ਪ੍ਰੋ. ਬਲਵਿੰਦਰਪਾਲ ਸਿੰਘ , 9815700916
ਭਗਤ ਸਿੰਘ ਸ਼ਹੀਦ ਹਨ।ਇਸ ਤੇ ਕੋਈ ਕਿੰਤੂ ਨਹੀਂ। ਉਹ ਦੇਸ ਭਗਤ ਹਨ ਕੋਈ ਕਿੰਤੂ ਨਹੀਂ। ਪਰ ਇਹ ਸਮਝ ਨਹੀਂ ਪਈ ਕਿ ਉਹ ਕਾਮਰੇਡ ਸਨ ਜਾਂ ਆਰੀਆ ਸਮਾਜੀ। ਅਜੇ ਤਕ ਸਪਸਟ ਨਹੀਂ ਹੋ ਸਕਿਆ। ਉਹਨਾਂ ਦੇ ਵਿਚਾਰ ਸਿਖ ਧਰਮ ਤੇ ਪੰਜਾਬੀ ਬੋਲੀ ਦੇ ਵਿਰੋਧ ਵਿਚ ਕਿਉਂ ਸਨ।ਜੇਕਰ ਕਿਸੇ ਕੋਲ ਚੰਗੇ ਇਤਿਹਾਸਕ ਤਥ ਹੋਣ ਤਾਂ ਉਹ ਪੇਸ਼ ਕਰੇ।ਦੂਸਰਾ ਭਗਤ ਸਿੰਘ ਨੂੰ ਸਰਕਾਰੀ ਪੱਧਰ ਤੇ ਸ਼ਹੀਦ ਦਾ ਦਰਜਾ ਕਿਉਂ ਨਹੀਂ ਮਿਲਿਆ। ਭਗਤ ਸਿੰਘ ਦਾ ਲਾਲਾ ਲਾਜਪਤ ਰਾਇ ਨਾਲ ਕੀ ਰਿਸ਼ਤਾ ਸੀ। ਭਗਤ ਸਿੰਘ ਨੇ ਗਦਰੀ ਬਾਬੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਲ ਮਿੰਨਤਾਂ ਕਰਕੇ ਮੁਲਕਾਤ ਕੀਤੀ ਹਾਲੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਉਹਨਾਂ ਨੂੰ ਪਤਿਤ ਹੋਣ ਕਰਕੇ ਮਿਲਣਾ ਨਹੀਂ ਚਾਹੁੰਦੇ ਸਨ।ਭਾਈ ਰਣਧੀਰ ਸਿੰਘ ਦੀਆਂ ਜੇਲ ਚਿਠੀਆਂ ਤੇ ਸਿਰਦਾਰ ਕਪੂਰ ਸਿੰਘ ਜੀ ਦੀ ਲਿਖੀ ਸਾਚੀ ਸਾਖੀ ਇਸ ਗਲ ਦੀ ਗਵਾਹ ਹੈ।ਬਾਅਦ ਵਿਚ ਭਗਤ ਸਿੰਘ ਭਾਈ ਰਣਧੀਰ ਸਿੰਘ ਨਾਲ ਵਾਅਦੇ ਤੋਂ ਕਿਉ ਮੁਕਰਿਆ।ਭਗਤ ਸਿੰਘ ਦੀ ਜੇਲ ਚਿਠੀਆਂ ਦੀ ਬੋਲੀ ਭਗਤ ਸਿੰਘ ਵਾਲੀ ਨਹੀਂ ਜਾਪਦੀ ਕਿਸੇ ਸੁਘੜ ਕਾਮੇਡ ਦੀ ਜਾਪਦੀ ਹੈ। 