ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਕਰਵਾ ਚੌਥ ਦਾ ਭਰਮ ਅਤੇ ਗੁਰਮਤਿ

  ਗੁਰਸ਼ਰਨ ਸਿੰਘ ਕਸੇਲ
  ਗੁਰੂ ਨਾਨਕ ਜੀ ਨੇ ਤਕਰੀਬਨ ਪੰਜ ਸੌ ਸਾਲ ਪਹਿਲਾਂ ਲੋਕਾਈ ਨੂੰ ਅਖੌਤੀ ਧਾਰਮਿਕ ਪ੍ਰਚਾਰਕਾਂ ਦੇ ਚੁੰਗਲ ਵਿੱਚੋਂ ਮੁਕਤ ਕਰਾਉਣ ਲਈ ਸ਼ਲਾਘਾ ਯੋਗ ਕਦਮ ਚੁੱਕੇ ਸਨ, ਜਿਹੜੇ ਉਹਨਾਂ ਨੂੰ ਅੰਧ-ਵਿਸ਼ਵਾਸਾਂ, ਵਹਿਮਾਂ ਭਰਮਾਂ, ਤੇ ਕਰਮਕਾਂਡਾਂ ਵਿੱਚ ਪਾ ਰਹੇ ਸਨ । ਗੁਰੂ ਨਾਨਕ ਪਾਤਸ਼ਾਹ ਇਸ ਮਿਸ਼ਨ ਵਿੱਚ ਪੂਰਨ ਤੌਰ 'ਤੇ ਕਾਮਯਾਬ ਵੀ ਹੋਏ। ਇਸ ਦਾ ਸਬੂਤ ਸਿੱਖ ਧਰਮ ਦਾ ਹੋਂਦ ਵਿੱਚ ਆਉਣਾ ਹੈ । ਇਸ ਧਰਮ ਦੇ ਪੈਰੋਕਾਰਾਂ ਨੂੰ 'ਸ਼ਬਦ ਗੁਰੂ' ਤੋਂ ਜੀਵਨ ਜਾਚ ਦੀ ਸਿਖਿਆ ਲੈ ਕੇ ਹਰੇਕ ਕਾਰਜ ਲਈ ਸਿਰਫ ਅਕਾਲ ਪੁਰਖ 'ਤੇ ਓਟ ਰੱਖਣ ਦਾ ਉਪਦੇਸ਼ ਹੈ । ਉਸ ਸਮੇਂ ਦੇ ਪੇਸ਼ਾਵਰ ਧਾਰਮਿਕ ਪ੍ਰਚਾਰਕ ਜਿਹੜੇ ਆਪਣੀ ਰੋਜ਼ੀ ਰੋਟੀ ਲਈ ਜਨਤਾ ਨੂੰ ਵਹਿਮਾਂ ਭਰਮਾਂ ਤੇ ਕਰਮਕਾਂਡਾਂ ਵਿੱਚ ਪਾ ਕੇ ਉਹਨਾਂ ਦੀ ਲਹੂ ਪਸੀਨੇ ਦੀ ਕੀਤੀ ਕਮਾਈ 'ਤੇ ਐਸ਼ ਕਰਦੇ ਸਨ; ਪਰ ਦੁੱਖ ਦੀ ਗੱਲ ਹੈ ਕਿ ਅੱਜ ਵੀ ਓਹੀ ਕੁਝ ਹੋ ਰਿਹਾ ਹੈ। ਇਸ ਸਮੇਂ ਅਸੀਂ ਅਗਾਹ ਵਧੂ ਖਿਆਲਾਂ ਦੀਆਂ ਸ਼ੇਖੀਆਂ ਤਾਂ ਬਹੁਤ ਮਾਰਦੇ ਹਾਂ, ਸਾਇੰਸ ਨੇ ਕੀਤੀ ਤਰੱਕੀ ਦੀਆਂ ਗੱਲਾਂ ਵੀ ਕਰਦੇ ਹਾਂ ਜੋ ਵਾਕਿਆ ਹੀ ਫ਼ਖ਼ਰ ਕਰਨ ਵਾਲੀ ਗੱਲ ਹੈ ।

  ਵਿਗਿਆਨੀਆਂ ਨੇ ਤਾਂ ਸਾਨੂੰ ਚੰਦਰਮਾ ਤੋਂ ਮਿੱਟੀ ਵੀ ਲਿਆ ਕਿ ਵਿਖਾਈ ਹੈ ਅਤੇ ਉਸਦੀ ਹਿੱਕ 'ਤੇ ਆਦਮੀ ਨੇ ਪੈਰ ਵੀ ਰੱਖੇ ਹਨ; ਪਰ ਹੈਰਾਨੀ ਦੀ ਗੱਲ ਹੈ ਕਿ ਅੱਜ ਵੀ ਸਿੱਖ ਘਰਾਣੇ ਨਾਲ ਸੰਬੰਧ ਰੱਖਣ ਵਾਲੀਆ ਬੀਬੀਆਂ ਉਸ ਅੱਗੇ ਆਪਣੇ ਪਤੀ ਦੀ ਲੰਮੀ ਉਮਰ ਲਈ ਭੁੱਖੀਆਂ ਰਹਿ ਕੇ ਤਰਲੇ ਕੱਢ ਦੀਆਂ ਹਨ।
