ਪ੍ਰਸਿੱਧ ਹੋਏ। ਤੇਜਾ ਸਿੰਘ ’ਤੇ ਪਿਤਾ ਦੇਵਾ ਸਿੰਘ ਦੇ ਧਾਰਮਿਕ ਸੰਸਕਾਰਾਂ ਦਾ ਪ੍ਰਭਾਵ ਵੀ ਪਿਆ। ਜਿਸ ਦੇ ਨਤੀਜੇ ਵਜੋਂ ਬਚਪਨ ਵਿੱਚ ਗੁਰਮੁਖੀ ਪੜ੍ਹੀ। ਉਪਰੰਤ ਸਕੂਲ ਵਿੱਚ ਵੀ ਕੁੱਝ ਤਾਲੀਮ ਹਾਸਲ ਕੀਤੀ। 18 ਵਰ੍ਹੇ ਦੀ ਉਮਰ ਵਿੱਚ ਫ਼ੌਜ਼ ਵਿੱਚ ਭਰਤੀ ਹੋ ਕੇ 10 ਸਾਲ ਰਸਾਲੇ ਵਿੱਚ ਨੌਕਰੀ ਕੀਤੀ ਤੇ 1911 ਵਿੱਚ ਆਪਣੇ ਤੀਜੇ ਪੁੱਤਰ ਸ੍ਰ: ਬਿਸ਼ਨ ਸਿੰਘ (1969 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ) ਦੇ ਜਨਮ ਮਗਰੋਂ ਫ਼ੌਜੀ ਰਸਾਲੇ ਦੀ ਨੌਕਰੀ ਛੱਡ ਦਿੱਤੀ।
ਤੇਜਾ ਸਿੰਘ ਦੂਰ-ਅੰਦੇਸ਼, ਦਿੜ੍ਰ ਤੇ ਦੇਸ਼ ਭਗਤ ਵਿਚਾਰਾਂ ਦੇ ਧਾਰਨੀ ਸਨ। ਉਨ੍ਹਾਂ ਦੇ ਸਬੰਧ ਵਿੱਚ ਪ੍ਰਸਿੱਧ ਦੇਸ਼-ਭਗਤ ਤੇਜਾ ਸਿੰਘ ਚੂੜਕਾਣਾ ਦੱਸਦੇ ਹਨ, ਕਿ ਸ਼ੁਰੂ ਵਿੱਚ ਹੀ ਤੇਜਾ ਸਿੰਘ ਅਮਰੀਕਾ ਅਤੇ ਕੈਨੇਡਾ ਵਿੱਚ ਦੇਸ਼ ਦੀ ਆਜ਼ਾਦੀ ਦਾ ਪ੍ਰਚਾਰ ਕਰ ਰਹੇ ਗ਼ਦਰੀ ਬਾਬਿਆਂ ਦੇ ਕਾਰਨਾਮਿਆਂ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਾਉਂਦੇ ਸਨ। ਅਨੇਕਾਂ ਵਿਦਿਅਕ ਸਕੂਲਾਂ ਨੂੰ ਸ਼ੁਰੂ ਕਰਨ ਵਾਲਿਆਂ ਵਿੱਚ ਵੀ ਉਨ੍ਹਾਂ ਦਾ ਨਾਂ ਹੈ। ਜਦੋਂ 4 ਜਨਵਰੀ, 1914 ਈ. ਵਿੱਚ ਸਰਦੂਲ ਸਿੰਘ ਕਵੀਸ਼ਰ ਅਤੇ ਸ੍ਰ: ਹਰਚੰਦ ਸਿੰਘ ਲਾਇਲਪੁਰੀ ਆਦਿ ਅਕਾਲੀ ਆਗੂਆਂ ਨੇ ਗੁਰਦੁਆਰਾ ਰਕਾਬ ਗੰਜ ਦਿੱਲੀ ਵਿੱਚ (ਵਾਇਸ ਰਾਏ ਚਾਰਲਸ-ਹਾਰਡਿੰਗ (1910-1916) ਦੀ ਕੋਠੀ ਲਈ ਸੜਕ ਨੂੰ ਸਿੱਧਾ ਕਰਨ ਲਈ ਕੰਧ ਢਾਹੇ ਜਾਣ ਵਿਰੁੱਧ ਅੰਦੋਲਨ ਸ਼ੁਰੂ ਕੀਤਾ ਤਾਂ ਤੇਜਾ ਸਿੰਘ ਸਮੁੰਦਰੀ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।
