ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਨਿਸ਼ਾਨ ਸਾਹਿਬ ਸਿੱਖੀ ਦੀ ਚੜਦੀ ਕਲਾ ਦਾ ਪ੍ਰਤੀਕ ਹੈ, ਸਿੱਖ ਪੰਥ ਦਾ ਆਪਣਾ ਵੱਖਰਾ ਨਿਸ਼ਾਨ ਹੈ, ਆਪਣਾ ਵੱਖਰਾ ਰੰਗ ਹੈ ਬੀਤੇ ਸਮੇ ਦੌਰਾਨ ਆਈਆਂ ਕੌਮੀ ਕਮਜ਼ੋਰੀਆਂ ਕਾਰਣ ਨਿਸ਼ਾਨ ਸਾਹਿਬ ਦਾ ਵੀ ਭਗਵਾਕਰਣ ਹੋ ਗਿਆ ਸੀ । ਗੁਰੂ ਘਰ ਦੇ ਸਾਬਕਾ ਗ੍ਰੰਥੀ ਭਾਈ ਰਘੁਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੀਆਂ ਦੱਸਿਆ ਕੀ ਬੀਤੇ ਐਤਵਾਰ ਨੂੰ ਅਮਰੀਕਾ ਦੇ ਨਿਊ ਜਰਸੀ ਸੂਬੇ ਵਿਚ ਸ੍ਰੀ ਗੁਰੂ ਸਿੰਘ ਸਭਾ ਗਲੇਨ ਰੋਕ ਗੁਰਦਵਾਰਾ ਸਾਹਿਬ ਦੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕੀਤੀ ਗਈ, ਇਸ ਵਾਰੀ ਗੁਰਦਵਾਰਾ ਸਾਹਿਬ ਦੇ ਪ੍ਰਬੰਧਕ ਸੱਜਣਾ ਅਤੇ ਸੰਗਤ ਵਿਚਕਾਰ ਹੋਏ ਵਿਚਾਰਾਂ ਨੂੰ ਮੁਖ ਰੱਖਦਿਆਂ ਇਹ ਫੈਸਲਾ ਕੀਤਾ ਗਿਆ ਕਿ ਗੁਰਦਵਾਰਾ ਸਾਹਿਬ ਵਿਚ ਨਿਸ਼ਾਨ ਸਾਹਿਬ ਦੇ ਰੰਗ ਗੁਰਮਤਿ ਮਰਯਾਦਾ ਅਨੁਸਾਰ ਸੁਰਮਈ ਹੀ ਹੋਣੇ ਚਾਹੀਦੇ ਹਨ । ਸੰਗਤ ਵਲੋਂ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਇਸਦਾ ਅਸਰ ਦੂਜੇ ਗੁਰੂਘਰਾਂ ਤੇ ਪੈਣਾ ਸ਼ੁਰੂ ਹੋ ਗਿਆ ਹੈ । ਗੁਰਦਵਾਰਾ ਸਾਹਿਬ ਪਲੈਨਫੀਲਡ ਇੰਡੀਆਨਾ ਵਿਚ ਵੀ ਸੰਗਤ ਨੇ ਨਿਸ਼ਾਨ ਸਾਹਿਬ ਦੀ ਸੇਵਾ ਸੁਰਮਈ ਰੰਗ ਦੇ ਚੋਲੇ ਨਾਲ ਹੀ ਕੀਤੀ ਜਿਸ ਦਾ ਸਥਾਨਕ ਸੰਗਤ ਵਲੋਂ ਭਰਪੂਰ ਸੁਆਗਤ ਕੀਤਾ ਗਿਆ ਸੀ । ਸੰਗਤ ਵਿਚ ਆ ਰਹੀ ਜਾਗਰੂਕਤਾ ਨਾਲ ਹੋਲੀ ਹੋਲੀ ਬਦਲਾਵ ਆਉਣਾ ਸ਼ੁਰੂ ਹੋ ਗਿਆ ਹੈ । ਇਸ ਮੌਕੇ ਭਾਈ ਹਰਭਜਨ ਸਿੰਘ, ਭਾਈ ਪ੍ਰਿਤਪਾਲ ਸਿੰਘ, ਭਾਈ ਯਾਦਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਸਣੇ ਵਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ ।
