ਨਵੀਂ ਦਿੱਲੀ - ਜਰਮਨੀ ਵਿਚ ਰਹਿਣ ਵਾਲੇ ਸਿੱਖਾਂ ਲਈ ਉਥੋਂ ਦੀ ਅਦਾਲਤ ਨੇ ਮੋਟਰਸਾਈਕਲ ਚਲਾਉਣ ਵਾਸਤੇ ‘ਹੈਲਮਟ’ ਪਾਉਣਾ ਲਾਜ਼ਮੀ ਕਰਨ ’ਤੇ ਜਿਥੇ ਵਿਸ਼ਵ ਭਰ ਦੇ ਸਿੱਖਾਂ ਵਿਚ ਰੋਸ ਦੀ ਲਹਿਰ ਫੈਲ ਗਈ ਹੈ। ਉਥੇ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਨੇ ਰੋਸ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਸਮੇਂਂ ਸਮੇਂ ਤੇ ਸਿੱਖਾਂ ਦੀ ਵੱਖਰੀ ਪਛਾਣ ਦੀ ਲਖਾਇਕ ‘ਦਸਤਾਰ’ ‘ਤੇ ਰੋਕ ਲਾਉਣ ਲਈ ਕੋਈ ਨਾ ਕੋਈ ਕੋਝੀ ਕਾਰਵਾਈ ਜਾਰੀ ਰਹਿੰਦੀ ਹੈ। ਹੁਣ ਜਰਮਨੀ ਵਿਚ ਜਿਸ ਤਰ੍ਹਾਂ ਉਥੋਂ ਦੀ ਕੋਰਟ ਵੱਲੋਂ ਸਿੱਖਾਂ ਉਤੇ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਪਾਉਣਾ ਲਾਜ਼ਮੀ ਕਰਾਰ ਦਿੱਤਾ ਗਿਆ ਹੈ। ਇਹ ਸਿੱਖਾਂ ਦੇ ਧਾਰਮਿਕ ਕਕਾਰਾਂ ’ਤੇ ਸਿੱਧਾ ਹਮਲਾ ਹੈ ਤੇ ਸਿੱਖ ਇਸ ਨੂੰ ਕਿਸੇ ਵੀ ਤਰ੍ਹਾਂ ਨਾਲ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਹ ਇਸ ਬਾਬਤ ਜਰਮਨੀ ਦੂਤਾਵਾਸ ਵਿਚ ਇਥੋਂ ਦੇ ਅਬੈਂਸਡਰ ਨੂੰ ਲਿਖਤੀ ਰੋਸ ਪੱਤਰ ਦੇਣਗੇ।


