ਚੰਡੀਗੜ੍ਹ - ਆਮ ਆਦਮੀ ਪਾਰਟੀ ਵਲੋਂ ਸ. ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਵਜੋਂ ਹਟਾਉਣ 'ਤੇ ਆਪ ਪਾਰਟੀ ਵਿਚਲਾ ਸੰਕਟ ਹੋਰ ਗਹਿਰਾ ਹੁੰਦਾ ਜਾ ਰਿਹੈ ਤੇ ਗੱਲ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਹਾਜ਼ਰੀ ਤੇ ਸ. ਖਹਿਰਾ ਵਲੋਂ ਕੀਤੀ ਗੱਲਬਾਤ ਤੋਂ ਸਹਿਜੇ ਹੀ ਸਾਹਮਣੇ ਆਈ ਹੈ | ਇਸ ਮੌਕੇ 'ਤੇ ਸੁਖਪਾਲ ਸਿੰਘ ਖਹਿਰਾ ਦੇ ਨਾਲ ਆਮ ਆਦਮੀ ਪਾਰਟੀ ਵਿਚਲੇ 8 ਵਿਧਾਇਕਾਂ 'ਚ ਕੰਵਰ ਸੰਧੂ (ਵਿਧਾਇਕ ਖਰੜ), ਨਾਜ਼ਰ ਸਿੰਘ ਮਾਨਸ਼ਾਹੀਆ (ਮਾਨਸਾ), ਮਾਸਟਰ ਬਲਦੇਵ ਸਿੰਘ (ਜੈਤੋਂ), ਜਗਦੇਵ ਸਿੰਘ ਕਮਾਲੂ (ਮੌੜ ਮੰਡੀ), ਜਗਤਾਰ ਸਿੰਘ ਜੱਗਾ (ਰਾਏਕੋਟ), ਪਿਰਮਲ ਸਿੰਘ ਖਾਲਸਾ (ਭਦੌੜ), ਰੁਪਿੰਦਰ ਕੌਰ ਰੂਬੀ (ਬਠਿੰਡਾ ਦਿਹਾਤੀ) ਅਤੇ ਜੈ ਕਿਸ਼ਨ ਰੋੜੀ (ਗੜ੍ਹਸ਼ੰਕਰ) ਸ਼ਾਮਿਲ ਹੋਏ | ਪੱਤਰਕਾਰ ਸੰਮੇਲਨ ਦੌਰਾਨ ਸਭ ਤੋਂ ਪਹਿਲਾਂ ਖਰੜ ਦੇ ਵਿਧਾਇਕ ਕੰਵਰ ਸੰਧੂ ਨੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਡੇ ਸੰਕਟ 'ਚੋਂ ਲੰਘ ਰਹੀ ਤੇ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਾਰਟੀ ਵਲੋਂ ਬਿਨਾਂ ਕੋਈ ਨੋਟਿਸ ਦਿੱਤੇ ਸ. ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਬਦਲਿਆ ਗਿਆ ਹੈ ਉਹ ਪ੍ਰਕਿਰਿਆ ਠੀਕ ਨਹੀਂ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਇਕ ਪੱਤਰ ਵਿਧਾਇਕਾਂ ਦੇ ਹਸਤਾਖਰ ਕਰਵਾ ਕੇ ਇਸ ਫੈਸਲੇ 'ਤੇ ਨਜ਼ਰਸਾਨੀ ਕਰਨ ਲਈ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸ਼ੋਦੀਆ ਨੂੰ ਲਿਖਿਆ ਗਿਆ ਹੈ | ਕੰਵਰ ਸੰਧੂ ਨੇ ਇਹ ਵੀ ਐਲਾਨ ਕੀਤਾ ਕਿ 2 ਅਗਸਤ ਨੂੰ ਬਠਿੰਡਾ ਵਿਖੇ ਆਮ ਆਦਮੀ ਪਾਰਟੀ ਵਿਧਾਇਕਾਂ, ਅਹੁਦੇਦਾਰਾਂ ਅਤੇ ਵਾਲੰਟੀਅਰਾਂ ਦੀ ਕਨਵੈਨਸ਼ਨ ਕਰਨ ਦਾ ਵੀ ਫੈਸਲਾ ਲਿਆ ਹੈ | ਇਸ ਮੌਕੇ 'ਤੇ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਜਿਸ ਤਰ੍ਹਾਂ ਸ. ਖਹਿਰਾ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ ਉਹ ਅਤੇ ਉਨ੍ਹਾਂ ਦੇ ਵਰਕਰ ਚਿੰਤਤ ਹਨ | ਜਗਦੇਵ ਸਿੰਘ ਕਮਾਲੂ ਨੇ ਤਾਂ ਇੱਥੋਂ ਤੱਕ ਕਿਹਾ ਕਿ ਪਾਰਟੀ ਹਾਈ ਕਮਾਂਡ ਨੇ ਉਨ੍ਹਾਂ ਨੂੰ ਸ. ਖਹਿਰਾ ਦੇ ਬਦਲਣ ਬਾਰੇ ਜਾਂ ਨਵਾਂ ਨੇਤਾ ਲਾਉਣ ਲਈ ਪੁੱਛਿਆ ਤੱਕ ਨਹੀਂ | ਇਸ ਤਰ੍ਹਾਂ ਮਾਸਟਰ ਬਲਦੇਵ ਸਿੰਘ ਨੇ ਸ. ਖਹਿਰਾ ਵਲੋਂ ਪੰਜਾਬ ਅਤੇ ਪੰਜਾਬੀਆਂ ਦੀਆਂ ਮੰਗਾਂ ਤੇ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਦੀ ਭਾਵੁਕਤਾ ਭਰਪੂਰ ਗੱਲ ਕੀਤੀ | ਸੁਖਪਾਲ ਸਿੰਘ ਖਹਿਰਾ ਨੇ ਇਸ ਮੌਕੇ ਆਪਣੀ ਗੱਲ ਰੱਖਦਿਆਂ ਕਿਹਾ ਕਿ ਸੱਚ ਬੋਲਣ ਦੀ ਉਨ੍ਹਾਂ ਨੂੰ ਕੀਮਤ ਅਦਾ ਕਰਨੀ ਪਈ ਹੈ | ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦਾ ਅਹੁਦਾ ਉਸ ਲਈ ਕੋਈ ਅਹਿਮ ਨਹੀਂ ਉਹ ਅਜਿਹੇ 100 ਅਹੁਦੇ ਪੰਜਾਬ ਅਤੇ ਪੰਜਾਬੀਆਂ ਦੀਆਂ ਮੰਗਾਂ 'ਤੇ ਨਿਸ਼ਾਵਰ ਕਰਨ ਲਈ ਤਿਆਰ ਹਨ | ਸ. ਖਹਿਰਾ ਨੇ ਕਿਹਾ ਉਹ ਪਾਰਟੀ ਨੂੰ ਕਦੇ ਵੀ ਕਮਜ਼ੋਰ ਨਹੀਂ ਹੋਣ ਦੇਣਗੇ ਕਿਉਂ ਜੋ ਇਹ ਪਾਰਟੀ ਵਲੰਟੀਅਰਾਂ ਦੀ ਬੜੀ ਮਿਹਨਤ ਤੇ ਪਸੀਨਾ ਵਹਾ ਕੇ ਸਿਰਜੀ ਹੋਈ ਪਾਰਟੀ ਹੈ | ਉਨ੍ਹਾਂ ਕਿਹਾ ਪਾਰਟੀ ਨੂੰ ਇਸ ਸੰਕਟ ਦੇ ਦੌਰ ਵਿਚ ਹੋਰ ਮਜਬੂਤੀ ਦੇਣ ਦੇ ਇਰਾਦੇ ਨਾਲ ਹੀ 2 ਅਗਸਤ ਨੂੰ ਬਠਿੰਡਾ ਵਿਚ ਕਨਵੈਨਸ਼ਨ ਸੱਦੀ ਗਈ ਹੈ ਨਾ ਕਿ ਪਾਰਟੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਲਈ ਤੇ ਇਸ ਕਰਕੇ ਪਾਰਟੀ ਵਿਧਾਇਕਾਂ ਦੇ ਨਾਲ-ਨਾਲ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਵੀ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ | ਸੁਖਪਾਲ ਸਿੰਘ ਖਹਿਰਾ ਨੇ ਇਸ ਮੌਕੇ ਉਨ੍ਹਾਂ ਦਾ ਸਾਥ ਦੇਣ ਵਾਲੇ ਪਾਰਟੀ ਵਿਧਾਇਕਾਂ ਦੇ ਨਾਲ-ਨਾਲ ਇਸ ਮੌਕੇ ਪੁੱਜੇ ਪਾਰਟੀ ਦੇ ਹੋਰ ਅਹੁਦੇਦਾਰਾਂ ਲਈ ਵੀ ਧੰਨਵਾਦੀ ਸ਼ਬਦ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਅਜਿਹੇ ਲੋਕਾਂ ਦੀ ਆਪਣੀ ਜ਼ਿੰਦਗੀ 'ਚ ਲੋੜ ਹੈ | ਸ. ਖਹਿਰਾ ਨੇ ਇਹ ਵੀ ਕਿਹਾ ਕਿ ਕਨਵੈਨਸ਼ਨ ਇਸ ਲਈ ਜ਼ਰੂਰੀ ਹੋ ਗਈ ਹੈ ਕਿ ਉਨ੍ਹਾਂ ਨੂੰ ਸੂਚਨਾਵਾਂ ਮਿਲ ਰਹੀਆਂ ਹਨ ਕਿ ਆਮ ਆਦਮੀ ਪਾਰਟੀ ਬਹੁਤ ਸਾਰੇ ਅਹੁਦੇਦਾਰ ਤੇ ਵਰਕਰ ਪਾਰਟੀ ਤੋਂ ਅਸਤੀਫ਼ਾ ਦੇਣ ਬਾਰੇ ਸੋਚਣ ਲੱਗੇ ਹਨ | ਇਸ ਮੌਕੇ ਪੰਜਾਬ ਦੀਆਂ ਵੱਖ-ਵੱਖ ਥਾਵਾਂ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ, ਸਰਗਰਮ ਵਾਲੰਟੀਅਰ ਆਦਿ ਵੀ ਪੁੱਜੇ ਹੋਏ ਸਨ ਜਿਨ੍ਹਾਂ 'ਚ ਵਿਸ਼ੇਸ਼ ਤੌਰ 'ਤੇ ਜਗਤਾਰ ਸਿੰਘ ਰਾਜਲਾ ਸਾਬਕਾ ਵਿਧਾਇਕ, ਚੇਤਨ ਸਿੰਘ (ਪਟਿਆਲਾ), ਮਨਪ੍ਰੀਤ ਸਿੰਘ ਘਵੱਦੀ ਅਤੇ ਸੁਖਦੀਪ ਸਿੰਘ ਜਵੰਦਾ, ਪ੍ਰੋ. ਅਮਿ੍ਤ ਗਰੇਵਾਲ, ਗੁਰਪ੍ਰਤਾਪ ਸਿੰਘ ਡੇਰਾ ਬਾਬਾ ਨਾਨਕ ਅਤੇ ਅਮਰਦੀਪ ਕੌਰ ਆਦਿ ਸ਼ਾਮਿਲ ਸਨ


