ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ

  ਗੁਰਤੇਜ ਸਿੰਘ ਠੀਕਰੀਵਾਲਾ (ਡਾ.)
  ‘ਸ਼ਹਾਦਤ’ (ਅਰਬੀ) ਦਾ ਸ਼ਾਬਦਿਕ ਅਰਥ ਗਵਾਹੀ ਦੇਣੀ, ਤਸਦੀਕ ਕਰਨਾ, ਸਹੀ ਪਾਉਣਾ ਹੈ। ਅਧਿਆਤਮਕ ਨਿਸਚੈ ਵਿਚ ‘ਸ਼ਹੀਦ’ ਸਮੁੱਚੀ ਲੋਕਾਈ ਨੂੰ ਅਕਾਲ ਪੁਰਖ ਦੀ ਸੰਤਾਨ ਸਮਝਦਾ ਹੋਇਆ, ਉਸ ਲਈ ਆਪਣੇ ਪ੍ਰਾਣਾਂ ਦੀ ਅਹੂਤੀ ਦੇਣੀ ‘ਸਚਖੰਡ’ ਦੇ ਮਾਰਗ ਵਿਚ ਤੁਛ ਭੇਟਾ ਸਮਝਦਾ ਹੈ। ਖੁਦਾਈ ਪ੍ਰੇਮ ਵਿਚ ਅਤੇ ‘ਅਸੁਰ ਸੰਘਾਰਬੇ ਕੋ’ ਸਰਬੰਸ ਕੁਰਬਾਨ ਕਰ ਦੇਣਾ ਇਸ ਨਿਸ਼ਚੈ ਦੀ ਸਿਖਰ ਹੈ। ਦਾਰਸ਼ਨਿਕ ਪ੍ਰਸੰਗ ਵਿਚ ‘ਸ਼ਹਾਦਤ’ ਦਾ ਸਰੋਕਾਰ ਸਮੇਂ ਅਤੇ ਸਥਾਨ ਦੀ ਕੈਦ ਤੋਂ ਮੁਕਤ ਅਸੀਮ ਤੇ ਸਰਬ ਵਿਆਪਕ ਹੈ। ਸ਼ਹਾਦਤ ਹਮੇਸ਼ਾਂ ਦੂਸਰਿਆਂ ਲਈ ਦਿੱਤੀ ਜਾਂਦੀ ਹੈ। ਸ਼ਹੀਦ ਨੂੰ ਇਹ ਮੁਕੰਮਲ ਭਰੋਸਾ ਤੇ ਨਿਸਚਾ ਹੁੰਦਾ ਹੈ ਕਿ ਪਰਮਾਤਮਾ ਨੇ ਉਸ ਦਾ ਜੀਵਨ ਕਿਸੇ ਵਿਸ਼ੇਸ਼ ਕਾਰਜ ਦੀ ਪੂਰਤੀ ਹਿਤ ਸਾਜਿਆ ਹੈ ਤਾਂ ਉਹ ਪੂਰਨ ਸਹਿਜ ਵਿਚ ਇਸ ਦੈਵੀ ਹੁਕਮ ਦੀ ਪਾਲਣਾ ਕਰਦਾ ਹੈ। ਪਹਿਲਾਂ ‘ਸ਼ਹੀਦ’ ਪਦ ਧਰਮ ਨਾਲ ਹੀ ਸਬੰਧਤ ਸੀ। ਪਿਛੋਂ ਇਸ ਸ਼ਬਦ ਦੀ ਵਧੇਰੇ ਵਿਆਪਕ ਅਤੇ ਖੁੱਲ੍ਹੀ ਵਰਤੋਂ ਹੋਣ ਲੱਗ ਪਈ ਹੈ।

  ਇਸ ਨੇ ਸਮਾਜਕ ਆਦਰਸ਼ਾਂ ਲਈ ਵੱਡੀਆਂ ਕੁਰਬਾਨੀਆਂ ਨੂੰ ਵੀ ਆਪਣੇ ਕਲਾਵੇ ਵਿਚ ਲੈ ਲਿਆ।
  ਪੰਜਾਬੀ ਭਾਸ਼ਾ ਵਿਚ ‘ਸ਼ਹਾਦਤ’ ਸ਼ਬਦ ਅਰਬੀ ਤੋਂ ਲਿਆ ਗਿਆ ਹੈ। ਸਨਾਤਨੀ ਹਿੰਦੂ ਧਰਮ ਵਿਚ ਅਹਿੰਸਾ ਦਾ ਸਿਧਾਂਤ ਹੈ, ਪਰ ਮਹਾਂਭਾਰਤ ਦੇ ਪ੍ਰਸੰਗ ਵਿਚ ਅਖੀਰ ਨੂੰ ਯੁੱਧ ਕਰਨਾ ਧਾਰਮਿਕ ਕਰਤੱਵ ਦਰਸਾਇਆ ਗਿਆ ਹੈ। ਯਹੂਦੀ ਧਰਮ ਵਿਚ ‘ਪਰਮਾਤਮਾ ਦੇ ਨਾਂ ਦੀ ਪਵਿੱਤਰਤਾ’ ਲਈ ਯਹੂਦੀ ਅਭਿਆਸ ਦੁਆਰਾ ਜਨਤਕ ਸਮਰਪਣ ਸ਼ਹਾਦਤ ਦੀ ਉਦਾਹਰਨ ਹੈ, ਜੋ ਈਸਾਈ ਸ਼ਹਾਦਤ ਲਈ ਪ੍ਰੇਰਨਾਸ੍ਰੋਤ ਮੰਨੀ ਗਈ ਹੈ। ਈਸਾਈ ਧਰਮ ਵਿੱਚ ਈਸਾ ਮਸੀਹ ਦੀ ਸ਼ਹਾਦਤ ਨੂੰ ਪ੍ਰਾਥਮਿਕਤਾ ਦਿੱਤੀ ਜਾਂਦੀ ਹੈ। ਇਸ ਧਰਮ ਵਿੱਚ ਨਿਸ਼ਕਾਮ ਸੇਵਾ ਵਿੱਚ ਲੱਗੇ ਸ਼ਰਧਾਲੂ ਦਾ ਅਨਿਆਪੂਰਨ ਕਸ਼ਟ ਸਹਾਰਨਾ ਵੀ ਸ਼ਹਾਦਤ ਹੈ। ਇਸਲਾਮ ਅਨੁਸਾਰ ਜਿਹੜਾ ਕਾਫ਼ਰਾਂ ਖ਼ਿਲਾਫ਼ ਲੜਦਾ ਜਾਨ ਵਾਰ ਦਿੰਦਾ ਹੈ, ਸ਼ਹੀਦ ਕਹਿਲਾਉਂਦਾ ਹੈ। ਸ਼ਹਾਦਤ ਦੇ ਸਿੱਖ ਸੰਕਲਪ ਵਿਚ ਧਾਰਮਿਕ ਵਿਸ਼ਵਾਸਾਂ ਦੀ ਸੁਤੰਤਰਤਾ ਲਈ ਸੁਚੇਤ ਮੌਤ ਕਬੂਲਣੀ ਸ਼ਹਾਦਤ ਹੈ।
  ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ।।
  ਗੁਰੂ ਤੇਗ ਬਹਾਦਰ ਦੀ ਸ਼ਹਾਦਤ ’ਤੇ ਲੋਕਾਈ ਵਿਚ ਬੇਹਦ ਅਫਸੋਸ, ਦੁੱਖਮਈ ਹੈਰਾਨਗੀ ਅਤੇ ਪਰਲੋਕ ਜਾਂ ਸਵਰਗ ਲੋਕ ਵਿਚ ਸਵਾਗਤ ਹੋਣ ਬਾਰੇ ਗੁਰੂ ਗੋਬਿੰਦ ਸਿੰਘ ਦੇ ਬਚਨ ਸ਼ਹਾਦਤ ਦੇ ਸੰਸਾਰਕ ਤੇ ਪਰਮਾਰਥਕ ਪ੍ਰਭਾਵਾਂ ਨੂੰ ਪੇਸ਼ ਕਰਦੇ ਹਨ ਕਿ ਜੇ ਸ਼ਹਾਦਤ ਦੇ ਅਦੁੱਤੇ ਕਾਰਨਾਮੇ ਮਗਰੋਂ ਲੋਕਾਈ ਵਿਚ ਬੀਰ ਰੂਹ ਭਰਨ ’ਤੇ ਸ਼ਹੀਦ ਦੇ ਮਿਸ਼ਨ ਨੂੰ ਸਫਲਤਾ ਮਿਲਦੀ ਹੈ ਤਾਂ ਪਰਲੋਕ ਵਿਚ ਵੀ ਉਸ ਦੀ ਜੈ ਜੈ ਕਾਰ ਹੁੰਦੀ ਹੈ।
  ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਦੀਆਂ ਸ਼ਹਾਦਤਾਂ ਇਸ ਦੀ ਖੂਬਸੂਰਤ ਮਿਸਾਲ ਹਨ। ਸਿੱਖ ਧਰਮ ਵਿਚ ਸ਼ਹਾਦਤ ਅਤੇ ਸੂਰਬੀਰਤਾ ਵਿਚਲਾ ਸੰਤੁਲਨ ਮੀਰੀ-ਪੀਰੀ, ਸੰਤ-ਸਿਪਾਹੀ ਦੇ ਦੋ ਧਾਰਾਵੀ ਇਕ ਆਦਰਸ਼ ਨੂੰ ਹੋਰ ਵਧੇਰੇ ਚਾਰ ਚੰਨ ਲਾਉਂਦਾ ਹੈ। ਇਸ ਪ੍ਰਸੰਗ ਵਿਚ ਇਹ ਕਹਿਣਾ ਉਚਿਤ ਹੈ ਕਿ ਸਿੱਖ ਧਰਮ ਅਨੁਸਾਰ ਜੇ ਤਲਵਾਰ ਚੁੱਕਣਾ ਪਹਿਲਾ ਕਦਮ ਨਹੀਂ ਤਾਂ ਕੇਵਲ ਸ਼ਹਾਦਤ ਦੇਣ ਦਾ ਇਕ ਮਾਤਰ ਅਮਲ ਵੀ ਸਿੱਖ ਫ਼ਲਸਫ਼ੇ ਦੇ ਸੰਪੂਰਨ ਮੀਰੀ ਗੁਣਾਂ ਦੀ ਸਮੁੱਚੀ ਪ੍ਰਤੀਨਿਧਤਾ ਨਹੀਂ ਕਰਦਾ। ਇਸ ਵਿਚਾਰ ਦੀ ਪੁਸ਼ਟੀ ਲਈ ਗੁਰੂ ਅਰਜਨ ਦੇਵ ਅਤੇ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਮਗਰੋਂ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਦੁਆਰਾ ਸ਼ਸਤਰ ਧਾਰਨ ਕਰਨ ਦਾ ਘਟਨਾਕ੍ਰਮ ਵੱਡੀ ਉਦਾਹਰਨ ਹੈ। ਇਹ ਸਿੱਖ ਧਰਮ ਦੇ ‘ਏਕ ਜੋਤ ਤੇ ਜੁਗਤ’ ਦੇ ਸਿਧਾਂਤ ਅਨੁਸਾਰ ਗੁਰੂ ਸਾਹਿਬਾਨ ਦੁਆਰਾ ਸਮੇਂ-ਸਮੇਂ ’ਤੇ ਵਰਤਾਈ ਜਾਣ ਵਾਲੀ ਦੈਵੀ ਜੁਗਤ ਦਾ ਹਿੱਸਾ ਸੀ। ਜਿਸ ਦੇ ਸਿਧਾਂਤਕ ਬੀਜ ਗੁਰੂ ਨਾਨਕ ਦੇ ਵੇਲੇ ਤੋਂ ਹੀ ਮੌਜੂਦ ਹੁੰਦੇ ਸਨ।
  ਸਾਹਿਬਜ਼ਾਦਿਆਂ ਦੀ ਸ਼ਹਾਦਤ ਕਈ ਪਹਿਲੂਆਂ ਤੋਂ ਸਿੱਖ ਇਤਿਹਾਸ ਦੀ ਵੱਡੀ ਘਟਨਾ ਹੈ। ਛੋਟੀ ਉਮਰ ਤੇ ਅਸਾਧਾਰਨ ਸ਼ਖ਼ਸੀਅਤ ਦੇ ਮਾਲਕ ਚਾਰ ਸਾਹਿਬਜ਼ਾਦੇ ਸ਼ਹਾਦਤ ਦੇ ਸਿੱਖ ਸੰਕਲਪ ਨੂੰ ਜਿਸ ਨਿਡਰਤਾ ਤੇ ਦਲੇਰੀ ਨਾਲ ਅਮਲ ਵਿਚ ਲਿਆ ਗਏ, ਆਪਣੇ ਆਪ ਵਿਚ ਲਾਮਿਸਾਲ ਘਟਨਾ ਹੈ। ਵੱਡੇ ਸਾਹਿਬਜ਼ਾਦਿਆਂ ਦਾ ਮੈਦਾਨ-ਏ-ਜੰਗ ਵਿੱਚ ਜੂਝ ਕੇ ਸ਼ਹੀਦ ਹੋਣਾ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਮੁਗ਼ਲ ਹਕੂਮਤ ਦੀ ਸਰਹਿੰਦ ਵਾਲੀ ‘ਕੰਧ’ ਦੁਆਰਾ ਸ਼ਹੀਦ ਕਰਨਾ ਸ਼ਹਾਦਤ ਤੇ ਸੂਰਬੀਰਤਾ ਦਾ ਅਨੋਖਾ ਸੁਮੇਲ ਹੈ। ਦੋਵੇਂ ਸ਼ਹਾਦਤਾਂ ਵਿੱਚ ਸਮੇਂ ਦਾ ਵੀ ਬਹੁਤਾ ਅੰਤਰ ਨਹੀਂ ਸੀ।
