ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਿੱਖ ਨੌਜਵਾਨਾਂ ਨੂੰ ਫ਼ੌਜ ਵਿੱਚ ਭਰਤੀ ਕਰਨ ਲਈ ਸਾਲ ਵਿੱਚ ਪੰਦਰਾਂ ਦਿਨਾਂ ਦਾ ਕੈਂਪ ਲਾਇਆ ਜਾਂਦਾ ਸੀ। ਅਜਿਹੇ ਹੀ ਇੱਕ ਕੈਂਪ ਵਿੱਚ ਸਰਦਾਰ ਹਰੀ ਸਿੰਘ ਨੇ ਵੀ ਜੰਗੀ ਕਾਰਨਾਮਿਆਂ ਦੇ ਵਿਲੱਖਣ ਕਰਤੱਵ ਵਿਖਾਏ। ਇਹ ਦੇਖ ਕੇ ਮਹਾਰਜਾ ਰਣਜੀਤ ਸਿੰਘ ਨੇ ਹਰੀ ਸਿੰਘ ਨੂੰ ਆਪਣੀ ਫੌਜ ਵਿੱਚ ਭਰਤੀ ਕਰ ਲਿਆ। ਇੱਕ ਦਿਨ ਮਹਾਰਜਾ ਰਣਜੀਤ ਸਿੰਘ ਜੰਗਲ ਵਿੱਚ ਸ਼ਿਕਾਰ ਖੇਡਣ ਲਈ ਗਏ। ਉਸ ਸਮੇਂ ਹਰੀ ਸਿੰਘ ਵੀ ਉਨ੍ਹਾਂ ਨਾਲ ਸੀ। ਜੰਗਲ ’ਚੋਂ ਇੱਕ ਸ਼ੇਰ ਨੇ ਹਰੀ ਸਿੰਘ ’ਤੇ ਹਮਲਾ ਕਰ ਦਿੱਤਾ। ਸ਼ੇਰ ਦਾ ਹਮਲਾ ਇੰਨਾ ਤੇਜ਼ ਸੀ ਕਿ ਹਰੀ ਸਿੰਘ ਨੂੰ ਮਿਆਨ ’ਚੋਂ ਤਲਵਾਰ ਕੱਢਣ ਦਾ ਮੌਕਾ ਵੀ ਨਾ ਮਿਲਿਆ। ਉਸ ਨੇ ਆਪਣੀ ਨਿਡਰਤਾ ਅਤੇ ਫੁਰਤੀ ਨਾਲ ਸ਼ੇਰ ਨੂੰ ਜਬੜਾਇਆਂ ਤੋਂ ਫੜ ਕੇ ਜ਼ੋਰ ਨਾਲ ਥੱਲੇ ਪਟਕਾ ਮਾਰਿਆ ਤੇ ਕਿਰਪਾਨ ਕੱਢਦਿਆਂ ਇੱਕੋ ਵਾਰ ਨਾਲ ਹੀ ਸ਼ੇਰ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ। ਮਹਾਰਾਜਾ ਨੇ ਇਹ ਦੇਖ ਕੇ ਹਰੀ ਸਿੰਘ ਦੇ ਨਾਂ ਨਾਲ ‘ਨਲੂਆ’ ਸ਼ਬਦ ਵੀ ਜੋੜ ਦਿੱਤਾ ਅਤੇ 800 ਸੈਨਿਕਾਂ ਦਾ ਜਥਾ ਦੇ ਕੇ ਫ਼ੌਜੀ ਦਸਤੇ ਦਾ ਸਰਦਾਰ ਐਲਾਨ ਦਿੱਤਾ।
ਹਰੀ ਸਿੰਘ ਨਲੂਆ ਨੇ 1807 ਈ: ਵਿੱਚ ਕਸੂਰ ਦੇ ਬਾਹਰਲੇ ਮੈਦਾਨ ਵਿੱਚ ਆਪਣੇ ਜੀਵਨ ਦੀ ਪਹਿਲੀ ਲੜਾਈ ਲੜੀ, ਜਿਸ ਵਿੱਚ ਨਵਾਬ ਕੁਤਬਦੀਨ ਖਾਨ ਦੀਆਂ ਫ਼ੌਜਾਂ ਨੂੰ ਖਾਲਸਾ ਫ਼ੌਜ ਨੇ ਇੰਨੀ ਜ਼ਬਰਦਸਤ ਟੱਕਰ ਦਿੱਤੀ ਕਿ ਨਵਾਬ ਖਾਨ ਦੀਆਂ ਫ਼ੌਜਾਂ ਆਪਣੇ ਮੋਰਚੇ ਛੱਡ ਕਸੂਰ ਦੇ ਕਿਲ੍ਹੇ ਵੱਲ ਭੱਜ ਗਈਆਂ। ਭੱਜਦੀ ਹੋਈ ਫ਼ੌਜ ਦਾ ਪਿੱਛਾ ਕਰਕੇ ਹਰੀ ਸਿੰਘ ਨਲੂਆ ਦੀ ਰੈਜੀਮੈਂਟ ਨੇ ਦੋ ਸੈਂਕੜੇ ਤੋਂ ਵੱਧ ਗਾਜ਼ੀਆਂ ਨੂੰ ਬੰਦੀ ਬਣਾ ਕੇ ਹਥਿਆਰ ਖੋਹ ਲਏ ਤੇ ਮਹਾਰਾਜਾ ਅੱਗੇ ਪੇਸ਼ ਕਰ ਦਿੱਤੇ। ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਆ ਦੀ ਇਸ ਬਹਾਦਰੀ ਤੋਂ ਖੁਸ਼ ਹੋ ਕੇ ਸਰਦਾਰੀ ਤੇ ਕਈ ਪਿੰਡਾਂ ਦੀ ਜਾਗੀਰ ਇਨਾਮ ਵਜੋਂ ਬਖਸ਼ੀ।
1810 ਦੀ ਮੁਲਤਾਨ ਦੀ ਜੰਗ ਵਿੱਚ ਹਰੀ ਸਿੰਘ ਨਲੂਆ ਨੇ ਜਾਨ ਦੀ ਬਾਜ਼ੀ ਲਾਉਂਦਿਆਂ ਨਿਰਭੈਤਾ ਅਤੇ ਸੂਰਮਗਤੀ ਦਾ ਸਬੂਤ ਦਿੱਤਾ। 1812 ਵਿਚ ਉਸ ਨੇ ਮਿੱਠਾ ਟਿਵਾਣਾ ਤੇ 1813 ਵਿੱਚ ਅਟਕ ਦਾ ਕਿਲ੍ਹਾ ਫ਼ਤਹਿ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਦੇ ਹੁਕਮਾਂ ਅਨੁਸਾਰ ਹਰੀ ਸਿੰਘ ਨਲੂਏ ਨੇ ਆਪਣੀ ਫ਼ੌਜ ਅਤੇ ਆਪਣੇ ਨਿਡਰ ਇਰਾਦਿਆਂ ਨਾਲ ਕਸ਼ਮੀਰ ਨੂੰ ਕਬਜ਼ੇ ਵਿੱਚ ਲੈ ਕੇ ਖ਼ਾਲਸਾ ਰਾਜ ਕਾਇਮ ਕਰ ਦਿੱਤਾ। 