ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਪ੍ਰਿੰਸ ਫਰੈੱਡਰਿਕ ਦਲੀਪ ਸਿੰਘ ਦਾ ਪਿੰਡ ਬਲੋ ਨੌਰਟਨ

  ਹਰਜੀਤ ਅਟਵਾਲ
  ਬਲੋ ਨੌਰਟਨ ਈਸਟ ਐਂਗਲੀਆ ਦੇ ਨੌਰਫੋਕ ਦੇ ਇਲਾਕੇ ਦਾ ਇਕ ਪੁਰਾਣਾ ਛੋਟਾ ਜਿਹਾ ਪਿੰਡ ਹੈ। ਜਿਸ ਦੀ ਆਬਾਦੀ ਤਿੰਨ ਸੌ ਤੋਂ ਵੀ ਘੱਟ ਹੈ, ਪਰ ਇਹ ਬਹੁਤ ਮਸ਼ਹੂਰ ਪਿੰਡ ਹੈ। ਇੱਥੇ ਐਂਗਲੋ-ਸੈਕਸ਼ਨ ਵੇਲੇ ਦਾ ਸੇਂਟ ਐਂਡਰਿਊ ਚਰਚ ਹੈ। ਜੋ ਤੇਰਵੀਂ ਸਦੀ ਵਿਚ ਬਣਾਇਆ ਗਿਆ ਸੀ। ਇਕ ਇੱਥੇ ਸੋਲਵੀਂ ਸਦੀ ਦੀ ਬਣਾਈ ਇਮਾਰਤ ਹੈ ਜਿਸ ਨੂੰ ‘ਬਲੋ ਨੌਰਟਨ ਹਾਲ’ ਕਿਹਾ ਜਾਂਦਾ ਹੈ। ਜਿਸ ਵਿਚ ਕਈ ਮਸ਼ਹੂਰ ਹਸਤੀਆਂ ਰਹਿੰਦੀਆਂ ਰਹੀਆਂ ਹਨ। 1905 ਵਿਚ ਇੱਥੇ ਅੰਗਰੇਜ਼ੀ ਦੀ ਮਸ਼ਹੂਰ ਲੇਖਕਾ ਵਰਜੀਨੀਆ ਵੁਲਫ ਰਿਹਾ ਕਰਦੀ ਸੀ। ਇਹ ਪਿੰਡ ਪੰਜਾਬੀਆਂ ਲਈ ਬਹੁਤ ਅਹਿਮ ਹੈ। ਇੱਥੇ ਸਾਡੇ ਇਤਿਹਾਸ ਦੀਆਂ ਕੁਝ ਪੈੜਾਂ ਹਨ।

  ਮਹਾਰਾਜਾ ਦਲੀਪ ਸਿੰਘ ਦੇ ਇੰਗਲੈਂਡ ਆ ਜਾਣ ਜਾਂ ਲਿਆਂਦੇ ਜਾਣ ਨਾਲ ਪੰਜਾਬੀਆਂ ਦਾ ਇਤਿਹਾਸ ਇਕ ਮੋੜ ਕੱਟਦਾ ਹੈ ਤੇ ਉਹ ਮੋੜ ਬਲੋ ਨੌਰਟਨ ਤਕ ਪੁੱਜਦਾ ਹੈ। ਮਹਾਰਾਜਾ ਦਲੀਪ ਸਿੰਘ ਦਾ ਦੂਜੇ ਨੰਬਰ ਦਾ ਪੁੱਤਰ ਪ੍ਰਿੰਸ ਫਰੈੱਡਰਿਕ ਦਲੀਪ ਸਿੰਘ ਬਲੋ ਨੌਰਟਨ ਹਾਲ ਦਾ ਵੀਹ ਸਾਲ ਤਕ ਮਾਲਕ ਰਿਹਾ ਹੈ। ਬਲੋ ਨੌਰਟਨ ਵਿਚ ਫਰੈੱਡਰਿਕ ਅੱਜ ਵੀ ਬਹੁਤ ਇੱਜ਼ਤ ਨਾਲ ਚੇਤੇ ਕੀਤਾ ਜਾਂਦਾ ਹੈ। ਪਿਆਰ ਨਾਲ ਉਸ ਨੂੰ ਫ੍ਰੈਡੀ ਕਹਿ ਕੇ ਉਸ ਦੀਆਂ ਗੱਲਾਂ ਕਰਦੇ ਹਨ।
