1900&ਨਬਸਪ; ਵਿਚ ਬਰਤਾਨਵੀ ਭਾਰਤੀ ਸਰਕਾਰ ਦੁਆਰਾ ਭੂਮੀ ਐਕਟ ਪਾਸ ਕਰਨ ਨਾਲ ਪੰਜਾਬ ਦੇ ਕਿਸਾਨੀ ਵਰਗ ਵਿਚ ਅਰਾਜਕਤਾ ਫ਼ੈਲਣੀ ਹੋਰ ਤੇਜ਼ ਹੋ ਗਈ ਸੀ। ਇਸ ਐਕਟ ਅਨੁਸਾਰ ਕਿਸਾਨਾਂ ਦੀ ਹਾਲਤ ਭੂਮੀਹੀਣ ਲੋਕਾਂ ਵਰਗੀ ਹੋਣ ਕਾਰਨ 1906 ਤੱਕ ਉਨ੍ਹਾਂ ਵਿਚ ਆਰਥਿਕ ਤੇ ਸਿਆਸੀ ਸਥਿਰਤਾ ਦੀ ਜ਼ਰੂਰਤ ਲਈ ਰਾਸ਼ਟਰੀ ਭਾਵਨਾ ਦੀ ਉਤੇਜਨਾ ਹੋਰ ਪ੍ਰਪੱਕ ਹੋਣ ਲੱਗੀ। 1857 ਦੇ ਗ਼ਦਰ ਦੀ 50ਵੀਂ ਵਰੇਗੰਢ 1907 ਵਿਚ ਹੋਣ ਕਰਕੇ ਬਰਤਾਨਵੀ ਅਫ਼ਸਰਾਂ ਨੂੰ ਦੁਬਾਰਾ ਵੱਡੇ ਪੈਮਾਨੇ ’ਤੇ ਕੋਈ ਵਿਦਰੋਹ ਹੋਣ ਦਾ ਡਰ ਸੀ। ਇਸ ਸਮੇਂ ਦੌਰਾਨ ਹੀ ਕਾਂਗਰਸ ਦੇ ਉਦਾਰਵਾਦੀ ਅਤੇ ਕ੍ਰਾਂਤੀਕਾਰੀ ਧੜਿਆਂ ਵਿਚ ਵੰਡ, ਪਹਿਲਾ ਸੰਸਾਰ ਯੁੱਧ (1914-1918), ਗ਼ਦਰ ਪਾਰਟੀ ਦੀ ਸਥਾਪਨਾ ਆਦਿ ਅਤਿ ਮਹੱਤਵਪੂਰਨ ਘਟਨਾਵਾਂ ਵਾਪਰੀਆਂ ਸਨ। ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਨੇ ਪੰਜਾਬ ਦੇ ਆਜ਼ਾਦੀ ਘੁਲਾਟੀਆਂ ਅਤੇ ਭਾਰਤੀ ਸੁਤੰਤਰਤਾ ਸੰਗਰਾਮ ਦੀ ਲੜਾਈ ਨੂੰ ਅਹਿਮ ਤੇ ਫ਼ੈਸਲਾਕੁਨ ਮੋੜ ਦਿੱਤਾ।
ਅੰਮ੍ਰਿਤਸਰ ਵਿਚ 13 ਅਪਰੈਲ, 1919 ਨੂੰ ਵਿਸਾਖੀ ਵਾਲੇ ਦਿਨ ਬਰਤਾਨਵੀ ਸਰਕਾਰ ਦੇ ਅਤਿਆਚਾਰਾਂ ਵਿਰੁੱਧ ਨਿਹੱਥੇ ਤੇ ਸ਼ਾਂਤੀਪੂਰਨ ਰੂਪ ਵਿਚ ਇਕੱਠੇ ਹੋਏ ਲੋਕਾਂ ਉੱਪਰ ਕਰਨਲ ਰੈਜੀਨਲਡ ਐਡਵਰਡ ਡਾਇਰ ਦੁਆਰਾ 1650 ਸਿੱਧੀਆਂ ਗੋਲੀਆਂ ਚਲਾਉਣ ਦੇ ਹੁਕਮ ਨਾਲ 379 ਲੋਕ ਮਾਰੇ ਗਏ ਸਨ। ਸਤੰਬਰ, 1920 ਵਿਚ ਛਪੀ ਹੋਮ ਪੁਲੀਟੀਕਲ ਕਮਿਸ਼ਨਰ ਦਫ਼ਤਰ ਦੀ ਰਿਪੋਰਟ ਅਨੁਸਾਰ ਇਸ ਸਾਕੇ ਵਿਚ 1000 ਲੋਕ ਮਾਰੇ ਗਏ ਤੇ 1200 ਜ਼ਖ਼ਮੀ ਹੋਏ ਸਨ। ਪੰਜਾਬ ਦੇ ਸਾਬਕਾ ਲੈਫਟੀਨੈਂਟ ਗਵਰਨਰ ਮਾਈਕਲ ਫਰਾਂਸਿਸ ਉਡਵਾਇਰ ਦੁਆਰਾ ਜਦੋਂ ਇਸ ਘਟਨਾ ਦੀ ਹਮਾਇਤ ਕੀਤੀ ਗਈ ਸੀ।
ਊਧਮ ਸਿੰਘ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਸੁਨਾਮ ਵਿਖੇ 26 ਦਸੰਬਰ, 1899 ਨੂੰ ਟਹਿਲ ਸਿੰਘ ਜੰਮੂ ਦੇ ਘਰ ਹੋਇਆ ਸੀ। ਉਸ ਦੀ ਮਾਤਾ ਦਾ ਨਾਮ ਹਰਨਾਮ ਕੌਰ ਸੀ। ਉਸ ਦਾ ਇਕ ਵੱਡਾ ਭਰਾ ਸੀ। 1901 ਵਿਚ ਮਾਤਾ, 1907 ਵਿਚ ਪਿਤਾ ਅਤੇ 1913 ਵਿਚ ਉਸ ਦੇ ਭਰਾ ਦੀ ਮੌਤ ਹੋ ਗਈ। ਮੁੱਢਲੇ ਜੀਵਨ ਤੋਂ ਹੀ ਦੁੱਖਾਂ ਅਤੇ ਸੰਘਰਸ਼ਮਈ ਜੀਵਨ ਜਿਊਣ ਵਾਲੇ ਊਧਮ ਸਿੰਘ ਦੇ ਜੀਵਨ ਨੂੰ ਜਲ੍ਹਿਆਂਵਾਲੇ ਬਾਗ਼ ਸਾਕੇ ਦੌਰਾਨ ਨਿਹੱਥੇ, ਨਿਰਦੋਸ਼ੇ ਤੇ ਮਾਸੂਮ ਲੋਕਾਂ ਦੀਆਂ ਸ਼ਹੀਦੀਆਂ ਨੇ ਨਵਾਂ ਮੋੜ ਦਿੱਤਾ ਸੀ। ਸੋ ਉਸ ਨੇ ਦੋ ਦਹਾਕੇ ਅਨੇਕਾਂ ਨਾਵਾਂ ਅਧੀਨ ਅਮਰੀਕਾ, ਕੈਨੈਡਾ, ਆਸਟਰੀਆ, ਹੰਗਰੀ, ਜਰਮਨੀ, ਇਟਲੀ, ਬਰਮਾ, ਮਲਾਇਆ, ਹਾਂਗਕਾਂਗ, ਜਪਾਨ, ਮੈਕਸੀਕੋ, ਇਰਾਨ, ਅਫ਼ਗਾਨਿਸਤਾਨ, ਇੰਗਲੈਂਡ ਆਦਿ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ ਸਨ। ਉਸ ਦੀਆਂ ਯਾਤਰਾਵਾਂ ਦਾ ਉਦੇਸ਼ ਵੱਖ ਵੱਖ ਦੇਸ਼ਾਂ ਵਿਚ ਗਏ ਕ੍ਰਾਂਤੀਕਾਰੀਆਂ ਅਤੇ ਦੇਸ਼ ਭਗਤਾਂ ਨਾਲ ਸੰਪਰਕ ਕਾਇਮ ਕਰਕੇ ਉਨ੍ਹਾਂ ਨੂੰ ਬਰਤਾਨਵੀ ਸਾਮਰਾਜ ਵਿਰੁੱਧ ਲਾਮਬੱਧ ਕਰਨਾ ਸੀ। ਊਧਮ ਸਿੰਘ ਦੁਆਰਾ ਵੱਖ ਵੱਖ ਦੇਸ਼ਾਂ ਵਿਚ ਵੱਖੋ ਵੱਖ ਨਾਮ ਰੱਖਣ ਦਾ ਮੰਤਵ ਆਪਣੀ ਅਸਲ ਪਛਾਣ ਨੂੰ ਗੁਪਤ ਰੱਖਣਾ ਅਤੇ ਜਿਨ੍ਹਾਂ ਲੋਕਾਂ ਨੂੰ ਉਹ ਮਿਲਦਾ ਜਾਂ ਜਿਨ੍ਹਾਂ ਤੋਂ ਉਹ ਸਹਾਇਤਾ ਪ੍ਰਾਪਤ ਕਰਦਾ ਸੀ, ਨੂੰ ਕਿਸੇ ਖ਼ਤਰੇ ਤੋਂ, ਭਾਵ ਪੁਲੀਸ ਦੀਆਂ ਗ੍ਰਿਫ਼ਤਾਰੀਆਂ, ਵਧੀਕੀਆਂ ਅਤੇ ਅਤਿਆਚਾਰਾਂ ਤੋਂ ਬਚਾਉਣਾ ਵੀ ਸੀ।
ਊਧਮ ਸਿੰਘ ਦੇ ਕੁਝ ਵਧੇਰੇ ਪ੍ਰਚਲਿਤ ਨਾਵਾਂ ਦਾ ਸੰਖੇਪ ਵਰਨਣ ਹੈ। ਉਸ ਦਾ ਮੁੱਢਲਾ ਨਾਮ ਸ਼ੇਰ ਸਿੰਘ ਮਾਤਾ-ਪਿਤਾ ਦੁਆਰਾ ਰੱਖਿਆ ਗਿਆ ਸੀ। ਕੇਂਦਰੀ ਯਤੀਮਖ਼ਾਨਾ, ਪੁਤਲੀਘਰ, ਅੰਮ੍ਰਿਤਸਰ ਦਾਖਲਾ ਅਤੇ ਐਡੀਸ਼ਨਲ ਮੈਜਿਸਟਰੇਟ ਕੋਲ 1928 ਵਿਚ ਉਸ ਉੱਤੇ ਮੁਕੱਦਮਾ ਇਸ ਨਾਮ ਅਧੀਨ ਹੀ ਦਰਜ ਹੋਇਆ ਸੀ। ਦੂਸਰਾ ਨਾਮ ਉਦੈ ਸਿੰਘ ਕੇਂਦਰੀ ਯਤੀਮਖ਼ਾਨਾ, ਪੁਤਲੀਘਰ, ਅੰਮ੍ਰਿਤਸਰ ਵਿਚ ਊਧਮ ਸਿੰਘ ਦੁਆਰਾ ਅੰਮ੍ਰਿਤ ਛਕਣ ਤੋਂ ਬਾਅਦ ਰੱਖਿਆ ਗਿਆ ਸੀ। ਵਧੇਰੇ ਪ੍ਰਸਿੱਧ ਨਾਮ ‘ਰਾਮ ਮੁਹੰਮਦ ਸਿੰਘ ਆਜ਼ਾਦ’ ਮੀਆਂਵਾਲੀ ਜੇਲ੍ਹ (ਜੋ ਅੱਜਕੱਲ੍ਹ ਪਾਕਿਸਤਾਨ ਵਿਚ ਹੈ) ਤੋਂ ਰਿਹਾਅ ਹੋਣ ਉਪਰੰਤ ਊਧਮ ਸਿੰਘ ਨੇ ਰੱਖਿਆ ਸੀ। ਇਸ ਨਾਮ ਅਧੀਨ ਹੀ ਘੰਟਾ ਘਰ ਚੌਕ, ਅੰਮ੍ਰਿਤਸਰ ਵਿਖੇ ਚਿੱਤਰਕਾਰੀ ਦੀ ਦੁਕਾਨ ਉਸ ਦੁਆਰਾ ਖੋਲ੍ਹੀ ਗਈ ਸੀ। ਇਕ ਹੋਰ ‘ਮੁਹੰਮਦ ਸਿੰਘ ਆਜ਼ਾਦ’ ਜਾਂ ‘ਐੱਮਐੱਸ ਆਜ਼ਾਦ’ ਨਾਮ ਊਧਮ ਸਿੰਘ ਨੇ ਮਾਈਕਲ ਓ’ਡਵਾਇਰ ਦੇ ਕਤਲ ਤੋਂ ਬਾਅਦ ਲੰਡਨ ਦੀ ਕੋਰਟ ਵਿਚ ਅਧਿਕਾਰੀਆਂ ਅਤੇ ਪੁਲੀਸ ਅਫ਼ਸਰਾਂ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਸੀ। ਇਸ ਨਾਮ ਅਧੀਨ ਹੀ ਉਸ ਨੇ ਬਰਿਕਸਟਨ ਜੇਲ੍ਹ, ਲੰਡਨ ਤੋਂ ਆਪਣੇ ਪ੍ਰੇਮੀਆਂ ਅਤੇ ਸ਼ੁੱਭ-ਚਿੰਤਕਾਂ ਨੂੰ ਚਿੱਠੀਆਂ ਵੀ ਲਿਖੀਆਂ ਸਨ।
‘ਊਧਮ ਸਿੰਘ’ ਨਾਮ ਉਸ ਨੇ 20 ਮਾਰਚ, 1933 ਨੂੰ ਲਾਹੌਰ ਤੋਂ ਜਾਰੀ ਹੋਏ ਪਾਸਪੋਰਟ ਨੰਬਰ 52753 ’ਤੇ ਲਿਖਵਾਇਆ ਸੀ। ਇਸ ਨਾਮ ਅਧੀਨ ਹੀ ਉਸ ਦੀਆਂ ਗੁਪਤ ਫਾਇਲਾਂ ਨੈਸ਼ਨਲ ਆਰਕਾਈਵਜ਼, ਨਵੀਂ ਦਿੱਲੀ ਵਿਖੇ ਪਈਆਂ ਹਨ। ਇਕ ਹੋਰ ਨਾਮ ‘ਬਾਵਾ’ ਨਾਲ ਉਹ ਇੰਗਲੈਂਡ ਵਿਚ ਰਹਿਣ ਸਮੇਂ ਭਾਰਤੀਆਂ ਵਿਚ ਜਾਣਿਆ ਜਾਂਦਾ ਸੀ। ‘ਫਰੈਂਕ ਬਰਾਜ਼ੀਲ’ ਨਾਮ ਅਧੀਨ ਵੀ ਉਸ ਨੇ ਲਾਹੌਰ ਤੋਂ ਯਾਤਰਾ ਕੀਤੀ ਸੀ। ਸਿੰਘ ਆਜ਼ਾਦ, ਐੱਮ ਆਜ਼ਾਦ ਜਾਂ ਆਜ਼ਾਦ ਸਿੰਘ ਉਸ ਨੇ ਹੋਰ ਨਾਮਾਂ ਅਧੀਨ ਜਦੋਂ ਉਹ ਪੈਨਟੋਨਵਿਲੈ ਜੇਲ੍ਹ, ਲੰਡਨ ਵਿਚ ਸੀ ਉਸ ਵੱਲੋਂ ਲਿਖੇ ਗਏ ਕਾਰਡ ਅਤੇ ਚਿੱਠੀਆਂ ਪ੍ਰਾਪਤ ਹੁੰਦੀਆਂ ਹਨ। ਊਧਮ ਸਿੰਘ ਦੇ ਕੁਝ ਹੋਰ ਪ੍ਰਮੁੱਖ ਨਾਮ ਉਦੈ ਸਿੰਘ, ਊਧਨ ਸਿੰਘ ਅਤੇ ਯੂਐੱਸ ਸਿੱਧੂ ਵੀ ਹਨ।
ਸ਼ਹੀਦ ਊਧਮ ਸਿੰਘ ਦੁਆਰਾ ਵੱਖ ਵੱਖ ਗੁਪਤ ਨਾਂ ਵੱਖ ਵੱਖ ਥਾਵਾਂ, ਸ਼ਹਿਰਾਂ ਤੇ ਦੇਸ਼ਾਂ ਵਿਚ ਜਾਣ-ਆਉਣ ਤੇ ਰਹਿਣ ਸਮੇਂ ਰੱਖੇ ਗਏ ਸਨ। ਉਸ ਦੁਆਰਾ ਅਲੱਗ ਅਲੱਗ ਗੁਪਤ ਨਾਮ ਰੱਖਣ ਦਾ ਅਸਲੀ ਮੰਤਵ, ਕੀ ਇਹ ਨਾਮ ਉਸ ਨੇ ਆਪ ਰੱਖੇ ਜਾਂ ਕਿਸੇ ਦੇ ਸੁਝਾਅ ਅਧੀਨ, ਉਸ ਵਲੋਂ ਰੱਖੇ ਗਏ ਬਾਰੇ ਵਧੇਰੇ ਖੋਜ ਹੋਣ ਦੀ ਜ਼ਰੂਰਤ ਹੈ, ਕਿਉਂਕਿ ਊਧਮ ਸਿੰਘ ਦੀ ਸ਼ਹਾਦਤ ਉਪਰੰਤ ਉਸ ਦੇ ਕੇਸ ਨਾਲ ਸਬੰਧਤ ਫਾਇਲਾਂ ਦਾ ਇੰਗਲੈਂਡ ਵਿਖੇ ਹੋਣਾ ਅਤੇ ਉਨ੍ਹਾਂ ਨੂੰ ਇਤਿਹਾਸਕਾਰਾਂ ਤੇ ਖੋਜਕਾਰਾਂ ਦੀ ਪਹੁੰਚ ਤੋਂ ਦੂਰ ਰੱਖਣਾ ਹੈ। ਨੈਸ਼ਨਲ ਆਰਕਾਈਵਜ, ਨਵੀਂ ਦਿੱਲੀ ਵਿਖੇ ਜੋ ਫਾਈਲਾਂ ਊਧਮ ਸਿੰਘ ਦੇ ਕੇਸ ਨਾਲ ਸਬੰਧਤ ਹਨ, ਉਨ੍ਹਾਂ ਨੂੰ ਵੀ ਸਰਕਾਰ ਦੀ ਪੂਰਨ ਪ੍ਰਵਾਨਗੀ ਤੋਂ ਬਾਅਦ ਹੀ ਦੇਖਣ ਦੀ ਆਗਿਆ ਮਿਲਦੀ ਹੈ ਜੋ ਸਾਧਾਰਨ ਇਤਿਹਾਸਕਾਰ ਤੇ ਖੋਜ ਕਰਤਾ ਦੇ ਵਸ ਦੀ ਗੱਲ ਨਹੀਂ ਹੈ।
26 ਦਸੰਬਰ, 1899 ਨੂੰ ਜਨਮੇ ਊਧਮ ਸਿੰਘ ਨੇ 13 ਅਪਰੈਲ, 1919 ਦੇ ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਦਾ ਬਦਲਾ ਲੈਣ ਲਈ 13 ਮਾਰਚ, 1940 ਨੂੰ ਕੈਕਸਟਨ ਹਾਲ, ਲੰਡਨ ਵਿਖੇ ‘ਈਸਟ ਇੰਡੀਆ ਐਸੋਸੀਏਸ਼ਨ ਐਂਡ ਸੈਂਟਰਲ ਏਸ਼ੀਅਨ ਸੁਸਾਇਟੀ’ ਦੀ ਮੀਟਿੰਗ ਖ਼ਤਮ ਹੋਣ ਉਪਰੰਤ ਗੋਲੀਆਂ ਚਲਾ ਕੇ ਪੰਜਾਬ ਦੇ ਸਾਬਕਾ ਗਵਰਨਰ ਮਾਈਕਲ ਫਰਾਂਸਿਸ ਓ’ਡਵਾਇਰ ਨੂੰ ਮੌਕੇ ’ਤੇ ਹੀ ਮਾਰ ਦਿੱਤਾ ਤੇ ਉਸ ਦੇ ਸਾਥੀਆਂ ਲਾਰਡ ਜੈਟਲੈਂਡ, ਲਾਰਡ ਲਮਿਗਟਨ ਅਤੇ ਲੂਈਨ ਡੇਨ ਨੂੰ ਜ਼ਖ਼ਮੀ ਕੀਤਾ ਸੀ। 