- ਇਕਬਾਲ ਸਿੰਘ ਹਮਜਾਪੁਰ
ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਵਿਚਲੇ ਕਸਬੇ ਸਢੋਰਾ ਦਾ ਆਪਣਾ ਗੌਰਵਮਈ ਇਤਿਹਾਸ ਹੈ। ਸਢੋਰਾ ਦਾ ਇਤਿਹਾਸ ਇਕ ਪਾਸੇ ਮੁਗ਼ਲ ਹਕੂਮਤ ਦੇ ਕਹਿਰ ਦਾ ਗਵਾਹ ਹੈ ਤੇ ਦੂਸਰੇ ਪਾਸੇ ਇਹ ਧਰਮ ਨਿਰਪੱਖਤਾ, ਸੇਵਾ, ਸੰਤੋਖ, ਸਿਦਕ, ਤਿਆਗ ਤੇ ਜਰਵਾਣਿਆਂ ਸਾਹਮਣੇ ਡਟਣ ਦੀ ਗਵਾਹੀ ਭਰਦਾ ਹੈ।
ਸਢੋਰਾ, ਸ਼ਿਵਾਲਿਕ ਦੀਆਂ ਪਹਾੜੀਆਂ ਦੇ ਹੇਠਾਂ ਸਾਧੂਆਂ ਦੇ ਰਾਹ ’ਤੇ ਵਸਿਆ ਹੈ। ਪੁਰਾਣੇ ਸਮਿਆਂ ਵਿਚ ਹਿੰਦੂ ਤੀਰਥਾਂ ਤੋਂ ਪਹਾੜਾਂ ਵੱਲ ਨੂੰ ਜਾਂਦੇ ਹੋਏ ਸਾਧੂ ਇਥੋਂ ਲੰਘਦੇ ਸਨ। ਕਿਹਾ ਜਾਂਦਾ ਹੈ ਕਿ ਜਿੱਥੇ ਅੱਜ ਸਢੋਰਾ ਵਸਿਆ ਹੈ, ਉਥੇ ਪੁਰਾਣੇ ਸਮਿਆਂ ਵਿਚ ਇਕ ਸਾਧੂ ਵਾੜਾ (ਸਾਧੂਆਂ ਲਈ ਵਿਸ਼ਰਾਮ ਘਰ) ਬਣਿਆ ਹੋਇਆ ਸੀ। ਸਮਾਂ ਪੈਣ ’ਤੇ ਇਹ ‘ਸਾਧੂ ਰਾਹ’ ਤੇ ‘ਸਾਧੂ ਵਾੜਾ’ ਤੋਂ ਸਢੋਰਾ ਬਣਿਆ।
ਸਢੋਰਾ ਵੰਡ ਤੋਂ ਪਹਿਲਾਂ ਸੂਫ਼ੀ ਤੇ ਮੁਸਲਿਮ ਸੰਸਕ੍ਰਿਤੀ ਦਾ ਕੇਂਦਰ ਸੀ। ਇਥੇ ਪੀਰ-ਫ਼ਕੀਰ ਸਾਧਨਾ ਕਰਦੇ ਰਹੇ ਹਨ ਤੇ ਇਨ੍ਹਾਂ ਫ਼ਕੀਰਾਂ ਦੇ ਦਰਸ਼ਨਾਂ ਲਈ ਇਥੇ ਰਾਜੇ-ਮਹਾਰਾਜੇ ਵੀ ਆਉਂਦੇ ਰਹੇ ਹਨ। ਰਾਜੇ ਇਥੇ ਕਲਾਤਮਕ ਦਰਗਾਹਾਂ ਤੇ ਇਬਾਦਤ ਲਈ ਮਸਜਿਦਾਂ ਦਾ ਨਿਰਮਾਣ ਵੀ ਕਰਵਾਉਂਦੇ ਰਹੇ ਹਨ। ਸਢੋਰਾ ਵਿੱਚ ਸਥਿਤ ਪਥਰੀਆ ਮਸਜਿਦ, ਅਲਾਉਦੀਨ ਖਿਲਜੀ ਦੇ ਵੇਲੇ ਦੀ ਬਣੀ ਦੱਸੀ ਜਾਂਦੀ ਹੈ। ਪੱਥਰਾਂ ਨਾਲ ਬਣੀ ਹੋਣ ਕਰਕੇ ਇਸ ਮਸਜਿਦ ਨੂੰ ‘ਪਥਰੀਆ ਮਸਜਿਦ’ ਕਿਹਾ ਜਾਂਦਾ ਹੈ। ਸਢੋਰਾ ਵਿੱਚ ਸਥਿਤ ਰੋਜ਼ਾ ਅਬਦੁਲ ਵਾਹਬ ਨੂੰ ਔਰੰਗਜ਼ੇਬ ਨੇ ਬਣਵਾਇਆ ਸੀ। ਸਢੋਰਾ ਦਾ ਸ਼ਾਹ ਕੁਮੈਸ਼ ਦਾ ਮਕਬਰਾ ਅੱਜ ਦੂਰ ਦੂਰ ਤਕ ਪ੍ਰਸਿੱਧ ਹੈ। 1500 ਦੇ ਨੇੜੇ ਬਣੇ ਇਸ ਮਕਬਰੇ ਨੂੰ ਲੋਕਾਈ ‘ਰੋਜ਼ਾ ਹਜ਼ਰਤ ਸ਼ਾਹ ਕੁਮੈਸ਼’ ਕਰਕੇ ਜਾਣਦੀ ਹੈ। ਇਥੇ ਅਕਬਰ ਦੇ ਸੈਨਾਪਤੀ ਬੈਰਮ ਖਾਂ ਦੇ ਕਰ-ਕਮਲਾਂ ਨਾਲ ਸ਼ੁਰੂ ਹੋਇਆ ਮੇਲਾ ਅੱਜ ਵੀ ਭਰਦਾ ਹੈ। ਇਸ ਮੇਲੇ ਦੀ ਖਾਸੀਅਤ ਇਹ ਹੈ ਕਿ ਇਹ ਮੇਲਾ ਹਰ ਸਾਲ ਪਿਛਲੇ ਮੇਲੇ ਨਾਲੋਂ 10 ਦਿਨ ਪਹਿਲਾਂ ਆਉਂਦਾ ਹੈ। ਇਸ ਤਰ੍ਹਾਂ ਇਹ ਮੇਲਾ 36 ਸਾਲਾਂ ਬਾਅਦ ਫਿਰ ਉਸੇ ਤਾਰੀਖ ਨੂੰ ਆਉਂਦਾ ਹੈ।
ਜਗਾਧਰੀ ਤੋਂ 30 ਕਿਲੋਮੀਟਰ ਤੇ ਨਰਾਇਣ ਗੜ੍ਹ ਤੋਂ 18 ਕਿਲੋਮੀਟਰ ਦੂਰ ਵਸਿਆ ਸਢੋਰਾ ਪੀਰ ਬੁੱਧੂ ਸ਼ਾਹ ਦੀ ਵੀ ਇਬਾਦਤਗਾਹ ਰਿਹਾ ਹੈ। ਪੀਰ ਬੁੱਧੂ ਸ਼ਾਹ ਨੇ ਭੰਗਾਣੀ ਦੇ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇ ਕੇ ਭਗਤੀ ਦੇ ਨਾਲ-ਨਾਲ ਸ਼ਕਤੀ ਤੇ ਧਰਮ ਨਿਰਪੱਖਤਾ ਦਾ ਸਬੂਤ ਦਿੱਤਾ ਸੀ। ਪੀਰ ਬੁੱਧੂ ਸ਼ਾਹ ਤੇ ਉਸ ਦੇ ਪਰਿਵਾਰ ਦੀ ਸ਼ਹਾਦਤ ਨੇ ਸਢੋਰਾ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ ਸੀ।
ਜਰਵਾਣਿਆਂ ਸਾਹਮਣੇ ਡਟਣ ਵਾਲਾ ਪੀਰ ਬੁੱਧੂ ਸ਼ਾਹ, ਸਢੋਰਾ ਦਾ ਹੀ ਜੰਮਪਲ ਸੀ। ਪੀਰ ਬੁੱਧੂ ਸ਼ਾਹ ਦਾ ਜਨਮ 13 ਜੂਨ 1647 ਨੂੰ ਸਢੋਰਾ ਵਿੱਚ ਹੋਇਆ ਸੀ। ਪੀਰ ਬੁੱਧੂ ਸ਼ਾਹ ਜਿਸ ਦਾ ਅਸਲ ਨਾਂ ਬਦਰੂਦੀਨ ਸੀ, ਅਬਦੁਲ ਵਾਹਬ ਤੇ ਨਿਜ਼ਾਮ-ਉਦ-ਦੀਨ ਔਲੀਆ ਦੀ ਛੇਵੀਂ-ਸਤਵੀਂ ਪੀੜੀ ਵਿੱਚੋਂ ਸੀ। ਸਢੋਰਾ ਦੇ ਸੈਯਦਾਂ ਦੇ ਮੁਹੱਲੇ ਦੇ ਵਸਨੀਕ ਪੀਰ ਬੁੱਧੂ ਸ਼ਾਹ ਨੇ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਲਖਨੌਰ ਸਾਹਿਬ ਵਿੱਚ ਕੀਤੇ ਸਨ ਤੇ ਉਹ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ ਸੀ। ਭੰਗਾਣੀ ਦੇ ਯੁੱਧ ਸਮੇਂ ਪੀਰ ਬੁੱਧੂ ਸ਼ਾਹ ਦੇ ਚਾਰ ਪੁੱਤਰਾਂ ਵਿੱਚੋਂ ਦੋ ਪੁੱਤਰ ਸਯਦ ਅਸ਼ਰਫ਼ ਤੇ ਸਯਦ ਮੁਹੰਮਦ ਸ਼ਾਹ ਤੇ ਭਰਾ ਸੱਯਦ ਗੁਲਾਮ ਸ਼ਾਹ ਸ਼ਹੀਦ ਹੋ ਗਏ ਸਨ।
ਭੰਗਾਣੀ ਦੇ ਯੁੱਧ ਦੀ ਸਮਾਪਤੀ ਤੋਂ ਬਾਅਦ ਬਾਈਧਾਰ ਦੇ ਰਾਜਿਆਂ ਆਪਣੀ ਹਾਰ ਦੀ ਸਮੀਖਿਆ ਕੀਤੀ ਸੀ। ਯੁੱਧ ਦੀ ਸਮੀਖਿਆ ਕਰਦਿਆਂ ਉਨ੍ਹਾਂ ਇਹ ਸਿੱਟਾ ਕੱਢਿਆ ਸੀ ਕਿ ਪੀਰ ਬੁੱਧੂ ਸ਼ਾਹ ਨੇ ਗੁਰੂ ਜੀ ਦੀ ਮਦਦ ਕੀਤੀ ਹੈ, ਇਸ ਕਰਕੇ ਉਹ ਹਾਰੇ ਹਨ। ਉਹ, ਪੀਰ ਬੁੱਧੂ ਸ਼ਾਹ ਨੂੰ ਸਬਕ ਸਿਖਾਉਣ ਦੀਆਂ ਸਕੀਮਾਂ ਬਣਾਉਣ ਲੱਗ ਪਏ ਸਨ। ਉਨ੍ਹਾਂ, ਬੁੱਧੂ ਸ਼ਾਹ ਦੀ ਦਿੱਲੀ ਦਰਬਾਰ ਵਿਚ ਸ਼ਿਕਾਇਤ ਕਰ ਦਿੱਤੀ ਸੀ ਤੇ ਦਿੱਲੀ ਦਰਬਾਰ ਨੇ ਬੁੱਧੂ ਸ਼ਾਹ ਨੂੰ ਸਬਕ ਸਿਖਾਉਣ ਲਈ ਸਢੋਰਾ ਦੇ ਉਸ ਵਕਤ ਦੇ ਹਾਕਮ ਉਸਮਾਨ ਖਾਂ ਦੀ ਡਿਊਟੀ ਲਗਾ ਦਿੱਤੀ ਸੀ। ਫਿਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਸਢੋਰਾ ਵਿੱਚ ਬੁੱਧੂ ਸ਼ਾਹ ਨੂੰ ਮਿਲਣ ਆਏ ਤਾਂ ਉਸਮਾਨ ਖਾਂ ਨੇ ਗੁਰੂ ਜੀ ਨੂੰ ਦਰਬਾਰ ਵਿਚ ਹਾਜ਼ਰ ਕਰਨ ਦਾ ਹੁਕਮ ਕਰ ਦਿੱਤਾ ਸੀ। ਪਰ ਬੁੱਧੂ ਸ਼ਾਹ ਨੇ ਆਪਣੀ ਬੇਗਮ ਨਸੀਰਾਂ ਤੇ ਪੁੱਤਰ ਸਯਦ ਮੁਹੰਮਦ ਬਖਸ਼ ਨਾਲ ਸਲਾਹ ਕਰਕੇ ਗੁਰੂ ਜੀ ਨੂੰ ਦਰਬਾਰ ਵਿਚ ਹਾਜ਼ਰ ਨਾ ਕਰਨ ਦਾ ਫੈਸਲਾ ਕਰ ਲਿਆ ਸੀ।
“ਅਸੀਂ, ਗੁਰੂ ਜੀ ਦੀ ਥਾਂ ਉਨ੍ਹਾਂ ਦਾ ਖੂਨ ਇਕ ਬੋਤਲ ਵਿਚ ਪਾ ਕੇ ਦਰਬਾਰ ਵਿਚ ਪੇਸ਼ ਕਰ ਦੇਵਾਂਗੇ।” ਆਪਣੇ ਪਰਿਵਾਰ ਨਾਲ ਸਲਾਹ ਕਰਕੇ ਬੁੱਧੂ ਸ਼ਾਹ ਨੇ ਉਸਮਾਨ ਖਾਂ ਵੱਲ ਇਹ ਸੁਨੇਹਾ ਭੇਜ ਦਿੱਤਾ ਸੀ। ਫਿਰ ਖੂਨ ਦੀ ਬੋਤਲ ਦਰਬਾਰ ਵਿਚ ਪੇਸ਼ ਕਰਨ ਲਈ ਪੀਰ ਬੁੱਧੂ ਸ਼ਾਹ ਦੇ ਪੁੱਤਰ ਸਯਦ ਮੁਹੰਮਦ ਬਖਸ਼ ਦੀ ਧੌਣ ਵੱਢ ਲਈ ਗਈ ਸੀ। ਇਸ ਤਰ੍ਹਾਂ ਪੀਰ ਬੁੱਧੂ ਸ਼ਾਹ ਦਾ ਇਕ ਪੁੱਤਰ ਹੋਰ ਸ਼ਹੀਦ ਹੋ ਗਿਆ ਸੀ।
ਸਯਦ ਮੁਹੰਮਦ ਬਖਸ਼ ਦੇ ਖੂਨ ਦੀ ਬੋਤਲ ਉਸਮਾਨ ਖਾਂ ਸਾਹਮਣੇ ਰੱਖ ਦਿੱਤੀ ਗਈ ਸੀ। ਖੂਨ ਦੀ ਬੋਤਲ ਸਾਹਮਣੇ ਵੇਖ ਕੇ ਉਸਮਾਨ ਖਾਂ ਇਕ ਵਾਰ ਤੇ ਖੁਸ਼ ਹੋ ਗਿਆ ਸੀ। ਉਸ ਨੂੰ ਆਪਣਾ ਕੰਮ ਹੋਰ ਸੌਖਾ ਹੋ ਗਿਆ ਜਾਪਿਆ ਸੀ। ਪਰ ਬਾਅਦ ਵਿਚ ਜਦੋਂ ਉਸਨੂੰ ਪਤਾ ਲੱਗਾ ਕਿ ਬੋਤਲ ਵਿਚਲਾ ਖੂਨ ਗੁਰੂ ਜੀ ਦਾ ਨਹੀਂ ਹੈ ਤਾਂ ਉਸ ਦਾ ਗੁੱਸਾ ਸਤਵੇਂ ਅਸਮਾਨ ’ਤੇ ਚੜ੍ਹ ਗਿਆ ਸੀ। ਉਸਮਾਨ ਖਾਂ ਨੇ ਪੀਰ ਬੁੱਧੂ ਸ਼ਾਹ ਦੀ ਹਵੇਲੀ ਨੂੰ ਅੱਗ ਲਗਾ ਦਿੱਤੀ ਸੀ। ਉਸ ਨੇ, ਪੀਰ ਬੁੱਧੂ ਸ਼ਾਹ ਨੂੰ ਸ਼ਿਵਾਲਿਕ ਦੇ ਜੰਗਲ ਵਿਚ 21 ਮਾਰਚ 1704 ਨੂੰ ਬੜੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਸੀ। ਇਤਿਹਾਸਕਾਰਾਂ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਬਹਾਦਰ ਨੂੰ ਪੰਜਾਬ ਵੱਲ ਤੋਰਦਿਆਂ ਪੀਰ ਬੁੱਧੂ ਸ਼ਾਹ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਵਾਲਿਆਂ ਨੂੰ ਉਚੇਚੇ ਤੌਰ ’ਤੇ ਸਜ਼ਾ ਦੇਣ ਲਈ ਆਖਿਆ ਸੀ। ਬੰਦਾ ਬਹਾਦਰ ਨੇ ਹੁਕਮ ਨੂੰ ਪ੍ਰਵਾਨ ਕਰਦੇ ਹੋਏ ਸਰਹੰਦ ਤੋਂ ਪਹਿਲਾਂ ਸਢੋਰਾ ਉੱਤੇ ਹਮਲਾ ਕੀਤਾ ਸੀ। ਬੰਦਾ ਬਹਾਦਰ ਨੇ ਜੁਲਾਈ 1710 ਵਿਚ ਸਢੋਰਾ ਦੇ ਹਾਕਮਾਂ ਨੂੰ ਮਾਰ ਮੁਕਾਇਆ ਸੀ ਤੇ ਸਢੋਰਾ ਉੱਪਰ ਜਿੱਤ ਪ੍ਰਾਪਤ ਕੀਤੀ ਸੀ। ਬੰਦਾ ਬਹਾਦਰ ਨੇ ਉਸਮਾਨ ਖਾਂ ਦੇ ਕਿਲੇ ਨੂੰ ਢਹਿ-ਢੇਰੀ ਕਰ ਦਿੱਤਾ ਸੀ। ਸਢੋਰਾ ਨੂੰ ਫਤਹਿ ਕਰਨ ਤੋਂ ਬਾਅਦ ਬੰਦਾ ਬਹਾਦਰ ਨੇ ਆਪਣੀ ਜਿੱਤ ਦੇ ਨਿਸ਼ਾਨ ਵਜੋਂ ਇਥੇ ਕਿਲੇ ਕੋਲ ਨਿਸ਼ਾਨ ਸਾਹਿਬ ਸਥਾਪਿਤ ਕੀਤਾ ਸੀ। ਇਹ ਲੱਕੜ ਦਾ ਨਿਸ਼ਾਨ ਸਾਹਿਬ ਉਹ ਲੋਹਗੜ੍ਹ ਤੋਂ ਆਪਣੇ ਮੋਢਿਆਂ ’ਤੇ ਚੁੱਕ ਕੇ ਲਿਆਏ ਸਨ। ਸਢੋਰਾ ਤੋਂ ਲੋਹਗੜ ਦਾ ਫਾਸਲਾ ਲਗਪਗ 20 ਕਿਲੋਮੀਟਰ ਬਣਦਾ ਹੈ।