  ਫਰੈੱਡਰਿਕ ਦਾ ਜਨਮ 1868 ਵਿਚ ਹੋਇਆ ਸੀ। ਮਹਾਰਾਜਾ ਦਲੀਪ ਸਿੰਘ ਦਾ ਸਭ ਤੋਂ ਵੱਡਾ ਪੁੱਤਰ ਵਿਕਟਰ ਦਲੀਪ ਸਿੰਘ ਸੀ ਜਿਸ ਦਾ ਜਨਮ 1866 ਵਿਚ ਹੋਇਆ ਸੀ। ਵਿਕਟਰ ਬਹੁਤਾ ਜ਼ਿੰਮੇਵਾਰ ਵਿਅਕਤੀ ਨਹੀਂ ਸੀ। ਉਸ ਦੇ ਮੁਕਾਬਲੇ ਫਰੈੱਡਰਿਕ ਬਹੁਤ ਸੁਲਝਿਆ ਹੋਇਆ ਮੰਨਿਆ ਜਾਂਦਾ ਸੀ। ਮਹਾਰਾਜਾ ਦਲੀਪ ਸਿੰਘ ਦੇ ਸਾਰੇ ਬੱਚਿਆਂ ਦਾ ਵੱਖਰਾ ਵੱਖਰਾ ਸੁਭਾਅ ਸੀ। ਇਨ੍ਹਾਂ ਸਭ ਵਿਚੋਂ ਫਰੈੱਡਰਿਕ ਬਰਤਾਨਵੀ ਸਰਕਾਰ ਦਾ ਬਹੁਤ ਚਹੇਤਾ ਸੀ। ਉਸ ਨੇ ਕਦੇ ਵੀ ਸਰਕਾਰ ਦਾ ਵਿਰੋਧ ਨਹੀਂ ਸੀ ਕੀਤਾ, ਸਗੋਂ ਸਰਕਾਰ ਦੀ ਸੇਵਾ ਹੀ ਕੀਤੀ ਸੀ। ਉਹ 1893 ਤੋਂ ਲੈ ਕੇ 1919 ਤਕ ਬ੍ਰਿਟਿਸ਼ ਆਰਮੀ ਵਿਚ ਰਿਹਾ। ਭਰਤੀ ਹੋਣ ਤੋਂ ਸਾਲ ਬਾਅਦ ਹੀ ਉਸ ਨੂੰ ਸੈਕਿੰਡ ਲੈਫਟੀਨੈਂਟ ਬਣਾ ਦਿੱਤਾ ਗਿਆ ਸੀ ਤੇ ਫਿਰ ਕੁਝ ਸਾਲ ਬਾਅਦ ਕੈਪਟਨ ਤੇ ਫਿਰ ਮੇਜਰ। ਉਸ ਨੇ ਪਹਿਲੇ ਮਹਾਂਯੁੱਧ ਵਿਚ ਭਾਗ ਲਿਆ ਸੀ। ਉਹ ਦੋ ਸਾਲ ਫਰਾਂਸ ਵਿਚ ਜਨਰਲ ਸਟਾਫ ਵਿਚ ਤਾਇਨਾਤ ਰਿਹਾ ਸੀ।
  ਫਰੈੱਡਰਿਕ ਬਹੁਤ ਪੜਿ੍ਹਆ ਲਿਖਿਆ ਸੀ। ਉਸ ਨੇ ਸਕੂਲੀ ਪੜ੍ਹਾਈ ਈਟਨ ਸਕੂਲ ਤੋਂ ਕੀਤੀ ਸੀ ਜੋ ਵੱਡਾ ਸਕੂਲ ਹੁੰਦਾ ਸੀ ਤੇ ਅੱਜ ਵੀ ਹੈ। ਕੈਂਬਰਿਜ ਯੂਨੀਵਰਸਟੀ ਤੋਂ ਉਸ ਨੇ ਗ੍ਰੈਜੂਏਸ਼ਨ ਤੇ ਫਿਰ ਪੋਸਟ ਗ੍ਰੈਜੂਏਸ਼ਨ ਕੀਤੀ। ਉਹ ਇਤਿਹਾਸ ਦਾ ਵਿਦਿਆਰਥੀ ਸੀ। ਉਸ ਦੀ ਪੁਰਾਤੱਤਵ ਵਿਗਿਆਨ ਵਿਚ ਬਹੁਤ ਦਿਲਚਸਪੀ ਸੀ। ਉਹ ਪੁਰਾਣੀਆਂ ਇਮਾਰਤਾਂ ਤੇ ਪੁਰਾਣੀਆਂ ਵਸਤਾਂ ਦਾ ਮਾਹਰ ਸੀ ਤੇ ਇਸ ਨਾਲ ਸਬੰਧਤ ਕਈ ਸੁਸਾਇਟੀਆਂ ਦਾ ਮੈਂਬਰ ਸੀ। ਉਹ ਹੋਰ ਕਈ ਨਾਮਵਾਰ ਕਲੱਬਾਂ ਦਾ ਮੈਂਬਰ ਵੀ ਸੀ। ਫਰੈੱਡਰਿਕ ਦਾ ਜਨਮ ਤਾਂ ਭਾਵੇਂ ਲੰਡਨ ਵਿਚ ਹੋਇਆ ਸੀ, ਪਰ ਉਸ ਨੂੰ ਇੰਗਲੈਂਡ ਦੇ ਈਸਟ ਐਂਗਲੀਆ ਇਲਾਕੇ ਨਾਲ ਬਹੁਤ ਪਿਆਰ ਸੀ। ਉਹ ਉਮਰ ਦਾ ਵੱਡਾ ਹਿੱਸਾ ਉਸ ਇਲਾਕੇ ਵਿਚ ਹੀ ਰਿਹਾ। ਉਸ ਦਾ ਬਚਪਨ ਵੀ ਥੈਟਫੋਰਡ ਦੇ ਕੋਲ ਪੈਂਦੇ ਐਲਵੇਡਨ ਹਾਲ ਵਿਚ ਹੀ ਬੀਤਿਆ ਸੀ। ਇੱਥੇ ਹੀ ਮਹਾਰਾਜਾ ਦਲੀਪ ਸਿੰਘ ਦੀ ਅਠਾਰਾਂ ਹਜ਼ਾਰ ਏਕੜ ਦੀ ਅਸਟੇਟ ਸੀ। ਇਸ ਅਸਟੇਟ ਦੇ ਐਲਵੇਡਨ ਹਾਲ ਵਿਚ ਹੀ ਮਹਾਰਾਜਾ ਦਲੀਪ ਸਿੰਘ ਦੇ ਬੱਚਿਆਂ ਦਾ ਬਚਪਨ ਗੁਜ਼ਰਿਆ। ਇਹ ਵੀ ਇਕ ਕਾਰਨ ਸੀ ਕਿ ਫਰੈੱਡਰਿਕ ਤੇ ਉਸ ਦੇ ਹੋਰ ਭੈਣ ਭਰਾ ਇਸ ਇਲਾਕੇ ਨੂੰ ਬਹੁਤ ਪਸੰਦ ਕਰਦੇ ਸਨ। ਮਹਾਰਾਜੇ ਦਾ ਵੱਡਾ ਮੁੰਡਾ ਵਿਕਟਰ ਕਿਤੇ ਵੀ ਟਿਕ ਨਹੀਂ ਸੀ ਬਹਿ ਸਕਿਆ। ਉਹ ਬਹੁਤਾ ਸਮਾਂ ਇੰਗਲੈਂਡ ਤੋਂ ਬਾਹਰ ਹੀ ਰਿਹਾ ਸੀ ਤੇ ਉਸ ਦੀ ਮੌਤ ਵੀ 1918 ਨੂੰ ਮੌਂਟੇ ਕਾਰਲੋ, ਫਰਾਂਸ ਵਿਚ ਹੋਈ। ਫਰੈੱਡਰਿਕ ਦਾ ਜੀਵਨ ਕਾਫ਼ੀ ਸੁੰਤਲਿਤ ਸੀ ਭਾਵੇਂ ਵਿਆਹ ਉਸ ਨੇ ਨਹੀਂ ਸੀ ਕਰਾਇਆ।
