀ ਕੋਲ ਦਿੱਲੀ ਜਾ ਕੇ ਰਹਿਣ ਸਮੇਂ ਹੋਇਆ। ਇਹ ਬੋਧ ਬਹੁਤ ਡਰਾਉਣਾ ਸੀ, ਉਹ ਤਨਹਾ ਹੁੰਦੇ ਜਾ ਰਹੇ ਸਨ। ਇਸ ਕਾਰੁਨ ਉਹ ਫੌਰਨ ਆਪਣੇ ਪਿਆਰੇ ਪੰਜਾਬੀਆਂ ਵਿਚਾਲੇ ਅਜੋਧਨ (ਹੁਣ ਪਾਕਪਟਨ) ਪਰਤ ਆਏ ਅਤੇ ਬਾਅਦ ਵਿੱਚ ਪੂਰਾ ਜੀਵਨ ਇੱਥੇ ਹੀ ਨਿਵਾਸ ਕਰਦੇ ਰਹੇ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੁਲੀਨ ਵਰਗ ਵਿੱਚ ਸ਼ਾਮਲ ਹੋ ਕੇ ਬੰਦਾ ਤਾਕਤਵਰ ਤਾਂ ਜ਼ਰੂਰ ਬਣ ਜਾਂਦਾ ਹੈ ਪਰ ਆਪਣੇ ਮੁਆਸਰੇ ਲਈ ਅਜਨਬੀ ਅਤੇ ਅਪ੍ਰਾਸੰਗਿਕ ਬਣ ਜਾਂਦਾ ਹੈ। ਫ਼ਰੀਦ ਜੀ ਆਪਣੀ ਬਾਣੀ ਵਿੱਚ ਮ੍ਰਿਤੂ ਦਾ ਉਲੇਖ ਬਾਰ-ਬਾਰ ਕਰਦੇ ਹਨ। ਉਹ ਜਾਣਦੇ ਸਨ ਕਿ ਮੌਤ ਦਾ ਅਹਿਸਾਸ ਹੀ ਬੰਦੇ ਨੂੰ ਉਸ ਦੀ ਦੀ ਹੋਂਦ ਨਾਲ ਜੋੜ ਕੇ ਰੱਖ ਸਕਦਾ ਹੈ, ਉਸ ਨੂੰ ਕਰਤੱਵ ਦਾ ਬੋਧ ਕਰਵਾਈ ਰੱਖਦਾ ਹੈ। ਮੌਤ ਨੂੰ ਭੁਲਾਉਣ ਵਾਲੇ ਲੋਕ ਆਤਮ-ਕੇਂਦ੍ਰਿਤ ਅਤੇ ਸਵਾਰਥੀ ਬਣ ਜਾਂਦੇ ਹਨ। ਅਜਿਹੇ ਲੋਕ ਕਿਸੇ ਵੀ ਸਮਾਜ ਲਈ ਖ਼ਤਰਨਾਕ ਅਤੇ ਹਾਨੀਕਾਰਕ ਸਿੱਧ ਹੁੰਦੇ ਹਨ। ਮੌਤ ਇਹ ਸਿਖਾ ਅਤੇ ਸਮਝਾ ਦਿੰਦੀ ਹੈ ਕਿ ਹਰ ਸ਼ਖ਼ਸ ਨੇ ਅੰਤ ਮਰ ਜਾਣਾ ਹੈ ਅਤੇ ਬਿਲਕੁਲ ਖਾਲੀ ਹੱਥ ਇਥੋਂ ਵਿਦਾ ਹੋਣਾ ਹੈ। ਇਸ ਸੂਰਤ ਵਿੱਚ ਸਾਰੇ ਲੋਕ ਇਕ-ਸਮਾਨ ਹਨ। ਸੋ ਉਨ੍ਹਾਂ ਨੂੰ ਪਿਆਰ ਕਰੋ, ਕਿਸੇ ਨੂੰ ਗੈਰ ਨਾ ਸਮਝੋ ਅਤੇ ਹਰ ਕਿਸੇ ਦੀ ਸੇਵਾ-ਸਹਾਇਤਾ ਲਈ ਤਤਪਰ ਰਹੋ। ਮਧਕਾਲ ਵਿੱਚ ਬਹੁਤੇ ਲੋਕ ਮੌਦ ਦੇ ਭੈਅ ਵਿੱਚ ਰਹਿੰਦੇ ਸਨ। ਇਸ ਸੂਰਤ ਵਿੱਚ ਉਹ ਦੁਰਾਚਾਰ ਜਾਂ ਭ੍ਰਿਸ਼ਟਾਚਾਰ ਤੋਂ ਬਚ ਕੇ ਰਹਿੰਦੇ ਸਨ ਪਰ ਅੱਜ ਦਾ ਮਨੁੱਖ ਮੌਤ ਨੂੰ ਭੁਲਾਈ ਬੈਠਾ ਹੈ। ਇਹ ਕਾਰਨ ਹੈ ਕਿ ਹਰ ਪਾਸੇ ਚੋਰੀਆਂ, ਠੱਗੀਆਂ, ਬਲਾਤਕਾਰਾਂ, ਡਾਕਿਆਂ ਅਤੇ ਕਤਲਾਂ ਦਾ ਬਾਜ਼ਾਰ ਗਰਮ ਹੈ। ਅਜੋਕੇ ਪਰਿਵੇਸ਼ ਵਿੱਚ ਕੋਈ ਵੀ ਨਿਸ਼ਚਿੰਤ ਜਾਂ ਸੁਰੱਖਿਅਤ ਨਹੀਂ ਹੈ। ਹਰ ਕੋਈ ਡਰਿਆ ਅਤੇ ਘਬਰਾਇਆ ਹੋਇਆ ਹੈ। ਆਓ ਮੌਤ ਦੇ ਮਹੱਤਵ ਨੂੰ ਪਛਾਣੀਏ ਅਤੇ ਆਪਣੀ ਜੀਵਨ-ਸ਼ੈਲੀ ਨੂੰ ਬਦਲੀਏ, ਕਿਸੇ ਦਾ ਬੁਰਾ ਨਾ ਚਿਤਵੀਏ, ਹਰ ਇੱਕ ਨੂੰ ਪ੍ਰੇਮ ਕਰੀਏ। ਫ਼ਰੀਜ ਦੀ ਦੀ ਬਾਣੀ ਮੌਤ ਦੇ ਪਰਿਪੇਖ ਵਿੱਚ ਬੰਦੇ ਨੂੰ ਆਪਣੀ ਜੀਵਨ-ਸੈਲੀ ਸੁਧਾਰਨ ਦਾ ਸੰਦੇਸ਼ ਦਿੰਦੀ ਹੈ।
  ਫ਼ਰੀਦ ਜੀ ਦੀ ਬਾਣੀ ਅਜੋਕੇ ਉਪਭੋਗਵਾਦੀ ਦੌਰ ਵਿੱਚ ਰਹਿਣ ਵਾਲੇ ਲੋਕਾਂ ਲਈ ਵਧੇਰੇ ਪ੍ਰਾਸੰਗਿਕ ਹੈ ਕਿਉਂਕਿ ਪਦਾਰਥਾਂ ਅਤੇ ਮਾਇਆ ਦੇ ਮੋਹ ਵਿੱਚ ਅਸੀਂ ਖੰਡਿਤ ਹੁੰਦੇ ਜਾ ਰਹੇ ਹਾਂ। ਖੰਡਿਤ ਜੀਵਨ ਅਪ੍ਰਮਾਣਿਕ ਹੁੰਦਾ ਹੈ, ਇਹ ਕਿਸੇ ਦੇ ਕੰਮ ਨਹੀਂ ਆਉਂਦਾ। ਆਪਣੇ ਆਪ ਦਾ ਵੀ ਕੋਈ ਫਾਇਦਾ ਨਹੀਂ ਕਰਦਾ। ਸੋ ਇਸ ਪ੍ਰਕਾਰ ਦੀ ਜੀਵਨ-ਸੈਲੀ ਤੋਂ ਇੱਕ ਵਿੱਥ ’ਤੇ ਖੜੇ ਹੋਣਾ ਜ਼ਰੂਰੀ ਹੈ ਤਾਂ ਹੀ ਜੀਵਨ ਦੇ ਮਕਸਦ ਅਤੇ ਮਨੋਰਥ ਦੀ ਸੋਝੀ ਹੋ ਸਕੇਗੀ।

  ਸੰਪਰਕ: 98760-52136

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com