ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਸਿੱਖ ਵਿਰਸਾ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ

  ਰਾਜਵਿੰਦਰ ਸਿੰਘ ਰਾਹੀ (98157-51332)
  ਸ਼ਹੀਦ ਕਰਤਾਰ ਸਿੰਘ ਸਰਾਭਾ, ਗ਼ਦਰ ਲਹਿਰ ਦਾ ਅਜਿਹਾ ਮਹਾਂਨਾਇਕ ਹੈ, ਜਿੱਡਾ ਵੱਡਾ ਉਸਦਾ ਇਤਿਹਾਸਕ ਕੰਮ ਹੈ, ਉੱਡਾ ਵੱਡਾ ਉਸਦਾ ਮੁੱਲ ਨਹੀਂ ਪਿਆ। ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਸਰਾਭਾ ਵਿਖੇ ਪਿਤਾ ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ ਹੋਇਆ ਸੀ। ਆਪਣੇ ਜ਼ਮਾਨੇ ਵਿਚ ਇਹ ਪਰਿਵਾਰ ਪੜ੍ਹਿਆ ਲਿਖਿਆ ਅਤੇ ਖਾਂਦਾ ਪੀਂਦਾ ਸਰਦਾ ਪੁੱਜਦਾ ਪਰਿਵਾਰ ਸੀ। ਅੱਜ ਤੋਂ ਸੌ ਸਵਾ ਸੌ ਸਾਲ ਪਹਿਲਾਂ ਪਿੰਡ ਵਿਚ ਬਣੀ ਪਰਿਵਾਰ ਦੀ ਰਿਹਾਇਸ਼ੀ ਹਵੇਲੀ ਤੋਂ ਹੀ ਪਰਿਵਾਰ ਦੀ ਆਰਥਿਕ ਅਤੇ ਸਮਾਜਿਕ ਹੈਸੀਅਤ ਦਾ ਪਤਾ ਲਗ ਜਾਂਦਾ ਹੈ। ਭਾਵੇਂ ਸਰਾਭੇ ਦੇ ਬਾਪ ਮੰਗਲ ਸਿੰਘ, ਜਿਸਦੀ ਸਰਾਭਾ ਦੇ ਬਚਪਨ ਵਿਚ ਹੀ ਮੌਤ ਹੋ ਗਈ ਸੀ, ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਮਿਲਦੀ। ਪਰ ਕਰਤਾਰ ਸਿੰਘ ਦੇ ਦੋ ਚਾਚੇ ਉੜੀਸਾ ਵਿਚ ਚੰਗੀਆਂ ਨੌਕਰੀਆਂ ‘ਤੇ ਲੱਗੇ ਹੋਏ ਸਨ।


  ਮੇਰੇ ਸਾਹਮਣੇ ਇਹ ਸੁਆਲ ਹੈ ਕਿ ਉਹ ਕਿਹੜੇ ਸੰਸਕਾਰ ਸਨ, ਕਿਹੜਾ ਮਾਹੌਲ ਸੀ, ਤੇ ਕਿਹੜੇ ਹਾਲਾਤ ਸਨ, ਜਿਨ੍ਹਾਂ ਕਰ ਕੇ ਰਾਜਕੁਮਾਰਾਂ ਵਾਂਗ ਪਲਿਆ ਬੱਚਾ ਵੱਡਾ ਹੋ ਕੇ ਮਹਾਨ ਇਨਕਲਾਬੀ ਹੋ ਨਿਬੜਦਾ ਹੈ ਤੇ ਮੌਤ ਨੂੰ ਜਿਸ ਦਿੜ੍ਹਤਾ ਨਾਲ ਉਹ ਗਲੇ ਲਗਾਉਂਦਾ ਹੈ, ਉਹ ਆਪਣੀ ਮਿਸਾਲ ਆਪ ਹੈ। ਆਮ ਤੌਰ ‘ਤੇ, ਜਿਸ ਤਰ੍ਹਾਂ ਦੀ ਆਰਥਿਕ ਅਤੇ ਸਮਾਜੀ ਹੈਸੀਅਤ ਕਰਤਾਰ ਸਿੰਘ ਦੇ ਪਰਿਵਾਰ ਦੀ ਸੀ, ਅਜਿਹੇ ਪਰਿਵਾਰ ਵੇਲੇ ਦੀ ਹਕੂਮਤ ਦੇ ਖੈਰ ਖਵਾਹ ਹੁੰਦੇ ਹਨ ਤੇ ਹਕੂਮਤੀ ਮਿਲਵਰਤਨ ਉਨ੍ਹਾਂ ਲਈ ਤਰੱਕੀ ਦੀਆਂ ਪੌੜੀਆਂ ਬਣ ਜਾਂਦਾ ਹੈ। ਜਿਸ ਤਰ੍ਹਾਂ ਦੀ ਪੁੱਜਤ ਸ਼ਹੀਦ ਸਰਾਭੇ ਦੇ ਦਾਦੇ ਸ. ਬਦਨ ਸਿੰਘ ਦੀ ਸੀ, ਅਜਿਹੀ ਹੈਸੀਅਤ ਵਾਲੇ ਪਰਿਵਾਰਾਂ ਨੂੰ ਅੰਗਰੇਜ਼ਾਂ ਨੇ ”ਸਰਦਾਰ ਬਹਾਦਰਾਂ” ਦੇ ਖਿਤਾਬ ਬਖਸ਼ ਰੱਖੇ ਸਨ। ਪਰ ਲਗਦਾ ਹੈ ਕਿ ਸ. ਬਦਨ ਸਿੰਘ ਦੇ ਪਰਿਵਾਰ ਨੇ ਅੰਗਰੇਜ਼ ਹਕੂਮਤ ਤੋਂ ਇੱਕ ਤਰ੍ਹਾਂ ਨਾਲ ਆਪਣੀ ਦੂਰੀ ਹੀ ਬਣਾ ਰੱਖੀ ਸੀ।
  ਮਨੋਵਿਗਿਆਨੀਆਂ ਅਨੁਸਾਰ ਪਰਿਵਾਰ ਦੇ ਮੈਂਬਰਾਂ ਅਤੇ ਮਾਹੌਲ ਦਾ ਬੱਚੇ ਦੇ ਜਨਮ ਸਮੇਂ ਹੀ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ। ਬੱਚੇ ਦਾ ਸਮੁੱਚਾ ਜੀਵਨ ਇਕ ਬਾਲਗ ਉੱਤੇ ਨਿਰਭਰ ਕਰਦਾ ਹੈ, ਬਾਲਗਾਂ ਵੱਲੋਂ ਜਥੇਬੰਦ ਅਤੇ ਨਿਰਦੇਸ਼ਤ ਹੁੰਦਾ ਹੈ। ਬਹੁਤ ਹੀ ਮੁੱਢਲੀ ਉਮਰ ਵਿਚ ਬੱਚਾ ਬਾਲਗਾਂ ਤੋਂ ਸਿੱਖਣਾ ਸ਼ੁਰੂ ਕਰ ਦਿੰਦਾ ਹੈ। ਉਹ ਨਾ ਕੇਵਲ ਤੁਰਨਾ ਬੋਲਣਾ ਅਤੇ ਵਸਤੂਆਂ ਦੀ ਵਰਤੋਂ ਸਹੀ ਤੌਰ ‘ਤੇ ਕਰਨਾ ਸਿੱਖਦਾ ਹੈ, ਸਗੋਂ ਸੋਚਣਾ, ਮਹਿਸੂਸ ਕਰਨਾ ਅਤੇ ਆਪਣਾ ਖੁਦ ਦਾ ਵਰਤਾਓ ਕੰਟ੍ਰੋਲ ਕਰਨਾ ਸਿਖਦਾ ਹੈ।
  ਪਰਿਵਾਰਕ ਸੰਸਕਾਰ ਅਤੇ ਮੁੱਢਲੀ ਸਿੱਖਿਆ ਵੀ ਬੱਚੇ ਦੀ ਸਖ਼ਸ਼ੀਅਤ ਨੂੰ ਘੜਨ ਡੌਲਣ ਵਿਚ ਕੇਂਦਰੀ ਭੂਮਿਕਾ ਅਦਾ ਕਰਦੇ ਹਨ। ਜਨਮ ਸਮੇਂ ਬੱਚੇ ਦਾ ਕੋਈ ਧਰਮ ਅਤੇ ਵਰਨ ਨਹੀਂ ਹੁੰਦਾ ਅਤੇ ਨਾ ਹੀ ਉਸ ਨੂੰ ਕਿਸੇ ਰਿਸ਼ਤੇ ਦਾ ਅਨੁਭਵ ਹੁੰਦਾ ਹੈ। ਉਦੋਂ ਨਾ ਉਹ ਕਿਸੇ ਸੱਭਿਆਚਾਰਕ ਤਾਣੇ ਦੀ ਤੰਦ ਹੁੰਦਾ ਹੈ। ਬੱਚੇ ਦਾ ਮਨ ਨਿਰਮਲ, ਨਿਰਮੋਹ ਅਤੇ ਸਭ ਕੁਝ ਵੱਲੋਂ ਅਟੰਕ ਹੁੰਦਾ ਹੈ। ਸਿਰਫ, ਅੰਤਰ ਪ੍ਰੇਰਣਾ ਦਾ ਅਧਾਰ ਬਣਦੀਆਂ ਕੁਝ ਕੁ ਰੀਤੀਆਂ ਜੋ ਇਸ ਨੂੰ ਵਿਰਸੇ ‘ਚ ਮਿਲੀਆਂ ਹੁੰਦੀਆਂ ਹਨ। ਫਿਰ ਜਿਸ ਮਾਹੌਲ ‘ਚ ਬੱਚਾ ਪਲਦਾ ਹੈ ਉਸ ਵਿਚ ਪ੍ਰਚਲਿਤ ਸੰਸਕਾਰ ਉਸ ਦੇ ਮਨ ਅੰਦਰ ਪਹਿਲਾਂ ਪੋਲੇ ਪੈਰੀ ਅਤੇ ਫਿਰ ਅਸਰਦਾਰ ਤਰੀਕੇ ਨਾਲ ਘਰ ਕਰਨ ਲੱਗਦੇ ਹਨ। ਇਹ ਅਗਾਂਹ ਚਲ ਕੇ, ਉਸ ਦੇ ਵਿਸ਼ਵਾਸ, ਉਸ ਦੇ ਅਕੀਦੇ, ਉਸ ਦੇ ਬੋਲਚਾਲ ਬਣ ਕੇ ਉਸ ਦੇ ਵਤੀਰੇ ਨੂੰ ਉਮਰ ਭਰ ਪ੍ਰਭਾਵਿਤ ਕਰਦੇ ਰਹਿੰਦੇ ਹਨ। ਜੋ ਕੁਝ ਵੀ ਜੀਵਨ ਦੇ ਮੁੱਢਲੇ ਪੱਖ ਵਿਚ ਮਨ ਅੰਦਰ ਸਮਾਉਂਦਾ ਹੈ ਉਹ ਅਤਿ ਪ੍ਰਭਾਵਕਾਰੀ ਹੁੰਦਾ ਹੈ ਅਤੇ ਉਸ ਦੀ ਜੀਵਨ ਭਰ ਆਵੇਗੀ ਤੀਬਰਤਾ ਨਾਲ ਪਾਲਣਾ ਹੁੰਦੀ ਹੈ। ਇਸੇ ਕਾਰਨ ਮੁੱਢਲੀ ਸਿੱਖਿਆ ਦਾ ਬਹੁਤ ਮਹੱਤਵ ਹੈ।
