ਹਰੀ ਸਿੰਘ ਨੂੰ ਆਪਣਾ ਖ਼ਿਦਮਤਗਾਰ ਨਿਯੁਕਤ ਕਰਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਉਨ੍ਹਾਂ ਨੂੰ ਸ਼ਿਕਾਰ ’ਤੇ ਜਾਣ ਸਮੇਂ ਆਪਣੇ ਨਾਲ ਹੀ ਰੱਖਦੇ ਸਨ। ਇੱਕ ਵਾਰ ਜਦੋਂ ਮਹਾਰਾਜਾ ਜੰਗਲ ਵਿੱਚ ਸ਼ਿਕਾਰ ਜਾ ਰਹੇ ਸਨ ਤਾਂ ਇੱਕ ਸ਼ੇਰ ਨੇ ਅਚਾਨਕ ਹਰੀ ਸਿੰਘ ’ਤੇ ਝਪਟਾ ਮਾਰ ਕੇ ਉਨ੍ਹਾਂ ਨੂੰ ਘੋੜੇ ਤੋਂ ਹੇਠਾਂ ਸੁੱਟ ਲਿਆ। ਸ਼ੇਰ ਨੇ ਇਹ ਸਭ ਇੰਨੀ ਫੁਰਤੀ ਨਾਲ ਕੀਤਾ ਕਿ ਹਰੀ ਸਿੰਘ ਮਿਆਨ ਵਿੱਚੋਂ ਆਪਣੀ ਤਲਵਾਰ ਵੀ ਨਾ ਕੱਢ ਸਕੇ। ਇਸ ਦੇ ਬਾਵਜੂਦ ਇਸ ਬਹਾਦਰ ਯੋਧੇ ਨੇ ਹਿੰਮਤ ਨਹੀਂ ਹਾਰੀ ਤੇ ਆਪਣੇ ਦੋਵਾਂ ਹੱਥਾਂ ਨਾਲ ਸ਼ੇਰ ਨੂੰ ਜਬਾੜੇ ਤੋਂ ਫੜ ਕੇ ਜ਼ੋਰ ਦੀ ਭੁਵਾਟੀ ਦੇ ਦਿੱਤੀ, ਜਿਸ ਨਾਲ ਸ਼ੇਰ ਦੀ ਪਕੜ ਛੁੱਟ ਗਈ ਤੇ ਹਰੀ ਸਿੰਘ ਨੇ ਤਲਵਾਰ ਮਿਆਨ ਵਿੱਚੋਂ ਕੱਢ ਕੇ ਅੱਖ ਝਪਕਦਿਆਂ ਸ਼ੇਰ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਇਸ ਸਬੰਧੀ ਮੌਲਾਨਾ ਅਹਿਮਦ ਦੀਨ ‘ਮੁਕੰਮਲ ਤਾਰੀਖ਼ਿ ਕਸ਼ਮੀਰ’, ਜਿਲਦ 3, ਸਫ਼ਾ 18 ’ਤੇ ਲਿਖਦੇ ਹਨ, ‘‘ਨਲਵਾ ਕੀ ਵਜ੍ਹਾ ਤਸਮੀਆ ਕੇ ਮੁਤੱਲਕ ਮਸ਼ਹੂਰ ਹੈ ਕਿ ਰਾਜਾ ਨਲ ਜ਼ਮਾਨਾ ਕਦੀਮ ਮੇਂ ਏਕ ਬਹਾਦਰ ਔਰ ਸ਼ੁਜ਼ਾਹ ਰਾਜਾ ਥਾ, ਲੋਗੋਂ ਨੇ ਉਸ (ਹਰੀ ਸਿੰਘ) ਕੋ ਨਲ ਸੇ ਨਲਵਾ ਬਨਾ ਦੀਆ। ਨਲਵਾ ਸੇ ਮੁਰਾਦ ਸ਼ੇਰ ਕੋ ਮਾਰਨੇ ਵਾਲਾ ਸ਼ੇਰ ਅਫ਼ਗ਼ਨ ਹੈ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ, ਇਸ ਲੀਏ ਉਸ ਕਾ ਨਾਮ ਨਲਵਾ ਮਸ਼ਹੂਰ ਹੂਆ।’’
ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਚਿੱਤਰਕਾਰ ਦੁਆਰਾ ਰਾਜਾ ਨਲ (ਉਹ ਨਿਸ਼ਧ ਦੇਸ਼ ਦੇ ਚੰਦਰਵੰਸ਼ੀ ਰਾਜਾ ਬੀਰਸੇਨ ਦਾ ਪੁੱਤਰ ਸੀ ਤੇ ਉਸ ਦਾ ਵਿਆਹ ਵਿਦਰਭਪਤੀ ਭੀਮ ਦੀ ਪੁੱਤਰੀ ਦਮਯੰਤੀ ਨਾਲ ਹੋਇਆ ਸੀ) ਦੀ ਬਣਾਈ ਹੋਈ ਉਹ ਤਸਵੀਰ ਵੇਖੀ ਹੋਈ ਸੀ, ਜਿਸ ਵਿੱਚ ਰਾਜਾ ਨਲ ਨੇ ਹਰੀ ਸਿੰਘ ਵਾਂਗ ਹੀ ਸ਼ੇਰ ਦਾ ਸ਼ਿਕਾਰ ਆਪਣੀ ਤਲਵਾਰ ਨਾਲ ਕੀਤਾ ਸੀ। ਇਸ ਮੌਕੇ ’ਤੇ ਮਹਾਰਾਜਾ ਨੇ ਹਰੀ ਸਿੰਘ ਦੀ ਬਹਾਦਰੀ ਤੋਂ ਖ਼ੁਸ਼ ਹੋ ਕੇ ਕਿਹਾ, ‘‘ਅੱਜ ਤੋਂ ਤੂੰ ਵੀ ਸਾਡਾ ‘ਨਲਵਾ’ ਸਰਦਾਰ ਹੀ ਹੈਂ।’’ ਅਗਲੇ ਹੀ ਦਿਨ ਮਹਾਰਾਜਾ ਨੇ ਹਰੀ ਸਿੰਘ ਨਲਵਾ ਨੂੰ ਸ਼ੇਰ-ਦਿਲ ਰੈਜਮੈਂਟ ਦਾ ਸਰਦਾਰ-ਏ-ਆਲ੍ਹਾ ਮੁਕੱਰਰ ਕਰ ਦਿੱਤਾ। ਦੀਵਾਨ ਅਮਰਨਾਥ ‘ਜਫ਼ਰਨਾਮਾ-ਏ-ਰਣਜੀਤ ਸਿੰਘ’ ਦੇ ਸਫ਼ਾ 31 ’ਤੇ ਲਿਖਦੇ ਹਨ, ‘‘ਹਰੀ ਸਿੰਘ ਅਜ਼ ਖ਼ਿਦਮਤਗਾਰੀ ਮਜ਼ੂਲ ਨਮੂਦਾ ਦਰ ਖ਼ਿਤਾਬ ਸਰਦਾਰੀ ਦਬਾ ਤਜ਼ਰਾ ਅਜ਼ ਹਸ਼ਤ ਸਦ ਸਵਾਰ ਵਾਪਿਯਾਦਾ ਚਰਾਰ ਬਰ ਨਵ੍ਹਾ ਰਖਤੰਦ’’। ਭਾਵ ਮਹਾਰਾਜਾ ਨੇ ਹਰੀ ਸਿੰਘ ਤੋਂ ਖ਼ਿਦਮਤਗਾਰੀ ਦਾ ਅਹੁਦਾ ਛੁਡਵਾ ਕੇ ਸਰਦਾਰੀ ਦਾ ਮਰਤਬਾ ਬਖ਼ਸ਼ ਦਿੱਤਾ ਤੇ ਅੱਠ ਸੌ ਸਵਾਰ ਤੇ ਪੈਦਲ ਸੈਨਾ ਦਾ ਅਫ਼ਸਰ ਥਾਪ ਕੇ ਇੱਜ਼ਤ ਅਫ਼ਜ਼ਾਈ ਕੀਤੀ। ਮਹਾਰਾਜਾ ਨੇ ਉਸੇ ਸਮੇਂ ਨਾਲ ਗਏ ਦਰਬਾਰੀ ਚਿੱਤਰਕਾਰ ਪੰਡਤ ਬਿਹਾਰੀ ਮੱਲ ਤੋਂ ਹਰੀ ਸਿੰਘ ਦੀ ਸ਼ੇਰ ਨਾਲ ਲੜਾਈ ਦੀ ਤਸਵੀਰ ਤਿਆਰ ਕਰਵਾਈ। ਇਸ ਦੇ ਦੋ ਉਤਾਰੇ ਮਹਾਰਾਜਾ ਨੇ ਹਰੀ ਸਿੰਘ ਨੂੰ ਦਿੱਤੇ ਤੇ ਇਕ ਆਪਣੇ ਕੋਲ ਰੱਖ ਲਿਆ। ਇਨ੍ਹਾਂ ਚਿੱਤਰਾਂ ਵਿੱਚੋਂ ਇੱਕ ਚਿੱਤਰ ਸ. ਨਲਵਾ ਨੇ 8 ਜਨਵਰੀ 1821 ਨੂੰ ਬੈਰਨ ਹੂਗਲ ਨੂੰ ਦਿੱਤਾ, ਜਿਸ ਨੂੰ ਵੇਖ ਕੇ ਉਹ ਬਹੁਤ ਹੈਰਾਨ ਹੋਇਆ। ਉਸ ਨੇ ਇਸ ਦਾ ਜ਼ਿਕਰ ਆਪਣੀ ਪੁਸਤਕ ‘ਟਰੈਵਲਜ਼ ਇਨ ਕਸ਼ਮੀਰ ਐਂਡ ਪੰਜਾਬ’ ਦੇ ਸਫ਼ਾ 254 ’ਤੇ ਕੀਤਾ ਹੈ। ਇੱਕ ਹੋਰ ਇਤਿਹਾਸਕਾਰ ਮਿ. ਵਿਜ਼ਨ ਲਿਖਦਾ ਹੈ ਕਿ ਉਸ ਨੂੰ ਹਰੀ ਸਿੰਘ ਨਲਵਾ ਨੇ ਉਹ ਤਲਵਾਰ ਵਿਖਾਈ ਸੀ, ਜਿਸ ਨਾਲ ਉਸ ਨੇ ਇੱਕ ਵਾਰ ਵਿੱਚ ਹੀ ਸ਼ੇਰ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਸੀ।
ਇਤਿਹਾਸਕਾਰ ਐਨ.ਕੇ. ਸਿਨਹਾ ਆਪਣੀ ਪੁਸਤਕ ‘ਰਣਜੀਤ ਸਿੰਘ’ ਦੇ ਸਫ਼ਾ 167-168 ’ਤੇ ਲਿਖਦੇ ਹਨ ਕਿ ਹਰੀ ਸਿੰਘ ਨੂੰ ‘ਨਲਵਾ’ ਉਪਨਾਮ ਇਸ ਕਰਕੇ ਮਿਲਿਆ ਕਿਉਂਕਿ ਸ਼ੇਰ ਦਾ ਸਿਰ ਉਸ ਨੇ ਆਪਣੇ ਹੱਥਾਂ ਨਾਲ ਮਰੋੜ ਕੇ ਉਸ ਨੂੰ ਮਾਰ ਸੁੱਟਿਆ ਸੀ। ਸੱਯਦ ਮੁਹੰਮਦ ਲਤੀਫ਼ ‘ਹਿਸਟਰੀ ਆਫ਼ ਦੀ ਪੰਜਾਬ’ ਵਿੱਚ ਸਫ਼ਾ 483 ’ਤੇ ਲਿਖਦਾ ਹੈ ਕਿ ਅਫ਼ਗਾਨਾਂ ਦੇ ਦਿਲ ਵਿੱਚ ਸ. ਨਲਵਾ ਦਾ ਦਬਦਬਾ ਅਜਿਹਾ ਬੈਠ ਗਿਆ ਸੀ ਕਿ ਅੱਜ ਤਕ ਪਿਸ਼ਾਵਰ ਤੇ ਇਸ ਦੇ ਨਜ਼ਦੀਕੀ ਇਲਾਕਿਆਂ ਵਿੱਚ ਮਾਵਾਂ ਉਸ ਦਾ ਨਾਂ ‘ਹਰੀਆਂ’ (ਹਰੀ ਸਿੰਘ ਨਲਵਾ) ਲੈ ਕੇ ਆਪਣੇ ਪੁੱਤਰਾਂ ਨੂੰ ਡਰਾਉਂਦੀਆਂ ਹਨ। ਐਲਫ਼ ਕੈਰੋ ਅਨੁਸਾਰ ਅੱਜ ਵੀ ਪਠਾਣ ਔਰਤਾਂ ਆਪਣੇ ਸ਼ੈਤਾਨ ਬੱਚਿਆਂ ਨੂੰ ‘ਹਰੀਆਂ ਰਾਗ਼ਲੇ’ (ਹਰੀ ਸਿੰਘ ਆ ਗਿਆ) ਕਹਿ ਕੇ ਡਰਾਉਂਦੀਆਂ ਹਨ।
ਮੌਲਾਨਾ ਮੀਰ ਅਹਿਮਦ, ‘ਤਵਾਰੀਖ਼ ਸਰਹੱਦੀ ਪਿਸ਼ਾਵਰ’ ਦੇ ਸਫ਼ਾ 149 ’ਤੇ ਲਿਖਦਾ ਹੈ,‘‘ਇਸ (ਹਰੀ ਸਿੰਘ) ਕੇ ਨਾਮ ਸੇ ਲੋਗ ਡਰਾ ਕਰਤੇ ਥੇ। ਇਲਾਕਾ ਪਿਸ਼ਾਵਰ ਮੇਂ ਤੋ ਇਸ ਕਦਰ ਇਸ ਕਾ ਰੋਅਬ ਥਾ ਕਿ ਮਾਏਂ ਅਪਨੇ ਸ਼ਰੀਰ ਬੱਚੋਂ ਕੋ ਕਹਾ ਕਰਤੀ ਥੀਂ ਕਿ ਅਗਰ ਤੁਮ ਨੇਕ ਨਾ ਬਨੋਗੇ ਤੋ ਹਰੀ ਸਿੰਘ ਤੁਮ ਕੋ ਪਕੜ ਕਰ ਲੇ ਜਾਏਗਾ ਔਰ ਛੋਟੇ-ਛੋਟੇ ਬੱਚੇ ਤੋ ਹਰੀ ਸਿੰਘ ਕੋ ਏਕ ਹਊਆ ਖ਼ਿਆਲ ਕੀਆ ਕਰਤੇ ਥੇ।’’ ਸ਼ਮਸ਼ੇਰ ਸਿੰਘ ਅਸ਼ੋਕ ‘ਵੀਰ ਨਾਇਕ ਹਰੀ ਸਿੰਘ ਨਲਵਾ’ ਦੇ ਸਫ਼ਾ 91 ’ਤੇ ਲਿਖਦੇ ਹਨ ਕਿ ਪਠਾਣੀਆਂ ਆਪਣੇ ਨਿਆਣੇ ਪੁੱਤਰਾਂ ਨੂੰ, ਜੋ ਕਿਸੇ ਕਾਰਨ ਰੋਣਾ ਬੰਦ ਨਹੀਂ ਸਨ ਕਰਦੇ, ਇਹ ਆਖ ਕੇ ਚੁੱਪ ਕਰਾਇਆ ਕਰਦੀਆਂ ਸਨ, ‘‘ਚੁਪ ਸ਼ਾ ਬਚਿਆ, ਹਰੀਆ ਰਾਗ਼ਲੇ।’’
ਹਰੀ ਸਿੰਘ ਨੂੰ ਸ਼ੇਰ-ਏ-ਪੰਜਾਬ ਦੁਆਰਾ ਦਿੱਤਾ ‘ਨਲਵਾ’ ਉਪਨਾਮ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਔਲਾਦ ਨੇ ਵੀ ਅਪਣਾਇਆ ਹੈ ਤੇ ਅੱਜ ਇਸ ਪਰਿਵਾਰ ਦੇ ਸਭ ਲੋਕ ਆਪਣੇ ਨਾਂ ਦੇ ਨਾਲ ਆਪਣੀ ਗੌਤ ਉੱਪਲ ਲਗਾਉਣ ਦੀ ਥਾਂ ‘ਨਲਵਾ’ ਹੀ ਲਿਖਦੇ ਹਨ।


