ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕਾਉਂਕੇ

  ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕਾਉਂਕੇ

  ਜੂਨ 1984 ਚ ਭਾਰਤੀ ਹਕੂਮਤ ਵੱਲੋਂ ਸਿੱਖਾਂ ਉੱਤੇ ਵਰਤਾਏ ਗਏ ਘਲੂਘਾਰੇ ਤੋਂ ਬਾਅਦ ਇਕ ਸਾਲ ਦੇ ਅੰਦਰ ਅੰਦਰ ਹੀ ਸਿੱਖ ਗੱਭਰੂਆਂ ਨੇ ਦਿੱਲੀ ਹਕੂਮਤ ਨੂੰ ਖਾਲਸਈ ਜਲਵਾ ਵਿਖਾਉਣਾ ਸ਼ੁਰੂ ਕਰ ਦਿੱਤਾ ਤਾਂ ਭਾਰਤੀ ਹਕੂਮਤ ਹੱਕੀ-ਬੱਕੀ ਰਹਿ ਗਈ ਕਿ ਇਹ ਕਿਸ ਮਿੱਟੀ ਦੀ ਬਣੇ ਹੋਏ ਹਨ । ਖ਼ਾਲਸਾ ਪ੍ਰਭੂਸੱਤਾ ਨੂੰ ਮੁੜ੍ਹ ਸਥਾਪਤ ਕਰਨ ਲਈ ਗੁਰਬਾਣੀ ਤੇ ਖੰਡੇ ਦੀ ਪਾਹੁਲ ਦੀ ਇਲਾਹੀ ਜੁਗਤ ਵਿਚੋਂ ਜਨਮੇ ਗੁਰੂ ਦੇ ਲਾਲ ਮੈਦਾਨ ਮਲੀ ਬੈਠੇ ਸਨ। ਇਹ ਭਾਵਨਾ ਸਿੱਖ ਚੇਤਨਾ ਵਿੱਚ ਏਨੀ ਡੂੰਘੀ ਧੱਸ ਚੁੱਕੀ ਸੀ ਕਿ 1984 ਤੋਂ ਬਾਅਦ ਲੋਕਤੰਤਰੀ ਤੇ ਹਥਿਆਰਬੰਦ, ਹਰ ਮੁਹਾਜ਼ ਉੱਤੇ ਸਿੱਖ ਪੂਰੀ ਦ੍ਰਿੜਤਾ ਨਾਲ ਖਾਲਸਾਈ ਵਿਚਾਰਧਾਰਾ ਨੂੰ ਪ੍ਰਗਟ ਕਰ ਰਹੇ ਸਨ। ਭਾਰਤ ਦੇ ਅਥਾਹ ਸਾਧਨਾਂ ਤੇ ਸਰਮਾਏ ਮੂਹਰੇ ਭਾਵੇਂ ਖਾਲਿਸਤਾਨੀ ਧਿਰਾਂ ਦਾ ਖੜ੍ਹਨਾ ਤੇ ਲੜਨਾ ਬਹੁਤ ਔਖਾ ਸੀ ਪਰ ਓਹ ਲੜ ਰਹੇ ਸਨ ਕਿਉਂਕਿ ਗੁਰਬਾਣੀ ਦੀ ਰਹਿਮਤ ਸਿੱਖਾਂ ਨੂੰ ਹਰ ਅਸੰਭਵ ਤੇ ਨਾਮੁਮਕਿਨ ਲੜਾਈ ਲੜਨ ਦੇ ਯੋਗ ਬਣਾ ਦਿੰਦੀ ਹੈ। ਗੁਰੂ-ਪਿਆਰ ਨਾਲ ਭਰਪੂਰ ਧਰਮ ਹੇਤ ਸੀਸ ਵਾਰਨ ਲਈ ਤਤਪਰ ਸਿਰਲੱਥ ਯੋਧਿਆਂ ਦੀ ਚੜ੍ਹਤ ਨੇ ਭਾਰਤ ਸਰਕਾਰ ਨੂੰ ਬੌਖਲਾ ਦਿੱਤਾ ਸੀ।

  ਭਾਰਤੀ ਸੂਹੀਏ ਅਤੇ ਖੂਫੀਆ ਅਦਾਰੇ ਹੱਕ ਸੱਚ ਲਈ ਕਿਸੇ ਵੀ ਹੱਦ ਤੱਕ ਜਾਣ ਵਾਲੇ ਸਿੰਘਾਂ ਦੀ ਪਛਾਣ ਕਰ ਰਹੇ ਸਨ, ਅਤੇ ਪੁਲਿਸ ਰਾਹੀਂ ਆਮ ਸਿੱਖਾਂ ਉੱਤੇ ਅੰਨ੍ਹੇ ਵਾਹ ਤਸ਼ੱਦਦ ਰਾਹੀਂ ਓਹਨਾਂ ਨੂੰ ਲੋਕਾਂ ਨਾਲੋਂ ਨਿਖੇੜ ਰਹੀ ਸੀ। ਖਾੜਕੂ ਲਹਿਰ ਦੋਰਾਨ ਪੁੱਛਗਿੱਛ ਕਰਨ ਦੇ ਬਹਾਨੇ ਪੁਲਿਸ ਨੇ ਸਿੰਘਾਂ ਉੱਤੇ ਅੰਤਾਂ ਦੇ ਤਸ਼ੱਦਦ ਢਾਹੁਣੇ ਸ਼ੁਰੂ ਕਰ ਦਿੱਤੇ। ਤਸ਼ੱਦਦ ਸਮੇਂ ਨਾ ਉਮਰ ਦਾ ਖਿਆਲ ਰੱਖਣਾ ਤੇ ਨਾ ਹੀ ਸਿਹਤ ਦਾ, ਨਾ ਕਿਸੇ ਦੇ ਜੀਣ ਦਾ, ਨਾ ਕਿਸੇ ਦੇ ਮਰਨ ਦਾ। ਜੇ ਕੋਈ ਬਚ ਗਿਆ ਤਾ ਚੰਗੀ ਗਲ ਨਹੀਂ ਖਤਰਨਾਕ ਅੱਤਵਾਦੀ ਕਹਿ ਛਾਤੀ ਵਿਚ ਕੁਝ ਗੋਲੀਆਂ ਮਾਰ ਪੁਲਿਸ ਮੁਕਾਬਲੇ ਵਿਚ ਮਾਰੇ ਜਾਣ ਦੀ ਖਬਰ ਦੇ ਦੇਣੀ। ਭਾਰਤੀ ਹਕੂਮਤ ਦੇ ਇਸ ਵਰਤਾਰੇ ਨੇ ਸਿੱਖਾਂ ਦੀ ਸਿਰਮੌਰ ਸੰਸਥਾ ਅਕਾਲ ਤਖ਼ਤ ਸਾਹਿਬ ਤਕ ਆਪਣਾ ਹਮਲਾ ਕੀਤਾ। ਜਿਸ ਦੀ ਮਿਸਾਲ ਹੈ ਕਾਰਜਕਾਰੀ ਜਥੇਦਾਰ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦੀ ਸ਼ਹਾਦਤ।
  ਭਾਈ ਗੁਰਦੇਵ ਸਿੰਘ ਕਾਉਂਕੇ ਦਾ ਜਨਮ ਸੰਨ 1949 ਨੂੰ ਲੁਧਿਆਣੇ ਜਿਲ੍ਹੇ ਦੇ ਇੱਕ ਪਿੰਡ ਕਾਉਂਕੇ ਵਿੱਚ ਹੋਇਆ। ਭਾਈ ਸਾਹਿਬ ਦਾ ਜਨਮ ਜਦ ਹੋਇਆ ਤਾਂ ਕੁਝ ਸਮਾਂ ਬਾਅਦ ਹੀ ਉਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ। ਆਪ ਜੀ ਤਿੰਨ ਸਾਲ ਦੇ ਸਨ ਕਿ ਉਹਨਾਂ ਦੇ ਮਾਤਾ ਜੀ ਵੀ ਅਕਾਲ ਚਲਾਣਾ ਕਰ ਗਏ। ਉਹਨਾਂ ਦੇ ਪਿਤਾ ਜੀ ਦੇ ਭਰਾਵਾਂ ਹੀ ਉਹਨਾਂ ਨੂੰ ਪਾਲਿਆ। ਪਿੰਡ ਦੇ ਸਕੂਲ ਤੋਂ ਹੀ ਉਹਨਾਂ ਸਤਵੀਂ ਤੱਕ ਪੜ੍ਹਾਈ ਕੀਤੀ। ਹਾਲੇ ਭਾਈ ਸਾਹਿਬ ਸਤਵੀਂ ਜਮਾਤ ਵਿੱਚ ਹੀ ਸਨ ਕਿ ਗੁਰੂ ਤੇ ਸਾਧ-ਸੰਗਤ ਦੀ ਕਿਰਪਾ ਸਦਕਾ ਉਹਨਾਂ ਦੀ ਬਿਰਤੀ ਸਿੱਖੀ ਤੋਂ ਪ੍ਰਭਾਵਿਤ ਹੋਣੀ ਸ਼ੁਰੂ ਹੋ ਗਈ। ਤਦ ਉਹਨਾਂ ਗਿਆਨੀ ਵੀਰ ਸਿੰਘ ਮੱਦੋਕੇ ਤੇ ਬਾਬਾ ਇੰਦਰ ਸਿੰਘ ਬਧਨੀ ਕਲਾਂ ਵਾਲਿਆ ਕੋਲੋਂ ਗੁਰਮਤਿ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਤੇ ਇੰਝ ਉਹ ਦਮਦਮੀ ਟਕਸਾਲ ਦਾ ਹਿੱਸਾ ਬਣ ਗਏ।
  1971 ਵਿੱਚ ਭਾਈ ਸਾਹਿਬ ਜੀ ਦਾ ਅਨੰਦ ਕਾਰਜ ਬੀਬੀ ਗੁਰਮੇਲ ਕੌਰ ਨਾਲ ਹੋਇਆ। ਆਪ ਜੀ ਦੇ ਘਰ ਸਤਿਗੁਰਾਂ ਚਾਰ ਧੀਆਂ ਤੇ ਤਿੰਨ ਪੁੱਤਰਾਂ ਦੀ ਦਾਤ ਬਖਸ਼ੀ। ਗੁਰੂ ਦੀ ਸਿੱਖੀ ਭਾਈ ਸਾਹਿਬ ਦੇ ਅਮਲਾਂ ਵਿੱਚੋ ਪ੍ਰਗਟ ਹੁੰਦੀ ਸੀ। ਗੁਰਮਤਿ ਨੂੰ ਆਪਣੇ ਜੀਵਨ ਵਿੱਚ ਪੂਰੀ ਪ੍ਰਪੱਕਤਾ ਨਾਲ ਲਾਗੂ ਕਰਨ ਕਰਕੇ ਭਾਈ ਸਾਹਿਬ ਦਾ ਸਾਦਗੀ ਭਰਿਆ ਬਾਹਰੀ ਸਰੂਪ ਤੇ ਵਿਹਾਰ ਵੇਖਣ ਵਾਲੇ ਉੱਪਰ ਬਹੁਤ ਪ੍ਰਭਾਵ ਪਾਉਂਦਾ ਸੀ। ਉਹਨਾਂ ਦੀ ਗੁਰਮਤਿ ਵਿੱਚ ਰੱਤੀ ਸ਼ਖ਼ਸੀਅਤ ਐਨੀ ਪ੍ਰਭਾਵਸ਼ਾਲੀ ਸੀ ਕਿ ਪਤਿਤ ਹੋ ਚੁੱਕੇ ਲੋਕ ਉਹਨਾਂ ਨੂੰ ਮਿਲ ਕੇ ਮਨਮਤਿ ਤਿਆਗ ਗੁਰਮਤਿ ਦੇ ਧਾਰਨੀ ਹੋਣ ਲਈ ਪ੍ਰੇਰਿਤ ਹੁੰਦੇ ਸਨ।
  ਸਮਾਂ ਆਪਣੀ ਚਾਲੇ ਚਲਦਾ ਗਿਆ ਤੇ 13 ਅਪ੍ਰੈਲ 1978 ਦੀ ਵਿਸਾਖੀ ਦਾ ਉਹ ਦਿਨ ਆ ਗਿਆ ਜੋ ਸਿੱਖ ਇਤਿਹਾਸ ਵਿੱਚ ਬਹੁਤ ਵੱਡੀ ਘਟਨਾ ਸੀ। ਇਸ ਦਿਨ ਪੂਰੀ ਅਮਨ ਸ਼ਾਂਤੀ ਨਾਲ ਵਾਹਿਗੁਰੂ ਦਾ ਜਾਪ ਕਰਦੀ ਸੰਗਤ ਉੱਤੇ ਨਿਰੰਕਾਰੀਆਂ ਨੇ ਗੋਲੀਆਂ ਚਲਾ 13 ਸਿੰਘ ਸ਼ਹੀਦ ਕਰ ਦਿੱਤੇ ਤੇ ਬਾਕੀ ਦੀ ਸੰਗਤ ਨੂੰ ਬੇਦਰਦੀ ਨਾਲ ਕੁੱਟਿਆ। ਇਹ ਉਹ ਪਹਿਲੀ ਘਟਨਾ ਸੀ ਜਦ ਖ਼ਾਲਸਾ ਪੰਥ ਨੇ ਉਹਨਾਂ ਉੱਤੇ ਸਵਾਲੀਆ ਨਿਸ਼ਾਨ ਲਾਇਆ ਜੋ ਸਦੀਆਂ ਤੋਂ ਆਪਣੇ ਹੋਣ ਦਾ ਦਾਅਵਾ ਕਰਦੇ ਨਹੀਂ ਸੀ ਥੱਕਦੇ।
  ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੇ ਇਸ ਘਟਨਾ ਤੋਂ ਇਹ ਤੱਥ ਬੁਝ ਲਿਆ ਕਿ ਇਸ ਖਿੱਤੇ ਵਿਚ ਸਿੱਖ ਰਾਜਸੀ ਤੌਰ ਤੇ ਗੁਲਾਮ ਹਨ ਤੇ ਗੁਲਾਮੀ ਤੋਂ ਗੁਲਾਮੀ ਤੋਂ ਨਿਜਾਤ ਦਾ ਹੱਲ ਹੈ। ਉਹਨਾਂ ਜਦੋਂ ਇਸ ਲੀਹ ਤੇ ਸੰਘਰਸ਼ ਸ਼ੁਰੂ ਕੀਤਾ, ਜਿਸ ਨੇ ਧਰਮ ਯੁੱਧ ਮੋਰਚੇ ਦਾ ਰੂਪ ਧਾਰਿਆ, ਤਾਂ ਜੂਨ 1984 ਨੂੰ ਭਾਰਤੀ ਹਕੂਮਤ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਉੱਤੇ ਆਪਣੀਆਂ ਫ਼ੌਜਾਂ ਚਾੜ੍ਹ ਹਮਲਾ ਕਰ ਦਿੱਤਾ। ਇਸ ਜ਼ਖਮ ਦੀ ਪੀੜ ਖ਼ਾਲਸਾ ਪੰਥ ਕਿਵੇਂ ਜਰ ਸਕਦਾ ਸੀ। ਇਸ ਪੀੜ ਨੇ ਗੁਰੂ ਵੱਲ ਕੰਡ ਕਰ ਚੁੱਕਿਆ ਦਾ ਮੂੰਹ ਗੁਰੂ ਵੱਲ ਫੇਰ ਦਿੱਤਾ। ਹੁਣ ਸਿੱਖਾਂ ਦੇ ਰਿਸ਼ਤੇ ਇਸ ਭਾਰਤ ਮੁਲਕ ਨਾਲ ਬਦਲ ਗਏ ਸਨ। ਸੰਤਾਂ ਦੇ ਬੋਲਾਂ ਮੁਤਾਬਕ ਖਾਿਲਸਤਾਨ ਦੀ ਨੀਂਹ ਰੱਖੀ ਜਾ ਚੁਕੀ ਸੀ। ਗੁਰੂ ਦੇ ਸਿੱਖ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਬਚਨਾਂ ਉੱਤੇ ਪਹਿਰਾ ਦਿੰਦਾ ਹੋਇਆ ਸੱਚਖੰਡ ਵੱਲ ਕੂਚ ਕਰ ਰਹੇ ਸਨ। ਇਸ ਮੌਕੇ ਭਾਈ ਗੁਰਦੇਵ ਸਿੰਘ ਕਾਉਂਕੇ ਵੀ ਆਪਣੇ ਪਿੰਡ ਤੋਂ ਸੰਗਤਾਂ ਦਾ ਜਥਾ ਤਿਆਰ ਕਰ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲ ਚੱਲ ਪਏ ਪਰ ਭਾਈ ਸਾਹਿਬ ਨੂੰ ਸੰਗਤਾਂ ਸਮੇਤ ਪੁਲਿਸ ਨੇ ਲੁਧਿਆਣੇ ਰੋਕ ਲਿਆ ਤੇ ਜੇਲ੍ਹ ਵਿੱਚ ਕੈਦ ਕਰ ਦਿੱਤਾ। ਕਈ ਮਹੀਨਿਆਂ ਮਗਰੋਂ ਰਿਹਾਈ ਹੋਣ ਤੋਂ ਬਾਅਦ ਉਹ ਪੰਥਕ ਸੇਵਾਵਾਂ ਵਿੱਚ ਮੁੜ੍ਹ ਸ਼ਾਮਲ ਹੋਏ।
  ਜੂਨ 1984 ਤੋਂ ਬਾਅਦ ਅਕਾਲੀਆਂ ਦੀ ਸਾਖ ਪੰਥਕ ਪਿੜ ਵਿੱਚ ਬਿਲਕੁਲ ਡਿੱਗ ਚੁੱਕੀ ਸੀ। ਪਰ ਸੰਤ ਭਿੰਡਰਾਂਵਾਲਿਆਂ ਦੀ ਸ਼ਹਾਦਤ ਨੇ ਉਹਨਾਂ ਦਾ ਕੱਦ ਹੋਰ ਬੁਲੰਦ ਕਰ ਦਿੱਤਾ ਸੀ। 31 ਅਕਤੂਬਰ 1984 ਨੂੰ ਇੰਦਰਾ ਨੂੰ ਸੋਧਣ ਤੋਂ ਬਾਅਦ ਸੰਤਾਂ ਦੇ ਸੰਘਰਸ਼ ਦਾ ਰਾਹ ਚੁਣਨ ਵਾਲਿਆਂ ਦੀ ਕਤਾਰ ਵਧਦੀ ਜਾ ਰਹੀ ਸੀ। ਨਵੰਬਰ 1984 ਦੀ ਨਸਲਕੁਸ਼ੀ ਨੇ ਪੰਥ ਦੇ ਰੋਹ ਨੂੰ ਹੋਰ ਭਖਾ ਦਿੱਤਾ ਸੀ। ਇਸ ਵਿੱਚੋਂ ਜਿਹੜਾ ਖਾੜਕੂ ਵਰਗ ਪੈਂਦਾ ਹੋਇਆ ਉਹਨਾਂ 1985 ਵਿੱਚ ਦਿੱਲੀ ਤੇ ਹੋਰਨਾਂ ਥਾਵਾਂ ਵਡੇ ਕਾਰਨਾਮੇ ਕਰਕੇ ਭਾਰਤੀ ਹਕੂਮਤ ਨੂੰ ਕੰਬਣੀ ਛੇੜ ਦਿੱਤੀ। ਖ਼ੁਫ਼ੀਆ ਏਜੰਸੀਆਂ ਦਾ ਮੰਨਣਾ ਸੀ ਕਿ ਰਾਜੀਵ ਗਾਂਧੀ ਨੂੰ ਬਚਾਉਣ ਲਈ ਤੇ ਲੋਕਾਂ ਦੇ ਉਭਾਰ ਨੂੰ ਠੱਲ ਪਾਉਣ ਲਈ ਪੰਜਾਬ ਵਿੱਚ ਆਪਣੇ ਹੱਥਠੋਕਿਆ ਦੀ ਸਰਕਾਰ ਹੋਣੀ ਬਹੁਤ ਜ਼ਰੂਰੀ ਹੈ ਤਾਂ ਕਿ ਪੰਜਾਬ ਦੀ ਲੜ੍ਹਾਈ ਪੰਜਾਬ ਤੱਕ ਹੀ ਸੀਮਤ ਰਹੇ ਦਿੱਲੀ ਵੱਲ ਇਹਦਾ ਸੇਕ ਨਾ ਆਵੈ। ਪੰਜਾਬ ਨੂੰ ਅੱਗ ਦੀ ਭੱਠੀ ਬਣਾਉਣ ਲਈ ਅਨੇਕਾਂ ਢੰਗ ਤਰੀਕੇ ਸੋਚੇ ਗਏ। ਅਖੀਰ ਅਕਾਲੀਆਂ ਨੂੰ ਕੇਂਦਰ ਸਰਕਾਰ ਨੇ ਆਪਣਾ ਹੱਥ-ਠੋਕਾ ਬਣਾਉਣ ਲਈ ਚੁਣਿਆ। ਇਸ ਮਾਹੌਲ ਵਿਚ ਰਾਜੀਵ-ਲੌਂਗੋਵਾਲ ਸਮਝੌਤੇ ਦਾ ਡਰਾਮਾ ਕੀਤਾ ਗਿਆ ਕਿ ਕੇਂਦਰ ਸਰਕਾਰ ਸਿੱਖਾਂ ਦੀਆਂ ਮੰਗਾਂ ਮੰਨ ਲਈਆਂ ਹਨ, ਪਰ ਸਮਝੌਤਾ ਸਿਰਫ ਅਕਾਲੀਆਂ ਦਾ ਕੇਂਦਰ ਨਾਲ ਹੋਇਆ ਸੀ। ਖਾੜਕੂ ਸਿੰਘਾਂ ਵਲੋਂ ਲੌਂਗੋਵਾਲ ਨੂੰ ਸਰਕਾਰ ਨਾਲ ਸਮਝੋਤਾ ਤੇ ਪੰਥ ਨਾਲ ਗਦਾਰੀ ਕਰਨ ਕਰਕੇ ਮਾਰ ਦਿੱਤਾ ਗਿਆ ।
  ਅਕਾਲੀਆਂ ਦੇ ੭੪ ਉਮੀਦਵਾਰ ਜਿੱਤੇ, ਪੰਜਾਬ ਦੀ ਆਮ ਜਨਤਾ ਵਿੱਚ ਵੀ ਸਰਕਾਰ ਦੇ ਜ਼ੁਲਮਾਂ ਦਾ ਗੁੱਸਾ ਸੀ। ਇਸੇ ਲਈ ਜਨਤਾ ਕਾਂਗਰਸ ਦੇ ਵਿਰੋਧ ਵਿੱਚ ਅਕਾਲੀਆਂ ਨੂੰ ਵੋਟਾਂ ਪਾ ਦਿੱਤੀਆਂ, ਇਹ ਵੋਟਾਂ ਅਕਾਲੀਆਂ ਨੂੰ ਨਹੀਂ, ਕਾਂਗਰਸ ਦੇ ਵਿਰੋਧ ਵਿੱਚ ਲੋਕਾਂ ਪਾਈਆਂ ਸੀ। ਪੰਜਾਬ ਦੀ ਜਨਤਾ ਸੋਚਿਆ ਕਿ ਕਾਂਗਰਸੀ ਹਟਾ ਜੇਕਰ ਅਕਾਲੀ ਆਉਣਗੇ ਤਾਂ ਸਾਨੂੰ ਕੋਈ ਸੋਖ ਹੋਵੇਗੀ, ਪਰ ਹੋਇਆ ਏਦੂ ਬਿਲਕੁਲ ਉਲਟ ਸਿੱਖਾਂ ਉੱਤੇ ਜ਼ੁਲਮ ਬਰਨਾਲਾ ਸਰਕਾਰ ਵੇਲੇ ਵੀ ਲਗਾਤਾਰ ਜਾਰੀ ਰਿਹਾ। ਕੇਂਦਰ ਸਰਕਾਰ ਨੇ ਖਾਲਿਸਤਾਨੀ ਲਹਿਰ ਨੂੰ ਖ਼ਤਮ ਕਰਨ ਲਈ ਹੀ ਬਰਨਾਲੇ ਨੂੰ ਕੁਰਸੀ ਦਿੱਤੀ ਸੀ। ੩੧ ਅਕਤੂਬਰ ੧੯੮੫ ਨੂੰ ਇੰਦਰਾ ਨੂੰ ਸੋਧਣ ਵਾਲੇ ਸੂਰਮੇ ਸ਼ਹੀਦ ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ ਮੰਜੀ ਸਾਹਿਬ ਸਿਰੀ ਦਰਬਾਰ ਸਾਹਿਬ ਮਨਾਇਆ ਗਿਆ, ਇਸ ਮੌਕੇ ਸਿੱਖ ਸੰਗਤ ਵੱਲੋਂ ਭਰਵੀਂ ਸ਼ਮੂਲੀਅਤ ਕਰਕੇ ਬਰਨਾਲਾ ਸਰਕਾਰ ਵਿਰੁੱਧ ਆਪਣਾ ਰੋਹ ਪ੍ਰਗਟ ਕੀਤਾ ਤੇ ਖਾੜਕੂ ਲਹਿਰ ਦੇ ਹੱਕ ਵਿੱਚ ਫ਼ਤਵਾ ਜਾਰੀ ਕਰ ਦਿੱਤਾ।
  ਇਸੇ ਸਾਲ ੨੮-੨੯ ਦਸੰਬਰ ਨੂੰ ਚੌਂਕ ਮਹਿਤੇ ਸਿੱਖ ਸੰਗਤਾਂ ਦਾ ਇਕੱਠ ਸੱਦਿਆ ਗਿਆ, ਜਿਸ ਵਿੱਚ ਫ਼ੈਸਲਾ ਹੋਇਆ ਕਿ ਸੰਘਰਸ਼ ਦੀ ਅਗਲੀ ਰਣਨੀਤੀ ਬਣਾਉਣ ਲਈ ” ਸਰਬੱਤ ਖ਼ਾਲਸਾ ” ਸੱਦਿਆ ਜਾਵੇਗਾ ਤੇ ਸਰਕਾਰ ਦੁਆਰਾ ਬਣਾਏ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਬਾਬਤ ਵੀ ਫ਼ੈਸਲਾ ਉਸੇ ਮੌਕੇ ਲਿਆ ਜਾਵੇਗਾ। ਇਸ ਐਲਾਨ ਤੋਂ ਪਹਿਲਾ ਸ਼੍ਰੋਮਣੀ ਕਮੇਟੀ ਵੀ ੨੭ ਜਨਵਰੀ ਦਾ ਦਿਨ ਇਸ ਬਾਬਤ ਮਿੱਥਿਆ ਹੋਇਆ ਸੀ। ਪਰ ਸਿੰਘਾਂ ੨੬ ਜਨਵਰੀ ਨੂੰ ਹੀ “ਸਰਬੱਤ ਖ਼ਾਲਸਾ” ਕਰਨ ਦਾ ਲੱਕ ਬੰਨ੍ਹ ਲਿਆ। ਉਤੋਂ ਬਰਨਾਲੇ ਨੂੰ ਵੀ ਲੱਗਦਾ ਸੀ ਕਿ ੨੬ ਜਨਵਰੀ ਨੂੰ ਰਾਜੀਵ ਗਾਂਧੀ ਚੰਡੀਗੜ੍ਹ ਪੰਜਾਬ ਨੂੰ ਦੇਵੇਗਾ, ਜਿਹਨੂੰ ਉਹ ਆਪਣੀ ਪ੍ਰਾਪਤੀ ਵੱਜੋਂ ਦਿਖਾਉਣ ਲਈ ਪੋਸਟਰ ਛਾਪੀ ਬੈਠਾ ਸੀ। ਇਸ ਤਰ੍ਹਾਂ ਖਾੜਕੂ ਸਿੰਘ , ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਨਾਲ ਇੱਕੋ ਵੇਲੇ ਸਿੱਧੇ ਟਕਰਾ ਵਿੱਚ ਆ ਗਏ। ਅਕਾਲੀਆਂ ਨੇ ਇਸ ਖਿਲਾਫ ਜਥੇਦਾਰ ਕੋਲ ਸ਼ਿਕਾਇਤ ਕੀਤੀ, ਪਰ ਸਿੰਘਾਂ ਉਦੋਂ ਪਹਿਲਾ ਹੀ ੧੬ ਜਨਵਰੀ ਪਰਕਰਮਾ ਵਿੱਚ ਅਖੰਡ ਪਾਠ ਸਾਹਿਬ ਆਰੰਭ ਕਰਾ ਦਿੱਤੇ। ਇਹਦੇ ਤੋਂ ਖਿੱਝ ਬਰਨਾਲੇ ਦੇ ਮੁੰਡੇ ਗਗਨਦੀਪ ਸਿੰਘ ਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਮਾਲਵੇ ਤੋਂ ਲਿਆਂਦੇ ਬਦਮਾਸ਼ਾਂ ਨਾਲ ਪਰਕਰਮਾ ਵਿੱਚ ਗੋਲੀ ਚਲਾ ਦਿੱਤੀ, ਪਰ ਉਹ ਖਾੜਕੂ ਸਿੰਘਾਂ ਦੇ ਜਲਾਲ ਮੂਹਰੇ ਟਿਕ ਨਾ ਸਕੇ। ਸਿੰਘਾਂ ਉਹਨਾਂ ਦੇ ਹਥਿਆਰ ਖੋਹ ਲਏ ਤੇ ਉਹਨਾਂ ਨੂੰ ਆਪਣੀਆਂ ਜਾਨਾਂ ਬਚਾ ਓਥੋਂ ਭੱਜਣਾ ਪਿਆ।