ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਸੀਸ ਦੀਆ ਪਰ ਸਿਰਰੁ ਨ ਦੀਆ (ਸ਼ਹਾਦਤ ਗੁਰੂ ਤੇਗ਼ ਬਹਾਦਰ ਸਾਹਿਬ)

   

   ਮਨਜੀਤ ਕੌਰ ਸੇਖੋਂ, Adjunct Professor, City Community College, Los Rios District, West Sacramento, CA 95691, Cell 916-690-2379, Email: This email address is being protected from spambots. You need JavaScript enabled to view it.

  ਅੱਜ ਅਸੀਂ ਤਿਲਕ ਜੰਝੂ ਦੇ ਰਾਖੇ, ਗੁਰੂ ਨਾਨਕ ਸਾਹਿਬ ਦੀ ਨੌਵੀਂ ਜੋਤ, ਸ਼੍ਰਿਸਟ ਦੀ ਚਾਦਰ, ਭੈ ਕਾਹੂੰ ਕੋ ਦੇਤ ਨਾਂਹਿ ਦੇ ਭੈ ਮੁਕਤ ਸ਼ਾਹਕਾਰ, ਗਿਆਨ ਤੋਂ ਕਰਮ ਮਾਰਗ ਦੇ ਪਾਂਧੀ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਅੱਗੇ ਨਤਮਸਤਕ ਹੋ ਰਹੇ ਹਾਂ। ਇਹ ਇੱਕ ਇਤਿਹਾਸਕ ਸੱਚ ਹੈ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਪਿੱਛੋਂ ਪੰਜਾਬ ਵਿੱਚ ਮੌਤ ਨੂੰ ਮਖੌਲਾਂ ਕਰਨ ਵਾਲਿਆਂ ਦਾ ਸ਼ਾਨਦਾਰ ਇਤਿਹਾਸ ਸਿਰਜਿਆ ਗਿਆ।

            ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਮੁੱਖ ਕਾਰਣ ਔਰੰਗਜ਼ੇਬ ਦੀ ਤੁਅੱਸਬੀ ਨੀਤੀ ਸੀ। ਇਸ ਨੀਤੀ ਦਾ ਨਿਸ਼ਾਨਾ ਸਭ ਤੋਂ ਪਹਿਲਾਂ ਕਸ਼ਮੀਰ ਨੂੰ ਬਣਾਇਆ ਗਿਆ। ਇਸ ਬਾਰੇ ਮੈਕਿਲਫ਼ ਲਿਖਦਾ ਹੈ, “ਕਸ਼ਮੀਰੀ ਪੰਡਿਤ ਵਿਦਵਾਨ ਤੇ ਪ੍ਰਸਿੱਧ ਸਨ। ਔਰੰਗਜ਼ੇਬ ਦੀ ਸੋਚ ਸੀ ਕਿ ਜੇ ਕਸ਼ਮੀਰੀ ਪੰਡਿਤ ਮੁਸਲਮਾਨ ਬਣ ਜਾਣ ਤਾਂ ਬਾਕੀ ਅਨਪੜ੍ਹ, ਮੂੜ੍ਹ ਜਨਤਾ ਨੂੰ ਇਸਲਾਮ ਵਿੱਚ ਲਿਆਉਣਾ ਸੌਖਾ ਹੋ ਜਾਵੇਗਾ।

            ਪਰ ਸੁਆਲ ਉੱਠਦਾ ਹੈ— ਦਿੱਲੀ, ਇਲਾਹਾਬਾਦ, ਮਥੁਰਾ ਵਿੱਚ ਵੀ ਵਿਦਵਾਨ ਹਿੰਦੂਆਂ ਦੀ ਭਰਮਾਰ ਸੀ, ਕੀ ਜ਼ਰੂਰੀ ਸੀ ਕਿ ਕੋਲ ਵਾਲੇ ਹਿੰਦੂਆਂ ਨੂੰ ਛੱਡ ਕੇ ਛੇ ਸੌ ਕਿਲੋਮੀਟਰ ’ਤੇ ਕਸ਼ਮੀਰ ਵੱਲ ਜਾ ਕੇ ਹਿੰਦੂਆਂ ਦਾ ਧਰਮ ਪਰਿਵਰਤਨ ਦਾ ਕੰਮ ਸ਼ੁਰੂ ਕੀਤਾ ਜਾਵੇ। ਇੱਕ ਦਲੀਲ ਇਹ ਵੀ ਸੀ ਕਿ ਕਸ਼ਮੀਰ ’ਚ ਹਿੰਦੂਆਂ ਦਾ ਅਸਥਾਨ ਹੈ— ਅਮਰਨਾਥ, ਜੋ ਉਹੀ ਮਹੱਤਤਾ ਰੱਖਦਾ ਹੈ, ਜੋ ਸਾਡੇ ਲਈ ਅਕਾਲ ਤਖ਼ਤ ਸਾਹਿਬ। ਉੱਥੋਂ ਦਾ ਮੁਖੀ ਕੋਈ ਵੀ ਹੋਵੇ, ਜੋ ਵੀ ਹੁਕਮ ਕਰੇ, ਸੰਸਾਰ ਦਾ ਹਰ ਹਿੰਦੂ ਉਸ ਹੁਕਮ ਨੂੰ ਮੰਨੇਗਾ। ਔਰੰਗਜ਼ੇਬ ਨੇ ਹਿੰਦੂਆਂ ਨੂੰ ਮੁਸਲਮਾਨਾਂ ਵਿੱਚ ਤਬਦੀਲ ਨ੍ਹੀ ਸੀ ਕਰਨਾ, ਬਲਕਿ ਹਿੰਦੂ ਬਣਨੇ ਬੰਦ ਕਰਨੇ ਸਨ। ਇਹੀ ਕੁੱਝ ਸਾਡੇ ਨਾਲ 1984 ਵਿੱਚ ਹੋਇਆ, ਤਾਂ ਹੀ ਅਕਾਲ ਤਖ਼ਤ ਸਾਹਿਬ ਨੂੰ ਟੀਚਾ ਬਣਾਇਆ ਗਿਆ। ਨਹੀਂ ਤੇ ਕੁੱਝ ਦਿਨ ਪਹਿਲਾਂ ਸੰਤ ਜਰਨੈਲ ਸਿੰਘ ਦਿੱਲੀ ਵਿੱਚ ਸਨ ਤੇ ਦਿੱਲੀ ਵਿੱਚ ਗੁਰਦੁਆਰੇ ਵੀ ਇਤਿਹਾਸਕ ਬਥੇਰੇ ਸਨ, ਪਰ ਸਿੱਖ ਜੰਮਦੇ ਅਕਾਲ ਤਖ਼ਤ ਤੋਂ ਨੇ।

  ਬਲ ਛੁਟਕਿਉ ਬੰਧਨਿ ਪਰੈ, ਕਛੂ ਨ ਹੋਤ ਉਪਾਇ॥

  ਕਹੁ ਨਾਨਕ ਅਬ ਓਟ ਹਰਿ ਗਜਿ ਜਿਉ ਹੋਹੁ ਸਹਾਇ॥õó॥

          ਆਪਾਂ ਗੁਰੂ ਸਾਹਿਬ ਦਾ ਸ਼ਹੀਦੀ ਇਤਿਹਾਸ ਜਾਨਣ ਤੋਂ ਪਹਿਲਾਂ ਸੰਖੇਪ ਵਿੱਚ ਉਹਨਾਂ ਦੇ ਪ੍ਰਕਾਸ਼ ਪੁਰਬ ਬਾਰੇ ਵੀ ਜਾਣ ਲਈਏ। ਆਪ ਜੀ ਦਾ ਪ੍ਰਕਾਸ਼ 1 ਅਪ੍ਰੈਲ 1621 ਨੂੰ ਅੰਮ੍ਰਿਤਸਰ ਵਿਖੇ ਗੁਰੂ ਹਰਿਗੋਬਿੰਦ ਸਾਹਿਬ ਤੇ ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਨੇ ਗੁਰਮਤਿ ਵਿੱਦਿਆ ਦੇ ਨਾਲ-ਨਾਲ ਸ਼ਾਸਤਰ ਵਿੱਦਿਆ ਤੇ ਘੋੜ ਸਵਾਰੀ ਦੀ ਸਿਖਲਾਈ ਵੀ ਲਈ। ਆਪ ਜੀ ਦਾ ਵਿਆਹ ਸੰਨ 1634 ਵਿੱਚ ਸ੍ਰੀ ਲਾਲ ਚੰਦ ਦੀ ਸਪੁੱਤਰੀ ਗੁਜ਼ਰੀ ਜੀ ਨਾਲ ਕਰਤਾਰ ਵਿਖੇ ਹੋਇਆ।

            ਇਤਿਹਾਸਕ ਸਰੋਤਾਂ ਅਨੁਸਾਰ ਗੁਰੂ ਸਾਹਿਬ ਦਾ ਬਚਪਨ ਦਾ ਨਾਮ ਤਿਆਗ ਮੱਲ ਸੀ। ਉਹ ਆਪਣੇ ਮਾਤਾ-ਪਿਤਾ ਦੇ ਸਭ ਤੋਂ ਛੋਟੇ ਸਪੁੱਤਰ ਸਨ ਤੇ ਪਿਤਾ ਦੇ ਬਹੁਤੇ ਲਾਡਲੇ ਸਨ। ਮਾਤਾ ਨਾਨਕੀ ਜੀ ਸੁਆਲ ਕਰਦੇ ਨੇ ਕਿ ਸਭ ਤੋਂ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਆਪਣੀ ਸਾਰੀ ਜ਼ਿੰਮੇਵਾਰੀ ਵਧੀਆ ਨਿਭਾ ਰਹੇ ਹਨ, ਅਣੀਮੱਲ ਜੀ ਵੀ ਪੂਰੇ ਆਗਿਆਕਾਰ ਹਨ ਤੇ ਸੂਰਜ ਮੱਲ ਵੀ ਵੀ ਸਮਾਜ ਵਿੱਚ ਸੇਵਾ ਨਿਭਾ ਰਹੇ ਹਨ ਫੇਰ ਤਿਆਗ ਮੱਲ ਹੀ ਕਿਉਂ ਤੁਹਾਨੂੰ ਸਭ ਤੋਂ ਵੱਧ ਪਿਆਰੇ ਹਨ?

  ਜੈਸੇ ਏਕ ਜਨਨੀ ਕੇ ਹੋਤ ਹੈ ਅਨੇਕ ਸੁਤ, ਸਭ ਹੂੰ ਤੇ ਪਿਆਰੋ ਸੁਤ ਗੋਦ ਕਾ।

            ਇਹ ਸਭ ਤੋਂ ਛੋਟਾ ਹੋਣ ਕਰਕੇ ਜ਼ਿਆਦਾ ਪਿਆਰ ਲੈਂਦੇ ਨੇ।

            ਅਜਰ ਜ਼ਰ ਉਰ ਧੀਰ ਅੰਦਰ, ਇਸਕੇ ਗ੍ਰਹਿ ਸੁਤ ਹੋਏ ਬਲਵੰਡ Ò ਤੇਜ, ਪ੍ਰਚੰਡ, ਤੁਰੰਤ, ਜਮਡੰਡ॥

  ਉਨ੍ਹਾਂ ਆਖਿਆ ਕਿ ਤਿਆਗ ਮੱਲ ਅੰਦਰ ਬੇਥਾਹ ਧੀਰਜ ਹੈ, ਇਹ ਅਜਰ ਨੂੰ ਜਰਨ ਵਾਲਾ ਹੈ। ਇਸ ਦੇ ਘਰ ਅਜਿਹਾ ਸੂਰਬੀਰ ਪੁੱਤਰ ਹੋਵੇਗਾ, ਜੋ ਬਹੁਤ ਤੇਜਸਵੀ, ਜਮਾਂ ਨੂੰ ਡੰਡ ਦੇਣ ਵਾਲਾ ਹੋਵੇਗਾ। ਇਹ ਮੈਨੂੰ ਤਾਂ ਪਿਆਰਾ ਹੈ।

  ਸਿਰਫ਼ ਚਾਰ ਕੁ ਸਾਲ ਦੀ ਆਯੂ ਸੀ, ਜਦੋਂ ਬਾਬਾ ਗੁਰਦਿੱਤਾ ਜੀ ਦੇ ਵਿਆਹ ਦੀ ਬਾਰਾਤ ਚੜ੍ਹਨ ਵੇਲੇ ਮਾਤਾ ਨਾਨਕੀ ਜੀ ਨੇ ਬਾਲ ਤਿਆਗ ਮੱਲ ਨੂੰ ਸੁੰਦਰ ਵਸਤਰ ਪਹਿਨਾ ਕੇ ਤਿਆਰ ਕੀਤਾ, ਹੱਥਾਂ ’ਚ ਦੋ ਸੋਨੇ ਦੇ ਕੰਗਣ ਤੇ ਗਲ ’ਚ ਕੰਠਾ ਵੀ ਪਾਇਆ। ਬਾਹਰ ਖੇਡਣ ਚਲੇ ਗਏ, ਇੱਕ ਬੱਚੇ ਨੂੰ ਪੁੱਛਿਆ, “ਤੂੰ ਕਿਉਂ ਰੋ ਰਿਹਾ ਏਂ?” ਉਸ ਨੇ ਕਿਹਾ ਮੈਂ ਵੀ ਬਾਰਾਤ ਦੇਖਣਾ ਚਾਹੁੰਦਾ ਹਾਂ, ਪਰ ਮੈਨੂੰ ਪਿੱਛੇ ਕਰ ਦਿੱਤਾ, ਕਿਉਂਕਿ ਮੇਰੇ ਕੋਲ ਵਸਤਰ ਨਹੀਂ।  ਸਾਰੇ ਕੱਪੜੇ ਤੇ ਗਹਿਣੇ ਉਸ ਨੂੰ ਦੇ ਕੇ ਬਾਲ ਗੁਰੂ ਜੀ ਨੰਗੇ ਪਿੰਡੇ ਘਰ ਨੂੰ ਆ ਗਏ। ਮਾਤਾ ਜੀ ਨੇ ਗੁਰੂ ਹਰਿਗੋਬਿੰਦ ਜੀ ਨਾਲ ਗਿਲਾ ਕੀਤਾ, ਕਿ ਇੰਨੇ ਕੀਮਤੀ ਵਸਤਰ ਤੇ ਗਹਿਣੇ ਪਾ ਕੇ ਵਿਆਹ ਜਾਣ ਲਈ ਤਿਆਰ ਕੀਤਾ ਸੀ, ਤੁਹਾਡਾ ਲਾਡਲਾ ਪੁੱਤਰ ਸਭ ਕੁੱਝ ਕਿਸੇ ਨੂੰ ਦੇ ਕੇ ਨੰਗੇ ਪਿੰਡੇ ਘਰ ਆ ਗਿਆ।

  ਛੇਵੇਂ ਪਾਤਸ਼ਾਹ ਨੇ ਉਤਰ ਦਿੱਤਾ, “ਜੇ ਅੱਜ ਮੇਰਾ ਲਾਡਲਾ ਪੁੱਤਰ ਕਿਸੇ ਬੇਲਿਬਾਸ ਨੂੰ ਕੱਜਣ ਵਾਸਤੇ ਆਪਣੇ ਲਿਬਾਸ ਦੇ ਆਇਆ ਹੈ ਤਾਂ ਮੈਨੂੰ ਵਿਸ਼ਵਾਸ ਹੈ ਕਿ ਕੱਲ ਨੂੰ ਕਿਸੇ ਦੇ ਲਿਬਾਸ ਤੇ ਵਿਸ਼ਵਾਸ ਵਾਸਤੇ ਆਪਣੇ ਸਵਾਸ ਵੀ ਦੇ ਕੇ ਆਵੇਗਾ।” ਇਹ ਉਨ੍ਹਾਂ ਦੇ ਸ਼ਹੀਦੀ ਦੇ ਮਾਰਗ ਦੀ ਆਰੰਭਤਾ ਸੀ।

  14 ਸਾਲ ਦੀ ਆਯੂ ਵਿੱਚ ਆਨੰਦ ਕਾਰਜ ਦੀ ਰਸਮ, ਬੇਬੇ ਬਿਸ਼ਨ ਕੌਰ ਦੀ ਕੁੱਖ ’ਚੋਂ ਜਨਮੀ ਬੀਬੀ ਗੁਜਰੀ ਜੀ ਨਾਲ ਹੁੰਦੀ ਹੈ। ਧੀ ਦੇ ਪਿਤਾ ਹੋਣ ਦੇ ਨਾਤੇ ਲਾਲ ਚੰਦ ਜੀ ਨੇ ਕੁੜਮ ਵਜੋਂ ਛੇਵੇਂ ਪਤਾਸ਼ਾਹ ਜੀ ਦੇ ਚਰਨ ਛੂਹਣ ਦੀ ਕੋਸ਼ਿਸ਼ ਕੀਤੀ। ਗੁਰੂ ਸਾਹਿਬ ਨੇ ਝੁਕਦਿਆਂ ਨੂੰ ਗਲ ਨਾਲ ਲਾ ਲਿਆ ਤੇ ਕਿਹਾ, “ਧੀਆਂ ਦੇ ਪਿਤਾ ਝੁਕਦੇ ਨ੍ਹੀ ਹੁੰਦੇ, ਉਹ ਸਭ ਤੋਂ ਵੱਡੇ ਦਾਨੀ ਹੁੰਦੀ ਨੇ। ”

