ਪ੍ਰਸ਼ਾਦਾ ਪਾਣੀ ਛਕ ਕੇ ਤਿਆਰ-ਬਰ-ਤਿਆਰ ਖਾਲਸਾ ਘੋੜਿਆਂ ਤੇ ਸਵਾਰ ਹੋਇਆ ਤੇ ਫੌਜ ਦੇ ਘੇਰੇ ਉੱਤੇ ਇਕ ਪਾਸੇ ਹਮਲਾ ਕਰ ਕੇ ਬਹੁਤਿਆਂ ਨੂੰ ਮੌਤ ਦੇ ਘਾਟ ਉਤਾਰ ਚੀਰਦਾ ਹੋਇਆ ਨਿਕਲ ਗਿਆ।
ਪਹਿਲਾਂ ਨੌਸ਼ਹਿਰੇ ‘ਚ ਤੇ ਹੁਣ ਇੱਥੇ ਵੀ ਸਿੰਘ ਕਾਬੂ ਨਾ ਆਏ ਤਾਂ ਜਾਫਰ ਬੇਗ ਬਹੁਤ ਕਲ਼ਪਿਆ ਤੇ ਕਮੀਨਗੀ ‘ਤੇ ਉੱਤਰ ਆਇਆ। ਉਹ ਵਿਆਹ ਵਾਲੇ ਘਰ ‘ਚ ਬੀਬੀਆਂ ਉੱਤੇ ਹਮਲਾ ਕਰਨ ਲਈ ਪਿੰਡ ‘ਚ ਜਾ ਵੜਿਆ। ਘਰ ਵਿੱਚ 20 ਸਿੰਘਣੀਆਂ ਸਨ। ਇੱਥੇ ਜਾਫਰ ਬੇਗ ਨਾਲ ਉਹ ਹੋਈ ਜੋ ਪਹਿਲੀਆਂ ਦੋ ਹਾਰਾਂ ਵਿੱਚ ਵੀ ਨਾ ਹੋਈ ਸੀ। ਉਸ ਦੇ ਪਿੰਡ ਵਿੱਚ ਆ ਵੜਨ ਦੀ ਖ਼ਬਰ ਸੁਣਦਿਆਂ ਹੀ ਬੀਬੀਆਂ ਨੇ ਘਰ ਵਿੱਚ ਕਿਲੇ ਵਰਗੀ ਮੋਰਚੇਬੰਦੀ ਕਰ ਲਈ। ਘਰ ਦਾ ਦਰਵਾਜ਼ਾ ਢੋ ਕੇ ਦੋ ਸ਼ੀਂਹਣੀਆਂ ਉਸਦੇ ਕੋਲ ਖੜ੍ਹ ਗਈਆਂ। ਦੋ ਇਸ ਦੇਖ-ਰੇਖ ‘ਚ ਲੱਗ ਗਈਆਂ ਕਿ ਕਿਤੋਂ ਵੈਰੀ ਰਾਹ ਬਣਾ ਕੇ ਅੰਦਰ ਨਾ ਆ ਵੜੇ, ਦੋ ਜਣੀਆਂ ਲੋੜ ਅਨੁਸਾਰ ਸਭ ਨੂੰ ਚੀਜ਼ਾਂ ਪਹੁੰਚਾਣ ਲਈ ਖੜੀਆਂ ਕੀਤੀਆਂ ਗਈਆਂ ਤੇ 14 ਜਣੀਆਂ ਬੰਦੂਕਾਂ ਤੇ ਤੀਰ ਕਮਾਨ ਸਾਂਭ ਕੇ ਵੈਰੀ ਦੀ ਉਡੀਕ ਕਰਨ ਲੱਗੀਆਂ।।
ਇਸ ਅਨੋਖੀ ਲੜਾਈ ਦੇ ਸ਼ੁਰੂ ਹੋਣ ਦਾ ਛਿਣ ਆ ਗਿਆ। ਫ਼ੌਜਦਾਰ ਜਾਫਰ ਬੇਗ ਨੇ ਆਪਣੀ ਪਹਿਲੀ ਫ਼ੌਜੀ ਟੁਕੜੀ ਨੂੰ ਅੱਗੇ ਵਧਣ ਦਾ ਇਸ਼ਾਰਾ ਕੀਤਾ ਹੀ ਸੀ ਕਿ ਅੱਗਿਓਂ ਗੋਲ਼ੀਆਂ ਤੇ ਤੀਰਾਂ ਦਾ ਮੀਂਹ ਵਰ੍ਹਨ ਲੱਗਾ। ਬਿਲਕੁਲ ਨਿਸ਼ਾਨੇ ‘ਤੇ ਲੱਗਦੀਆਂ ਗੋਲ਼ੀਆਂ ਤੇ ਤੀਰਾਂ ਨੇ ਫੌਜ ਬੌਂਦਲਾ ਦਿੱਤੀ। ਜਾਫਰ ਬੇਗ ਨੂੰ ਅਜਿਹੇ ਟਕਰਾਅ ਦਾ ਬਿਲਕੁਲ ਵੀ ਅੰਦਾਜ਼ਾ ਨਾ ਸੀ। ਫੌਜ ਦੀ ਅੱਗੇ ਵਧਣ ਦੀ ਰਫ਼ਤਾਰ ਮੱਧਮ ਪੈ ਗਈ। ਬੀਬੀਆਂ ਕੋਲ਼ ਜਿੰਨਾਂ ਕੁ ਗੋਲੀ-ਸਿੱਕਾ ਸੀ ਉਨ੍ਹਾਂ ਸਾਰਾ ਚਲਾ ਦਿੱਤਾ ਤੇ ਇਹ ਮੁੱਕਣ ਤੋਂ ਬਾਅਦ ਤੀਰਾਂ ਦੀ ਵਾਛੜ ਜਾਰੀ ਰਹੀ। ਜਾਫਰ ਬੇਗ ਹੰਭਲਾ ਮਾਰ ਕੇ ੫੦ ਸਿਪਾਹੀਆਂ ਦੀ ਟੁਕੜੀ ਲੈ ਕੇ ਘਰ ਦੀਆਂ ਕੰਧਾਂ ਕੋਲ ਆ ਪਹੁੰਚਿਆ। ਇਹ ਦੇਖ ਬੀਬੀਆਂ ਨੇ ਕਿਰਪਾਨਾਂ ਧੂਹ ਲਈਆਂ। ਆਹਮੋਂ-ਸਾਹਮਣੇ ਹੁੰਦੀ ਇਸ ਲੜਾਈ ‘ਚ ਬੀਬੀਆਂ ਵੱਲੋਂ ਬਿਜਲੀ ਵਾਂਗ ਚਲਦੀ ਕਿਰਪਾਨ ਨੂੰ ਦੇਖ ਵੈਰੀ ਦਾ ਦਿਲ ਬਹਿ ਗਿਆ ਤੇ ਉਨ੍ਹਾਂ ਨੂੰ ਜਿੱਤ ਕੇ ਤੇ ਬਚ ਕੇ ਨਿਕਲਣਾ ਮੁਸ਼ਕਲ ਜਾਪਣ ਲੱਗਾ।
ਇਸ ਭੇੜ ਵਿੱਚ ਬੀਬੀ ਧਰਮ ਕੌਰ ਜਿਸਦਾ 2 ਕੁ ਘੰਟੇ ਪਹਿਲਾਂ ਹੀ ਵਿਆਹ ਹੋਇਆ ਸੀ, ਦੀ ਤੇਗ ਤੁਰਕਾਂ ਨੂੰ ਕਾਲ ਰੂਪ ਹੀ ਜਾਪ ਰਹੀ ਸੀ। ਉਹ ਬਹੁਤਿਆਂ ਨੂੰ ਜ਼ਿੰਦਗੀ ਦੇ ਤਾਣੇ-ਬਾਣੇ ਤੋਂ ਮੁਕਤ ਕਰਦੀ ਹੋਈ, ਲੜਦੀ-ਲੜਦੀ ਬੁਰੀ ਤਰਾਂ ਜਖਮੀ ਹੋ ਗਈ ਤੇ ਜ਼ਮੀਨ ਉੱਤੇ ਡਿਗ ਪਈ। ਜਾਫਰ ਬੇਗ ਨੂੰ ਜਾਪਿਆ ਕਿ ਇਸ ਬੁਰੀ ਤਰਾਂ ਹੋਈ ਹਾਰ ਵਿੱਚ ਵੀ ਜੇ ਉਹ ਧਰਮ ਕੌਰ ਨੂੰ ਅਗਵਾ ਕਰ ਕੇ ਲੈ ਜਾਵੇ ਤਾਂ ਕੁੱਝ ਨਾ ਕੁੱਝ ਤਾਂ ਕਹਿਣ ਲਈ ਬਚ ਜਾਵੇਗਾ। ਅਜਿਹੀ ਮਨਸ਼ਾ ਨਾਲ ਉਸ ਨੇ ਬੀਬੀ ਧਰਮ ਕੌਰ ਵੱਲ ਹੱਥ ਵਧਾਇਆ। ਜਾਫਰ ਬੇਗ ਦਾ ਆਪਣੇ ਵੱਲ ਆਉਂਦਾ ਹੱਥ ਦੇਖ ਡਿਗੀ ਪਈ ਧਰਮ ਕੌਰ ਨੇ ਅਸਮਾਨੀ ਬਿਜਲੀ ਦੀ ਤੇਜ਼ੀ ਨਾਲ ਆਪਣੀ ਤੇਗ ਦਾ ਵਾਰ ਕੀਤਾ ਤੇ ਜਾਫਰ ਬੇਗ ਦੀ ਬਾਂਹ ਵੱਢ ਦਿੱਤੀ। ਉਹ ਬੁਰੀ ਤਰਾਂ ਕੁਰਲਾ ਉੱਠਿਆ ਤੇ ਇਕਦੱਮ ਪਿੱਛੇ ਨੂੰ ਭੱਜਿਆ, ਮਗਰੇ ਫੌਜ ਭੱਜ ਨਿਕਲੀ।
ਇਸ ਬੇ-ਮੇਲ਼ ਲੜਾਈ ‘ਚ ਬੱਸ ਚਾਰ ਬੀਬੀਆਂ ਜਖਮੀ ਹੋਈਆ ਤੇ ਇਨ੍ਹਾਂ ਬਹਾਦਰ ਕੌਰਾਂ ਨੇ ਦੁਨੀਆਂ ਨੂੰ ਦੱਸ ਦਿੱਤਾ ਕਿ ਕਿਵੇਂ ਦਸਮ ਪਿਤਾ ਦਾ ਖੰਡੇ-ਬਾਟੇ ਦਾ ਅੰਮ੍ਰਿਤ ਚਿੜੀਆਂ ਵਿੱਚ ਬਾਜ ਨੂੰ ਝਪੱਟਣ ਦੀ ਤਾਕਤ ਭਰ ਦਿੰਦਾ ਹੈ।
- ਪਰਮ ਸਿੰਘ