ਮੁੜ ੨੨ ਜਨਵਰੀ ਨੂੰ ਉਹਨੇ ਬਦਮਾਸ਼ ਇਕੱਠੇ ਕਰਕੇ ਹਮਲੇ ਦੀ ਤਿਆਰੀ ਕੀਤੀ ਪਰ ਰਾਹ ਵਿੱਚ ਹੀ ਲੱਤ ਟੁੱਟ ਤੁੜਾ ਬੈਠਾ, ਇੱਧਰ ਜਥੇਦਾਰ ਟੌਹੜਾ ਨੇ ਵੀ ੨੨ ਜਨਵਰੀ ਨੂੰ ਅਕਾਲ ਤਖ਼ਤ ਸਾਹਿਬ ਦੀ ਕਾਰ-ਸੇਵਾ ਜਥਾ ਭਿੰਡਰਾਂ-ਮਹਿਤਾ ਨੂੰ ਸੌਂਪ ਆਪਣੀ ਹਾਰ ਮੰਨ ਲਈ ਕਿੳੁਂਕਿ ਬਰਨਾਲਾ ਸਰਕਾਰ ਦੀਆਂ ਕਾਰਵਾਈਆਂ ਤੋਂ ਲੋਕਾਂ ਨੂੰ ਇੰਝ ਜਾਪਣ ਲੱਗ ਗਿਆ ਸੀ ਕਿ ਦੋਬਾਰਾ ਤੋਂ ਅਕਾਲ ਤਖ਼ਤ ਸਾਹਿਬ ਉੱਤੇ ਹਮਲੇ ਦੀਆਂ ਸਾਜ਼ਿਸ਼ਾਂ ਬਣਾਈਆਂ ਜਾ ਰਹੀਆਂ ਹਨ।
  ੨੬ ਜਨਵਰੀ ੧੯੮੬ ਨੂੰ ” ਸਰਬੱਤ ਖ਼ਾਲਸਾ ” ਦਾ ਸਮਾਗਮ ਸਿੱਧੇ ਰੂਪ ਵਿੱਚ ਭਾਰਤੀ ਹਕੂਮਤ ਨੂੰ ਖਾੜਕੂ ਸਿੰਘਾਂ ਦੁਆਰਾ ਗਣਤੰਤਰਤਾ ਦਿਵਸ ਉੱਤੇ ਦਿੱਤੀ ਬਹੁਤ ਵੱਡੀ ਚੁਣੌਤੀ ਸੀ। ਇਸ ਸਮਾਗਮ ਵਿੱਚ ਸਮੁੱਚੇ ਖ਼ਾਲਸਾ ਪੰਥ ਨੇ ਭਖਵੀਂ ਤੇ ਭਰਵੀਂ ਹਾਜ਼ਰੀ ਭਰਕੇ ਭਾਰਤੀ ਹਕੂਮਤ ਨੂੰ ਸਾਫ਼ ਕਰ ਦਿੱਤਾ ਸੀ ਕਿ ਉਹ ਕਿਸ ਪਾਸੇ ਹਨ। ਇਹ ਸਮਾਗਮ ਵਿੱਚ ਸਮੇਂ ਦੇ ਹਲਾਤ ਅਨੁਸਾਰ ੨੩ ਗੁਰਮਤੇ ਪਾਸ ਕੀਤੇ ਗਏ। ਇੱਕ ਮਤੇ ਅਨੁਸਾਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕਿਰਪਾਲ ਸਿੰਘ ਦੀ ਥਾਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਭਤੀਜੇ ਭਾਈ ਜਸਬੀਰ ਸਿੰਘ ਰੋਡੇ ਨੂੰ ਜਥੇਦਾਰ ਥਾਪਿਆ ਗਿਆ। ਉਹ ਉਸ ਵਕਤ ਸਾਗਰ ਜੇਲ੍ਹ ਵਿੱਚ ਕੈਦ ਸਨ ਇਸ ਲਈ ਉਹਨਾਂ ਦੀ ਥਾਂ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਕਾਰਜਕਾਰੀ ਜਥੇਦਾਰ ਥਾਪਿਆ ਗਿਆ। ਇਸ ਦੌਰਾਨ ਪੰਜ ਮੈਂਬਰੀ ਕਮੇਟੀ ਦਾ ਵੀ ਐਲਾਨ ਕੀਤਾ ਗਿਆ, ਜਿਸ ਵਿੱਚ ਭਾਈ ਧੰਨਾ ਸਿੰਘ, ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਭਾਈ ਗੁਰਦੇਵ ਸਿੰਘ ਉਸਮਾਨ ਵਾਲੇ, ਭਾਈ ਅਰੂੜ ਸਿੰਘ, ਭਾਈ ਵੱਸਣ ਸਿੰਘ ਜਫ਼ਰਵਾਲ ਲਏ ਗਏ।
  ੨੯ ਅਪ੍ਰੈਲ ੧੯੮੬ ਨੂੰ ਪੰਥਕ ਕਮੇਟੀ ਨੇ ਡਾ. ਸੋਹਣ ਸਿੰਘ ਤੇ ਸਿੰਘਾਂ ਦੇ ਸਮਰਥਨ ਨਾਲ ਖਾਲਿਸਤਾਨ ਦਾ ਐਲਾਨ ਕਰ ਦਿੱਤਾ, ਐਲਾਨ ਕਰਕੇ ਸਿੰਘ ਤਾਂ ਚਲੇ ਗਏ ਪਰ ਰਾਜੀਵ ਗਾਂਧੀ ਨੇ ਬਰਨਾਲੇ ਨੂੰ ਦਿੱਲੀ ਤਲਬ ਕਰ ਲਿਆ। ਆਪਣੀ ਕੁਰਸੀ ਬਚਾਉਣ ਦੇ ਚੱਕਰ ਵਿੱਚ ਬਰਨਾਲੇ ਨੇ ੩੧ ਅਪ੍ਰੈਲ ਨੂੰ ਸਿੰਘਾਂ ਦੀ ਭਾਲ ਲਈ ਦਰਬਾਰ ਸਾਹਿਬ ਪੁਲਿਸ ਭੇਜ ਦਿੱਤੀ। ਬਰਨਾਲਾ ਜਾਣਦਾ ਸੀ ਕਿ ਸਿੰਘ ਉੱਥੇ ਨਹੀਂ ਹਨ, ਭਾਈ ਸਾਹਿਬ ਵੀ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਅੰਦਰ ਕੋਈ ਵੀ ਖਾੜਕੂ ਸਿੰਘ ਨਹੀਂ ਹੈ ਪਰ ਉਹ ਨਾ ਮੰਨਿਆ ਤੇ ਬੇਦੋਸ਼ੀ ਵੱਡੀ ਗਿਣਤੀ ਵਿੱਚ ਸੰਗਤ ਤੇ ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕਰਕੇ ਸੰਗਰੂਰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਭਾਵੇਂ ਭਾਈ ਸਾਹਿਬ ਖਾੜਕੂ ਸਿੰਘਾਂ ਦੇ ਐਲਾਨਨਾਮੇ ਤੇ ਹੋਰ ਕਈ ਪੱਖਾਂ ਨਾਲ ਸਹਿਮਤ ਨਹੀਂ ਸਨ ਪਰ ਉਹ ਜਾਣਦੇ-ਮੰਨਦੇ ਸਨ ਕਿ ਇਹ ਖਾੜਕੂ ਯੋਧੇ ਗੁਰੂ-ਪੰਥ ਦੇ ਦਿਲੋਂ ਸੱਚੇ ਪਿਆਰ ਵਿੱਚ ਤੁਰੇ ਹੋਏ ਹਨ। ਮਈ ੧੯੮੮ ਨੂੰ ਜਦ ਭਾਈ ਸਾਹਿਬ ਜੇਲ੍ਹ ਤੋਂ ਬਾਹਰ ਆਏ ਤਾਂ ਮਾਹੌਲ ਬਹੁਤ ਬਦਲ ਗਿਆ ਸੀ। ਜਦ ਭਾਈ ਸਾਹਿਬ ਦਰਬਾਰ ਸਾਹਿਬ ਗਏ ਤਾਂ ਉਹਨਾਂ ਦੇਖਿਆ ਸਰਕਾਰ ਦੇ ਬੰਦੇ ਖਾੜਕੂਆਂ ਦੇ ਭੇਸ ਵਿੱਚ ਪਰਕਰਮਾ ਦੇ ਕਮਰਿਆਂ ਅੰਦਰ ਕਬਜ਼ਾ ਜਮਾਕੇ ਬੈਠੇ ਹਨ। ਜੋ ਲੋਕਾਂ ਵਿੱਚ ਖਾੜਕੂਆਂ ਦਾ ਅਕਸ ਖਰਾਬ ਕਰਨ ਲਈ ਗੁੰਡਾਗਰਦੀ ਕਰਦੇ ਹਨ, ਧਮਕੀਆਂ ਭਰੀਆਂ ਚਿੱਠੀਆਂ ਲਿਖ ਪੈਸਿਆਂ ਦੀ ਉਗਰਾਹੀ ਕਰਦੇ ਹਨ। ਸਿਰੀ ਦਰਬਾਰ ਸਾਹਿਬ ਆਈ ਸੰਗਤ ਵਿੱਚ ਧੀਆਂ-ਭੈਣਾਂ ਉੱਤੇ ਵੀ ਮਾੜੀ ਅੱਖ ਰਖਦੇ ਸਨ ਤਾਂ ਕਿ ਲੋਕ ਲਹਿਰ ਦਾ ਸਮਰਥਨ ਸੰਘਰਸ਼ ਨਾਲੋਂ ਟੁੱਟ ਜਾਵੇ। ਬਹੁਤ ਸਾਰੇ ਲੋਕ ਤਾਂ ਦਰਬਾਰ ਸਾਹਿਬ ਆਉਣ ਤੋਂ ਵੀ ਕਤਰਾਨ ਲੱਗ ਪਏ ਸਨ ਇਸ ਮਾਹੌਲ ਵਿੱਚ ਭਾਈ ਸਾਹਿਬ ਨੇ ਇਹਨਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ, ਭਾਈ ਸਾਹਿਬ ਦੀ ਸੱਚੀ-ਸੁੱਚੀ ਬਿਰਤੀ ਦੇ ਧਾਰਨੀ ਹੋਣ ਕਾਰਨ ਲੋਕਾਂ ਵਿੱਚ ਇਹਨਾਂ ਸਰਕਾਰੀ ਬੰਦਿਆ ਕਰਕੇ ਬਣੀਆਂ ਧਾਰਨਾਵਾਂ ਟੁੱਟਣ ਲੱਗੀਆਂ।