ਜਿਕਰਯੋਗ ਹੈ ਕਿ ਛੇਵੇਂ ਪਾਤਸ਼ਾਹ ਤੋਂ ਚਲ ਰਹੀ ਪਰੰਪਰਾ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਜੋ ਕਿ ਨਿਰੋਲ ਭਗਤੀ ਦਾ ਪ੍ਰਤੀਕ ਸੀ ਉਸ ਉਪਰ 1829 (1772 ਈ:) ਸੰਮਤ ਨੂੰ ਭੰਗੀ ਮਿਸਲ ਦੇ ਸਰਦਾਰ ਝੰਡਾ ਸਿੰਘ ਨੇ ਬਸੰਤੀ ਨਿਸ਼ਾਨ ਸਾਹਿਬ ਸਥਾਪਤ ਕੀਤਾ ਜੋ ਕਿ ਅੱਜ ਵੀ ਸਾਡੇ ਗੌਰਵਮਈ ਵਿਰਸੇ ਦਾ ਪ੍ਰਤੀਕ ਹੈ। ਗੁਰਮਤਿ ਮਾਰਤੰਡ ਅਨੁਸਾਰ ਸੰਮਤ 1833 (1775 ਈ:) ਨੂੰ ਸਿੱਖਾਂ ਨੇ ਸ੍ਰੀ ਅਕਾਲ ਤਖ਼ਤ ਦੇ ਸਨਮੁਖ ਦੋ ਨਿਸ਼ਾਨ ਸਾਹਿਬ ਝੁਲਾਏ ਜੋ ਅੱਜ ਵੀ ਹਰ ਸਿੱਖ ਨੂੰ ਧਰਮ ਤੇ ਰਾਜਨੀਤੀ ਦੇ ਸਾਰਥਕ ਸੁਮੇਲ ਤੇ ਗੁਰੁ ਸਾਹਿਬਾਨ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਯਾਦ ਕਰਵਾਇਆ ਕਰਦੇ ਹਨ।
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅਰੰਭਲੇ ਸਮੇਂ ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਅਤੇ ਸੁਰਮਈ ਸੀ ਅਤੇ ਫਰਹਰੇ ਉਪਰ ਸ੍ਰੀ ਅਕਾਲ ਸਹਾਇ ਉਕਰਿਆ ਹੁੰਦਾ ਸੀ । ਜਦੋਂ ਡੋਗਰੇ ਸਿੱਖ ਰਾਜ ਵਿੱਚ ਤਾਕਤ ਫੜ ਗਏ ਤਾਂ ਰਣਜੀਤ ਸਿੰਘ ਦੇ ਸਮੇਂ ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਤੋਂ ਕੇਸਰੀ ਹੋਇਆ ਜੋ ਕਿ ਡੋਗਰਿਆ ਦੀ ਬ੍ਰਾਹਮਣਵਾਦੀ ਸਜ਼ਿਸ਼ੀ ਨੀਤੀ ਦਾ ਹਿੱਸਾ ਸੀ ਅਤੇ ਉਹਨਾਂ ਨੇ ਅੰਗਰੇਜੀ ਸਾਜਿਸ਼ ਅਧੀਨ ਹੀ ਸਭ ਤੋਂ ਪਹਿਲਾਂ ਖਾਲਸਈ ਨਿਸ਼ਾਨ ਸਾਹਿਬ ਦਾ ਰੰਗ ਬ੍ਰਾਹਮਣਵਾਦੀ ਕੇਸਰੀ ਕਰਵਾ ਦਿੱਤਾ ਸੀ ਤੇ ਮਹਾਰਾਜਾ ਜੋ ਕਿ ਪੂਰੀ ਤਰਾਂ ਉਹਨਾਂ ਦੀ ਚਾਲ ਵਿੱਚ ਫਸ ਚੁਕਾ ਸੀ ਇਸ ਬਿਪਰ ਨੀਤੀ ਨੂੰ ਸਮਝ ਨਾ ਸਕਿਆ।
ਅੱਜ ਵੀ ਕਈ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਵੱਲੋਂ ਸੁਰਮਈ ਨਿਸ਼ਾਨ ਸਾਹਿਬ ਸਥਾਪਤ ਕੀਤੇ ਜਾਂਦੇ ਹਨ। ਨਿਹੰਗ ਸਿੰਘਾਂ ਨੇ ਪੁਰਾਤਨ ਪਰੰਪਰਾ ਜਰੂਰ ਸੰਭਾਲ ਕੇ ਰੱਖੀ ਹੋਈ ਹੈ ਤੇ ਇਹ ਵਰਤਮਾਨ ਉਪਰਾਲਾ ਮੁੜ ਸਿੱਖ ਪੰਰਪਰਾਵਾਂ ਨੂੰ ਸਾਂਭਣ ਦੀ ਦਿਸ਼ਾ ਵਲ ਇਕ ਮੀਲ ਦਾ ਪੱਥਰ ਸਾਬਿਤ ਹੋ ਸਕਦਾ ਹੈ ।
ਅਜਿਹੇ ਪ੍ਰਬੰਧਕ ਅਤੇ ਸੰਗਤ ਵਧਾਈ ਦੇ ਪਾਤਰ ਹਨ ਜੋ ਗੁਰਦਵਾਰਾ ਸਾਹਿਬ ਵਿਚ ਸਿਧਾਂਤਕ ਤੋਰ ਤੇ ਪ੍ਰਚਾਰ ਵਿਚ ਆਪਣਾ ਯੋਗਦਾਨ ਪਾ ਰਹੇ ਹਨ, ਕਿਉਂਕਿ ਖਾਲਸਾ ਇਕ ਵੱਖਰੀ ਕੌਮ ਹੈ ਅਤੇ ਖਾਲਸੇ ਦੀ ਵੱਖਰੀ ਪਛਾਣ ਅਤੇ ਵੱਖਰੇ ਨਿਸ਼ਾਨ ਹਨ ।