  ਅਜੇ ਆਨੰਦ ਕਾਰਜ ਹੋਇਆਂ ਕੁੱਝ ਹੀ ਮਹੀਨੇ ਹੋਏ ਸੀ, ਕਰਤਾਰਪੁਰ ਵਿਖੇ ਪੈਂਦੇ ਖ਼ਾਂ ਤੇ ਕਾਲੇ ਖ਼ਾਂ ਨੇ ਹਮਲਾ ਕਰ ਦਿੱਤਾ। ਗੁਰੂ ਹਰਿਗੋਬਿੰਦ ਸਾਹਿਬ ਦੇ ਆਦੇਸ਼ ਅਨੁਸਾਰ ਤਿਆਗ ਮੱਲ ਜੀ ਵੀਰਤਾ ਦੇ ਜੌਹਰ ਦਿਖਾ ਰਹੇ ਨੇ। ਨਾਨਕੀ ਜੀ ਤੇ ਮਾਤਾ ਗੁਜਰੀ ਜੀ ਜੰਗ ਦਾ ਇਹ ਮੰਜ਼ਰ ਤੱਕ ਰਹੇ ਨੇ। ਕਰਤਾਰ ਦੇ ਬਜ਼ਾਰਾਂ ਵਿੱਚ ਜੰਗ ਸ਼ਿਖ਼ਰ ’ਤੇ ਹੈ। ਮਾਤਾ ਜੀ ਨੇ ਵਾਪਸ ਆਉਣ ਦਾ ਸੁਨੇਹਾ ਭੇਜ ਦਿੱਤਾ ਹੈ, ਪਰ ਆਪ ਜੀ ਨੇ ਮਨ੍ਹਾ ਕਰ ਦਿੱਤਾ ਤੇ ਕਿਹਾ, “ਸੂਰਮਾ ਮੈਦਾਨ-ਏ-ਜੰਗ ’ਚੋਂ, ਦੋ ਹਾਲਤਾਂ ’ਚ ਰੁਖ਼ਸਤ ਹੁੰਦਾ ਹੈ— ਇੱਕ ਤਾਂ ਜੇ ਜੰਗ ਖ਼ਤਮ ਹੋ ਜਾਵੇ ਤੇ ਜੇਤੂ ਬਣਕੇ ਆਵੇ, ਨਹੀਂ ਤਾਂ ਜੰਗ ’ਚ ਸ਼ਹਾਦਤ ਪਾਉਣਾ ਹੀ ਸੂਰਮੇ ਦਾ ਧਰਮ ਹੈ। ਪੈਂਦੇ ਖ਼ਾਂ ਮਾਰਿਆ ਜਾ ਚੁੱਕਾ ਹੈ। ਹੁਣ ਕਾਲੇ ਖ਼ਾਂ ਅੱਗੇ ਆਇਆ। ਕਹਿੰਦੇ, “ਕਾਲੇ ਖ਼ਾਂ, ਪਹਿਲਾਂ ਵਾਰ ਤੂੰ ਕਰ ਲੈ।” ਕਹਿੰਦੇ ਨੇ ਕਾਲੇ ਖ਼ਾਂ ਘੋੜੇ ’ਤੇ ਖੜ੍ਹਾ ਵੀ ਕੰਬ ਰਿਹਾ ਸੀ। ਵਾਰ ਕੀਤਾ, ਪਰ ਖਾਲੀ ਗਿਆ। ਫਿਰ ਕਿਹਾ, “ਕਾਲੇ ਖਾਂ ਇੱਕ ਮੌਕਾ ਹੋਰ ਲੈ ਲੈ, ਵਾਰ ਤੂੰ ਕਰ।” ਸਿਪਾਹੀ ਵੀ ਹੈਰਾਨ ਨੇ ਕਿ ਕੀ ਕੌਤਕ ਵਰਤ ਰਿਹਾ। ਹੱਥ ਆਇਆ ਮੌਕਾ ਕਿਉਂ ਦੁਸ਼ਮਣ ਨੂੰ ਦਿੱਤਾ ਜਾ ਰਿਹਾ। ਪਰ ਫੇਰ ਕਿਹਾ, “ਕਾਲੇ ਖ਼ਾਂ, ਅੱਜ ਤੈਨੂੰ ਤੀਸਰਾ ਮੌਕਾ ਵੀ ਦਿੱਤਾ, ਇੱਕ ਵਾਰ ਹੋਰ ਕੋਸ਼ਿਸ਼ ਕਰ ਵੇਖ। ਇਸ ਵਾਰੀ ਦੀ ਅਸਫ਼ਲਤਾ ਦੇਖਕੇ ਕਿਹਾ, “ਜਤਨ ਕੀ ਨੇਸਤ ਪਲੋ ਜਤਨ ਈ ਅਸਤ— ਪੁੱਤਰ ਵਾਰ ਇੰਜ ਨਹੀਂ, ਇੰਜ ਕਰੀਦੈ। ਤੇ ਇੱਕ ਪਲ ਵਿੱਚ ਕਾਲੇ ਖ਼ਾਂ ਦਾ ਸਿਰ ਧੜ ਤੋਂ ਅਲੱਗ ਹੋ ਗਿਆ। ਜਾਪਦਾ ਸੀ ਜਿਵੇਂ ਗੁਰੂ ਮੈਦਾਨੇ ਜੰਗ ਵਿੱਚ ਵੀ ਯੁੱਧ ਵਿੱਦਿਆ ਸਿਖਾ ਰਹੇ ਹੋਣ। ਇਤਿਹਾਸਕ ਸਰੋਤ ਦੱਸਦੇ ਨੇ, ਕਿ ਇਸ ਜੰਗ ਨੂੰ ਜਿੱਤਣ ਤੋਂ ਬਾਅਦ ਆਪ ਜੀ ਦਾ ਨਾਮ ਤਿਆਗ ਮੱਲ ਤੋਂ ਤੇਗ਼ ਬਹਾਦਰ ਰੱਖ ਦਿੱਤਾ ਗਿਆ। ਇਸ ਸਮੇਂ ਸ਼ਹਿਜਾਦੇ ਦੀ ਝੋਲੀ ਦੋ ਵਸਤਾਂ ਪਾਈਆਂ ਗਈਆਂ— ਇੱਕ ਰੁਮਾਲ ਤੇ ਇੱਕ ਕਟਾਰ। ਸ਼ਾਇਦ ਇਹ ਰੁਮਾਲ ਹੀ ਸ਼੍ਰਿਸਟ ਦੀ ਚਾਦਰ ਬਣਿਆ।

  “ਅਬ ਤਕਦੀਰ ਭੀ ਝੁਕੇਮੀ ਮੇਰੀ ਸ਼ਮਸ਼ੀਰ ਕੇ ਆਗੇ” ਤੇ ਕਟਾਰ ਗੁਰੂ ਗੋਬਿੰਦ ਸਿੰਘ ਜੀ ਦੇ ਖ਼ਾਲਸਾ ਸਾਜਨਾ ਦਿਵਸ ਦੀ ਸ਼ਮਸ਼ੀਰ ਭਾਵ ਤੇਗ਼ ਬਣੀ।

  ਕਰਤਾਰਪੁਰ ਤੇ ਪਲਾਹੀ ਕੋਲ ਹੋਈਆਂ ਲੜਾਈਆਂ ਤੋਂ ਬਾਅਦ ਆਪ ਪਿਤਾ ਜੀ ਦੇ ਆਦੇਸ਼ ਅਨੁਸਾਰ ਮਾਤਾ ਨਾਨਕੀ ਤੇ ਗੁਜਰੀ ਜੀ ਨਾਲ ਨਾਨਕੇ ਪਿੰਡ ਬਕਾਲੇ ਆ ਗਏ। ਇੱਥੋਂ ਹੀ ਆਪ ਪਰਚਾਰਕ ਯਾਤਰਾਵਾਂ ’ਤੇ ਜਾਂਦੇ ਰਹੇ। ਲੋਕਾਂ ਨੂੰ ਵਹਿਮਾਂ-ਭਰਮਾਂ ਵਿੱਚੋਂ ਕੱਢ ਕੇ ਇੱਕ ਅਕਾਲ ਪੁਰਖ਼ ਦੇ ਲੜ ਲਾਇਆ। ਸੰਨ 1660 ਵਿੱਚ ਆਪ ਪੂਰਬ ਵੱਲ ਲੰਮੀ ਪ੍ਰਚਾਰ ਯਾਤਰਾ ’ਤੇ ਗਏ। ਨਾਲ ਕਈ ਗੁਰਸਿੱਖ ਸਨ। ਦਿੱਲੀ, ਮਥੁਰਾ, ਆਗਰਾ, ਪ੍ਰਯਾਗ ਤੇ ਕਾਸ਼ੀ ਹੁੰਦੇ ਹੋਏ ਗਯਾ ਰਾਹੀਂ ਪਟਨੇ ਪੁੱਜੇ। ਪਟਨੇ ਤੇ ਆਲੇ-ਦੁਆਲੇ ਇੱਕ ਸਾਲ ਸਿੱਖੀ ਦਾ ਪ੍ਰਚਾਰ ਕੀਤਾ। ਗੁਰੂ ਹਰਿ ਰਾਇ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਖ਼ਬਰ ਸੁਣ ਕੇ ਵਾਪਸ ਦਿੱਲੀ ਪਹੁੰਚੇ। ਗੁਰੂ ਹਰਿ ਕ੍ਰਿਸ਼ਨ ਜੀ ਤੇ ਉਹਨਾਂ ਦੀ ਮਾਤਾ ਸੁਲੱਖਣੀ ਜੀ ਨੂੰ ਮਿਲੇ। ਫਿਰ ਸਿੱਧੇ ਬਕਾਲੇ ਆ ਗਏ।

  ਪ੍ਰਚਲਿਤ ਸਿੱਖ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ ‘ਬਾਬਾ ਬਕਾਲੇ’ ਆਖ ਕੇ ਆਉਣ ਵਾਲੇ ਗੁਰੂ ਦਾ ਸੰਕੇਤ ਦੇ ਗਏ ਸਨ। ਭਾਈ ਮੱਖਣ ਸ਼ਾਹ ਲੁਬਾਣਾ ਨੇ ਉਹਨ੍ਹਾਂ ਨੂੰ ਪ੍ਰਗਟ ਕੀਤਾ ਸੀ।

  ਬਾਬਾ ਬਸੈ ਗਰਾਮ ਬਕਾਲੇ॥ ਬਣ ਗੁਰ ਸੰਗਤਿ ਸਕਲ ਸੰਭਾਲੈ॥

  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਿਤ ਕੀਤੀ ਬੀੜ ਧੀਰ ਮੱਲੀਆਂ ਕੋਲ ਸੀ। ਸੋ ਖ਼ਿਆਲ ਸੀ, ਅਗਲਾ ਗੁਰੂ ਉਹੀ ਹੋਵੇਗਾ, ਜਿਸ ਕੋਲ ਬੀੜ ਹੋਵੇਗੀ। ਸੌ ਮੰਜੀਆਂ ਲੱਗ ਗਈਆਂ। ਦਰਗਾਹ ਮੱਲ ਗੁਰਿਆਈ ਦੀਆਂ ਚੀਜ਼ਾਂ ਲੈ ਕੇ ਆਏ ਸਨ ਤੇ ਰਸਮੀ ਗੁਰਿਆਈ ਕਰ ਦਿੱਤੀ ਗਈ ਸੀ।

