ਜਲੰਧਰ - ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਸਸਤੇ ਭਾਅ ਖ਼ਰੀਦ ਕੇ ਪੰਜਾਬ ਅੰਦਰ ਲਿਆ ਕੇ ਉਹੀ ਝੋਨਾ ਮਹਿੰਗੇ ਭਾਅ ਵੇਚਣ ਦਾ ਧੰਦਾ ਬੜੇ ਜ਼ੋਰਾਂ ਨਾਲ ਚੱਲ ਰਿਹਾ ਹੈ | 'ਅਜੀਤ' ਵਲੋਂ ਇਸ ਸਬੰਧੀ ਪ੍ਰਮੱੁਖਤਾ ਨਾਲ ਛਾਪੇ ਜਾਣ ਬਾਅਦ ਪੰਜਾਬ ਸਰਕਾਰ ਤੇ ਕਿਸਾਨ ਜਥੇਬੰਦੀਆਂ ਵੀ ਸਰਗਰਮ ਹੋ ਗਈਆਂ ਹਨ | ਪੰਜਾਬ ਪੁਲਿਸ ਤੇ ਮੰਡੀ ਬੋਰਡ ਨੇ ਕਾਰਵਾਈ ਕਰਦਿਆਂ ਸਰਹੱਦੀ ਜ਼ਿਲਿ੍ਹਆਂ ਪਟਿਆਲਾ, ਸੰਗਰੂਰ, ਮਾਨਸਾ, ਬਠਿੰਡਾ, ਮੁਕਤਸਰ ਤੇ ਫ਼ਾਜ਼ਿਲਕਾ ਜ਼ਿਲਿ੍ਹਆ ਵਿਚ 200 ਦੇ ਕਰੀਬ ਝੋਨੇ ਲੱਦੇ ਅਜਿਹੇ ਟਰੱਕ ਫੜੇੇ ਹਨ ਜੋ ਇਹ ਝੋਨਾ ਬਿਹਾਰ ਤੇ ਉੱਤਰ ਪ੍ਰਦੇਸ਼ 'ਚੋਂ 1100 ਤੋਂ 1300 ਰੁਪਏ ਵਿਚ ਖ਼ਰੀਦ ਕੇ ਲਿਆਏ ਹਨ | ਪੁਲਿਸ ਨੇ ਅਜਿਹੇ ਟਰਾਲਿਆਂ ਖ਼ਿਲਾਫ਼ ਕੇਸ ਦਰਜ ਕਰ ਲਏ ਹਨ | ਕਿਸਾਨਾਂ ਤੇ ਖੇਤੀ ਉਪਜ ਨੂੰ ਬੰਧਨ ਮੁਕਤ ਕਰਨ ਦੇ ਨਾਂਅ ਹੇਠ ਪਾਸ ਕੀਤੇ ਕਾਨੂੰਨਾਂ ਬਾਅਦ ਦੂਜੇ ਰਾਜਾਂ ਤੋਂ ਲਿਆ ਕੇ ਪੰਜਾਬ ਵਿਚ ਇਹ ਝੋਨਾ ਸਮਰਥਨ ਮੁੱਲ ਦੇ ਭਾਅ ਵੇਚ ਕੇ ਮੁਨਾਫ਼ਾ ਕਮਾਉਣ ਦਾ ਇਹ ਧੰਦਾ ਜ਼ੋਰਾਂ ਉੱਪਰ ਚੱਲ ਰਿਹਾ ਹੈ | ਮੰਡੀ ਬੋਰਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਰੀਬ 100 ਟਰਾਲਿਆਂ ਖ਼ਿਲਾਫ਼ ਤਾਂ ਕੇਸ ਦਰਜ ਹੋ ਚੁੱਕੇ ਹਨ ਤੇ 300 ਦੇ ਕਰੀਬ ਹੋਰ ਟਰਾਲੇ ਫੜ ਕੇ ਖੜ੍ਹੇ ਕੀਤੇ ਹੋਏ ਹਨ ਜਿਨ੍ਹਾਂ ਖ਼ਿਲਾਫ਼ ਕਾਰਵਾਈ ਚੱਲ ਰਹੀ ਹੈ | ਇਨ੍ਹਾਂ ਟਰਾਲਿਆਂ ਵਿਚ 25 ਤੋਂ 35 ਟਨ ਦੇ ਕਰੀਬ ਝੋਨਾ ਲੱਦਿਆ ਹੋਇਆ ਹੈ | ਇਹ ਗਿਣਤੀ ਤਾਂ ਸਿਰਫ਼ ਫੜੇ ਗਏ ਟਰਾਲਿਆਂ ਦੀ ਹੈ ਜੋ ਮਿਲੀਭੁਗਤ ਜਾਂ ਚੋਰ ਮੋਰੀਆਂ ਰਾਹੀਂ ਲੰਘ ਜਾਂਦੇ ਹਨ, ਉਨ੍ਹਾਂ ਦੀ ਗਿਣਤੀ ਵੱਖਰੀ ਹੈ | ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਹਰਲੇ ਰਾਜਾਂ ਤੋਂ ਆਇਆ ਝੋਨਾ ਆੜ੍ਹਤੀਆਂ ਰਾਹੀਂ ਮੰਡੀਆਂ ਵਿਚ ਵੇਚਿਆ ਜਾਂਦਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਬਾਹਰਲੇ ਰਾਜਾਂ ਤੋਂ ਆਉਣ ਵਾਲਾ ਝੋਨਾ ਨਾ ਰੋਕਿਆ ਗਿਆ ਤਾਂ ਪੰਜਾਬ ਦਾ ਸਾਰਾ ਝੋਨਾ ਸਮਰਥਨ ਮੁੱਲ ਉੱਪਰ ਵਿਕਣਾ ਮੁਸ਼ਕਿਲ ਹੋ ਜਾਵੇਗਾ | ਕੇਂਦਰ ਸਰਕਾਰ ਨੇ ਤਾਂ ਪਹਿਲਾਂ ਹੀ ਰਿਜ਼ਰਵ ਬੈਂਕ ਤੋਂ ਖ਼ਰੀਦ ਲਈ ਮਿਲੀ ਕਰਜ਼ਾ ਹੱਦ 'ਚ 5 ਹਜ਼ਾਰ ਕਰੋੜ ਰੁਪਏ ਦੀ ਕਟੌਤੀ ਕਰ ਰੱਖੀ ਹੈ | ਬੀ.ਕੇ.ਯੂ. ਡਕੌਾਦਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਦਾਅਵਿਆਂ ਦੀ ਤਾਂ ਇਸ ਗੱਲ ਨਾਲ ਹੀ ਫੂਕ ਨਿਕਲ ਰਹੀ ਹੈ | ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਨਿੱਜੀ ਖਰੀਦਦਾਰਾਂ ਦੇ ਸ਼ਾਮਿਲ ਹੋਣ ਨਾਲ ਕਿਸਾਨਾਂ ਨੂੰ ਵੱਧ ਭਾਅ ਮਿਲੇਗਾ | ਉਨ੍ਹਾਂ ਸਵਾਲ ਕੀਤਾ ਕਿ ਜੇ ਅਜਿਹਾ ਹੁੰਦਾ ਫਿਰ ਭਲਾ ਯੂ.ਪੀ., ਬਿਹਾਰ ਦੇ ਕਿਸਾਨ ਝੋਨਾ 11-1200 ਰੁਪਏ ਕੁਇੰਟਲ ਵੇਚਣ ਲਈ ਮਜਬੂਰ ਕਿਉਂ ਹੋਣ |