ਜੁਲਾਈ, 1923 ਵਿੱਚ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨੂੰ ਗੱਦੀਓਂ ਉਤਾਰਿਆ ਗਿਆ। ਅਕਤੂਬਰ ਵਿੱਚ ਪੰਜਾਬ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ-ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਗ਼ੈਰ-ਕਨੂੰਨੀ ਕਰਾਰ ਦੇ ਕੇ ਤੇਜਾ ਸਿੰਘ ਸਮੁੰਦਰੀ ਸਮੇਤ 56 ਅਕਾਲੀ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਤੇਜਾ ਸਿੰਘ ਵਿਰੁੱਧ ਪਹਿਲੇ ਲਾਹੌਰ ਕਿਲ੍ਹੇ ਵਿੱਚ ਤੇ ਮਗਰੋਂ ਕੇਂਦਰੀ ਜ਼ੇਲ੍ਹ ਵਿੱਚ ਤਿੰਨ ਸਾਲ ਮੁਕੱਦਮਾ ਚਲਾਇਆ ਗਿਆ। ਇਸ ਸਮੇਂ ਦੌਰਾਨ ਹੀ ਅੰਗਰੇਜ਼ੀ ਸਰਕਾਰ ਮਹਿਤਾਬ ਸਿੰਘ ਵਰਗੇ ਆਗੂਆਂ ਦੀ ਸਲਾਹ ਨਾਲ ਗੁਰਦੁਆਰਾ ਐਕਟ ਬਣਾਉਣ ਲਈ ਮਜਬੂਰ ਹੋ ਗਈ। ਜਿਨ੍ਹਾਂ ਅਕਾਲੀ ਆਗੂਆਂ ਨੇ ਪੰਜਾਬ ਦੇ ਗਵਰਨਰ ਸਰ ਮੈਲਕਮ ਹੇਲੀ ਦੀ ਸ਼ਰਤ ਪ੍ਰਵਾਨ ਨਹੀਂ ਕੀਤੀ, ਉਨ੍ਹਾਂ ਵਿੱਚ ਤੇਜਾ ਸਿੰਘ ਸਮੁੰਦਰੀ ਸਮੇਤ ਸੋਹਨ ਸਿੰਘ ਜੋਸ਼, ਸੇਵਾ ਸਿੰਘ ਠੀਕਰੀਵਾਲਾ, ਜਥੇਦਾਰ ਤੇਜਾ ਸਿੰਘ ਅਕਰਪੁਰੀ, ਹਰੀ ਸਿੰਘ , ਮਾਸਟਰ ਤਾਰਾ ਸਿੰਘ, ਗੋਪਾਲ ਸਿੰਘ ਕੌਮੀ, ਬਾਬੂ ਸੰਤਾ ਸਿੰਘ ਸੁਲਤਾਨਵਿੰਡ, ਰਾਇ ਸਿੰਘ ਕੌਉਂਣੀ, ਸੁਰਮੁਖ ਸਿੰਘ ਝਬਾਲ, ਬਾਬੂ ਤ੍ਰਿਪਲ ਸਿੰਘ, ਗੁਰਬਚਨ ਸਿੰਘ, ਭਾਗ ਸਿੰਘ ਐਡਵੋਕੇਟ, ਤੇਜਾ ਸਿੰਘ ਘਵਿੰਡ ਤੇ ਹਰੀ ਸਿੰਘ ਚੱਕਵਾਲੀਆ ਸ਼ਾਮਲ ਸਨ।
ਤੇਜਾ ਸਿੰਘ ਨੂੰ 11 ਫ਼ਰਵਰੀ 1926 ਈ: ਵਿੱਚ ਲਾਹੌਰ ਦੀ ਕੇਂਦਰੀ ਜ਼ੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਮੁਕੱਦਮੇ ਦੀ ਕਾਰਵਾਈ ਜਾਰੀ ਰੱਖੀ। ਇਸੇ ਸਮੇਂ ਮੁਕੱਦਮੇ ਦੌਰਾਨ ਤੇਜਾ ਸਿੰਘ ਸਮੁੰਦਰੀ 17 ਜੁਲਾਈ, 1926 ਈ: ਨੂੰ 45 ਸਾਲ ਦੀ ਉਮਰ ਵਿੱਚ ਦਿਲ ਦੀ ਬਿਮਾਰੀ ਨਾਲ ਜੇਲ੍ਹ ਦੇ ਅੰਦਰ ਹੀ ਫ਼ਾਨੀ ਸੰਸਾਰ ਤੋਂ ਕੂਚ ਕਰ ਗਏ। ਅੰਮ੍ਰਿਤਸਰ ਵਿੱਚ 1937 ਈ: ਨੂੰ ਇੱਕ ਲੱਖ ਰੁਪਏ ਦੀ ਲਾਗਤ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ-ਕਮੇਟੀ ਨੇ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਯਾਦਗਾਰ ਦੇ ਤੌਰ ’ਤੇ ਉਨ੍ਹਾਂ ਦੇ ਨਾਂ ਨਾਲ ਜੋੜਿਆ।