1820 ਵਿੱਚ ਹਰੀ ਸਿੰਘ ਨਲੂਆ ਦੀ ਕਾਬਲੀਅਤ ਨੂੰ ਵੇਖਦੇ ਹੋਏ ਉਸ ਨੂੰ ਕਸ਼ਮੀਰ ਦਾ ਗਵਰਨਰ ਬਣਾ ਦਿੱਤਾ ਗਿਆ। 1821 ’ਚ ਮਾਂਗਲੀ ਘਾਟੀ ’ਤੇ ਜਿੱਤ ਦਾ ਝੰਡਾ ਗੱਡਣ ਪਿਛੋਂ ਇਸ ਨਿਡਰ ਸਿੱਖ ਜਰਨੈਲ ਨੇ 1823 ਈ: ਵਿੱਚ ਗਾਜ਼ੀਆਂ, ਪਠਾਣਾਂ ਅਤੇ ਅਫਗਾਨਾਂ ਆਦਿ ਨੂੰ ਹਰਾ ਕੇ ਖ਼ਾਲਸਾ ਫੌਜ ਦੀ ਧਾਕ ਜਮਾਈ। ਇਸ ਮਗਰੋਂ 1828 ਈ: ਵਿੱਚ ਉਸ ਨੇ ਕਟੌਚੀਆਂ ਦੇ ਇਲਾਕੇ ਬਾਈਧਾਰ ਦੇ ਰਾਜਿਆਂ ’ਤੇ ਚੜ੍ਹਾਈ ਕਰ ਦਿੱਤੀ। ਖਾਲਸਾ ਫੌਜ ਨੇ ਸੀਬਾ, ਗੁਲੇਰ, ਨਾਦੌਣ, ਲੰਬਾਗਾਉਂ ਦੀ ਰਾਜਧਾਨੀ ’ਤੇ ਕਬਜ਼ਾ ਕਰ ਕੇ ਉਥੇ ਵੀ ਖਾਲਸਾ ਰਾਜ ਸਥਾਪਤ ਕਰ ਲਿਆ।
1834 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ’ਤੇ ਧਾਵਾ ਬੋਲਣ ਲਈ ਹਰੀ ਸਿੰਘ ਨਲੂਆ ਨੂੰ ਕਮਾਂਡਰ ਇੰਨ ਚੀਫ ਬਣਾਇਆ। ਪਿਸ਼ਾਵਰ ’ਤੇ ਕਬਜ਼ਾ ਕਰਦਿਆਂ ਉਸ ਨੇ ਪਠਾਣਾਂ ਦੇ ਦਿਲਾਂ ਵਿੱਚ ਖਾਲਸਾ ਫੌਜ ਦਾ ਸਦਾ ਲਈ ਡਰ ਬਿਠਾ ਦਿੱਤਾ। ਪਿਸ਼ਾਵਰ ਦਾ ਗਵਰਨਰ ਵੀ ਹਰੀ ਸਿੰਘ ਨਲੂਆ ਨੂੰ ਹੀ ਬਣਾਇਆ ਗਿਆ। ਅਮੀਰ ਦੋਸਤ ਮੁਹੰਮਦ ਖਾਨ ਨੇ ਹਾਰ ਦਾ ਬਦਲਾ ਲੈਣ ਲਈ ਆਪਣੀ ਇੱਕ ਤਕੜੀ ਅਤੇ ਜੋਸ਼ੀਲੀ ਫੌਜ ਤਿਆਰ ਕੀਤੀ। ਅਮੀਰ ਦੋਸਤ ਮੁਹੰਮਦ ਖਾਨ ਨੇ ਆਪਣੇ ਪੁੱਤਰ ਅਕਬਰ ਖਾਨ ਦੀ ਅਗਵਾਈ ’ਚ 1837 ਵਿੱਚ ਹਰੀ ਸਿੰਘ ਨਲੂਆ ਦੀ ਗੈਰ-ਹਾਜ਼ਰੀ ਦਾ ਫਾਇਦਾ ਉਠਾਉਂਦਿਆਂ ਜਮਰੌਦ ਦੇ ਕਿਲ੍ਹੇ ’ਤੇ ਹਮਲਾ ਕਰਵਾ ਦਿੱਤਾ। ਕਿਲ੍ਹੇ ਵਿੱਚ ਹਾਜ਼ਰ ਖ਼ਾਲਸਾ ਫੌਜ ਨੇ ਹਮਲਵਾਰਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਹਰੀ ਸਿੰਘ ਨਲੂਆ ਨੂੰ ਖ਼ਬਰ ਭੇਜ ਦਿੱਤੀ। ਜੰਗ ਦੇ ਤੀਜੇ ਦਿਨ ਅਫਗਾਨ ਜਮਰੌਦ ਦੇ ਕਿਲ੍ਹੇ ਦੇ ਨਜ਼ਦੀਕ ਹੀ ਹਮਲਾ ਕਰਨ ਦੀ ਯੋਜਨਾਬੰਦੀ ਵਿੱਚ ਸਨ ਤਾਂ ਮੌਕੇ ’ਤੇ ਹਰੀ ਸਿੰਘ ਨਲੂਆ ਆਪਣੀ ਫੌਜ ਸਮੇਤ ਪਹੁੰਚ ਗਿਆ। ਜਦ ਦੁਸ਼ਮਣਾਂ ਨੂੰ ਪਤਾ ਲੱਗਿਆ ਕਿ ਜੰਗ ਵਿੱਚ ਹਰੀ ਸਿੰਘ ਨਲੂਆ ਪਹੁੰਚ ਗਿਆ ਹੈ ਤਾਂ ਵੈਰੀ ਦੀ ਫੌਜ ਨੇ ਮੈਦਾਨ-ਏ-ਜੰਗ ਛੱਡ ਕੇ ਭੱਜਣਾ ਸ਼ੁਰੂ ਕਰ ਦਿੱਤਾ। ਦੁਸ਼ਮਣਾਂ ਨੂੰ ਭਜਾ ਕੇ ਜਦ ਉਹ ਵਾਪਸ ਜਮਰੌਦ ਦੇ ਕਿਲ੍ਹੇ ਵੱਲ ਜਾ ਰਿਹਾ ਸੀ ਤਾਂ ਇੱਕ ਗੁਫਾ ਵਿੱਚ ਲੁਕੇ ਹੋਏ ਗਾਜ਼ੀਆਂ ਨੇ ਗੋਲੀ ਚਲਾ ਦਿੱਤੀ। ਇਹ ਗੋਲੀ ਉਸ ਦੇ ਅੰਗ ਰੱਖਿਅਕ ਦੇ ਵੱਜੀ ਤਾਂ ਝੱਟ ਹਰੀ ਸਿੰਘ ਨਲੂਆ ਨੇ ਆਪਣੇ ਘੋੜੇ ਨੂੰ ਉਸ ਗੁਫਾ ਵੱਲ ਮੋੜਿਆ। ਗੁਫਾ ’ਚੋਂ ਗਾਜ਼ੀਆਂ ਨੇ ਫਿਰ ਦੋ ਗੋਲੀਆਂ ਚਲਾ ਦਿੱਤੀਆਂ, ਜੋ ਹਰੀ ਸਿੰਘ ਦੀ ਛਾਤੀ ਅਤੇ ਵੱਖੀ ਵਿੱਚ ਵੱਜੀਆਂ। ਉਸੇ ਵੇਲੇ ਉਹ ਘੋੜੇ ਨੂੰ ਮੋੜ ਕੇ ਜਮਰੌਦ ਦੇ ਕਿਲ੍ਹੇ ਵਿੱਚ ਲੈ ਗਿਆ ਤੇ ਮਹਾਨ ਜਰਨੈਲ ਸਿੱਖ ਰਾਜ ਦਾ ਵਿਸਥਾਰ ਕਰਦਾ ਹੋਇਆ 30 ਅਪਰੈਲ 1837 ਈ: ਨੂੰ ਸ਼ਹੀਦ ਹੋ ਗਿਆ।
ਸੰਪਰਕ: 9417079435


