ਪਹਿਲੀਆਂ ਦੋ ਪਤਨੀਆਂ ਦੀ ਮੌਤ ਉਪਰੰਤ ਆਪ ਦਾ ਤੀਜਾ ਵਿਆਹ ਪਿੰਡ ਰਾਮਗੜ੍ਹ ਰਿਆਸਤ ਪਟਿਆਲਾ ਦੇ ਸਰਦਾਰ ਹਰਦਮ ਸਿੰਘ ਦੀ ਸਪੁੱਤਰੀ ਬੀਬੀ ਬਸੰਤ ਕੌਰ ਨਾਲ ਹੋਇਆ ਜਿਸ ਦੀ ਕੁੱਖੋਂ ਭਾਈ ਸਾਹਿਬ ਦੇ ਇਕਲੌਤੇ ਬੇਟੇ ਭਗਵੰਤ ਸਿੰਘ ਹਰੀ ਦਾ ਜਨਮ 1892 'ਚ ਹੋਇਆ। ਭਾਈ ਕਾਨ੍ਹ ਸਿੰਘ ਵੱਲੋਂ ਰਚੀਆਂ ਕਈ ਦਰਜਨਾਂ ਪੁਸਤਕਾਂ ਨੂੰ ਵੇਖ ਕੇ ਆਪ ਦੀ ਸਮੁੱਚੀ ਸ਼ਖ਼ਸੀਅਤ ਇਕ ਸਾਹਿਤਕ ਥੰਮ੍ਹ ਵਾਂਗ ਜਾਪਦੀ ਹੈ। ਜੀਵਨ ਦੇ ਮੁੱਢਲੇ ਦੌਰ 'ਚ ਭਾਈ ਸਾਹਿਬ ਦੀ ਪਹਿਲੀ ਰਚਨਾ 'ਰਾਜ ਧਰਮ' (1884 ਈ.) ਰਾਜਨੀਤੀ ਨਾਲ ਸਬੰਧਤ ਅਤੇ ਉਸ ਵੇਲੇ ਦੀ ਹੈ ਜਦੋਂ ਆਪ ਲਾਹੌਰ ਤੋਂ ਵਾਪਸ ਪਰਤ ਕੇ ਨਾਭੇ ਦੇ ਮਹਾਰਾਜਾ ਹੀਰਾ ਸਿੰਘ ਕੋਲ ਮੁਸਾਹਿਬ ਲੱਗ ਗਏ ਸਨ। ਦੂਜੇ ਗ੍ਰੰਥ 'ਟੀਕਾ ਜੈਮਨੀ ਅਸ਼ਵਮੇਧ' (1886 ਈ.) ਵਿਚ ਭਾਈ ਸਾਹਿਬ ਨੇ ਮਹਾਰਿਸ਼ੀ ਵਿਆਸ ਦੇ ਇਕ ਵਿਦਵਾਨ ਸ਼ਿਸ਼ ਜੈਮਨੀ ਦੇ 'ਜੈਮਨੀ ਅਸ਼ਵਮੇਧ ਗ੍ਰੰਥ' ਦੇ ਸਾਰ ਦਾ ਟੀਕਾ ਕੀਤਾ ਹੈ ਜਿਸ ਰਾਹੀਂ ਆਪ ਦੀ ਸੁਤੰਤਰ ਵਿਚਾਰਧਾਰਾ ਉਜਾਗਰ ਹੁੰਦੀ ਹੈ।
ਭਾਈ ਸਾਹਿਬ ਅਨੁਸਾਰ ਵਿਚਾਰ-ਸ਼ਕਤੀ ਤੋਂ ਕੰਮ ਲੈ ਕੇ ਅਸੀਂ ਬੁਰੇ ਭਲੇ ਦੀ ਪਛਾਣ ਕਰਨ ਦੇ ਯੋਗ ਬਣ ਸਕਦੇ ਹਾਂ। ਆਪ ਸੰਪ੍ਰਦਾਇ ਅਰਥਾਂ ਦੀ ਥਾਂ ਵਿਸ਼ੇ ਦੀ ਨਵੀਨ ਢੰਗ ਨਾਲ ਵਿਆਖਿਆ ਕਰਦੇ ਹਨ। ਨਾਭਾ ਦਰਬਾਰ 'ਚ ਰਹਿੰਦਿਆਂ ਹੀ ਤੀਜੇ ਗ੍ਰੰਥ 'ਨਾਟਕ ਭਾਵਾਰਥ ਦੀਪਕਾ' (1897 ਈ.) ਦੀ ਵੀ ਰਚਨਾ ਕੀਤੀ ਜਿਸ ਵਿਚ ਭਾਈ ਸਾਹਿਬ ਨੇ ਕਵੀ ਹਿਰਦੇ ਰਾਮ ਦੁਆਰਾ ਲਿਖੇ ਗਏ ਪ੍ਰਸਿੱਧ ਹਨੂੰਮਾਨ ਨਾਟਕ ਦੇ ਭਾਵਾਰਥ ਦਿੱਤੇ ਹਨ। ਗ੍ਰੰਥ ਦੀ ਲਿਪੀ ਗੁਰਮੁਖੀ ਪਰ ਬੋਲੀ ਹਿੰਦੀ ਹੈ। ਭਾਈ ਸਾਹਿਬ ਨੇ ਪੂਰਨ ਤੌਰ 'ਤੇ ਭਾਵ ਸਪਸ਼ਟ ਕਰਨ ਲਈ ਵਿਆਖਿਆ ਕਾਫ਼ੀ ਲੰਬੀ ਦਿੱਤੀ ਹੈ। ਉਹ ਦੂਜੇ ਧਰਮਾਂ ਦੀਆਂ ਵੱਧ ਤੋਂ ਵੱਧ ਪੁਸਤਕਾਂ ਨੂੰ ਆਪਣੀ ਭਾਸ਼ਾ ਵਿਚ ਬਿਆਨ ਕਰ ਕੇ ਪੰਜਾਬੀ ਪਾਠਕਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦੇਣਾ ਚਾਹੁੰਦੇ ਸਨ। ਵਿਸ਼ਨੂੰ ਪੌਰਾਣ ਵੱਡੇ ਆਕਾਰ ਦੀ ਰਚਨਾ ਨੂੰ ਸੰਖੇਪ ਰੂਪ 'ਟੀਕਾ ਵਿਸ਼ਨੂੰ ਪੌਰਾਣ' 119 ਪੰਨਿਆਂ ਵਿਚ ਬਿਆਨ ਕੀਤਾ ਹੈ। ਜੀਵਨ ਭਰ ਭਾਈ ਕਾਨ੍ਹ ਸਿੰਘ ਨਾਭਾ ਨੇ ਕਈ ਦਰਜਨ ਪੁਸਤਕਾਂ ਦੀ ਰਚਨਾ ਕੀਤੀ। 'ਹਮ ਹਿੰਦੂ ਨਹੀਂ'(1897), 'ਗੁਰੁਮਤ ਪ੍ਰਭਾਕਰ' (1898), 'ਗੁਰੁਮਤ ਸੁਧਾਕਰ' (1899), 'ਗੁਰੁਗਿਰਾ ਕਸੌਟੀ' (1899), 'ਸੱਦ ਦਾ ਪਰਮਾਰਥ' (1901) ਆਦਿ ਉਨ੍ਹਾਂ ਦੀਆਂ ਲਿਖਤਾਂ ਗੁਰਮਤਿ, ਸਿੱਖ ਇਤਿਹਾਸ ਤੇ ਅਧਿਆਤਮਵਾਦ ਨਾਲ ਸਬੰਧਤ ਡੂੰਘੀ ਖੋਜ ਦਾ ਬਹੁਮੁੱਲਾ ਖ਼ਜ਼ਾਨਾ ਹਨ।
'ਹਮ ਹਿੰਦੂ ਨਹੀਂ' ਭਾਈ ਸਾਹਿਬ ਦੀ ਪਹਿਲੀ ਮੌਲਿਕ ਰਚਨਾ ਹੈ ਜਿਸ 'ਚ ਸਿੱਖ ਰਹਿਤ-ਕੁਰਹਿਤ, ਸਿੱਖ ਵੱਖਰੀ ਕੌਮ, ਸਿੱਖ ਰਾਜਨੀਤੀ, ਨਾਲ ਹੀ ਹਿੰਦੂ ਧਰਮ ਬਾਰੇ ਬਹੁਪੱਖੀ ਜਾਣਕਾਰੀ ਮਿਲਦੀ ਹੈ। ਉਨ੍ਹਾਂ ਨੇ 'ਸ਼ਰਾਬ ਨਿਸ਼ੇਧ' (1907) ਵਰਗੀਆਂ ਪੁਸਤਕਾਂ ਲਿਖ ਕੇ ਸਮਾਜ ਸੁਧਾਰ ਦੇ ਖੇਤਰ 'ਚ ਵੀ ਯੋਗਦਾਨ ਪਾਇਆ। ਭਾਈ ਕਾਨ੍ਹ ਸਿੰਘ ਨਾਭਾ ਦੇ ਗ੍ਰੰਥ 'ਗੁਰੁਮਤ ਪ੍ਰਭਾਕਰ', 'ਗੁਰੁਮਤ ਸੁਧਾਕਰ', 'ਗੁਰੁਮਤ ਮਾਰਤੰਡ' ਅਤੇ 'ਸੱਦ ਕਾ ਪਰਮਾਰਥ' ਇਸੇ ਸਿਧਾਂਤ 'ਤੇ ਉਸਾਰੇ ਗਏ ਹਨ ਕਿ ਗੁਰੂ ਗ੍ਰੰਥ ਆਪ ਆਪਣੀ ਬਾਣੀ ਦੀ ਵਿਆਖਿਆ ਕਰਦਾ ਹੈ ਅਤੇ ਇਹੀ ਗੁਰਬਾਣੀ ਦੀ ਪ੍ਰਮਾਣਿਕ ਤੇ ਅਧਿਕਾਰ ਸੰਪੰਨ ਵਿਆਖਿਆ ਹੈ। ਆਪਣੇ ਜੀਵਨ ਦੇ ਅਖ਼ੀਰਲੇ ਦੌਰ ਵਿਚ ਆਪ ਨੇ 'ਗੁਰੁਛੰਦ ਦਿਵਾਕਰ' (1924), 'ਗੁਰੁਸ਼ਬਦਾਲੰਕਾਰ' (1925) ਆਦਿ ਪੁਸਤਕਾਂ ਦੀ ਰਚਨਾ ਕਰ ਕੇ ਮਹਾਨ ਛੰਦ ਸ਼ਾਸਤਰੀ ਅਤੇ ਅਲੰਕਾਰ ਸ਼ਾਸਤਰੀ ਹੋਣ ਦਾ ਸਬੂਤ ਦਿੱਤਾ। 'ਅਨੇਕਾਰਥ' ਤੇ 'ਨਾਮ ਮਾਲਾ' ਆਦਿ ਕੋਸ਼ਾਂ ਦਾ ਸੰਪਾਦਨ ਅਤੇ 'ਰੂਪ ਦੀਪ ਪਿੰਗਲ' (1925) ਦੀ ਸੁਧਾਈ ਕੀਤੀ। ਪੰਜਾਬੀ ਕੋਸ਼ਕਾਰੀ ਵਿਚ ਵਿਸ਼ਵਕੋਸ਼ ਦੇ ਨਾਂ ਨਾਲ ਪਛਾਣੀ ਜਾਣ ਵਾਲੀ ਪਹਿਲੀ ਕਿਰਤ ਭਾਈ ਕਾਨ੍ਹ ਸਿੰਘ ਨਾਭਾ ਦੁਆਰਾ ਰਚਿਤ 'ਗੁਰੁਸ਼ਬਦ ਰਤਨਾਕਾਰ ਮਹਾਨਕੋਸ਼' ਹੈ। ਇਸ ਨੂੰ ਲਿਖਣਾ ਸੰਨ 1912 ਵਿਚ ਆਰੰਭ ਕੀਤਾ ਗਿਆ। ਸੰਨ 1926 ਵਿਚ ਮੁਕੰਮਲ ਹੋਇਆ ਅਤੇ ਸੰਨ 1930 ਈਸਵੀ ਵਿਚ ਦਰਬਾਰ ਪਟਿਆਲਾ ਵੱਲੋਂ ਛਾਪ ਕੇ ਪ੍ਰਕਾਸ਼ਿਤ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਦੁਆਰਾ ਰਚਿਤ 'ਚੰਡੀ ਦੀ ਵਾਰ' ਦਾ ਟੀਕਾ ਭਾਈ ਸਾਹਿਬ ਨੇ ਨਾਮਧਾਰੀ ਲਹਿਰ ਦੇ ਆਗੂ ਬਾਬਾ ਪ੍ਰਤਾਪ ਸਿੰਘ ਜੀ ਦੀ ਪ੍ਰੇਰਨਾ ਸਦਕਾ 1935 ਈਸਵੀ 'ਚ ਕੀਤਾ। ਬਚਿੱਤਰ ਨਾਟਕ 'ਚੋਂ ਲਈ 'ਮਾਰਕੰਡੇਯ ਪੁਰਾਣ' ਦੀ ਕਥਾ 