  ਪਰਿਵਾਰ ਵੱਲੋਂ ਅੱਠ ਕੁ ਸਾਲ ਦੀ ਉਮਰੋਂ ਕਰਤਾਰ ਸਿੰਘ ਨੂੰ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਵਿਚ ਪੜ੍ਹਨ ਪਾਇਆ ਗਿਆ। ਚਾਰ ਜਮਾਤਾਂ ਉਸ ਨੇ ਇੱਥੇ ਹੀ ਪਾਸ ਕੀਤੀਆਂ। ਅਗਾਂਹ ਪੰਜਵੀਂ ਦਾ ਵਰਨੈਕੁਲਰ ਸਕੂਲ ਗੁਜਰਵਾਲ ਵਿਚ ਸੀ, ਜੋ ਪਿੰਡੋਂ ਪੰਜ ਮੀਲ ਦੂਰ ਸੀ। ਪੰਜਵੀਂ ਵਿਚ ਕਰਤਾਰ ਸਿੰਘ ਦਾ ਜਮਾਤੀ ਬਾਬਾ ਹਰਭਜਨ ਸਿੰਘ ਦੀ ਚਮਿੰਡਾ ਬਣਿਆ ਜੋ ਪਿੱਛੋਂ ਜਾ ਕੇ ਉਨ੍ਹਾਂ ਨਾਲ ਹੀ ਗ਼ਦਰ ਪਾਰਟੀ ਵਿਚ ਸ਼ਾਮਿਲ ਹੋਇਆ। ਕਰਤਾਰ ਸਿੰਘ ਨੇ ਗੁੱਜਰਵਾਲ ਤੋਂ ਵਰਨੈਕੁਲਰ ਅੱਠਵੀਂ ਪਾਸ ਕਰ ਲਈ ਤਾਂ ਪਰਿਵਾਰ ਵੱਲੋਂ ਉਸ ਨੂੰ ਅਗਲੀ ਪੜ੍ਹਾਈ ਲਈ ਲੁਧਿਆਣਾ ਦੇ ਮਾਲਵਾ ਖਾਲਸਾ ਹਾਈ ਸਕੂਲ ਵਿਚ ਦਾਖਲ ਕਰਵਾਇਆ ਗਿਆ। ਇਥੇ ਇਹ ਗੱਲ ਵੀ ਖਾਸ ਤੌਰ ‘ਤੇ ਨੋਟ ਕਰਨ ਵਾਲੀ ਹੈ ਕਿ ਪਰਿਵਾਰ ਵੱਲੋਂ ਉਸ ਨੂੰ ਮਾਲਵਾ ਖਾਲਸਾ ਹਾਈ ਸਕੂਲ ਵਿਚ ਹੀ ਦਾਖਲਾ ਕਰਵਾਇਆ ਜਾਂਦਾ ਹੈ, ਜੋ ਉਸ ਵਕਤ ਸਿੱਖ ਰਹਿਤ ਬਹਿਤ ਦੇ ਮਾਹੌਲ ਵਾਲਾ ਸਕੂਲ ਸੀ। ਜਦ ਕਿ ਉਸ ਵਕਤ ਲੁਧਿਆਣੇ ਵਿਚ ਈਸਾਈਆਂ ਦਾ ਮਿਸ਼ਨ ਸਕੂਲ, ਮੁਸਲਮਾਨਾਂ ਦਾ ਇਸਲਾਮੀਆ ਸਕੂਲ ਤੇ ਹਿੰਦੂਆਂ ਦਾ ਆਰੀਆ ਸਕੂਲ ਬਹੁਤ ਪੁਰਾਣੇ ਸਕੂਲ ਸਨ। ਖਾਲਸਾ ਸਕੂਲ ਖੁੱਲ੍ਹਣ ਤੋਂ ਪਹਿਲਾਂ ਸਿੱਖ ਬੱਚੇ ਵੀ ਇਨ੍ਹਾਂ ਸਕੂਲਾਂ ਵਿਚ ਪੜ੍ਹਦੇ ਹੁੰਦੇ ਸਨ। ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜ ਕੇ ਉਨ੍ਹਾਂ ਦਾ ਧਰਮ ਅਤੇ ਸੱਭਿਆਚਾਰ ਕਾਇਮ ਰੱਖਣ ਲਈ ਸਿੱਖ ਦਾਨਿਸ਼ਵਰਾਂ ਨੇ 1905 ਵਿਚ ਖਾਲਸਾ ਸਕੂਲ ਚਾਲੂ ਕਰ ਦਿੱਤਾ ਸੀ।
  ਸਕੂਲਾਂ ਵਿਚ ਅੱਠਵੀਂ ਤੱਕ ਤਾਂ ਉਰਦੂ ਪੜ੍ਹਾਈ ਜਾਂਦੀ ਸੀ। ਅਗਾਹਾਂ ਨੌਵੀਂ ਦਸਵੀਂ ਜਿਨ੍ਹਾਂ ਨੂੰ ਉਦੋਂ ਜੂਨੀਅਰ-ਸੀਨੀਅਰ ਕਿਹਾ ਜਾਂਦਾ ਸੀ, ਵਿਚ ਅੰਗ੍ਰੇਜ਼ੀ ਦੀ ਪੜ੍ਹਾਈ ਸ਼ੁਰੂ ਹੁੰਦੀ ਸੀ। ਖਾਲਸਾ ਸਕੂਲ ਪੂਰੀ ਤਰ੍ਹਾਂ ਧਾਰਮਿਕ ਰੰਗ ਵਿਚ ਰੰਗਿਆ ਹੋਇਆ ਸੀ। ਵਿਦਿਆਰਥੀ ਉਦੋਂ ਬੰਨੋ ਦੇ ਅਹਾਤੇ ਵਾਲੇ ਬੋਰਡਿੰਗ ਵਿਚ ਰਿਹਾ ਕਰਦੇ ਸਨ। ਜੂਨੀਅਰ-ਸੀਨੀਅਰ ਜਮਾਤਾਂ ਵਿਚ ਵੀ ਕਰਤਾਰ ਸਿੰਘ ਦਾ ਜਮਾਤੀ ਬਾਬਾ ਹਰਭਜਨ ਸਿੰਘ ਚਮਿੰਡਾ ਹੀ ਸੀ। ਉਸ ਵਕਤ ਸਕੂਲ ਦਾ ਮਾਹੌਲ ਕਿਹੋ ਜਿਹਾ ਸੀ, ਬਾਬਾ ਚਮਿੰਡਾ ਅਨੁਸਾਰ: ”ਇਸ ਸਕੂਲ ਦਾ ਵਾਤਾਵਰਣ ਸਿੱਖੀ ਪਿਆਰ, ਉਪਦੇਸ਼ ਅਤੇ ਸਿੱਖੀ ਰਹਿਤ ਮਰਿਆਦਾ ਨਾਲ ਭਰਪੂਰ ਸੀ। ਸਕੂਲ ਦੇ ਬੱਚਿਆਂ ਨੂੰ ਹਰ ਰੋਜ਼ ਸਿੱਖ ਇਤਿਹਾਸ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ। ਸ਼ਹੀਦੀ ਘਟਨਾਵਾਂ ਨੂੰ ਬਿਆਨ ਕੀਤਾ ਜਾਂਦਾ। ਗੁਰਮਤਿ ਸਬੰਧੀ ਪੂਰੀ ਜਾਣਕਾਰੀ ਦਿੱਤੀ ਜਾਂਦੀ। ਮਾਲਵਾ ਖਾਲਸਾ ਹਾਈ ਸਕੂਲ ਦੇ ਬੋਰਡਿੰਗ ਵਿਚ ਰਹਿਣ ਵਾਲੇ ਹਰ ਵਿਦਿਆਰਥੀ ਲਈ ਅੰਮ੍ਰਿਤ ਵੇਲੇ ਉਠਣਾ ਅਤੇ ਇਸ਼ਨਾਨ ਕਰਨਾ ਜ਼ਰੂਰੀ ਹੁੰਦਾ ਸੀ। ਫਿਰ ਸਾਰੇ ਬੋਰਡਰਜ਼ ਇਕੱਠੇ ਹੋ ਕੇ ਗੁਰਦੁਆਰਾ ਜਾਂਦੇ, ਢੋਲਕੀ ਚਿਮਟਿਆਂ ਨਾਲ ਸ਼ਬਦ ਕੀਰਤਨ ਕਰਦੇ, ਜੋਟੀਆਂ ਦੇ ਸ਼ਬਦ ਪੜ੍ਹਦੇ, ਮਸਤੀ ਵਿਚ ਆ ਕੇ ਰਸਭਿੰਨੇ ਕੀਰਤਨ ਦਾ ਆਨੰਦ ਮਾਣਦੇ। ਕੀਰਤਨ ਦੀ ਸਮਾਪਤੀ ਤੋਂ ਉਪਰੰਤ ਗੁਰਵਾਕ ਲਿਆ ਜਾਂਦਾ, ਅਰਦਾਸ ਕੀਤੀ ਜਾਂਦੀ। ਇਹ ਸਾਰਾ ਪ੍ਰੋਗਰਾਮ ਵਿਦਿਆਰਥੀ ਆਪ ਆਪਣੇ ਸ਼ੌਂਕ ਨਾਲ ਨਿੱਤ ਕਰਦੇ ਸਨ। ਸਭਨਾ ਲਈ ਸਿੱਖੀ ਰਹਿਤ ਵਿਚ ਤਿਆਰ-ਬਰਤਿਆਰ ਰਹਿਣਾ ਜ਼ਰੂਰੀ ਸੀ। ਰੇਬ ਕੱਛਹਿਰਾ ਪਹਿਨਣਾ, ਗਾਤਰਾ ਕਿਰਪਾਨ ਰੱਖਣੀ ਤੇ ਕੇਸਾਂ ਨੂੰ ਸਤਿਕਾਰ ਵੱਜੋਂ ਢੱਕ ਕੇ ਰੱਖਣਾ। ਕਮਰੇ ਵਿਚੋਂ ਨੰਗੇ ਸਿਰ ਬਾਹਰ ਨਿਕਲਣਾ ਭਾਰੀ ਅਵੱਗਿਆ ਸਮਝੀ ਜਾਂਦੀ ਸੀ। ਇਸੇ ਤਰ੍ਹਾਂ ਰਹਿਰਾਸ ਦੇ ਮੌਕੇ ਗੁਰਦੁਆਰੇ ਵਿਚ ਫਿਰ ਦੀਵਾਨ ਸੱਜਦਾ।”
  ਮਾਲਵਾ ਖਾਲਸਾ ਹਾਈ ਸਕੂਲ ਵਿਚ ਵਿਦਿਆਰਥੀਆਂ ਦੀ ‘ਖਾਲਸਾ ਭੁਜੰਗੀ ਸਭਾ’ ਬਣਾਈ ਹੋਈ ਸੀ। ਜੋ ਸਾਰੀਆਂ ਸਰਗਰਮੀਆਂ ਵਿਚ ਮੋਹਰੀ ਰਹਿੰਦੀ ਸੀ। ਗ਼ਦਰ ਲਹਿਰ ਵਿਚ ਜੇਲ ਕੱਟਣ ਵਾਲੇ ਗਿਆਨੀ ਨਾਹਰ ਸਿੰਘ ਗੁੱਜਰਵਾਲ ਅਨੁਸਾਰ : ”ਖਾਲਸਾ ਯੰਗ ਮੈਨਜ਼ ਲੀਗ (ਖਾਲਸਾ ਭੁਜੰਗੀ ਸਭਾ) ਲੁਧਿਆਣਾ 1885 ਈ. ਵਿਚ ਕਾਇਮ ਹੋਈ। ਖਾਲਸਾ ਹਾਈ ਸਕੂਲ ਲੁਧਿਆਣਾ ਦੇ ਜਾਰੀ ਹੋਣ ਤੋਂ ਪਹਿਲਾਂ ਸਿੱਖ ਲੜਕੇ ਬਹੁਤੇ ਮਿਸ਼ਨ ਹਾਈ ਸਕੂਲ ਵਿਚ ਹੀ ਪੜ੍ਹਿਆ ਕਰਦੇ ਸਨ। ਸੋ ਖਾਲਸਾ ਭੁਜੰਗੀ ਸਭਾ ਦਾ ਜ਼ੋਰ-ਤੋਰ ਭੀ ਇਸੇ ਸਕੂਲ ਵਿਚ ਹੀ ਸੀ। ਜਦੋਂ ਖਾਲਸਾ ਸਕੂਲ ਲੁਧਿਆਣਾ ਦੇ ਖੁੱਲਣ ਦੇ ਖਿਆਲ ਤੇ ਉਦਮ ਆਰੰਭ ਹੋਣ ਲੱਗੇ, ਉਸ ਯਤਨ ਤੇ ਪ੍ਰਰਨਾ ਵਿਚ ਇਸ ਭੁਜੰਗੀ ਸਭਾ ਦਾ ਖਾਸ ਹਿੱਸਾ ਸੀ। ਆਪਣੇ ਜ਼ਮਾਨੇ ਵਿਚ ਇਸ ਸਭਾ ਦੀ ਹਸਤੀ ਪੰਥ ਪ੍ਰਸਿੱਧ ਸੀ। ਪੰਥਕ ਇਕੱਠਾਂ ਵਿਚ ਇਸ ਦੇ ਪ੍ਰਤੀਨਿਧਾਂ ਨੂੰ ਖਾਸ ਤੌਰ ਪਰ ਬੁਲਾਇਆ ਜਾਂਦਾ ਸੀ, ਤੇ ਹਰ ਪੰਥਕ ਮਸਲੇ ਵਿਚ ਇਹ ਸਭਾ ਹਿੱਸਾ ਲੈਂਦੀ ਸੀ। ਖਾਲਸਾ ਹਾਈ ਸਕੂਲ ਖੁੱਲ ਜਾਣ ਪਰ ਸਭਾ ਦਾ ਸਭ ਜੋਰ-ਤੋਰ ਖਾਲਸਾ ਸਕੂਲ ਵਿਚ ਹੀ ਹੋ ਗਿਆ। ਸਕੂਲ 18 ਨਵੰਬਰ 1908 ਈ. ਨੂੰ ਜਾਰੀ ਹੋਇਆ। 1909 ਤੋਂ ਲੈ ਕੇ 1914 ਤੱਕ ਭਾਈ ਸਾਹਿਬ ਰਣਧੀਰ ਸਿੰਘ ਜੀ ਸਭਾ ਦੇ ਹਫਤਾਵਾਰੀ ਦੀਵਾਨ ਜੋ ਐਤਵਾਰ ਤੇ ਬੁੱਧਵਾਰ ਨੂੰ ਹੋਇਆ ਕਰਦੇ ਸਨ, ਉਨ੍ਹਾਂ ਵਿਚ ਕੀਰਤਨ ਕਰਿਆ ਕਰਦੇ ਤੇ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਦਸ਼ਮੇਸ਼ ਜੀ ਦੇ ਅਵਤਾਰ ਗੁਰਪੁਰਬਾਂ ਸਮੇਂ ਨਗਰ ਕੀਰਤਨ ਵਿਚ ਸ਼ਾਮਿਲ ਹੁੰਦੇ ਤੇ ਅਖੰਡ ਪਾਠ ਕਰਦੇ। ਸਕੂਲ ਵਿਚ ਬਹੁਤ ਵਾਰ ਗੁਰਪੁਰਬਾਂ ਦੇ ਸਮਾਗਮਾਂ ਪਰ ਅੰਮ੍ਰਿਤ ਪ੍ਰਚਾਰ ਹੋਏ, ਜਿਨ੍ਹਾਂ ਵਿਚ ਭਾਈ ਸਾਹਿਬ ਵੀ ਸ਼ਾਮਿਲ ਹੁੰਦੇ ਰਹੇ।” ਸੋ ਇਹ ਕਿਤੇ ਹੋ ਸਕਦਾ ਹੈ ਕਿ ਭਾਈ ਕਰਤਾਰ ਸਿੰਘ ਸਰਾਭਾ ਇਨ੍ਹਾਂ ਗਤੀਵਿਧੀਆਂ ਵਿਚ ਸ਼ਾਮਿਲ ਨਾ ਹੁੰਦਾ ਹੋਵੇ ? ਬਾਬਾ ਹਰਭਜਨ ਸਿੰਘ ਚਮਿੰਡਾ ਅਨੁਸਾਰ: ਉਹ ਤਾਂ ਹਰ ਸਰਗਰਮੀ ਵਿਚ ਮੂਹਰੇ ਰਹਿੰਦਾ ਸੀ, ਹਰ ਵੇਲੇ ਟਪੂੰ-ਟਪੂੰ ਕਰਦਾ ਰਹਿੰਦਾ ਸੀ। ਇਸੇ ਕਰਕੇ ਸਕੂਲ ਵਿਚ ਉਸ ਦਾ ਨਾਂਅ ‘ਉੱਡਣਾ ਸੱਪ’ ਰੱਖਿਆ ਹੋਇਆ ਸੀ।
  1910-1911 ਦੌਰਾਨ ਭਾਈ ਕਰਤਾਰ ਸਿੰਘ ਆਪਣੇ ਚਾਚੇ ਬਖਸੀਸ ਸਿੰਘ ਕੋਲ ਉੜੀਸਾ ਚਲਿਆ ਗਿਆ, ਜਿੱਥੇ ਉਸਨੇ ਦਸਵੀਂ ਪਾਸ ਕੀਤੀ। ਲਗਦਾ ਹੈ ਕਿ ਦਸਵੀਂ ਤੋਂ ਬਾਅਦ ਭਾਈ ਕਰਤਾਰ ਸਿੰਘ ਨੇ ਵਿਦੇਸ਼ ਵਿਚ ਜਾ ਕੇ ਪੜ੍ਹਨ ਦੀ ਇੱਛਾ ਜ਼ਾਹਰ ਕੀਤੀ ਹੋਵੇ। ਪਹਿਲਾਂ ਜ਼ਿਕਰ ਕਰ ਚੁਕੇ ਹਾਂ ਕਿ ਪਰਿਵਾਰ ਕਾਫੀ ਪੜ੍ਹਿਆ ਲਿਖਿਆ ਸੀ। ਭਾਈ ਕਰਤਾਰ ਸਿੰਘ ਦੇ ਤਿੰਨ ਚਾਚੇ ਸ. ਬਿਸ਼ਨ ਸਿੰਘ, ਡਾ. ਵੀਰ ਸਿੰਘ, ਤੇ ਬਖਸ਼ੀਸ਼ ਸਿੰਘ ਚੰਗੀਆਂ ਨੌਕਰੀਆਂ ਉੱਤੇ ਉਦੋਂ ਲੱਗੇ ਹੋਏ ਸਨ। ਬਖਸ਼ੀਸ਼ ਸਿੰਘ ਉੜੀਸਾ ਵਿਚ ਜੰਗਲਾਤ ਮਹਿਕਮੇ ਵਿਚ ਸੀ ਤੇ ਇਕ ਚਾਚਾ ਯੂ.ਪੀ. ਵਿਚ ਸਬ ਇੰਸਪੈਕਟਰ ਸੀ। ਉਸ ਵਕਤ ਪੜ੍ਹਾਈ ਦੀਆਂ ਦੋ ਧਾਰਾਵਾਂ ਸਨ, ਜਿਨ੍ਹਾਂ ਨੇ ਅੰਗ੍ਰੇਜ਼ ਦੀ ਚਾਕਰੀ ਕਰਨੀ ਹੁੰਦੀ ਸੀ, ਉਹ ਇੰਗਲੈਂਡ ਜਾ ਕੇ ਪੜ੍ਹਾਈ ਕਰਦੇ ਸਨ, ਤੇ ਜਿਨ੍ਹਾਂ ਨੇ ਅਜ਼ਾਦ ਜੀਵਨ ਜਿਉਣਾ ਹੁੰਦਾ ਸੀ ਉਹ ਅਮਰੀਕਾ ਨੂੰ ਤਰਜ਼ੀਹ ਦਿੰਦੇ ਸਨ। ਭਾਰਤ ਦੇ ਬਹੁਤੇ ਖਾਸ ਕਰ ਬੰਗਾਲੀ ਹਿੰਦੂ ਵਿਦਿਆਰਥੀ ਇੰਗਲੈਂਡ ਜਾ ਕੇ ਪੜ੍ਹਾਈ ਕਰਨ ਨੂੰ ਤਰਜ਼ੀਹ ਦਿੰਦੇ ਸਨ। ਪਰ ਭਾਈ ਕਰਤਾਰ ਸਿੰਘ ਦੇ ਪਰਿਵਾਰ ਨੇ ਉਸ ਨੂੰ ਅਮਰੀਕਾ ਭੇਜਣ ਦਾ ਫ਼ੈਸਲਾ ਕੀਤਾ।ਭਾਈ ਕਰਤਾਰ ਸਿੰਘ ਜਨਵਰੀ 1912 ਵਿਚ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਵਿਚ ਪਹੁੰਚਿਆ ਅਤੇ ਬਰਕਲੇ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵਿਚ ਦਾਖਲਾ ਲੈਣ ਦੀ ਕੋਸ਼ਿਸ ਕੀਤੀ। ਉਸ ਵਕਤ ਪੰਜਾਬ ਤੋਂ ਪਹੁੰਚਣ ਵਾਲੇ ਸਿੱਖ ਕੈਲੀਫੋਰਨੀਆ ਹੀ ਪਹੁੰਚਦੇ ਸਨ। ਕਿਉਂਕਿ ਉਥੇ ਸਿੱਖ ਵੱਡੀ ਗਿਣਤੀ ਵਿਚ ਰਹਿੰਦੇ ਸਨ। ਜੋ ਖੇਤੀ ਫਾਰਮਾਂ ਵਿਚ ਕੰਮ ਕਰਦੇ ਸਨ। ਇਸ ਸਟੇਟ ਦਾ ਪੌਣ ਪਾਣੀ ਵੀ ਪੰਜਾਬ ਵਰਗਾ ਹੀ ਹੈ। ਅੰਗ੍ਰੇਜ਼ਾਂ ਦੇ ਖੁਫੀਆ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਭਾਈ ਕਰਤਾਰ ਸਿੰਘ ਫਰਵਰੀ 1913 ਵਿਚ ਅਮਰੀਕਾ ਪਹੁੰਚਿਆ ਸੀ।
  ਜਿਸ ਵਕਤ ਭਾਈ ਕਰਤਾਰ ਸਿੰਘ ਅਮਰੀਕਾ ਪਹੁੰਚਿਆ ਉਸ ਵਕਤ ਭਾਰਤੀਆਂ ਵਿਚ ਅੰਗ੍ਰੇਜ਼ ਵਿਰੋਧੀ ਮਾਹੌਲ ਭਖਿਆ ਹੋਇਆ ਸੀ। ਬਰਕਲੇ ਯੂਨੀਵਰਸਿਟੀ ਨੇੜੇ ਹਿੰਦੂ ਵਿਦਿਆਰਥੀਆਂ ਨੇ ਨਾਲੰਦਾ ਹੋਸਟਲ ਬਣਾਇਆ ਹੋਇਆ ਸੀ। ਜਿਸ ਵਿਚ ਜਤਿੰਦਰ ਨਾਥ ਲਹਿਰੀ, ਸੁਰਿੰਦਰ ਬੋਸ ਅਤੇ ਤਾਰਕ ਨਾਥ ਵਰਗੇ ਵਿਦਿਆਰਥੀ ਰਹਿੰਦੇ ਸਨ, ਜੋ ਅੰਗ੍ਰੇਜ਼ਾਂ ਵਿਚ ਪ੍ਰਚਾਰ ਕਰਦੇ ਸਨ। ਜੋ ਵਿਦਿਆਰਥੀ ਬਾਬਾ ਜਵਾਲਾ ਸਿੰਘ (ਜੋ ਪਿੱਛੋਂ ਗ਼ਦਰ ਪਾਰਟੀ ਦੇ ਮੀਤ ਪ੍ਰਧਾਨ ਬਣੇ) ਦੇ ਵਜੀਫੀਆਂ ‘ਤੇ ਪੜ੍ਹਨ ਆਏ ਸਨ, ਉਹ ਯੂਨੀਵਰਸਿਟੀ ਨੇੜੇ ਹੀ ਸ਼ੈਟੁੱਕ ਹੋਟਲ ਵਿਚ ਰਹਿੰਦੇ ਸਨ, ਜਿਨ੍ਹਾਂ ਦਾ ਇੰਚਾਰਜ ਲਾਲਾ ਹਰਦਿਆਲ ਸੀ, ਜੋ ਉਸ ਵਕਤ ਸਟੇਟ ਫੋਰਟ ਯੂਨੀਵਰਸਿਟੀ ਦੇ ਅਰਾਜਕਤਾਵਾਦੀ ਵਿਚਾਰਾਂ ਕਾਰਨ ਕੱਢ ਦਿੱਤਾ ਸੀ।
  ਹਰਦਿਆਲ ਉਸ ਵਕਤ ਅੰਗ੍ਰੇਜ਼ਾਂ ਵਿਰੁੱਧ ਖੁੱਲਮ ਖੁੱਲਾ ਪ੍ਰਚਾਰ ਕਰ ਰਿਹਾ ਸੀ। 1912 ਦੌਰਾਨ ਦਿੱਲੀ ‘ਚ ਜੋ ਵਾਇਸਰਾਏ ਹਾਰਡਿੰਗ ਉਪਰ ਬੰਬ ਸੁੱਟਿਆ ਗਿਆ ਸੀ, ਹਰਦਿਆਲ ਨੇ ਉਸ ਦੀ ਗੱਜ ਵੱਜ ਕੇ ਪੂਰੀ ਜੈ ਜੈ ਕਾਰ ਕੀਤੀ ਸੀ। ਪਰ ਹਿੰਦੂ ਵਿਦਿਆਰਥੀਆਂ ਦੀ ਕਿਸੇ ਲਿਖਤ ਵਿਚ ਭਾਈ ਕਰਤਾਰ ਸਿੰਘ ਦੀ ਕਿਸੇ ਸਰਗਰਮੀ ਦਾ ਜ਼ਿਕਰ ਨਹੀਂ ਕੀਤਾ ਗਿਆ। ਹਾਂ ! ਇਕ ਥਾਂ ਲਾਲਾ ਹਰਦਿਆਲ ਦੇ ਸਾਲੇ ਗੋਬਿੰਦ ਬਿਹਾਰੀ ਲਾਲ (ਜੋ ਬਾਬਾ ਜਵਾਲਾ ਸਿੰਘ ਦਾ ਵਜੀਫਾਖੋਰ ਸੀ) ਨੇ ਸ਼ੈਟੁੱਕ ਹੋਟਲ ਵਿਚ ਹੋਈ ਇਕ ਮੀਟਿੰਗ ਦਾ ਜ਼ਿਕਰ ਕੀਤਾ ਹੈ, ਜਿਸ ਦੀ ਪ੍ਰਧਾਨਗੀ ਹਰਦਿਆਲ ਨੇ ਕੀਤੀ ਸੀ, ਤੇ ਭਾਈ ਕਰਤਾਰ ਸਿੰਘ ਉਸ ਵਿਚ ਸ਼ਾਮਿਲ ਹੋਇਆ ਸੀ।
  ਵੈਸੇ ਜਿਸ ਵਕਤ ਸਰਾਭਾ ਪੰਜਾਬ ਤੋਂ ਅਮਰੀਕਾ ਲਈ ਚੱਲਿਆ ਸੀ, ਉਸ ਵਕਤ ਸਿੱਖਾਂ ਵਿਚ ਅੰਗ੍ਰੇਜ਼ ਵਿਰੋਧੀ ਭਾਵਨਾਵਾਂ ਭੜਕ ਉਠੀਆਂ ਸਨ। ਅੰਗ੍ਰੇਜ਼ਾਂ ਨੇ ਗੁਰਦੁਆਰਾ ਰਕਾਬ ਗੰਜ ਦੀ ਕੰਧ ਢਾਹ ਦਿੱਤੀ ਸੀ, ਤੇ ਭਾਈ ਰਣਧੀਰ ਸਿੰਘ ਇਸ ਘੋਲ ਵਿਚ ਸਰਗਰਮ ਸੀ। ਭਾਈ ਕਰਤਾਰ ਸਿੰਘ ਰਸਤੇ ਵਿਚ ਹਾਂਗਕਾਂਗ ਦੇ ਗੁਰਦੁਆਰੇ ਵਿਚ ਰੁਕਿਆ ਸੀ, ਜੋ ਅੰਗ੍ਰੇਜ਼ ਵਿਰੋਧੀ ਪ੍ਰਚਾਰ ਦਾ ਕੇਂਦਰ ਬਣ ਚੁੱਕਿਆ ਸੀ। ਉਸ ਵਕਤ ਗੁਰਦੁਆਰੇ ਦਾ ਗ੍ਰੰਥੀ ਭਾਈ ਭਗਵਾਨ ਸਿੰਘ ‘ਪ੍ਰੀਤਮ’ ਸੀ, ਜੋ ਪਿੱਛੋਂ ਜਾ ਕੇ ਮਸ਼ਹੂਰ ਕਵੀ ਤੇ ਗ਼ਦਰ ਪਾਰਟੀ ਦਾ ਮੀਤ ਪ੍ਰਧਾਨ ਬਣਿਆ। ਭਾਈ ਕਰਤਾਰ ਸਿੰਘ ਦੀ ਇੱਥੇ ਭਾਈ ਭਗਵਾਨ ਸਿੰਘ ਨਾਲ ਚੰਗੀ ਦੋਸਤੀ ਪੈ ਗਈ। ਜਿਸ ਨੂੰ ਭਾਈ ਜੀ ਨੇ ਬਾਅਦ ਵਿਚ ਮਾਣ ਨਾਲ ਯਾਦ ਕੀਤਾ ਸੀ : ”ਥੋੜੀ ਦੇਰ ਬਾਅਦ ਸਵੇਰ ਦੇ ਦਰਸ਼ਨ ਕਰਨ ‘ਤੇ ਇਕ ਹੋਰ ਨੌਜਵਾਨ ਮਿਲਿਆ। ਮੈਨੂੰ ਇਹ ਗਿਆਤ ਵੀ ਨਹੀਂ ਸੀ ਕਿ ਮੈਂ ਇਕ ਅਜਿਹੇ ਨੌਨਿਹਾਲ ਨਾਲ ਬਾਤਚੀਤ ਕਰ ਰਿਹਾ ਹਾਂ, ਜੋ ਮੇਰੇ ਬੱਚਿਆਂ ਨਾਲੋਂ ਵੀ ਪਿਆਰਾ ਤੇ ਵਤਨ ਦਾ ਬੇਸ਼ਕੀਮਤੀ ਲਾਲ ਹੋ ਚਮਕੇਗਾ। ਇਹ ਸੀ ਕਰਤਾਰ ਸਿੰਘ ਸਰਾਭਾ, ਬੱਚਾ ਸੀ ਅਜੇ, ਦਾੜ੍ਹੀ ਨਹੀਂ ਉਤਰੀ ਸੀ, ਮਿਲਣ ਸਾਰ, ਸੁੰਦਰ, ਸੰਜੀਦਾ ਤੇ ਹੋਣਹਾਰ।
  ਹਰ ਹਫਤੇ ਗੁਰਦੁਆਰੇ ਵਿਚ ਲੈਕਚਰ ਹੋਣ ਤੋਂ ਇਲਾਵਾ ਖੇਲਾਂ ਵੀ ਹੁੰਦੀਆਂ ਸਨ। ਕੁਸ਼ਤੀਆਂ, ਗੋਲਾ ਸੁੱਟਣਾ, ਆਦਿਕਾ ਸ਼ਾਮ ਨੂੰ ਕਥਾ ਕੀਰਤਨ, ਬਹਿਸ ਮੁਹਾਬਸੇ ਵਗੈਰਾ ਸਧਾਰਨ ਜਿੰਦਗੀ ਸੀ। ਬਤੌਰ ਗ੍ਰੰਥੀ ਮੈਂ ਦੋ ਵਾਰੀ ਹਰ ਰੋਜ਼ ਸਾਰੇ ਮੁਸਾਫਿਰਾਂ ਨੂੰ ਮਿਲ਼ਿਆ ਕਰਦਾ ਸੀ, ਉਨ੍ਹਾਂ ਦੇ ਨਾਂਅ ਪਤੇ ਲਿਖਿਆ ਕਰਦਾ ਸੀ, ਸ਼ਿਕਾਇਤਾਂ ਸੁਣਦਾ ਤੇ ਅਗਰ ਕੋਈ ਸੇਵਾ ਜਾਂ ਲੋੜ ਹੋਵੇ ਤਾਂ ਪੂਰੀ ਕਰਦਾ, ਹਰ ਸੁਬਾ ਤੇ ਸ਼ਾਮ ਨੂੰ। ਉਹ ਕੱਲ ਰਾਤੀਂ ਆਇਆ ਸੀ ਤੇ ਅੱਜ ਸਵੇਰੇ ਮਿਲੇ। ਇਕ ਲੈਕਚਰ ਸੁਣਿਆ ਤੇ ਇਕ ਗੋਲਾਬਾਜ਼ੀ ਦੇਖ ਕੇ ਦੋਸਤ ਬਣ ਗਏ। ਉਹ ਵਿਦੇਸ਼ੀ ਮੁਲਕਾਂ ਵਿਚ ਬੜੀ ਦਿਲਚਸਪੀ ਰੱਖਦਾ। ਚੀਨ, ਜਪਾਨ, ਕੈਨੇਡਾ ਤੇ ਅਮਰੀਕਾ ਬਾਰੇ ਖਬਰਾਂ ਪੁੱਛਦਾ ਰਹਿੰਦਾ। ਚੰਦ ਹਫਤਿਆਂ ਦੀ ਵਾਕਫੀ ਮੇਰੇ ਦਿਲ ‘ਤੇ ਕਾਫੀ ਅਸਰ ਕਰ ਗਈ ਤੇ ਉਸ ਦੇ ਵੀ। 1914 ਵਿਚ ਅਸੀਂ ਅਮਰੀਕਾ ਵਿਚ ਇਕ ਵਾਰੀ ਫਿਰ ਗਲੇਬਾਂ ਆ ਹੋਏ।”
  ਲਗਦਾ ਹੈ ਕਿ ਭਾਈ ਕਰਤਾਰ ਸਿੰਘ ਦਾ ਪੜ੍ਹਾਈ ਵਿਚ ਮਨ ਨਹੀਂ ਲੱਗਿਆ ਤੇ ਨਾ ਹੀ ਉਸ ਦਾ ਹਿੰਦੂ ਵਿਦਿਆਰਥੀਆਂ ਨਾਲ ਕਰੂਰਾਂ ਮਿਲਿਆ ਹੋਵੇਗਾ। ਉਹ ਜਲਦੀ ਹੀ ਯੁਲੋ ਕਾਉਂਟੀ ਵਿਚ ਆਪਣੇ ਪਿੰਡ ਦੇ ਭਾਈ ਰੁਲੀਆ ਸਿੰਘ ਕੋਲ ਚਲਿਆ ਗਿਆ। ਉਸ ਵਕਤ ਗ਼ਦਰ ਪਾਰਟੀ ਬਣਾਉਣ ਦੀਆਂ ਸਰਗਰਮੀਆਂ ਸ਼ੁਰੂ ਹੋ ਗਈਆਂ ਸਨ। ਭਾਈ ਕਰਤਾਰ ਸਿੰਘ ਨੇ ਆਪਣਾ ਜੀਵਨ ਪਾਰਟੀ ਨੂੰ ਹੀ ਸਮਰਪਿਤ ਕਰਨ ਦਾ ਫੈਸਲਾ ਕਰ ਲਿਆ ਸੀ। ਭਾਵੇਂ ਉਸ ਦਾ ਨਾਂਅ ਪਾਰਟੀ ਦੇ ਅਹੁਦੇਦਾਰਾਂ ਵਿਚ ਨਹੀਂ ਆਉਂਦਾ ਪਰ ਜਦ ਨਵੰਬਰ 1913 ਤੋਂ ‘ਗ਼ਦਰ’ ਦਾ ਪਹਿਲਾ ਪਰਚਾ ਨਿਕਲਿਆ ਤਾਂ ਭਾਈ ਕਰਤਾਰ ਸਿੰਘ ਪਰਚੇ ਦੇ ਬਾਨੀਆਂ ਵਿਚ ਸ਼ਾਮਿਲ ਸੀ। ਜਦ ਦਸੰਬਰ 1913 ਵਿਚ ਗੁਰਮੁਖੀ ‘ਗ਼ਦਰ’ ਸ਼ੁਰੂ ਹੋਇਆ ਤਾਂ ਭਾਈ ਕਰਤਾਰ ਸਿੰਘ ਉਪਰ ਹੀ ਪਰਚੇ ਦੀ ਮੁੱਖ ਜਿੰਮੇਵਾਰੀ ਸੀ। ਲਾਲਾ ਹਰਦਿਆਲ ਦੀਆਂ ਉਰਦੂ ਲਿਖਤਾਂ ਨੂੰ ਗੁਰਮੁਖੀ ਵਿਚ ਭਾਈ ਕਰਤਾਰ ਸਿੰਘ ਹੀ ਕਰਦਾ ਸੀ। ਭਾਈ ਕਰਤਾਰ ਸਿੰਘ ਦਾ ਪਰਚੇ ਵਿਚ ਕੰਮ ਕਰਨ ਦਾ ਸਮਾਂ ਸਾਲ ਤੋਂ ਵੀ ਘੱਟ ਬਣਦਾ ਹੈ, ਪਰ ਇੰਨੇ ਥੋੜੇ ਸਮੇਂ ਵਿਚ ਹੀ ਉਸ ਨੇ ਆਪਣੇ ਕੰਮ ਅਤੇ ਲਿਆਕਤ ਨਾਲ ਆਪਣੀ ਸ਼ਖ਼ਸੀਅਤ ਨੂੰ ਸਥਾਪਤ ਕਰ ਦਿੱਤਾ ਸੀ। ਉਸ ਦੇ ਸਾਥੀਆਂ ਵਿਚ ਉਸ ਦਾ ਕਾਫੀ ਸਤਿਕਾਰ ਬਣ ਗਿਆ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਈ ਕਰਤਾਰ ਸਿੰਘ ਸਰਾਭਾ ਸਮੇਤ ਸਿੱਖ ਗਦਰੀ, ਸਿੱਖ ਧਰਮ ਅਤੇ ਇਤਿਹਾਸਕ ਵਿਰਸੇ ਤੋਂ ਪ੍ਰੇਰਣਾ ਲੈਂਦੇ ਸਨ। ਇਸ ਦਾ ਪ੍ਰਤੱਖ ਸਬੂਤ ‘ਗ਼ਦਰ’ ਅਖਬਾਰ ਹੈ। ਉਰਦੂ ਪਰਚੇ ਉਪਰ ਬੈਨਰ ਲਾਈਨ ਸੀ ‘ਅੰਗ੍ਰੇਜ਼ੀ ਰਾਜ ਕਾ ਦੁਸ਼ਮਨ’ ਪਰ ਗੁਰਮੁਖੀ ‘ਗ਼ਦਰ’ ਉਪਰ ਗੁਰਬਾਣੀ ਦੇ ਇਹ ਸ਼ਬਦ ਬੈਨਰ ਲਾਈਨ ਵੱਜੋਂ ਲਿਖੇ ਹੋਏ ਸਨ ”ਜੇ ਤਉ ਪਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ”।
  ਜਦ ਅਗਸਤ 1914 ਵਿਚ ਪਹਿਲਾ ਸੰਸਾਰ ਯੁੱਧ ਲਗ ਜਾਣ ਦੇ ਮੱਦੇ ਨਜ਼ਰ ਗ਼ਦਰ ਪਾਰਟੀ ਨੇ ਭਾਰਤ ਚੱਲ ਕੇ ਇਨਕਲਾਬ ਕਰਨ ਦਾ ਫੈਸਲਾ ਕਰ ਲਿਆ ਸੀ ਤਾਂ ਭਾਈ ਕਰਤਾਰ ਸਿੰਘ, ਪੰਜਾਬ ਪਹੁੰਚਣ ਵਾਲੇ ਗ਼ਦਰੀਆਂ ਵਿਚ ਸ਼ਾਮਿਲ ਸਨ। ਕਲਕੱਤੇ ਦੀਆਂ ਬੰਦਰਗਾਹਾਂ ‘ਤੇ ਅੰਗ੍ਰੇਜ਼ਾਂ ਨੇ ਨਾਕੇ ਲਗਾ ਰੱਖੇ ਸਨ। ਭਾਈ ਕਰਤਾਰ ਸਿੰਘ ਹੋਰੀ ਕੋਲੰਬੋ ਰਾਹੀਂ ਭਾਰਤ ਵਿਚ ਦਾਖਲ ਹੋਏ ਸਨ। ਅੰਗ੍ਰੇਜ਼ ਸਰਕਾਰ ਨੇ ਭਾਵੇਂ ਕਲਕੱਤੇ ਦੀਆਂ ਬੰਦਰਗਾਹਾਂ ‘ਤੇ ਗ਼ਦਰ ਲਹਿਰ ਦੀ ਚੋਟੀ ਦੀ ਲੀਡਰਸ਼ਿਪ ਭਾਈ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ , ਬਾਬਾ ਕੇਸਰ ਸਿੰਘ ਠੱਠਗੜ੍ਹ, ਬਾਬਾ ਸ਼ੇਰ ਸਿੰਘ ਵੇਈ ਪੂੰਈ ਆਦਿ ਨੂੰ ਗ੍ਰਿਫਤਾਰ ਕਰਕੇ ਇਕ ਤਰ੍ਹਾਂ ਲਹਿਰ ਦਾ ਲੱਕ ਹੀ ਤੋੜ ਦਿੱਤਾ ਸੀ ਪਰ ਫਿਰ ਜਿਵੇਂ ਲਹਿਰ ਉਭਰ ਕੇ ਸਿਖਰ ਤੱਕ ਪਹੁੰਚੀ, ਇਹ ਇਕ ਤਰ੍ਹਾਂ ਨਾਲ ਕਰਾਮਾਤ ਹੀ ਸੀ। ਇਸ ਕਰਾਮਾਤ ਪਿੱਛੇਂ ਭਾਈ ਕਰਤਾਰ ਸਿੰਘ ਸਰਾਭੇ ਦੀ ਅਣਥੱਕ ਮਿਹਨਤ ਸੀ। ਇਕ ਪਾਸੇ ਉਸ ਨੇ ਮਾਲਵਾ ਖਾਲਸਾ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਤਿਆਰ ਕੀਤਾ, ਦੂਜੇ ਪਾਸੇ ਰਕਾਬ ਗੰਜ ਐਜੀਟੇਸ਼ਨ ਨਾਲ ਜੁੜੇ ਹੋਏ ਭਾਈ ਸਾਹਿਬ ਭਾਈ ਰਣਧੀਰ ਸਿੰਘ ਵਰਗੇ ਧਾਰਮਿਕ ਆਗੂਆਂ ਨਾਲ ਤਾਲ ਮੇਲ ਕੀਤਾ, ਤੀਜਾ ਬੰਗਾਲ ਦੇ ਕ੍ਰਾਂਤੀਕਾਰੀਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਕੋਲੋਂ ਹਥਿਆਰਾਂ ਦਾ ਪ੍ਰਬੰਧ ਕੀਤਾ, ਚੌਥਾ ਫਿਰੋਜ਼ਪੁਰ ਮੀਆਂਮੀਰ, ਬੰਨੂ ਕੁਹਾਟ ਰਾਵਲ ਪਿੰਡੀ, ਅੰਬਾਲਾ, ਫੈਜ਼ਾਬਾਦ, ਬਨਾਰਸ ਆਦਿ ਦੀਆਂ ਫੌਜੀ ਛਾਉਣੀਆਂ ਵਿਚ ਫੌਜੀਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਬਗਾਵਤ ਲਈ ਤਿਆਰ ਕੀਤਾ। ਉਸ ਦਾ ਕੰਮ ਦੇਖ ਕੇ ਬੰਗਾਲੀ ਇਨਕਲਾਬੀ ਸਚਿੰਦਰ ਨਾਥ ਸਨਿਆਲ ਵੀ ਹੈਰਾਨ ਰਹਿ ਗਿਆ ਸੀ, ”ਉਨੀਂ ਦਿਨੀਂ ਕਰਤਾਰ ਸਿੰਘ ਬਹੁਤ ਸਖਤ ਮਿਹਨਤ ਕਰ ਰਹੇ ਸਨ। ਉਹ ਹਰ ਰੋਜ਼ ਸਾਇਕਲ ‘ਤੇ ਪਿੰਡਾਂ ਵਿਚ ਲਗਭਗ 40-50 ਮੀਲ ਦਾ ਚੱਕਰ ਲਗਾਉਂਦੇ ਸਨ। ਪਿੰਡ ਪਿੰਡ ਕੰਮ ਕਰਨ ਲਈ ਜਾਂਦੇ ਸਨ। ਇਨੀਂ ਮਿਹਨਤ ਕਰਨ ‘ਤੇ ਵੀ ਉਹ ਥੱਕਦੇ ਨਹੀਂ ਸਨ। ਜਿਨੀਂ ਉਹ ਮਿਹਨਤ ਕਰਦੇ ਸਨ, ਉਨੀਂ ਹੀ ਉਨ੍ਹਾਂ ਵਿਚ ਫੁਰਤੀ ਆ ਜਾਂਦੀ ਸੀ।”

  ਕਰਤਾਰ ਸਿੰਘ ਸਰਾਭੇ ਦੀ ਸਿੱਖ ਪਛਾਣ ਦਾ ਮਸਲਾ
  ਜਦ ਅਸੀਂ ਗ਼ਦਰ ਲਹਿਰ ਨੂੰ ਸਿੱਖਾਂ ਦੀ ਲਹਿਰ ਆਖਦੇ ਹਾਂ ਤਾਂ ਬਹੁਤ ਸਾਰੇ ਖੱਬੇ ਪੱਖੀ ਭਾਈ ਕਰਤਾਰ ਸਿੰਘ ਸਰਾਭੇ ਦੀ ਬੋਦੀਆਂ ਵਾਲੀ ਫੋਟੋ ਨੂੰ ਉਭਾਰ ਕੇ ਗ਼ਦਰ ਲਹਿਰ ਨੂੰ ‘ਭਾਰਤੀਆਂ’ ਦੀ ਲਹਿਰ ਸਿੱਧ ਕਰਨ ‘ਤੇ ਜ਼ੋਰ ਲਗਾਉਂਦੇ ਹਨ। ਭਾਈ ਕਰਤਾਰ ਸਿੰਘ ਨੇ ਅਮਰੀਕਾ ਵਿਚ ਕੇਸ ਉਦੋਂ ਕਟਵਾਏ ਸਨ, ਜਦ ਗ਼ਦਰ ਪਾਰਟੀ ਨੇ ਜਰਮਨੀ ਦੀ ਸਹਾਇਤਾ ਨਾਲ ਉਸ ਨੂੰ ਨਿਊਯਾਰਕ ਦੀ ਅੇਵੀਏਸ਼ਨ ਅਕੈਡਮੀ ਤੋਂ ਹਵਾਈ ਜ਼ਹਾਜ਼ ਚਲਾਉਣਾ ਸਿੱਖਣ ਦੀ ਯੋਜਨਾ ਬਣਾਈ ਸੀ। ਇਹ ਫੈਸਲਾ ਪਾਰਟੀ ਨੇ ਲੰਬੀ ਤਿਆਰੀ ਦੇ ਮੱਦੇਨਜ਼ਰ ਕੀਤਾ ਸੀ। ਉਨ੍ਹਾਂ ਨੂੰ ਖਿਆਲ ਹੀ ਨਹੀਂ ਸੀ ਕਿ ਜੰਗ ਕਾਰਨ ਨੂੰ ਉਨ੍ਹਾਂ ਨੂੰ ਤੱਤ ਭੜੱਤੇ ਹੀ ਭਾਰਤ ਜਾਣਾ ਪਵੇਗਾ। ਐਵੀਏਸ਼ਨ ਅਕੈਡਮੀ ਦਾ ਨਿਯਮ ਸੀ ਕਿ ਜੇਕਰ ਵਿਦਿਆਰਥੀਆਂ ਨੇ ਆਪਣੇ ਸਰੂਪ ਮੁਤਾਬਿਕ ਸਿਖਲਾਈ ਲੈਣੀ ਹੈ ਤਾਂ ਕਲਾਸ ਵਿਚ ਘੱਟੋ ਘੱਟ 25 ਵਿਦਿਆਰਥੀ ਹੋਣੇ ਚਾਹੀਦੇ ਹਨ। ਜੇਕਰ 25 ਤੋਂ ਘੱਟ ਹਨ ਤਾਂ ਉਨ੍ਹਾਂ ਨੂੰ ਗੋਰੇ ਵਿਦਿਆਰਥੀਆਂ ਵਾਲਾ ਸਰੂਪ ਧਾਰਨ ਕਰਨਾ ਪਵੇਗਾ। ਸੋ ਉਸ ਵਕਤ ਉਥੇ 25 ਸਿੱਖ ਵਿਦਿਆਰਥੀ ਇਕੱਠੇ ਨਹੀਂ ਹੋ ਸਕਦੇ ਸਨ। ਜਿਸ ਕਰਕੇ ਕਾਹਲੀ ਵਿਚ ਭਾਈ ਕਰਤਾਰ ਸਿੰਘ ਨੂੰ ਆਪਣਾ ਸਿੱਖੀ ਸਰੂਪ ਤਿਆਗਣਾ ਪਿਆ।
