ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

  - ਬੁੱਧ ਪ੍ਰਕਾਸ਼
  ਏਸ਼ਿਆਈ ਤੇ ਅਫ਼ਰੀਕੀ ਰਵਾਇਤਾਂ ਵੀ ਇਸ ਗੱਲ ਉੱਤੇ ਕੁਝ ਚਾਨਣਾ ਪਾਉਂਦੀਆਂ ਹਨ ਕਿ ਪੰਜਾਬੀਆਂ ਅਤੇ ਸਿਕੰਦਰ ਦਰਮਿਆਨ ਲੜਾਈ ਦਾ ਅੰਤ ਕਿਵੇਂ ਹੋਇਆ। ਜ਼ੀਡੋ ਕਲਿਸਥੇਨਜ਼ ਦਾ ਇਥੋਪੀਆਈ ਰੂਪਾਂਤਰ ਦੱਸਦਾ ਹੈ ਕਿ ਲੜਾਈ ਵਿਚ ਸਿਕੰਦਰ ਦੇ ਬਹੁਤ ਸਾਰੇ ਘੋੜੇ ਮਾਰੇ ਗਏ ਤੇ ਉਹਦੇ ਸਿਪਾਹੀਆਂ ਨੇ ਇੰਨਾ ਸੋਗ ਮਨਾਇਆ ਕਿ ਉਹ ਰੋ ਪਏ ਤੇ ਕੁੱਤਿਆਂ ਵਾਂਙ ਚੀਕੇ-ਚਿਲਾਏ। ਇੱਥੋਂ ਤੱਕ ਕਿ ਉਹ ਹਥਿਆਰ ਸੁੱਟ ਕੇ ਸਿਕੰਦਰ ਦਾ ਸਾਥ ਛੱਡ ਕੇ ਦੁਸ਼ਮਣ ਨਾਲ ਮਿਲਣ ਨੂੰ ਤਿਆਰ ਹੋ ਗਏ। ਅੱਗੇ ਜਾ ਕੇ ਬਿਰਤਾਂਤ ਇਉਂ ਚਲਦਾ ਹੈ ਕਿ ਜਦ ਸਿਕੰਦਰ ਨੇ ਇਹ ਹਾਲ ਵੇਖਿਆ ਤਾਂ ਉਹ, ਜੋ ਆਪ ਵੀ ਬੜੀ ਬਿਪਤਾ ਵਿਚ ਫਸਿਆ ਹੋਇਆ ਸੀ, ਉਨ੍ਹਾਂ ਦੇ ਕੋਲ ਗਿਆ ਤੇ ਬੋਲਿਆ ਕਿ ‘‘ਉਹ ਵੀ ਲੜਾਈ ਬੰਦ ਕਰਨੀ ਚਾਹੁੰਦਾ ਹੈ।’’

  ਫਿਰ ਸਿਪਾਹੀਆਂ ਨੂੰ ਲੜਾਈ ਬੰਦ ਕਰਨ ਦਾ ਹੁਕਮ ਦੇ ਕੇ ਉਹਨੇ ਉੱਚੀ-ਉੱਚੀ ਚੀਕ ਕੇ ਆਖਿਆ, ‘‘ਓ ਹਿੰਦੋਸਤਾਨ ਦੇ ਬਾਦਸ਼ਾਹ ਪੋਰਸ! ਮੈਂ ਤੇਰੀ ਸ਼ਕਤੀ ਤੇ ਬਲ ਨੂੰ ਮੰਨਦਾ ਹਾਂ ਅਤੇ ਇਹ ਵੀ ਪ੍ਰਤੀਤ ਕਰਦਾ ਹਾਂ ਕਿ ਤੂੰ ਮੇਰੇ ਉੱਤੇ ਭਾਰੂ ਹੋ ਰਿਹਾ ਹੈਂ। ਮੇਰਾ ਦਿਲ ਅੱਕਿਆ ਹੋਇਆ ਹੈ ਤੇ ਮੈਨੂੰ ਉਸ ਥਕੇਵੇਂ ਦਾ ਵੀ ਖ਼ਿਆਲ ਹੈ, ਜਿਸ ਨਾਲ ਅਸੀਂ ਸਾਰੇ ਤਬਾਹ ਹੋ ਰਹੇ ਹਾਂ। ਹੁਣ ਭਾਵੇਂ ਮੈਂ ਆਤਮ-ਘਾਤ ਕਰਨਾ ਚਾਹੁੰਦਾ ਹਾਂ, ਪਰ ਮੈਂ ਨਹੀਂ ਕਰਾਂਗਾ, ਤਾਂ ਜੋ ਇਹ ਆਦਮੀ, ਜੋ ਮੇਰੇ ਨਾਲ ਹਨ, ਤਬਾਹ ਨਾ ਹੋ ਜਾਣ, ਕਿਉਂਕਿ ਮੈਂ ਹੀ ਇਨ੍ਹਾਂ ਨੂੰ ਇੱਥੇ ਮੌਤ ਦੇ ਦਰਵਾਜ਼ੇ ’ਤੇ ਲਿਆ ਖੜ੍ਹਾ ਕੀਤਾ ਹੈ ਅਤੇ ਕਿਸੇ ਬਾਦਸ਼ਾਹ ਵਾਸਤੇ ਇਹ ਗੱਲ ਯੋਗ ਨਹੀਂ ਕਿ ਉਹ ਆਪਣੇ ਸਿਪਾਹੀਆਂ ਨੂੰ ਮੌਤ ਦੇ ਮੂੰਹ ਵਿਚ ਧੱਕ ਦੇਵੇ ਤੇ ਆਪਣੀ ਜਾਨ ਬਚਾ ਲਏ। ਹੁਣ ਮੈਂ ਚਾਹੁੰਦਾ ਹਾਂ ਕਿ ਅਸੀਂ ਆਪੋ-ਆਪਣੀਆਂ ਫ਼ੌਜਾਂ ਨੂੰ ਕੁਝ ਚਿਰ ਲਈ ਲੜਾਈ ਬੰਦ ਕਰਨ ਦਾ ਹੁਕਮ ਦੇਈਏ ਤੇ ਆਪ ਮੈਦਾਨ ਵਿਚ ਉਤਰ ਕੇ ਪਰਸਪਰ ਲੜਾਈ ਕਰ ਲਈਏ।’’
  ਯਹੂਦੀਆਂ ਦੇ ਇਤਿਹਾਸ ਵਿਚ ਜੌਜ਼ਫ਼-ਬਿਨ-ਗੋਰੀਅਨ ਹੇਠ ਲਿਖਿਆ ਬਿਰਤਾਂਤ ਦਿੰਦਾ ਹੈ:
  ‘‘ਜਦ ਸਿਕੰਦਰ ਨੂੰ ਇਸ ਗੱਲ (ਆਪਣੀ ਫੌਜ ਦੇ ਕਸ਼ਟਾਂ) ਦਾ ਪਤਾ ਲੱਗਾ, ਤਾਂ ਉਸ ਨੇ ਹਿੰਦੋਸਤਾਨ ਦੇ ਬਾਦਸ਼ਾਹ ਨੂੰ ਇਹ ਸੁਨੇਹਾ ਭੇਜਿਆ, ‘‘ਵੇਖੋ! ਮੇਰੇ ਤੇ ਤੇਰੇ ਵਿਚਕਾਰ ਲੜਾਈ ਲੰਮੀ ਹੋ ਗਈ ਹੈ ਅਤੇ ਸਾਡੇ ਕਿੰਨੇ ਹੀ ਆਦਮੀ ਮਾਰੇ ਗਏ ਹਨ। ਆਓ! ਅਸੀਂ ਆਪਣੇ ਆਦਮੀਆਂ ਨੂੰ ਪਿੱਛੇ ਛੱਡੀਏ ਤੇ ਆਪ ਦੋ-ਦੋ ਹੱਥ ਕਰ ਲਈਏ।’’
  ਫ਼ਿਰਦੌਸੀ ਆਪਣੇ ‘ਸ਼ਾਹਨਾਮਾ’ ਵਿਚ ਕਹਿੰਦਾ ਹੈ ਕਿ ਜਦ ਘਮਸਾਣ ਦੀ ਲੜਾਈ ਸ਼ੁਰੂ ਹੋ ਗਈ ਤਾਂ ਸਿਕੰਦਰ ਨੇ ਪੋਰਸ ਨੂੰ ਸੰਬੋਧਨ ਕੀਤਾ:
  ‘‘ਓ, ਰਾਠ ਆਦਮੀ!
  ਸਾਡੇ ਦੋਹਾਂ ਦੇ ਲਸ਼ਕਰ ਲੜਾਈ ਵਿਚ ਚੂਰ ਚੂਰ ਹੋ ਗਏ ਹਨ।
  ਜਾਂਗਲੀ ਜਨੌਰਾਂ ਨੇ ਮਨੁੱਖਾਂ ਦੀਆਂ ਖੋਪੜੀਆਂ ਤੋੜ ਸੁੱਟੀਆਂ ਹਨ।
  ਘੋੜਿਆਂ ਦੇ ਸੁੰਮ ਉਨ੍ਹਾਂ ਦੀਆਂ ਹੱਡੀਆਂ ਮਿੱਧ ਰਹੇ ਹਨ।
  ਅਸੀਂ ਦੋਵੇਂ ਸੂਰਮੇ, ਬਹਾਦਰ ਤੇ ਗੱਭਰੂ ਹਾਂ।
  ਨਾਲੇ ਦੋਵੇਂ ਸੂਝਵਾਨ ਤੇ ਸਮਝਦਾਰ ਹਾਂ।
  ਫਿਰ ਕਿਉਂ ਅਸੀਂ ਆਪਣੇ ਸਿਪਾਹੀਆਂ ਦਾ ਕਤਲੇਆਮ ਕਰਾਈਏ?