  ਮਹਾਰਾਜਾ ਦਲੀਪ ਸਿੰਘ ਦੇ ਜੀਵਨ ਉੱਪਰ ਨਾਵਲ ‘ਆਪਣਾ’ ਲਿਖਦੇ ਸਮੇਂ ਮੇਰਾ ਉਸ ਦੇ ਬੇਟੇ ਫਰੈੱਡਰਿਕ ਨੇ ਖ਼ਾਸ ਧਿਆਨ ਖਿੱਚਿਆ ਸੀ। ਮੈਂ ਇਸ ਬਾਰੇ ਹੋਰ ਖੋਜ ਕੀਤੀ ਤਾਂ ਪਤਾ ਚੱਲਿਆ ਕਿ ਫਰੈੱਡਰਿਕ ਦਾ ਪਿੰਡ ਬਲੋ ਨੌਰਟਨ ਥੈਟਫੋਰਡ ਤੋਂ ਨਜ਼ਦੀਕ ਹੀ ਸੀ। ਬਲੋ ਨੌਰਟਨ ਵਿਚ ਫਰੈੱਡਰਿਕ ਦੀ ਕਬਰ ਵੀ ਹੈ ਤੇ ਉਹ ਘਰ ਵੀ ਜਿਸ ਵਿਚ ਉਹ ਵੀਹ ਸਾਲ ਰਿਹਾ। ਮੈਂ ਨਕਸ਼ਾ ਦੇਖ ਕੇ ਬਲੋ ਨੌਰਟਨ ਪੁੱਜ ਗਿਆ। ਛੋਟਾ ਜਿਹਾ ਪਿੰਡ ਸੀ। ਗਰਮੀਆਂ ਦੇ ਦਿਨ ਸਨ, ਪਰ ਪਿੰਡ ਵਿਚ ਕੋਈ ਵੀ ਬੰਦਾ ਨਹੀਂ ਸੀ ਦਿਸ ਰਿਹਾ। ਮੈਂ ਘੁੰਮ ਕੇ ਦੇਖਿਆ, ਕਿਤੇ ਵੀ ਕਬਰਸਤਾਨ ਨਹੀਂ ਮਿਲਿਆ ਤੇ ਨਾ ਹੀ ਬਲੋ ਨੌਰਟਨ ਹਾਲ ਵਿਚ ਫਰੈੱਡਰਿਕ ਦਾ ਘਰ ਹੀ ਲੱਭ ਰਿਹਾ ਸੀ। ਕਾਫ਼ੀ ਦੇਰ ਘੁੰਮਣ ਤੋਂ ਬਾਅਦ ਇਕ ਚਰਚ ਦਿੱਸਿਆ। ਉਸ ਦੇ ਨਾਲ ਕੁਝ ਕਬਰਾਂ ਵੀ ਸਨ। ਇਕ ਤਾਜ਼ੀ ਕਬਰ ਵੀ ਸੀ। ਮੈਂ ਸੋਚਿਆ ਕਿ ਸ਼ਾਇਦ ਇੱਥੇ ਹੀ ਫਰੈੱਡਰਿਕ ਦੀ ਕਬਰ ਹੋਵੇਗੀ। ਮੈਂ ਫਰੈੱਡਰਿਕ ਦੀ ਕਬਰ ਲੱਭ ਰਿਹਾ ਸਾਂ ਤਾਂ ਇਕ ਔਰਤ ਮੇਰੇ ਕੋਲ ਆਈ ਤੇ ਪੁੱਛਣ ਲੱਗੀ ਕਿ ਕੀ ਮੈਂ ਫ੍ਰੈੱਡੀ ਦੀ ਕਬਰ ਲੱਭ ਰਿਹਾ ਹਾਂ। ਉਸ ਨੇ ਮੇਰੇ ਰੰਗ ਤੋਂ ਹੀ ਅੰਦਾਜ਼ਾ ਲਾ ਲਿਆ ਸੀ ਕਿ ਮੈਂ ਫਰੈੱਡਰਿਕ ਦੀ ਭਾਲ ਵਿਚ ਹੋਵਾਂਗਾ। ਉਸ ਨੇ ਮੈਨੂੰ ਇਕ ਕਬਰ ਦਿਖਾਈ ਜਿੱਥੇ ਫਰੈੱਡਰਿਕ ਦੇ ਨਾਂ ਦੀ ਸਲੈਬ ਲੱਗੀ ਹੋਈ ਸੀ। ਮੈਂ ਕਬਰ ’ਤੇ ਸਿੱਜਦਾ ਕੀਤਾ ਤੇ ਨਾਲ ਲਿਆਂਦੇ ਹੋਏ ਫੁੱਲ ਚੜ੍ਹਾਏ। ਉਸ ਔਰਤ ਦਾ ਨਾਂ ਸੂਜਨ ਸੀ। ਉਹ ਫਰੈੱਡਰਿਕ ਬਾਰੇ ਇਵੇਂ ਗੱਲਾਂ ਕਰ ਰਹੀ ਸੀ ਜਿਵੇਂ ਆਪਣੇ ਕਿਸੇ ਖ਼ਾਸ ਬੰਦੇ ਬਾਰੇ ਜਾਂ ਘਰ ਦੇ ਹੀ ਕਿਸੇ ਪੁਰਾਣੇ ਜੀਅ ਬਾਰੇ ਕਰ ਰਹੀ ਹੁੰਦੀ ਹੈ। ਉਸ ਨੇ ਮੈਨੂੰ ਫਰੈੱਡਰਿਕ ਬਾਰੇ ਬਹੁਤ ਸਾਰੀ ਜਾਣਕਾਰੀ ਦਿੱਤੀ ਜਿਹੜੀ ਕਿਤਾਬਾਂ ਵਿਚ ਨਹੀਂ ਮਿਲਦੀ। ਸੇਂਟ ਐਂਡਰਿਊ ਚਰਚ ਜਿਸ ਦੇ ਨਾਲ ਇਹ ਕਬਰਾਂ ਸਨ, ਫਰੈੱਡਰਿਕ ਦਾ ਹੀ ਬਣਾਇਆ ਹੋਇਆ ਸੀ। ਅਸਲ ਵਿਚ ਇਹ ਚਰਚ ਤਾਂ ਤੇਰਵੀਂ ਸਦੀ ਦੀ ਸੀ, ਪਰ ਸਮੇਂ ਨਾਲ ਢਹਿ ਗਈ ਸੀ, ਫਰੈੱਡਰਿਕ ਨੇ ਇਸ ਦੀ ਮੁਰੰਮਤ ਕਰਾਈ ਸੀ। ਅਸੀਂ ਚਰਚ ਨੂੰ ਅੰਦਰੋਂ ਧਿਆਨ ਨਾਲ ਦੇਖਿਆ। ਚਰਚ ਦੀ ਹਰ ਚੀਜ਼ ਉੱਪਰ ਫਰੈੱਡਰਿਕ ਦੀ ਛਾਪ ਹੈ। ਉਸ ਦੇ ਨਾਂ ਦੀ ਵੱਡੀ ਸਾਰੀ ਤਖ਼ਤੀ ਲੱਗੀ ਹੋਈ ਹੈ। ਉਸ ਅੰਦਰ ਟੰਗੀਆਂ ਹੋਈਆਂ ਤਸਵੀਰਾਂ, ਰਗ ਜਾਂ ਹੋਰ ਸਜਾਵਟੀ ਚੀਜ਼ਾਂ ਫਰੈੱਡਰਿਕ ਹੀ ਲਿਆਇਆ ਸੀ। ਇਨ੍ਹਾਂ ਵਿਚੋਂ ਬਹੁਤ ਸਾਰੀਆਂ ਚੀਜ਼ਾਂ ਸਕੌਟਲੈਂਡ ਤੋਂ ਵੀ ਆਈਆਂ ਸਨ। ਕਿਉਂਕਿ ਮਹਾਰਾਜਾ ਦਲੀਪ ਸਿੰਘ ਕੁਝ ਦੇਰ ਸਕੌਟਲੈਂਡ ਵਿਚ ਵੀ ਰਿਹਾ ਸੀ, ਇਸ ਲਈ ਫਰੈੱਡਰਿਕ ਦਾ ਸਕੌਟਲੈਂਡ ਆਉਣਾ ਜਾਣਾ ਬਣਿਆ ਰਹਿੰਦਾ ਸੀ। ਸੇਂਟ ਐਂਡਰਿਊ ਚਰਚ ਤੋਂ ਪੰਜ ਕੁ ਸੌ ਗਜ਼ ਅੱਗੇ ਜਾ ਕੇ ਬਲੋ ਨੌਰਟਨ ਹਾਲ ਸੀ ਜਿੱਥੇ ਫਰੈੱਡਰਿਕ ਰਿਹਾ ਸੀ। ਇਹ ਇਮਾਰਤ ਫਰੈੱਡਰਿਕ ਨੇ ਖ਼ਰੀਦੀ ਸੀ। ਉਂਜ ਤਾਂ ਇਹ ਇਮਾਰਤ ਬਹੁਤ ਪੁਰਾਣੀ ਸੀ, ਪਰ ਸਮੇਂ ਸਮੇਂ ਇਸ ਦੀ ਮਲਕੀਅਤ ਬਦਲਦੀ ਰਹੀ ਸੀ। ਅੱਜਕੱਲ੍ਹ ਇਸ ਦਾ ਮਾਲਕ ਕੋਈ ਹੋਰ ਸੀ। ਇਹ ਇਮਾਰਤ ਸੜਕ ਤੋਂ ਕੁਝ ਹਟਵੀਂ ਸੀ। ਇੱਥੇ ਹੀ ਸੌ ਸੌ ਫੁੱਟੇ ਦਰੱਖਤ ਸਨ, ਸੂਜਨ ਮੁਤਾਬਕ ਇਹ ਫਰੈੱਡਰਿਕ ਦੇ ਸਮੇਂ ਤੋਂ ਹੀ ਚੱਲਦੇ ਆ ਰਹੇ ਹਨ। ਮੈਂ ਫਰੈੱਡਰਿਕ ਦਾ ਘਰ ਦੇਖਣ ਦੇ ਮਕਸਦ ਨਾਲ ਜਾ ਕੇ ਉਸ ਦਾ ਬੂਹਾ ਖੜਕਾਇਆ, ਪਰ ਕਿਸੇ ਨੇ ਨਾ ਖੋਲ੍ਹਿਆ। ਸੂਜਨ ਨੇ ਦੱਸਿਆ ਕਿ ਬਹੁਤ ਸਾਰੇ ਪੰਜਾਬੀ ਲੋਕ ਫ੍ਰੈੱਡੀ ਦਾ ਘਰ ਦੇਖਣ ਆ ਜਾਂਦੇ ਹਨ ਜਿਸ ਨੂੰ ਇਸ ਦੇ ਨਵੇਂ ਮਾਲਕ ਪਸੰਦ ਨਹੀਂ ਕਰਦੇ। ਘਰ ਦੇ ਦੁਆਲੇ ਕਾਫ਼ੀ ਸਾਰਾ ਰਕਬਾ ਸੀ। ਇਨ੍ਹਾਂ ਦਰੱਖਤਾਂ ਵਿਚ ਹੀ ਫਰੈੱਡਰਿਕ ਨੇ ਆਪਣੇ ਪਿਤਾ ਦੀ ਯਾਦ ਵਿਚ ਇਕ ਮੰਦਿਰ ਵੀ ਬਣਾਇਆ ਸੀ ਜੋ ਹੁਣ ਢਹਿ ਚੁੱਕਾ ਸੀ। ਉਂਜ ਇਸ ਮੰਦਿਰ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਮਿਲ ਜਾਂਦੀਆਂ ਹਨ। ਉਸ ਨੇ ਪਿੰਡ ਵਿਚ ਸਕੂਲ ਵੀ ਖੋਲ੍ਹਿਆ ਸੀ। ਇੱਥੇ ਆ ਕੇ ਮੈਨੂੰ ਫਰੈੱਡਰਿਕ ਦੇ ਜੀਵਨ ਬਾਰੇ ਕੁਝ ਹੋਰ ਗੱਲਾਂ ਦਾ ਪਤਾ ਚੱਲਿਆ ਜਿਵੇਂ ਕਿ ਉਹ ਘੋੜਸਵਾਰੀ ਦਾ ਬਹੁਤ ਸ਼ੌਕੀਨ ਸੀ। ਉਹ ਕੱਟੜ ਇਸਾਈ ਸੀ। ਉਹ ਦਾਨਪੁੰਨ ਬਹੁਤ ਕਰਦਾ ਸੀ। ਉਸ ਦਾ ਸੁਭਾਅ ਬਹੁਤ ਮਿਲਣਸਾਰ ਸੀ। ਪਹਿਲਾ ਮਹਾਯੁੱਧ ਖ਼ਤਮ ਹੁੰਦਿਆਂ ਹੀ ਉਹ ਫ਼ੌਜ ਵਿਚੋਂ ਰਿਟਾਇਰ ਹੋ ਗਿਆ ਸੀ। ਇੱਥੇ ਹੀ 1926 ਵਿਚ ਉਸ ਦੀ ਮੌਤ ਹੋਈ। ਸੂਜਨ ਮੁਤਾਬਕ ਫਰੈੱਡਰਿਕ ਦੀਆਂ ਭੈਣਾਂ ਤੇ ਭਰਾ ਵਿਕਟਰ ਉਸ ਨੂੰ ਮਿਲਣ ਆਉਂਦੇ ਰਹਿੰਦੇ ਹਨ। ਉਸ ਦੀਆਂ ਦੋ ਭੈਣਾਂ ਤਾਂ ਇਸੇ ਪਿੰਡ ਦੇ ਇਕ ਘਰ ਵਿਚ ਰਹਿੰਦੀਆਂ ਵੀ ਰਹੀਆਂ ਹਨ। ਉਹ ਘਰ ਹਾਲੇ ਵੀ ਕਾਇਮ ਹੈ।
  ਜਦੋਂ ਮੇਰਾ ਨਾਵਲ ‘ਆਪਣਾ’ ਛਪ ਗਿਆ ਤਾਂ ਮੇਰੇ ਦੋਸਤਾਂ ਨੇ ਸਲਾਹ ਕੀਤੀ ਕਿ ਇਸ ਨਾਵਲ ਨੂੰ ਥੈਟਫੋਰਡ ਜਾ ਕੇ ਮਹਾਰਾਜੇ ਦੇ ਬੁੱਤ ਅੱਗੇ ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ। ਇਹ ਇਕ ਕਿਸਮ ਦੀ ਮਹਾਰਾਜੇ ਨੂੰ ਸ਼ਰਧਾਂਜਲੀ ਹੋਵੇਗੀ। ਭਾਰਤ ਤੋਂ ਡਾ. ਗੁਰਪਾਲ ਸੰਧੂ, ਡਾ. ਦੇਵਿੰਦਰ ਕੌਰ, ਦਰਸ਼ਨ ਬੁਲੰਦਵੀ ਤੇ ਕੁਝ ਹੋਰ ਦੋਸਤ ਅਸੀਂ ਥੈਟਫੋਰਡ ਚਲੇ ਗਏ ਤੇ ਉੱਥੋਂ ਅਸੀਂ ਬਲੋ ਨੌਰਟਨ ਗਏ। ਬਲੋ ਨੌਰਟਨ ਸੇਂਟ ਐਂਡਰਿਊ ਚਰਚ ਦੇ ਹਾਤੇ ਵਿਚ ਜਿੱਥੇ ਕਬਰਾਂ ਵੀ ਹਨ, ਬਹੁਤ ਸਾਰੇ ਟੈਂਟ ਲੱਗੇ ਹੋਏ ਸਨ ਜਿਵੇਂ ਕੋਈ ਮੇਲਾ ਹੋ ਕੇ ਹਟਿਆ ਹੋਵੇ। ਸਾਨੂੰ ਆਇਆਂ ਦੇਖ ਕੇ ਪਿੰਡ ਦੇ ਕਾਫ਼ੀ ਲੋਕ ਇਕੱਠੇ ਹੋ ਗਏ। ਸੂਜਨ ਜੋ ਪਹਿਲਾਂ ਮਿਲੀ ਸੀ, ਵੀ ਆ ਗਈ। ਉਸ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਫਰੈੱਡਰਿਕ ਦੀ ਯਾਦ ਵਿਚ ਮੇਲਾ ਲਾਇਆ ਗਿਆ ਸੀ। ਪੰਦਰਾਂ ਅਗਸਤ ਵਾਲੇ ਦਿਨ ਫਰੈੱਡਰਿਕ ਦੀ ਬਰਸੀ ਹੁੰਦੀ ਹੈ ਤੇ ਹਰ ਸਾਲ ਇਸ ਦਿਨ ਬਲੋ ਨੌਰਟਨ ਵਿਚ ਮੇਲਾ ਲੱਗਦਾ ਹੈ। ਪੂਰੇ ਇਲਾਕੇ ਦੇ ਲੋਕ ਇਕੱਠੇ ਹੁੰਦੇ ਹਨ। ਸਾਡੇ ਮਨ ਅਜੀਬ ਜਿਹੀ ਖੁਸ਼ੀ ਨਾਲ ਭਰ ਗਏ। ਪਹਿਲਾਂ ਮਹਾਰਾਜਾ ਦਲੀਪ ਸਿੰਘ ਤੇ ਫਿਰ ਰਾਜਕੁਮਾਰ ਫਰੈੱਡਰਿਕ ਦਲੀਪ ਸਿੰਘ ਨੂੰ ਇਹ ਲੋਕ ਏਨਾ ਪਿਆਰ ਦੇ ਰਹੇ ਹਨ, ਉਹ ਵੀ ਉਨ੍ਹਾਂ ਦੇ ਮਰਨ ਤੋਂ ਸੌ ਸਾਲ ਬਾਅਦ ਇਸ ਤੋਂ ਖੁਸ਼ੀ ਦੀ ਗੱਲ ਕਿਹੜੀ ਹੋ ਸਕਦੀ ਹੈ।
  ਹੁਣ ਬਲੋ ਨੌਰਟਨ ਮੇਰੇ ਮਨ ਵਿਚ ਵਸ ਚੁੱਕਾ ਹੈ। ਮੈਂ ਜਦੋਂ ਵੀ ਮਹਾਰਾਜਾ ਦਲੀਪ ਸਿੰਘ ਦੀ ਕਬਰ ’ਤੇ ਸਿੱਜਦਾ ਕਰਨ ਜਾਂਦਾ ਹਾਂ ਤਾਂ ਪ੍ਰਿੰਸ ਫਰੈੱਡਰਿਕ ਦੀ ਕਬਰ ’ਤੇ ਵੀ ਜ਼ਰੂਰ ਜਾ ਕੇ ਆਉਂਦਾ ਹਾਂ। ਇਸ ਪਿੰਡ ਦੇ ਕੁਝ ਲੋਕ ਵੀ ਮੈਨੂੰ ਜਾਣਨ ਲੱਗੇ ਹਨ। ਇਸ ਵਾਰ ਪੰਦਰਾਂ ਅਗਸਤ ਦੇ ਮੇਲੇ ’ਤੇ ਉਨ੍ਹਾਂ ਦਾ ਮੈਨੂੰ ਵਿਸ਼ੇਸ਼ ਸੱਦਾ ਆਇਆ ਸੀ, ਪਰ ਕਰੋਨਾ ਵਾਇਰਸ ਫੈਲ ਜਾਣ ਕਾਰਨ ਮੈਂ ਨਹੀਂ ਸਾਂ ਜਾ ਸਕਿਆ। ਅਗਲੀ ਵਾਰ ਜ਼ਰੂਰ ਜਾਵਾਂਗਾ।
  ਈਮੇਲ- This email address is being protected from spambots. You need JavaScript enabled to view it.

   

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com