  ਦੂਜਾ ਭਾਰਤ ਪਰਤਣ ਸਮੇਂ ਜੇਕਰ ਭਾਈ ਕਰਤਾਰ ਸਿੰਘ ਨੇ ਸਿੱਖੀ ਸਰੂਪ ਤਜਿਆ ਹੁੰਦਾ ਤਾਂ ਉਹ ਕੋਲੰਬੋ ਦੀ ਬਜਾਏ ਬੇਖਟਕੇ ਹੀ ਕਲਕੱਤੇ ਦੇ ਰਸਤੇ ਆ ਸਕਦਾ ਸੀ, ਕਿਉਂਕਿ ਅੰਗ੍ਰੇਜ਼ ਸਰਕਾਰ ਗ਼ਦਰ ਲਹਿਰ ਨੂੰ ਸਿੱਖਾਂ ਦੀ ਲਹਿਰ ਹੀ ਸਮਝਦੀ ਸੀ। ਬਾਹਰੋਂ ਆਉਣ ਵਾਲੇ ਮੋਨਿਆਂ ਦੀ ਕੋਈ ਪੁੱਛ ਗਿੱਛ ਨਹੀਂ ਸੀ ਹੁੰਦੀ। ਪੰਡਿਤ ਪਰਮਾਨੰਦ ਝਾਂਸੀ, ਪ੍ਰਿਥਵੀ ਸਿੰਘ ਅਜ਼ਾਦ ਤੇ ਪੰਡਤ ਜਗਤ ਰਾਮ ਇਸੇ ਤਰ੍ਹਾਂ ਹੀ ਨਿਕਲ ਆਏ ਸਨ।
  ਤੀਜਾ, ਜੇ ਕਰ ਭਾਈ ਕਰਤਾਰ ਸਿੰਘ ਪਤਿਤ ਹੁੰਦਾ ਤਾਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਵਰਗੇ ਧਾਰਮਿਕ ਪੁਰਸ਼ ਨੇ ਉਸ ਦਾ ਭਰੋਸਾ ਤਾਂ ਕੀ ਕਰਨਾ ਸੀ, ਉਸ ਨਾਲ ਗੱਲ ਵੀ ਨਹੀਂ ਕਰਨੀ ਸੀ। ਉਹਨਾਂ ਨੇ ਉਸ ਨੂੰ ਲਾਹਣਤਾਂ ਪਾਉਂਦਿਆਂ ਕਹਿਣਾ ਸੀ ਕਿ ਦੇਸ਼ ਅਜ਼ਾਦ ਕਰਵਾਉਂਣ ਦੀ ਗੱਲ ਬਆਦ ‘ਚ ਕਰੀਂ ਪਹਿਲਾਂ ਕੇਸ਼ ਦਾਹੜੀ ਰੱਖ ਕੇ ਆ। ਉਸ ਸਮੇਂ ਦੇ ਆਮ ਸਿੱਖ ਵੀ ਪਤਿਤ ਸਿੱਖਾਂ ਨੂੰ ਬਹੁਤ ਬੁਰਾ ਸਮਝਦੇ ਸਨ।
  ਚੌਥਾ, ਜਦ ਸਨਿਆਲ ਪਹਿਲੀ ਵਾਰ ਪੰਜਾਬ ਆਉਂਦਾ ਹੈ ਤਾਂ ਉਹ ਕਿਹੋ ਜਿਹੇ ਸਰਾਭੇ ਨੂੰ ਮਿਲਦਾ ਹੈ, ਇਹਨਾ ਸ਼ਬਦਾਂ ਤੋਂ ਹੀ ਪਤਾ ਲੱਗ ਜਾਂਦਾ ਹੈ ”ਪਹਿਲਾਂ ਹੀ ਨਿਸ਼ਚਿਤ ਹੋ ਗਿਆ ਸੀ ਕਿ ਮੈਂ ਜਲੰਧਰ ਜਾ ਕੇ ਸਿੱਖ ਨੇਤਾਵਾਂ ਨਾਲ ਮੁਲਾਕਾਤ ਕਰਾਂਗਾ। ਉਸ ਸਮੇਂ ਨਵੰਬਰ ਦਾ ਮਹੀਨਾ ਖਤਮ ਹੋਣ ਵਾਲਾ ਸੀ, ਪੱਛਮ ਵਿਚ ਠੰਢ ਦਾ ਮੌਸਮ ਸੀ। ਸਰਦੀਆਂ ਦੀ ਸਵੇਰ ਨੂੰ ਲੁਧਿਆਣਾ ਗੱਡੀ ਪਹੁੰਚਦਿਆਂ ਹੀ ਦੇਖਿਆ ਕਿ ਮੇਰੇ ਮਿੱਤਰ ਦੇ ਇਕ ਜਾਣੂ ਸਿੱਖ ਨੌਜਵਾਨ ਸਾਡੀ ਉਡੀਕ ਕਰ ਰਹੇ ਹਨ। ਮਿੱਤਰ ਨੇ ਇਨ੍ਹਾਂ ਨਾਲ ਮੇਰੀ ਜਾਣ ਪਛਾਣ ਕਰਾ ਦਿੱਤੀ। ਇਹੀ ਕਰਤਾਰ ਸਿੰਘ ਸਨ। ਇਹ ਗੱਡੀ ਵਿਚ ਸਵਾਰ ਹੋ ਕੇ ਸਾਡੇ ਨਾਲ ਜਲੰਧਰ ਲਈ ਰਵਾਨਾ ਹੋ ਗਏ।”
  ਇਨਕਲਾਬੀ ਕਵੀ ਅਮਰਜੀਤ ਚੰਦਨ ਅਨੁਸਾਰ : ”ਬੜੇ ਸਾਲ ਪਹਿਲਾਂ ਕਿਰਤੀ ਪਾਰਟੀ ਦੇ ਬਾਬਿਆਂ ਨੇ ਕਰਤਾਰ ਸਿੰਘ ਸਰਾਭੇ ਦੀ ਮਿਲਦੀ ਇਕੋ ਇਕ ਬੋਦਿਆਂ ਵਾਲੀ ਤਸਵੀਰ ਨੂੰ ਅੰਮ੍ਰਿਤਸਰ ਦੇ ਗੁਰਦਿਆਲ ਸਿੰਘ ਫੋਟੋਗ੍ਰਾਫਰ ਨੂੰ ਆਖ ਕੇ ਭੱਦੀ ਜਿਹੀ ਪੱਗ ਬਣਵਾ ਦਿੱਤੀ ਸੀ।”
  ਕਿਰਤੀ ਬਾਬਿਆਂ ਨੇ ਸਰਾਭੇ ਦੀ ਬੋਦਿਆਂ ਵਾਲੀ ਫੋਟੋ ‘ਤੇ ਪੱਗ ਇਸ ਕਰਕੇ ਬਨਵਾਈ ਸੀ, ਕਿਉਂਕਿ ਉਨ੍ਹਾਂ ਜਿਹੋ ਜਿਹਾ ਸਰਾਭਾ ਦੇਖਿਆ ਸੀ, ਉਹ ਉਸ ਨੂੰ ਉਹੋ ਜਿਹਾ ਹੀ ਦੇਖਣਾ ਚਾਹੁੰਦੇ ਸਨ। ਉਹ ਨਹੀਂ ਸੀ ਚਾਹੁੰਦੇ ਕਿ ਉਸ ਦਾ ਗਲਤ ਪ੍ਰਭਾਵ ਪਾਉਣ ਵਾਲੀ ਮੋਨੀ ਫੋਟੋ ਲੋਕਾਂ ਵਿਚ ਜਾਵੇ। ਇਹ ਦੇਖ ਕੇ ਉਨ੍ਹਾਂ ਅੰਦਰ ਖੋਹ ਪੈਂਦੀ ਸੀ।

  ਗ਼ਦਰ ਦੀ ਅਸਫਲਤਾ ਤੋਂ ਬਾਅਦ
  ਜਦ 19 ਫਰਵਰੀ 1915 ਦਾ ਗ਼ਦਰ ਫੇਲ੍ਹ ਹੋ ਗਿਆ ਤਾਂ ਲਹਿਰ ਦੀ ਇਕ ਤਰ੍ਹਾਂ ਨਾਲ ਰੀੜ੍ਹ ਹੀ ਟੁੱਟ ਗਈ ਸੀ। ਫੜੋ ਫੜੀ ਅਤੇ ਜਬਰ ਤਸ਼ੱਦਦ ਦਾ ਦੌਰ ਸ਼ੁਰੂ ਹੋ ਗਿਆ ਸੀ। ਪਾਰਟੀ ਦੇ ਲਾਹੌਰ ਵਿਚਲੇ ਚਾਰੇ ਹੈਡ ਕੁਆਟਰਾਂ ‘ਤੇ ਛਾਪੇ ਪੈ ਗਏ ਸਨ ਤੇ ਦਰਜਨਾਂ ਹੀ ਗ਼ਦਰੀ ਪੁਲਿਸ ਦੇ ਹੱਥ ਆ ਗਏ ਸਨ, ਉਹ ਕਮਰਾ ਹੀ ਛਾਪੇ ਤੋਂ ਬਚਿਆ ਸੀ ਜਿੱਥੇ ਬੰਗਾਲੀ ਇਨਕਲਾਬੀ ਰਾਸ ਬਿਹਾਰੀ ਬੋਸ ਰੁਕਿਆ ਹੋਇਆ ਸੀ। ਭਾਈ ਕਰਤਾਰ ਸਿੰਘ ਸਰਾਭੇ ਹੋਰਾਂ ਨੇ ਉਸ ਨੂੰ ਦਿੱਲੀ ਵੱਲ ਦੀ ਗੱਡੀ ਚੜ੍ਹਾ ਦਿੱਤਾ। ਬੋਸ ਸਿੱਧਾ ਦੇਹਰਾਦੂਨ ਪ੍ਰੋ. ਪੂਰਨ ਸਿੰਘ ਕੋਲ ਚਲਿਆ ਗਿਆ। ਜਿਥੇ ਉਹ ਪ੍ਰੋਫੈਸਰ ਸਾਹਿਬ ਦੇ ਅਧੀਨ ਜੰਗਲਾਤ ਵਿਭਾਗ ਵਿਚ ਨੌਕਰੀ ਕਰਦਾ ਰਿਹਾ ਸੀ। ਪ੍ਰੋ. ਪੂਰਨ ਸਿੰਘ ਹੋਰਾਂ ਨੇ ਉਸ ਨੂੰ ਬੱਚ ਬਚਾ ਕੇ ਜਪਾਨ ਭੇਜ ਦਿੱਤਾ, ਜਿਥੇ ਪ੍ਰੋ. ਸਾਹਿਬ ਦੇ ਪੜ੍ਹਾਈ ਦੌਰਾਨ ਦੇ ਦੋਸਤ ਰਹਿੰਦੇ ਸਨ। ਹੁਣ ਭਾਈ ਕਰਤਾਰ ਸਿੰਘ, ਭਾਈ ਜਗਤ ਸਿੰਘ ਤੇ ਭਾਈ ਹਰਨਾਮ ਸਿੰਘ ਕੋਟਲਾ ਨੋਧ ਸਿੰਘ ਨੇ ਅਫਗਾਨਿਸਤਾਨ ਦੀ ਸਰਹੱਦ ਵੱਲ ਬੱਚ ਕੇ ਨਿਕਲ ਜਾਣ ਦਾ ਫੈਸਲਾ ਕਰ ਲਿਆ। ਉਹ ਲਾਇਲਪੁਰ ਤੋਂ ਸ. ਹਰਚੰਦ ਸਿੰਘ ਰਾਈਸ ਲਾਇਲਪੁਰ ਜੋ ਰਕਾਬ ਗੰਜ ਐਜੀਟੇਸ਼ਨ ਦੇ ਆਗੂ ਸਨ, ਕੋਲੋਂ 100 ਰੁਪਿਆ ਲੈ ਕੇ ਪਠਾਣੀ ਭੇਸ ਧਾਰ ਕੇ ਪਿਸ਼ੌਰ ਚਲੇ ਗਏ। ਪਿਸ਼ੌਰ ਉਹ ਸਿੰਘ ਸਭਾ ਦੇ ਗੁਰਦੁਆਰੇ ਵਿਚ ਠਹਿਰੇ, ਜਿਥੇ ਦਾ ਗ੍ਰੰਥੀ ਭਾਈ ਬਾਗ ਸਿੰਘ ਸੀ, ਭਾਈ ਬਾਗ ਸਿੰਘ ਦੀ ਸਿੱਖ ਪੰਥ ਵਿਚ ਚੰਗੀ ਮਾਨਤਾ ਸੀ। ਨਾਵਲਕਾਰ ਨਾਨਕ ਸਿੰਘ ਉਨ੍ਹਾਂ ਨੂੰ ਆਪਣਾ ਗੁਰੂ ਮੰਨਦੇ ਸਨ, ਜਿੰਨਾਂ ਨੇ ਉਸ ਨੂੰ ਇਕ ਹਿੰਦੂ ਤੋਂ ਸਿੱਖ ਬਣਨ ਦਾ ਕਾਇਆਂ ਕਲਪ ਕੀਤਾ ਸੀ।
