ਗੁਰੂ ਤੇਗ਼ ਬਹਾਦਰ ਜੀ ਜਦੋਂ ਗੁਰਮਤਿ ਦੇ ਪ੍ਰਚਾਰ ਹਿਤ ਬੰਗਾਲ ਅਤੇ ਅਸਾਮ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਗਏ ਤਾਂ ਕਿਰਪਾਲ ਸਿੰਘ ਨੇ ਪਟਨਾ ਰਹਿ ਕੇ ਪਰਵਾਰ ਦੀ ਦੇਖ-ਭਾਲ ਕੀਤੀ ਅਤੇ ਬਾਅਦ ਵਿਚ ਵਾਪਸੀ ਸਮੇਂ ਪਟਨਾ ਵਿਖੇ ਪੈਦਾ ਹੋਏ ਗੁਰੂ ਜੀ ਦੇ ਸਪੁੱਤਰ ਗੋਬਿੰਦ ਰਾਇ ਅਤੇ ਗੁਰੂ-ਘਰ ਦੇ ਮਹਿਲਾਂ ਨੂੰ ਇਹ ਪਟਨਾ ਤੋਂ ਅਨੰਦਪੁਰ ਸਾਹਿਬ ਵਿਖੇ ਲੈ ਕੇ ਆਏ। ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਅਮਲੀ ਤੌਰ ‘ਤੇ ਕਈ ਸਾਲ ਤਕ ਇਹ ਬਾਲ ਗੁਰੂ ਜੀ ਦੀ ਸਰਪ੍ਰਸਤੀ ਅਤੇ ਮਾਤਾ ਗੁਜਰੀ ਅਤੇ ਮਾਤਾ ਨਾਨਕੀ ਜੀ ਦੀ ਨਿਗਰਾਨੀ ਹੇਠ ਘਰੇਲੂ ਮਸਲਿਆਂ ਦਾ ਪ੍ਰਬੰਧ ਕਰਦੇ ਰਹੇ। ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਤੋਂ ਹੀ ਸਾਸਤਰ ਵਿੱਦਿਆ ਸਿੱਖੀ। ਭੰਗਾਣੀ ਦੇ ਯੁੱਧ ਵਿਚ ਇਹਨਾਂ ਦੀ ਬਹਾਦਰੀ ਦਾ ਜ਼ਿਕਰ ਬਚਿਤ੍ਰ ਨਾਟਕ ਵਿਚ ਕੀਤਾ ਗਿਆ ਹੈ ‘ਤਹਾਂ ਮਾਤੁਲੇਯੰ ਕ੍ਰਿਪਾਲੰ ਕਰੁੱਧੰ’। ਕਿਰਪਾਲ ਸਿੰਘ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਵੀ ਜੀਵਿਤ ਰਹੇ ਅਤੇ ਅੰਮ੍ਰਿਤਸਰ ਵਿਖੇ ਪਵਿੱਤਰ ਅਸਥਾਨਾਂ ਦੇ ਪ੍ਰਬੰਧ ਦੀ ਜ਼ੁੰਮੇਵਾਰੀ ਨਿਭਾਉਂਦੇ ਰਹੇ। ਇਹਨਾਂ ਦੇ ਅਕਾਲ ਚਲਾਣੇ ਦੀ ਮਿਤੀ ਬਾਰੇ ਪਤਾ ਨਹੀਂ ਲੱਗ ਸਕਿਆ।