  ਅਸਲ ਵਿੱਚ ਸਰਕਾਰ ਲਈ ਖਾਲਿਸਤਾਨ ਦਾ ਉਭਾਰ ਬਹੁਤ ਵੱਡੀ ਚਣੌਤੀ ਬਣ ਗਿਆ ਸੀ। ਫੌਜੀ ਹਮਲਾ ਕਰਨ ਵੇਲੇ ਉਹਨੂੰ ਇਹ ਤਾਂ ਪਤਾ ਸੀ ਕਿ ਸਿੱਖਾਂ ਦੇ ਗੁੱਸੇ ਦਾ ਤਿੱਖਾ ਸਾਹਮਣਾ ਕਰਨਾ ਪਵੇਗਾ ਜਿਹਦੇ ਲਈ ਉਹਨੇ ਪੂਰੀਆਂ ਵਿਉਂਤਾ ਤੇ ਤਿਆਰੀਆਂ ਵੀ ਕੀਤੀਆਂ ਸਨ। ਪਰ ਉਹ ਇਹ ਨਹੀਂ ਜਾਣਦੀ ਸੀ ਕਿ ਸਿੱਧੇ-ਸਾਧੇ ਦਿਸਣ ਵਾਲੇ ਸਿੱਖ ਬਿਲਕੁਲ ਨਾ-ਮਾਤਰ ਸਾਧਨਾਂ ਨਾਲ ਤੇ ਬਹੁਤ ਥੋੜੇ ਸਮੇਂ ‘ਚ ਉਹਨੂੰ ਵੱਡੇ ਪੱਧਰ ਉੱਤੇ ਏਨੀ ਸਖ਼ਤ ਟੱਕਰ ਦੇ ਲੈਣਗੇ, ਜਿਸ ਮੂਹਰੇ ਉਹਨੂੰ ਆਪਣੇ ਗੋਡੇ ਲੱਗਦੇ ਦਿਸਦੇ ਸਨ। ਅਾਪਣੇ ਸੁਭਾਅ ਅਤੇ ਸਰੋਕਾਰਾਂ ਕਰਕੇ ਉਹ ਗੁਰੂ ਪ੍ਰਤੀ ਸਿੱਖਾਂ ਦੇ ਪਿਆਰ ਨੂੰ ਜਾਣ ਵੀ ਨਹੀਂ ਸਕਦੀ ਸੀ। ਖਾੜਕੂ ਸਿੰਘਾਂ ਨੂੰ ਪੰਜਾਬ ਦੀ ਜਨਤਾ ਦਾ ਖਾਲਿਸਤਾਨੀ ਸੰਘਰਸ਼ ਨੂੰ ਜਿੱਤਣ ਲਈ ਉਮੀਦ ਤੋਂ ਵੱਧ ਸਾਥ ਮਿਲਿਆ, ਇਹੋ ਉਹਨਾਂ ਦੀ ਸਭ ਤੋਂ ਵੱਡੀ ਤਾਕਤ ਸੀ। ਸਰਕਾਰ ਚਾਹੁੰਦੀ ਸੀ ਕਿ ਕਿਸੇ ਵੀ ਤਰ੍ਹਾਂ ਖਾੜਕੂ ਸਿੰਘਾਂ ਦਾ ਅਕਸ ਜਨਤਾ ਵਿੱਚ ਵਿਗਾੜਿਆ ਜਾਵੇ, ਆਪਣੇ ਸਰਕਾਰੀ ਕਰਿੰਦਿਆਂ ਕੋਲੋ ਸਿਰੀ ਦਰਬਾਰ ਸਾਹਿਬ ਅੰਦਰ ਖਾੜਕੂਆਂ ਦੇ ਨਾਮ ਉੱਤੇ ਘਟੀਆ ਹਰਕਤਾਂ ਕਰਵਾਈਆਂ ਜਾਣ ਫਿਰ ਲੋਕਾਂ ਵਿੱਚ ਆਪਣੇ ਬੰਦੇ ਖੜ੍ਹੇ ਕਰਕੇ ਇਹ ਮੰਗ ਕਰਵਾਈ ਜਾਵੇ ਕਿ ਸਰਕਾਰ ਸਾਨੂੰ ਇਹਨਾਂ (ਨਕਲੀ) ਖਾੜਕੂਆਂ ਦੇ ਆਤੰਕ ਤੋਂ ਆਜ਼ਾਦ ਕਰਵਾਏ ਤਦ ਇਹ ਸਾਰੇ ਕਰਿੰਦੇ ਸਰਕਾਰ ਮੂਹਰੇ ਆਤਮਸਮਰਪਣ ਕਰ ਦੇਣ। ਤਦ ਲੋਕਾਂ ਵਿੱਚ ਇਹ ਸੁਨੇਹਾ ਜਾਵੇਗਾ ਕਿ ਜਿਹਨਾਂ ਨੂੰ ਤੁਸੀਂ ਆਪਣੇ ਨਾਇਕ ਤੇ ਸੂਰਬੀਰ ਯੋਧੇ ਸਮਝਦੇ ਹੋ, ਉਹ ਅਸਲ ਵਿੱਚ ਏਦਾਂ ਦੇ ਘਟੀਆ ਤੇ ਡਰਪੋਕ ਬੰਦੇ ਹਨ।
  ਥੋੜੇ ਦਿਨਾਂ ਬਾਅਦ ” ਅਪਰੇਸ਼ਨ ਬਲੈਕ ਥੰਡਰ ” ਹੋ ਗਿਆ, ਜਿਸ ਵਿੱਚ ਸਰਕਾਰੀ ਕਰਿੰਦਿਆਂ ਨੇ ਟੀ. ਵੀ. ਉੱਤੇ ਸਰਕਾਰ ਮੂਹਰੇ ਆਤਮਸਮਰਪਣ ਕਰ ਦਿੱਤਾ ਪਰ ਏਸ ਤੋਂ ਪਹਿਲਾਂ ਇਹਨਾਂ ਨੇ ਸਿਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਸੀ। ਜਦ ਲੋਕਾਂ ਨੂੰ ਅਸਲ ਗੱਲਾਂ ਪਤਾ ਲੱਗੀਆਂ ਤਾਂ ਉਹਨਾਂ ਨੇ ਇਹਨਾਂ ਨੂੰ ਅਸਲ ਖਾੜਕੂ ਸਿੰਘ ਮੰਨਣ ਤੋਂ ਇਨਕਾਰ ਕਰ ਦਿੱਤਾ। ਅੰਦਰੋਂ ਫੜੇ ੪੬ ਬਦਮਾਸ਼ਾਂ ‘ਚੋ ਕਿਸੇ ਉਤੇ ਵੀ ਪੁਲਿਸ ਪਰਚਾ ਨਹੀਂ ਹੋਇਆ ਤਾਂ ਇਹਨਾਂ ਦੀ ਅਸਲੀਅਤ ਨਸ਼ਰ ਹੋ ਗਈ। ਭਾਰਤੀ ਖ਼ੁਫ਼ੀਆ ਵਿਭਾਗ ਦੇ ਸਾਬਕਾ ਉੱਚ ਅਧਿਕਾਰੀ ਡਾ. ਸੰਗਤ ਸਿੰਘ ਆਪਣੀ ਕਿਤਾਬ ” ਇਤਿਹਾਸ ਵਿੱਚ ਸਿੱਖ ” ਵਿੱਚ ਲਿਖਿਆ ਹੈ ਕਿ ” ਸਰਕਾਰ ਦੀਆਂ ਖ਼ੁਫ਼ੀਆ ਵਿਭਾਗਾਂ ਦੇ ਇਹਨਾਂ ਕਰਿੰਦਿਆਂ ਵਿੱਚ ੪੦ ਹਿੰਦੂ ਵੀ ਸਨ। ਜਿਹਨਾਂ ਦਾੜੇ ਪ੍ਰਕਾਸ਼ ਕਰਕੇ ਆਪਣਾ ਅਕਸ ਖਾੜਕੂਆਂ ਵਰਗਾ ਬਣਾਇਆ ਹੋਇਆ ਸੀ, ਤਾਕਿ ਲੋਕਾਂ ਵਿੱਚ ਉਹਨਾਂ ਦਾ ਖਾੜਕੂ ਹੋਣ ਦਾ ਹੀ ਭਰਮ ਬਣੇ।”
  - ਜੱਦੀ ਪਿੰਡ ਵਾਪਸੀ
  “ਅਪਰੇਸ਼ਨ ਬਲੈਕ ਥੰਡਰ ” ਵਿੱਚ ਭਾਈ ਸਾਹਿਬ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ, ਛੇ ਮਹੀਨੇ ਬਾਅਦ ਰਿਹਾਈ ਮਗਰੋਂ ਉਹ ਆਪਣੇ ਪਿੰਡ ਕਾਉਂਕੇ ਵਾਪਸ ਆ ਗਏ। ਭਾਈ ਸਾਹਿਬ ਨੇ ਪਿੰਡ ਰਹਿੰਦੇ ਹੋਏ ਹੀ ਸਿੱਖੀ ਦਾ ਪ੍ਰਚਾਰ ਆਰੰਭ ਦਿੱਤਾ। ਹਰ ਰੋਜ਼ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਆਸਾ ਦੀ ਵਾਰ ਦੇ ਭੋਗ ਉਪਰੰਤ ਸਭਾ ਲੱਗਦੀ ਆਸ ਪਾਸ ਦੀਆਂ ਸੰਗਤਾਂ ਭਾਈ ਸਾਹਿਬ ਕੋਲ ਆਪਣੀਆਂ ਸਮਸਿਆਵਾਂ ਲੈਕੇ ਆਉਣ ਲੱਗ ਪਈਆਂ। ਭਾਈ ਸਾਹਿਬ ਦੇ ਬੋਲਾਂ ਉਤੇ ਪਹਿਰਾ ਦਿੰਦੇ ਇਲਾਕੇ ਦੇ ਅਨੇਕਾਂ ਪਤਿਤ ਸਿੱਖਾਂ ਖੰਡੇ ਦੀ ਪਾਹੁਲ ਛੱਕ ਸਿੱਖੀ ਵਿੱਚ ਵਾਪਸੀ ਕੀਤੀ। ਇਲਾਕੇ ਦੀ ਸੰਗਤ ਵਿੱਚ ਭਾਈ ਸਾਹਿਬ ਦਾ ਕੱਦ ਦਿਨੋ-ਦਿਨ ਬੁਲੰਦ ਹੁੰਦਾ ਜਾਂਦਾ ਸੀ। ਜਿਹੜੀ ਸੰਗਤ ਭਾਈ ਸਾਹਿਬ ਕੋਲ ਫਰਿਆਦੀ ਬਣ ਆਉਂਦੀ ਸੀ ਪੁਲਿਸ ਉਹਨੂੰ ਰਾਹ ਵਿੱਚੋ ਹੀ ਡਰਾ ਧਮਕਾ ਭਜਾਉਣ ਲੱਗ ਪਈ। ਪਰ ਪੁਲਿਸ ਦੀ ਇਸ ਕਮੀਨਗੀ ਦੇ ਬਾਵਜੂਦ ਵੀ ਸੰਗਤ ਨੇ ਭਾਈ ਸਾਹਿਬ ਕੋਲ ਆਉਣਾ ਬੰਦ ਨਹੀਂ ਕੀਤਾ ਤਾਂ ਹਕੂਮਤ ਨੇ ਮਿੱਥ ਲਿਆ ਕਿ ਭਾਈ ਸਾਹਿਬ ਨੂੰ ਵਾਰ ਵਾਰ ਪੁਲਸ ਤਸ਼ੱਦਦ ਦਾ ਨਿਸ਼ਾਨਾ ਬਣਾਉਣਾ ਹੈ ਤਾਂ ਕਿ ਡਰ ਕਾਰਨ ਹੋਰਨਾਂ ਕਈ ਬੁਜ਼ਦਿਲਾ ਵਾਂਗ ਉਹ ਵੀ ਚੁੱਪ ਕਰ ਜਾਣ। ਭਾਈ ਸਾਹਿਬ ਗੁਰਮਤਿ ਸਿੱਖਿਆ ਅਨੁਸਾਰ ਜ਼ਾਲਮ ਕੋਲੋ ਆਪਣਾ ਬਣਦਾ ਹੱਕ ਲੈਣ ਲਈ ਤੱਤਪਰ ਸਨ, ਉਹਨਾਂ ਨੂੰ ਕੋਈ ਵੀ ਅਜਿਹਾ ਕਾਰਜ ਪ੍ਰਵਾਨ ਨਹੀਂ ਸੀ ਜੋ ਗੁਰਮਤਿ ਦੀ ਸਿੱਖਿਆ ਤੋਂ ਉਲਟ ਹੋਵੇ, ਫਿਰ ਪੁਲਿਸ ਕਿਵੇ ਭਾਈ ਸਾਹਿਬ ਨੂੰ ਡਰਾਕੇ ਗੁਰਮਤਿ ਤੋਂ ਉਲਟ ਦੜ੍ਹ ਵਟਕੇ ਚੁੱਪ ਕਰ ਜਾਣ ਲਈ ਮਨਾ ਸਕਦੀ ਸੀ।
  ਮਨੁੱਖੀ ਹੱਕਾਂ ਦੇ ਸਾਬਕਾ ਆਗੂ ਸ਼੍ਰੀ ਰਾਮ ਨਰਾਇਣ ਕੁਮਾਰ ਨੇ ਆਪਣੀ ਕਿਤਾਬ ‘ ਟੈਰਰ ਇਨ ਪੰਜਾਬ ‘ ਦੇ ਪੰਨਾ ੬੧ ਉੱਤੇ ਲਿਖਿਆ ਹੈ ਕਿ ” ਲੁਧਿਆਣੇ ਦੇ ਉਸ ਵੇਲੇ ਦੇ ਐੱਸ. ਐੱਸ. ਪੀ. ਸੁਮੇਧ ਸੈਣੀ ਨੇ ਭਾਈ ਸਾਹਿਬ ਨੂੰ ਨੰਗਾ ਕਰਕੇ ਪੁੱਠਾ ਟੰਗਿਆ ਤੇ ਬੇਕਿਰਕੀ ਨਾਲ ਖ਼ੁਦ ਆਪਣੇ ਹੱਥੀਂ ਤਸ਼ੱਦਦ ਕੀਤਾ। ਤਸ਼ੱਦਦ ਕਰਦੇ ਵਕ਼ਤ ਸੈਣੀ ਸਿਗਰਟ ਦਾ ਧੂੰਆਂ ਭਾਈ ਸਾਹਿਬ ਦੇ ਮੂੰਹ ਉੱਤੇ ਛੱਡਦਾ। ਭਾਈ ਸਾਹਿਬ ਜਦ ਸੈਣੀ ਨੂੰ ਅਜਿਹਾ ਨਾ ਕਰਨ ਦੀ ਬੇਨਤੀ ਕੀਤੀ ਕਿ ਸਿਗਰਟ ਸਿੱਖੀ ਸਿਧਾਂਤਾਂ ਦੇ ਵਿਰੁੱਧ ਹੈ ਤਾਂ ਸੈਣੀ ਅੱਗੋ ਮਖੌਲ ਬਣਾਕੇ ਕਹਿੰਦਾ ‘ ਜੇ ਮੈਂ ਨਾ ਹਟਾ ਤਾਂ ਤੂੰ ਕੀ ਕਰ ਲਵੇਂਗਾ ?’ ਤਾਂ ਭਾਈ ਸਾਹਿਬ ਇੱਕ ਕਰਾਰਾ ਥੱਪੜ ਸੈਣੀ ਦੇ ਮੂੰਹ ਤੇ ਜੜ੍ਹ ਦਿੱਤਾ। ਇਸ ਮਗਰੋਂ ਤਾਂ ਉਹਨੇ ਤਸ਼ੱਦਦ ਦੀ ਇੰਤਹਾ ਹੀ ਕਰ ਦਿੱਤੀ।
