ਜਿਵੇਂ ਕਿ ਇਨ੍ਹਾਂ ਦੇ ਨਾਵਾਂ ਤੋਂ ਹੀ ਸਪੱਸ਼ਟ ਹੈ ਕਿ ਇਹ ਨਾਵਲ ਵਧੇਰੇ ਕਰਕੇ ਉਸ ਵੇਲੇ ਦੇ ਪੰਜਾਬੀ ਸਮਾਜ ਦੇ ਸਰੋਕਾਰਾਂ ਨਾਲ ਹੀ ਜੁੜੇ ਹੋਏ ਹਨ। ਭਾਈ ਵੀਰ ਸਿੰਘ ਸਿੱਖ ਧਰਮ ਦੇ ਪ੍ਰਚਾਰ ਲਈ ਆਪਣੇ ਨਾਵਲਾਂ ਦੇ ਕਥਾਨਕਾਂ ਦੀ ਚੋਣ 18ਵੀਂ ਸਦੀ ਦੇ ਸਿੱਖ ਇਤਿਹਾਸ ਵਿਚੋਂ ਕਰਦਾ ਹੈ, ਜਦ ਕਿ ਮੋਹਨ ਸਿੰਘ ਵੈਦ ਵਰਤਮਾਨ ਮੁਖੀ ਹੈ। ਇਹ ਵੈਦ ਦੀ ਨਾਵਲੀ ਵਿਲੱਖਣਤਾ ਹੈ। ਉਸਦਾ ਨਾਵਲ ‘ਸੁਖਦੇਵ ਕੌਰ’ 1920 ਵਿਚ ਪ੍ਰਕਾਸ਼ਿਤ ਹੋਇਆ। ਭਾਰਤ ਦੇ ਬਾਕੀ ਹਿੱਸਿਆਂ ਸਮੇਤ ਪੰਜਾਬ ’ਤੇ ਅੰਗਰੇਜ਼ੀ ਸ਼ਾਸਨ ਸੀ। ਪੰਜਾਬੀ, ਅੰਗਰੇਜ਼ਾਂ ਦੇ ਪ੍ਰਭਾਵ ਅਧੀਨ ਪੱਛਮੀ ਸੱਭਿਆਚਾਰ ਨੂੰ ਹੀਣ ਭਾਵਨਾ ਦਾ ਸ਼ਿਕਾਰ ਹੋ ਕੇ ਪੰਜਾਬੀ ਸੱਭਿਆਚਾਰ ਨਾਲੋਂ ਉੱਤਮ ਮੰਨਣ ਲੱਗ ਪਏ ਸਨ। ਇਸ ਨਾਵਲ ਵਿਚ ਮੋਹਨ ਸਿੰਘ ਵੈਦ ਨੇ ਲਾਲਾ ਲੱਭੂ ਰਾਮ ਨਾਂ ਦਾ ਪਾਤਰ ਸਿਰਜ ਕੇ ਉਸ ਰਾਹੀਂ ਪੰਜਾਬੀ ਸੱਭਿਆਚਾਰ ਦੀ ਉੱਤਮਤਾ ਦਾ ਸੰਦੇਸ਼ ਦਿੱਤਾ ਹੈ। ਵੈਦ ਦੇ ਨਾਵਲਾਂ ਵਿਚ ਵਰਤੀ ਗਈ ਲੋਕਧਾਰਾਈ ਸਮੱਗਰੀ ਨੇ ਇਨ੍ਹਾਂ ਨੂੰ ਜਨਜੀਵਨ ਦੇ ਨੇੜੇ ਲੈ ਆਂਦਾ ਹੈ।
ਭਾਈ ਮੋਹਨ ਸਿੰਘ ਵੈਦ ਦੀ ਦੂਜੀ ਦੇਣ ਵਾਰਤਕ ਦੇ ਖੇਤਰ ਵਿਚ ਹੈ। ਉਨ੍ਹਾਂ ਨੂੰ ਜਿਹੜਾ ਵਿਸ਼ਾ ਜਾਂ ਵਸਤੂ ਸਮੱਗਰੀ ਦੂਜੇ ਰੂਪਾਂ ਵਿਚ ਪ੍ਰਗਟ ਕਰਨੀ ਮੁਸ਼ਕਿਲ ਲੱਗੀ, ਉਨ੍ਹਾਂ ਨੂੰ ਵਧੇਰੇ ਸਰਲਤਾ ਨਾਲ ਵਾਰਤਕ ਵਿਚ ਪੇਸ਼ ਕਰ ਦਿੱਤਾ। ਉਨ੍ਹਾਂ ਦੀਆਂ ਵਾਰਤਕ ਰਚਨਾਵਾਂ ਦੇ ਸਿਰਲੇਖਾਂ ਵਿਚੋਂ ਹੀ ਉਨ੍ਹਾਂ ਵਿਚਲੀ ਵਸਤੂ ਸਮੱਗਰੀ ਦਾ ਆਭਾਸ ਹੋ ਜਾਂਦਾ ਹੈ, ਜਿਵੇਂ ‘ਸਿਆਣੀ ਮਾਤਾ’, ‘ਜੀਵਨ ਸੁਧਾਰ’, ‘ਗੁਰਮਤਿ ਗੌਰਵਤਾ’, ‘ਸਦਾਚਾਰ’, ‘ਚਤੁਰ ਬਾਲਕ’ ਅਤੇ ‘ਕਰਮਾਂ ਦਾ ਬੀਰ’ ਆਦਿ। ਬੇਸ਼ੱਕ ਸੋਹਣੀ, ਸੁਖਾਵੀਂ ਅਤੇ ਸਾਵੀਂ ਪੱਧਰੀ ਜ਼ਿੰਦਗੀ ਦਾ ਸੰਦੇਸ਼ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਹੀ ਮੰਨਿਆ ਜਾਂਦਾ ਹੈ, ਪਰ ਇਹ ਸਾਰਾ ਕੁਝ ਵੈਦ ਦੀ ਵਾਰਤਕ ਵਿਚੋਂ ਵੀ ਭਲੀ ਭਾਂਤ ਰੂਪਮਾਨ ਹੋ ਜਾਂਦਾ ਹੈ। ਪੰਜਾਬੀ ਵਾਰਤਕ ਵਿਚ ਮੋਹਨ ਸਿੰਘ ਵੈਦ ਦੀ ਦੇਣ ਇਕ ਹੋਰ ਪੱਖ ਤੋਂ ਵੀ ਹੈ, ਉਹ ਹੈ ਵਿਗਿਆਨਕ ਵਾਰਤਕ ਦੀ ਭਰਪੂਰ ਸਿਰਜਣਾ। ਵੈਦ ਗਿਰੀ ਕਰਦਿਆਂ ਮਨੁੱਖੀ ਰੋਗਾਂ ਕਾਰਨ ਅਤੇ ਉਨ੍ਹਾਂ ਦੇ ਇਲਾਜ ਉੱਪਰ ਉਨ੍ਹਾਂ ਦੀ ਭਰਪੂਰ ਪਕੜ ਸੀ। ਇਸ ਪ੍ਰਸੰਗ ਵਿਚ ਉਨ੍ਹਾਂ ਦੀਆਂ ਲਿਖਤਾਂ ਵੇਖਣੀਆਂ ਹੋਣ ਤਾਂ ਉਨ੍ਹਾਂ ਵਿਚ ‘ਗ੍ਰਹਿ ਸਿੱਖਿਆ’, ‘ਮਹਾਂਮਾਰੀ ਦਮਨ’, ‘ਹੈਜ਼ਾ’, ‘ਪਲੇਗ ਦੇ ਦਿਨਾਂ ਦੀ ਰੱਖਿਆ’, ‘ਇਸਤ੍ਰੀ ਰੋਗ ਚਕਿਤਸਾ’, ‘ਬਾਲ ਰੋਗ ਚਕਿਤਸਾ’, ‘ਮਾਤਾ ਦੇ ਗਰਭ ਦਾ ਅਸਰ’, ‘ਅਰੋਗਤਾ ਪ੍ਰਕਾਸ਼’, ‘ਅੱਖਾਂ ਦੀ ਜੋਤ’, ‘ਨਾੜੀ ਦਰਪਣ’ ਆਦਿ ਹਨ। ਇਨ੍ਹਾਂ ਪੁਸਤਕਾਂ ਦੇ ਵਿਸ਼ੇ ਅੱਜ ਦੀ ਡਾਕਟਰੀ ਵਿੱਦਿਆ ਵਾਲੇ ਹਨ। ਇਨ੍ਹਾਂ ਦਾ ਮੁੱਖ ਆਧਾਰ ਵਿਗਿਆਨ ਹੈ। ‘ਸੌ ਵਰ੍ਹਾ ਜੀਵਨ ਦੇ ਢੰਗ’, ‘ਸਵਦੇਸ਼ੀ ਬਜ਼ਾਰੀ ਦਵਾਵਾਂ’, ‘ਗੁਣਾਂ ਦਾ ਗੁਥਲਾ’ ਅਤੇ ‘ਵੈਦਿਕ ਯੂਨਾਨੀ ਚਕਿਤਸਾ’ ਆਦਿ ਅਜਿਹੀਆਂ ਹੀ ਕੁਝ ਹੋਰ ਰਚਨਾਵਾਂ ਹਨ। ਅੱਜ ਹਰਬਲ ਅਤੇ ਔਰਗੈਨਿਕ ਦਾ ਬੜਾ ਰੌਲਾ ਹੈ। ਵੈਦ ਦੀ ਪੁਸਤਕ ‘ਸਵਦੇਸ਼ੀ ਬਜ਼ਾਰੀ ਦਵਾਵਾਂ’ ਦਾ ਮੂਲ ਮਨੋਰਥ ਹੀ ਘਰੇਲੂ ਵਸਤਾਂ ਰਾਹੀਂ ਇਲਾਜ ਕਰਨਾ ਹੈ। ਉਨ੍ਹਾਂ ਦੀਆਂ ਪੁਸਤਕਾਂ ਦਾ ਪ੍ਰਗਟਾਅ ਢੰਗ ਬੜਾ ਸਰਲ ਅਤੇ ਜਨ ਸਾਧਾਰਨ ਦੀ ਸਮਝ ਵਿਚ ਆ ਜਾਣ ਵਾਲਾ ਹੈ। ਮੋਹਨ ਸਿੰਘ ਵੈਦ ਦੀ ਵਾਰਤਕ ਦੇ ਇਨ੍ਹਾਂ ਗੁਣਾਂ ਕਰਕੇ ਹੀ ਉਸਨੂੰ ਗਿਆਨ ਪ੍ਰਸਾਰ ਦਾ ਮੋਢੀ ਗਦਕਾਰ ਕਿਹਾ ਗਿਆ ਹੈ।
ਭਾਈ ਮੋਹਨ ਸਿੰਘ ਵੈਦ ਇਕ ਕੁਸ਼ਲ ਅਨੁਵਾਦਕ ਵੀ ਸਨ। ਹੋਰਨਾਂ ਭਾਸ਼ਾਵਾਂ ਦੀਆਂ ਜਿਹੜੀਆਂ ਪੁਸਤਕਾਂ ਉਨ੍ਹਾਂ ਨੂੰ ਚੰਗੀਆਂ ਲੱਗਦੀਆਂ, ਉਨ੍ਹਾਂ ਨੂੰ ਉਹ ਪੰਜਾਬੀ ਵਿਚ ਉਥਲਾਉਣ ਲਈ ਬੇਤਾਬ ਹੋ ਜਾਂਦੇ। ਉਨ੍ਹਾਂ ਦੀਆਂ ਦੋ ਸੌ ਪੁਸਤਕਾਂ ਵਿਚੋਂ ਵੱਡੀ ਗਿਣਤੀ ਅਨੁਵਾਦਿਤ ਕਿਤਾਬਾਂ ਦੀ ਹੈ। ਉੱਘੇ ਅੰਗਰੇਜ਼ੀ ਨਿਬੰਧਕਾਰ ਬੇਕਨ ਦੇ ਕੁਝ ਨਿਬੰਧਾਂ ਦਾ ਅਨੁਵਾਦ ‘ਬੇਕਨ ਵਿਚਾਰ ਰਤਨਾਵਲੀ’ ਨਾਂ ਦੀ ਪੁਸਤਕ ਵਿਚ ਮਿਲਦਾ ਹੈ। ਉਨ੍ਹਾਂ ਨੇ ਸਵਾਮੀ ਵਿਵੇਕਾਨੰਦ ਦੇ ਕੁਝ ਲੈਕਚਰਾਂ ਦਾ ਵੀ ਅਨੁਵਾਦ ਕੀਤਾ।
