ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਦੇ ਜਨਮ ਦਿਨ ਤੇ ਯਾਦ ਕਰਦਿਆਂ

    - ਡਾ. ਅਮਰਜੀਤ ਸਿੰਘ
    ਸਿਰਦਾਰ ਕਪੂਰ ਸਿੰਘ ਦਾ 2 ਮਾਰਚ, 1909 ਨੂੰ, ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚੱਕ ਵਿਚ, ਸਰਦਾਰ ਦੀਦਾਰ ਸਿੰਘ ਦੇ ਘਰ ਉਨ੍ਹਾਂ ਦਾ ਜਨਮ ਹੋਇਆ।
    ਉਨ੍ਹਾਂ ਨੇ ਸਰਕਾਰੀ ਕਾਲਜ ਲਾਹੌਰ ਤੋਂ ਐਮ. ਏ. ਦੀ ਡਿਗਰੀ 'ਫਸਟ' ਰਹਿ ਕੇ ਹਾਸਲ ਕੀਤੀ ਅਤੇ ਫਿਰ ਉਚੇਰੀ ਸਿੱਖਿਆ ਲਈ ਕੈਂਬਰਿਜ ਯੂਨੀਵਰਸਿਟੀ, ਲੰਡਨ ਵਿਚ ਜਾ ਦਾਖਲ ਹੋਏ। ਉਹ ਫਿਲਾਸਫੀ ਦੇ ਧਨੰਤਰ ਵਿਦਵਾਨ ਤਾਂ ਬਣੇ ਹੀ, ਪਰ ਸੰਸਕ੍ਰਿਤ, ਅਰਬੀ, ਫਾਰਸੀ ਜ਼ੁਬਾਨਾਂ 'ਤੇ ਵੀ ਉਨ੍ਹਾਂ ਨੂੰ ਪੂਰੀ ਮੁਹਾਰਤ ਹਾਸਲ ਸੀ।
    ਉਨ੍ਹਾਂ ਦੀ ਅੰਗਰੇਜ਼ੀ ਲਿਖਤ, ਬਿਨਾਂ ਡਿਕਸ਼ਨਰੀ ਦੇ ਸਹਾਰੇ ਦੇ ਸਮਝੀ ਨਹੀਂ ਜਾ ਸਕਦੀ। ਉਸ ਵੇਲੇ ਕੈਂਬਰਿਜ ਯੂਨੀਵਰਸਿਟੀ ਦਾ ਪ੍ਰੋਫੈਸਰ, ਜਗਤ ਪ੍ਰਸਿੱਧ ਫਿਲਾਸਫਰ ਬਰਟਰਨਡ ਰੱਸਲ, ਸਿਰਦਾਰ ਕਪੂਰ ਸਿੰਘ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ, ਉਨ੍ਹਾਂ ਨੂੰ ਕੈਂਬਰਿਜ ਯੂਨੀਵਰਸਿਟੀ ਵਿਚ 'ਅਧਿਆਪਕ' ਬਣਾਉਣ ਦੀ ਪੇਸ਼ਕਸ਼ ਕੀਤੀ।


    ਪਰ ਸਿਰਦਾਰ ਸਾਹਿਬ ਨੇ ਇਸ ਦੌਰਾਨ ਆਈ. ਸੀ. ਐਸ. ਦਾ ਇਮਤਿਹਾਨ ਪਾਸ ਕਰ ਲਿਆ ਅਤੇ ਉਨ੍ਹਾਂ ਨੇ ਪੰਜਾਬ ਪਰਤ ਕੇ, ਆਪਣੇ ਲੋਕਾਂ ਵਿਚ ਵਿਚਰਨ ਨੂੰ ਹੀ ਪਹਿਲ ਦਿੱਤੀ।