  ਭਾਈ ਸਾਹਿਬ ਕਿਸੇ ਵੀ ਖਾੜਕੂ ਕਾਰਵਾਈ ਵਿੱਚ ਸਿੱਧੇ ਜਾ ਅਸਿੱਧੇ ਸ਼ਾਮਲ ਨਹੀਂ ਸਨ, ਇਸ ਲਈ ਪੁਲਿਸ ਕੋਲ ਉਹਨਾਂ ਖ਼ਿਲਾਫ਼ ਕੋਈ ਵੀ ਸਬੂਤ ਨਹੀਂ ਸੀ। ਪਰ ਸਬੂਤ ਚਾਹੀਦਾ ਵੀ ਕੀਹਨੂੰ ਸੀ ਤੇ ਦਿਖਾਉਣੇ ਵੀ ਕੀਹਨੂੰ ਸੀ ? ਜਦ ਮਸਲਾ ਹਰ ਜਾਗਦੀ ਜ਼ਮੀਰ ਵਾਲੇ ਨੂੰ ਚੁੱਪ ਕਰਾਉਣ ਦਾ ਹੋਵੇ ਤਦ ਬਹਾਨੇ ਬਣਾਉਣ ਦੀ ਵੀ ਬਹੁਤੀ ਲੋੜ੍ਹ ਨਹੀਂ ਹੁੰਦੀ। ਤਸ਼ੱਦਦ ਵੇਲੇ ਪੁਲਿਸ ਜਾਣਕੇ ਭਾਈ ਸਾਹਿਬ ਕੋਲੋ ਅੱਡ-ਅੱਡ ਖਾੜਕੂ ਵਾਰਦਾਤਾਂ ਬਾਰੇ ਪੁੱਛਦੀ, ਇਲਾਕੇ ਦੇ ਨਾਮਵਰ ਖਾੜਕੂ ਸਿੰਘਾਂ ਦੇ ਪਤੇ ਪੁੱਛਦੀ ਪਰ ਭਾਈ ਸਾਹਿਬ ਨੂੰ ਇਹਨਾਂ ਬਾਰੇ ਕੁਝ ਨਹੀਂ ਪਤਾ ਹੁੰਦਾ ਸੀ। ਤਦ ਉਹ ਤਸ਼ੱਦਦ ਹੋਰ ਵਹਿਸ਼ੀ ਕਰ ਦਿੰਦੇ। ਭਾਈ ਸਾਹਿਬ ਬੇਕਸੂਰ ਹਨ ਇਹ ਪਤਾ ਪੁਲਿਸ ਮੁਲਾਜ਼ਮਾਂ ਨੂੰ ਵੀ ਸੀ ਪਰ ਉਹ ਉਤੋਂ ਆਏ ਹੁਕਮਾਂ ਅੱਗੇ ਬੇਵੱਸ ਸਨ। ਮਸਲਾ ਸਿਰਫ਼ ਏਨਾ ਸੀ ਕਿ ਭਾਈ ਸਾਹਿਬ ਦੇ ਮਨ ਵਿੱਚ ਸਰਕਾਰੀ ਖੌਫ਼ ਭਰਿਆ ਜਾਵੇ ਤੇ ਉਹ ਵੀ ਹੋਰਾਂ ਡਰਪੋਕ ਮਰੀਆ ਜ਼ਮੀਰਾਂ ਵਾਲਿਆ ਵਾਂਗੂੰ ਚੁੱਪ ਕਰ ਜਾਣ।
  ‘ ਟੈਰਰ ਇਨ ਪੰਜਾਬ ‘ ਵਿੱਚ ਸ਼੍ਰੀ ਰਾਮ ਨਰਾਇਣ ਕੁਮਾਰ ਲਿਖਿਆ ਹੈ ਕਿ ” ਇੱਕ ਸਿੱਖ ਪੁਲਿਸ ਅਫ਼ਸਰ ਭਾਈ ਸਾਹਿਬ ਵਰਗੇ ਇੱਕ ਗੁਰਸਿੱਖ ਦੀ ਅਜਿਹੀ ਬੇਇਜ਼ਤੀ ਹੁੰਦੇ ਦੇਖ ਨਾ ਸਕਿਆ। ਉਸ ਅਫ਼ਸਰ ਨੇ ਜਗਰਾਉਂ ਦੇ ਸੀ.ਆਈ.ਏ. ਸਟਾਫ਼ ਦੇ ਐੱਸ. ਐੱਸ. ਪੀ. ਸ਼ਿਵ ਕੁਮਾਰ ਤੇ ਅਨਿਲ ਸ਼ਰਮੇ ਨੂੰ ਕਿਹਾ ਕਿ ਭਾਈ ਸਾਹਿਬ ਨੂੰ ਜਦ ਦਿਲ ਕਰੇ ਆਪਾ ਚੁੱਕਕੇ ਲੈ ਆਉਣੇ ਆ ਤੇ ਉਹਨਾਂ ਨੂੰ ਜ਼ਲੀਲ ਕਰਦੇ ਆ ਅੰਨ੍ਹੇ ਵਾਹ ਤਸ਼ੱਦਦ ਕਰਦੇ ਆ ਪਰ ਉਹਨਾਂ ਦਾ ਕਿਸੀ ਕਾਰਵਾਈ ਨਾਲ ਕੋਈ ਸੰਬੰਧ ਨਹੀਂ ਹੁੰਦਾ। ਉਸ ਸਿੱਖ ਅਫ਼ਸਰ ਨੂੰ ਇਸ ਗੱਲ ਦਾ ਬੜਾ ਦੁੱਖ ਸੀ ਕਿ ਇੱਕ ਗੁਰਸਿੱਖ ਦੀ ਦਸਤਾਰ, ਕਕਾਰਾਂ ਦੀ ਇਸ ਢੰਗ ਨਾਲ ਬੇਅਦਬੀ ਹੁੰਦੀ ਹੈ, ਬਿਨ੍ਹਾਂ ਦੋਸ਼ ਤਸੀਹੇ ਦਿੱਤੇ ਜਾਂਦੇ ਨੇ। ਲੇਖਕ ਅਨੁਸਾਰ, ਉਹ ਸਿੱਖ ਅਫ਼ਸਰ ਅੰਦਰੋਂ ਰੋਂਦਾ ਹੈ ਕਿ ਅਸੀਂ ਪਿੰਡ ਕਾਉਂਕੇ ਦੇ ਅਨੇਕਾਂ ਲੋਕਾਂ ਨੂੰ ਚੁੱਕਕੇ ਤਸ਼ੱਦਦ ਕੀਤਾ ਪਰ ਕਦੇ ਭਾਈ ਸਾਹਿਬ ਬਾਰੇ ਕੋਈ ਗੱਲ ਨਹੀਂ ਪਤਾ ਲੱਗੀ। ਨਾ ਕਦੇ ਕੋਈ ਹਥਿਆਰ ਮਿਲਿਆ, ਨਾ ਕੋਈ ਗ਼ਲਤ ਗੱਲ ਪਤਾ ਲੱਗੀ ਫਿਰ ਕਿਉਂ ਭਾਈ ਸਾਹਿਬ ਨੂੰ ਏਦਾਂ ਤੰਗ ਕੀਤਾ ਜਾਂਦਾ ਹੈ … ? ਜੂਨ ੧੯੯੧ ਨੂੰ ਭਾਈ ਸਾਹਿਬ ਉੱਤੇ ਝੂਠਾ ਕੇਸ ਪਾਕੇ ਨਾਭਾ ਜੇਲ੍ਹ ਭੇਜ ਦਿੱਤਾ ਗਿਆ।
  ੧੯ ਫਰਵਰੀ ੧੯੯੨ ਨੂੰ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ। ੧੦% ਤੋਂ ਘੱਟ ਵੋਟਾਂ ਲੈਕੇ ੨੫ ਫਰਵਰੀ ੧੯੯੨ ਨੂੰ ਬੇਅੰਤ ਸਿਹੁੰ ਦੀ ਸਰਕਾਰ ਹੋਂਦ ਵਿੱਚ ਆਈ। ਪਹਿਲਾਂ ਪਹਿਲਾਂ ਸਭ ਪਾਸੇ ਇਹੋ ਚਰਚਾ ਚਲਦੀ ਰਹੀ ਕਿ ਏਨੀ ਘੱਟ ਵੋਟ ਨਾਲ ਬਣੀ ਇਹ ਸਰਕਾਰ ਬਹੁਤੀ ਦੇਰ ਨਹੀਂ ਚੱਲਣੀ ਦੋਬਾਰਾ ਚੋਣਾਂ ਹੋਣਗੀਆਂ ਪਰ ਕੇਂਦਰ ਸਰਕਾਰ ਨੂੰ ਤਾਂ ਅਜਿਹੀ ਸਰਕਾਰ ਨਾਮਧਰੀਕ ਸਰਕਾਰ ਹੀ ਚਾਹੀਦੀ ਸੀ। ਸਿੱਖ ਨੌਜਵਾਨਾਂ ਨੂੰ ਕਤਲ ਕਰ ਅਖ਼ਬਾਰਾਂ ਦੀਆਂ ਸੁਰਖੀਆਂ ਲਵਾਈਆਂ ਜਾਂਦੀਆਂ ਕਿ “ਜਬਰਦਸਤ ਮੁਕਾਲਬੇ ਵਿੱਚ ਮਾਰੇ ਗਏ ਅੱਤਵਾਦੀ “। ੫ ਜੁਲਾਈ ੧੯੯੨ ਨੂੰ ਕੇ.ਪੀ. ਐੱਸ. ਗਿੱਲ ਨੇ ਐਲਾਨ ਕੀਤਾ ਕਿ ” ਆਉਣ ਵਾਲੇ ਤਿੰਨ ਮਹੀਨਿਆਂ ਵਿੱਚ ਖਾੜਕੂ ਲਹਿਰ ਦਾ ਅਸੀਂ ਸਫਾਇਆ ਕਰ ਦਵਾਗੇ।” ਪਰ ਤਦ ਕਿਸੇ ਵੀ ਖਾੜਕੂ ਜਥੇਬੰਦੀ ਇਹਨੂੰ ਗੰਭੀਰਤਾ ਨਾਲ ਨਹੀਂ ਲਿਆ। ਸਭ ਨੇ ਇਹੋ ਸੋਚਿਆ ਕਿ ਇਹ ਇਕ ਰੋਜ਼ਾਨਾ ਵਾਲਾ ਹੀ ਬਿਆਨ ਹੈ। ਪਰ ਜਦ ਖਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਮੁੱਖੀ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਤੇ ਬੱਬਰ ਖ਼ਾਲਸਾ ਦੇ ਮੁੱਖੀ ਭਾਈ ਸੁਖਦੇਵ ਸਿੰਘ ਬੱਬਰ ਸ਼ਹੀਦ ਹੋ ਗਏ ਤਾਂ ਖਾੜਕੂ ਸਫ਼ਾ ਅੰਦਰ ਇਸ ਗੱਲ ਦੀ ਗੰਭੀਰਤਾ ਵਧੀ। ਭਾਈ ਸੁਖਦੇਵ ਸਿੰਘ ਬੱਬਰ ਦੀ ਸ਼ਹਾਦਤ ਮੌਕੇ ੯ ਅਗਸਤ ਨੂੰ ਕੇ.ਪੀ. ਐੱਸ. ਗਿੱਲ ਦੇ ਦਿੱਤੇ ਬਿਆਨਾਂ ਨੂੰ ਗੰਭੀਰਤਾ ਨਾਲ ਲਿਆ ਕਿ ” ਇਸੇ ਸਾਲ ਸਤੰਬਰ ਤੱਕ ਸਾਰੇ ਖਾੜਕੂ ਸਿੰਘ ਖ਼ਤਮ ਕਰ ਦਿੱਤੇ ਜਾਣਗੇ “। ਇਹਨਾਂ ਗੱਲਾਂ ਤੋਂ ਇਕ ਗੱਲ ਸਾਫ ਹੋ ਜਾਂਦੀ ਏ ਕਿ ਹੁਣ ਪੁਲਿਸ ਕੋਲ ਖਾੜਕੂਆਂ ਦੀ ਪੱਕੀ ਜਾਣਕਾਰੀ ਸੀ, ੧੯੯੨ ਦੇ ਅੰਤ ਤੱਕ ਪੁਲਿਸ ਖਾੜਕੂਆਂ ਉੱਤੇ ਭਾਰੂ ਪੈ ਚੁੱਕੀ ਸੀ। ਇਸ ਮਾਹੌਲ ਵਿਚ ਪੁਲਿਸ ਦੀ ਨਜ਼ਰ ਭਾਈ ਗੁਰਦੇਵ ਸਿੰਘ ਕਾਉਂਕੇ ਉੱਤੇ ਜਾਣੀ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ। ਬੇਅੰਤ-ਗਿੱਲ ਜੋੜੀ ਨੇ ਤਾਂ ਪਹਿਲਾਂ ਹੀ ਮਿਥਿਆ ਹੋਇਆ ਸੀ ਕਿ ਜੋ ਵੀ ਸਿੱਧੇ-ਅਸਿੱਧੇ ਲਹਿਰ ਨੂੰ ਸਮਰਥਨ ਦਿੰਦਾ ਹੈ, ਉਹਨੂੰ ਮਾਰ ਦਿੱਤਾ ਜਾਵੇ। ਉਹ ਤਾਂ ਬੇਦੋਸ਼ੇ ਸਿੱਖਾਂ ਨੂੰ ਨਹੀਂ ਬਖਸ਼ਦੇ ਸਨ।
  ਜੂਨ ੧੯੯੧ ਵਿੱਚ ਭਾਈ ਸਾਹਿਬ ਉੱਤੇ ਜਿਹੜਾ ਝੂਠਾ ਪੁਲਿਸ ਕੇਸ ਪਾਇਆ ਸੀ, ਉਸ ਵਿੱਚ ਉਹ ੯ ਮਹੀਨੇ ਜੇਲ੍ਹ ਵਿੱਚ ਰਹੇ। ਅਕਤੂਬਰ ੧੯੯੨ ਨੂੰ ਉਹ ਬਾਹਰ ਆਏ ਉਸ ਤੋਂ ਬਾਅਦ ਭਾਈ ਸਾਹਿਬ ਆਪਣੇ ਜੱਦੀ ਪਿੰਡ ਕਾਉਂਕੇ ਆ ਗਏ। ਉਹਨਾਂ ਨੇ ਮੁੜ ਸੰਗਤ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਹੋਲੀ-ਹੋਲੀ ਇਲਾਕੇ ਦੇ ਲੋਕਾਂ ਵੀ ਭਾਈ ਸਾਹਿਬ ਕੋਲ ਆਉਣਾ ਆਰੰਭ ਕਰ ਦਿੱਤਾ। ਪਰ ਭਾਈ ਸਾਹਿਬ ਦੀ ਸਿਹਤ ਹੁਣ ਪਹਿਲਾ ਵਰਗੀ ਨਹੀਂ ਸੀ ਰਹੀ। ਉਹ ਸਰੀਰ ਤੋਂ ਬਹੁਤ ਕਮਜ਼ੋਰ ਹੋ ਗਏ ਸਨ। ਭਾਈ ਸਾਹਿਬ ਦਾ ਬਾਹਰ ਆਉਣ ਨਾਲ ਪੰਥਕ ਸਫ਼ਾ ਅੰਦਰ ਮੁੜ੍ਹ ਤੇਜ਼ੀ ਤੇ ਗਰਮੀ ਆਉਣੀ ਸ਼ੁਰੂ ਹੋ ਗਈ। ਇਹ ਚਰਚਾ ਆਮ ਹੀ ਹੋਣ ਲੱਗ ਪਈ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਜਲਦੀ ਹੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਥਾਪਿਆ ਜਾ ਸਕਦਾ ਹੈ। ਇਸ ਗੱਲ ਨਾਲ ਸਿੱਖਾਂ ਦੇ ਮਨਾ ਨੂੰ ਥੋੜੀ ਠੰਡ ਮਿਲੀ ਕਿ ਨਿਤ ਦੇ ਹੁੰਦੇ ਸਿੱਖਾਂ ਦੇ ਘਾਣ ਨੂੰ ਭਾਈ ਸਾਹਿਬ ਆਪਣੀ ਯੋਗ ਅਗਵਾਈ ਨਾਲ ਜਰੂਰ ਠੱਲ ਲੈਣਗੇ। ਸਰਕਾਰ ਅਜਿਹਾ ਸੋਚ ਰਹੀ ਸੀ ਕਿ ਭਾਈ ਸਾਹਿਬ ਦੇ ਜਥੇਦਾਰ ਬਣਨ ਨਾਲ ਰੁੱਕਦੇ ਜਾਂਦੇ ਖਾੜਕੂ ਸੰਘਰਸ਼ ਨੂੰ ਨਵੀਂ ਰਫ਼ਤਾਰ ਮਿਲੇਗੀ।
  ਗ੍ਰਿਫਤਾਰੀ
  ੨੦ ਦਸੰਬਰ ੧੯੯੨ ਦੀ ਅੱਧੀ ਰਾਤ ਨੂੰ ਭਾਈ ਸਾਹਿਬ ਦੀ ਵੱਡੀ ਧੀ ਪਰਮਜੀਤ ਕੌਰ ਜਿਹੜੀ ਮੰਡੀ ਅਹਿਮਦਗੜ੍ਹ ਵਿਆਹੀ ਹੋਈ ਸੀ ਦਾ ਨਵਜਨਮਿਆ ਪੁੱਤਰ ਚੜ੍ਹਾਈ ਕਰ ਗਿਆ। ਉਸੇ ਸਵੇਰ ੪ ਵਜੇ ਪੁਲਿਸ ਨੇ ਭਾਈ ਸਾਹਿਬ ਦੇ ਘਰ ਨੂੰ ਘੇਰਾ ਪਾ ਲਿਆ। ਭਾਈ ਸਾਹਿਬ ਦੇ ਸਿੰਘਣੀ ਬੀਬੀ ਗੁਰਮੇਲ ਕੌਰ ਜੀ ਨੇ ਪੁਲਿਸ ਵਾਲਿਆਂ ਨੂੰ ਘਰ ਵਾਪਰੇ ਭਾਣੇ ਬਾਰੇ ਦੱਸਦਿਆਂ ਕਿਹਾ ਕਿ ਸਾਨੂੰ ਬੱਚੇ ਦਾ ਸਸਕਾਰ ਕਰ ਲੈਣ ਦਿਉ। ਪਰ ਪੁਲਿਸ ਵਾਲੇ ਨਾ ਮੰਨੇ, ਉਹਨਾਂ ਕਿਹਾ ਉਤੋਂ ਅਫ਼ਸਰ ਆਏ ਹਨ ਉਹਨਾਂ ਪੁੱਛ ਗਿੱਛ ਕਰਨੀ ਹੈ। ਭਾਈ ਸਾਹਿਬ ਘਰਵਾਲਿਆਂ ਨੂੰ ਕਿਹਾ ਤੁਸੀਂ ਪਹਿਲਾ ਸਸਕਾਰ ਕਰੋ, ਮੈਂ ਇਹਨਾਂ ਨਾਲ ਚੱਲਦਾ। ਪੁਲਿਸ ਪਾਰਟੀ ਭਾਈ ਸਾਹਿਬ ਨੂੰ ਜਗਰਾਉਂ ਸਦਰ ਥਾਣੇ ਲੈ ਆਈ। ਓਥੇ ੨ ਦਸੰਬਰ ਨੂੰ ਜਗਰਾਉਂ ਕੋਲ ਹੋਏ ਬਸ ਕਾਂਡ ਬਾਰੇ ਭਾਈ ਸਾਹਿਬ ਕੋਲੋ ਪੁੱਛ-ਗਿੱਛ ਕਰਨ ਲੱਗ ਪਈ। ਪਰ ਭਾਈ ਸਾਹਿਬ ਇਸ ਬਾਰੇ ਕੁਝ ਵੀ ਨਹੀਂ ਸਨ ਜਾਣਦੇ। ਸ਼ਾਮ ਨੂੰ ਭਾਈ ਸਾਹਿਬ ਨੂੰ ਛੱਡ ਦਿੱਤਾ ਗਿਆ। ਕੁਝ ਦਿਨ ਲੰਘਣ ਤੋਂ ਬਾਅਦ ੨੫ ਦਸੰਬਰ ੧੯੯੨ ਨੂੰ ਅਮ੍ਰਿਤਵੇਲੇ ਪੁਲਿਸ ਨੇ ਦੁਬਾਰਾ ਫਿਰ ਭਾਈ ਸਾਹਿਬ ਦੇ ਘਰ ਨੂੰ ਘੇਰ ਲਿਆ। ਜਦ ਪੁਲਿਸ ਨੂੰ ਪਤਾ ਲੱਗਾ ਕਿ ਭਾਈ ਸਾਹਿਬ ਤਾਂ ਪਿੰਡ ਦੇ ਗੁਰਦੁਆਰਾ ਸਾਹਿਬ ਗਏ ਹਨ ਤਾਂ ਸਾਰੀ ਪੁਲਿਸ ਪਾਰਟੀ ਗੁਰਦੁਆਰਾ ਸਾਹਿਬ ਪਹੁੰਚ ਗਈ। ਭਾਈ ਸਾਹਿਬ ਨੇ ਪੁਲਿਸ ਨੂੰ ਕਿਹਾ ਕਿ ” ਮੈਂ ਨਿਤਨੇਮ ਤੇ ਕਥਾ ਕਰ ਲਵਾਂ, ਫੇਰ ਤੁਹਾਡੇ ਨਾਲ ਚੱਲਦਾ ਹਾਂ “। ਪੁਲਿਸ ਬਾਹਰ ਖੜ੍ਹ ਇੰਤਜ਼ਾਰ ਕਰਨ ਲੱਗੀ। ਆਸਾ ਦੀ ਵਾਰ ਦੇ ਕੀਰਤਨ ਬਾਅਦ ਭਾਈ ਸਾਹਿਬ ਨੇ ਹੁਕਮਨਾਮਾ ਸਾਹਿਬ ਦੀ ਕਥਾ ਕੀਤੀ ਤੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਨਾਲ ਘਰ ਆ ਗਏ, ਮਗਰ-ਮਗਰ ਸਾਰੇ ਪਿੰਡ ਦੀ ਸੰਗਤ ਆ ਗਈ। ਘਰ ਆ ਉਹਨਾਂ ਪ੍ਰਸ਼ਾਦਾ ਛਕਿਆ ਤੇ ਸੰਗਤਾਂ ਸਾਹਮਣੇ ਪੁਲਿਸ ਦੀ ਗੱਡੀ ਵਿੱਚ ਬੈਠ ਗਏ।
  ਅਗਲੇ ਦਿਨ ਪੁਲਿਸ ਨੇ ਪਿੰਡ ਵਿੱਚੋ ਭਾਈ ਸਾਹਿਬ ਦੇ ਨਜ਼ਦੀਕੀ ਕੁਝ ਬੰਦਿਆ ਨੂੰ ਚੱਕ ਲਿਆ। ਉਹਨਾਂ ਦੱਸਿਆ ਕਿ ਭਾਈ ਸਾਹਿਬ ਨੂੰ ਤਸ਼ੱਦਦ ਨਾਲ ਬਹੁਤ ਬੁਰੀ ਤਰ੍ਹਾਂ ਨਾਲ ਭੰਨਿਆ ਹੋਇਆ ਸੀ। ਭਾਈ ਸਾਹਿਬ ਸਿਰਫ਼ ਗੁਰਸਿੱਖ ਦੇ ਹੱਥ ਦਾ ਬਣਿਆ ਭੋਜਨ ਹੀ ਛੱਕਦੇ ਸਨ ਇਸ ਲਈ ਭਾਈ ਸਾਹਿਬ ਦੇ ਸਿੰਘਣੀ ਜਦ ਰੋਟੀ ਲੈਕੇ ਸਦਰ ਥਾਣੇ ਪਹੁੰਚੇ ਤਾਂ ਪੁਲਿਸ ਵਾਲਿਆਂ ਉਹਨਾਂ ਨੂੰ ਮਿਲਣ ਨਹੀਂ ਦਿੱਤਾ। ਅਗਲੇ ਦਿਨ ਫੇਰ ਉਹ ਸਾਰਾ ਦਿਨ ਥਾਣੇ ਦੇ ਬਾਹਰ ਰੋਟੀ ਲੈਕੇ ਬੈਠੇ ਰਹੇ ਤਦ ਇਕ ਸਿਪਾਹੀ ਨੇ ਤਰਸ ਖ਼ਾਕੇ ਉਹਨਾਂ ਨੂੰ ਦੱਸਿਆ ਕਿ ਭਾਈ ਸਾਹਿਬ ਦੀ ਹਾਲਤ ਬਹੁਤ ਖਰਾਬ ਹੈ, ਬਾਹਰੋਂ ਡਾਕਟਰ ਬੁਲਾਕੇ ਇਲਾਜ ਕਰਾਇਆ ਗਿਆ ਪਰ ਤਸ਼ੱਦਦ ਉਸੇ ਤਰ੍ਹਾਂ ਜਾਰੀ ਹੈ। ਥਾਣੇ ਤੋਂ ਛੁੱਟਕੇ ਆਏ ਹੋਰ ਬੰਦਿਆ ਵੀ ਭਾਈ ਸਾਹਿਬ ਦੀ ਮਾੜੀ ਹਾਲਤ ਬਾਰੇ ਪਰਿਵਾਰ ਨੂੰ ਜਾਣੂ ਕਰਾਇਆ। ਇਹ ਸਭ ਜਾਣਕੇ ਬੀਬੀ ਗੁਰਮੇਲ ਕੌਰ ਜੀ ਐਡਵੋਕੇਟ ਗੁਰਮੁੱਖ ਸਿੰਘ ਮਨੌਲੀ ਦੇ ਕੋਲ ਚੰਡੀਗੜ੍ਹ ਚਲੇ ਗਏ। ਐਡਵੋਕੇਟ ਮਨੌਲੀ ਵੱਲੋਂ ਕੀਤੀ ਕਾਨੂੰਨੀ ਚਾਰਾਜੋਈ ਮਗਰੋਂ ਅਦਾਲਤ ਨੇ ਵਾਰੰਟ ਅਫਸਰ ਭੇਜ ਦਿੱਤੇ। ੨ ਜਨਵਰੀ ੧੯੯੩ ਨੂੰ ਵਰੰਟ ਅਫ਼ਸਰ ਸਦਰ ਥਾਣੇ ਛਾਪਾ ਮਾਰਿਆ ਪਰ ਉੱਥੇ ਕੋਈ ਵੀ ਨਹੀਂ ਸੀ।
  ੩ ਜਨਵਰੀ ੧੯੯੩ ਨੂੰ ਪੁਲਿਸ ਨੇ ਅਖ਼ਬਾਰੀ ਖ਼ਬਰ ਰਾਹੀਂ ਇਹ ਦਾਅਵਾ ਕੀਤਾ ਕਿ ” ਪੁੱਛ-ਗਿੱਛ ਮੌਕੇ ਭਾਈ ਸਾਹਿਬ ਨੇ ਆਪਣੇ ਕੋਲ ਹਥਿਆਰ ਹੋਣ ਦੀ ਗੱਲ ਕਬੂਲੀ ਸੀ। ਜਿਸ ਤੋਂ ਬਾਅਦ ਇਕ ਪੁਲਿਸ ਪਾਰਟੀ ਸਿਧਵਾਂ ਥਾਣੇ ਦੇ ਪਿੰਡ ਕੰਨੀਆਂ ਕੋਲ ਹਥਿਆਰਾਂ ਦੀ ਬਰਾਮਦਗੀ ਲਈ ਭਾਈ ਸਾਹਿਬ ਨੂੰ ਲੈਕੇ ਜਾ ਰਹੀ ਸੀ ਕਿ ਰਸਤੇ ਵਿੱਚੋ ਖਾੜਕੂਆਂ ਪੁਲਿਸ ਪਾਰਟੀ ਉੱਤੇ ਹਮਲਾ ਕਰ ਦਿੱਤਾ ਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਫਰਾਰ ਹੋ ਗਏ। ” ਇਹ ਖ਼ਬਰ ਪੜ੍ਹਕੇ ਪੂਰੇ ਪੰਥ ਨੂੰ ਕੋਈ ਭੁਲੇਖਾ ਨਾ ਰਿਹਾ ਕਿ ਸਰਕਾਰ ਨੇ ਤਸ਼ੱਦਦ ਕਰਕੇ ਭਾਈ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਹੈ ਅਤੇ ਹੁਣ ਝੂਠੀਆਂ ਖ਼ਬਰਾਂ ਛਾਪ ਰਹੇ ਹਨ।
  ਭਾਈ ਸਾਹਿਬ ਦੀ ਸ਼ਹੀਦੀ ਦੀ ਖ਼ਬਰ ਸਿਖ ਜਗਤ ਵਿੱਚ ਅੱਗ ਵਾਂਗੂੰ ਫੈਲ ਗਈ।ਓਹਨਾਂ ਦੇ ਇਲਾਕੇ ਵਿੱਚ ਧਰਨੇ ਮੁਜ਼ਾਹਰੇ ਸ਼ੁਰੂ ਹੋ ਗੲੇ। ਪੂਰਾ ਇਲਾਕਾ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ ਸੀ। ਇਸ ਤੋਂ ਮਗਰੋਂ ਭਾਈ ਸਾਹਿਬ ਬਾਰੇ ਕਿਸੇ ਨੂੰ ਕੋਈ ਖ਼ਬਰ ਨਹੀਂ ਮਿਲੀ। ਇਹ ਗੱਲ ਜੱਗ ਜਾਹਰ ਹੈ ਕਿ ਜਗਰਾਉਂ ਪੁਲਿਸ ਨੇ ਭਾਈ ਸਾਹਿਬ ਨੂੰ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਸੀ, ਪਰ ਹਾਲੇ ਵੀ ਕਾਨੂੰਨੀ ਕਾਰਵਾਈ ਵਿੱਚ ਉਹ ਫਰਾਰ ਹਨ। ਹੁਣ ਇਸ ਗੱਲ ਤੋਂ ਤੁਸੀਂ ਆਪ ਅੰਦਾਜ਼ਾ ਲਵੋਂ ਕਿ ਜੇਕਰ ਪੰਥ ਦੀਆਂ ਸਿਰਮੌਰ ਹਸਤੀਆਂ ਨਾਲ ਇਸ ਪੱਧਰ ਦਾ ਸਲੂਕ ਹੁੰਦਾ ਸੀ ਤਾਂ ਆਮ ਸਿੱਖ ਦਾ ਕੀ ਹਾਲ ਹੁੰਦਾ ਹੋਣਾ।