  ਇਹ ਵੀ ਗੱਲਤ ਫ਼ਹਿਮੀ ਹੈ ਕਿ ਵਹਿਮਾਂ ਭਰਮਾਂ ਤੇ ਅੰਧ-ਵਿਸ਼ਵਾਸਾਂ ਵਿੱਚ ਸਿਰਫ ਅਨਪੜ੍ਹ ਜਾਂ ਪਿਛੜੇ ਇਲਾਕੇ ਵਿੱਚ ਰਹਿਣ ਵਾਲੇ ਲੋਕ ਹੀ ਫੱਸੇ ਹੁੰਦੇ ਹਨ ਜਾਂ ਇਹ ਲੋਕ ਹੀ ਧਰਮ ਦੇ ਨਾਅ 'ਤੇ ਲੁੱਟਣ ਵਾਲਿਆਂ ਠੱਗਾਂ ਦਾ ਸ਼ਿਕਾਰ ਬਣਦੇ ਹਨ; ਪਰ ਨਹੀਂ, ਇਨ੍ਹਾਂ ਵਿੱਚ ਕੁਝ ਉਹ ਲੋਕ ਵੀ ਸ਼ਾਮਲ ਹਨ ਜੋ ਆਪਣੇ ਆਪ ਨੂੰ ਚੰਗੇ ਪੜ੍ਹੇ ਲਿੱਖੇ ਜਿਵੇਂ ਡਾਕਟਰ, ਪੀ. ਐਚ..ਡੀ ਪ੍ਰੋ. ਅਤੇ ਅਜਿਹੀਆਂ ਹੋਰ ਡਿਗਰੀਆਂ ਦੇ ਮਾਲਕ ਹੋਣ ਦਾ ਮਾਣ ਕਰਦੇ ਹਨ ਓਹ ਵੀ ਉਨਾਂ ਹੀ ਧਾਰਮਿਕ ਅਗਿਆਨਤਾ ਵਿੱਚ ਫੱਸੇ ਨਜਰ ਆਉਂਦੇ ਹਨ । ਜਿਵੇਂ ਕਈ ਸਿੱਖ ਅੋਰਤਾਂ ਗੁਰਮਤਿ ਪ੍ਰਤੀ ਅਗਿਆਨਤਾ ਹੋਣ ਦੇ ਕਾਰਨ ਕਰਵਾ ਚੌਥ, ਮਹਾ ਲਖਮੀ, ਨੌਰਾਤੇ ਆਦਿਕ ਦੇ ਵਰਤ ਰੱਖ ਕੇ ਸੁੱਖਣਾ ਸੁੱਖਦੀਆਂ ਰਹਿੰਦੀਆਂ ਹਨ; ਇਵੇਂ ਹੀ ਕਈ ਸਿੱਖ ਵੀਰ ਵੀ ਗੁਰਪੁਰਬ ਭੁਲਾ ਕੇ ਸੰਗਰਾਂਦਾਂ, ਮੱਸਿਆ, ਪੁੰਨਿਆਂ, ਪੰਚਮੀ ਆਦਿ ਦਿਨਾਂ ਨੂੰ ਹੋਰਨਾ ਦਿਨਾਂ ਨਾਲੋਂ ਪਵਿੱਤਰ ਸਮਝ ਕੇ ਮਨਾਂਉਂਦੇ ਫਿਰਦੇ ਹਨ । ਅਜਿਹੇ ਸਿੱਖ ਇਹ ਭੁੱਲ ਜਾਂਦੇ ਹਨ ਕਿ ਸਿੱਖ ਸਿਰਫ ਅਕਾਲ ਪੁਰਖ ਦੇ ਉਪਾਸ਼ਕ ਹਨ ਨਾਂ ਕਿ ਸੂਰਜ ਜਾਂ ਚੰਦਰਮਾ ਦੇ ।
  ਦਾਸ ਨੂੰ ਉਸ ਸਮੇਂ ਬਹੁਤ ਹੀ ਦੁੱਖ ਤੇ ਹੈਰਾਨੀ ਹੋਈ ਜਦੋਂ ਇਕ ਸਿੱਖ ਪ੍ਰੋਫੈਸਰ ਬੀਬੀ ਦੇ ਮੂੰਹੋਂ ਕਰਵਾ ਚੌਥ ਦਾ ਵਰਤ ਆਪ ਰੱਖਣ ਤੇ ਸੁਹਾਗਣਾ ਲਈ ਇਸ ਦਿਨ ਨੂੰ ਪਵਿੱਤਰ ਤਿਉਹਾਰ ਕਹਿਣਾ ਸੁਣਿਆ। ਜੇਕਰ ਏਨੀਆਂ ਪੜ੍ਹੀਆਂ ਲਿਖੀਆਂ ਬੀਬੀਆਂ ਦਾ ਇਹ ਹਾਲ ਹੈ ਤਾਂ ਕੀ ਬਣੇਗਾ ਸਿੱਖ ਧਰਮ ਦਾ ? ਕੀ ਇਸਤਰੀ ਜਾਤੀ ਨੂੰ ਐਮ. ਏ. ਜਾਂ ਪੀ. ਐਚ. ਡੀ. ਵਰਗੀ ਡਿਗਰੀ ਹਾਸਲ ਕਰਨ ਤੋਂ ਵੀ ਹੋਰ ਜਿਆਦਾ ਪੜ੍ਹਾਈ ਦੀ ਜ਼ਰੂਰਤ ਹੈ ? ਸੋਚੀਦਾ ਹੈ, ਕਿ ਕੀ, ਵਾਕਿਆ ਹੀ ਇਹ ਓਹੀ ਸਿੱਖ ਹਨ ਜਿਹੜੇ ਹਮੇਸ਼ਾਂ ਇਹ ਬਚਨ ਮੂੰਹੋਂ ਬੋਲਦੇ ਹਨ ?:
  ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥ ਜਾਂ, ਸਤਿ ਸ੍ਰੀ ਅਕਾਲ ।
  ਅਤੇ ਜਿਹਨਾ ਨੂੰ ਗੁਰੂ ਸਾਹਿਬਾਨ ਵੱਲੋਂ " ਸ਼ਬਦ ਗੁਰੂ" ਦੀ ਸਿਖਿਆ 'ਤੇ ਚਲਦੇ ਹੋਏ ਸਿਰਫ ਅਕਾਲ ਪੁਰਖ ਦਾ ਓਟ ਆਸਰਾ ਲੈਣ ਦਾ ਹੁਕਮ ਹੈ:
  ਪਾਰਬ੍ਰਹਮੁ ਪ੍ਰਭੁ ਏਕੁ ਹੈ ਦੂਜਾ ਨਾਹੀ ਕੋਇ ॥
  ਜੀਉ ਪਿੰਡੁ ਸਭੁ ਤਿਸ ਕਾ ਜੋ ਤਿਸੁ ਭਾਵੈ ਸੁ ਹੋਇ ॥ ( ਮ: 5, ਪੰਨਾ 45 )