  ਮੱਖਣ ਸ਼ਾਹ ਦੀ ਕਿਉਂ ਲੋੜ ਪਈ? ਮੱਖਣ ਸ਼ਾਹ ਲੁਬਾਣਾ ਲੂਣ ਦੇ ਬਾਣੀਏ ਸਨ। ਜਿਹਲਮ ਦੇ ਕੰਢੇ ਉਹਨਾਂ ਦਾ ਲੂਣ ਦਾ ਵਪਾਰ ਸੀ। ਉਨ੍ਹਾਂ ਕੋਲ 100 ਤੋਂ ਉਪਰ ਬੇੜੇ, 1000 ਤੋਂ ਉਪਰ ਗੱਡਿਆਂ ਦਾ ਕਾਫ਼ਲਾ ਤੇ 500 ਅੰਗਰੱਖਿਅਕ ਸਨ। ਉਦੋਂ ਡਲਿਆਂ ਵਾਲਾ ਲੂਣ ਹੁੰਦਾ ਸੀ, ਜਿਹਨੂੰ ਅੱਜਕੱਲ੍ਹ ਪਾਕਿਸਤਾਨੀ ਲੂਣ ਕਹਿੰਦੇ ਹਨ। ਮੱਖਣ ਸ਼ਾਹ ਲੁਬਾਣਾ ਦਾ ਲੂਣ ਵਾਲਾ ਜਹਾਜ਼ ਫਸ ਗਿਆ। ਮੱਖਣ ਸ਼ਾਹ ਨੇ ਅਰਦਾਸ ਕੀਤੀ ਤੇ ਗੁਰੂ ਨੂੰ 500 ਮੋਹਰਾਂ ਭੇਂਟ ਕਰਨ ਦੀ ਸੁੱਖਣਾ ਕਾਮਨਾ ਕੀਤਾ। ਮੱਖਣ ਸ਼ਾਹ ਲੁਬਾਣਾ ਦਾ ਫਸਿਆ ਬੇੜਾ ਨਿਕਲ ਆਇਆ। ਉਸ ਨੂੰ ਦਿੱਲੀ ਆਣ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਬਾਰੇ ਤੇ ਅਗਲੇ ਗੁਰੂ ਦੀ ਦੱਸ ‘ਬਾਬੇ ਬਕਾਲੇ’ ਬਾਰੇ ਪਤਾ ਲੱਗਿਆ।

  ਬਾਬਾ ਬਕਾਲੇ ਆ ਕੇ 22-24 ਮੰਜੀਆਂ ਲੱਗੀਆਂ ਵੇਖ ਮੱਖਣ ਸ਼ਾਹ ਬੌਂਦਲ ਗਿਆ, ਕਿਹਨੂੰ ਕਿਹਨੂੰ ਮੱਥਾ ਟੇਕੇ?, ਸਭਨਾਂ ਦੇ ਏਜੰਟ ਆਪਣੇ ਗੁਰੂ ਨੂੰ ਅਸਲੀ ਗੁਰੂ ਦੱਸ ਕੇ ਪ੍ਰਚਾਰ ਕਰ ਰਹੇ ਸਨ। ਮੱਖਣ ਸ਼ਾਹ ਨੇ ਸਭ ਦੇ ਅੱਗੇ ਦੋ-ਦੋ ਮੋਹਰਾਂ ਦਾ ਮੱਥਾ ਟੇਕਿਆ, ਸਭਨੇ ਮਾਣ ਤਾਣ, ਸਿਰੋਪੇ ਬਖ਼ਸ਼ੇ। ਤਸੱਲੀ ਨ੍ਹੀ ਹੋਈ, ਪੁੱਛਿਆ ਕਿ ਕੋਈ ਹੋਰ ਵੀ ਰਹਿੰਦੈ ਇੱਥੇ? ਕਿਸੇ ਦੱਸਿਆ 26 ਸਾਲ ਹੋ ਗਏ ਭੋਰੇ ਵਿੱਚ ਕੋਈ ਤਪੱਸਵੀ ਬੈਠਾ, ਕਦੀ-ਕਦੀ ਰਾਤ ਬਰਾਤੇ ਹੀ ਬਾਹਰ ਨਿਕਲਦਾ, ਲੋਕ ‘ਤੇਗਾ’ ਕਹਿ ਕੇ ਬੁਲਾਉਂਦੇ ਹਨ। ਭੋਰੇ ’ਚ ਜਾ ਕੇ 50 ਮੋਹਰਾਂ ਦਾ ਮੱਥਾ ਟੇਕਿਆ। ਗੁਰੂ ਸਾਹਿਬ ਨੇ ਮੋਢੇ ਤੋਂ ਚਾਦਰ ਲਾਹੀ, ਜ਼ਖ਼ਮ ਦਿਖਾਏ ਤੇ ਕਿਹਾ, “ਮੱਖਣ ਸ਼ਾਹ ਇਹ ਉਹੀ ਮੋਢਾ, ਜਿਸ ਨੇ ਜਹਾਜ ਕੱਢਿਆ। ਹੁਣ 500 ਦੀ ਥਾਂ 50 ਮੋਹਰਾਂ?” ਮੱਖਣ ਸ਼ਾਹ ਨੇ ਰੌਲਾ ਪਾਇਆ, “ਗੁਰੂ ਲਾਧੋ ਰੇ।” ਗੁਰੂ ਸਾਹਿਬ ਨੇ ਕਿਹਾ ਰੌਲਾ ਨਾ ਪਾ। ਕਹਿੰਦਾ ਮੈਂ ਤਾਂ ਪਾਊਂਗਾ। ਕਹਿੰਦੇ ਤੇਰਾ ਮੂੰਹ ਕਾਲਾ ਕੀਤਾ ਜਾਵੇਗਾ, ਕਹਿੰਦਾ ਮੂੰਹ ਕਾਲਾ ਮੈਂ ਆਪੇ ਹੀ ਕਰ ਲਾਵਾਂਗਾ ਪਰ ਰੌਲਾ ਜ਼ਰੂਰ ਪਾਵਾਂਗਾ— “ਗੁਰੂ ਲਾਧੋ ਰੇ, ਤਾਂ ਕਿ ਸਿੱਖ ਸੰਗਤ ਇਨ੍ਹਾਂ ਮਸੰਦਾਂ ਤੋਂ ਖ਼ਬਰਦਾਰ ਰਹੇ।”

  ਇਸ ਮਗਰੋਂ ਆਪ ਨੇ ਪੰਜਾਬ ਹਰਿਆਣੇ ਦੇ ਇਲਾਕਿਆਂ ਦਾ ਦੌਰਾ ਕੀਤਾ। ਆਪ ਜੀ ਦੇ ਨਾਲ ਭਾਈ ਦਵਾਰਕਾ ਦਾਸ, ਭਾਈ ਮੱਖਣ ਸ਼ਾਹ ਤੇ ਕਈ ਹੋਰ ਸਿੱਖ ਸਨ। ਨਵੰਬਰ 1664 ਵਿੱਚ ਆਪ ਅੰਮ੍ਰਿਤਸਰ ਪਹੁੰਚੇ। ਮਸੰਦਾਂ ਨੇ ਪੂਜਾ ਦੀ ਭੇਟਾ ਖੁਸਣ ਦੇ ਡਰੋਂ ਦਰਬਾਰ ਸਾਹਿਬ ਦੇ ਦਰਵਾਜੇ ਬੰਦ ਕਰ ਲਏ। ਗੁਰੂ ਸਾਹਿਬ ਅਕਾਲ ਤਖ਼ਤ ਦੇ ਨੇੜੇ ਥੜ੍ਹੇ ’ਤੇ ਬੈਠ ਗਏ। ਇੱਥੇ ਅੱਜਕੱਲ੍ਹ ਗੁਰਦੁਆਰਾ ਥੜ੍ਹਾ ਸਾਹਿਬ ਸੁਸ਼ੋਭਿਤ ਹੈ। ਉਥੋਂ ਕਰਤਾਰਪੁਰ ਗਏ, ਉਥੇ ਵੀ ਮਸੰਦਾਂ ਦੀ ਚੜ੍ਹਤ ਸੀ। ਫਿਰ ਕੀਰਤਪੁਰ ਆਏ, ਜਿੱਥੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਅੰਗੀਠਾ ਹੈ, ਜਿਸ ਨੂੰ ਪਤਾਲਪੁਰੀ ਵੀ ਆਖਦੇ ਹਨ। ਉੱਥੇ ਵੀ ਥੜ੍ਹਾ ਬਣਵਾਇਆ।

  ਉੱਥੋਂ 13 ਮਈ 1665 ਨੂੰ ਬਿਲਾਸਪੁਰ ਆਏ। ਆਪਣੇ ਪੰਜ ਸਿੱਖਾਂ ਨੂੰ ਰਾਜਾ ਭੀਮ ਚੰਦ ਕੋਲ ਭੇਜਿਆ। ਭੀਮ ਚੰਦ ਨੇ ਸੋਚਿਆ ਜੇ ਨਾਂਹ ਕਰਾਂਗਾ ਤਾਂ ਅਕ੍ਰਿਤਘਣ ਬਣਾਂਗਾ, ਕਿਉਂਕਿ ਉਸ ਦੇ ਬਾਬੇ ਤਾਰਾ ਚੰਦ ਨੂੰ ਛੇਵੇਂ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਆਜ਼ਾਦ ਕਰਵਾਇਆ ਸੀ। ਸੋਚਿਆ, ਮਾੜੀ ਜਗ੍ਹਾ ਦੇ ਦਿੱਤੀ ਜਾਵੇ। ਮਾਖੋਵਾਲ ਵਿਖੇ ਜਗ੍ਹਾ ਦੇ ਦਿੱਤੀ, ਜਿੱਥੇ ਦੋ ਮੁਸਲਮਾਨ ਪ੍ਰੇਤ ਰਹਿੰਦੇ ਸਨ— ਮਾਖਾ ਖ਼ਾਂ ਤੇ ਗਾਟਾ ਖ਼ਾਂ। 19 ਜੂਨ 1665 ਨਵੇਂ ਅਸਥਾਨ ਦੀ ਮੋਹੜੀ ਗੱਡੀ ਤੇ ਪਿੰਡ ਦਾ ਨਾਂ ‘ਚਕ ਮਾਤਾ ਨਾਨਕੀ’ ਰੱਖਿਆ। ਚਾਰ ਕੁ ਮਹੀਨਿਆਂ ਮਗਰੋਂ ਮਾਤਾ ਗੁਜਰੀ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲ ਦਾਸ ਤੇ ਕੁੱਝ ਹੋਰ ਸਿੱਖਾਂ ਨਾਲ ਗੁਰੂ ਪਟਨੇ ਵੱਲ ਦੀ ਦੂਜੀ ਯਾਤਰਾ ਵੱਲ ਤੁਰ ਪਏ। ਸਮੇਂ ਦੀ ਹਕੂਮਤ ਗੁਰੂ ਜੀ ਦੇ ਪ੍ਰਚਾਰ ਤੇ ਸੰਗਤਾਂ ਵਿੱਚ ਵੱਧਦੇ ਰਸੂਖ਼ ਤੋਂ ਘਬਰਾ ਚੁੱਕੀ ਸੀ। ਧਮਤਾਣ ਵਿੱਚ ਉਹਨਾਂ ਦੀ ਗ੍ਰਿਫ਼ਤਾਰੀ ਦਾ ਹੁਕਮ ਜਾਰੀ ਹੋ ਗਿਆ। 6 ਨਵੰਬਰ 1665 ਨੂੰ ਗ੍ਰਿਫ਼ਤਾਰੀ ਹੋਈ। ਗੁਰੂ ਜੀ ਨੂੰ ਇਸਲਾਮ ਧਾਰਨ ਕਰਨ ਜਾਂ ਕਰਾਮਾਤ ਵਿਖਾਉਣ ਲਈ ਕਿਹਾ, ਜਾਂ ਫਿਰ ਮੌਤ ਕਬੂਲ ਕਰਨੀ ਪਵੇਗੀ। ਔਰੰਗਜ਼ੇਬ ਨਾਲ ਲੰਬੀ ਵਾਰਤਾ ਹੋਈ। ਗੁਰੂ ਸਾਹਿਬ ਨੇ ਪੁੱਛਿਆ ਕੀ ਇਹ ਨਿਸ਼ਚਿਤ ਹੈ ਕਿ ਇਸਲਾਮ ਧਾਰਨ ਕਰਨ ਤੋਂ ਬਾਅਦ ਕਦੇ ਮੌਤ ਨਹੀਂ ਹੋਵੇਗੀ, ਤਾਂ ਮੈਂ ਕਬੂਲ ਕਰ ਲਵਾਂਗਾ। ਔਰੰਗਜ਼ੇਬ ਨੇ ਕਿਹਾ, ਇਹ ਸਭ ਜਾਣਦੇ ਨੇ, ਮੌਤ ਤਾਂ ਅਟੱਲ ਹੈ, ਗੁਰੂ ਸਾਹਿਬ ਕਿਹਾ, ਫੇਰ ਮੈਂ ਕਿਉਂ ਤੇਰਾ ਧਰਮ ਅਪਣਾਵਾਂ?। ਕਰਾਮਾਤ ਦਿਖਾਉਣ ਦੀ ਸੂਰਤ ਵਿੱਚ ਕਿਹਾ, ਕਿ ਸਿੱਖ ਕਰਾਮਾਤ ਨਹੀਂ ਦਿਖਾਉਂਦਾ ਬਲਕਿ ਕੁਦਰਤ ਦੀ ਕਰਾਮਾਤ ਦੇਖਣ ਆਉਂਦਾ ਹੈ। ਮੌਤ ਦੀ ਸਜ਼ਾ ਸੁਣ ਕੇ ਗੁਰੂ ਸਾਹਿਬ ਮੁਸਕਰਾ ਪਏ, ਔਰੰਗਜ਼ੇਬ ਨੂੰ ਖਿੱਝ ਆਈ ਕਿ ਹੱਸਣ ਦੀ ਕੀ ਵਜ੍ਹਾ?। ਗੁਰੂ ਜੀ ਨੇ ਕਿਹਾ ਕਿ ਮੌਤ ਆਈ ਤੋਂ ਤਾਂ ਵੀ ਬਚ ਨਹੀਂ ਸਕਣਾ, ਫਿਰ ਇਸ ਤੋਂ ਕੀ ਡਰਨਾ? ਦਸੰਬਰ 1665 ਵਿੱਚ ਆਪ ਜੀ ਨੂੰ ਰਿਹਾ ਕਰ ਦਿੱਤਾ ਗਿਆ। ਉਪਰੰਤ ਦਿੱਲੀ ਤੋਂ ਹਰਦੁਆਰ, ਮਥੁਰਾ, ਆਗਰਾ, ਕਾਨਪੁਰ, ਇਲਾਹਾਬਾਦ, ਗਯਾ ਹੁੰਦੇ ਹੋਏ ਪਟਨਾ ਪਹੁੰਚੇ। ਮਾਤਾ ਗੁਜਰੀ ਜੀ ਨੂੰ ਉਥੇ ਛੱਡ ਕੇ ਅਸਾਮ ਵੱਲ ਗਏ।

  ਇੰਨੀ ਦਿਨੀਂ ਔਰੰਗਜ਼ੇਬ ਨੇ ਹਿੰਦੂਆਂ ’ਤੇ ਜ਼ੁਲਮ ਦੀ ਇੰਤਹਾ ਕਰ ਦਿੱਤੀ। ਮੰਦਰ ਢਾਹੇ ਗਏ, ਵਿਦਿਆਲੇ ਬੰਦ ਕਰ ਦਿੱਤੇ। ਜ਼ਬਰੀਂ ਧਰਮ ਪਰਿਵਰਤਨ ਆਰੰਭ ਦਿੱਤਾ। ਹਿੰਦੂ ਮੇਲਿਆਂ ’ਤੇ ਪਾਬੰਦੀ ਲਾ ਦਿੱਤੀ ਗਈ। ਹਿੰਦੂਆਂ ਨੂੰ ਦਿਲਾਸਾ ਦੇਣ ਲਈ ਗੁਰੂ ਸਾਹਿਬ ਪਟਨੇ ਪਰਿਵਾਰ ਨੂੰ ਮਿਲ ਕੇ ‘ਭੈ ਕਾਹੂ ਕੋ ਦੇਤਿ ਨਹਿ, ਨਹਿ ਭੈ ਮਾਨਤ ਆਨ॥” ਦਾ ਉਪਦੇਸ਼ ਦਿੰਦੇ ਪੰਜਾਬ ਵੱਲ ਤੁਰ ਪਏ। ਸਾਲ ਕੁ ਬਕਾਲੇ ਰਹਿ ਕੇ 1672 ਦੇ ਆਰੰਭ ਵਿੱਚ ਚਕ ਨਾਨਕੀ ਪੁੱਜੇ।

  25 ਮਈ 1675 ਨੂੰ ਕਸ਼ਮੀਰੀ ਪੰਡਿਤਾਂ ਦਾ ਮੁਖੀ ਪੰਡਿਤ ਕਿਰਪਾ ਰਾਮ 16 ਪ੍ਰਮੁੱਖ ਪੰਡਿਤਾਂ ਦਾ ਇਕ ਵਫ਼ਦ ਲੈ ਕੇ ਆਨੰਦਪੁਰ ਸਾਹਿਬ ਗੁਰੂ ਦਰਬਾਰ ਵਿੱਚ ਪੇਸ਼ ਹੋਇਆ। ਇਹ ਪੰਡਿਤ ਬ੍ਰਹਮਦਾਸ ਦੇ ਖ਼ਾਨਦਾਨ ਵਿੱਚੋਂ ਸੀ, ਬ੍ਰਹਮਦਾਸ ਜਿਸ ਦਾ ਗੁਰੂ ਨਾਨਕ ਦੇਵ ਜੀ ਨੇ ਕਸ਼ਮੀਰ ਦੇ ‘ਮਟਨ’ ਇਲਾਕੇ ਵਿੱਚ ਵਿੱਦਿਆ ਦਾ ਹੰਕਾਰ ਤੋੜਿਆ ਸੀ। ਭਾਈ ਚੌਪਾ ਸਿੰਘ ਅਨੁਸਾਰ ਪੰਡਿਤ ਕਿਰਪਾ ਦਾਸ ਬਾਲ ਗੋਬਿੰਦ ਰਾਏ ਜੀ ਨੂੰ ਸੰਸਕ੍ਰਿਤ ਦੀ ਵਿੱਦਿਆ ਦਿੰਦਾ ਰਿਹਾ ਸੀ। ਕੇਸਰ ਸਿੰਘ ਛਿੱਬਰ ਦੀਆਂ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਪੰਡਿਤ ਕਿਰਪਾ ਰਾਮ ਖੰਡੇ ਦੀ ਪਾਹੁਲ ਲੈ ਕੇ ਸਿੱਖੀ ਦੇ ਦਾਇਰੇ ਵਿੱਚ ਆ ਗਿਆ ਸੀ ਤੇ ਚਮਕੌਰ ਸਾਹਿਬ ਦੀ ਜੰਗ ਵਿੱਚ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ।

