ਨ (ਲੰਡਨ) 'ਚ ਰਾਣੀ ਜਿੰਦ ਕੌਰ ਉਰਫ਼ ਜਿੰਦਾਂ ਦੇ ਦਿਹਾਂਤ ਬਾਅਦ ਉਨ੍ਹਾਂ ਦੀ ਦੇਹ ਪਹਿਲਾਂ ਆਰਜ਼ੀ ਤੌਰ 'ਤੇ ਕੇਨਸਲ ਗ੍ਰੀਨ ਕਬਰਸਤਾਨ 'ਚ ਦਫ਼ਨਾਈ ਗਈ, ਫਿਰ ਅਗਲੇ ਵਰ੍ਹੇ ਉਨ੍ਹਾਂ ਦੀ ਦੇਹ ਭਾਰਤ ਭੇਜ ਕੇ ਸਸਕਾਰ ਨਾਸਿਕ ਵਿਖੇ ਕੀਤਾ ਗਿਆ | ਇਸ ਦੇ ਪੂਰੇ 61 ਵਰ੍ਹੇ ਬਾਅਦ 27 ਮਾਰਚ 1924 ਨੂੰ ਸ਼ਹਿਜ਼ਾਦੀ ਬੰਬਾ ਨੇ ਨਾਸਿਕ ਤੋਂ ਆਪਣੀ ਦਾਦੀ ਰਾਣੀ ਜਿੰਦ ਕੌਰ ਦੀ ਸਮਾਧ ਦੀ ਭਸਮ ਲਿਆ ਕੇ ਲਾਹੌਰ 'ਚ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਕੋਲ ਹਰਬੰਸ ਸਿੰਘ ਰਈਸ ਅਟਾਰੀ ਤੋਂ ਅਰਦਾਸ ਕਰਾ ਕੇ ਇਕ ਥੜ੍ਹੇ ਵਜੋਂ ਉਕਤ ਸਮਾਧ ਤਿਆਰ ਕਰਵਾਈ ਸੀ | ਇਹ ਵੀ ਦੱਸਣਯੋਗ ਹੈ ਕਿ ਹਿੰਦ-ਪਾਕਿ ਵੰਡ ਬਾਅਦ ਬੰਬਾ ਲਾਹੌਰ ਹੀ ਰਹੀ, ਕਿਉਂਕਿ ਉਹ ਉਸ ਵਕਤ ਵੀ ਲਾਹੌਰ ਨੂੰ ਪੰਜਾਬ ਅਤੇ ਖ਼ੁਦ ਨੂੰ ਪੰਜਾਬ ਦੀ ਮਹਾਰਾਣੀ ਹੀ ਮੰਨਦੀ ਸੀ | ਉਹ ਵਿਦੇਸ਼ ਤੋਂ ਆਉਣ ਲੱਗਿਆਂ ਆਪਣੇ ਨਾਲ ਆਪਣੇ ਪਿਤਾ ਮਹਾਰਾਜਾ ਦਲੀਪ ਸਿੰਘ ਤੋਂ ਮਿਲੀਆਂ ਕਈ ਇਤਿਹਾਸਕ ਬਹੁਮੁੱਲੀਆਂ ਵਸਤੂਆਂ ਅਤੇ ਫ਼ਾਰਸੀ 'ਚ ਲਿਖੇ ਦਸਤਾਵੇਜ਼ ਵੀ ਲੈ ਕੇ ਆਈ ਸੀ, ਜਿਨ੍ਹਾਂ ਨੂੰ ਉਹ ਚੰਗੀ ਤਰ੍ਹਾਂ ਸਮਝਣਾ ਚਾਹੁੰਦੀ ਸੀ | ਇਸ ਲਈ ਉਸ ਨੇ ਅਖ਼ਬਾਰਾਂ 'ਚ ਇਸ਼ਤਿਹਾਰਾਂ ਦੀ ਮਾਰਫ਼ਤ ਕਰੀਮ ਬਖ਼ਸ਼ ਸਪਰਾ ਨਾਮੀ ਵਿਅਕਤੀ ਨਾਲ ਸੰਪਰਕ ਕੀਤਾ, ਜੋ ਕਿ ਫ਼ਾਰਸੀ ਤੇ ਅੰਗਰੇਜ਼ੀ ਦੇ ਨਾਲ-ਨਾਲ ਅਰਬੀ ਦਾ ਵੀ ਚੰਗਾ ਜਾਣਕਾਰ ਸੀ | ਦੱਸਿਆ ਜਾਂਦਾ ਹੈ ਕਿ ਸ਼ਹਿਜ਼ਾਦੀ ਦੀ ਆਪਣੀ ਕੋਈ ਔਲਾਦ ਨਾ ਹੋਣ ਕਰਕੇ ਆਪਣੀ ਮੌਤ ਤੋਂ ਸਵਾ ਕੁ ਸਾਲ ਪਹਿਲਾਂ 16 ਨਵੰਬਰ 1955 ਨੂੰ ਦੋ ਗਵਾਹਾਂ ਦੀ ਹਾਜ਼ਰੀ 'ਚ ਆਪਣੀ ਪਹਿਲੀ ਵਸੀਅਤ ਖ਼ਾਰਜ ਕਰਕੇ ਨਵੀਂ ਵਸੀਅਤ ਅਨੁਸਾਰ ਆਪਣੀ ਉਕਤ ਸ਼ਾਹੀ ਕੋਠੀ 'ਗੁਲਜ਼ਾਰ', ਮਾਡਲ ਟਾਊਨ ਦਾ ਪਲਾਟ ਨੰ: 103, 104 ਅਤੇ ਇੰਗਲੈਂਡ ਦੇ ਬੈਂਕਾਂ 'ਚ ਪਈਆਂ ਸਭ ਬਹੁਮੁੱਲੀਆਂ ਵਸਤੂਆਂ ਸਮੇਤ ਸਾਰੀ ਜਾਇਦਾਦ ਕਰੀਮ ਬਖ਼ਸ਼ ਸਪਰਾ ਦੇ ਨਾਂਅ ਕਰ ਦਿੱਤੀ | ਇਸ ਦੇ ਬਾਅਦ 1960 ਦੇ ਆਸਪਾਸ ਪਾਕਿ ਦੇ ਆਰਕੋਲਾਜੀ ਵਿਭਾਗ ਨੇ ਕਰੀਮ ਬਖ਼ਸ਼ ਨੂੰ 14 ਹਜ਼ਾਰ ਪੌਂਡ ਦੇ ਕੇ ਸ਼ਹਿਜ਼ਾਦੀ ਦੀਆਂ ਇੰਗਲੈਂਡ ਦੇ ਬੈਂਕਾਂ 'ਚ ਪਈਆਂ ਵਸਤੂਆਂ ਪਾਕਿਸਤਾਨ ਮੰਗਵਾ ਲਈਆਂ | ਇਨ੍ਹਾਂ 'ਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅੰਗਰੇਜ਼ ਚਿੱਤਰਕਾਰਾਂ ਵਲੋਂ ਬਣਾਏ 18 ਤੇਲ ਚਿੱਤਰ, 14 ਵਾਟਰ ਕਲਰ ਪੇਂਟਿੰਗਜ਼, 22 ਹਾਥੀ ਦੰਦ ਨਾਲ ਬਣੀਆਂ ਮੂਰਤੀਆਂ ਤੇ ਤਸਵੀਰਾਂ, 17 ਹੋਰ ਚਿੱਤਰ, 10 ਧਾਤੂ ਦੀਆਂ ਬਣੀਆਂ ਅਤੇ 7 ਹੋਰ ਕੀਮਤੀ ਵਸਤੂਆਂ ਸ਼ਾਮਿਲ ਹਨ | ਇਹ ਸਭ ਮੌਜੂਦਾ ਸਮੇਂ ਲਾਹੌਰ ਦੇ ਸ਼ਾਹੀ ਕਿਲ੍ਹੇ ਦੀ ਸਿੱਖ ਆਰਟ ਗੈਲਰੀ 'ਚ 'ਸ਼ਹਿਜ਼ਾਦੀ ਬੰਬਾ ਕਲੈਕਸ਼ਨ' ਦੀ ਸ਼ੋਭਾ ਬਣੀਆਂ ਹੋਈਆਂ ਹਨ | ਹਾਲਾਂਕਿ ਪਾਕਿ ਸਰਕਾਰ ਸ਼ਹਿਜ਼ਾਦੀ ਦੀ ਰਿਹਾਇਸ਼ਗਾਹ ਨੂੰ ਢਹਿ ਢੇਰੀ ਕੀਤੇ ਜਾਣ ਤੋਂ ਨਹੀਂ ਰੋਕ ਸਕੀ |


