ਸਰਹਿੰਦ ਵਿਚ ਰਹਿਣ ਵਾਲੇ ਦੀਵਾਨ ਟੋਡਰ ਮੱਲ ਧਨਾਢ ਵਪਾਰੀ ਹੋਣ ਦੇ ਨਾਲ-ਨਾਲ ਗੁਰੂ ਗੋਬਿੰਦ ਸਿੰਘ ਦੇ ਸ਼ਰਧਾਲੂ ਵੀ ਸਨ। ਜਿਸ ਹਵੇਲੀ ਵਿਚ ਦੀਵਾਨ ਸਾਹਿਬ ਅਤੇ ਉਨ੍ਹਾਂ ਦਾ ਪਰਿਵਾਰ ਨਿਵਾਸ ਕਰਦਾ ਸੀ, ਉਸ ਨੂੰ ‘ਜਹਾਜ਼ ਮਹਿਲ’ ਕਿਹਾ ਜਾਂਦਾ ਸੀ।
ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਅਤੇ ਉਸ ਦੇ ਅਹਿਲਕਾਰਾਂ ਨੇ 13 ਪੋਹ ਨੂੰ ਗੁਰੂ ਕੇ ਲਾਲਾਂ ’ਤੇ ਕਹਿਰ (ਨੀਹਾਂ ਵਿਚ ਚਿਣ ਕੇ) ਵਰਤਾ ਕੇ ਇੱਕ ਸ਼ਾਹੀ ਫ਼ਰਮਾਨ ਜਾਰੀ ਕਰ ਦਿੱਤਾ ਕਿ ਹਕੂਮਤ ਦੇ ਬਾਗੀਆਂ ਦਾ ਸਰਕਾਰੀ ਜ਼ਮੀਨ ’ਤੇ ਸਸਕਾਰ ਨਹੀਂ ਕੀਤਾ ਜਾ ਸਕਦਾ। ਫ਼ਰਮਾਨ ਵਿਚ ਇਹ ਵੀ ਸ਼ਰਤ ਸੀ ਕਿ ਜੇ ਕੋਈ ਇਨ੍ਹਾਂ ਤਿੰਨਾਂ ਦਾ ਸਸਕਾਰ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਸਰਹਿੰਦ ਦੇ ਚੌਧਰੀ ਅੱਟੇ ਕੋਲੋਂ ਸਸਕਾਰ ਜੋਗੀ ਜ਼ਮੀਨ ਮੁੱਲ ਖਰੀਦਣੀ ਪਵੇਗੀ। ਸਸਕਾਰ ਲਈ ਲੋੜੀਂਦੀ ਜਮੀਨ ਵਾਸਤੇ ਓਨੀ ਥਾਂ ਉਪਰ ਸੋਨੇ ਦੇ ਸਿੱਕੇ (ਅਸ਼ਰਫ਼ੀਆਂ) ਖੜ੍ਹੇ ਕਰਨੇ ਪੈਣੇ ਸਨ। ਦੁਨੀਆਂ ਦੀ ਇਸ ਸਭ ਤੋਂ ਮਹਿੰਗੀ ਜ਼ਮੀਨ ਖਰੀਦਣ ਲਈ ਵੱਡੇ ਹੌਸਲੇ ਅਤੇ ਧਨ ਦੀ ਲੋੜ ਸੀ। ਵੇਲੇ ਦੀ ਇਸ ਵੱਡੀ ਲੋੜ ਨੂੰ ਪੂਰਾ ਕਰਨ ਲਈ ਦੀਵਾਨ ਟੋਡਰ ਮੱਲ ਅੱਗੇ ਆਏ। ਉਸ ਲਗਭਗ 78,000 ਸੋਨੇ ਦੀਆਂ ਮੋਹਰਾਂ ਨੂੰ ਖੜ੍ਹਿਆਂ ਕਰ ਕੇ ਗੁਰੂ ਘਰ ਪ੍ਰਤੀ ਆਪਣਾ ਫ਼ਰਜ਼ ਨਿਭਾਇਆ ਅਤੇ ਸਿੱਖ ਇਤਿਹਾਸ ਦੇ ਅਮਰ ਪਾਤਰ ਬਣ ਗਏ।