ਭਾਈ ਮੋਹਨ ਸਿੰਘ ਵੈਦ ਨੇ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿਚ ਸਮਕਾਲੀ ਨਾਵਲਕਾਰਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਨਾਨਕ ਸਿੰਘ, ਵੈਦ ਨਾਲੋਂ 16 ਸਾਲ ਛੋਟੇ ਸਨ। ਨਾਨਕ ਸਿੰਘ ਤੋਂ ਪਹਿਲਾਂ ਵੈਦ ਦੇ ਨਾਵਲਾਂ ਨੇ ਉਸ ਦੀ ਨਾਵਲ ਕਲਾ ਲਈ ਪਿੜ ਬੰਨ੍ਹ ਦਿੱਤਾ ਸੀ। ਬੇਸ਼ਕ ‘ਚਿੱਟਾ ਲਹੂ’ ਤੋਂ ਪਹਿਲਾਂ ਨਾਨਕ ਸਿੰਘ ‘ਮਿੱਠਾ ਮਹੁਰਾ’, ‘ਮਤਰੇਈ ਮਾਂ’, ‘ਕਾਲ ਚੱਕਰ’ ਆਦਿ ਅਭਿਆਸੀ ਨਾਵਲ ਲਿਖ ਚੁੱਕਾ ਸੀ, ਪਰ ਉਸਨੂੰ ਸਮੁੱਚੇ ਸਮਾਜ ਵਿਚ ਲਿਖਣ ਵਾਸਤੇ ਵੈਦ ਦੇ ਨਾਵਲ ‘ਦੰਪਤੀ ਪਿਆਰ’ ਨੇ ਹੀ ਪ੍ਰੇਰਿਆ। ਇਸ ਸਬੰਧ ਵਿਚ ਨਾਨਕ ਸਿੰਘ ਦਾ ਕਥਨ ਹੈ, “ਸਭ ਤੋਂ ਪਹਿਲਾਂ ਜੇ ਮੈਨੂੰ ਕੁਝ ਪੜ੍ਹਨ ਨੂੰ ਲੱਭਾ, ਇਹ ਭਾਈ ਸਾਹਿਬ ਦਾ ਸਾਹਿਤ ਸੀ, ਜਿਸ ਨੇ ਮੇਰੀ ਰੁਚੀ ਵਿਚ ਗੁਰਮੁਖੀ ਸਾਹਿਤ ਪੜ੍ਹਨ ਦੀ ਉਕਸਾਹਟ ਪੈਦਾ ਕਰ ਦਿੱਤੀ। ਮੇਰੇ ਦਿਲ ਵਿਚ ਮਾਮੂਲੀ ਜਿਹੀ ਖਾਹਿਸ਼ ਪੈਦਾ ਹੋ ਗਈ ਲਿਖਣ ਦੀ। ਮੈਨੂੰ ਸਾਹਿਤਕ ਦੁਨੀਆਂ ਵੱਲ ਮੋੜਨ ਦੇ ਕਾਰਨਾਂ ਵਿਚ ਭਾਈ ਮੋਹਨ ਸਿੰਘ ਵੈਦ ਦੀ ਲਿਖਤ ਦਾ ਕਾਫ਼ੀ ਹੱਥ ਸੀ।’ ਭਾਈ ਵੀਰ ਸਿੰਘ ਅਤੇ ਭਾਈ ਮੋਹਨ ਸਿੰਘ ਵੈਦ ਦੇ ਨਾਵਲਾਂ ਦਾ ਇਕ ਹੋਰ ਸਾਂਝਾ ਲੱਛਣ ਇਨ੍ਹਾਂ ਦੇ ਕਾਂਡਾ ਉੱਪਰ ਲੋਕ ਗੀਤਾਂ ਵਿੱਚੋਂ ਕਾਵਿ ਟੋਟੇ ਦੇਣ ਦਾ ਹੈ।
ਭਾਈ ਮੋਹਨ ਸਿੰਘ ਵੈਦ ਆਪ ਭਾਵੇਂ ਖੋਜਕਾਰ ਨਹੀਂ ਸਨ, ਪਰ ਕਿਤਾਬਾਂ ਅਤੇ ਉਨ੍ਹਾਂ ਦੀ ਸੰਭਾਲ ਬਾਰੇ ਬਹੁਤ ਜਾਗਰੂਕ ਸੀ। ਇਸੇ ਲਈ ਉਨ੍ਹਾਂ ਨੇ ਆਪਣੀ ਲਾਇਬ੍ਰੇਰੀ ਵਿਚ ਉਸ ਵੇਲੇ ਤਕ ਦੀਆਂ ਪ੍ਰਕਾਸ਼ਿਤ ਪੁਸਤਕਾਂ, ਰਸਾਲੇ, ਟ੍ਰੈਕਟ, ਚੌਵਰਕੀਆਂ, ਅਖ਼ਬਾਰਾਂ ਅਤੇ ਹੋਰ ਸਮੱਗਰੀ ਇਕੱਠੀ ਕਰ ਰੱਖੀ ਸੀ। ਅੰਦਾਜ਼ੇ ਅਨੁਸਾਰ ਉਨ੍ਹਾਂ ਦੀ ਨਿੱਜੀ ਲਾਇਬ੍ਰੇਰੀ ਵਿਚ ਵੀਹ ਹਜ਼ਾਰ ਦੇ ਕਰੀਬ ਪੁਸਤਕਾਂ ਸਨ, ਜੋ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਦਾਨ ਵਿਚ ਦੇ ਦਿੱਤੀਆਂ। ਇਸ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿਚ ਦੁਰਲੱਭ ਪੰਜਾਬੀ ਪੁਸਤਕਾਂ ਦਾ ਇਕ ਵਿਸ਼ੇਸ਼ ਭਾਗ ‘ਭਾਈ ਮੋਹਨ ਸਿੰਘ ਵੈਦ ਸੈਕਸ਼ਨ’ ਕਰਕੇ ਜਾਣਿਆ ਜਾਂਦਾ ਹੈ। ਇਸ ਦੁਰਲੱਭ ਸਮੱਗਰੀ ਤੋਂ 19ਵੀਂ ਸਦੀ ਦੇ ਪਿਛਲੇ ਅੱਧ ਅਤੇ 20ਵੀਂ ਸਦੀ ਦੇ ਪਹਿਲੇ ਅੱਧ ਦੇ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਪੱਤਰਕਾਰੀ ਵਿਚ ਖੋਜ ਕਰਨ ਵਾਲੇ ਖੋਜਕਾਰ ਲਾਭਵਾਨ ਹੋ ਰਹੇ ਹਨ। ਅਜਿਹੀ ਦੁਰਲੱਭ ਹਵਾਲਾ ਸਮੱਗਰੀ ਸੰਭਾਲਣ ਲਈ ਵੈਦ ਦਾ ਯੋਗਦਾਨ ਹਮੇਸ਼ਾਂ ਯਾਦ ਰੱਖਿਆ ਜਾਵੇਗਾ।
*ਸੇਵਾਮੁਕਤ ਪ੍ਰੋਫੈਸਰ ਅਤੇ ਮੁਖੀ ਪੰਜਾਬੀ ਵਿਭਾਗ, ਜੀਐੱਨਡੀਯੂ, ਅੰਮ੍ਰਿਤਸਰ
ਸੰਪਰਕ : 98889-39808