    ਉਨ੍ਹਾਂ ਨੇ 'ਡਿਪਟੀ ਕਮਿਸ਼ਨਰ' ਦੀ ਸੇਵਾ ਨੂੰ ਬੜੀ ਇਮਾਨਦਾਰੀ ਨਾਲ ਨਿਭਾਇਆ। 1940ਵਿਆਂ ਦੇ ਦੌਰ ਵਿਚ ਉਨ੍ਹਾਂ ਨੇ ਬ੍ਰਿਟਿਸ਼ ਸਾਮਰਾਜ ਵੱਲੋਂ ਸਮੇਂ-ਸਮੇਂ ਅਕਾਲੀ ਲੀਡਰਾਂ ਨੂੰ, ਸਿੱਖ ਕੌਮ ਲਈ ਕੁੱਝ ਕਰ ਸਕਣ ਦੇ ਸੁਨੇਹੇ ਪਹੁੰਚਾਏ ਪਰ ਅਕਾਲੀ ਲੀਡਰ ਆਪਣੀ 'ਗਫਲਤ' ਦੀ ਨੀਂਦੇ ਸੁੱਤੇ ਰਹੇ। 1947 ਦੀ ਦੇਸ਼ ਵੰਡ ਵੇਲੇ, ਸਿਰਦਾਰ ਸਾਹਿਬ ਪੰਜਾਬ ਦੇ ਜ਼ਿਲ੍ਹਾ ਕਾਂਗੜਾ ਦੇ ਡਿਪਟੀ ਕਮਿਸ਼ਨਰ ਸਨ। 10 ਅਕਤੂਬਰ, 1947 ਨੂੰ, ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਵੱਲੋਂ ਸਿੱਖ ਕੌਮ ਨੂੰ ‘ਜ਼ਰਾਇਮ ਪੇਸ਼ਾ’ ਐਲਾਨਣ ਵਾਲਾ ਸਰਕੂਲਰ ਜਾਰੀ ਕੀਤਾ ਗਿਆ। ਇਸ ਦਾ ਸਿਰਦਾਰ ਕਪੂਰ ਸਾਹਿਬ ਨੇ ਡੱਟ ਕੇ ਵਿਰੋਧ ਕੀਤਾ, ਜਿਸ ਕਰਕੇ ਉਨ੍ਹਾਂ ਨੂੰ ਝੂਠੇ ਕੇਸ ਵਿਚ ਫਸਾ ਕੇ ਨੌਕਰੀ ਤੋਂ ਕੱਢ ਦਿੱਤਾ ਗਿਆ। ਪ੍ਰਧਾਨ ਮੰਤਰੀ ਪੰਡਿਤ ਨਹਿਰੂ ਨੇ, ਫਿਰਕੂ ਰੋਲ ਅਦਾ ਕਰਦਿਆਂ ਇਹ ਕਾਰਾ ਕਰਵਾਇਆ। ਸਿਰਦਾਰ ਸਾਹਿਬ ਨੇ, ਇਸ ਗੈਰ-ਕਾਨੂੰਨੀ ਕਾਰਵਾਈ ਦੇ ਖਿਲਾਫ ਹਾਈਕੋਰਟ, ਸੁਪਰੀਮ ਕੋਰਟ ਤੱਕ ਲੜਾਈ ਲੜੀ ਪਰ ਪੰਡਿਤ ਨਹਿਰੂ ਨੇ ਕੋਈ ਪੇਸ਼ ਨਾ ਜਾਣ ਦਿੱਤੀ। 1947 ਤੋਂ ਬਾਅਦ ਦੀ ਸਿੱਖਾਂ ਦੀ ਦਸ਼ਾ ਸਬੰਧੀ ਸਿਰਦਾਰ ਸਾਹਿਬ ਨੇ 'ਸਾਚੀ ਸਾਖੀ' ਵਿਚ ਐਲਾਨਿਆ
    'ਮੁਲਕ ਹਿੰਦੂ ਕਾ, ਰਾਜ ਤਿਕੜੀ ਕਾ
    ਗੁਰੂ ਰਾਖਾ ਭਾਈ, ਸਿਖੜੇ ਕਾ। '
    ਇੱਥੇ ਤਿਕੜੀ ਤੋਂ ਮਤਲਬ ਪੰਡਤ ਨਹਿਰੂ-ਪ੍ਰਧਾਨ ਮੰਤਰੀ, ਪਟੇਲ-ਗ੍ਰਹਿ ਮੰਤਰੀ ਅਤੇ ਗੋਪੀ ਚੰਦ ਭਾਰਗਵ-ਗਵਰਨਰ ਪੰਜਾਬ ਹੈ।
    ਸਿਰਦਾਰ ਸਾਹਿਬ, ਨੂੰ 'ਅਣਖੀ ਸਿੱਖ' ਹੋਣ ਦੀ ਸਜ਼ਾ, ਉਨ੍ਹਾਂ ਨੂੰ ਨੌਕਰੀਓਂ ਕੱਢ ਕੇ, 'ਹਿੰਦੂ ਰਾਜਿਆਂ' ਨੇ ਦਿੱਤੀ। ਇਸ ਧੱਕੇਸ਼ਾਹੀ ਵਿਰੁੱਧ, ਸਿਰਦਾਰ ਸਾਹਿਬ ਨੇ ਪੂਰਾ ਜਿਹਾਦ ਕੀਤਾ। ਉਨ੍ਹਾਂ ਨੇ 1962 ਦੀਆਂ ਚੋਣਾਂ ਵਿਚ ਲੁਧਿਆਣਾ ਪਾਰਲੀਮਾਨੀ ਹਲਕੇ ਤੋਂ ਚੋਣ ਜਿੱਤੀ ਅਤੇ ਪਾਰਲੀਮੈਂਟ ਮੈਂਬਰ ਬਣੇ। 1962 ਤੋਂ 1964 ਤੱਕ (27 ਮਈ, 1964 ਨੂੰ ਨਹਿਰੂ ਦੀ ਮੌਤ ਹੋ ਗਈ ਸੀ) ਉਨ੍ਹਾਂ ਨੇ ਪਾਰਲੀਮੈਂਟ ਵਿਚ ਕਈ ਵਾਰ ਨਹਿਰੂ ਨੂੰ ਵੰਗਾਰਿਆ। ਖਾਸ ਕਰ, ਚੀਨ ਦੀ ਲੜਾਈ ਦੌਰਾਨ, ਸਿਰਦਾਰ ਸਾਹਿਬ ਦੀ ਪਾਰਲੀਮੈਂਟ ਵਿਚ ਸਪੀਚ ਇਕ ਇਤਿਹਾਸਕ ਦਸਤਾਵੇਜ਼ ਹੈ। 1 ਨਵੰਬਰ, 1966 ਨੂੰ 'ਪੰਜਾਬ ਪੁਨਰਗਠਨ ਐਕਟ' ਹੇਠ, ਪੰਜਾਬੀ ਸੂਬਾ ਹੋਂਦ ਵਿਚ ਆਇਆ। ਇਸ ਬਿੱਲ ਦੌਰਾਨ ਬਹਿਸ ਵਿਚ ਸਿਰਦਾਰ ਸਾਹਿਬ ਨੇ, ਇਸ ਬਿੱਲ ਨੂੰ ‘ਗੰਦਾ ਅੰਡਾ’ ਆਖਿਆ, ਜਿਹੜਾ ਕਿ ਸਿੱਖ ਕੌਮ ਨਾਲ ਅੱਗੋਂ ਘੋਰ ਅਨਿਆਂ ਦਾ ਕਾਰਨ ਬਣਿਆ ਹੈ। ਗ੍ਰਹਿ ਮੰਤਰੀ ਗੁਲਜ਼ਾਰੀ ਲਾਲ ਨੰਦਾ ਦੀ ਕਮਾਂਡ ਹੇਠ ਇਹ ਬਿੱਲ ਐਕਟ ਬਣਿਆ। ਉਦੋਂ ਸਿਰਦਾਰ ਕਪੂਰ ਸਿੰਘ, ਮਾਸਟਰ ਤਾਰਾ ਸਿੰਘ ਅਕਾਲੀ ਦਲ ਵਿਚ ਸਨ।