  ਸ਼ਹਾਦਤ
  ਭਾਈ ਸਾਹਿਬ ਦੀ ਸ਼ਹਾਦਤ ਦੀ ਸੱਚਾਈ ੬ ਸਾਲ ਤੱਕ ਰਾਜ ਬਣੀ ਰਹੀ। ਅਖੀਰ ੬ ਸਾਲ ਬਾਅਦ ੧੪ ਮਈ ੧੯੯੮ ਨੂੰ ਜਗਰਾਉਂ ਥਾਣੇ ਅੰਦਰ ਬਤੌਰ ਸਿਪਾਹੀ ਤਾਇਨਾਤ ਦਰਸ਼ਨ ਸਿੰਘ ਹਠੂਰ ਨੇ ਆਪਣੀ ਜ਼ੁਬਾਨ ਖੋਲ੍ਹੀ। ਦਰਸ਼ਨ ਸਿੰਘ ਹਠੂਰ ਉਸ ਵਕਤ ਥਾਣੇ ਅੰਦਰ ਤਾਇਨਾਤ ਸੀ ਜਦ ਭਾਈ ਸਾਹਿਬ ਉੱਤੇ ਤਸ਼ੱਦਦ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਉਹਨਾਂ ਨੇ ਸਭ ਕੁਝ ਆਪਣੇ ਅੱਖੀਂ ਦੇਖਿਆ ਸੀ। ਦਰਸ਼ਨ ਸਿੰਘ ਹਠੂਰ ਦੱਸਿਆ ਕਿ ” ਭਾਈ ਸਾਹਿਬ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਹਨਾਂ ਨੂੰ ਸੀ.ਆਈ.ਏ. ਸਟਾਫ਼ ਜਗਰਾਉਂ, ਥਾਣਾ ਸਦਰ ਜਗਰਾਉਂ ਤੇ ਪੁਲਿਸ ਲਾਈਨ ਜਗਰਾਉ ਰੱਖਿਆ ਗਿਆ ਸੀ। ਜਗਰਾਉਂ ਪੁਲਿਸ ਜਿਲ੍ਹੇ ਦੇ ਮੁੱਖੀ ਸਵਰਨ ਸਿਹੁੰ ਘੋਟਣੇ ਦੀਆਂ ਸਖ਼ਤ ਹਦਾਇਤਾਂ ਸਨ ਕਿ ਭਾਈ ਸਾਹਿਬ ਨੂੰ ਇੱਕ ਦਿਨ ਵਿੱਚ ਅੱਡ-ਅੱਡ ਥਾਵਾਂ ਤੇ ਰੱਖਿਆ ਜਾਵੇ ਤਾਂਕਿ ਕਿਸੇ ਅਕਾਲੀ ਲੀਡਰ ਜਾਂ ਲੋਕਾਂ ਨੂੰ ਉਹਨਾਂ ਦੀ ਸੂਹ ਨਾ ਮਿਲ ਸਕੇ। ਪੁੱਛ-ਗਿੱਛ ਦੌਰਾਨ ਭਾਈ ਸਾਹਿਬ ਤੋਂ ਉਹਨਾਂ ਦੇ ਧਰਮ ਪ੍ਰਚਾਰ ਬਾਰੇ ਪੁੱਛਿਆ ਜਾਂਦਾ। ਖਾੜਕੂਆਂ ਨਾਲ ਉਹਨਾਂ ਦੇ ਸੰਬੰਧਾਂ ਬਾਰੇ ਪੁੱਛਿਆ ਜਾਂਦਾ, ਖਾਸ ਕਰਕੇ ਕੀਪੇ ਸ਼ੇਖੂਪੁਰੀਏ ਬਾਰੇ ਪੁੱਛਿਆ ਜਾਂਦਾ। ਜਦ ਭਾਈ ਸਾਹਿਬ ਕਹਿੰਦੇ ਕਿ ਉਹ ਕੀਪੇ ਜਾਂ ਹੋਰ ਖਾੜਕੂ ਸਿੰਘਾਂ ਨਾਲ ਮੇਰੇ ਕੋਈ ਸੰਬੰਧ ਨਹੀਂ ਹਨ, ਮੈਂ ਸਿਰਫ਼ ਧਰਮ ਪ੍ਰਚਾਰ ਕਰ ਲੋਕਾਂ ਨੂੰ ਗੁਰੂ ਦੇ ਲੜ ਲਾਉਂਦਾ ਹਾਂ ਤਾਂ ਇਸ ਉੱਤੇ ਘੋਟਣਾ ਹੋਰ ਖਿੱਝ ਜਾਂਦਾ ਤਦ ਫਿਰ ਉਹ ਤਸ਼ੱਦਦ ਦੀ ਇੰਤਹਾ ਕਰ ਦਿੰਦਾ। ਉਹਨਾਂ ਭਾਈ ਸਾਹਿਬ ਨੂੰ ਬਿਲਕੁਲ ਨਿਰਵਸਤਰ ਕਰਕੇ ਬਾਹਵਾਂ ਪਿੱਛੇ ਬੰਨ੍ਹਕੇ ਛੱਤ ਨਾਲ ਲਟਕਾ ਦਿੱਤਾ ਸੀ। ਘੋਟਣਾ ਕੋਲ ਕੁਰਸੀ ਡਾਹ ਕੇ ਬੈਠਾ ਸੀ, ਤੇ ਇੰਸਪੈਕਟਰ ਗੁਰਮੀਤ ਸਿਹੁੰ, ਡੀ. ਐੱਸ. ਪੀ. ਹਰਭਗਵਾਨ ਸੋਢੀ ਕੋਲ ਖੜ੍ਹੇ ਸਨ। ਘੋਟਣੇ ਦਾ ਡਰਾਈਵਰ ਐੱਸ. ਆਈ. ਚੰਨਣ ਸਿਹੁੰ ਭਾਈ ਸਾਹਿਬ ਨੂੰ ਬੈਂਤਾਂ ਨਾਲ ਬੁਰੀ ਤਰ੍ਹਾਂ ਨਾਲ ਕੁੱਟਦਾ ਪਿਆ ਸੀ। ਲੰਬਾ ਸਮਾਂ ਏਦਾਂ ਤਸ਼ੱਦਦ ਕਰਦੇ ਰਹੇ। ਫੇਰ ਭਾਈ ਸਾਹਿਬ ਨੂੰ ਥੱਲੇ ਲਾਹ ਲਿਆ ਤੇ ਗੁਰਮੀਤ ਸਿਹੁੰ ਨੇ ਕੇਸਾਂ ਤੋਂ ਫੜ੍ਹ ਲਿਆ, ਬਾਹਾਂ ਪਿੱਛੇ ਬੰਨ੍ਹਕੇ ਵਿੱਚੋ ਲੱਤ ਲੰਘਾ ਲਈ ਤੇ ਗੋਡਾ ਭਾਈ ਸਾਹਿਬ ਦੀ ਕਮਰ ਵਿੱਚ ਦੇ ਦਿੱਤਾ। ਭਾਈ ਸਾਹਿਬ ਦੀਆਂ ਲੱਤਾਂ ਫੜਕੇ ਅੱਡ-ਅੱਡ ਪਾਸੇ ਖਿੱਚਦੇ ਸਨ, ਜਿਵੇਂ ਮੁਰਗੇ ਦੀਆਂ ਮਰੋੜਦੇ ਨੇ। ਏਦਾਂ ਪੰਜ ਦਿਨ ਲਗਾਤਾਰ ਰਾਤ ਦਿਨ ਤਸ਼ੱਦਦ ਚੱਲਦਾ ਰਿਹਾ, ਜਦ ਭਾਈ ਸਾਹਿਬ ਕੁਝ ਵੀ ਕਬੂਲ ਨਾ ਕੀਤਾ ਤਾਂ ਗੋਲੀ ਮਾਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਹਾਲੇ ਭਾਈ ਸਾਹਿਬ ਸਹਿਕਦੇ ਹੀ ਸਨ ਕਿ ਉਹਨਾਂ ਦੇ ਸਰੀਰ ਦੇ ਟੋਟੇ-ਟੋਟੇ ਕਰਕੇ ਕੰਨੀਆਂ ਗੁਰਦੁਆਰੇ ਕੋਲ ਦਰਿਆ ਵਿੱਚ ਰੋੜ੍ਹ ਦਿੱਤਾ।” ਭਾਈ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਲੋਕਾਂ ਵਿਚ ਇਹ ਚਰਚਾ ਫੈਲਾਈ ਗਈ ਕਿ ਘੋਟਣੇ ਨੇ ਆਪਣੀ ਬਦਲੀ ਰੁਕਵਾਉਣ ਲਈ ਜਾਣ ਬੁਝਕੇ ਭਾਈ ਸਾਹਿਬ ਦਾ ਕਤਲ ਕੀਤਾ। ਉਹ ਪਹਿਲਾਂ ਵੀ ਅਜਿਹਾ ਕਈ ਵਾਰ ਕਰ ਚੁੱਕਾ ਸੀ। ਇਹ ਗੱਲ ਵਿਚ ਸਚਾਈ ਸੀ ਅਤੇ ਹੈ ਕਿ ਪੁਲਿਸ ਅਧਿਕਾਰੀ ਆਪਣੀ ਬਦਲੀ ਰੁਕਵਾਉਣ ਲਈ ਅਜਿਹੇ ਕੰਮ ਅਕਸਰ ਕਰ ਦਿੰਦੇ ਹਨ ਜਿਸ ਨਾਲ ਸਰਕਾਰ ਓਹਨਾਂ ਨੂੰ ਨਾ ਬਦਲਣ ਲਈਮਜਬੂਰ ਹੋ ਜਾਵੇ।
  ਤਿਵਾੜੀ ਰਿਪੋਰਟ
  ਭਾਈ ਸਾਹਿਬ ਦੀ ਸ਼ਹਾਦਤ ਬਾਰੇ ਕਿਸੇ ਨੂੰ ਵੀ ਕੋਈ ਸ਼ੱਕ ਨਹੀਂ ਸੀ। ਇਸੇ ਲਈ ਪਰਿਵਾਰ ਤੇ ਪੰਥ ਨੇ ੩੦ ਜਨਵਰੀ ੧੯੯੩ ਨੂੰ ਭਾਈ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਕਰਵਾਕੇ ਭੋਗ ਪਾ ਦਿੱਤਾ ਸੀ। ਪਰ ਭਾਈ ਸਾਹਿਬ ਦੀ ਸ਼ਹੀਦੀ ਦੀ ਸੱਚਾਈ ਕਿਸੇ ਵੀ ਤਰ੍ਹਾਂ ਸਾਹਮਣੇ ਨਹੀਂ ਆ ਰਹੀ ਸੀ। ੧੪ ਮਈ ੧੯੯੮ ਨੂੰ ਦਰਸ਼ਨ ਸਿੰਘ ਹਠੂਰ ਦੁਆਰਾ ਆਪਣੀ ਜ਼ਮੀਰ ਦੀ ਆਵਾਜ਼ ਸੁਣਕੇ ਪਹਿਲੀ ਵਾਰ ਮਨੁੱਖੀ ਅਧਿਕਾਰ ਸੰਗਠਨ ਦੇ ਸਮਾਗਮ ਵਿੱਚ ਭਾਈ ਸਾਹਿਬ ਦੀ ਸ਼ਹਾਦਤ ਬਾਰੇ ਸੱਚ ਜੱਗ-ਜਾਹਰ ਕੀਤਾ। ਸਚਾਈ ਦਾ ਇਸ ਢੰਗ ਨਾਲ ਬਾਹਰ ਆਉਣ ਤੋਂ ਬਾਅਦ ਮਨੁੱਖੀ ਅਧਿਕਾਰ ਸੰਗਠਨਾਂ ਦੇ ਆਗੂ ਹਰਕਤ ਵਿਚ ਆਏ ਅਤੇ ੫ ਜੂਨ ੧੯੯੮ ਨੂੰ ਸੁਪਰੀਮ ਕੋਰਟ ਦੇ ਸਾਬਕਾ ਜੱਜ ਸ. ਕੁਲਦੀਪ ਸਿੰਘ ਦੀ ਅਗਵਾਈ ਹੇਠ ਮਨੁੱਖੀ ਅਧਿਕਾਰਾਂ ਦੇ ਆਗੂਆਂ ਇਕ ਵਫਦ ਰੂਪ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਤੇ ਭਾਈ ਕਾਉਂਕੇ ਦੀ ਸ਼ਹਾਦਤ ਦੀ ਅਸਲ ਜਾਂਚ ਕਰਨ ਦੀ ਅਪੀਲ ਕੀਤੀ। ਇਸ ਵਫਦ ਵਿੱਚ ਸ਼੍ਰੀ ਰਾਮ ਨਰਾਇਣ ਸ਼ਰਮਾ, ਜਸਟਿਸ ਅਜੀਤ ਸਿੰਘ ਬੈਂਸ, ਸ. ਇੰਦਰਜੀਤ ਸਿੰਘ ਜੇਜੀ, ਡਾ. ਸੁਖਜੀਤ ਕੌਰ, ਮੇਜਰ ਜਨਰਲ ਨਰਿੰਦਰ ਸਿੰਘ, ਸ. ਅਮਰੀਕ ਸਿੰਘ ਮੁਕਤਸਰ, ਐਡਵੋਕੇਟ ਡੀ. ਐੱਸ. ਗਿੱਲ, ਐਡਵੋਕੇਟ ਸ. ਰਾਜਵਿੰਦਰ ਸਿੰਘ ਬੈਂਸ, ਐਡਵੋਕੇਟ ਸ. ਅਮਰ ਸਿੰਘ ਚਾਹਲ, ਐਡਵੋਕੇਟ ਸ. ਨਵਕਿਰਨ ਸਿੰਘ, ਸ੍ਰੀਮਤੀ ਬਲਜੀਤ ਕੌਰ ਅਤੇ ਸ. ਜਸਪਾਲ ਸਿੰਘ ਢਿੱਲੋਂ ਸ਼ਾਮਲ ਸਨ। ਇਸ ਤੋਂ ਬਾਅਦ ਬਾਦਲ ਸਰਕਾਰ ਵੱਲੋਂ ਭਾਈ ਸਾਹਿਬ ਦੇ ਕਤਲ ਦੀ ਜਾਂਚ ਕਰਨ ਲਈ ਐਡੀਸ਼ਨਲ ਡਾਇਰੈਕਟਰ ਜਨਰਲ ਬੀ. ਪੀ. ਤਿਵਾੜੀ ਦੀ ਅਗਵਾਈ ਵਿੱਚ ਇਕ ਜਾਂਚ ਕਮਿਸ਼ਨ ਬਣਾ ਦਿੱਤਾ ਗਿਆ। ਇਸ ਕਮਿਸ਼ਨ ਨੇ ਆਪਣੀ ਰਿਪੋਰਟ ਤਿਆਰ ਕਰਕੇ ਤਿੰਨ ਮਹੀਨਿਆਂ ਵਿੱਚ ਦੇਣੀ ਸੀ ਪਰ ਸਵਾ ਸਾਲ ਲੰਘਣ ਤੋਂ ਬਾਅਦ ੨੯ ਸਤੰਬਰ ੧੯੯੯ ਨੂੰ ਇਸ ਕਮੀਸ਼ਨ ਨੇ ਜਾਂਚ ਪੂਰੀ ਕਰਕੇ ਬਾਦਲ ਸਰਕਾਰ ਨੂੰ ਆਪਣੀ ਰਿਪੋਰਟ ਸੌਂਪੀ। ਇਸ ਰਿਪੋਰਟ ਵਿੱਚ ਭਾਵੇਂ ਬੇਅੰਤ ਸਿੰਘ ਅਤੇ ਪੁਲਸ ਮੁਖੀ ਗਿੱਲ ਦੁਆਰਾ ਗ਼ੈਰ-ਕਾਨੂੰਨੀ ਢੰਗ ਨਾਲ ਕੀਤੇ ਸਿੱਖਾਂ ਦੇ ਘਾਣ ਦਾ ਜ਼ਿਕਰ ਹੈ ਪਰ ਇਸ ਰਿਪੋਰਟ ਨੇ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਪੁਲਿਸ ਹਿਰਾਸਤ ਵਿੱਚ ਕਤਲ ਨਹੀਂ ਮੰਨਿਆ। ਰਿਪੋਰਟ ਵਿੱਚ ਇਹ ਤਾਂ ਮੰਨਿਆ ਗਿਆ ਕਿ ਪਿੰਡ ਦੇ ਲੋਕਾਂ ਦੀ ਹਾਜ਼ਰੀ ਵਿੱਚ ੨੫ ਦਸੰਬਰ ੧੯੯੨ ਨੂੰ ਭਾਈ ਸਾਹਿਬ ਨੂੰ ਪੁਲਿਸ ਗ੍ਰਿਫਤਾਰ ਕਰਕੇ ਲੈਕੇ ਗਈ ਸੀ। ਪਰ ਨਾਲ ਇਹ ਵੀ ਲਿਖ ਦਿੱਤਾ ਕਿ ” ਇਸ ਗੱਲ ਦੇ ਕੋਈ ਠੋਸ ਸਬੂਤ ਨਹੀਂ ਕਿ ਭਾਈ ਸਾਹਿਬ ਨੂੰ ਪੁਲਿਸ ਨੇ ਤਸ਼ੱਦਦ ਕਰਕੇ ਮਾਰ ਦਿੱਤਾ ਹੈ। ” ਇਸ ਰਿਪੋਰਟ ਨੇ ਪੁਲਿਸ ਦੀ ਉਸ ਕਹਾਣੀ ਨੂੰ ਸਿਰੇ ਤੋਂ ਨਕਾਰ ਦਿੱਤਾ, ਜਿਹੜੀ ਉਹਨਾਂ ਕੰਨੀਆਂ ਪਿੰਡ ਕੋਲੋ ਖਾੜਕੂਆਂ ਦੁਆਰਾ ਗੋਲੀ ਚਲਾਕੇ ਕਰਕੇ ਭਾਈ ਸਾਹਿਬ ਨੂੰ ਛੁਡਾਕੇ ਲੈਕੇ ਜਾਣ ਦੀ ਪੁਲਿਸ ਨੇ ਘੜੀ ਸੀ। ਪੁਲਿਸ ਨੇ ਸਿਪਾਹੀ ਤਰਸੇਮ ਸਿਹੁੰ ਨੂੰ ਵਿਖਾਵੇ ਲਈ ਮੁਲਤਵੀ ਵੀ ਕੀਤਾ ਸੀ, ਜਿਸ ਕੋਲੋ ਕਹਾਣੀ ਵਿਚ ਭਾਈ ਸਾਹਿਬ ਬੈਲਟ ਤੋੜ ਕੇ ਹੱਥਕੜੀ ਕੱਢ ਫਰਾਰ ਹੋ ਗਏ ਦਿਖਾਏ ਗਏ ਸਨ। ਕੇ. ਪੀ. ਐੱਸ. ਗਿੱਲ ਨੇ ਇਸ ਸਿਪਾਹੀ ਨੂੰ ਮੁਆਵਜ਼ੇ ਵੱਜੋਂ ੨੮ ਸੀਨਿਅਰ ਮੁਲਾਜਮਾਂ ਹੋਣ ਦੇ ਬਾਵਜੂਦ ਹੌਲਦਾਰ ਬਣਾ ਦਿੱਤਾ ਸੀ। ਤਿਵਾੜੀ ਰਿਪੋਰਟ ਵਿੱਚ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਲਈ ਅਸਲ ਜਿੰਮੇਵਾਰ ਸਵਰਨ ਸਿੰਘ ਘੋਟਣਾ, ਹਰਭਗਵਾਨ ਸਿੰਘ ਸੋਢੀ, ਚੰਨਣ ਸਿੰਘ, ਤਰਸੇਮ ਸਿੰਘ ਤੇ ਗੁਰਮੀਤ ਸਿੰਘ ਖ਼ਿਲਾਫ਼ ਕੋਈ ਤਸੱਲੀ ਵਾਲੀ ਗੱਲ ਨਹੀਂ ਕੀਤੀ ਗਈ ਸੀ। ਪਰ ਥਾਣੇਦਾਰ ਗੁਰਮੀਤ ਸਿੰਘ ਖਿਲਾਫ ਤਿਵਾੜੀ ਰਿਪੋਰਟ ਵਿੱਚ ਇਹ ਖ਼ਾਸ ਸਿਫ਼ਾਰਸ਼ ਕੀਤੀ ਗਈ ਸੀ ਕਿ , ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਗ਼ੈਰ ਕਾਨੂੰਨੀ ਹਿਰਾਸਤ ਵਿਚ ਰੱਖਣ ਦਾ ਕੇਸ ਬਣਦਾ ਹੈ। ਪਰ ਬਾਦਲ ਨੇ ਉਸ ਉੱਤੇ ਕੋਈ ਗੌਰ ਨਹੀਂ ਕੀਤਾ ਤੇ ਉਹ ਥਾਣੇਦਾਰ ਤੋਂ ਤਰੱਕੀ ਕਰਦਾ-ਕਰਦਾ ਡੀ. ਐੱਸ. ਪੀ. ਬਣ ਗਿਆ ਹੈ।
  ਪ੍ਰਕਾਸ਼ ਸਿੰਘ ਬਾਦਲ ਬਾਰੇ ਓਦਾਂ ਕਿਸੇ ਸ਼ੱਕ ਨਹੀਂ ਸੀ ਕਿ ਤਿਵਾੜੀ ਰਿਪੋਰਟ ਵਿੱਚ ਭਾਵੇਂ ਕੁਝ ਵੀ ਲਿਖਿਆ ਹੋਵੇ, ਪਰ ਇਹਨੇ ਉਸ ਨੂੰ ਦੱਬ ਲੈਣਾ ਹੈ। ਜਿਹੜਾ ਬਾਦਲ ਦਲ ਸਿੱਖਾਂ ਨੂੰ ਦਿੱਲੀ ਦਰਬਾਰ ਵਾਂਗੂੰ ਆਪਣਾ ਵੈਰੀ ਮੰਨੀ ਬੈਠਾ ਹੋਵੇ ਉਹਦੇ ਤੋਂ ਇਹ ਆਸ ਰੱਖਣੀ ਵੀ ਮੂਰਖਤਾ ਹੈ ਕਿ ਉਹ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਾਤਲਾਂ ਨੂੰ ਉਹਨਾਂ ਦਾ ਬਣਦਾ ਸਬਕ ਸਿਖਾਵੇਗਾ। ੧੨ ਫਰਵਰੀ ੧੯੯੭ ਤੋਂ ਪਹਿਲਾਂ ਜ਼ਰੂਰ ਸਿੱਖਾਂ ਨੂੰ ਇਹ ਭਰਮ ਸੀ ਕਿ ਬਾਦਲ ਸਰਕਾਰ ਦਿੱਲੀ ਦਰਬਾਰ ਦੇ ਦਿੱਤੇ ਜਖ਼ਮਾਂ ਉੱਤੇ ਮਰਹਮ ਲਾਉਗੀ। ਕਿਉਂਕਿ ਬਾਦਲ ਉਸ ਵਕਤ ਪੰਜਾਬ ਦੇ ਲੋਕਾਂ ਨਾਲ ਇਹੋ ਵਾਅਦਾ ਕਰਕੇ ਮੁੱਖ ਮੰਤਰੀ ਦੀ ਕੁਰਸੀ ਲੈਣ ਵਿੱਚ ਕਾਮਯਾਬ ਹੋਇਆ ਸੀ ਕਿ ” ੧੯੭੮ ਤੋਂ ਲੈਕੇ ੧੯੯੭ ਤੱਕ ਕਾਂਗਰਸੀ ਜੁਲਮਾਂ ਦੇ ਅਸਲ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਗਿਆ।” ਤਦ ਲੋਕਾਂ ਨੇ ਉਹਦੀ ਇਸ ਗੱਲ ਉੱਤੇ ਯਕੀਨ ਕਰ ਉਹਨੂੰ ਮੁੱਖ ਮੰਤਰੀ ਦੀ ਕੁਰਸੀ ਉੱਤੇ ਬਿਠਾ ਦਿੱਤਾ। ਪਰ ਬਾਦਲ ਉਸੇ ਮੁੱਖ ਮੰਤਰੀ ਦੀ ਕੁਰਸੀ ਦੇ ਪਾਵਿਆ ਥੱਲੇ ਤਿਵਾੜੀ ਰਿਪੋਰਟ ਹਮੇਸ਼ਾ ਲਈ ਦਬਕੇ ਬੈਠ ਗਿਆ। ਉਹਦੇ ਕੋਲੋ ਤਾਂ ਕੋਈ ਆਸ ਪੰਥ ਨੂੰ ਹੈ ਨਹੀਂ ਸੀ, ਸੋ ਅਪ੍ਰੈਲ ੨੦੦੨ ਵਿੱਚ ਸ. ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਇਕ ਅਪੀਲ ਕੀਤੀ। ਉਸ ਵਿੱਚ ਮਾਨ ਸਾਹਿਬ ਇਹ ਅਪੀਲ ਕੀਤੀ ਕਿ ਤਿਵਾੜੀ ਰਿਪੋਰਟ ਨੂੰ ਜਨਤਕ ਕੀਤਾ ਜਾਵੇ। ਪਰ ਜੋ ਹੋਇਆ ੳੁਹਨੇ ਸਿਧ ਕੀਤਾ ਕਿ ਭਾੲੀ ਸਾਹਿਬ ਦੀ ਸ਼ਹੀਦੀ ਲੲੀ ਸਰਕਾਰੀ ਫੈਸਲਾ ਅਹਿਮ ਸੀ ਨਾ ਕਿ ਕਿਸੇ ਪੁਲਸੀੲੇ ਦਾ ਨਿਜੀ ਵਤੀਰਾ। ਹਾਈਕੋਰਟ ਨੇ ਪਹਿਲਾ ਤੋਂ ਕੀਤੀ ਤਿਵਾੜੀ ਰਿਪੋਰਟ ਖ਼ਤਮ ਕਰਕੇ ਇਕ ਨਵੀ ਜਾਂਚ ਕਰਨ ਦੇ ਹੁਕਮ ਕਰ ਦਿੱਤੇ। ਇਹ ਨਵੀਂ ਜਾਂਚ ਕੈਪਟਨ ਸਰਕਾਰ ਵੇਲੇ ਪੂਰੀ ਹੋਈ ਇਸ ਨਵੀਂ ਜਾਂਚ ਨੂੰ ਆਈ.ਜੀ. ਐੱਸ. ਕੇ. ਸ਼ਰਮਾ ਨੇ ਉਸ ਵੇਲੇ ਕਾਂਗਰਸ ਦੇ ਐੱਸ. ਐੱਸ. ਪੀ. ਸੁਖਵਿੰਦਰ ਸਿੰਘ ਛੀਨਾ ਤੇ ਦੋ ਹੋਰ ਐੱਸ. ਪੀ. ਤੋਂ ਕਾਰਵਾਈ ਸੀ। ਇਸ ਨਵੀ ਜਾਂਚ ਵਿੱਚ ਤਿਵਾੜੀ ਰਿਪੋਰਟ ਦੇ ਸਾਰੇ ਦੋਸ਼ੀਆਂ ਨੂੰ ਕਲੀਨ ਚਿੱਟ ਦੇਕੇ ਬਰੀ ਕਰ ਦਿੱਤਾ ਗਿਆ ਸੀ। - ਸਿੱਖ ਸਿਆਸਤ ਤੋਂ ਧੰਨਵਾਦ ਸਾਹਿਤ

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com