ਅੰਮ੍ਰਿਤਸਰ - ਮੁੰਬਈ ਤੋਂ ਬਾਅਦ ਹੁਣ ਕੋਲਕਾਤਾ ਵਿਚ ਸ੍ਰੀ ਦਰਬਾਰ ਸਾਹਿਬ ਦੀ ਨਕਲ ਕਰਕੇ ‘ਪੰਡਾਲ’ ਬਣਾਉਣ ਅਤੇ ਇਸ ਵਿਚ ਮੂਰਤੀਆਂ ਸਥਾਪਤ ਕਰਨ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਸ਼੍ਰੋਮਣੀ ਕਮੇਟੀ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਹੈ ਤੇ ਇਸ ਦੀ ਜਾਂਚ ਲਈ ਕੋਲਕਾਤਾ ਸਥਿਤ ਗੁਰਦੁਆਰਾ ਬੜਾ ਸਿੱਖ ਸੰਗਤ ਦੇ ਪ੍ਰਬੰਧਕਾਂ ਨੂੰ ਆਖਿਆ ਹੈ। ਕੋਲਕਾਤਾ ਵਿਚ ਇਸ ਵੇਲੇ ਦੁਰਗਾ ਪੂਜਾ ਚੱਲ ਰਹੀ ਹੈ। ਇਸ ਦੌਰਾਨ ਸਮੁੱਚੇ ਪੱਛਮੀ ਬੰਗਾਲ ਨੂੰ ਸਜਾਇਆ ਜਾ ਰਿਹਾ ਹੈ। ਇਸੇ ਤਹਿਤ ਹੀ ਕੋਲਕਾਤਾ ਦੇ ਭਵਾਨੀਪੁਰ ਇਲਾਕੇ ਵਿਚ ਨਾਰਦਨ ਪਾਰਕ ਵਿਚ ਵਿਸ਼ਾਲ ਪੰਡਾਲ ਬਣਾਇਆ ਗਿਆ ਹੈ। ਇਸ ਪੰਡਾਲ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਆਕਾਰ ਅਤੇ ਦਿੱਖ ਦਿੱਤੀ ਗਈ ਹੈ ਜਿਥੇ ਗੁਰਬਾਣੀ ਦੇ ਕੀਰਤਨ ਦੀਆਂ ਧੁਨਾਂ ਵੀ ਸੁਣਾਈ ਦਿੰਦੀਆਂ ਹਨ ਪਰ ਪੰਡਾਲ ਅੰਦਰ ਮੂਰਤੀਆਂ ਸਥਾਪਤ ਕੀਤੀਆਂ ਹੋਈਆਂ ਹਨ। ਇੱਥੇ ਲੋਕ ਜੁੱਤੀਆਂ ਸਣੇ ਘੁੰਮ ਰਹੇ ਹਨ। ਇਸ ਦੀ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ। ਇਹ ਮਾਮਲਾ ਸਾਹਮਣੇ ਆਉਣ ਮਗਰੋਂ ਸਿੱਖ ਸੰਗਤਾਂ ਵਿਚ ਰੋਸ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਇਹ ਕਾਰਵਾਈ ਸਿੱਖ ਰਵਾਇਤਾਂ, ਪ੍ਰੰਪਰਾਵਾਂ ਅਤੇ ਸਿਧਾਂਤਾਂ ਖਿਲਾਫ ਹੈ। ਇਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਹਰਿਮੰਦਰ ਸਾਹਿਬ ਦੀ ਨਕਲ ਕਰਨਾ ਉਚਿਤ ਨਹੀਂ ਹੈ। ਇਸ ਮਾਮਲੇ ਦੀ ਜਾਂਚ ਲਈ ਕੋਲਕਾਤਾ ਗੁਰਦੁਆਰਾ ਬੜਾ ਸਿੱਖ ਸੰਗਤ ਦੇ ਪ੍ਰਬੰਧਕਾਂ ਨੂੰ ਆਖਿਆ ਗਿਆ ਹੈ। ਸਿੱਖ ਮਿਸ਼ਨ ਕੋਲਕਾਤਾ ਦੇ ਇੰਚਾਰਜ ਨੂੰ ਵੀ ਜਾਂਚ ਵਿਚ ਸਹਿਯੋਗ ਦੇਣ ਲਈ ਕਿਹਾ ਗਿਆ ਹੈ।