23 ਸਾਲ ਦਾ ਗਭਰੂ ਅਜਿਹੀ ਥਾਟ ਵਾਲੀ ਰਚਨਾ ਕਿਵੇਂ ਰਚ ਲਏਗਾ।ਉਸਨੂੰ ਅੰਦੋਲਨ ਵਿਚ ਪੜ੍ਹਨ ਦਾ ਕਿੰਨਾ ਕੁ ਟਾਈਮ ਮਿਲਿਆ ਹੋਵੇਗਾ।ਇਸ ਪੁਸਤਕ ਵਿਚ ਭਾਈ ਰਣਧੀਰ ਸਿੰਘ ਬਾਰੇ ਯੋਗ ਤੇ ਸਤਿਕਾਰਯੋਗ ਭਾਸ਼ਾ ਨਹੀਂ ਵਰਤੀ।ਮੈਨੂੰ ਜਾਪਦਾ ਹੈ ਕਿ ਭਗਤ ਸਿੰਘ ਭਾਈ ਸਾਹਿਬ ਬਾਰੇ ਭਾਸ਼ਾ ਨਹੀਂ ਵਰਤ ਸਕਦਾ।ਅਜਿਹਾ ਮੈਂ ਇਸ ਲਈ ਕਹਿ ਰਿਹਾਂ ਕਿਉ ਕਿ ਭਗਤ ਸਿੰਘ ਦਾ ਰੋਲ ਮਾਡਲ ਸ਼ਹੀਦ ਕਰਤਾਰ ਸਿੰਘ ਸਰਾਭਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੂੰ ਮਹਾਨ ਇਨਕਲਾਬੀ ਮਹਾਂਪੁਰਸ਼ ਸਮਝਦਾ ਤੇ ਅਗਵਾਈ ਲੈਂਦਾ ਰਿਹਾ ਸੀ।
ਜਬੈ ਬਾਣਿ ਲਾਗਯੋ ਪੁਸਤਕ ਵਿਚ ਗੁਰਬਚਨ ਸਿੰਘ ਮੈਂਬਰ ਗਿਆਨੀ ਦਿਤ ਸਿੰਘ ਨੇ ਬਹੁਤ ਸੁਆਲ ੳਠਾਏ ਹਨ।ਉਹਨਾਂ ਦੀ ਮਜਬੂਤ ਦਲੀਲ ਇਹੀ ਹੈ ਕਿ ਭਗਤ ਸਿੰਘ ਦਾ ਝੁਕਾਅ ਆਰੀਆ ਸਮਾਜ ਵਲ ਸੀ ਤੇ ਪੰਜਾਬੀ ਬੋਲੀ ਦੇ ਉਹ ਘੋਰ ਵਿਰੋਧੀ ਸੀ।
ਜਬੈ ਬਾਣਿ ਲਾਗਯੋ ਪੁਸਤਕ ਵਿਚ ਗੁਰਬਚਨ ਸਿੰਘ ਮੈਂਬਰ ਗਿਆਨੀ ਦਿਤ ਸਿੰਘ ਲਿਖਦੇ ਹਨ
ਪੰਜਾਬ ਦੀ ਭਾਸ਼ਾ ਪੰਜਾਬੀ ਕਿਉਂ ਨਾ ਬਣੀ, ਇਸ ਦੇ ਕਾਰਨ ਦੱਸਦਿਆਂ ਫਿਰ ਸ਼ਹੀਦ ਭਗਤ ਸਿੰਘ ਇਹ ਜਾਣਕਾਰੀ ਦੇਂਦਾ ਹੈ, ''ਪਰ ਇਥੋਂ ਦੇ ਮੁਸਲਮਾਨਾਂ ਨੇ ਉਰਦੂ ਨੂੰ ਅਪਣਾਇਆ। ਮੁਸਲਮਾਨਾਂ ਵਿਚ ਭਾਰਤੀਅਤਾ ਦੀ ਹਰ ਤਰ੍ਹਾਂ ਘਾਟ ਹੈ, ਇਸ ਲਈ ਉਹ ਸਾਰੇ ਭਾਰਤ ਵਿਚ ਭਾਰਤੀਅਤਾ ਦੀ ਮਹੱਤਤਾ ਨਾ ਸਮਝ ਕੇ, ਅਰਬੀ ਲਿਪੀ ਤੇ ਫਾਰਸੀ ਭਾਸ਼ਾ ਦਾ ਪ੍ਰਚਾਰ ਕਰਨਾ ਚਾਹੁੰਦੇ ਹਨ। ਸਾਰੇ ਭਾਰਤ ਦੀ ਇਕ ਭਾਸ਼ਾ ਤੇ ਉਹ ਵੀ ਹਿੰਦੀ ਹੋਣ ਦਾ ਮਹੱਤਵ, ਉਨ੍ਹਾਂ ਦੀ ਸਮਝ ਵਿਚ ਨਹੀਂ ਆਉਂਦਾ। ਇਸ ਲਈ ਉਹ ਤਾਂ ਆਪਣੀ ਉਰਦੂ ਦੀ ਰਟ ਲਾਉਂਦੇ ਰਹੇ ਤੇ ਇਕ ਪਾਸੇ ਹੋ ਕੇ ਬੈਠ ਗਏ।''
ਪੰਜਾਬ ਦੇ ਸਿਖਾਂ ਬਾਰੇ ਸ਼ਹੀਦ ਭਗਤ ਸਿੰਘ ਲਿਖਦਾ ਹੈ, ''ਫਿਰ ਸਿਖਾਂ ਦੀ ਵਾਰੀ ਆਈ। ਉਨ੍ਹਾਂ ਦਾ ਸਾਰਾ ਸਾਹਿਤ ਗੁਰਮੁਖੀ ਲਿਪੀ ਵਿਚ ਹੈ। ਭਾਸ਼ਾ ਵਿਚ ਚੰਗੀ ਖਾਸੀ ਹਿੰਦੀ ਹੈ। ਪਰ ਮੁੱਖ ਭਾਸ਼ਾ ਪੰਜਾਬੀ ਹੈ। ਇਸ ਲਈ ਸਿਖਾਂ ਨੇ ਗੁਰਮੁਖੀ ਲਿਪੀ ਵਿਚ ਲਿਖੀ ਜਾਣ ਵਾਲੀ ਭਾਸ਼ਾ ਨੂੰ ਅਪਣਾ ਲਿਆ। ਉਹ ਇਸ ਨੂੰ ਕਿਸੇ ਤਰ੍ਹਾਂ ਛੱਡ ਨਹੀਂ ਸਕਦੇ। ਉਹ ਇਸ ਨੂੰ ਮਜ਼੍ਹਬੀ ਭਾਸ਼ਾ ਬਣਾ ਕੇ, ਉਸ ਨਾਲ ਚਿਪਕ ਗਏ ਹਨ।''
ਪੰਜਾਬ ਦੇ ਹਿੰਦੂਆਂ ਬਾਰੇ ਟਿੱਪਣੀ ਕਰਦਿਆਂ ਉਸ ਦਾ ਕਹਿਣਾ ਹੈ, ''ਏਧਰ ਆਰੀਆ ਸਮਾਜ ਦਾ ਸੰਚਾਰ ਹੋਇਆ। ਸਵਾਮੀ ਦਇਆ ਨੰਦ ਸਰਸਵਤੀ ਨੇ ਸਾਰੇ ਭਾਰਤ ਵਰਸ਼ ਵਿਚ ਹਿੰਦੀ ਦਾ ਪ੍ਰਚਾਰ ਕਰਨ ਦਾ ਭਾਵ ਰਖਿਆ। ਹਿੰਦੀ ਭਾਸ਼ਾ ਆਰੀਆ ਸਮਾਜ ਦਾ ਇਕ ਅੰਗ ਬਣ ਗਈ। ਧਾਰਮਿਕ ਅੰਗ ਬਣ ਜਾਣ ਦਾ ਇਕ ਲਾਭ ਤਾਂ ਹੋਇਆ ਕਿ ਸਿਖਾਂ ਦੀ ਕੱਟੜਤਾ ਨਾਲ ਪੰਜਾਬੀ ਦੀ ਰੱਖਿਆ ਹੋ ਗਈ ਅਤੇ ਆਰੀਆ ਸਮਾਜੀਆਂ ਦੀ ਕੱਟੜਤਾ ਨਾਲ ਹਿੰਦੀ ਭਾਸ਼ਾ ਨੇ ਆਪਣਾ ਥਾਂ ਬਣਾ ਲਿਆ।''