    ਪਰ ਬਹੁਗਿਣਤੀ ਸਿੱਖ ਕੌਮ ਤੇ ਮੈਂਬਰ ਸੰਤ ਫਤਿਹ ਸਿੰਘ ਦੇ ਨਾਲ ਸਨ, ਜਿਸ ਨੇ ਇਸ ਬਿੱਲ ਦਾ ਸਵਾਗਤ ਕੀਤਾ ਅਤੇ ਆਪ ਇੰਗਲੈਂਡ ਦੀ ਸੈਰ ਕਰਨ ਤੁਰ ਗਿਆ। ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78, 79 ਅਤੇ 80 ਪੰਜਾਬ ਦੇ ਪਾਣੀਆਂ ਤੇ ਗੈਰ-ਸੰਵਿਧਾਨਕ ਤਰੀਕੇ ਨਾਲ 'ਭਾਖੜਾ ਬਿਆਸ ਮੈਨੇਜਮੈਂਟ ਬੋਰਡ' ਦਾ ਕੰਟਰੋਲ ਅਸਥਾਪਤ ਕਰਦੀਆਂ ਹਨ ਅਤੇ ਇਸ ਤਰ੍ਹਾਂ ਨਾਨ-ਰਾਇਪੇਰੀਅਨ ਸਟੇਟਾਂ (ਰਾਜਸਥਾਨ, ਹਰਿਆਣਾ ਆਦਿਕ) ਪੰਜਾਬ ਦੇ ਦਰਿਆਈ ਪਾਣੀਆਂ ਦਾ ਵੱਡਾ ਹਿੱਸਾ ਲੁੱਟ ਰਹੀਆਂ ਹਨ।
    1969 ਵਿਚ ਸਿਰਦਾਰ ਕਪੂਰ ਸਿੰਘ, ਸਮਰਾਲਾ ਵਿਧਾਨ ਸਭਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਪਰ ਉਨ੍ਹਾਂ ਨੂੰ ਅਕਾਲੀਆਂ ਨੇ 'ਵਜ਼ਾਰਤ' 'ਚ ਅਹੁਦਾ ਨਾ ਦਿੱਤਾ। 1967 ਵਿਚ ਮਾਸਟਰ ਤਾਰਾ ਸਿੰਘ ਦੀ ਮੌਤ ਤੋਂ ਬਾਅਦ, ਦੋਵੇਂ ਅਕਾਲੀ ਦਲਾਂ (ਮਾਸਟਰ ਤੇ ਸੰਤ ਦਲ) ਦਾ ਏਕਾ ਹੋ ਗਿਆ ਸੀ ਅਤੇ ਸਿਰਦਾਰ ਕਪੂਰ ਸਿੰਘ ਨੇ ਨਾ-ਸਿਰਫ ਸਮਝੌਤਾ ਦਸਤਾਵੇਜ਼ ਹੀ ਲਿਖਿਆ ਸੀ ਬਲਕਿ ਉਨ੍ਹਾਂ ਨੂੰ ਅਕਾਲੀ ਦਲ ਦਾ ਸੀਨੀਅਰ ਮੀਤ-ਪ੍ਰਧਾਨ ਵੀ ਬਣਾਇਆ ਗਿਆ ਸੀ। ਇਸ ਸਮਝੌਤਾ ਦਸਤਾਵੇਜ਼ ਵਿਚ ਪੰਥ ਦਾ ਰਾਜਸੀ ਨਿਸ਼ਾਨਾ ‘ਖਾਲਸਾ ਜੀ ਕੇ ਬੋਲਬਾਲੇ’ ਮਿੱਥਿਆ ਗਿਆ ਸੀ। ਜਦੋਂ ਸਿਰਦਾਰ ਕਪੂਰ ਸਿੰਘ ਨੇ, ਅਕਾਲੀ ਲੀਡਰਾਂ ਨੂੰ ਇਹ ਸਮਝੌਤਾ ਯਾਦ ਕਰਵਾਇਆ ਤਾਂ ਪਾਰਟੀ ਵਿਰੋਧੀ ਕਾਰਵਾਈ ਦਾ ਦੋਸ਼ ਲਾ ਕੇ, ਉਨ੍ਹਾਂ ਨੂੰ ਅਕਾਲੀ ਪਾਰਟੀ 'ਚੋਂ ਕੱਢ ਦਿੱਤਾ ਗਿਆ।
    ਸਿਰਦਾਰ ਦਰਸ਼ਨ ਸਿੰਘ ਫੇਰੂਮਾਨ ਵੱਲੋਂ 'ਸਿੱਖ ਹੋਮਲੈਂਡ' ਦੇ ਮੁੱਦੇ 'ਤੇ ਮਰਨ ਵਰਤ ਰੱਖ ਕੇ 'ਸ਼ਹੀਦੀ' ਪਾਉਣ ਦੇ ਮੌਕੇ, ਸਿਰਦਾਰ ਸਾਹਿਬ ਵੱਲੋਂ ਪੰਜਾਬ ਵਿਧਾਨ ਸਭਾ ਵਿਚ ਕੀਤਾ ਗਿਆ ਭਾਸ਼ਨ ਵੀ ਇਕ ਯਾਦਗਾਰੀ ਭਾਸ਼ਨ ਹੈ। ਉਨ੍ਹਾਂ ਆਪਣੇ ਭਾਸ਼ਨ ਵਿਚ ਕਿਹਾ -'ਮੈਂ ਇਸ ਸ਼ਹੀਦ ਮਰਦ, ਸਿੰਘਾਊ ਜ਼ਜਬੇ ਨਾਲ ਭਰਪੂਰ ਇਸ ਸਿੱਖ ਨੂੰ ਅੱਜ ਇਥੇ ਨਮਸਕਾਰ ਕਰਦਾ ਹਾਂ ਕਿਉਂ ਜੋ ਉਹ ਸਿੱਖ ਹੋਮਲੈਂਡ ਦਾ ਪਹਿਲਾ ਸ਼ਹੀਦ ਹੈ। ' ਇਸ ਤੋਂ ਪਹਿਲਾਂ 14 ਜੁਲਾਈ, 1965 ਨੂੰ ਲੁਧਿਆਣੇ ਵਿਚ ਹੋਈ 'ਨਲਵਾ ਅਕਾਲੀ ਕਾਨਫਰੰਸ' ਮੌਕੇ ਪਾਸ ਕੀਤਾ ਗਿਆ 'ਸਿੱਖ ਹੋਮਲੈਂਡ ਦਾ ਮਤਾ' ਸਿਰਦਾਰ ਕਪੂਰ ਸਿੰਘ ਦੀ ਲਿਖਤ ਹੀ ਸੀ।
    1973 ਵਿਚ, ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਪਾਸ ਕੀਤਾ ਗਿਆ 'ਅਨੰਦਪੁਰ ਸਾਹਿਬ ਦਾ ਮਤਾ' ਵੀ ਸਿਰਦਾਰ ਕਪੂਰ ਸਿੰਘ ਦੀ ਪੂਰੀ ਮੋਹਰ ਛਾਪ ਕਬੂਲਦਾ ਹੈ। 