  ਵਿਦਵਾਨ ਲੋਕ ਸ਼ਹੀਦ ਦੇ ਰੁਤਬੇ ਲਈ ਨਿਰਧਾਰਿਤ ਲੱਛਣਾਂ ’ਚੋਂ ਇਕ ਲੱਛਣ ਇਹ ਮੰਨਦੇ ਹਨ ਕਿ ਜਦ ਹਕੂਮਤ ਸ਼ਹੀਦ ਨੂੰ ਆਪਣੇ ਧਰਮ ਜਾਂ ਅਕੀਦੇ ਤੋਂ ਪਿੱਛੇ ਹਟਣ ਲਈ ਉਸ ਨੂੰ ਜੀਵਨ ਬਖਸ਼ ਦੀ ਪੇਸ਼ਕਸ਼ ਕਰਦੀ ਹੈ ਤਦ ਵੀ ਉਹ ਆਪਣੇ ਨਿਸਚੈ ਤੋਂ ਪਿੱਛੇ ਨਾ ਹਟੇ, ਤਾਂ ਉਹ ਸ਼ਖ਼ਸ ‘ਸ਼ਹੀਦ’ ਪਦਵੀ ਦਾ ਹੱਕਦਾਰ ਹੈ। ਛੋਟੇ ਸਾਹਿਬਜ਼ਾਦੇ ਇਕ ਤੋਂ ਵਧੇਰੇ ਵਾਰ ਉਕਤ ਲੱਛਣ ਦੇ ਧਾਰਨੀ ਰਹੇ। ਮੁਗਲ ਹਕੂਮਤ ਉਨ੍ਹਾਂ ਨੂੰ ਇਸਲਾਮ ਵਿਚ ਲਿਆਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਪੇਸ਼ਕਸ਼ਾਂ ਕਰਦੀ ਰਹੀ, ਜੋ ਸਾਹਿਬਜ਼ਾਦਿਆਂ ਨੇ ਸਪੱਸ਼ਟ ਸ਼ਬਦਾਂ ਵਿਚ ਠੁਕਰਾਈਆਂ। ਜੇ ਮੁਗਲ ਹਕੂਮਤ ਨੇ ਜ਼ੁਲਮੀ ਕਹਿਰ ਦੇ ਹਦ-ਬੰਨੇ ਟਪਾ ਦਿੱਤੇ ਤਾਂ ਸਾਹਿਬਜ਼ਾਦੇ ਨਿਰਭੈਤਾ ਤੇ ਸੂਰਬੀਰਤਾ ਦੀ ਸਿਖਰ ’ਤੇ ਅੱਪੜ ਗਏ ਸਨ। ਛੋਟੇ ਸਾਹਿਬਜ਼ਾਦਿਆਂ ਨੂੰ ਜਿੰਦਾ ਨੀਂਹਾ ਵਿਚ ਚਿਣ ਦੇਣ ਦੀ ਘਟਨਾ ਜੇ ਮੁਗਲ ਜ਼ੁਲਮ ਦੇ ਅਤਿ ਦੀ ਸਾਖੀ ਹੈ ਤਾਂ ਇਹ ਘਟਨਾ ਸਿੱਖ ਸ਼ਹਾਦਤ ਦੀ ਨੀਂਹ ਹੋਰ ਵੀ ਪੱਕੀ ਕਰਦੀ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮਗਰੋਂ ਗੁਰੂ ਗੋਬਿੰਦ ਸਿੰਘ ਦੇ ਵਚਨ ‘ਹੁਣ ਤੁਰਕ ਰਾਜ ਦੀ ਜੜ੍ਹ ਪੁਟੀ ਗਈ ਹੈ’ ਅਨੁਸਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਮੁਗ਼ਲ ਰਾਜ ਦੇ ਪਤਨ ਵਿਚ ਉਸ ਵੇਲੇ ਕਿੱਲ ਸਾਬਤ ਹੋਈ, ਜਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਇਸ ਦਾ ਬਦਲਾ ਲਿਆ ਅਤੇ ਸਿੱਖ ਰਾਜ ਦਾ ਝੰਡਾ ਝੁਲਾਇਆ। ਇਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਤਤਕਾਲੀ ਰਾਜਸੀ ਪ੍ਰਤੀਕਰਮ ਸੀ। ਛੋਟੇ ਸਾਹਿਬਜ਼ਾਦਿਆਂ ਦਾ ਸਰਹਿੰਦ ਦੇ ਮੁਗ਼ਲ ਦਰਬਾਰ ਨਾਲ ਜਿਸ ਪੱਧਰ ’ਤੇ ਵਾਰਤਾਲਾਪ ਹੋਇਆ ਅਤੇ ਜਿਸ ਨਿਡਰਤਾ ਤੇ ਠਰ੍ਹੰਮੇ ਨਾਲ ਉਨ੍ਹਾਂ ਨੇ ਸੂਬਾ ਸਰਹਿੰਦ ਨੂੰ ਬਾਦਲੀਲ ਚਿੱਤ ਕੀਤਾ, ਇਸ ਪੱਧਰ ਦੀ ਇਹ ਮਨੁੱਖੀ ਰਾਜਸੀ ਇਤਿਹਾਸ ਦੀ ਵਿਲਖਣ ਘਟਨਾ ਹੈ, ਜਿਸ ’ਤੇ ਜਿੰਨਾ ਮਾਣ ਕੀਤਾ ਜਾਵੇ ਓਨਾ ਹੀ ਥੋੜਾ ਹੈ।
  ਇਤਿਹਾਸਕ ਲਿਖਤਾਂ ਵਿਚੋਂ ਇਸ ਵਾਰਤਾਲਾਪ ਦੇ ਮਿਲਦੇ ਉਲੇਖ ਅਨੁਸਾਰ ਸਾਹਿਬਾਜ਼ਾਦੇ ਮਾਸੂਮੀਅਤ ਅਵਸਥਾ ਵਿਚ ਵੀ ਸੂਬੇ ਦੀ ਕਚਹਿਰੀ ਵਿਚ ਪਹੁੰਚਣ ਤੋਂ ਲੈ ਕੇ ਅਖੀਰ ਤਕ ਸਰੀਰਕ ਤੇ ਮਾਨਸਿਕ ਝੁਕਾਵਾਂ ਤੋਂ ਮੁਕੰਮਲ ਮੁਕਤ ਰਹੇ। ਉਨ੍ਹਾਂ ਦੇ ਬੋਲਾਂ ਤੇ ਹਾਵ-ਭਾਵਾਂ ਤੋਂ ਉਨ੍ਹਾਂ ਦੀ ਦਿਬ ਦ੍ਰਿਸ਼ਟੀ, ਸਹਿਜ ਅਤੇ ਸੂਝ-ਬੂਝ ਦੇ ਦੈਵੀ ਗੁਣਾਂ ਦਾ ਪ੍ਰਗਟਾਵਾ ਹੁੰਦਾ ਹੈ, ਜਿਹੜੇ ਗੁਰਬਾਣੀ ਵਿਚ ਗੁਰਮੁੱਖ ਜਾਂ ਜੀਵਨ ਮੁਕਤ ਮਹਾਂਪੁਰਸ਼ ਦੇ ਦਰਸਾਏ ਗਏ ਹਨ ਅਤੇ ਜਿਨ੍ਹਾਂ ਦੇ ਧਾਰਨੀ ਨੂੰ ਉੱਚਤਮ ਅਧਿਆਤਮਕ ਅਵਸਥਾ ਦੀ ਪ੍ਰਾਪਤੀ ਲਈ ਕਿਸੇ ਵਿਸ਼ੇਸ਼ ਸਾਧਨਾ ਜਾਂ ਸ਼ਾਸਤਰੀ ਵਿਚਾਰਾਂ (ਪੁੰਨ-ਪਾਪ) ਵਿਚ ਉਲਝਣ ਦੀ ਲੋੜ ਨਹੀਂ। ਉਨ੍ਹਾਂ ਦੇ ਕਥਨਾਂ ’ਚੋਂ ਜਿੱਥੇ ਉਨ੍ਹਾਂ ਦੀ ‘ਜੀਵਨ ਮੁਕਤ’ ਅਵਸਥਾ ਦਾ ਦਰਸ਼ਨ ਹੁੰਦਾ, ਉਥੇ ਦਾਦਾ ਗੁਰੂ ਤੇਗ ਬਹਾਦਰ ਅਤੇ ਪਿਤਾ ਗੁਰੂ ਗੋਬਿੰਦ ਸਿੰਘ ਦੀ ਦੈਵੀ ਸ਼ਖ਼ਸੀਅਤ ਬਾਰੇ ਉਨ੍ਹਾਂ ਦਾ ਅਗੰਮੀ ਅਨੁਭਵ ਪ੍ਰਕਾਸ਼ਮਾਨ ਹੁੰਦਾ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਮਾਜਕ ਤੇ ਸਭਿਆਚਾਰਕ ਪਧਰ ’ਤੇ ਵੀ ਅਮਿਟ ਛਾਪ ਛੱਡ ਗਈ ਹੈ। ਪੋਹ ਦੇ ਮਹੀਨੇ ਸਿੱਖ ਘਰਾਂ ਵਿਚ ਵਿਆਹ ਆਦਿ ਖ਼ੁਸ਼ੀ ਦੇ ਸਮਾਗਮ ਨਾ ਕਰਨ ਦੇ ਵਿਸ਼ਵਾਸ ਪਿੱਛੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਗਹਿਰੇ ਗਮ ਦੀ ਭਾਵਨਾ ਵਿਦਮਾਨ ਹੈ। ਸਵੈਮਾਣ, ਅਣਖ, ਬੀਰਤਾ, ਕੁਰਬਾਨੀ, ਪਰਉਪਕਾਰ ਜਿਹੇ ਸਦਾਚਾਰਕ ਗੁਣਾਂ ਦੇ ਪ੍ਰੇਰਕ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਨੇ ਪੰਜਾਬੀ ਸਭਿਆਚਾਰ ਦੀ ਗਾਇਨ ਪਰੰਪਰਾ ਨੂੰ ਵੱਡੇ ਪਧਰ ’ਤੇ ਪ੍ਰਭਾਵਿਤ ਕੀਤਾ ਹੈ। ‘ਨਿੱਕੀਆਂ ਜਿੰਦਾਂ ਵੱਡੇ ਸਾਕੇ’ ਦੇ ਬੋਲ ਹਮੇਸ਼ਾਂ ਹੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੋਕ ਮਨਾਂ ਤੇ ਜ਼ੁਬਾਨਾਂ ਵਿਚ ਤਾਜ਼ਾ ਰੱਖਦੇ ਰਹਿਣਗੇ।
  ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸੱਚ ‘ਸ਼ਹਾਦਤ’ ਦੇ ਬ੍ਰਹਿਮੰਡੀ ਫ਼ਲਸਫ਼ੇ ਦੀ ਲਾਸਾਨੀ ਘਟਨਾ ਹੈ। ਇਹ ਸਿੱਖ ਇਤਿਹਾਸ ਦਾ ਅਜਿਹਾ ਬਿਰਤਾਂਤ ਹੈ, ਜਿਹੜਾ ਪੂਰਵ-ਇਤਿਹਾਸਕ ਕਥਾਵਾਂ ਨੂੰ ਵੀ ਮਾਤ ਪਉਂਦਾ ਹੈ। ਇਸ ਨੂੰ ਬਿਆਨ ਕਰਨ ਲਈ ਕਿਸੇ ‘ਪੌਰਾਣਿਕ ਕਥਾ’ ਦੇ ਹਵਾਲਿਆਂ ਅਤੇ ਮੁਹਾਵਰੇ ਦੀ ਲੋੜ ਨਹੀਂ। ਇਹ ਬਿਰਤਾਂਤ ਵਿਸ਼ਵ ਇਤਿਹਾਸ ਦੀ ਯਥਾਰਥਕ ‘ਮਹਾਨ ਕਥਾ’ ਹੈ। ਇਸ ਕਥਾ ਦੇ ਨਾਇਕ ਪਾਤਰ ‘ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ’ ਦੇ ਇਲਾਹੀ ਬਚਨ ਨੂੰ ਪ੍ਰਤਖ ਰੂਪਮਾਨ ਕਰਦੇ ਹਨ।
  ਸੰਪਰਕ: 94638-61316

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com