ਸੂਝਵਾਨ ਸੰਸਾਰ ਸਾਡੇ ਤੋਂ ਹਿੰਦੋਸਤਾਨ ਵਿਚ ਇਹੋ ਚਾਹੁੰਦਾ ਹੈ ਕਿ ਅਸੀਂ ਆਪਣੇ ਡੇਟਾ ਬਾਰੇ ਨਿਸ਼ਚਾਪੂਰਨ ਹੋਈਏ, ਯਾਦਗਾਰਾਂ ਦਾ ਰਿਕਾਰਡ ਉਨ੍ਹਾਂ ਅੱਗੇ ਐਨ ਉਸੇ ਤਰ੍ਹਾਂ ਪੇਸ਼ ਕਰੀਏ ਜਿਵੇਂ ਇਸ ਵੇਲੇ ਇਹ ਮੌਜੂਦ ਹੈ, ਇਸ ਦੀ ਇਮਾਨਦਾਰੀ ਨਾਲ ਅਤੇ ਹੂ-ਬ-ਹੂ ਵਿਆਖਿਆ ਕਰੀਏ।
ਬਰਤਾਨਵੀ ਹਕੂਮਤ ਨੇ ਭਾਰਤ ਦੀ ਪੁਰਾਤੱਤਵ ਅਹਿਮੀਅਤ ਨੂੰ ਦੇਖਦਿਆਂ ਇਸ ਨੂੰ ਘੋਖਣ ਲਈ 19ਵੀਂ ਸਦੀ ਵਿਚ ਦੇਸ਼ ਦੇ ਪੁਰਾਤੱਤਵ ਸਰਵੇਖਣ ਦੀ ਸ਼ੁਰੂਆਤ ਕੀਤੀ। ਇਸ ਸਾਰੇ ਘਟਨਾਕ੍ਰਮ ਵਿਚ ਜਿਸ ਸ਼ਖ਼ਸ ਦੀ ਮੁੱਖ ਭੂਮਿਕਾ ਸੀ, ਉਸ ਦਲੇਰ ਸ਼ਖ਼ਸ ਦੀ ਦੁਨੀਆਂ ਨੂੰ ਇਤਿਹਾਸਕਾਰ ਉਪਿੰਦਰ ਸਿੰਘ (ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਧੀ) ਨੇ ਬਹੁਤ ਡੂੰਘੀ ਦਿਲਚਸਪੀ ਨਾਲ ਆਪਣੀ ਤਾਜ਼ਾ ਕਿਤਾਬ ਵਿਚ ਘੋਖਿਆ ਹੈ ਜੋ ਹਾਲ ਹੀ ਵਿਚ ਪ੍ਰਕਾਸ਼ਿਤ ਹੋਈ ਹੈ। ਇਹ ਸ਼ਖ਼ਸ ਸੀ ਅਲੈਗਜ਼ੈਂਡਰ ਕਨਿੰਘਮ (1814-1893), ਜੋ ਜੋਸਫ ਡੇਵੀ ਕਨਿੰਘਮ ਦਾ ਛੋਟਾ ਭਰਾ ਸੀ। ਉਸ ਦੀ ਲਾਸਾਨੀ ਕ੍ਰਿਤ ‘ਸਿੱਖਾਂ ਦਾ ਇਤਿਹਾਸ’ (A History of The Sikhs) ਤੋਂ ਅਸੀਂ ਜ਼ਰੂਰ ਵਾਕਫ਼ ਹੋਵਾਂਗੇ। ਕਨਿੰਘਮ ਬਹੁਪੱਖੀ ਸ਼ਖ਼ਸੀਅਤ ਸੀ - ਫ਼ੌਜੀ, ਇੰਜਨੀਅਰ, ਕੌਮਾਂਤਰੀ ਸਰਹੱਦਾਂ ਦੀ ਨਿਸ਼ਾਨਦੇਹੀ ਕਰਨ ਵਾਲਾ, ਦਰਿਆਵਾਂ ਦੇ ਵਹਿਣਾਂ ਨੂੰ ਘੋਖਣ ਵਾਲਾ, ਪਰ ਇਸ ਸਭ ਕੁਝ ਤੋਂ ਕਿਤੇ ਵਧ ਕੇ ਉਹ ਪੁਰਾਤਨ ਵਸਤਾਂ, ਇਮਾਰਤਾਂ/ਯਾਦਗਾਰਾਂ ਨੂੰ ਪਿਆਰ ਕਰਨ ਵਾਲਾ ਸੀ। ਉਸ ਦੀਆਂ ਕੋਸ਼ਿਸ਼ਾਂ ਸਦਕਾ ਹੀ ਇਸ ਸਬੰਧੀ ਅਦਾਰਾ ‘ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ’ (ਏਐੱਸਆਈ) ਹੋਂਦ ਵਿਚ ਆਇਆ ਜਿਹੜਾ ਹੁਣ ਡੇਢ ਸੌ ਸਾਲਾਂ ਦਾ ਹੋ ਚੁੱਕਾ ਹੈ।
ਅਲੈਗਜ਼ੈਂਡਰ ਕਨਿੰਘਮ ਨੇ ਆਪਣੀ ਸ਼ੁਰੂਆਤ ਪੁਰਾਤੱਤਵ ਮਾਹਿਰ ਵਜੋਂ ਨਹੀਂ ਕੀਤੀ। ਉਹ 1831 ਵਿਚ ਭਾਰਤ ਪੁੱਜਾ ਅਤੇ ਅੰਗਰੇਜ਼ ਫ਼ੌਜ ਦੀ ਰੈਜੀਮੈਂਟ ਬੰਗਾਲ ਇੰਜਨੀਅਰਜ਼ ਵਿਚ ਸੈਕਿੰਡ ਲੈਫ਼ਟੀਨੈਂਟ ਹੋਣ ਨਾਤੇ ਉਹ ਹਿੰਦੋਸਤਾਨੀ ਸਰਜ਼ਮੀਨ ਉੱਤੇ ਤਕਰੀਬਨ 46 ਸਾਲ ਰਿਹਾ। ਇਸ ਦੌਰਾਨ ਉਸ ਦੀਆਂ ਜ਼ਿੰਮੇਵਾਰੀਆਂ ਵਿਚ ਤਬਦੀਲੀਆਂ ਵੀ ਹੁੰਦੀਆਂ ਰਹੀਆਂ ਤੇ ਇਨ੍ਹਾਂ ਦਾ ਘੇਰਾ ਵੀ ਫੈਲਦਾ ਗਿਆ। ਉਹ ਗਵਰਨਰ ਜਨਰਲ ਲਾਰਡ ਔਕਲੈਂਡ ਦੇ ਸਹਾਇਕ ਫ਼ੌਜੀ ਅਫ਼ਸਰ ਵਜੋਂ ਤਾਇਨਾਤ ਰਿਹਾ, ਉਸ ਨੇ ਐਗਜ਼ੈਕਟਿਵ ਇੰਜਨੀਅਰ ਵਜੋਂ ਪੁਲ ਉਸਾਰੇ, ਈਸਟ ਇੰਡੀਆ ਕੰਪਨੀ ਦੀਆਂ ਫ਼ੌਜੀ ਮੁਹਿੰਮਾਂ ਵਿਚ ਲੜਾਈਆਂ ਲੜੀਆਂ ਜਿਨ੍ਹਾਂ ਵਿਚ ਪੰਜਾਬ ’ਚ ਦੂਜੀ ਅੰਗਰੇਜ਼-ਸਿੱਖ ਜੰਗ ਵੀ ਸ਼ਾਮਲ ਹੈ। ਉਸ ਨੂੰ ਗੁਆਂਢੀ ਮੁਲਕਾਂ ਨਾਲ ਸਰਹੱਦਾਂ ਬਾਰੇ ਗੱਲਬਾਤ ਲਈ ਸਫ਼ਾਰਤੀ ਮਿਸ਼ਨਾਂ ਉੱਤੇ ਵੀ ਭੇਜਿਆ ਜਾਂਦਾ ਰਿਹਾ।
ਇੰਝ ਜਾਪਦਾ ਹੈ ਜਿਵੇਂ ਉਹ ਕਿਸੇ ਵੀ ਭੂਮਿਕਾ ਵਿਚ ਕੰਮ ਕਰਨ ਲਈ ਲੋੜੀਂਦੀ ਬਹੁਪੱਖੀ ਪ੍ਰਤਿਭਾ ਦਾ ਮਾਲਕ ਸੀ, ਪਰ ਜਿਸ ਭੂਮਿਕਾ ਜਾਂ ਤਾਇਨਾਤੀ ਦਾ ਉਸ ਨੇ ਸ਼ਾਇਦ ਸਭ ਤੋਂ ਵੱਧ ਲੁਤਫ਼ ਲਿਆ, ਉਹ ਸੀ 1851 ਵਿਚ ਗਵਾਲੀਅਰ ਰਿਆਸਤ ਦੇ ਕਾਰਜਕਾਰੀ ਇੰਜਨੀਅਰ ਦੀ। ਇਸ ਸਦਕਾ ਉਸ ਨੂੰ ਸਾਂਚੀ ਅਤੇ ਇਸ ਦੇ ਚੌਗ਼ਿਰਦੇ ਵਿਚ ਸਥਿਤ ਬੋਧੀ ਸਤੂਪਾਂ ਦੀ ਘੋਖ-ਪੜਤਾਲ ਤੇ ਉਨ੍ਹਾਂ ਉੱਤੇ ਕੰਮ ਕਰਨ ਦਾ ਮੌਕਾ ਮਿਲਿਆ। ਦਿਲੋਂ ਉਹ ਪੱਕਾ ‘ਪੁਰਾਤੱਤਵ ਮਾਹਿਰ’ ਸੀ ਜਿਸ ਦੀ ਹਰ ਪੁਰਾਤਨ ਚੀਜ਼ ਵਿਚ ਦਿਲਚਸਪੀ ਹੁੰਦੀ। ਇਸ ਦੌਰਾਨ ਉਹ ਪੁਰਾਤਨ ਇਮਾਰਤਾਂ/ਯਾਦਗਾਰਾਂ ਦਾ ਅਧਿਐਨ ਕਰਦਾ, ਸਿੱਕੇ ਇਕੱਤਰ ਕਰਦਾ ਅਤੇ ਨਾਲ ਹੀ ਮੰਦਰਾਂ ਨੂੰ ਨਿਹਾਰਦਾ ਰਿਹਾ, ਇੱਥੋਂ ਤੱਕ ਕਿ ‘ਗਵਾਲੀਅਰ ਖ਼ਿੱਤੇ ਦੇ ਪੱਥਰਾਂ ਤੇ ਲੱਕੜਾਂ ਨੂੰ ਵੀ’। ਉਹ 1861 ਵਿਚ ਫ਼ੌਜ ਵਿਚੋਂ ਮੇਜਰ ਜਨਰਲ ਵਜੋਂ ਸੇਵਾ-ਮੁਕਤ ਹੋਇਆ, ਪਰ ਇਸ ਤੋਂ ਪਹਿਲਾਂ ਹੀ ਉਹ ਸਾਰੇ ਹਿੰਦੋਸਤਾਨ ਵਿਚ ਵੱਡੇ ਪੱਧਰ ’ਤੇ ਸਫ਼ਰ ਕਰ ਕੇ ਘੁੰਮ-ਫਿਰ ਚੁੱਕਾ ਸੀ ਅਤੇ ਆਪਣੀ ਘੋਖਵੀਂ ਨਜ਼ਰ ਨਾਲ ਉਹ ਸਾਰੀਆਂ ਚੀਜ਼ਾਂ ਦੇਖ ਚੁੱਕਿਆ ਸੀ ਜਿਨ੍ਹਾਂ ਉੱਤੇ ਇਤਿਹਾਸ ਦੇ ਸਾਹ ਅਟਕੇ ਹੋਏ ਸਨ।
ਜਿਵੇਂ ਕਿ ਉਪਿੰਦਰ ਨੇ ਲਿਖਿਆ ਹੈ, 19ਵੀਂ ਸਦੀ ਦਾ ਸ਼ੁਰੂਆਤੀ ਸਮਾਂ ਹਿੰਦੋਸਤਾਨ ਵਿਚ ‘ਪੁਰਾਤੱਤਵ ਵਿਗਿਆਨੀਆਂ ਲਈ ਬਹੁਤ ਹੀ ਰੁਮਾਂਚਿਕ ਵਕਤ ਸੀ’। ਇਸ ਦੌਰਾਨ ਪ੍ਰਾਚੀਨ ਗ੍ਰੰਥਾਂ ਤੇ ਲਿਖਤਾਂ ਦੇ ਅਧਿਐਨ ਤੇ ਤਰਜਮੇ ਦਾ ਆਗ਼ਾਜ਼ ਹੋਇਆ; ਸਿਖਾਂਦਰੂ ਪਰ ਜੋਸ਼ੀਲੇ ਸ਼ੌਕੀਆ ਜਗਿਆਸੂ ਟਿੱਲਿਆਂ ਤੇ ਥੇਹਾਂ ਨੂੰ ਪੁੱਟ ਰਹੇ ਸਨ ਅਤੇ ਸਿੱਕੇ ਤੇ ਅਹਿਮ ਨਿਸ਼ਾਨੀਆਂ ਲੱਭ ਰਹੇ ਸਨ; ਲਿਖਤਾਂ ਤੇ ਸ਼ਿਲਾਲੇਖਾਂ ਵਿਚ ਲਿਖੀਆਂ ਪਰ ਹੁਣ ਲੋਪ ਹੋ ਚੁੱਕੀਆਂ ਲਿਪੀਆਂ ਨੂੰ ਪੜ੍ਹਿਆ ਜਾ ਰਿਹਾ ਸੀ। ਇਸ ਕਾਰਵਾਈ ਵਿਚ ਪੁਰਾਲੇਖਾਂ ਦੇ ਮਾਹਿਰਾਂ, ਸਿੱਕਿਆਂ ਦੀ ਛਪਾਈ ਅਤੇ ਪੁਰਾਤੱਤਵ ਮਾਹਿਰਾਂ (ਦੋਵੇਂ ਯੂਰਪੀ ਤੇ ਹਿੰਦੋਸਤਾਨੀ) ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ਵਿਚੋਂ ਬਹੁਤ ਸਾਰੇ ਵਿਦਵਾਨ ਵੀ ਸਨ। ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਉਸ ਵਕਤ ਦੇਸ਼ ਦੀ ‘ਸੱਭਿਆਚਾਰਕ ਤੇ ਕਲਾਤਮਕ ਵਿਰਾਸਤ’ ਦੀ ਥਾਹ ਪਾ ਕੇ ਮੁਲਕ ਬਾਰੇ ਇਕ ਸਮਝ ਬਣਾਉਣ ਦੀਆਂ ਸੰਜੀਦਾ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਬਰਤਾਨਵੀ ਜਾਣਦੇ ਸਨ ਕਿ ਉਹ ਇਸ ਵਿਸ਼ਾਲ ਸਰਜ਼ਮੀਨ ਉੱਤੇ ਮਹਿਜ਼ ਘੁੰਮਣ-ਫਿਰਨ ਵਾਲਿਆਂ ਜਾਂ ਇਸ ਦੇ ਇਤਫ਼ਾਕੀਆ ਕਾਬਜ਼ਕਾਰਾਂ ਵਜੋਂ ਨਹੀਂ ਆਏ ਸਨ। ਉਸ ਵੇਲੇ ਹਿੰਦੋਸਤਾਨ ਦੀ ਥਾਹ ਪਾਉਣ ਦੇ ਕੰਮ ਵਿਚ ਲੱਗੀ ਇਕ ਲਾਸਾਨੀ ਸ਼ਖ਼ਸੀਅਤ ਸੀ ਜੇਮਜ਼ ਪ੍ਰਿੰਸਪ। ਇਸ ਦੌਰਾਨ ਪ੍ਰਿੰਸਪ ਤੇ ਕਨਿੰਘਮ ਦਰਮਿਆਨ ‘ਵਿਦਵਤਾ ਤੇ ਦੋਸਤੀ’ ਦੀ ਸਾਂਝ ਪੈਦਾ ਹੋ ਗਈ। ਪ੍ਰਿੰਸਪ ਤੋਂ ਸਿੱਖ ਕੇ, ਪਰ ਨਾਲ ਹੀ ਆਪਣੇ ਆਪ ਨੂੰ ਇਕ ਫੀਲਡ ਪੁਰਾਤੱਤਵ ਵਿਗਿਆਨੀ ਵਜੋਂ ਦੇਖਦਿਆਂ ਕਨਿੰਘਮ ਨੇ ਫ਼ੌਜ ਵਿਚ ਨੌਕਰੀ ਦੌਰਾਨ ਵੀ ਚੀਜ਼ਾਂ ਨੂੰ ਘੋਖਣਾ, ਇਕੱਤਰ ਕਰਨਾ ਤੇ ਲਿਖਣਾ ਜਾਰੀ ਰੱਖਿਆ।