13 ਅਪ੍ਰੈਲ, 1978 ਨੂੰ ਸ੍ਰੀ ਅੰਮ੍ਰਿਤਸਰ ਵਿਚ ਨਰਕਧਾਰੀਆਂ ਵੱਲੋਂ ਸਿੱਖਾਂ ਦੇ ਖੂਨ ਨਾਲ ਖੇਡੀ ਗਈ ਹੋਲੀ ਦੇ ਜਵਾਬ ਵਿਚ 10 ਜੂਨ, 1978 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਰਕਧਾਰੀਆਂ ਦੇ ਖਿਲਾਫ ਜਾਰੀ ਕੀਤਾ ਗਿਆ ਹੁਕਮਨਾਮਾ ਅਤੇ ਇਸ ਸਬੰਧੀ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਵੱਲੋਂ ਜਾਰੀ ਵਾਈਟ ਪੇਪਰ (ਦੇਅ ਮੈਸੇਕਰ ਸਿੱਖਜ਼ ਵਾਈਟ ਪੇਪਰ ਬਾਈ ਸਿੱਖ ਰੀਲੀਜੀਅਸ ਪਾਰਲੀਮੈਂਟ) ਦੀ ਸ਼ਬਦਾਵਲੀ ਵੀ ਸਿਰਦਾਰ ਸਾਹਿਬ ਦੀ ਹੀ ਦੇਣ ਸੀ।
    ਸਿਰਦਾਰ ਕਪੂਰ ਸਿੰਘ ਨੇ ਅੰਗਰੇਜ਼ੀ ਅਤੇ ਪੰਜਾਬੀ ਵਿਚ ਕਈ ਪੁਸਤਕਾਂ ਲਿਖਣ ਤੋਂ ਇਲਾਵਾ ਸਮੇਂ-ਸਮੇਂ ਪ੍ਰਮੁੱਖ ਰਸਾਲਿਆਂ, ਅਖਬਾਰਾਂ ਲਈ ਲੇਖ ਵੀ ਲਿਖੇ। ਉਨ੍ਹਾਂ ਦੀਆਂ ਪ੍ਰਸਿੱਧ ਪੁਸਤਕਾਂ ਵਿਚ ਪ੍ਰਾਸ਼ਰ-ਪ੍ਰਸ਼ਨਾ, ਹਸ਼ੀਸ਼ (ਕਵਿਤਾਵਾਂ), ਸਪਤ-ਸ੍ਰਿੰਗ, ਬਹ-ਵਿਸਥਾਰ, ਪੁੰਡਰੀਕ, ਮਨਸੂਰ ਅੱਲ-ਹਲਾਜ, ਸਿਖਇਜ਼ਮ ਫਾਰ ਮਾਡਰਨ ਮੈਨ, ਮੀ ਜੂਡੀਸ, ਸੇਕਰਡ ਰਾਈਟਿੰਗਜ਼ ਆਫ ਦੀ ਸਿਖਜ਼ (ਜਿਸ ਨੂੰ ਯੂਨਾਇਟਿਡ ਨੇਸ਼ਨਜ਼ ਦੀ ਸੰਸਥਾ ਯੂਨੈਸਕੋ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ), ਕੰਟਰੀਬਿਊਸ਼ਨਜ਼ ਆਫ ਗੁਰੂ ਨਾਨਕ, ਦੀ ਆਵਰ ਆਫ ਸਵੋਰਡ, ਗੁਰੂ ਅਰਜਨ ਐਂਡ ਹਿਜ਼ ਸੁਖਮਨੀ ਆਦਿ ਸ਼ਾਮਲ ਹਨ।