  ਭਾਈ ਕਰਤਾਰ ਸਿੰਘ ਸਰਾਭਾ ਸਣੇ ਸਵੇਰੇ ਤਿੰਨੇ ਜਣੇ ਊਠ ‘ਤੇ ਸਮਾਨ ਲੱਦ ਕੇ ਪਿਸ਼ੌਰ ਤੋਂ ਮਿਚਨੀ ਪਹੁੰਚ ਗਏ, ਇਹ ਥਾਂ ਉਤਰ ਪੱਛਮ ਵੱਲ ਹੈ, ਇਥੇ ਜਾ ਕੇ ਉਹ ਨਦੀ ਦੇ ਕਿਨਾਰੇ ਅਰਾਮ ਕਰਨ ਬੈਠ ਗਏ। ਭਾਈ ਕਰਤਾਰ ਸਿੰਘ ਨੇ ‘ਗ਼ਦਰ’ ਅਖਬਾਰ ਵਿਚ ਛੱਪ ਚੁਕੀ ਕਵਿਤਾ ਪੜ੍ਹਨੀ ਸ਼ੁਰੂ ਕਰ ਦਿੱਤੀ, ਜੋ ਉਸ ਦੇ ਮੂੰਹ ਜ਼ੁਬਾਨੀ ਯਾਦ ਸੀ।
  ”ਹਿੰਦ ਦੇ ਬਹਾਦਰੋ ਕਿਉਂ ਬੈਠੇ ਚੁੱਪ ਜੀ,
  ਅੱਗ ਲੱਗੀ ਦੇਸ਼ ਨਾ ਸਹਾਰੋ ਧੁੱਪ ਜੀ,
  ਬੁਝਣੀ ਇਹ ਤਾਂ ਹੀ ਹੈ ਸਰੀਰ ਤੱਜ ਕੇ,
  ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ,
  ਸਿਰ ਦਿੱਤੇ ਬਾਝ ਨਹੀਂ ਕੰਮ ਸਰਨਾ,
  ਯੁੱਧ ਵਿਚ ਪਵੇਗਾ ਜ਼ਰੂਰ ਮਰਨਾ,
  ਪਵੋ ਲਲਕਾਰ ਸ਼ੇਰਾਂ ਵਾਂਗ ਗੱਜ ਕੇ,
  ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ,
  ਸ਼ੇਰ ਹੋ ਕੇ ਗਿੱਦੜਾਂ ਦਾ ਕਰੋ ਕੰਮ ਉਏ,
  ਸੁਣ ਕੇ ਗ਼ਦਰ ਦਿਲ ਖਾਵੇ ਗਮ ਉਏ,
  ਗੀਦੀ ਬਣਂੋ ਸ਼ੇਰੋ ਕਿਉਂ ਮੈਦਾਨੋਂ ਭੱਜ ਕੇ,
  ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ,
  ਹੱਥ ਸ਼ਮਸ਼ੇਰ ਕੁਦ ਪਓ ਮੈਦਾਨ ਜੀ,
  ਮਾਰ ਮਾਰ ਵੈਰੀਆਂ ਦੇ ਲਾਹੋ ਘਾਣ ਜੀ,
  ਵੈਰੀਆਂ ਦਾ ਆਓ ਲਹੂ ਪੀਏ ਰੱਜ ਕੇ,
  ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ,
  ਮਾਰ ਲਈਏ ਵੈਰੀ ਮਰ ਜਾਈਏ ਆਪ ਜਾਂ,
  ਕਾਇਰਤਾ ਗਰੀਬੀ ਮਿੱਟ ਜਾਵੇ ਤਾਪ ਤਾਂ,
  ਪਾ ਲਈਏ ਸ਼ਹੀਦੀ ਸਿੰਘ ਸ਼ੇਰ ਸੱਜ ਕੇ,
  ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ”
  ਇਹ ਨਿਰੀ ਪੁਰੀ ਕਵਿਤਾ ਹੀ ਨਹੀਂ ਸੀ, ਪੂਰਾ ਸਿੱਖ ਇਤਿਹਾਸ ਤੇ ਗੁਰੂ ਸਾਹਿਬ ਉਨ੍ਹਾਂ ਦੇ ਸਾਹਮਣੇ ਆ ਖੜੇ ਸਨ। ਸਿੱਖ ਧਰਮ ਦਾ ਨੈਤਿਕ ਕਦਰ ਪ੍ਰਬੰਧ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਸੀ, ਕਿ ਉਹ ਮੈਦਾਨੋਂ ਨੱਸ ਜਾਣ, ਇਹ ਆਪਣੇ ਗੁਰੂ ਵੱਲੋਂ ਪਿੱਠ ਮੋੜਨਾ ਸੀ। ਇਹ ਆਪਣੇ ਧਰਮ ਨੂੰ ਕਲੰਕ ਲਾਉਣਾ ਸੀ। ਰਾਸ ਬਿਹਾਰੀ ਸਾਹਮਣੇ ਅਜਿਹੀ ਕੋਈ ਰੋਕ ਨਹੀਂ ਸੀ। ਉਹ ਭੱਜ ਕੇ ਜਾਪਾਨ ਚਲਿਆ ਗਿਆ।
  ਸਿੱਖ ਵਿਰਸੇ ਨੇ ਭਾਈ ਕਰਤਾਰ ਸਿੰਘ ਸਰਾਭੇ ਹੋਰਾਂ ਦੇ ਪੈਰਾਂ ਨੂੰ ਜੂੜ ਪਾ ਲਿਆ ਸੀ। ਉਨ੍ਹਾਂ ਨੇ ਪਿੱਛੇ ਮੁੜ ਕੇ ਫਿਰ ਲੜਾਈ ਲੜਨ ਦਾ ਫੈਸਲਾ ਕਰ ਲਿਆ। ਮਿਚਨੀ ਤੋਂ ਵਾਪਿਸ ਪਿਸ਼ੌਰ ਪਰਤ ਆਏ। ਪਿਸ਼ੌਰ ਤੋਂ ਲਾਲੇਮੂਸਾ ਦਾ ਟਿਕਟ ਲਿਆ। ਉਥੋਂ ਗੱਡੀ ਬਦਲ ਕੇ ਬਲਵਾਲ ਜਾ ਪਹੁੰਚੇ, ਪਠਾਣੀ ਕੱਪੜੇ ਲਾਹ ਕੇ ਗੱਠੜੀ ਵਿਚ ਬੰਨ ਲਏ। ਸਟੇਸ਼ਨ ਦੇ ਲਾਗੇ ਹੀ ਚੱਕ ਨੰਬਰ 5 ਸੀ, ਇਥੋਂ ਦੇ ਪੈਨਸਨੀ ਸਿਪਾਹੀ ਰਾਜਿੰਦਰ ਸਿੰਘ ਨੇ ਭਾਈ ਜਗਤ ਸਿੰਘ ਨੂੰ ਹਥਿਆਰ ਦੇਣ ਦਾ ਵਾਅਦਾ ਕੀਤਾ ਸੀ। ਰਾਜਿੰਦਰ ਸਿੰਘ ਨੇ ਰਸਾਲਦਾਰ ਗੰਡਾ ਸਿੰਘ ਨੂੰ ਦੱਸ ਦਿੱਤਾ , ਉਸ ਨੇ ਪੁਲਿਸ ਕੋਲ ਮੁਖ਼ਬਰੀ ਕਰ ਦਿੱਤੀ। ਸੀ.ਆਈ.ਡੀ. ਦੇ ਡਿਪਟੀ ਐਲ.ਐਲ. ਟਾਪਕਿਨ ਅਤੇ ਦਰੋਗਾ ਲਿਆਕਤ ਖਾਨ ਨੇ ਭਾਰੀ ਫੋਰਸ ਲਿਜਾ ਕੇ ਤਿੰਨ ਮਾਰਚ 1915 ਨੂੰ ਭਾਈ ਕਰਤਾਰ ਸਿੰਘ ਸਰਾਭਾ, ਭਾਈ ਜਗਤ ਸਿੰਘ, ਸੁਰ ਸਿੰਘ, ਭਾਈ ਹਰਨਾਮ ਸਿੰਘ ਕੋਟਲਾ ਨੂੰ ਗ੍ਰਿਫਤਾਰ ਕਰ ਲਿਆ।

  ਫਾਂਸੀ ਦੇ ਤਖਤੇ ਤੋਂ
  ਸਰਾਭੇ ਹੋਰਾਂ ਸਮੇਤ ਲਾਹੌਰ ਵਿਚ 82 ਗ਼ਦਰੀਆਂ ‘ਤੇ ਲਾਹੌਰ ਸਾਜ਼ਿਸ਼ ਕੇਸ ਚਲਾਇਆ ਗਿਆ। ਜਿਸ ਵਿਚ 62 ਮੁਲਜ਼ਮ ਹਾਜ਼ਰ ਸਨ। ਇਸ ਕੇਸ ਵਿਚ ਬਾਬਾ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ , ਬਾਬਾ ਨਿਧਾਨ ਸਿੰਘ ਚੁੱਘਾ ਸਮੇਤ ਗ਼ਦਰ ਲਹਿਰ ਦੀ ਲਗਭਗ ਸਮੁੱਚੀ ਲੀਡਰਸ਼ਿੱਪ ਸ਼ਾਮਿਲ ਸੀ। ਜੇਲ੍ਹ ਵਿਚ ਵਿਆਹ ਵਰਗਾ ਮਾਹੌਲ ਸੀ। ਕਿਸੇ ਨੂੰ ਵੀ ਮੌਤ ਦਾ ਭੈਅ ਨਹੀਂ ਸੀ। ਦਿਨ ਰਾਤ ਜੇਲ੍ਹ ਵਿਚ ਗੁਰਬਾਣੀ ਦਾ ਪਾਠ ਤੇ ਕੀਰਤਨ ਚੱਲਦਾ ਰਹਿੰਦਾ ਸੀ। ਗ਼ਦਰੀ ‘ਗ਼ਦਰ ਦੀਆਂ ਗੂੰਜਾਂ’ ਦੀਆਂ ਕਵਿਤਾਵਾਂ ਗਾਉਂਦੇ ਰਹਿੰਦੇ ਸਨ। ਭਾਈ ਕਰਤਾਰ ਸਿੰਘ ਸਰਾਭਾ ਦੇ ਚਿਹਰੇ ‘ਤੇ ਅਨੋਖਾ ਜਲਾਲ ਸੀ। ਉਹ ਦਿਨ ਰਾਤ ਹੱਸਦਾ ਖੇਡਦਾ ਰਹਿੰਦਾ ਸੀ ਤੇ ਸਭ ਦਾ ਮਨ ਪਰਚਾਈ ਰੱਖਦਾ ਸੀ। ਜੇਲ੍ਹ ਅਮਲੇ ਤੋਂ ਉਹ ਭੋਰਾ ਵੀ ਨਹੀਂ ਝਿਪਦਾ ਸੀ। ਸੁਰਪਡੈਂਟ ਨੂੰ ਹੱਸ ਕੇ ਆਖਦਾ ਸੀ, ਤੁਸੀਂ ਸਾਨੂੰ ਫਾਂਸੀ ਹੀ ਦੇ ਦਿਉਂਗੇ? ਹੋਰ ਕੀ ਕਰ ਲਉਂਗੇ?