  ਪੰਡਿਤ ਕਿਰਪਾ ਰਾਮ ਨੇ ਇਸਲਾਮ ਨਾ ਕਬੂਲਣ ਦੀ ਸੂਰਤ ਵਿੱਚ ਕੀਤੇ ਜਾ ਰਹੇ ਕਤਲੇਆਮ ਦਾ ਵੇਰਵੇ ਸਹਿਤ ਵਰਨਣ ਕੀਤਾ। ਸਭ ਕੁੱਝ ਸੁਣ ਕੇ ਦਰਬਾਰ ਵਿੱਚ ਬੈਠੀਆਂ ਸੰਗਤਾਂ ਵਿਆਕੁਲ ਹੋ ਉੱਠੀਆਂ। ਇਤਿਹਾਸ ਗਵਾਹ ਹੈ, 9 ਸਾਲ ਦੇ ਬਾਲ ਗੋਬਿੰਦ ਨੇ ਪੁੱਛਿਆ, “ਇਹਨਾਂ ਦੁਖਿਆਰਿਆਂ ਦੀ ਮਦਦ ਕਿਵੇਂ ਕੀਤੀ ਜਾ ਸਕਦੀ ਹੈ?” ਗੁਰੂ ਸਾਹਿਬ ਨੇ ਕਿਹਾ, “ਇਹਨਾਂ ਦੀ ਮਦਦ ਲਈ ਕੁਰਬਾਨੀ ਦੀ ਲੋੜ ਹੈ।” ਗੋਬਿੰਦ ਰਾਏ ਜੀ ਨੇ ਪੂਰੇ ਵਿਸ਼ਵਾਸ ਨਾਲ ਕਿਹਾ, “ਪਿਤਾ ਜੀ ਇਸ ਕੁਰਬਾਨੀ ਲਈ ਤੁਹਾਡੇ ਤੋਂ ਵੱਧ ਯੋਗ ਹੋਰ ਕੌਣ ਹੋ ਸਕਦਾ?” ਸੁਣ ਕੇ ਸ਼ਰਧਾਵਾਨ ਸਿੱਖ ਠਠੰਬਰ ਗਏ ਤੇ ਸਾਹਿਬਜ਼ਾਦੇ ਨੂੰ ਪੁੱਛਣ ਲੱਗੇ, “ਤੁਹਾਨੂੰ ਆਪਣੀ ਕਹੀ ਹੋਈ ਗੱਲ ਦਾ ਅਰਥ ਪਤਾ ਹੈ? ਤੁਸੀਂ ਅਜੇ ਬਚਪਨ ਵਿੱਚ ਹੋ, ਤੁਹਾਡਾ ਪਾਲਣ ਪੋਸ਼ਣ ਕਿਵੇਂ ਹੋਵੇਗਾ?” ਉਨ੍ਹਾਂ ਦੇ ਸਾਹਸੀ ਜੁਆਬ ਨੂੰ ਸਮਕਾਲੀ ਕਵੀ ਨੇ ਇੰਜ ਬਿਆਨ ਕੀਤਾ:

  ਜਬ ਹੋਤੇ ਉਦਮ ਮੇ ਮਾਤ ਕੇ, ਕਰੇ ਰਖਵਾਹੀ ਜੋਇ॥

  ਅਬ ਤੋ ਭਏ ਕਈ ਸਾਲ ਕੇ, ਕਿਉ ਨ ਸਹਾਇ ਹੋਇ॥

  ਗੁਰੂ ਸਾਹਿਬ ਨੇ ਬਾਲ ਗੋਬਿੰਦ ਰਾਏ ਨੂੰ ਸਾਬਾਸ਼ ਦਿੱਤੀ ਤੇ ਸੰਗਤਾਂ ਨੂੰ ਅਗਲੇ ਵਾਰਸ ਤੇ ਕੁਰਬਾਨੀ ਦੇ ਜਜ਼ਬੇ ਦੇ ਦੀਦਾਰ ਕਰਵਾ ਦਿੱਤੇ। ਗੁਰੂ ਜੀ ਨੇ ਪੰਡਿਤਾਂ ਨੂੰ ਕਿਹਾ ਕਿ ਬਾਦਸ਼ਾਹ ਤੱਕ ਇਹ ਸੁਨੇਹਾ ਪਹੁੰਚਾ ਦਿਉ ਕਿ ਜੇ ਗੁਰੂ ਤੇਗ਼ ਬਹਾਦਰ ਨੂੰ ਮੁਸਲਮਾਨ ਬਣਾ ਦਿਉ ਤਾਂ ਸਾਰੀ ਕੌਮ ਇਸਲਾਮ ਧਾਰਨ ਕਰ ਲਵੇਗੀ। ਪੰਡਿਤਾਂ ਸੁੱਖ ਦਾ ਸਾਹ ਲਿਆ ਤੇ ਦਿੱਲੀ ਵੱਲ ਕੂਚ ਕੀਤਾ।

  ਪੰਡਿਤਾਂ ਦੇ ਵਫ਼ਦ ਨੂੰ ਤੋਰਨ ਬਾਅਦ ਗੁਰੂ ਸਾਹਿਬ ਨੇ ਦਿੱਲੀ ਜਾਣ ਦੀ ਤਿਆਰੀ ਆਰੰਭ ਦਿੱਤੀ। ਸਾਹਿਬਜ਼ਾਦੇ ਗੋਬਿੰਦ ਰਾਏ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸਮਝਾ ਕੇ ਅਕਾਲ ਪੁਰਖ਼ ਦੀ ਬੰਦਗੀ ਵਿੱਚ ਰਹਿਣ ਦੀ ਸਿੱਖਿਆ ਦ੍ਰਿੜ੍ਹ ਕਰਵਾਈ। 8 ਜੁਲਾਈ 1675 ਨੂੰ ਗੋਬਿੰਦ ਰਾਏ ਜੀ ਨੂੰ ਗੁਰਗੱਦੀ ਸੌਂਪ ਦਿੱਤੀ।

  ਚਿਤਿ ਚਰਣ ਕੰਵਲ ਕਾ ਆਸਰਾ, ਚਿਤ ਚਰਣ ਕੰਵਲ ਸੰਗ ਜੋੜੀਏ॥

  ਮਨ ਲੋਚੈ ਬੁਰਿਅਈਆ, ਗੁਰ ਸਬਦੀਂ ਇਹ ਮਨ ਹੋੜੀਏ॥

  ਬਾਂਹਿ ਜਿਨਾਂ ਦੀ ਪਕੜੀਏ, ਸਿਰ ਦੀਜੈ ਬਾਂਹਿ ਨ ਛੋੜੀਏ॥

  ਤੇਗ਼ ਬਹਾਦਰ ਬੋਲਿਆ, ਧਰ ਪਈਐ, ਧਰਮ ਨ ਛੋੜੀਏ॥

  ਉਹਨੀਂ ਦਿਨੀਂ ਔਰੰਗਜ਼ੇਬ 7 ਅਪ੍ਰੈਲ 1674 ਨੂੰ ਦਿੱਲੀ ਤੋਂ ਫਰੰਟੀਅਰ ਵੱਲ ਕੂਚ ਕਰ ਚੁੱਕਾ ਸੀ। ਜਿੱਥੋਂ ਉਹ 29 ਮਾਰਚ 1676 ’ਚ ਵਾਪਸ ਮੁੜਿਆ। ਗੁਰੂ ਤੇਗ਼ ਬਹਾਦਰ ਜੀ 8 ਜੁਲਾਈ 1675 ਨੂੰ ਗੋਬਿੰਦ ਰਾਏ ਜੀ ਦੀ ਗੁਰਗੱਦੀ ਨਸ਼ੀਨੀ ਦੀ ਰਸਮ ਪੂਰੀ ਕਰਨ ਬਾਅਦ ਤਿੰਨੋ ਸਿੱਖਾਂ ਸਮੇਤ ਚੱਕ ਨਾਨਕੀ (ਆਨੰਦਪੁਰ ਸਾਹਿਬ) ਤੋਂ ਰਵਾਨਾ ਹੋ ਗਏ। ਕੀਰਤਪੁਰ ਸਾਹਿਬ ਪਹੁੰਚ ਕੇ ਸੰਗਤਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਦਾ ਉਪਦੇਸ਼ ਦਿੱਤਾ। 11 ਜੁਲਾਈ ਸਰਸਾ ਨਦੀ ਪਾਰ ਕਰਕੇ ਮਲਕਪੁਰ ਰੰਘੜਾ ਪਹੁੰਚੇ ਤਾਂ ਥਾਣੇਦਾਰ ਰੋਪੜ ਮਿਰਜਾ ਨੂਰ ਮੁਹੰਮਦ ਨੇ ਗੁਰੂ ਜੀ ਨੂੰ ਤਿੰਨਾਂ ਸਿੱਖਾਂ ਸਮੇਤ ਸਰਹਿੰਦ ਦੇ ਸੂਬੇਦਾਰ ਪਾਸ ਭੇਜ ਦਿੱਤਾ। ਗੁਰੂ ਸਾਹਿਬ ਦੀ ਇਹ ਤੀਜੀ ਗ੍ਰਿਫ਼ਤਾਰੀ ਸੀ। ਬਸੀ ਪਠਾਣਾਂ ਵਿੱਚ ਗੁਰੂ ਜੀ ਤੇ ਤਿੰਨਾਂ ਸਿੱਖਾਂ ਨੂੰ ਸਾਢੇ ਤਿੰਨ ਮਹੀਨੇ ਰੱਖਿਆ ਗਿਆ। ਜਦੋਂ ਬਾਦਸ਼ਾਹ ਦਾ ਹੁਕਮ ਆਇਆ ਕਿ ਗੁਰੂ ਤੇਗ਼ ਬਹਾਦਰ ਜੀ ਨੂੰ ਕੈਦ ਕੀਤਾ ਜਾਵੇ ਤਾਂ ਗੁਰੂ ਜੀ ਨੂੰ ਦਿੱਲੀ ਵੱਲ ਭੇਜਿਆ ਗਿਆ। ਜਿੱਥੇ ਉਹਨ੍ਹਾਂ ਨੂੰ 3 ਨਵੰਬਰ 1675 ਨੂੰ ਚਾਂਦਨੀ ਚੌਂਕ ਵਾਲੀ ਕੋਤਵਾਲੀ ਵਿੱਚ ਕੈਦ ਕੀਤਾ ਗਿਆ।

  4 ਨਵੰਬਰ ਨੂੰ ਗੁਰੂ ਜੀ ਨੂੰ ਸੂਬੇਦਾਰ ਸਾਫ਼ੀ ਖ਼ਾਨ ਦੇ ਸਾਹਮਣੇ ਪੇਸ਼ ਕੀਤਾ ਗਿਆ।  ਗੁਰੂ ਜੀ ਨੂੰ ਤਿੰਨ ਦਿਨ ਲਗਤਾਰ ਤਰ੍ਹਾਂ-ਤਰ੍ਹਾਂ ਦੇ ਤਸੀਹੇ ਦਿੱਤੇ ਗਏ। ਗੁਰੂ ਜੀ ਦੇ ਸਰੀਰ ’ਤੇ ਗਰਮ ਰੇਤ ਪਾਈ ਗਈ। ਚੌਥੇ ਦਿਨ ਜ਼ੁਲਮ ਦੀ ਇੰਤਹਾ ਕਰ ਦਿੱਤੀ। ਗੁਰੂ ਜੀ ਦੇ ਸਰੀਰ ਨੂੰ ਬਲਦੇ ਥੰਮ ਨਾਲ ਬੰਨ੍ਹ ਕੇ ਅਕਹਿ ਤਸੀਹੇ ਦਿੱਤੇ ਗਏ। 11 ਨਵੰਬਰ 1675 ਨੂੰ ਕੋਤਵਾਲੀ ਤੋਂ ਲਿਆ ਕੇ ਬਾਹਰ ਰੁੱਖ ਹੇਠਾਂ ਬਿਠਾ ਦਿੱਤਾ ਗਿਆ। ਉਹਨਾਂ ਦੇ ਸਾਮ੍ਹਣੇ ਭਾਈ ਮਤੀ ਦਾਸ ਜੀ ਨੂੰ ਲੱਕੜੀ ਦੀਆਂ ਦੋ ਮੋਟੀਆਂ ਗੇਲੀਆਂ ਵਿੱਚ ਜੜਕੇ ਆਰੇ ਨਾਲ ਚੀਰ ਕੇ ਸ਼ਹੀਦ ਕਰ ਦਿੱਤਾ। ਫੇਰ ਭਾਈ ਦਿਆਲਾ ਜੀ ਨੂੰ ਭੱਠੀ ਉੱਤੇ ਉੱਬਲਦੇ ਪਾਣੀ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ। ਭਾਈ ਸਤੀਦਾਸ ਜੀ ਦੁਆਲੇ ਰੂੰਅ ਲਪੇਟ ਕੇ ਅੱਗ ਲਾ ਦਿੱਤੀ। ਸਾਰਾ ਸਰੀਰ ਸੜ ਗਿਆ ਤੇ ਭਾਈ ਸਾਹਿਬ ਸ਼ਹੀਦ ਹੋ ਗਏ। ਤਿੰਨਾਂ ਗੁਰਸਿੱਖਾਂ ਨੇ ਭਿਆਨਕ, ਅਣਮਨੁੱਖੀ ਤਸ਼ਦਦ ਤਾਂ ਸਹਿ ਲਿਆ, ਪਰ ਸਿੱਖੀ ਨਹੀਂ ਤਿਆਗੀ। ਇਹ ਹਾਕਮਾਂ ਦੀ ਸਪੱਸ਼ਟ ਹਾਰ ਸੀ।  ਝੁੰਜਲਾਏ ਹੋਏ ਕਾਜੀ ਅਬਦੁੱਲ ਵਹਾਬ ਵੋਹਰਾ ਨੇ ਫਤਵਾ ਦਿੱਤਾ ਕਿ ਗੁਰੂ ਜੀ ਦਾ ਸੀਸ ਤਲਵਾਰ ਨਾਲ ਧੜ ਤੋਂ ਜੁਦਾ ਕਰ ਦਿੱਤਾ ਜਾਵੇ। ਸਮ੍ਹਾਣੇ ਦੇ ਜਲਾਦ ਜਲਾਲੁਦੀਨ ਨੇ ਕਾਜ਼ੀ ਦਾ ਇਸ਼ਾਰਾ ਮਿਲਣ ’ਤੇ ਇਕੋ ਵਾਰ ਨਾਲ ਗੁਰੂ ਜੀ ਦਾ ਪਵਿੱਤਰ ਸੀਸ ਧੜ ਨਾਲੋਂ ਵੱਖ ਕਰ ਦਿੱਤਾ। ਦਸਮ ਪਾਤਸ਼ਾਹ ਦਾ ਹਜੂਰੀ ਕਵੀ ਸੈਨਾਪਤਿ ਗੁਰ ਸ਼ੋਭਾ ਗ੍ਰੰਥ ਵਿੱਚ ਲਿਖਦਾ ਹੈ:

  ਪ੍ਰਗਟ ਭਏ ਗੁਰੂ ਤੇਗ ਬਹਾਦਰ। ਸਗਲ ਸ੍ਰਿਸਟ ਪੈ ਢਾਪੀ ਚਾਦਰ।

  ਕਰਮ ਧਰਮ ਕੀ ਜਿਨਿ ਪਤਿ ਰਾਖੀ। ਅਟਲ ਕਰੀ ਕਲਿਯੁਗ ਮੈ ਸਾਖੀ॥

  ਅੱਜ ਅਸੀਂ ਸ੍ਰਿਸ਼ਟ ਦੀ ਚਾਦਰ ਦੇ ਅਰਥ ਸੰਕੀਰਣ ਕਰਦੇ ਜਾ ਰਹੇ ਹਾਂ, ਸ੍ਰਿਸ਼ਟ ਦੀ ਚਾਦਰ ਨੂੰ ਹਿੰਦ ਦੀ ਚਾਦਰ ਕਹਿਣਾ ਸ਼ੁਰੂ ਕਰ ਦਿੱਤਾ ਹੈ। ਭਾਈ ਜੈਤਾ ਜੀ ਤੇ ਭਾਈ ਗੁਰਬਖ਼ਸ਼ ਜੀ ਭੇਸ ਬਦਲ ਕੇ ਕੋਤਵਾਲੀ ਦੇ ਇਰਦ ਗਿਰਦ ਫਿਰਦੇ ਸਨ ਤੇ ਰੋਜ਼ ਦੀਆਂ ਖ਼ਬਰਾਂ ‘ਧਰਮਸ਼ਾਲਾ’ ਪਹੁੰਚਾਂਦੇ ਸਨ। ਡਾ. ਹਰੀ ਰਾਮ ਗੁਪਤਾ ਅਨੁਸਾਰ, “ਭਾਈ ਜੈਤਾ ਜੀ ਹੱਥ ’ਚ ਝਾੜੂ ਬਾਲਟੀ ਲੈ ਕੇ ਕਰਮਚਾਰੀ ਦੇ ਰੂਪ ਵਿੱਚ ਚਾਂਦਨੀ ਚੌਂਕ ਵਿੱਚ ਸਨ। ਇਹਨਾਂ ਨੇ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੇ ਸ਼ਰੀਰਾਂ ਦੇ ਬਚੇ ਅਵਸ਼ੇਸਾਂ ਨੂੰ ਇਕੱਠੇ ਕਰ ਜਮਨਾ ਵਿੱਚ ਪ੍ਰਵਾਹਿਤ ਕਰ ਦਿੱਤਾ ਸੀ। ”

  ਸਰਕਾਰ ਦਾ ਮਨਸੂਬਾ ਸੀ, ਗੁਰੂ ਜੀ ਦੇ ਸਰੀਰ ਦੇ ਅੰਗਾਂ ਨੂੰ ਅੱਡ-ਅੱਡ ਗੇਟਾਂ ’ਤੇ ਟੰਗਿਆ ਜਾਵੇ, ਸ਼ਰਧਾਲੂ ਸਿਰਲੱਥ ਜਵਾਨਾਂ ਨੇ ਸਰਕਾਰ ਦਾ ਮਨਸੂਬਾ ਫੇਲ ਕਰਨ ਲਈ ਇਕੱਠੇ ਹੋ ਕੇ ਵਿਚਾਰਾਂ ਕੀਤੀਆਂ। ਇਹਨਾਂ ਵਿੱਚ ਭਾਈ ਨਾਨੂੰ, ਭਾਈ ਜੈਤਾ, ਭਾਈ ਊਦਾ ਤੇ ਭਾਈ ਤੁਲਸੀ ਸਨ। ਭਾਈ ਨਾਨੂੰ ਨੇ ਤਜਵੀਜ਼ ਰੱਖੀ ਕਿ ਇਸ ਕੰਮ ਲਈ ਲੱਖੀ ਸ਼ਾਹ ਵਣਜਾਰੇ ਦੇ ਸੂਰਬੀਰ ਸਪੁੱਤਰਾਂ— ਨਗਾਹੀਆਂ, ਹੇਮਾ ਤੇ ਹਾੜੀ ਨੂੰ ਨਾਲ ਰਲਾਇਆ ਜਾਵੇ। ਉਸੇ ਦਿਨ ਉਹਨਾਂ ਦਾ ਟਾਂਡਾ (ਗੱਡਿਆਂ ਦਾ ਕਾਫ਼ਲਾ) ਨਰਮੌਲ ਤੋਂ ਵਾਪਸ ਆ ਰਿਹਾ ਸੀ। ਇਸ ਕੰਮ ਲਈ ਲੱਖੀ ਸ਼ਾਹ ਵਣਜਾਰੇ ਨੇ ਸਹਿਮਤੀ ਪ੍ਰਗਟ ਕੀਤੀ ਤੇ ਫ਼ੈਸਲਾ ਕੀਤਾ ਕਿ ਲੱਖੀ ਸ਼ਾਹ ਦਾ ਸਾਰਾ ਟਾਂਡਾ ਜਮਨਾ ਕੰਢਿਓਂ, ਚਾਂਦਨੀ ਚੌਂਕ ਵੱਲ ਰਵਾਨਾ ਕੀਤਾ ਜਾਵੇ। ਇਸ ਬਾਰੇ ਹਕੂਮਤ ਨੂੰ ਸ਼ੱਕ ਨ੍ਹੀ ਪੈ ਸਕਦਾ, ਕਿਉਂਕਿ ਉਹ ਸਰਕਾਰੀ ਠੇਕੇਦਾਰ ਸੀ।