'ਤੇ ਆਧਾਰਿਤ ਇਹ ਵਾਰ ਸਿੱਖਾਂ ਵਿਚ ਬੜੀ ਮਕਬੂਲ ਹੋਈ ਹੈ ਪਰ ਔਖੀ ਤੇ ਅਪ੍ਰਚਲਿਤ ਰਚਨਾ ਹੋਣ ਕਰ ਕੇ ਇਸ ਵਾਰ ਦੇ ਗ਼ਲਤ ਅਰਥ ਆਮ ਹੀ ਕੀਤੇ ਜਾਂਦੇ ਸਨ। ਇਸ ਲਈ ਭਾਈ ਸਾਹਿਬ ਨੇ ਅਨੇਕ ਥਾਂ ਫੁੱਟਨੋਟ ਦੇ ਕੇ ਵਾਰ ਸ੍ਰੀ ਭਗਾਉਤੀ ਜੀ ਦਾ ਟੀਕਾ ਕੀਤਾ।
ਆਪਣੀ ਸੂਝ ਅਤੇ ਸੁੱਘੜਤਾ ਦੇ ਅਸਰ ਨਾਲ ਭਾਈ ਸਾਹਿਬ ਨੇ ਨਾਭਾ ਤੇ ਪਟਿਆਲਾ ਰਿਆਸਤਾਂ 'ਚ 1886 ਤੋਂ 1923 ਈ. ਤਕ ਕਈ ਉੱਚ ਆਹੁਦਿਆਂ 'ਤੇ ਸ਼ਾਨਦਾਰ ਸੇਵਾ ਨਿਭਾਈ ਅਤੇ ਨਾਲੋ-ਨਾਲ ਸਾਹਿਤ ਰਚਨਾ ਦਾ ਕੰਮ ਵੀ ਜਾਰੀ ਰੱਖਿਆ ਜਿਹੜਾ ਕਿ ਉਨ੍ਹਾਂ ਦੇ ਦੇਹਾਂਤ 23 ਨਵੰਬਰ 1938 ਤਕ ਨਿਰੰਤਰ ਜਾਰੀ ਰਿਹਾ। ਪ੍ਰਸਿੱਧ ਅੰਗਰੇਜ਼ ਵਿਦਵਾਨ ਮਿਸਟਰ ਮੈਕਸ ਆਰਥਰ ਮੈਕਾਲਫ ਗੁਰਬਾਣੀ ਦੀ ਸਿੱਖਿਆ ਲਈ ਭਾਈ ਸਾਹਿਬ ਦੇ ਸ਼ਿਸ਼ ਬਣੇ। ਉਨ੍ਹਾਂ ਨੇ ਬਾਅਦ ਵਿਚ ਅੰਗਰੇਜ਼ੀ ਭਾਸ਼ਾ 'ਚ ਵਿਸ਼ਵ ਪ੍ਰਸਿੱਧ ਪੁਸਤਕ 'ਦਿ ਸਿੱਖ ਰਿਲੀਜਨ' ਦੀ ਰਚਨਾ ਕੀਤੀ। ਆਪਣੇ ਜੀਵਨ ਕਾਲ ਦੌਰਾਨ ਮਾਂ-ਬੋਲੀ ਪੰਜਾਬੀ ਦੀ ਸੇਵਾ ਲਈ ਭਾਈ ਸਾਹਿਬ ਅਨੇਕ ਅਖ਼ਬਾਰਾਂ, ਮੈਗਜ਼ੀਨਾਂ ਲਈ ਸਮੇਂ ਦੀ ਮੰਗ ਅਨੁਸਾਰ ਨਿਬੰਧ ਵੀ ਲਿਖਦੇ ਰਹੇ ਜੋ ਹੁਣ ਸਾਡੇ ਪਾਸ 'ਬਿਖਰੇ ਮੋਤੀ' ਪੁਸਤਕ ਦੇ ਰੂਪ 'ਚ ਮੌਜੂਦ ਹਨ। ਵਿਸ਼ਵਕੋਸ਼ੀ ਗਿਆਨਧਾਰਾ ਨਾਲ ਜੁੜੇ ਬਹੁਮੁਖੀ ਚਿੰਤਕ ਤੇ ਖੋਜੀ ਭਾਈ ਕਾਨ੍ਹ ਸਿੰਘ ਨਾਭਾ ਨੂੰ ਸਿੱਖ ਕੌਮ 'ਚ 'ਪੰਥ ਰਤਨ', 'ਭਾਈ ਸਾਹਿਬ' ਅਤੇ 'ਸਰਦਾਰ ਬਹਾਦਰ' ਦੀ ਉਪਾਧੀ ਨਾਲ ਯਾਦ ਕੀਤਾ ਜਾਂਦਾ ਹੈ।