    1978 ਤੋਂ ਬਾਅਦ, ਚੰਡੀਗੜ੍ਹ ਵਿਚ ਹੋਏ ਵੱਖ-ਵੱਖ ਸੈਮੀਨਾਰਾਂ, ਜਿਨ੍ਹਾਂ ਦਾ ਵਿਸ਼ਾ ਸੀ 'ਖਾਲਿਸਤਾਨ, ਕਿਉਂ ਨਹੀਂ' (ਖਾਲਿਸਤਾਨ-ਵਾਈ ਨਾਟ) ਵਿਚ ਸਿਰਦਾਰ ਕਪੂਰ ਸਿੰਘ ਨੇ, ਪੰਥ ਦੀ ਆਜ਼ਾਦੀ ਲਈ ਨੌਜਵਾਨਾਂ ਨੂੰ 'ਕੁੱਝ ਕਰ ਗੁਜ਼ਰਨ' ਦਾ ਸੱਦਾ ਦਿੱਤਾ। ਦਲ ਖਾਲਸਾ ਦੇ ਮੁਖੀ ਸਰਦਾਰ ਗਜਿੰਦਰ ਸਿੰਘ ਵਰਗੇ ਨੌਜਵਾਨ, ਮਜ਼ਬੂਤੀ ਨਾਲ ਅਜ਼ਾਦੀ ਦੇ ਰਸਤੇ 'ਤੇ ਕੇਸਰੀ ਨਿਸ਼ਾਨ ਲੈ ਕੇ ਅੱਗੇ ਵਧੇ। 1980ਵਿਆਂ ਵਿਚ, ਭਾਈ ਅਮਰੀਕ ਸਿੰਘ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਯਤਨਾਂ ਨਾਲ, ਸਿਰਦਾਰ ਕਪੂਰ ਸਿੰਘ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਮੇਲ ਹੋਇਆ ਭਾਵੇਂ ਕਿ ਉਦੋਂ ਸਿਰਦਾਰ ਸਾਹਿਬ ਦੀ ਸਿਹਤ, ਖਰਾਬੀ ਦੇ ਰਸਤੇ 'ਤੇ ਪੈ ਚੁੱਕੀ ਸੀ। ਸਿਰਦਾਰ ਕਪੂਰ ਸਿੰਘ ਨੇ ਜਿੱਥੇ ਸੰਤਾਂ ਦੀ ਇਮਾਨਦਾਰੀ ਤੇ ਸਿਰੜ ਦੀ ਤਾਰੀਫ਼ ਕੀਤੀ, ਉਥੇ ਅਕਾਲੀਆਂ ਦੀ ਬਦਨੀਤੀ ਤੋਂ ਉਨ੍ਹਾਂ ਨੂੰ ਖਬਰਦਾਰ ਵੀ ਕੀਤਾ। 1980ਵਿਆਂ ਦੇ ਸਿੱਖ ਜੋਸ਼ ਤੇ ਉਭਾਰ ਤੋਂ ਸਿਰਦਾਰ ਸਾਹਿਬ ਬਾਗੋਬਾਗ ਹੋਏ, ਕਿਹਾ ਕਰਦੇ ਸਨ 'ਗੁਰੂ ਨੇ ਪੰਥ ਨੂੰ ਬੇਘਰ੍ਹੇ ਨਹੀਂ ਰਹਿਣ ਦੇਣਾ, ਗੁਰੂ ਬਹੁੜੀ ਕਰੇਗਾ। ਪਰ ਇਨ੍ਹਾਂ ਅਕਾਲੀ ਲੀਡਰਾਂ ਤੋਂ ਪਹਿਲਾਂ ਪੰਥ ਦਾ ਖਹਿੜਾ ਛੁਡਾਓ। '
    ਜੂਨ-1984 ਤੇ ਨਵੰਬਰ-1984 ਦੇ ਘੱਲੂਘਾਰਿਆਂ ਦੀ ਪੀੜ ਨੂੰ ਸਿਰਦਾਰ ਸਾਹਿਬ ਨੇ ਬੜੀ ਸ਼ਿੱਦਤ ਤੇ ਬੇਚੈਨੀ ਨਾਲ ਹੰਢਾਇਆ। ਭਾਵੁਕ ਹੁੰਦਿਆਂ ਉਨ੍ਹਾਂ ਦੀ ਅੱਖਾਂ 'ਚੋਂ ਹੰਝੂ ਤ੍ਰਿਪ-ਤ੍ਰਿਪ ਵਗਦੇ ਸਨ। ਉਹ ਜੋਸ਼ ਅਤੇ ਜ਼ਜਬੇ ਦੇ ਆਵੇਸ਼ ਵਿਚ, ਬਿਮਾਰ ਹਾਲਤ ਵਿਚ ਮੰਜੀ 'ਤੇ ਬੈਠੇ, ਮੁਲਾਕਾਤ ਲਈ ਆਉਣ ਵਾਲਿਆਂ ਨੂੰ ਕਹਿੰਦੇ ਸਨ “ਜੇ ਇਤਿਹਾਸ ਵਿਚ ਇਹ ਵਰਨਣ ਆਏ ਕਿ ਇਕ ਛੋਟੀ ਜਿਹੀ ਸਿੱਖ ਕੌਮ ਸੀ, ਜਿਹੜੀ ਕਿ ਆਪਣੀ ਅਜ਼ਾਦੀ ਲਈ ਲੜਦੀ ਹੋਈ, ਸਾਰੀ ਦੀ ਸਾਰੀ ਕੁਰਬਾਨ ਹੋ ਗਈ, ਉਸ ਦਾ ਹਰ ਬੱਚਾ, ਬੁੱਢਾ, ਮਾਈ-ਭਾਈ ਸਭ ਸ਼ਹੀਦ ਹੋ ਗਏ ਤਾਂ ਇਹ ਬੜੇ ਫਖਰ ਦੀ ਗੱਲ ਹੋਵੇਗੀ। ਪਰ ਹਿੰਦੂਆਂ ਦੀ ਗੁਲਾਮੀ ਹੇਠ ਜਿਉਣਾ ਤਾਂ ਕੁੰਭੀ ਨਰਕ ਵਿਚ ਸੁੱਟੇ ਜਾਣ ਦੇ ਬਰਾਬਰ ਹੈ।”
    ਸਮੁੱਚੀ ਸਿੱਖ ਕੌਮ ਦਾ ਦਰਦ ਆਪਣੇ ਸੀਨੇ ਵਿਚ ਲੈ ਕੇ, ਕੌਮੀ ਅਜ਼ਾਦੀ ਲਈ ਤਾਂਘਦਿਆਂ, 13 ਅਗਸਤ, 1986 ਨੂੰ ਇਹ ਅਣਖੀ ਰੂਹ, ਗੁਰੂ ਚਰਨਾਂ ਵਿਚ ਜਾ ਬਿਰਾਜੀ। ਸਿੱਖ ਦੀ ਸਿੱਖੀ ਕੇਸਾਂ-ਸਵਾਸਾਂ ਨਾਲ ਨਿਭੀ।
    30 ਮਿਲੀਅਨ ਸਿੱਖ ਕੌਮ, ਕੀ ਆਪਣੇ ਆਪ ਨੂੰ ਪੁੱਛੇਗੀ ਕਿ 'ਅਜ਼ਾਦੀ' ਦੇ ਪੈਮਾਨੇ ਅਨੁਸਾਰ ਅੱਜ ਅਸੀਂ ਕਿੱਥੇ ਖੜ੍ਹੇ ਹਾਂ?
    ਅਲਾਮਾ ਇਕਬਾਲ ਦਾ ਇਹ ਸ਼ੇਅਰ ਸਿਰਦਾਰ ਕਪੂਰ ਸਿੰਘ ਦੀ ਸ਼ਖਸੀਅਤ 'ਤੇ ਐਨ ਢੁੱਕਦਾ ਹੈ:
    ''ਹਜ਼ਾਰੋਂ ਸਾਲ ਨਰਗਿਸ,
    ਅਪਨੀ ਬੇ-ਨੂਰੀ ਪੇ ਰੋਤੀ ਹੈ।
    ਬੜੀ ਮੁਸ਼ਕਿਲ ਸੇ ਹੋਤਾ ਹੈ,
    ਚਮਨ ਮੇ ਦੀਦਾਵਰ ਪੈਦਾ। ''

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com