  ਹੈਰਾਨੀ ਹੁੰਦੀ ਹੈ ਕਿ ਕਿੰਨੀ-ਕਿੰਨੀ ਵਾਰ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਇਹ ਪੰਗਤੀਆਂ ਪੜ੍ਹਨ ਵਾਲੇ ਵੀ ਸਿਰਫ ਪੜ੍ਹਨ ਤੀਕਰ ਹੀ ਸੀਮਤ ਹਨ: ਸਲੋਕੁ- ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥( ਮ: 5, ਸੁਖਮਨੀ ਸਾਹਿਬ, ਪੰਨਾ 276 )
  ਗੁਰੁ ਸਾਹਿਬਾਨ ਨੇ ਇਸਤਰੀ ਜਾਤੀ ਨੂੰ ਪੁਰਸ਼ ਦੇ ਬਰਾਬਰ ਅਧਿਕਾਰ ਦਿਵਾਉਣ ਲਈ ਬਹੁਤ ਉਪਰਾਲੇ ਕੀਤੇ ਸਨ; ਪਰ ਜਿੰਨਾਂ ਚਿਰ ਕੋਈ ਵੀ ਇਨਸਾਨ ਆਪਣੀ ਮਦਦ ਆਪ ਕਰਨ ਲਈ ਤਿਆਰ ਹੀ ਨਹੀਂ ਹੁੰਦਾ, ਦੂਸਰਾ ਕਿੰਨਾ ਕੁ ਚਿਰ ਉਸ ਦੀ ਖਾਤਰ ਲੜਾਈ ਕਰੇਗਾ। ਇਹ ਹਾਲ ਅਜੇ ਵੀ ਬੀਬੀਆਂ ਦਾ ਪੜ੍ਹੀਆਂ ਲਿਖੀਆਂ ਹੋਣ ਦੇ ਬਾਵਜੂਦ ਹੈ ।
  ਸਿੱਖ ਧਰਮ ਵਿੱਚ ਇਸਤਰੀ ਮਰਦ ਨੂੰ ਬਰਾਬਰ ਦੇ ਹੱਕ ਹਨ । ਸਿੱਖ ਧਰਮ ਦੇ ਪ੍ਰਚਾਰ ਵਾਸਤੇ ਵੀ ਔਰਤ ਨੂੰ ਹਰ ਅਹੁਦੇ ਦਾ ਹੱਕ ਹੈ। ਇਹ ਨਹੀਂ ਹੈ ਕਿ ਇਸਤਰੀ ਆਪਣੇ ਪਤੀ ਦੀ ਲੰਮੀ ਉਮਰ ਵਾਸਤੇ ਰੋਟੀ ਤੋਂ ਭੁੱਖੀ ਰਹਿ ਕੇ ਚੰਦਰਮਾ ਦੇ ਚੜ੍ਹਨ ਤੇ ਪਤੀ ਪ੍ਰਮੇਸ਼ਰ ਦੇ ਦਰਸ਼ਨਾਂ ਦੀ ਉਡੀਕ ਕਰਦੀ ਰਹੇ ਅਤੇ ਆਦਮੀ ਉਸ ਸਮੇਂ ਭਾਂਵੇਂ ਕਿਸੇ ਹੋਟਲ ਵਿੱਚ ਐਸ਼ ਕਰ ਰਿਹਾ ਹੋਵੇ। ਉਂਝ ਵੀ, ਕੀ ਚੰਦਰਮਾ ਕਿਸੇ ਜੀਵ ਦੀ ਉਮਰ ਵਧਾ ਜਾਂ ਘਟਾ ਸਕਦਾ ਹੈ ? ਗੁਰਬਾਣੀ ਦਾ ਤਾਂ ਜੀਵਣ ਮਰਨ ਬਾਰੇ ਇਹ ਫੁਰਮਾਨ ਹੈ:
  ਜਿਨਿ ਸੇਵਿਆ ਨਿਰਭਉ ਸੁਖਦਾਤਾ ॥ ਤਿਨਿ ਭਉ ਦੂਰਿ ਕੀਆ ਏਕੁ ਪਰਾਤਾ ॥
  ਜੋ ਤੂ ਕਰਹਿ ਸੋਈ ਫੁਨਿ ਹੋਇ॥ ਮਾਰੈ ਨ ਰਾਖੈ ਦੂਜਾ ਕੋਇ ॥( ਮ: 5, ਪੰਨਾ 1139 )
  ਅਰਥ-: ਹੇ ਭਾਈ ! ਜਿਸ ਮਨੁੱਖ ਨੇ ਨਿਰਭਉ ਅਤੇ ਸਾਰੇ ਸੁੱਖ ਦੇਣ ਵਾਲੇ ਅਕਾਲ ਪੁਰਖ ਦੀ ਸਰਨ ਲਈ, ਉਸ ਨੇ ( ਆਪਣਾ ਹਰੇਕ ) ਡਰ ਦੂਰ ਕਰ ਲਿਆ, ਉਸ ਨੇ ਅਕਾਲ ਪੁਰਖ ਨਾਲ ਹੀ ਡੂੰਘੀ ਸਾਂਝ ਪਾ ਲਈ।ਹੇ ਪ੍ਰਭੂ ! ਜੋ ਕੁਝ ਤੂੰ ਕਰਦਾ ਹੈ ਉਹੀ ਹੁੰਦਾ ਹੈ।( ਤੈਥੋਂ ਬਿਨਾ ) ਕੋਈ ਦੂਜਾ ਨਾਹ ਕਿਸੇ ਨੂੰ ਮਾਰ ਸਕਦਾ ਹੈ ਨਾਹ ਬਚਾ ਸਕਦਾ ਹੈ ।
