ਆਪ ਜੀ ਦੇ ਪਿਤਾ ਦਾ ਨਾਂਅ ਸ: ਮਇਆ ਸਿੰਘ ਤੇ ਮਾਤਾ ਦਾ ਨਾਂਅ ਮਤਾਬ ਕੌਰ ਸੀ। ਆਪ ਜੀ ਦਾ ਜੱਦੀ ਪਿੰਡ ਨਿੱਕਾ ਭੁੱਚਰ, ਤਹਿਸੀਲ ਤਰਨ ਤਾਰਨ, ਜ਼ਿਲ੍ਹਾ ਅੰਮ੍ਰਿਤਸਰ ਸੀ (ਹੁਣ ਜ਼ਿਲ੍ਹਾ ਤਰਨ ਤਾਰਨ)। ਆਪ ਜੀ ਨੇ ਪ੍ਰਾਇਮਰੀ ਤੱਕ ਸਕੂਲੀ ਵਿੱਦਿਆ ਹਾਸਲ ਕੀਤੀ। ਤੇਜਾ ਸਿੰਘ ਸੋਹਣਾ ਸੁਨੱਖਾ ਨੌਜਵਾਨ ਗੱਭਰੂ ਸੀ। ਤੇਜਾ ਸਿੰਘ ਘੋੜ ਸਵਾਰ ਰਸਾਲੇ ਵਿਚ ਭਰਤੀ ਹੋ ਕੇ ਦੇਸ਼-ਵਿਦੇਸ਼ ਵਿਚ ਘੁੰਮਿਆ। ਪਹਿਲੀ ਵੱਡੀ ਜੰਗ ਵਿਚ ਹਿੱਸਾ ਲਿਆ ਅਤੇ ਜੰਗ ਦੇ ਖ਼ਤਮ ਹੋਣ 'ਤੇ ਰਿਟਾਇਰਮੈਂਟ ਲੈ ਕੇ ਮੁੜ ਆਇਆ। ਆਪ ਜੀ ਦਾ ਆਨੰਦ ਕਾਰਜ ਬੀਬੀ ਕਰਤਾਰ ਕੌਰ ਜੀ ਪਿੰਡ ਬਸੇਹਰ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ ਨਾਲ ਹੋਇਆ।
ਜਦ ਆਪ ਜੀ ਫ਼ੌਜ ਤੋਂ ਵਾਪਸ ਆਏ ਤਾਂ ਪੰਜਾਬ ਅੰਦਰ ਸਿੰਘ ਸਭਾ ਲਹਿਰ ਚਲ ਰਹੀ ਸੀ। ਆਮ ਲੋਕਾਂ ਵਿਚ ਅੰਮ੍ਰਿਤ ਛੱਕ ਕੇ ਸਿੰਘ ਸਜਣ ਦਾ ਉਤਸ਼ਾਹ ਸੀ। ਆਪ ਜੀ ਦੇ ਪਿੰਡ ਅਤੇ ਇਲਾਕੇ ਦੇ ਬਹੁਤ ਸਾਰੇ ਲੋਕ ਅੰਮ੍ਰਿਤ ਛਕ ਕੇ ਸਿੰਘ ਸਜ ਚੁੱਕੇ ਸਨ। ਭਾਈ ਤੇਜਾ ਸਿੰਘ ਨੇ ਵੀ ਅੰਮ੍ਰਿਤ ਛੱਕ ਕੇ ਤਿਆਰ-ਬਰ-ਤਿਆਰ ਸਿੰਘ ਸਜ ਗਏ।
ਭਾਈ ਤੇਜਾ ਸਿੰਘ ਭੁੱਚਰ ਨੇ 1919 ਈ: ਵਿਚ ਧਾਰਮਿਕ ਤੇ ਸਮਾਜਿਕ ਕੰਮਾਂ ਵਿਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਆਪਣੇ ਵਿਚਾਰਾਂ ਵਾਲੇ ਸਿੰਘਾਂ ਨੂੰ ਜਾਗਰੂਕ ਕਰਨ ਲਗ ਪਏ। ਜਲ੍ਹਿਆਂ ਵਾਲੇ ਬਾਗ਼ ਦੇ 13 ਅਪ੍ਰੈਲ, 1919 ਈ: ਦੇ ਵਾਪਰੇ ਖੂਨੀ ਸਾਕੇ ਨੇ ਆਪ 'ਤੇ ਡੂੰਗਾ ਪ੍ਰਭਾਵ ਪਾਇਆ। ਉਸ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਸਰਬਰਾਹ ਅਰੂੜ ਸਿੰਘ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਰਫ਼ੋਂ ਜਨਰਲ ਉਡਵਾਇਰ ਨੂੰ ਸਿਰੋਪਾੋ ਦਿੱਤਾ ਗਿਆ। ਉਸ ਤੋਂ ਇਹ ਪ੍ਰਤੱਖ ਹੋ ਗਿਆ ਕਿ ਗੁਰਦੁਆਰੇ ਸਰਕਾਰੀ ਅਧਿਕਾਰ ਹੇਠ ਹਨ ਅਤੇ ਇਹ ਘਟਨਾ ਸੱਚੇ-ਸੁੱਚੇ ਗੁਰੂ ਦੇ ਸਿੰਘਾਂ ਵਾਸਤੇ ਇਕ ਚੁਣੌਤੀ ਸੀ।
ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ ਦਾ ਅਕਤੂਬਰ 1920 ਵਿਚ ਪ੍ਰਬੰਧ ਸੰਭਾਲਣ ਸਮੇਂ ਸੈਂਟਰਲ ਮਾਝਾ ਦੀਵਾਨ ਦਾ 104 ਸਿੰਘਾਂ ਦਾ ਜਥਾ ਗਿਆ ਉਸ ਵਿਚ ਭਾਈ ਤੇਜਾ ਸਿੰਘ ਭੁੱਚਰ ਵੀ ਸ਼ਾਮਿਲ ਸਨ।
ਜਥੇਦਾਰ ਤੇਜਾ ਸਿੰਘ ਭੁੱਚਰ ਗੁਰਦੁਆਰਾ ਤਰਨ ਤਾਰਨ ਸਾਹਿਬ ਦਾ ਪ੍ਰਬੰਧ ਸੁਧਾਰਨ ਲਈ 25 ਜਨਵਰੀ, 1921 ਈ: ਨੂੰ 40 ਸਿੰਘਾਂ ਦਾ ਜਥਾ ਲੈ ਕੇ ਤਰਨ ਤਾਰਨ ਸਾਹਿਬ ਗਏ। ਸਮਝੌਤੇ ਲਈ ਮੀਟਿੰਗ ਚਲ ਰਹੀ ਸੀ ਪਰ ਪੁਜਾਰੀਆਂ ਨੇ ਧੋਖੇ ਨਾਲ ਸਿੰਘਾਂ 'ਤੇ ਹਮਲਾ ਕਰ ਦਿੱਤਾ ਜਿਸ ਨਾਲ ਭਾਈ ਹਜ਼ਾਰਾ ਸਿੰਘ ਅਲਾਦੀਨਪੁਰ ਅਤੇ ਸ: ਹੁਕਮ ਸਿੰਘ ਵਸਾਊਕੋਟ ਸ਼ਹੀਦ ਹੋ ਗਏ ਅਤੇ 17 ਸਿੰਘ ਜ਼ਖ਼ਮੀ ਹੋਏ। ਇਸ ਉਪਰੰਤ ਜਥੇਦਾਰ ਜੀ ਨੇ 26 ਜਨਵਰੀ 1921 ਈ: ਨੂੰ ਗੁਰਦੁਆਰਾ ਤਰਨ ਤਾਰਨ ਸਾਹਿਬ ਦਾ ਪ੍ਰਬੰਧ ਸੰਭਾਲ ਲਿਆ। ਇਸ ਘਟਨਾ ਸਮੇਂ ਸਰਕਾਰ ਵਲੋਂ ਜਥੇਦਾਰ ਉੱਪਰ ਕਈ ਕੇਸ ਬਣੇ ਜਿਨ੍ਹਾਂ ਵਿਚ ਉਨ੍ਹਾਂ ਨੇ ਸਜ਼ਾ ਵੀ ਭੁਗਤੀ।
ਇਸ ਤੋਂ ਬਾਅਦ ਖਡੂਰ ਸਾਹਿਬ, ਗੋਇੰਦਵਾਲ, ਚੋਹਲਾ ਸਾਹਿਬ ਨੂੰ ਪੰਥਕ ਪ੍ਰਬੰਧ ਹੇਠ ਸ਼ਾਮਿਲ ਕਰ ਲਿਆ ਗਿਆ। ਗੁਰਦੁਆਰਾ ਨਨਕਾਣਾ ਸਾਹਿਬ ਦਾ ਸਾਕਾ 20 ਫਰਵਰੀ 1921 ਈ: ਨੂੰ ਵਾਪਰਿਆ ਤਾਂ ਉਸ ਦਿਨ ਤੋਂ ਬਾਅਦ ਜਥੇਦਾਰ ਤੇਜਾ ਸਿੰਘ ਭੁੱਚਰ ਨੇ ਕਾਲੇ ਬਸਤਰ ਪਹਿਨਣੇ ਸ਼ੁਰੂ ਕਰ ਦਿੱਤੇ। ਜਥੇਦਾਰ ਤੇਜਾ ਸਿੰਘ ਭੁੱਚਰ ਪੰਥ ਹਿਤੈਸ਼ੀ ਸਨ ਅਤੇ ਗੁਰਦੁਆਰਾ ਸੁਧਾਰ ਸਮੇਂ ਲੰਬੀ ਜੇਲ੍ਹ ਯਾਤਰਾ ਕੀਤੀ। ਆਪ ਜੀ ਨਵੰਬਰ 1929 ਈ: ਨੂੰ 7 ਸਾਲ ਦੀ ਜੇਲ੍ਹ ਯਾਤਰਾ ਕਰਕੇ ਰਿਹਾਅ ਹੋਏ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਜਥਾ ਅੰਮ੍ਰਿਤਸਰ ਵਲੋਂ ਸਨਮਾਨ ਸਮਾਰੋਹ ਕਰ ਕੇ ਮਾਣ-ਪੱਤਰ ਭੇਟ ਕੀਤਾ ਗਿਆ।
ਜਥੇਦਾਰ ਤੇਜਾ ਸਿੰਘ ਭੁੱਚਰ ਨੇ ਅਖੀਰਲੇ ਸਮੇਂ ਤੱਕ ਅੰਗਰੇਜ਼ ਸਰਕਾਰ ਵਿਰੁੱਧ ਆਵਾਜ਼ ਬੁਲੰਦ ਰੱਖੀ, ਅੰਗਰੇਜ਼ ਸਰਕਾਰ ਨੇ ਆਪ ਜੀ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਪਰ ਫਿਰ ਵੀ ਸਰਕਾਰ ਵਿਰੁੱਧ ਆਪਣਾ ਸੰਘਰਸ਼ ਜਾਰੀ ਰੱਖਿਆ। ਆਪ ਜੀ 2 ਅਕਤੂਬਰ, 1939 ਈ: ਨੂੰ ਦੁਪਹਿਰ ਦੇ ਸਮੇਂ ਆਪਣੇ ਜੱਦੀ ਪਿੰਡ ਗੱਗੋਬੂਹੇ ਵਲ ਨੂੰ ਆ ਰਹੇ ਸਨ ਤਾਂ ਆਪ ਦੇ ਵਿਰੋਧੀਆਂ ਨੇ ਆਪ ਜੀ ਉੱਪਰ ਹਮਲਾ ਕਰ ਦਿੱਤਾ, ਜਿਸ ਨਾਲ ਆਪ ਜੀ ਦੀ ਲੱਤ 'ਤੇ ਸੱਟ ਲੱਗੀ, ਹਸਪਤਾਲ ਤੋਂ ਪੱਟੀ ਕਰਵਾਈ ਗਈ ਪਰ ਅਗਲੇ ਦਿਨ ਜਦ ਅੰਮ੍ਰਿਤਸਰ ਗੁਰੂ ਤੇਗ਼ ਬਹਾਦਰ ਹਸਪਤਾਲ ਲੈ ਜਾਇਆ ਗਿਆ ਤਾਂ ਡਾਕਟਰ ਨੇ ਜਾਂਚ ਕਰਕੇ ਦੱਸਿਆ ਕਿ ਲੱਤ ਕੱਟਣੀ ਪਵੇਗੀ। ਜਥੇਦਾਰ ਜੀ ਨੇ ਕਿਹਾ ਕਿ ਮੇਰੀ ਲੱਤ ਉੱਪਰ ਅਣਗਿਣਤ ਰੋਮ ਹਨ, ਲੱਤ ਕੱਟਣ ਨਾਲ ਉਨ੍ਹਾਂ ਦੀ ਬੇਅਦਬੀ ਹੋਵੇਗੀ। ਸੋ, ਮੈਂ ਨਹੀਂ ਰਹਿ ਸਕਦਾ। ਮੈਨੂੰ ਆਪਣੀ ਜਾਨ ਦੀ ਪਰਵਾਹ ਨਹੀਂ। ਇਸ ਤਰ੍ਹਾਂ ਜਥੇਦਾਰ ਜੀ 3 ਅਕਤੂਬਰ 1939 ਈ: ਨੂੰ ਸਵੇਰੇ ਅੰਮ੍ਰਿਤ ਵੇਲੇ ਅਕਾਲ ਚਲਾਣਾ ਕਰ ਗਏ। ਅੱਜ ਦੇ ਦਿਨ ਉਨ੍ਹਾਂ ਦੀ ਬਰਸੀ 'ਤੇ ਸਮੁੱਚਾ ਪੰਥ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ।
ਹਰਵਿੰਦਰ ਸਿਮਘ ਖ਼ਾਲਸਾ
-ਬਠਿੰਡਾ। ਮੋਬਾਈਲ : 98155-33725