  ਜਾਂ ਲੜਾਈ ਤੋਂ ਪਿੱਛੋਂ ਨਿਰਾ-ਪੁਰਾ ਆਪਣਾ ਬਚਾਅ ਵੇਖੀਏ?’’
  ਇਹ ਬਿਰਤਾਂਤ ਦੱਸਦੇ ਹਨ ਕਿ ਸਿਕੰਦਰ ਦੀ ਫ਼ੌਜ ਦਾ ਵੀ ਬਹੁਤ ਜ਼ਿਆਦਾ ਜਾਨੀ ਨੁਕਸਾਨ ਹੋਇਆ ਸੀ ਜਿਸ ਲਈ ਉਹ ਜੰਗਬੰਦੀ ਬਾਰੇ ਗੱਲਬਾਤ ਕਰਨ ਲਈ ਮਜਬੂਰ ਹੋ ਗਿਆ ਸੀ। ਜਦ ਤਰਨ ਕਹਿੰਦਾ ਹੈ ਕਿ ਯੂਨਾਨੀ ਇਤਿਹਾਸਕਾਰਾਂ ਨੇ ਸਿਕੰਦਰ ਦੇ ਨੁਕਸਾਨ ਉੱਤੇ ਪਰਦਾ ਪਾਇਆ ਹੈ ਤਾਂ ਉਹ ਇਸੇ ਗੱਲ ਦੀ ਪ੍ਰੋੜ੍ਹਤਾ ਕਰ ਰਿਹਾ ਹੁੰਦਾ ਹੈ। ਪਰ ਜਦ ਇਹ ਪੁਸਤਕਾਂ ਸਿਕੰਦਰ ਤੇ ਪੋਰਸ ਦੀ ਦੂਬਦੂ ਲੜਾਈ ਤੇ ਪੋਰਸ ਦੀ ਮੌਤ ਦਾ ਵਰਣਨ ਕਰਦੀਆਂ ਹਨ ਤਾਂ ਬਹੁਤ ਸਾਰੀ ਗਡਮਡ ਤੇ ਗੜਬੜ ਪਾ ਦਿੰਦੀਆਂ ਹਨ। ਅਸਾਂ ਵੇਖਿਆ ਹੈ ਕਿ ਪੋਰਸ ਦੇ ਦੋ ਪੁੱਤਰ ਰਣਭੂਮੀ ਵਿਚ ਮਾਰੇ ਗਏ ਸਨ। ਉਨ੍ਹਾਂ ਦੇ ਨਾਂ ਵੀ ਪੋਰਸ ਹੀ ਸਨ। ਸੰਭਵ ਹੈ ਕਿ ਪੋਰਸ ਦੇ ਇਕ ਪੁੱਤਰ ਦੀ ਮੌਤ ਨੂੰ ਉਨ੍ਹਾਂ ਨੇ ਦੋਵਾਂ ਬਾਦਸ਼ਾਹਾਂ ਦੀ ਲੜਾਈ ਤੇ ਸਿਕੰਦਰ ਦੇ ਹੱਥੋਂ ਵਡੇਰੇ ਪੋਰਸ ਦੀ ਮੌਤ ਦੇ ਕਿੱਸੇ ਦਾ ਆਧਾਰ ਬਣਾ ਲਿਆ ਹੋਵੇ। ਇਸ ਗੱਲ ਵਿਚ ਤਾਂ ਕੋਈ ਸੰਦੇਹ ਨਹੀਂ ਕਿ ਇਹ ਸਮਾਚਾਰ ਕਿੱਸੇ-ਕਹਾਣੀਆਂ ਹੀ ਹਨ, ਪਰ ਇਨ੍ਹਾਂ ਦੇ ਇਹ ਬਿਰਤਾਂਤ ਕਿ ਸਿਕੰਦਰ ਨੇ ਪੋਰਸ ਨਾਲ ਸੁਲ੍ਹਾ ਦੀ ਗੱਲਬਾਤ ਕਿਉਂ ਤੇ ਕਿਵੇਂ ਛੇੜੀ, ਏਰੀਅਨ ਤੇ ਹੋਰ ਇਤਿਹਾਸਕਾਰਾਂ ਦੇ ਹਾਲਾਤ ਨਾਲ ਠੀਕ ਮੇਲ ਖਾਂਦੇ ਹਨ ਤੇ ਇਸ ਲਈ ਕਿਸੇ ਹੱਦ ਤੱਕ ਸਾਡੇ ਧਿਆਨ ਦੇ ਪਾਤਰ ਹਨ।