  ਸਿੱਖ ਧਰਮ ਵਿੱਚ ਸਰੀਰ ਨੂੰ ਦੁੱਖ ਦੇਣ ਦਾ ਕੋਈ ਸਿਧਾਂਤ ਨਹੀਂ ਹੈ। ਸੋਧਣਾ ਤਾਂ ਮਨ ਨੂੰ ਹੈ, ਸਰੀਰ ਤਾਂ ਉਹੀ ਕੁਝ ਕਰੇਗਾ ਜੋ ਮਨ ਆਖੇਗਾ:
  ਕਬੀਰ ਮਨੁ ਮੂੰਡਿਆ ਨਹੀ, ਕੇਸ ਮੁੰਡਾਏ ਕਾਇ ॥
  ਜੋ ਕਿਛੁ ਕੀਆ ਸੋ ਮਨ ਕੀਆ, ਮੂੰਡਾ ਮੂੰਡੁ ਅਜਾਂਇ ॥( ਪੰਨਾ 1369)
  ਗੁਰਮੁਖਿ ਆਪਣਾ ਮਨੁ ਮਾਰਿਆ, ਸਬਦਿ ਕਸਵਟੀ ਲਾਇ ॥
  ਮਨ ਹੀ ਨਾਲ ਝਗੜਾ ਮਨ ਹੀ ਨਾਲਿ ਸਥ, ਮਨ ਹੀ ਮੰਝਿ ਸਮਾਇ ॥
  ਮਨ ਜੋ ਇਛੇ ਸੋ ਲਹੈ, ਸਚੈ ਸਬਦਿ ਸੁਭਾਇ ॥ ( ਮ: 3, ਪੰਨਾ 87 )
  ਆਓ ਵੇਖਦੇ ਹਾਂ ਕਿ ਕੀ ਕਿਸੇ ਦਿਨ ਨੂੰ ਪਵਿੱਤਰ ਜਾਂ ਅਪਵਿਤੱਰ ਹੋਣ ਦੇ ਭਰਮ ਵਿੱਚ ਪੈ ਕੇ ਅੰਨ ਨਾ ਖਾਣ ਬਾਰੇ ਗੁਰਬਾਣੀ ਸਾਨੂੰ ਕੀ ਸੋਝੀ ਦੇਂਦੀ ਹੈ:
  ਛੋਡਹਿ ਅੰਨੁ ਕਰਹਿ ਪਾਖੰਡ ॥
  ਨਾ ਸੋਹਾਗਨਿ ਨਾ ਓਹਿ ਰੰਡ॥ (ਪੰਨਾ 873)
  ਅਰਥ-: ਜੋ ਲੋਕ ਅੰਨ ਛੱਡ ਦੇਂਦੇ ਹਨ ਤੇ ਇਹ ਪਖੰਡ ਕਰਦੇ ਹਨ, ਉਹ ( ਉਹਨਾਂ ਕੁਚੱਜੀਆਂ ਜ਼ਨਾਨੀਆਂ ਵਾਂਗ ਹਨ ਜੋ ) ਨਾਹ ਸੋਹਾਗਣਾਂ ਹਨ ਨਾਹ ਰੰਡੀਆਂ ਹਨ।
  ਕਬੀਰ ਹਰਿ ਕਾ ਸਿਮਰਨੁ ਛਾਡਿ ਕੇ ਅਹੋਈ ਰਾਖੈ ਨਾਰਿ॥
  ਗਦਹੀ ਹੋਇ ਕੈ ਅਉਤਰੈ ਭਾਰ ਸਹੈ ਮਨ ਚਾਰਿ ॥( ਪੰਨਾ 1370)
  ਅਰਥ: ਹੇ ਕਬੀਰ ! ("ਰਾਮੁ ਨ ਛੋਡੀਐ, ਤਨੁ ਧਨੁ ਜਾਇ ਤ ਜਾਉ" ਨਹੀਂ ਤਾਂ ) ਰਾਮ -ਨਾਮ ਛੱਡਣ ਦਾ ਹੀ ਇਹ ਨਤੀਜਾ ਹੈ ਕਿ (ਮੂਰਖ) ਇਸਤ੍ਰੀ ਸੀਤਲਾ ਦਾ ਵਰਤ ਰੱਖਦੀ ਫਿਰਦੀ ਹੈ।(ਤੇ, ਜੇ ਭਲਾ ਸੀਤਲਾ ਉਸ ਨਾਲ ਬੜਾ ਹੀ ਪਿਆਰ ਕਰੇਗੀ ਤਾਂ ਉਸ ਨੂੰ ਹਰ ਵੇਲੇ ਆਪਣੇ ਪਾਸ ਰੱਖਣ ਲਈ ਆਪਣੀ ਸਵਾਰੀ ਖੋਤੀ ਬਣਾ ਲਵੇਗੀ) ਸੋ, ਉਹ ਮੂਰਖ ਇਸਤ੍ਰੀ ਖੋਤੀ ਦੀ ਜੂਨੇ ਪੈਂਦੀ ਹੈ ਤੇ ( ਹੋਰ ਖੋਤੀਆਂ ਵਾਂਗ ਛੱਟਾਂ ਆਦਿਕ ਦਾ) ਚਾਰ ਮਣ ਭਾਰ ਢੋਂਹਦੀ ਹੈ।
  ਅੰਨ ਨਾ ਖਾ ਕੇ ਮਨ ਦੀਆਂ ਮੁਰਾਦਾਂ ਹਾਸਲ ਕਰਨ ਲੈਣ ਵਾਲਿਆਂ ਦੇ ਮਨ ਵਿੱਚ ਪਏ ਭੁਲੇਖੇ ਬਾਰੇ ਗੁਰੂ ਨਾਨਕ ਸਾਹਿਬ ਇੰਜ਼ ਫ਼ੁਰਮਾਉਂਦੇ ਹਨ:
  ਅੰਨੁ ਨ ਖਾਹਿ ਦੇਹੀ ਦੁਖੁ ਦੀਜੈ ॥
  ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ ॥
  ਮਨਮੁਖਿ ਜਨਮੈ ਜਨਮਿ ਮਰੀਜੈ ॥ ( ਮ: 1, 905 )
  ਅਰਥ-: ਜਿਹੜੇ ਬੰਦੇ ਅੰਨ ਨਹੀਂ ਖਾਂਦੇ ( ਇਸ ਤਰਾਂ੍ਹ ਉਹ ਕੋਈ ਆਤਮਕ ਲਾਭ ਤਾਂ ਨਹੀਂ ਖੱਟਦੇ ) ਸਰੀਰ ਨੂੰ ਹੀ ਕਸ਼ਟ ਮਿਲਦਾ ਹੈ, ਗੁਰੂ ਤੋਂ ਮਿਲੇ ਗਿਆਨ ਤੋਂ ਬਿਨਾਂ ( ਮਾਇਆ ਵੱਲੋਂ ਵਿਕਾਰਾਂ ਵੱਲੋਂ ) ਤ੍ਰਿਪਤੀ ਨਹੀਂ ਹੋ ਸਕਦੀ। ਸੋ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜੰਮਦਾ ਹੈ ਮਰਦਾ ਹੈ। ਉਸ ਦਾ ਇਹ ਗੇੜ ਤੁਰਿਆ ਰਹਿੰਦਾ ਹੈ।
  ਇਕਿ ਤੀਰਥਿ ਨਾਵਹਿ ਅੰਨੁ ਨ ਖਾਵਹਿ ॥
  ਇਕਿ ਅਗਨਿ ਜਲਾਵਹਿ ਦੇਹ ਖਪਾਵਹਿ ॥
  ਰਾਮ ਨਾਮ ਬਿਨੁ ਮੁਕਤਿ ਨ ਹੋਈ ਕਿਤੁ ਬਿਧਿ ਪਾਰਿ ਲੰਘਾਈ ਹੇ ॥( ਮ: 1, ਪੰਨਾ 1024 )
  ਅਰਥ-: ਅਨੇਕਾਂ ਬੰਦੇ ( ਜਗਤ ਤਿਆਗ ਕੇ) ਤੀਰਥਾਂ ਉਤੇ ਇਸ਼ਨਾਨ ਕਰਦੇ ਹਨ, ਤੇ ਅੰਨ ਨਹੀਂ ਖਾਦੇ। ਅਨੇਕਾਂ ਬੰਦੇ ( ਤਿਆਗੀ ਬਣ ਕੇ ) ਅੱਗ ਬਾਲਦੇ ਹਨ( ਧੂਣੀਆਂ ਤਪਾਂਦੇ ਹਨ ਤੇ ) ਆਪਣੇ ਸਰੀਰ ਨੂੰ ( ਤਪਾਂ ਦਾ ) ਕਸ਼ਟ ਦੇਂਦੇ ਹਨ; ਪਰ ਅਕਾਲ ਪੁਰਖ ਦਾ ਨਾਮ ਸਿਮਰਨ ਤੋਂ ਬਿਨਾਂ ( ਮਾਇਆ ਦੇ ਬੰਧਨਾਂ ਤੋਂ ) ਖ਼ਲਾਸੀ ਨਹੀਂ ਮਿਲਦੀ। ਸਿਮਰਨ ਤੋਂ ਬਿਨਾ ਹੋਰ ਕਿਸੇ ਤਰੀਕੇ ਨਾਲ ਕੋਈ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦਾ।
  ਹੁਣ ਵੇਖਦੇ ਹਾਂ ਗੁਰਬਾਣੀ ਸਾਨੂੰ ਵਰਤ ਰੱਖਣ ਬਾਰੇ ਕੀ ਸਿਖਿਆ ਦੇਂਦੀ ਹੈ :
  ਸਭਿ ਨਾਦ ਬੇਦ ਗੁਰਬਾਣੀ ॥ ਮਨੁ ਰਾਤਾ ਸਾਰਿਗਪਾਣੀ ॥
  ਤਹ ਤੀਰਥ ਵਰਤ ਤਪ ਸਾਰੇ ॥ ਗੁਰ ਮਿਲਿਆ ਹਰਿ ਨਿਸਤਾਰੇ ॥( ਮ: 1, ਪੰਨਾ 879 )
  ਅਰਥ :- ਗੁਰੂ ਦੀ ਬਾਣੀ ਦੀ ਰਾਹੀਂ ਜਿਸ ਮਨੁੱਖ ਦਾ ਮਨ ਅਕਾਲ ਪੁਰਖ ( ਦੇ ਪਿਆਰ ) ਵਿਚ ਰੰਗਿਆ ਜਾਂਦਾ ਹੈ ਉਸ ਨੂੰ ਜੋਗੀਆਂ ਦੇ ਸਿੰਝੀ ਆਦਿਕ ਸਾਰੇ ਵਾਜੇ ਤੇ ਹਿੰਦੂ ਮਤ ਦੇ ਵੇਦ ਆਦਿਕ ਧਰਮ-ਪੁਸਤਕ ਸਭ ਗੁਰੂ ਦੀ ਬਾਣੀ ਵਿੱਚ ਹੀ ਆਜਾਂਦੇ ਹਨ ( ਭਾਵ ਗੁਰਬਾਣੀ ਦੇ ਟਾਕਰੇ ਤੇ ਉਸ ਨੂੰ ਇਹਨਾਂ ਦੀ ਲੋੜ ਨਹੀਂ ਰਹਿ ਜਾਂਦੀ )।( ਜਿਸ ਆਤਮਕ ਅਵਸਥਾ ਵਿੱਚ ਉਹ ਪਹੁੰਚਦਾ ਹੈ ) ਉਥੇ ਸਾਰੇ ਤੀਰਥ-ਇਸ਼ਨਾਨ ਸਾਰੇ ਵਰਤ ਤੇ ਤਪ ਵੀ ਮਿਲਿਆਂ ਬਰਾਬਰ ਹੋ ਜਾਂਦੇ ਹਨ। ਜੇਹੜਾ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ ਉਸ ਨੂੰ ਅਕਾਲ ਪੁਰਖ ( ਸੰਸਾਰ-ਸਮੁੰਦਰ ਵਿੱਚੋਂ ) ਪਾਰ ਲੰਘਾ ਲੈਂਦਾ ਹੈ।
  ਨਉਮੀ ਨੇਮੁ ਸਚੁ ਜੇ ਕਰੈ ॥ ਕਾਮ ਕ੍ਰੋਧੁ ਤ੍ਰਿਸਨਾ ਉਚਰੈ ॥
  ਦਸਮੀ ਦਸੇ ਦੁਆਰ ਜੇ ਠਾਕੈ ਏਕਾਦਸੀ ਏਕੁ ਕਰਿ ਜਾਣੈ ॥
  ਦੁਆਦਸੀ ਪੰਚ ਵਸਗਤਿ ਕਰਿ ਰਾਖੈ ਤਉ ਨਾਨਕ ਮਨੁ ਮਾਨੈ ॥
  ਐਸਾ ਵਰਤੁ ਰਹੀਜੈ ਪਾਡੇ ਹੋਰ ਬਹੁਤੁ ਸਿਖ ਕਿਆ ਦੀਜੈ ॥( ਮ: 3, ਪੰਨਾ 1245 )
  ਅਰਥ:- ਜੇ ਮਨੁੱਖ ਸੱਚ ਧਾਰਨ ਕਰਨ ਦੇ ਨੇਮ ਨੂੰ ਨੌਮੀ ( ਦਾ ਵਰਤ ) ਬਣਾਏ, ਕਾਮ ਕ੍ਰੋਧ ਤੇ ਲਾਲਚ ਨੂੰ ਚੰਗੀ ਤਰਾਂ੍ਹ ਦੂਰ ਕਰ ਲਏ; ਜੇ ਦਸ ਹੀ ਇੰਦ੍ਰਿਆਂ ਨੂੰ ( ਵਿਕਾਰਾਂ ਵੱਲੋਂ ) ਰੋਕ ਰੱਖੇ ( ਇਸ ਉਦੱਮ ਨੂੰ ) ਦਸਮੀ ( ਥਿੱਤੀ ਦਾ ਵਰਤ ) ਬਣਾਏ; ਇਕ ਅਕਾਲ ਪੁਰਖ ਨੂੰ ਹਰ ਥਾਂ ਵਿਆਪਕ ਸਮਝੇ-ਇਹ ਉਸ ਦਾ ਏਕਾਦਸੀ ਦਾ ਵਰਤ ਹੋਵੇ; ਪੰਜ ਕਾਮਾਦਿਕਾਂ ਨੂੰ ਕਾਬੂ ਵਿੱਚ ਰੱਖੇ-ਜੋ ਇਹ ਉਸ ਦਾ ਦੁਆਦਸੀ ਦਾ ਵਰਤ ਬਣੇ; ਤਾਂ, ਹੇ ਨਾਨਕ ! ਮਨ ਪਤੀਜ ਜਾਂਦਾ ਹੈ।
  ਹੇ ਪੰਡਿਤ ! ਜੇ ਇਹੋ ਜਿਹਾ ਵਰਤ ਨਿਬਾਹ ਸਕੀਏ ਤਾਂ ਕਿਸੇ ਹੋਰ ਸਿੱਖਿਆ ਦੀ ਲੋੜ ਨਹੀਂ ਪੈਂਦੀ।
  ਟੀਕਾਕਾਰ ਪ੍ਰੋ. ਸਾਹਿਬ ਸਿੰਘ ਡੀ.ਲਿੱਟ
  ਗੁਰਬਾਣੀ ਦੇ ਉਪਰੋਕਤ ਸ਼ਬਦਾਂ ਨੂੰ ਸਮਝਦੇ ਹੋਏ ਵੀ ਜਿਹੜੀਆਂ ਬੀਬੀਆਂ ਇਹ ਸਮਝਣ ਕਿ ਸਾਡੇ 'ਕਰਵਾ ਚੌਥ' ਵਰਗੇ ਕੀਤੇ ਕਰਮ-ਕਾਂਡ ਨਾਲ ਜਾਂ ਨਾ ਕਰਨ ਨਾਲ ਮੇਰੇ ਪਤੀ ਦੀ ਉਮਰ ਵੱਧ ਜਾਂ ਘੱਟ ਜਾਵੇਗੀ, ਤਾਂ ਕੀ ਅਸੀਂ "ਸੀ੍ ਗੁਰੂ ਗ੍ਰੰਥ ਸਾਹਿਬ" ਜੀ ਨੂੰ ਗੁਰੂ ਮੰਨ ਕੇ ਉਹਨਾਂ ਦੀ ਆਖੀ ਸਚਾਈ ਤੇ ਸ਼ੱਕ ਤਾਂ ਨਹੀਂ ਕਰ ਰਹੇ ? ਕੀ ਕਿਤੇ ਇਹ ਗੱਲ ਤਾਂ ਨਹੀਂ ਕਿ ਅਸੀਂ ਆਪਣੇ ਆਪ ਨੂੰ ਸਿੱਖ ਤਾਂ ਆਖੀ ਜਾਂ ਅਖਵਾਈ ਜਾਂਦੇ ਹਾਂ ਪਰ ਇਹ ਪਤਾ ਹੀ ਨਾ ਹੋਵੇ ਕਿ ਸਿੱਖ ਸਿਧਾਂਤ ਮੁਤਾਬਕ ਸਿੱਖ ਹੈ ਕੌਣ ਅਤੇ ਗੁਰਮਤਿ ਦੀ ਰਹਿਣੀ ਕੀ ਹੈ ? ਆਉ, ਇਹ ਜਾਨਣ ਲਈ ਸ੍ਰੀ ਅਕਾਲ ਤਖਤ ਤੋਂ ਪ੍ਰਵਾਨਿਤ "ਸਿੱਖ ਰਹਿਤ ਮਰਯਾਦਾ" ਤੋਂ ਜਾਣਕਾਰੀ ਲਈਏ:
  ਸਿੱਖ ਦੀ ਤਾਰੀਫ਼:- ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ ( ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤਕ ) ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ ।
  ( A ) ਇਕ ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਨੀ।
  ( ਅ ) ਆਪਣੀ ਮੁਕਤੀ ਦਾ ਦਾਤਾ ਤੇ ਇਸ਼ਟ ਕੇਵਲ ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਨੂੰ ਮੰਨਣਾ ।
  ( ਸ ) ਜ਼ਾਤ-ਪਾਤ, ਛੂਤ-ਛਾਤ, ਜੰਤ੍ਰ-ਮੰਤ੍ਰ-ਤੰਤ੍ਰ, ਸ਼ਗਨ, ਤਿੱਥ, ਮਹੂਰਤ, ਗ੍ਰਹਿ, ਰਾਸ਼ੀ, ਸਰਾਧ, ਪਿੱਤਲ, ਖਿਆਹ, ਪਿੰਡ, ਪੱਤਲ, ਦੀਵਾ, ਕਿਰਿਆ ਕਰਮ, ਹੋਮ, ਜੱਗ, ਤਰਪਣ, ਸਿਖਾ ਸੂਤ, ਭੱਦਰ, ਇਕਾਦਸ਼ੀ, ਪੂਰਨਮਾਸ਼ੀ ਆਦਿ ਦੇ ਵਰਤ, ਤਿਲਕ, ਜੰਝੂ, ਤੁਲਸੀ, ਮਾਲਾ, ਗੋਰ, ਮੱਠ, ਮੜੀ, ਮੂਰਤੀ ਪੂਜਾ ਆਦਿ ਭਰਮ-ਰੂਪ ਕਰਮਾਂ ਉਤੇ ਨਿਸਚਾ ਨਹੀਂ ਕਰਨਾ। ਗੁਰੂ ਅਸਥਾਨ ਤੋਂ ਬਿਨਾ ਕਿਸੇ ਅਨ -ਧਰਮ ਦੇ ਤੀਰਥ ਜਾਂ ਧਾਮ ਨੂੰ ਆਪਣਾ ਅਸਥਾਨ ਨਹੀਂ ਮੰਨਣਾ।
  ਪੀਰ, ਬ੍ਰਾਹਮਣ, ਪੁੱਛਣਾ, ਸੁੱਖਣਾ, ਸ਼ੀਰਨੀ, ਵੇਦ ਸ਼ਾਸ਼ਤਰ, ਗਾਇਤ੍ਰੀ, ਗੀਤਾ, ਕੁਰਾਣ, ਅੰਜੀਲ ਆਦਿ ਉਤੇ ਨਿਸ਼ਚਾ ਨਹੀਂ ਕਰਨਾ। ਹਾਂ, ਆਮ ਵਾਕਫੀ ਲਈ ਅਨਮਤਾਂ ਦੇ ਗ੍ਰੰਥਾਂ ਦਾ ਪੜ੍ਹਨਾ ਯੋਗ ਹੈ।
  ਉਪਰ ਦਿਤੇ 'ਸਿੱਖ ਕੌਣ ਹੈ ਤੇ ਗੁਰਮਤਿ ਦੀ ਰਹਿਣੀ' ਦੇ ਸਿਧਾਂਤ ਮੁਤਾਬਕ ਜਰਾ ਸੋਚੀਏ ਕਿ, ਕੀ ਅਸੀਂ ਵਾਕਿਆ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਸਿੱਖ ਹਾਂ ? ਕੀ ਸਾਡੇ 'ਤੇ ਦੋ ਬੇੜੀਆਂ ਦੇ ਸਵਾਰ ਹੋਣ ਵਾਲੀ ਕਹਾਵਤ ਤਾਂ ਨਹੀਂ ਢੁੱਕਦੀ ? ਜੇ ਹੈ ਤਾਂ ਫਿਰ ਸਾਨੂੰ ਸੋਚ ਵਿਚਾਰ ਕੇ ਇਕ ਦੇ ਲੜ੍ਹ ਲਗਣਾ ਚਾਹੀਦਾ ਹੈ ।
  ਜੇਕਰ ਗੁਰੂ ਜੀ ਦੇ ਉਪਰ ਦਿੱਤੇ ਬਚਨਾਂ ਨੂੰ ਸਮਝਦੇ ਹੋਏ ਵੀ ਅੰਧ-ਵਿਸ਼ਵਾਸਾਂ ਤੋਂ ਸਾਡੀ ਖਲਾਸੀ ਨਹੀਂ ਹੁੰਦੀ ਤਾਂ ਫਿਰ ਸਿੱਖ ਧਰਮ/ ਕੌਮ ਦਾ ਆਉਣ ਵਾਲਾ ਭਵਿੱਖ ਕੀ ਹੋਵੇਗਾ ? ਇਹ ਆਪਾਂ ਸਮਝ ਸਕਦੇ ਹਾਂ। ਜਿਵੇਂ ਆਖਦੇ ਹਨ ਕਿ "ਸੁਤੇ ਨੂੰ ਤਾਂ ਜਗਾਇਆ ਜਾ ਸਕਦਾ ਹੈ ਪਰ ਜਾਗਦੇ ਨੂੰ ਕੋਈ ਕੀ ਕਰੇ"। ਅਜਿਹੀ ਹਾਲਤ ਅੱਜ ਪੜ੍ਹੇ ਲਿੱਖੇ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀ ਹੋ ਰਹੀ ਹੈ, ਅਨਪੜ੍ਹਾ ਤੇ ਵੀਚਾਰ ਹੀਣਾ ਦੀ ਤਾਂ ਗੱਲ ਹੀ ਛੱਡੋ ।
  ਜਿਸ ਧਰਮ ਵਿੱਚ ਕਰਵਾ ਚੌਥ ਦੀ ਮੰਨਤਾ ਹੈ ਉਨ੍ਹਾਂ ਨੂੰ ਮੁਬਾਰਕ ਹੋਵੇ; ਪਰ ਸਿੱਖ ਧਰਮ ਵਿੱਚ ਇਸ ਤਰ੍ਹਾਂ ਦੇ ਕਰਮਕਾਂਡ ਤੇ ਅੰਧ-ਵਿਸ਼ਵਾਸ ਕਰਨ ਵਾਸਤੇ ਕੋਈ ਥਾਂ ਨਹੀਂ ਹੈ।
  ਅੱਜ ਲੋੜ ਹੈ, ਸਿੱਖ ਧਰਮ ਨੂੰ ਵਿਚਾਰਵਾਨ ਪੜ੍ਹੀਆਂ ਲਿਖੀਆਂ ਬੀਬੀਆਂ ਦੀ ਜਿਹੜੀਆਂ ਦੁਨੀਆਵੀ ਉਚ-ਵਿਦਿਆ ਦੇ ਨਾਲ-ਨਾਲ ਧਾਰਮਿਕ ਵਿਦਿਆ ਵੀ ਲੈਣ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਆਪ ਪੜ੍ਹਕੇ ਇਸ ਦੀ ਵਿਚਾਰ ਕਰਨ ਤੇ ਸਿੱਖ ਸਿਧਾਂਤਾਂ ਪ੍ਰਤੀ ਆਪ ਪਰਪੱਕ ਹੋਣ ਅਤੇ ਆਪਣੇ ਬੱਚਿਆਂ ਨੂੰ ਵੀ ਕਰਨ ; ਤਾਂ ਜੋ ਉਹਨਾਂ ਦੇ ਜੀਵਨ ਤੋਂ ਸੇਧ ਜੇਕਰ ਦੂਸਰੇ ਧਰਮਾਂ ਦੇ ਲੋਕ ਨਹੀਂ ਤਾਂ ਘੱਟੋ ਘੱਟ ਸਿੱਖ ਬੀਬੀਆਂ ਲਈ ਤਾਂ ਮਾਰਗ ਦਰਸ਼ਕ ਬਣ ਸਕਣ। ਇਸ ਤਰਾਂ੍ਹ ਹੀ ਅਸੀਂ ਕਰਵਾ ਚੌਥ ਵਰਗੇ ਅੰਧ-ਵਿਸ਼ਵਾਸੀ ਤੇ ਕਰਮਕਾਡਾਂ ਵਿੱਚ ਪਾਉਣ ਵਾਲੇ ਗੈਰਸਿੱਖ ਤਿਉਹਾਰਾਂ ਤੋਂ ਮੁਕਤੀ ਹਾਸਲ ਕਰ ਸਕਾਂਗੇ।
  ਆਓ ਸਿੱਖ ਕਹਾਉਣ ਵਾਲਿਓ !ਸੂਰਜ, ਚੰਨ ਅਤੇ ਦੇਵੀ ਦੇਵਤਿਆਂ ਨੂੰ ਪੂਜਣ ਦੀ ਭਟਕਣਾ ਦਾ ਤਿਆਗ ਕਰਕੇ "ਸ਼ਬਦ ਗੁਰੂ" ਰਾਹੀਂ ਆਪਣੇ ਅੰਦਰ ਵੱਸਦੇ ਅਕਾਲ ਪੁਰਖ ਦੀ ਪਛਾਣ ਕਰੀਏ ਤੇ ਹਮੇਸ਼ਾਂ ਉਸ ਦਾ ਸ਼ੁਕਰਾਨਾ ਕਰਨ ਦੇ ਆਦੀ ਹੋਈਏ; ਕਿਉਂਕਿ ਉਹ ਹੀ ਹਰੇਕ ਜੀਵ ਨੂੰ ਸਿਰਫ ਤੇ ਸਿਰਫ ਮਾਰਨ ਰੱਖਣ ਵਾਲਾ ਅਤੇ ਸਾਰੇ ਸੁੱਖ ਦੇਣ ਵਾਲਾ ਹੈ :
  ਬਿਨੁ ਭਗਵੰਤ ਨਾਹੀ ਅਨ ਕੋਇ ॥
  ਮਾਰੈ ਰਾਖੈ ਏਕੋ ਸੋਇ ॥ ਰਹਾਉ॥( ਮ: 5, ਪੰਨਾ 192 )

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com