1 ਅਪਰੈਲ, 1940 ਨੂੰ ਊਧਮ ਸਿੰਘ ਵਿਰੁੱਧ ਬਰਤਾਨਵੀ ਸਰਕਾਰ ਦੁਆਰਾ ਬਕਾਇਦਾ ਰੂਪ ਵਿਚ ਕੇਸ ਦਰਜ ਕੀਤਾ ਗਿਆ। 4 ਜੂਨ, 1940 ਨੂੰ ਸੈਂਟਰਲ ਕੋਰਟ, ਓਲਡ ਬੇਲੀ, ਲੰਡਨ ਵਿਖੇ ਉਸ ਵਿਰੁੱਧ ਮੁਕੱਦਮਾ ਚਲਾਇਆ ਗਿਆ। 31 ਜੁਲਾਈ, 1940 ਨੂੰ ਊਧਮ ਸਿੰਘ ਨੂੰ ਪੈਨਟੋਨਵਿਲੈ ਜੇਲ੍ਹ, ਲੰਡਨ ਵਿਖੇ ਬਰਤਾਨਵੀ ਸਾਮਰਾਜੀ ਹਕੂਮਤ ਦੇ ਅਧਿਕਾਰੀਆਂ ਦੁਆਰਾ ਸ਼ਹੀਦ ਕੀਤਾ ਗਿਆ ਸੀ।
ਸ਼ਹੀਦ ਊਧਮ ਸਿੰਘ ਦੇ ਸੁਪਨਿਆਂ ਦਾ ਆਜ਼ਾਦ ਭਾਰਤ, ਧਰਮ ਨਿਰਪੱਖ, ਊਚ-ਨੀਚ ਰਹਿਤ, ਬਰਾਬਰੀ ਦੇ ਅਧਿਕਾਰ ਅਨੁਸਾਰ ਤੇ ਆਰਥਿਕ, ਸਮਾਜਿਕ, ਸਿਆਸੀ ਅਤੇ ਸਭਿਆਚਾਰਕ ਸਮਾਨਤਾਵਾਂ ’ਤੇ ਆਧਾਰਿਤ ਸੀ। ਅੱਜ ਭਾਰਤੀਆਂ ਨੂੰ ਊਧਮ ਸਿੰਘ ਤੇ ਹੋਰਨਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਅਤੇ ਸੁਪਨਿਆਂ ਤੋਂ ਸੇਧ ਲੈਣ ਦੀ ਸਖ਼ਤ ਜ਼ਰੂਰਤ ਹੈ, ਕਿਉਂਕਿ ਅੱਜ ਸਮੁੱਚੇ ਦੇਸ਼ ਵਿਚ ਧਾਰਮਿਕ ਅਸਹਿਣਸ਼ੀਲਤਾ, ਸਮਾਜਿਕ ਅਸਮਾਨਤਾਵਾਂ ਅਤੇ ਆਰਥਿਕ ਨਾ-ਬਰਾਬਰੀ ਦਿਨੋ-ਦਿਨ ਵਧ ਰਹੀ ਹੈ।
*ਮੁਖੀ, ਇਤਿਹਾਸ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 98141-71786