  ਯੋਜਨਾ ਅਨੁਸਾਰ ਭਾਈ ਨਾਨੂੰ, ਜੈਤਾ, ਊਦਾ ਤੇ ਅਗਿਆਰਾਮ ਟਾਂਡੇ ਦੇ ਨਾਲ ਚਾਂਦਨੀ ਚੌਂਕ ਪਹੁੰਚੇ। ਹਨ੍ਹੇਰੇ ਦਾ ਲਾਭ ਉਠਾਂਦਿਆਂ ਗੁਰੂ ਜੀ ਦਾ ਸੀਸ ਚੁੱਕ ਲਿਆ। ਭਾਈ ਜੈਤਾ ਜੀ ਪਾਵਨ ਸੀਸ ਆਪਣੇ ਗ੍ਰਹਿ ਲੈ ਗਏ ਤੇ ਸਤਿਕਾਰ ਨਾਲ ਖਾਰੇ ਵਿੱਚ ਪਾ ਕੇ ਪੱਤੀਆਂ ਨਾਲ ਢੱਕ ਕੇ ਅਦਬ ਨਾਲ ਚੁੱਕ ਕੇ ਆਨੰਦਪੁਰ ਸਾਹਿਬ ਲੈ ਜਾਣ ਦੀ ਤਿਆਰੀ ਕੀਤੀ। ਰਸਤੇ ਵਿੱਚ ਪੰਜ ਪੜ੍ਹਾਅ ਕੀਤੇ— ਬਾਗਪੱਤ, ਤਰਾਉੜੀ (ਕਰਨਾਲ), ਅਨਾਜ ਮੰਡੀ ਸੀਸ ਗੰਜ ਅੰਬਾਲਾ, ਚੌਥਾ ਨਾਡਾ ਸਾਹਿਬ ਚੰਡੀਗੜ੍ਹ ਤੇ ਪੰਜਵਾਂ ਕੀਰਤਪੁਰ। ਕੀਰਤਪੁਰ ਤੋਂ ਖ਼ਬਰ ਆਨੰਦਪੁਰ ਸਾਹਿਬ ਪਹੁੰਚਾਈ ਗਈ। ਸੰਗਤਾਂ ਕੀਰਤਪੁਰ ਪੁੱਜੀਆਂ, ਮਾਤਾ ਗੁਜਰੀ ਜੀ ਪਤਾ ਦਾ ਸੀਸ ਦੇਖ ਕੇ ਅਡੋਲ ਰਹੇ। ਏਨਾ ਹੀ ਕਿਹਾ, “ਸੱਚੇ ਪਾਤਸ਼ਾਹ ਤੁਹਾਡੀ ਨਿਭ ਆਈ, ਹੁਣ ਕਿਰਪਾ ਕਰਕੇ ਸਾਡੀ ਵੀ ਨਿਭ ਆਵੇ।” ਗੁਰੂ ਗੋਬਿੰਦ ਸਿੰਘ ਭਾਈ ਜੈਤੇ ਨੂੰ ਗਲਵਕੜੀ ਪਾਉਂਦਿਆਂ ਕਿਹਾ, “ਰੰਘਰੇਟਾ ਗੁਰੂ ਕਾ ਬੇਟਾ।” 17 ਨਵੰਬਰ 1675 ਨੂੰ ਜਿੱਥੇ ਸੀਸ ਦਾ ਸਸਕਾਰ ਕੀਤਾ, ਉਥੇ ਗੁਰਦੁਆਰਾ ‘ਸੀਸ ਗੰਜ’ ਸਾਹਿਬ ਸ਼ਸੋਭਿਤ ਹੈ।

  ਸਿਰਲੱਥ ਗੁਰਸਿੱਖਾਂ ਦੀ ਦੂਜੀ ਟੋਲੀ ਵਿੱਚ ਲੱਖੀ ਸ਼ਾਹ ਵਣਜਾਰੇ ਦੇ ਤਿੰਨੋ ਪੁੱਤਰ ਤੇ ਚੌਥੇ ਭਾਈ ਧੂਮਾ ਜੀ ਸ਼ਾਮਲ ਸਨ। ਇਹਨਾਂ ਨੇ ਧੜ ਗੱਡੇ ਵਿੱਚ ਰੱਖ ਕੇ ਟਾਂਡਾ ਆਪਣੀ ਬਸਤੀ ਰਕਾਬਗੰਜ ਵੱਲ ਤੋਰ ਦਿੱਤਾ। ਸ਼ੱਕ ਤੋਂ ਬਚਣ ਲਈ ਲੱਖੀ ਸ਼ਾਹ ਜੀ ਨੇ ਧੜ ਨੂੰ ਆਪਣੇ ਮਕਾਨ ਵਿੱਚ ਟਿਕਾ ਕੇ ਮਕਾਨ ਨੂੰ ਅੱਗ ਲਾ ਦਿੱਤੀ। ਮਗਰੋਂ ਉੱਚੀ-ਉੱਚੀ ਰੌਲਾ ਪਾ ਦਿੱਤਾ, ਪਰ ਹਕੂਮਤ ਨੂੰ ਸ਼ੱਕ ਵੀ ਨਾ ਪਿਆ। ਪ੍ਰਭਾਤ ਹੋਣ ਤੋਂ ਪਹਿਲਾਂ ਹੀ ਰਕਾਬਗੰਜ ਵਿਖੇ ਧੜ੍ਹ ਦਾ ਸਸਕਾਰ ਕਰ ਦਿੱਤਾ ਗਿਆ। ਇਸ ਅਸਥਾਨ ਤੇ ਹੁਣ ਗੁਰਦੁਆਰਾ ਰਕਾਬ ਗੰਜ ਸ਼ਸੋਭਿਤ ਹੈ। ਇਸ ਅਸਥਾਨ ਨੂੰ 1785-85 ਵਿੱਚ ਸ. ਬਘੇਲ ਸਿੰਘ ਕਰੋੜਸਿੰਘੀਏ ਨੇ ਬਣਾਇਆ ਸੀ।

  ਇੱਕ ਇਤਿਹਾਸਕਾਰ ਨੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਦੀ ਤੁਲਨਾ ਪੰਛੀ ਫੀਨਕਸ ਨਾਲ ਕੀਤੀ ਹੈ, ਜੋ ਸਾਰੀ ਉਮਰ ਆਕਾਸ਼ ਵਿੱਚ ਉੱਡਦਾ ਹੈ ਤੇ ਮਧੁਰ ਗੀਤ ਗਾਉਂਦਾ ਹੈ। ਜਦੋਂ ਇਸ ਦਾ ਅੰਤ ਸਮਾਂ ਨੇੜੇ ਆਉਂਦਾ ਹੈ ਤਾਂ ਤੀਲੇ ਇਕੱਠੇ ਕਰਕੇ ਅੰਤਿਮ ਗੀਤ ਗਾਉਂਦਾ ਹੈ। ਇਸ ਵਿੱਚੋਂ ਜਵਾਲਾ ਨਿਕਲਦੀ ਹੈ ਤੇ ਉਸ ਅੱਗ ਵਿੱਚ ਸੜ ਮਰਦਾ ਹੈ। ਅੱਗ ਬੁੱਝਣ ’ਤੇ ਉਸ ਵਿੱਚੋਂ ਇੱਕ ਅੰਡਾ ਵਿਖਾਈ ਦਿੰਦਾ ਹੈ। ਥੋੜ੍ਹੇ ਸਮੇਂ ਬਾਅਦ ਉਸ ਵਿੱਚੋਂ ਹੋਰ ਪੰਛੀ ਨਿਕਲ ਕੇ ਆਕਾਸ਼ ਵਿੱਚ ਉਡਾਰੀਆਂ ਮਾਰਦਾ ਹੈ ਤੇ ਮੁੜ ਫਿਰ ਗੀਤ ਚੱਲ ਪੈਂਦੇ ਹਨ।

  ਗੁਰੂ ਸਾਹਿਬ ਦੀ ਸ਼ਹਾਦਤ ਵੀ ਕੁੱਝ ਐਸੀ ਹੈ। ਆਪ ਵੈਰਾਗ ਤੇ ਚੜ੍ਹਦੀ ਕਲਾ ਵਿੱਚ ਬਾਣੀ ਗਾਇਨ ਕਰਦੇ ਰਹੇ, “ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ॥” ਆਪ ਹੀ ਔਰੰਗਜ਼ੇਬ ਨੂੰ ਸੁਨੇਹਾ ਭੇਜਿਆ ਤੇ ਸ਼ਹਾਦਤ ਪਾ ਗਏ। ਇਸ ਸ਼ਹਾਦਤ ’ਚੋਂ ਖ਼ਾਲਸਾ ਪੰਥ ਦਾ ਜਨਮ ਹੋਇਆ, ਜੋ ਅੱਜ ਤੱਕ ਆਕਾਸ਼ ਵਿੱਚ ਚੜ੍ਹਦੀ ਕਲਾ ਵਿੱਚ ਤਾਰੀਆਂ ਲਾ ਰਿਹਾ ਹੈ।

  ਰਚਿਤ ਬਾਣੀ:    ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਦੁਆਰਾ ਰਚਿਤ 59 ਸ਼ਬਦ ਵੱਖ-ਵੱਖ 15 ਰਾਗਾਂ ਵਿੱਚ ਸ਼ਾਮਲ ਹਨ ਤੇ ਅੰਤ ਵਿੱਚ 57 ਸ਼ਲੋਕ ਦਰਜ ਹਨ। ਆਪ ਜੀ ਦੁਅਰਾ ਨਵੇਂ ਰਾਗਾਂ ਜੈਜਾਵੰਤੀ ਵਿੱਚ ਬਾਣੀ ਰਚੀ ਗਈ, ਜੋ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦੀ ਲੜੀ ਦਾ ਅੰਤਿਮ ਰਾਗ ਹੈ।
   --

  ਮੁੱਖ ਸ੍ਰੋਤ:         ਜੀਵਨ ਗਾਥਾ ਤੇ ਉਪਦੇਸ਼ : ਗੁਰੂ ਤੇਗ਼ ਬਹਾਦਰ ਜੀ (ਸਿੱਖ ਮਿਸ਼ਨਰੀ ਵੱਲੋਂ ਛਾਪੀ)

  ਸਿੱਖ ਫੁਲਵਾੜੀ, ਸਿੱਖ ਮਿਸ਼ਨਰੀ ਕਾਲਜ ਦਾ ਮਾਸਿਕ ਪੱਤਰ

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com