ਪੀਰ ਜੀ ਦਾ ਪੂਰਾ ਨਾਂਅ ਸੱਯਦ ਬਦਰੁੱਦੀਨ ਸ਼ਾਹ ਸੀ।
ਇਕ ਵਾਰ ਅਜਿਹਾ ਸਮਾਂ ਆਇਆ, ਜਦੋਂ ਉਸ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਨੇ ਆਪਣੀ ਫ਼ੌਜ ਦੇ ਬਹੁਤ ਸਾਰੇ ਪਠਾਣਾਂ ਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ। ਉਹ ਸਾਰੇ ਪਠਾਣ ਪੀਰ ਜੀ ਕੋਲ ਆਪਣੇ ਦੁਖੜੇ ਦੱਸਣ ਲਈ ਆਏ। ਪੀਰ ਜੀ ਨੇ ਉਨ੍ਹਾਂ ਪਠਾਣਾਂ ਨੂੰ ਨੌਕਰੀ ਦਿਵਾਉਣ ਲਈ ਪਾਉਂਟਾ ਸਾਹਿਬ ਜਾ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ। ਗੁਰੂ ਸਾਹਿਬ ਨੇ ਪੀਰ ਜੀ ਦੀ ਬੇਨਤੀ ਸਵੀਕਾਰ ਕਰਦਿਆਂ ਸਾਰੇ ਪਠਾਣਾਂ ਨੂੰ ਆਪਣੇ ਪਾਸ ਰੱਖ ਲਿਆ। ਪਰ ਜਦੋਂ ਪਹਾੜੀ ਰਾਜਿਆਂ ਵੱਲੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੂੰ ਮਜਬੂਰ ਕਰਕੇ ਲੜਾਈ ਛੇੜ ਦਿੱਤੀ ਗਈ ਤਾਂ ਇਨ੍ਹਾਂ ਪਠਾਣਾਂ ਵਿਚੋਂ ਇਕ ਪਠਾਣ ਜਰਨੈਲ ਕਾਲੇ ਖਾਨ ਤੋਂ ਬਿਨਾਂ ਬਾਕੀ ਤਿੰਨ ਜਰਨੈਲ ਭੀਖਣ ਖਾਨ, ਨਜ਼ਾਬਤ ਖਾਨ ਅਤੇ ਹਯਾਤ ਖਾਨ ਨਮਕ-ਹਰਾਮੀ ਕਰਕੇ ਗੁਰੂ ਸਾਹਿਬ ਦਾ ਸਾਥ ਛੱਡ ਪਹਾੜੀ ਰਾਜਿਆਂ ਦੀ ਫ਼ੌਜ ਨਾਲ ਜਾ ਰਲੇ। ਜਦੋਂ ਪੀਰ ਜੀ ਨੂੰ ਇਹ ਖ਼ਬਰ ਮਿਲੀ ਤਾਂ ਉਹ ਆਪਣੇ ਸੱਤ ਸੌ ਮੁਰੀਦਾਂ, ਚਾਰ ਪੁੱਤਰਾਂ ਅਤੇ ਇਕ ਭਰਾ ਸਮੇਤ ਭੰਗਾਣੀ ਦੇ ਮੈਦਾਨ ਵਿਚ ਪੁੱਜ ਗਏ ਅਤੇ ਇਸ ਗਹਿਗੱਚ ਯੁੱਧ ਵਿਚ ਆਪਣਾ ਯੋਗਦਾਨ ਪਾਇਆ। ਇਸ ਯੁੱਧ ਵਿਚ ਪੀਰ ਜੀ ਦੇ ਅਨੇਕਾਂ ਮੁਰੀਦਾਂ, ਦੋ ਪੁੱਤਰਾਂ ਅਤੇ ਇਕ ਭਰਾ ਨੇ ਸ਼ਹਾਦਤ ਦਾ ਜਾਮ ਪੀਤਾ।
ਪੀਰ ਜੀ ਵੱਲੋਂ ਗੁਰੂ ਸਾਹਿਬ ਦੀ ਭੰਗਾਣੀ ਦੇ ਯੁੱਧ ਵਿਚ ਕੀਤੀ ਗਈ ਸਹਾਇਤਾ ਕਰਕੇ ਬਾਦਸ਼ਾਹ ਔਰੰਗਜ਼ੇਬ ਦੇ ਕੰਨ ਭਰੇ ਗਏ। ਔਰੰਗਜ਼ੇਬ ਨੇ ਸਢੌਰੇ ਦੇ ਹਾਕਮ ਉਸਮਾਨ ਖਾਨ ਨੂੰ ਪੀਰ ਜੀ ਨੂੰ ਕਤਲ ਕਰਨ ਦਾ ਆਦੇਸ਼ ਦਿੱਤਾ। ਸਰਹਿੰਦ ਦੇ ਫ਼ੌਜਦਾਰ ਨੇ ਬਾਦਸ਼ਾਹ ਦੇ ਹੁਕਮ ਨੂੰ ਉਸਮਾਨ ਖਾਨ ਤੱਕ ਪਹੁੰਚਾਇਆ। ਪੀਰ ਜੀ ਨੂੰ ਇਹ ਖ਼ਬਰ ਪਹਿਲਾਂ ਹੀ ਮਿਲ ਚੁੱਕੀ ਸੀ, ਉਨ੍ਹਾਂ ਆਪਣਾ ਪਰਿਵਾਰ ਨਾਹਨ ਅਤੇ ਸਮਾਣਾ ਭੇਜ ਦਿੱਤਾ। ਸਢੌਰੇ ਦੇ ਹਾਕਮ ਉਸਮਾਨ ਖਾਨ ਨੇ 21 ਮਾਰਚ, 1704 ਨੂੰ ਪੀਰ ਬੁੱਧੂ ਸ਼ਾਹ ਨੂੰ ਬੜੀ ਬੇਦਰਦੀ ਨਾਲ ਟੋਟੇ-ਟੋਟੇ ਕਰਕੇ ਸ਼ਹੀਦ ਕਰ ਦਿੱਤਾ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਵਧਿਆ ਤਾਂ ਸਭ ਤੋਂ ਪਹਿਲਾਂ ਉਸ ਨੇ ਸਢੌਰੇ ਦੀ ਇੱਟ ਨਾਲ ਇੱਟ ਖੜਕਾਈ ਅਤੇ ਉਸਮਾਨ ਖਾਨ ਨੂੰ ਮੌਤ ਦੇ ਘਾਟ ਉਤਾਰਿਆ। ਸਮੁੱਚਾ ਸਿੱਖ ਜਗਤ ਪੀਰ ਜੀ ਦੇ ਜਨਮ ਦਿਨ 'ਤੇ ਪੀਰ ਜੀ ਦੀ ਕੁਰਬਾਨੀ, ਸ਼ਰਧਾ, ਗੁਰੂ ਪ੍ਰਤੀ ਪਿਆਰ ਨੂੰ ਯਾਦ ਕਰ ਰਿਹਾ ਹੈ।