ਕਿਸੇ ਜ਼ਮਾਨੇ ਵਿਚ ਸਢੋਰਾ ਵੱਡਾ ਸ਼ਹਿਰ ਸੀ। ਸਢੋਰਾ ਸ਼ਹਿਰ ਦੀ ਚਕਾਚੌਧ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਇਤਿਹਾਸਕ ਯਾਤਰੀ ਤੇ ਸੈਲਾਨੀ ਸਮੇਂ-ਸਮੇਂ ’ਤੇ ਆਉਂਦੇ ਰਹੇ ਹਨ। ਕਿਹਾ ਜਾਂਦਾ ਹੈ ਕਿ ਸਢੋਰਾ ਅਤੇ ਲਾਹੌਰ ਨਗਰਪਾਲਿਕਾ ਦੀ ਅਧਿਸੂਚਨਾ ਇੱਕੋ ਦਿਨ ਜਾਰੀ ਹੋਈ ਸੀ। ਪਰ ਸਢੋਰਾ ਨਗਰਪਾਲਿਕਾ ਸ਼ਰਤਾਂ ਪੂਰੀਆਂ ਨਾ ਕਰਦੀ ਹੋਣ ਕਰਕੇ ਭੰਗ ਕਰ ਦਿੱਤੀ ਗਈ ਸੀ। ਅੱਜ ਸਢੋਰਾ ਵੱਡਾ ਸ਼ਹਿਰ ਨਹੀ ਰਿਹਾ। ਇਥੋਂ ਦੀਆਂ ਬਹੁਤੀਆਂ ਇਤਿਹਾਸਕ ਇਮਾਰਤਾਂ ਥੇਹ ਹੋ ਚੁੱਕੀਆਂ ਹਨ। ਪਰ ਸਢੋਰਾਵਾਸੀ ਆਪਣੇ ਗੌਰਵਮਈ ਅਤੀਤ ਨੂੰ ਸਮੇਂ-ਸਮੇਂ ’ਤੇ ਯਾਦ ਕਰਦੇ ਰਹਿੰਦੇ ਹਨ। ਸਢੋਰਾ ਵਿੱਚ ਕਿਲੇ ਵਾਲੀ ਥਾਂ ਉੱਪਰ ਬੰਦਾ ਬਹਾਦਰ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਕਿਲਾ ਸਾਹਿਬ ਅਤੇ ਪੀਰ ਬੁੱਧੂ ਸ਼ਾਹ ਦੀ ਯਾਦ ਵਿਚ ਮੇਨ ਬਾਜ਼ਾਰ ਵਿਚ ਸਥਿਤ ‘ਗੁਰਦੁਆਰਾ ਯਾਦਗਾਰ ਪੀਰ ਬੁੱਧੂ ਸ਼ਾਹ’ ਸੁਸ਼ੋਭਿਤ ਹਨ। ਸਢੋਰਾ ਵਿੱਚ ਸੰਗਤ, ਬੁੱਧੂ ਸ਼ਾਹ ਦਾ ਜਨਮ ਤੇ ਸ਼ਹੀਦੀ ਦਿਹਾੜਾ ਬੜੇ ਚਾਅ ਅਤੇ ਉਤਸਾਹ ਨਾਲ ਮਨਾਉਂਦੀਆਂ ਹਨ ਤੇ ਪੀਰ ਬੁੱਧੂ ਸ਼ਾਹ ਦੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਚੇਤੇ ਕਰਦੀਆਂ ਰਹਿੰਦੀਆਂ ਹਨ।