ਪੰਜਾਬ ਦੀ ਭਾਸ਼ਾ ਦੇ ਮਸਲੇ ਦਾ ਹੱਲ ਦਸਦਿਆਂ, ਫਿਰ ਉਹ ਇਹ ਜਾਣਕਾਰੀ ਦੇਂਦਾ ਹੈ, ''ਆਰੀਆ ਸਮਾਜੀ ਨੇਤਾ ਮਹਾਰਾਜ ਹੰਸ ਰਾਜ ਜੀ ਨੇ ਲੋਕਾਂ ਨੂੰ ਕੁਝ ਇਸ ਤਰ੍ਹਾਂ ਦੀ ਸਲਾਹ ਦਿੱਤੀ ਸੀ, ਕਿ ਜੇ ਉਹ ਹਿੰਦੀ ਲਿਪੀ ਨੂੰ ਅਪਣਾ ਲੈਣ, ਤਾਂ ਉਹ ਹਿੰਦੀ ਲਿਪੀ ਵਿਚ ਲਿਖੀ ਜਾਣ ਵਾਲੀ ਪੰਜਾਬੀ ਭਾਸ਼ਾ ਯੂਨੀਵਰਸਿਟੀ ਵਿਚ ਮਨਜ਼ੂਰ ਕਰਵਾ ਲੈਣਗੇ। ਪਰ ਬਦਕਿਸਮਤੀ ਕਿ ਲੋਗ ਤੰਗ ਦਾਇਰੇ ਤੇ ਸੋਚ ਕਾਰਨ ਇਸ ਗੱਲ ਦੀ ਮਹੱਤਾ ਨੂੰ ਸਮਝ ਹੀ ਨਹੀਂ ਸਕੇ ਅਤੇ ਉਸ ਤਰ੍ਹਾਂ ਹੋ ਨਹੀਂ ਸਕਿਆ।''
ਭਾਸ਼ਾ ਦੇ ਮੱਸਲੇ ਬਾਰੇ ਪੰਜਾਬ ਦੀ ਹਾਲਤ ਦਾ ਜ਼ਿਕਰ ਕਰਦਿਆਂ, ਫਿਰ ਸ਼ਹੀਦ ਭਗਤ ਸਿੰਘ ਇਹ ਜਾਣਕਾਰੀ ਵੀ ਦੇਂਦਾ ਹੈ, ਕਿ ''ਇਸ ਵੇਲੇ ਪੰਜਾਬ ਵਿਚ ਤਿੰਨ ਮਤਿ ਹਨ। ਪਹਿਲਾ ਮੁਸਲਮਾਨਾਂ ਦਾ ਉਰਦੂ ਸਬੰਧੀ ਕੱਟੜ ਪੱਖਪਾਤ, ਦੂਸਰਾ ਆਰੀਆ ਸਮਾਜੀਆਂ ਤੇ ਕੁਝ ਹਿੰਦੂਆਂ ਦਾ ਹਿੰਦੀ ਬਾਰੇ, ਤੀਸਰਾ ਪੰਜਾਬ ਦਾ।''
ਧਿਆਨ ਵਿਚ ਰਹੇ ਕਿ ਇਥੇ ਸ਼ਹੀਦ ਭਗਤ ਸਿੰਘ ਨੇ ਇਹ ਸਪੱਸ਼ਟ ਜਾਣਕਾਰੀ ਦਿੱਤੀ ਹੈ ਕਿ ਆਰੀਆ ਸਮਾਜੀ ਪੰਜਾਬ ਅੰਦਰ ਹਿੰਦੀ ਲਾਗੂ ਕਰਨਾ ਚਾਹੁੰਦੇ ਸਨ।