ਅੰਮ੍ਰਿਤਸਰ - ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁਖੀ ਭਾਈ ਰਣਜੀਤ ਸਿੰਘ ਨੇ 328 ਸਰੂਪਾਂ ਦੇ ਮਾਮਲੇ ਵਿਚ ਜਾਂਚ ਕਰਨ ਵਾਲੇ ਭਾਈ ਈਸ਼ਰ ਸਿੰਘ ਨੂੰ ਆਖਿਆ ਹੈ ਕਿ ਉਹ ਇਸ ਮਾਮਲੇ ਵਿਚ ਮੀਡੀਆ ਸਾਹਮਣੇ ਆ ਕੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ। ਦੱਸਣਯੋਗ ਹੈ ਕਿ ਭਾਈ ਰਣਜੀਤ ਸਿੰਘ ਨੇ ਜਾਂਚ ਰਿਪੋਰਟ ਬਾਰੇ ਦੋਸ਼ ਲਾਇਆ ਸੀ ਕਿ ਇਹ ਜਾਂਚ ਰਿਪੋਰਟ ਅਸਲੀ ਨਹੀਂ ਹੈ। ਅਸਲੀ ਜਾਂਚ ਰਿਪੋਰਟ ਦੇ ਹਰ ਪੰਨੇ ’ਤੇ ਤਿੰਨੇ ਜਾਂਚ ਕਰਤਾ ਕਮੇਟੀ ਮੈਂਬਰਾਂ ਦੇ ਦਸਤਖਤ ਹਨ ਜਦੋਂਕਿ ਦੂਜੇ ਪਾਸੇ ਭਾਈ ਈਸ਼ਰ ਸਿੰਘ ਨੇ ਇਕ ਵੀਡੀਓ ਰਾਹੀਂ ਭਾਈ ਰਣਜੀਤ ਸਿੰਘ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ ਅਤੇ ਉਨ੍ਹਾਂ ’ਤੇ ਸੰਗਤ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ ਸੀ। ਇਸ ਮਾਮਲੇ ਵਿਚ ਭਾਈ ਰਣਜੀਤ ਸਿੰਘ ਨੇ ਆਖਿਆ ਕਿ ਜੇਕਰ ਇਕ ਰਿਪੋਰਟ ਦੇ ਹਰ ਪੰਨੇ ’ਤੇ ਦਸਤਖਤ ਕੀਤੇ ਗਏ ਹਨ ਤਾਂ ਇਹ ਰਿਪੋਰਟ ਸ੍ਰੀ ਅਕਾਲ ਤਖਤ ’ਤੇ ਕਿਉ ਨਹੀਂ ਦਿੱਤੀ ਗਈ। ਕਿਸੇ ਵੀ ਅਦਾਲਤ ਵਲੋਂ ਜਦ ਕਿਸੇ ਦਸਤਾਵੇਜ਼ ਦੀ ਨਕਲ ਦਿੱਤੀ ਜਾਂਦੀ ਹੈ ਤਾਂ ਉਹ ਅਸਲ ਕਾਪੀ ਦੀ ਨਕਲ ਹੁੰਦੀ ਹੈ। ਉਨ੍ਹਾਂ ਆਖਿਆ ਕਿ ਜਿਨ੍ਹਾਂ 125 ਸਰੂਪਾਂ ਦੇ ਮਾਮਲੇ ਨੂੰ ਉਹ ਝੂਠ ਆਖ ਰਹੇ ਹਨ, ਇਸ ਬਾਰੇ ਉਨ੍ਹਾਂ ਨੇ ਹੀ ਆਪਣੀ ਜਾਂਚ ਰਿਪੋਰਟ ਦੇ ਪੰਨਾ ਨੰਬਰ 159 ਵਿਚ ਇਸ ਦਾ ਜ਼ਿਕਰ ਕੀਤਾ ਹੈ। ਇਸ ਵਿਚ ਸਪਸ਼ਟ ਲਿਖਿਆ ਹੈ ਕਿ ਵਾਧੂ ਅੰਗਾਂ ਤੋਂ 125 ਸਰੂਪ ਤਿਆਰ ਕੀਤੇ ਗਏ ਸਨ। ਉਨ੍ਹਾਂ ਈਸ਼ਰ ਸਿੰਘ ਨੂੰ ਪੁੱਛਿਆ ਕਿ ਪਬਲੀਕੇਸ਼ਨ ਵਿਭਾਗ ਦੇ ਸਹਿ ਸੁਪਰਵਾਈਜ਼ਰ ਕੰਵਲਜੀਤ ਸਿੰਘ ਨੇ ਆਖਿਆ ਹੈ ਕਿ ਉਹ ਅਧਿਕਾਰੀਆਂ ਵਲੋਂ ਭੇਜੀਆਂ ਕੱਚੀਆਂ ਪਰਚੀਆਂ ਦੇ ਆਧਾਰ ’ਤੇ ਅਗਾਂਹ ਪਾਵਨ ਸਰੂਪ ਦਿੰਦੇ ਸਨ, ਜੋ ਉਸ ਕੋਲੋਂ ਖੋਹ ਲਈਆਂ ਗਈਆਂ ਹਨ ਪਰ ਇਸ ਮੁੱਦੇ ਨੂੰ ਕੇਂਦਰ ਬਣਾ ਕੇ ਜਾਂਚ ਕਿਉਂ ਨਹੀ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਈਸ਼ਰ ਸਿੰਘ ਇਸ ਜਾਂਚ ਦੇ ਸਮਰੱਥ ਹੀ ਨਹੀਂ ਸਨ ਪਰ ਉਨ੍ਹਾਂ ਨੂੰ ਇਹ ਵੱਡਾ ਕੰਮ ਸੌਂਪ ਦਿੱਤਾ ਗਿਆ ਹੈ। ਇਸ ਕਰ ਕੇ ਉਹ ਮੀਡੀਆ ਦੀ ਹਾਜ਼ਰੀ ਵਿਚ ਸਵਾਲਾਂ ਦੇ ਜਵਾਬ ਦੇਣ।