  ਇਸ ਵਿਚਾਰ ਦਾ ਸਿੱਟਾ ਇਹ ਹੈ ਕਿ ਜਦ ਲੜਾਈ ਸ਼ੁਰੂ ਹੋਏ ਨੂੰ ਅੱਠਵਾਂ ਘੰਟਾ ਜਾ ਰਿਹਾ ਸੀ ਅਤੇ ਜਿਵੇਂ ਕਿ ਪਲੂਟਾਰਚ ਨੇ ਲਿਖਿਆ ਹੈ, ‘‘ਲੜਾਈ ਨੇ (ਯੂਨਾਨੀਆਂ ਦੇ) ਹੌਸਲੇ ਪਸਤ ਕਰ ਦਿੱਤੇ ਸਨ,’’ ਤਾਂ ਸਿਕੰਦਰ ਸੁਲ੍ਹਾ ਲਈ ਤਰਲੋ-ਮੱਛੀ ਹੋਣ ਲੱਗ ਪਿਆ ਤੇ ਇਸ ਮੰਤਵ ਲਈ ਉਸ ਨੇ ਕਈ ਦੂਤ ਤੇ ਸਫ਼ੀਰ ਪੋਰਸ ਕੋਲ ਭੇਜੇ। ਇਹ ਠੀਕ ਹੈ ਕਿ ਪੋਰਸ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਜਿਸ ਦਾ ਕਾਰਨ ਕੁਝ ਤਾਂ ਸਿਕੰਦਰ ਦਾ ਵਧੀਆ ਰਸਾਲਾ ਤੇ ਸ਼ਸਤਰ ਸਨ ਅਤੇ ਕੁਝ ਖ਼ਰਾਬ ਮੌਸਮ ਅਤੇ ਚਿੱਕੜ-ਖੋਭੇ ਵਾਲੀ ਤੇ ਤਿਲਕਵੀਂ ਧਰਤੀ ਸੀ। ਇਸ ਨਾਲ ਉਹਦੇ ਰੱਥ ਨਕਾਰਾ ਹੋ ਗਏ ਸਨ ਤੇ ਉਸ ਦੇ ਤੀਰਅੰਦਾਜ਼ਾਂ, ਜੋ ਆਪਣੀਆਂ ਵੱਡੀਆਂ ਕਮਾਨਾਂ ਨੂੰ ਧਰਤੀ ’ਤੇ ਰੱਖ ਕੇ ਅਤੇ ਪੈਰਾਂ ਨਾਲ ਦਬਾ ਕੇ ਤੀਰ ਚਲਾਉਂਦੇ ਸਨ, ਦਾ ਕੰਮ ਬਹੁਤ ਕਠਿਨ ਹੋ ਗਿਆ ਸੀ। ਇਸ ਦੇ ਬਾਵਜੂਦ ਉਹ ਆਪਣੇ ਇਸ ਹੱਠ ਉੱਤੇ ਦ੍ਰਿੜ੍ਹਤਾ ਨਾਲ ਕਾਇਮ ਸੀ ਕਿ ਉਹ ਆਪਣੇ ਵਿਰੋਧੀ ਨਾਲ ਕੋਈ ਵਾਸਤਾ ਨਹੀਂ ਰੱਖੇਗਾ ਤੇ ਸੁਲ੍ਹਾ ਦੀ ਗੱਲਬਾਤ ਲਈ ਉਹਦੇ ਨਾਲ ਮੁਲਾਕਾਤ ਨਹੀਂ ਕਰੇਗਾ। ਅੰਤ ਨੂੰ ਮੀਰੋਜ਼ ਨਾਮੀ ਦੂਤ ਨੇ ਪੋਰਸ ਨੂੰ ਆਪਣੀ ਮਿੱਤਰਤਾ ਦਾ ਵਾਸਤਾ ਪਾਇਆ ਤੇ ਉਸ ਨੂੰ ਨਿਸ਼ਚਾ ਕਰਵਾਇਆ ਕਿ ਲੜਾਈ ਨੂੰ ਹੋਰ ਜਾਰੀ ਰੱਖਣਾ ਫ਼ਜ਼ੂਲ ਹੈ ਤੇ ਸਿਕੰਦਰ ਨਾਲ ਸੁਲ੍ਹਾ ਕਰ ਲੈਣਾ ਹੀ ਯੋਗ ਹੈ। ਇਹ ਨਹੀਂ ਕਿਹਾ ਜਾ ਸਕਦਾ ਕਿ ਮੀਰੋਜ਼ ਨੇ ਕੀ ਕੀ ਦਲੀਲਾਂ
  ਦੇ ਕੇ ਪੋਰਸ ਨੂੰ ਮੁਲਾਕਾਤ ਲਈ ਰਾਜ਼ੀ ਕੀਤਾ ਹੋਵੇਗਾ, ਪਰ ਅਨੁਮਾਨ ਹੈ ਕਿ ਉਸ ਨੇ ਉਹਨੂੰ ਸਲਾਹ ਦਿੱਤੀ ਹੋਵੇਗੀ ਕਿ ਉਹ ਸਿਕੰਦਰ ਨਾਲ ਸੁਲ੍ਹਾ ਕਰ ਕੇ ਉਸ ਨੂੰ ਤੇ ਉਹਦੀਆਂ ਫ਼ੌਜਾਂ ਨੂੰ ਪੰਜਾਬ ਦੇ ਹੋਰ ਕਬੀਲਿਆਂ ਤੇ ਲੋਕਾਂ ਨੂੰ ਅਧੀਨ ਕਰਨ ਲਈ ਵਰਤੇ, ਜਿਨ੍ਹਾਂ ਨੂੰ ਉਹ ਪਹਿਲਾਂ ਭਰਵੇਂ ਯਤਨਾਂ ਦੇ ਬਾਵਜੂਦ ਸਰ ਨਹੀਂ ਕਰ ਸਕਿਆ ਸੀ। ਇਹ ਵੀ ਸੰਭਵ ਹੈ ਕਿ ਉਸ ਨੇ ਉਹਨੂੰ ਗੰਗਾ ਦੀ ਵਾਦੀ ਅਤੇ ਮਗਧ ਸਾਮਰਾਜ ਦੀ ਜਿੱਤ ਅਤੇ ਇਸ ਤਰ੍ਹਾਂ ਸਾਰੇ ਉੱਤਰੀ ਹਿੰਦੋਸਤਾਨ ਦਾ ਸੁਆਮੀ ਬਣਨ ਦੀ ਆਸ ਦਿਵਾਈ ਹੋਵੇ। ਉਸ ਨੇ ਪੋਰਸ ਨੂੰ ਇਹ ਵਚਨ ਵੀ ਦਿੱਤਾ ਸੀ ਕਿ ਉਸ ਦੀ ਜਾਨ ਅਤੇ ਉਸ ਦਾ ਸ਼ਾਹੀ ਗੌਰਵ ਤੇ ਪਦਵੀ ਸੁਰੱਖਿਅਤ ਰਹੇਗੀ। ਕਿਸੇ ਤਰ੍ਹਾਂ ਵੀ ਹੋਇਆ, ਉਸ ਨੇ ਦਲੀਲਾਂ ਤੇ ਇਕਰਾਰਾਂ ਨਾਲ ਪੋਰਸ ਨੂੰ ਸਿਕੰਦਰ ਨਾਲ ਮੁਲਾਕਾਤ ਕਰਨ ਵਾਸਤੇ ਪ੍ਰੇਰ ਲਿਆ। ਸੋ ਜਦੋਂ ਪੋਰਸ ਮੀਰੋਜ਼ ਨਾਲ ਸਿਕੰਦਰ ਕੋਲ ਆਇਆ ਤਾਂ ਉਹ ਬਾਦਸ਼ਾਹ ਦੀ ਹੈਸੀਅਤ ਵਿਚ ਆਇਆ ਤੇ ਉਸ ਨੇ ਸਿਕੰਦਰ ਕੋਲੋਂ ਬਾਦਸ਼ਾਹ ਵਰਗੇ ਵਰਤਾਓ ਦੀ ਮੰਗੀ ਕੀਤੀ। ਏਰੀਅਨ ਸਪਸ਼ਟ ਲਿਖਦਾ ਹੈ ਕਿ ਸਿਕੰਦਰ ਨੇ ਉਸ ਦੀ ਇਸ ਮੰਗ ਦਾ ਅਨੁਕੂਲ ਉੱਤਰ ਦਿੱਤਾ। ਤੇ ਉਸ ਨਾਲ ਬਾਦਸ਼ਾਹਾਂ ਵਾਲਾ ਵਰਤਾਓ, ਜਿਸ ਵਿਚ ਇਨ੍ਹਾਂ ਸਬਦਾਂ ਦਾ ਅਸਲੀ ਤੇ ਪੂਰਾ ਭਾਵ ਆ ਜਾਂਦਾ ਸੀ, ਕਰਨ ਦੀ ਰਜ਼ਾਮੰਦੀ ਪ੍ਰਗਟ ਕੀਤੀ। ਸੋ ਪੋਰਸ ਤੇ ਸਿਕੰਦਰ ਦੀ ਮੁਲਾਕਾਤ ਦੋ ਬਾਦਸ਼ਾਹਾਂ ਦੀ ਮੁਲਾਕਾਤ ਸੀ, ਨਾ ਕਿ ਕਿਸੇ ਲਗਾਨਦਾਰ ਦੀ ਆਪਣੇ ਸ਼ਹਿਨਸ਼ਾਹ ਨਾਲ ਜਾਂ ਕਿਸੇ ਕੈਦੀ ਦੀ ਇਕ ਜੇਤੂ ਨਾਲ। ਅਸਲ ਵਿਚ ਭਾਵੇਂ ਮੁਲਾਕਾਤ ਦੀ ਪਹਿਲੀ ਸ਼ਰਤ ਪੋਰਸ ਦੀ ਪ੍ਰਭੂਤਾ ਨੂੰ ਕਇਮ ਰੱਖਣਾ ਸੀ, ਪਰ ਇਸ ਦਾ ਅਮਲੀ ਸਿੱਟਾ ਇਹ ਨਿਕਲਿਆ ਕਿ ਉਸ ਦੀ ਬਾਦਸ਼ਾਹੀ ਵਿਚ ਹੋਰ ਇਲਾਕਿਆਂ ਦਾ ਵਾਧਾ ਹੋ ਗਿਆ ਤੇ ਅੰਤ ਨੂੰ ਉਹ ਬਿਆਸ ਦੇ ਉੱਤਰ ਤੇ ਪੱਛਮ ਵੱਲ ਪੰਜਾਬ ਦਾ ਪੂਰਨ ਸੁਆਮੀ ਬਣ ਗਿਆ।

  ਸੋ ਅਸੀਂ ਵੇਖਦੇ ਹਾਂ ਕਿ ਜਿਹਲਮ ਦੀ ਲੜਾਈ ਦਾ ਅੰਤ ਪੋਰਸ ਤੇ ਸਿਕੰਦਰ ਦੇ ਵਿਚਕਾਰ ਸੁਲ੍ਹਾ ਦੀ ਸੰਧੀ ਨਾਲ ਹੋਇਆ, ਜਿਸ ਦਾ ਸਾਰੰਸ਼ ਇਹ ਸੀ ਕਿ ਪੋਰਸ ਦੀ ਸ਼ਾਹਾਨਾ ਸ਼ਾਨ ਨੂੰ ਬਰਕਰਾਰ ਰੱਖਿਆ ਜਾਵੇਗਾ, ਸਿਕੰਦਰ ਆਪਣੇ ਜਿੱਤੇ ਹੋਏ ਇਲਾਕੇ ਪੋਰਸ ਦੇ ਹਵਾਲੇ ਕਰ ਦੇਵੇਗਾ, ਦੋਵੇਂ ਮਿਲ ਕੇ ਪੰਜਾਬ ਦੇ ਸੁਤੰਤਰ ਕਬੀਲਿਆਂ ਨੂੰ ਜਿੱਤਣ ਦਾ ਯਤਨ ਕਰਨਗੇ ਅਤੇ ਜੇ ਹੋ ਸਕੇ ਤਾਂ ਮਗਧ ਉੱਤੇ ਚੜ੍ਹਾਈ ਕਰਨਗੇ। ਇਹ ਸੁਲ੍ਹਾ ਉਸ ਵੇਲੇ ਹੋਈ, ਜਦ ਦੋਵਾਂ ਧਿਰਾਂ ਦੇ ਭਾਰੀ ਨੁਕਸਾਨ ਦੇ ਬਾਵਜੂਦ ਲੜਾਈ ਅਜੇ ਜਾਰੀ ਸੀ। ਯੂਨਾਨੀ ਇਤਿਹਾਸਕਾਰਾਂ ਦੀ ਇਹ ਗੱਲ ਮੰਨਣਯੋਗ ਨਹੀਂ ਹੈ ਕਿ ਪੋਰਸ ਨਾਲ ਸਿਕੰਦਰ ਦਾ ਖੁੱਲ੍ਹਦਿਲੀ ਤੇ ਸੂਰਮਿਆਂ ਵਾਲਾ ਵਰਤਾਓ, ਕੇਵਲ ਉਸ ਦੀ ਸੂਰਬੀਰਤਾ ਦੀ ਕਦਰ ਕਰਕੇ ਸੀ। ਇਹ ਝੂਠਾ ਦਾਅਵਾ ਕਰ ਕੇ ਉਹ ਸਚਿਆਈ ਉੱਤੇ ਪਰਦਾ ਪਾਉਣ ਦਾ ਯਤਨ ਕਰਦੇ ਹਨ, ਪਰ ਸਚਾਈ ਸੌ ਪਰਦੇ ਪਾੜ ਕੇ ਵੀ ਬਾਹਰ ਝਾਕਣ ਲੱਗ ਪੈਂਦੀ ਹੈ। ਏਰੀਅਨ ਦਾ ਬਿਰਤਾਂਤ, ਜਿਸ ਦੀ ਪਹਿਲਾਂ ਪੜਚੋਲ ਕੀਤੀ ਗਈ ਹੈ, ਸੰਦੇਹ ਦੀ ਕੋਈ ਗੁੰਜਾਇਸ਼ ਨਹੀਂ ਛੱਡਦਾ ਕਿ ਸਿਕੰਦਰ ਨੇ ਪੋਰਸ ਨੂੰ ਸੁਲ੍ਹਾ ਦਾ ਸੰਦੇਸ਼ ਭੇਜਣ ਵਿਚ ਪਹਿਲ ਕੀਤੀ ਅਤੇ ਪੋਰਸ ਦੇ ਹੱਠ ਤੇ ਉਕਸਾਊ ਇਨਕਾਰ ਦੇ ਬਾਵਜੂਦ ਇਹ ਕੋਸ਼ਿਸ਼ ਲਗਾਤਾਰ ਜਾਰੀ ਰੱਖੀ। ਇਹੋ ਜਿਹੀ ਗੱਲ ਉਹ ਕੇਵਲ ਮਜਬੂਰੀ ਦੀ ਹਾਲਤ ਵਿਚ ਹੀ ਕਰ ਸਕਦਾ ਸੀ। ਇਹ ਮਜਬੂਰੀਆਂ ਦੋ ਤਰ੍ਹਾਂ ਦੀਆਂ ਸਨ: ਇਕ ਤਾਂ ਉਸ ਨੂੰ ਪੋਰਸ ਦੇ ਹੱਥੋਂ ਉਸ ਵੇਲੇ ਤੱਕ ਹੋਏ ਨੁਕਸਾਨ ਨਾਲੋਂ ਵੀ ਵਧੇਰੇ ਨੁਕਸਾਨ ਦਾ ਖ਼ਤਰਾ ਸੀ ਤੇ ਦੂਜੇ ਉਹਦੀ ਫ਼ੌਜ ਦੁਖੜੇ ਤੇ ਕਲੇਸ਼ ਝੱਲ ਕੇ ਤੰਗ ਆਈ ਹੋਈ ਸੀ। ਇਹ ਠੀਕ ਹੈ ਕਿ ਪੋਰਸ ਦਾ ਮਹਾਵਤ ਉਸ ਨੂੰ ਰਣਭੂਮੀ ਵਿਚੋਂ ਇਕ ਪਾਸੇ ਲੈ ਗਿਆ ਸੀ, ਪਰ ਉਸ ਦਾ ਲੜਾਈ ਬੰਦ ਕਰਨ ਜਾਂ ਵਿਰੋਧ ਖ਼ਤਮ ਕਰਨ ਦਾ ਕੋਈ ਇਰਾਦਾ ਨਹੀਂ ਸੀ। ਨਹੀ ਤਾਂ ਉਹ ਸਿਕੰਦਰ ਦੇ ਸੁਨੇਹੇ ਨੂੰ, ਜੋ ਵਾਰ-ਵਾਰ ਵੱਖ-ਵੱਖ ਦੂਤਾਂ ਦੇ ਰਾਹੀਂ ਆਇਆ ਸੀ, ਸੁਣਨ ਤੋਂ ਇਨਕਾਰ ਕਰਨ ਦਾ ਇੰਨਾ ਹੱਠ ਕਿਉਂ ਕਰਦਾ? ਪਰ ਅੰਤ ਨੂੰ ਜਦ ਲੜਾਈ ਅਜੇ ਜਾਰੀ ਸੀ, ਮੀਰੋਜ਼ ਦੇ ਮਿੱਤਰਾਚਾਰੀ ਵਾਲੇ ਤਰਲਿਆਂ ਕਾਰਨ ਉਸ ਨੇ ਆਪਣਾ ਵਤੀਰਾ ਬਦਲ ਲਿਆ ਤੇ ਸਿਕੰਦਰ ਨਾਲ ਰਣਭੂਮੀ ਵਿਚ ਸੁਲ੍ਹਾ ਕਰ ਲਈ। ਸੋ ਯੁੱਧ ਵਿਚ ਸ਼ਾਮਲ ਦੋਵਾਂ ਧਿਰਾਂ ਨੇ ਸਿਆਣਪ ਨੂੰ ਵੀਰਤਾ ਨਾਲੋਂ ਤਰਜੀਹ ਦਿੱਤੀ ਤੇ ਅੰਤ ਵਿਚ ਬਾਇੱਜ਼ਤ ਸੁਲ੍ਹਾ ਕਰ ਲਈ, ਕਿਉਂ ਜੋ ਦੋਵਾਂ ਦਾ ਲੜਾਈ ਵਿਚ ਚੋਖਾ ਨੁਕਸਾਨ ਹੋ ਚੁੱਕਾ ਸੀ ਤੇ ਜੇ ਉਹ ਅੰਤਲੇ ਦਮ ਤੱਕ ਲੜਨ ਲਈ ਹੱਠ ਕਰਦੇ ਤਾਂ ਹੋਰ ਵੀ ਵਧੇਰੇ ਨੁਕਸਾਨ ਦਾ ਖ਼ਤਰਾ ਸੀ। ਸਿਕੰਦਰ ਆਪਣੀ ਥਾਂ ਜੇਤੂ ਰਿਹਾ ਕਿਉਂ ਜੋ ਉਸ ਨੇ ਪੋਰਸ ਨੂੰ ਆਪਣੇ ਵਿਚਾਰਾਂ ਨਾਲ ਸਹਿਮਤ ਕਰ ਲਿਆ ਤੇ ਖੁਆਰ ਹੋ ਕੇ ਜਿਹਲਮ ਤੋਂ ਹੀ ਵਾਪਸ ਮੁੜਨ ਦੀ ਥਾਂ ਉਹ ਬਿਆਸ ਤੱਕ ਜੇਤੂ ਦੀ ਹੈਸੀਅਤ ਵਿਚ ਵਧਦਾ ਚਲਾ ਗਿਆ ਤੇ ਫਿਰ ਹੇਠਲੇ ਪੰਜਾਬ ਤੇ ਸਿੰਧ ਵਿਚਦੀ ਹੁੰਦਾ ਹੋਇਆ ਪੂਰੀ ਸਫ਼ਲਤਾ ਨਾਲ ਵਾਪਸ ਬਾਬਲ ਪਹੁੰਚ ਗਿਆ। ਪੋਰਸ ਵੀ ਘਾਟੇ ਵਿਚ ਨਾ ਰਿਹਾ। ਉਸ ਨੂੰ ਇਸ ਕਰਕੇ ਜੇਤੂ ਕਿਹਾ ਜਾ ਸਕਦਾ ਹੈ ਕਿ ਉਸ ਨੇ ਨਾ ਕੇਵਲ ਬਾਦਸ਼ਾਹ ਦੀ ਹੈਸੀਅਤ ਵਿਚ ਆਪਣੀ ਸ਼ਾਹੀ ਸ਼ਾਨ ਤੇ ਰੁਤਬਾ ਕਾਇਮ ਰੱਖ ਲਿਆ ਸਗੋਂ ਆਪਣਾ ਇਲਾਕਾ ਹੋਰ ਵਧਾ ਲਿਆ। ਉਸ ਨੇ ਸਾਰੇ ਪੰਜਾਬ ਨੂੰ ਜਿੱਤਣ ਲਈ ਸਿਕੰਦਰ ਨੂੰ ਆਪਣਾ ਹੱਥ-ਠੋਕਾ ਬਣਾਇਆ। ਇਹ ਗੱਲ ਸੁਭਾਵਿਕ ਹੈ ਕਿ ਲੜਾਈ ਅਤੇ ਉਸ ਦੇ ਅੰਤਿਮ ਸਿੱਟੇ ਬਾਰੇ ਦੋਵਾਂ ਧਿਰਾਂ ਦੇ ਵਿਚਾਰ ਤੇ ਅਨੁਮਾਨ ਅੱਡ-ਅੱਡ ਸਨ। ਦੁੱਖ ਦੀ ਗੱਲ ਕੇਵਲ ਇਹ ਹੈ ਕਿ ਯੂਨਾਨੀਆਂ ਦੇ ਵਿਚਾਰ, ਭਾਵੇਂ ਉਹ ਬਹੁਤ ਹੱਦ ਤੱਕ ਸਵੈ-ਵਿਰੋਧੀ ਸਨ ਤੇ ਬਦਨੀਅਤੀ ਨਾਲ ਭੰਨ-ਤੋੜ ਕੇ ਦਿੱਤੇ ਗਏ ਸਨ ਜੋ ਲਿਖਤੀ ਇਤਿਹਾਸ ਦੇ ਰਾਹੀਂ ਸਾਡੇ ਤੱਕ ਪਹੁੰਚ ਗਏ, ਪਰ ਹਿੰਦੋਸਤਾਨੀਆਂ ਦੇ ਵਿਚਾਰ ਅਣਗਹਿਲੀ ਦੀ ਧੁੰਦ ਵਿਚ ਲੁਕ ਗਏ ਤੇ ਉਨ੍ਹਾਂ ਦੇ ਦੇਸ਼ਵਾਸੀਆਂ ਨੇ ਉੱਕਾ ਵਿਸਾਰ ਦਿੱਤੇ।

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com