ਉਹ ਲਗਾਤਾਰ ਆਪਣੀਆਂ ਰਿਪੋਰਟਾਂ ਪ੍ਰਕਾਸ਼ਿਤ ਕਰਦਾ ਰਿਹਾ ਅਤੇ ਬੜੀ ਚੌਕਸੀ ਨਾਲ ਆਪਣੇ ਸਰਵੇਖਣਾਂ ਤੇ ਲੱਭਤਾਂ ਦਾ ਰਿਕਾਰਡ ਰੱਖਦਾ ਰਿਹਾ। ਫਿਰ ਜਦੋਂ ਉਹ ਫ਼ੌਜ ਤੋਂ ਸੇਵਾਮੁਕਤ ਹੋਇਆ ਤਾਂ ਉਸ ਨੇ ਸਰਕਾਰ ਨੂੰ ਇਕ ‘ਜ਼ੋਰਦਾਰ ਤੇ ਵਧੀਆ’ ਤਜਵੀਜ਼ ਤਿਆਰ ਕਰ ਕੇ ਭੇਜੀ ਕਿ ਉੱਤਰੀ ਭਾਰਤ ਵਿਚ ਸਰਕਾਰੀ ਪੱਧਰ ਉੱਤੇ ਪੁਰਾਤੱਤਵ ਸਰਵੇਖਣ ਦਾ ਮੁੱਢ ਬੰਨ੍ਹਿਆ ਜਾਵੇ ਅਤੇ ਇਹ ਰਿਪੋਰਟ ਮੌਕੇ ਦੇ ਵਾਇਸਰਾਏ ਨੂੰ ਪੇਸ਼ ਕੀਤੀ ਗਈ। ਇਹ ਤਜਵੀਜ਼ ਮਨਜ਼ੂਰ ਕਰ ਲਈ ਗਈ ਅਤੇ ਕਨਿੰਘਮ ਨੂੰ ਪੁਰਾਤੱਤਵ ਸਰਵੇਖਣਕਾਰ ਨਿਯੁਕਤ ਕਰ ਦਿੱਤਾ ਗਿਆ। ਇਹ ਅਜਿਹੀ ਜ਼ਿੰਮੇਵਾਰੀ ਸੀ ਜਿਸ ਦੀ ਪੂਰਤੀ ਲਈ ਉਹ ਜੀਅ-ਜਾਨ ਨਾਲ ਜੁਟ ਗਿਆ। ਇਸ ਲਈ ਇਕ ਤੋਂ ਬਾਅਦ ਦੂਜੀ ਥਾਂ ਦੀ ਨਿਸ਼ਾਨਦੇਹੀ ਕਰ ਕੇ ਉਸ ਦੀ ਘੋਖ-ਪੜਤਾਲ ਕੀਤੀ ਜਾਂਦੀ, ਅਧਿਐਨ ਕੀਤਾ ਜਾਂਦਾ: ਜਿਵੇਂ ਪਹਿਲਾਂ ਪਾਵਾ ਅਤੇ ਕੁਸ਼ੀਨਗਰ (ਉੱਤਰ ਪ੍ਰਦੇਸ਼ ਦੀਆਂ ਇਹ ਦੋਵੇਂ ਥਾਵਾਂ ਗੌਤਮ ਬੁੱਧ ਦੇ ਆਖ਼ਰੀ ਸਥਾਨ ਮੰਨੇ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਬੁੱਧ ਨੇ ਪਾਵਾ ਵਿਚ ਆਪਣਾ ਆਖ਼ਰੀ ਭੋਜਨ ਕੀਤਾ ਤੇ ਕੁਸ਼ੀਨਗਰ ਵਿਚ ਉਨ੍ਹਾਂ ਆਖ਼ਰੀ ਸਾਹ ਲਿਆ ਤੇ ਮਹਾਪਰਿਨਿਰਵਾਣ ਨੂੰ ਪ੍ਰਾਪਤ ਹੋਏ। ਪਾਵਾ ਨੂੰ ਹੁਣ ਪਡਰੌਨਾ ਜਾਂ ਫ਼ਾਜ਼ਿਲਨਗਰ ਆਖਿਆ ਜਾਂਦਾ ਹੈ।); ਫਿਰ ਤਕਸ਼ਿਲਾ (ਟੈਕਸਲਾ - ਹੁਣ ਪਾਕਿਸਤਾਨ ਵਿਚ); ਅਤੇ ਉਸ ਤੋਂ ਬਾਅਦ ਕੌਸ਼ਾਂਭੀ ਅਤੇ ਸ਼੍ਰਾਵਸਤੀ (ਦੋਵੇਂ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਅਤੇ ਗੌਤਮ ਬੁੱਧ ਦੀਆਂ ਪਸੰਦੀਦਾ ਥਾਵਾਂ) ਦੀ ਵਾਰੀ ਆਈ। ਫਿਰ ਕੀ ਸੀ, ਮਹਿਜ਼ ਕੁਝ ਕੁ ਹੀ ਸਾਲਾਂ ਦੌਰਾਨ ਠੋਸ ਅਧਿਐਨ ਦੇ ਆਧਾਰ ਉੱਤੇ 25 ਬੇਸ਼ਕੀਮਤੀ ਪੁਰਾਤੱਤਵ ਸਰਵੇਖਣ ਰਿਪੋਰਟਾਂ ਤਿਆਰ ਕਰ ਕੇ ਪ੍ਰਕਾਸ਼ਿਤ ਕਰ ਦਿੱਤੀਆਂ ਗਈਆਂ। ਇਸ ਤਰ੍ਹਾਂ ਸਾਰੇ ਸੰਸਾਰ ਅੱਗੇ ਇਕ ਨਵੀਂ ਹੀ ਦੁਨੀਆਂ ਖੁੱਲ੍ਹ ਰਹੀ ਸੀ।
ਇਸ ਤੋਂ ਥੋੜ੍ਹਾ ਹੀ ਚਿਰ ਬਾਅਦ ਹਕੂਮਤ ਦੇ ਸਿਖਰਲੇ ਪੱਧਰ ’ਤੇ ਅਹਿਮ ਫ਼ੈਸਲਾ ਲਿਆ ਗਿਆ ਕਿ ਸਰਕਾਰ ਦਾ ਪੁਰਾਤੱਤਵ ਵਿਭਾਗ ਕਾਇਮ ਕੀਤਾ ਜਾਵੇ। ਕਨਿੰਘਮ, ਜੋ ਇਸ ਦੌਰਾਨ ਭਾਰਤ ਤੋਂ ਜਾ ਚੁੱਕਾ ਸੀ, ਨੂੰ ਵਾਪਸ ਸੱਦ ਕੇ ਇਸ ਦਾ ਡਾਇਰੈਕਟਰ ਜਨਰਲ ਥਾਪਿਆ ਗਿਆ। ਇਸ ਨਾਲ ਇਕ ਨਵਾਂ ਹੀ ਦੌਰ ਸ਼ੁਰੂ ਹੋਣ ਵਾਲਾ ਸੀ ਅਤੇ ਹੋਇਆ ਵੀ। ਉਪਿੰਦਰ ਸਿੰਘ ਇਸ ਖੇਤਰ ਦੀ ਜਾਣੂੰ ਹੈ ਅਤੇ ਉਸ ਨੇ ਇਸ ਬਾਰੇ (ਮਿਸਾਲ ਵਜੋਂ ਆਪਣੀ ਕਿਤਾਬ ‘ਪ੍ਰਾਚੀਨ ਭਾਰਤ ਦੀ ਖੋਜ’ - ‘Discovery of Ancient India’) ਵਿਚ ਲਿਖਿਆ ਵੀ ਹੈ। ਪਰ ਹਾਲੇ ਹੋਰ ਵੀ ਬਹੁਤ ਕੁਝ ਸਾਹਮਣੇ ਆਉਣ ਵਾਲਾ ਸੀ। ਬਹੁਤਾ ਸਮਾਂ ਨਹੀਂ ਹੋਇਆ ਕਿ ਉਪਿੰਦਰ ਦੇ ਹੱਥ ਦਸਤਾਵੇਜ਼ਾਂ ਦਾ ਇਕ ਜ਼ਖ਼ੀਰਾ ਲੱਗਾ: ਇਹ ਕੋਲਕਾਤਾ ਵਿਚੋਂ ਮਿਲੀ ਬਹੁਤ ਹੀ ਗ਼ੈਰਮਾਮੂਲੀ ਲੱਭਤ ਸੀ। ਇਹ ਜ਼ਖ਼ੀਰਾ ਉੱਥੋਂ ਦੇ ਵਿਕਟੋਰੀਆ ਮੈਮੋਰੀਅਲ ਹਾਲ ਨੇ 2005 ਵਿਚ ਬਹੁਤ ਉਮੀਦਾਂ ਨਾਲ ਹਾਸਲ ਕੀਤਾ ਸੀ ਜਿਸ ਵਿਚ ਅਲੈਗਜ਼ੈਂਡਰ ਵੱਲੋਂ ਆਪਣੇ ਹੱਥ ਨਾਲ ਲਿਖੇ 192 ਪੱਤਰ ਸ਼ਾਮਲ ਹਨ ਜਿਹੜੇ ਉਸ ਨੇ ਆਪਣੇ ਸਹਾਇਕ ਜੋਸਫ ਬੈਗਲਰ ਨੂੰ ਲਿਖੇ ਸਨ। ਇਨ੍ਹਾਂ ਵਿਚੋਂ ਪਹਿਲੀ ਚਿੱਠੀ 28 ਜਨਵਰੀ 1871 ਨੂੰ ਲਿਖੀ ਗਈ ਸੀ। ਉਸੇ ਸਾਲ ਜਦੋਂ ਪੁਰਾਤੱਤਵ ਸਰਵੇਖਣ ਵਿਭਾਗ ਦੀ ਸਥਾਪਨਾ ਹੋਈ, ਜਿਸ ਵਿਚ ਕਨਿੰਘਮ ਨੇ ਇਸ ਅਮਰੀਕੀ-ਹਿੰਦੋੋਸਤਾਨੀ ਨੌਜਵਾਨ ਨੂੰ ਆਪਣੇ ਨਾਲ ਕੰਮ ਕਰਨ ਦੀ ਪੇਸ਼ਕਸ਼ ਕੀਤੀ, ਜਿਸ ਦਾ ਪਰਿਵਾਰ ਹਿੰਦੋਸਤਾਨ ਵਿਚ ਵੱਸਿਆ ਹੋਇਆ ਸੀ। ਬੈਗਲਰ ਨੇ ਇਹ ਪੇਸ਼ਕਸ਼ ਮਨਜ਼ੂਰ ਕਰ ਲਈ ਜੋ ਇਕ ਵਧੀਆ ਫੋਟੋਗ੍ਰਾਫਰ ਸੀ।
ਇਨ੍ਹਾਂ ਦੋ ਪੁਰਾਤੱਤਵ ਮਾਹਿਰਾਂ ਦੇ ਕੰਮ ਕਰਨ ਦੇ ਢੰਗ-ਤਰੀਕਿਆਂ ਤੇ ਚਿੰਤਾਵਾਂ ਬਾਰੇ ਬਹੁਤ ਹੀ ਗਹਿਰ-ਗੰਭੀਰ ਸੋਚ ਨਾਲ ਭਰਪੂਰ ਇਹ ਚਿੱਠੀਆਂ ਆਪਣੇ ਆਪ ਵਿਚ ਇਕ ਕੀਮਤੀ ਖ਼ਜ਼ਾਨਾ ਹਨ। ਉਪਿੰਦਰ ਸਿੰਘ ਨੇ ਆਪਣੀ ਮਹਾਨ ਕਲਪਨਾ ਦੇ ਨਾਲ ਇਸ ਇਕ-ਇਕ ਚਿੱਠੀ ਨੂੰ ਆਪਣੀ ਕਿਤਾਬ ਵਿਚ ਛਾਪਿਆ ਹੈ ਜਿਸ ਨੂੰ ਉਨ੍ਹਾਂ ਸਿਰਲੇਖ ਦਿੱਤਾ ਹੈ: ‘ਦਿ ਵਰਲਡ ਆਫ਼ ਇੰਡੀਆ’ਜ਼ ਫਸਟ ਆਰਕਿਆਲੋਜਿਸਟ’ (‘The World of India’s First Archaeologist’ - ਭਾਰਤ ਦੇ ਪਹਿਲੇ ਪੁਰਾਤੱਤਵ ਮਾਹਿਰ ਦੀ ਦੁਨੀਆ)। ਕਿਤਾਬ ਵਿਚ ਕੁਝ ਚਿੱਠੀਆਂ ਦੀਆਂ ਤਸਵੀਰਾਂ ਵੀ ਛਾਪੀਆਂ ਗਈਆਂ ਹਨ। ਇਨ੍ਹਾਂ ਚਿੱਠੀਆਂ ਵਿਚ ਉਤਸ਼ਾਹ ਨਾਲ ਨਿਰਾਸ਼ਾ; ਖ਼ੁਸ਼ਮਿਜ਼ਾਜੀ ਨਾਲ ਨਸੀਹਤ ਅਤੇ ਗਰਮਜੋਸ਼ੀ ਤੇ ਸਮਝਦਾਰੀ ਨਾਲ ਡੂੰਘਾ ਚਿੰਤਨ ਘੁਲੇ-ਮਿਲੇ ਹੋਏ ਹਨ। ਇਨ੍ਹਾਂ ਵਰਕਿਆਂ ਵਿਚ ਭਰਹੁਤ (ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਵਿਚਲਾ ਬੋਧੀ ਸਤੂਪ ਤੇ ਕਲਾਕ੍ਰਿਤੀਆਂ ਲਈ ਮਸ਼ਹੂਰ ਸਥਾਨ) ਅਤੇ ਸਾਂਚੀ (ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ ਵਿਚ ਮਸ਼ਹੂਰ ਸਾਂਚੀ ਸਤੂਪ ਵਾਲੀ ਥਾਂ) ਕਾਫ਼ੀ ਉੱਭਰ ਕੇ ਸਾਹਮਣੇ ਆਉਂਦੇ ਹਨ; ਗਯਾ ਦਾ ਮਹਾਂਬੋਧੀ ਮੰਦਰ ਮੁੜ ਸਾਹ ਲੈਣ ਲੱਗਦਾ ਜਾਪਦਾ ਹੈ; ਜਿਨ੍ਹਾਂ ਦੇ ਮਾਪ ਦਿੱਤੇ ਗਏ ਤੇ ਦਰੁਸਤ ਕੀਤੇ ਗਏ ਹਨ। ਜਿਵੇਂ ਮੈਂ ਕਿਹਾ, ਇਹ ਸੱਚਮੁੱਚ ਬੇਸ਼ਕੀਮਤੀ ਖ਼ਜ਼ਾਨਾ ਹੈ। ਪਰ ਅਹਿਮ ਗੱਲ ਇਹ ਹੈ ਕਿ ਬੈਗਲਰ ਵੱਲੋਂ ਕਨਿੰਘਮ ਨੂੰ ਲਿਖੀਆਂ ਚਿੱਠੀਆਂ ਹਾਲੇ ਤੱਕ ਸਾਹਮਣੇ ਨਹੀਂ ਆਈਆਂ। ਉਮੀਦ ਕਰਨੀ ਚਾਹੀਦੀ ਹੈ ਕਿ ਸ਼ਾਇਦ ਕਿਸੇ ਦਿਨ ਉਹ ਵੀ ਸਾਹਮਣੇ ਆ ਜਾਣ ਅਤੇ ਸ਼ਾਇਦ ਉਪਿੰਦਰ ਉਨ੍ਹਾਂ ਬਾਰੇ ਵੀ ਕਿਤਾਬ ਲਿਖੇ। ਗੁਆਚੇ ਖ਼ਜ਼ਾਨਿਆਂ ਤੇ ਗੁਆਚੀਆਂ ਚੀਜ਼ਾਂ ਬਾਰੇ ਮਿਰਜ਼ਾ ਗ਼ਾਲਿਬ ਕਹਿੰਦੇ ਹਨ:
ਸਬ ਕਹਾਂ ਕੁਛ ਲਾਲਾ-ਓ ਗੁਲ ਮੇਂ ਨੁਮਾਯਾਂ ਹੋ ਗਯੀਂ
ਖ਼ਾਕ ਮੇਂ ਕਯਾ ਸੂਰਤੇਂ ਹੋਂਗੀ ਕਿ ਪਿਨਹਾਂ ਹੋ ਗਯੀਂ।
[ਸਾਰੀਆਂ ਕਿੱਥੇ, ਕੁਝ ਕੁ (ਸੂਰਤਾਂ) ਹੀ ਟਿਊਲਿਪ ਤੇ ਗੁਲਾਬ ਦੇ ਫੁੱਲਾਂ (ਲਾਲਾ-ਓ ਗੁਲ) ਦੇ ਰੂਪ ਵਿਚ ਪ੍ਰਗਟ (ਨੁਮਾਯਾਂ) ਹੋਈਆਂ ਹੋਣਗੀਆਂ।
ਕੀ ਪਤਾ, ਸਾਡੇ ਪੈਰਾਂ ਹੇਠ ਮਿੱਟੀ (ਖ਼ਾਕ) ਵਿਚ ਕਿੰਨੀਆਂ ਕੁ ਸੂਰਤਾਂ ਛੁਪੀਆਂ (ਪਿਨਹਾਂ) ਹੋਈਆਂ ਹੋਣਗੀਆਂ!