  ਮੁਕੱਦਮੇ ਦੌਰਾਨ ਜੱਜਾਂ ਨੇ ਲਿਖਿਆ ਸੀ ਕਿ ” ਆਪਣੀ ਉਮਰ ਦੇ ਬਾਵਜੂਦ ਉਹ ਉਨ੍ਹਾਂ 61 ਮੁਲਜ਼ਮਾਂ ਵਿਚੋਂ ਸਭ ਤੋਂ ਮਹੱਤਵਪੂਰਨ ਵਿਅਕਤੀਆਂ ਵਿਚੋਂ ਇਕ ਹੈ, ਤੇ ਉਸ ਦਾ ‘ਡੋਜੀਅਰ’ (ਗੁਪਤ ਫਾਈਲ) ਸਭ ਤੋਂ ਭਾਰੀ ਹੈ। ਇਸ ਸਾਜ਼ਿਸ਼ ਵਿਚ ਅਮਰੀਕਾ ਸਮੇਤ ਰਸਤੇ ਦੇ ਅਤੇ ਭਾਰਤ ਵਿਚ ਅਜਿਹੀ ਕੋਈ ਕਾਰਵਾਈ ਨਹੀਂ ਜਿਸ ਵਿਚ ਮੁਲਜ਼ਮ ਨੇ ਆਪਣੀ ਭੂਮਿਕਾ ਨਾ ਨਿਭਾਈ ਹੋਵੇ।” ਮੁਕੱਦਮੇ ਦੌਰਾਨ ਜਿਸ ਦਲੇਰੀ ਨਾਲ ਭਾਈ ਕਰਤਾਰ ਸਿੰਘ ਨੇ ਬਿਆਨ ਦਿੱਤੇ ਸਨ, ਉਸ ਨੇ ਜੱਜਾਂ ਨੂੰ ਵੀ ਅਚੰਭੇ ਵਿਚ ਪਾ ਦਿੱਤਾ। ਉਸ ਨੂੰ ਮੌਤ ਦਾ ਭੋਰਾ ਭੈਅ ਨਹੀਂ ਸੀ। ਜੱਜਾਂ ਨੇ 13 ਸਤੰਬਰ 1915 ਨੂੰ ਫੈਸਲਾ ਸੁਣਾਇਆ। ਜਿਸ ਵਿਚ ਪਾਰਟੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਤੇ ਭਾਈ ਕਰਤਾਰ ਸਿੰਘ ਸਰਾਭਾ ਸਮੇਤ 24 ਗ਼ਦਰੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਵਾਇਸਰਾਏ ਨੇ ਨਜ਼ਰਸਾਨੀ ਦੌਰਾਨ 14 ਨਵੰਬਰ 1915 ਨੂੰ 17 ਗ਼ਦਰੀਆਂ ਦੀ ਫਾਂਸੀ ਤੋੜ ਕੇ ਉਮਰ ਕੈਦ ਵਿਚ ਤਬਦੀਲ ਕਰ ਦਿੱਤੀ। ਭਾਈ ਕਰਤਾਰ ਸਿੰਘ ਸਰਾਭਾ, ਭਾਈ ਜਗਤ ਸਿੰਘ ਸੁਰ ਸਿੰਘ ਵਾਲਾ, ਸੀ੍ਰ ਵਿਸ਼ਨੂ ਗਣੇਸ਼ ਪਿੰਗਲੇ, ਬਖਸ਼ੀਸ਼ ਸਿੰਘ ਗਿੱਲ ਵਾਲੀ, ਸੁਰੈਣ ਸਿੰਘ ਇਕ ਤੇ ਸੁਰੈਣ ਸਿੰਘ ਦੂਜਾ,ਹਰਨਾਮ ਸਿੰਘ ਸਿਆਲਕੋਟੀ ਸਮੇਤ 7 ਜਣਿਆਂ ਦੀ ਫਾਂਸੀ ਬਰਕਰਾਰ ਰੱਖੀ ਗਈ।
  ਅਖੀਰ ਫਾਂਸੀ ਤੋਂ ਪਹਿਲਾਂ ਭਾਈ ਕਰਤਾਰ ਸਿੰਘ ਸਰਾਭੇ ਦਾ ਦਾਦਾ ਬਦਨ ਸਿੰਘ ਆਖਰੀ ਮੁਲਾਕਾਤ ਕਰਨ ਲਈ ਆਇਆ। ਉਸ ਵਕਤ ਕਰਤਾਰ ਸਿੰਘ ਦੇ ਚਿਹਰੇ ‘ਤੇ ਅਨੋਖਾ ਜਲਾਲ ਸੀ। ਦਾਦਾ ਪੋਤਰੇ ਨੂੰ ਦੇਖ ਕੇ ਭਾਵਨਾਵਾਂ ਦੇ ਵਹਿਣ ਵਿਚ ਵਹਿ ਤੁਰਿਆ। ਦਾਦੇ ਨੂੰ ਫਿੱਸਿਆ ਦੇਖ ਕੇ ਭਾਈ ਕਰਤਾਰ ਸਿੰਘ ਨੇ ਉਨ੍ਹਾਂ ਨੂੰ ਹੌਸਲਾ ਦਿੰਦਿਆਂ ਕਿਹਾ, ”ਬਾਬਾ ਜੀ ਗੁਰਸਿੱਖ ਹੋ ਕੇ ਕਿਹੋ ਜਿਹੀਆਂ ਗੱਲਾਂ ਕਰਦੇ ਹੋ?” ਪੋਤਰੇ ਦਾ ਹੌਸਲਾ ਦੇਖ ਕੇ ਦਾਦਾ ਵੀ ਮੁੜ ਚੜ੍ਹਦੀਆਂ ਕਲਾਂ ਵਿਚ ਹੋ ਗਿਆ ਸੀ।
  15 ਨਵੰਬਰ ਦੀ ਰਾਤ ਨੂੰ ਜੇਲ੍ਹ ਵਿਚ ਕੋਈ ਨਾ ਸੁੱਤਾ, ਸਾਰਿਆਂ ਨੇ ਰਲ ਕੇ ਇਕ ਸਾਂਝੀ ਕਵਿਤਾ ਤਿਆਰ ਕੀਤੀ, ਜੋ ਰਲ ਮਿਲ ਕੇ ਪੜ੍ਹੀ ਗਈ। 16 ਨਵੰਬਰ ਨੂੰ
  ਅੰਮ੍ਰਿਤ ਵੇਲੇ ਭਾਈ ਕਰਤਾਰ ਸਿੰਘ ਸਮੇਤ ਸੱਤਾਂ ਜਣਿਆਂ ਨੂੰ ਕੇਸੀ ਇਸ਼ਨਾਨ ਕਰਵਾਇਆ ਗਿਆ। ਫਾਂਸੀ ਦੇ ਤਖਤਿਆਂ ਵੱਲ ਜਾਂਦੇ ਹੋਏ ਸਰਾਭੇ ਹੋਰਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ:
  ”ਸੁਣਨਾ ਖਾਲਸਾ ਸੀ ਸਾਡੇ ਕੂਚ ਡੇਰੇ,
  ਅਸੀਂ ਆਖਰੀ ਫਤਿਹ ਗਜਾ ਚਲੇ,
  ਕੰਮ ਅਸਾਂ ਦੇ ਅੱਜ ਤੋਂ ਖਤਮ ਹੋ ਗਏ,
  ਕੰਮ ਤੁਸਾਂ ਦੇ ਸ਼ੁਰੂ ਕਰਵਾ ਚੱਲੇ।”
  ਕੋਠੜੀਆਂ ਵਿਚ ਬੰਦ ਕੈਦੀਆਂ ਨੇ ਵੀ ਗਾਉਣਾ ਸ਼ੁਰੂ ਕਰ ਦਿੱਤਾ ‘ਸੱਚਖੰਡ ਜਾਣ ਵਾਲਿਓ ਸਾਡੇ ਜਾ ਕੇ ਸੁਨਹਿੜੇ ਤੁਸੀਂ ਦੇਣੇ’ ਉਨ੍ਹਾਂ ਦੇ ਜਾਂਦਿਆਂ ਹੀ ਕੋਠੜੀਆਂ ਵਿਚੋਂ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਗੂੰਜ ਉਠੇ, ਜੋ ਲਗਾਤਾਰ ਗੂੰਜਦੇ ਰਹੇ। ਉਧਰ ਸੱਤੇ ਰੂਹਾਂ ਅੰਮ੍ਰਿਤ ਵੇਲੇ ਸੱਚਖੰਡ ਵੱਲ ਉਡਾਰੀ ਮਾਰ ਗਈਆਂ।

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com