ਅੰਮ੍ਰਿਤਸਰ - ਕੇਂਦਰ ਸਰਕਾਰ ਵੱਲੋਂ ਗੁਰਦੁਆਰਾ ਚੋਣਾਂ ਵਾਸਤੇ ਮੁੱਖ ਗੁਰਦੁਆਰਾ ਚੋਣ ਕਮਿਸ਼ਨਰ ਦੀ ਨਿਯੁਕਤੀ ਕੀਤੇ ਜਾਣ ਮਗਰੋਂ ਇਸ ਸਬੰਧੀ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਇਹ ਚੋਣਾਂ ਲੜਨ ਦੀਆਂ ਇਛੁੱਕ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਤੋਂ ਲਾਂਭੇ ਕਰਨ ਦੇ ਮਕਸਦ ਨਾਲ ਇੱਕ ਸਾਂਝਾ ਪੰਥਕ ਫਰੰਟ ਕਾਇਮ ਕਰਨ ਲਈ ਗਤੀਵਿਧੀਆਂ ਆਰੰਭ ਦਿੱਤੀਆਂ ਹਨ।
ਇਸ ਕਾਰਜ ਵਾਸਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ, ਸ਼੍ਰੋਮਣੀ ਅਕਾਲੀ ਦਲ 1920 ਵਿਚਾਲੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਇਨ੍ਹਾਂ ਸਿੱਖ ਜਥੇਬੰਦੀਆ ਦੇ ਆਗੂਆਂ ਵਿਚਾਲੇ ਦੋ ਮੀਟਿੰਗ ਹੋ ਚੁੱਕੀਆਂ ਹਨ ਅਤੇ ਅੱਜ-ਭਲਕੇ ਇੱਕ ਹੋਰ ਮੀਟਿੰਗ ਹੋਣ ਜਾ ਰਹੀ ਹੈ। ਇਸ ਸਬੰਧੀ ਸੰਤ ਸਮਾਜ ਦੇ ਆਗੂ ਬਾਬਾ ਸਰਬਜੋਤ ਸਿੰੰਘ ਬੇਦੀ ਨਾਲ ਵੀ ਮਿਲਿਆ ਜਾ ਚੁੱਕਾ ਹੈ ਅਤੇ ਅਗਲੀ ਮੀਟਿੰਗ ਸਾਬਕਾ ਜਥੇਦਾਰ ਤੇ ਪੰਥਕ ਅਕਾਲੀ ਲਹਿਰ ਦੇ ਮੁਖੀ ਭਾਈ ਰਣਜੀਤ ਸਿੰਘ ਨਾਲ ਕਰਨ ਦੀ ਯੋਜਨਾ ਹੈ। ਸਾਂਝਾ ਪੰਥਕ ਫਰੰਟ ਬਣਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ, ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਵਿਚਾਲੇ ਇਕ ਮੀਟਿੰਗ ਚੰਡੀਗੜ੍ਹ ਵਿੱਚ ਹੋਈ ਹੈ। ਇਸ ਮੀਟਿੰਗ ਤੋਂ ਪਹਿਲਾਂ ਬ੍ਰਹਮਪੁਰਾ ਅਤੇ ਰਵੀਇੰਦਰ ਮਿਲੇ ਸਨ। ਮਗਰੋਂ ਇਹ ਸਾਰੇ ਊਨਾ ਵਿੱਚ ਸੰਤ ਸਮਾਜ ਦੇ ਬਾਬਾ ਸਰਬਜੋਤ ਸਿੰਘ ਬੇਦੀ ਨੂੰ ਮਿਲੇ ਅਤੇ ਉਨ੍ਹਾਂ ਦੀ ਸਹਿਮਤੀ ਲੈਣ ਮਗਰੋਂ ਹੁਣ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਸਹਿਮਤੀ ਲੈਣ ਲਈ ਮੀਟਿੰਗ ਕਰਨ ਦੀ ਸੰਭਾਵਨਾ ਹੈ। ਇਨ੍ਹਾਂ ਮੀਟਿੰਗਾਂ ਵਿਚ ਇਹ ਤੈਅ ਹੋਇਆ ਹੈ ਕਿ ਇਨ੍ਹਾਂ ਸਿੱਖ ਆਗੂਆਂ ’ਚੋ ਖੁਦ ਕੋਈ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਲੜੇਗਾ ਸਗੋਂ ਇਨ੍ਹਾਂ ਦੀ ਅਗਵਾਈ ਵਿਚ ਸਾਂਝੇ ਉਮੀਦਵਾਰ ਮੈਦਾਨ ਵਿਚ ਉਤਾਰੇ ਜਾਣਗੇ। ਸ਼੍ਰੋਮਣੀ ਕਮੇਟੀ ਦੀ ਚੋਣ ਜਿੱਤ ਕੇ ਮੈਂਬਰ ਬਣਨ ਵਾਲਾ ਆਗੂ ਇਸ ਤੋਂ ਬਾਅਦ ਕੋਈ ਸਿਆਸੀ ਅਹੁਦਾ ਨਹੀਂ ਲਵੇਗਾ।
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਤੇ ਬੁਲਾਰੇ ਭਾਈ ਕਰਨੈਲ ਸਿੰੰਘ ਪੀਰਮੁਹੰਮਦ ਨੇ ਦੱਸਿਆ ਕਿ ਫਿਲਹਾਲ ਆਪਸੀ ਮੀਟਿੰਗ ਦਾ ਸਿਲਸਿਲਾ ਜਾਰੀ ਹੈ। ਜਲਦੀ ਹੀ ਸਾਂਝੇ ਪੰਥਕ ਫਰੰਟ ਬਾਰੇ ਗੱਲ ਤੈਅ ਹੋਣ ਦੀ ਸੰਭਾਵਨਾ ਹੈ। ਜੇ ਇਨ੍ਹਾਂ ਵਿਚਾਲੇ ਆਪਸੀ ਗੱਲਬਾਤ ਤੈਅ ਹੋ ਜਾਂਦੀ ਹੈ ਤਾਂ ਇਨ੍ਹਾਂ ਸਿੱਖ ਜਥੇਬੰਦੀਆਂ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ 27 ਨਵੰਬਰ ਨੂੰ ਅੰਤ੍ਰਿੰਗ ਕਮੇਟੀ ਵਿਚ ਆਪਣਾ ਮੈਂਬਰ ਸ਼ਾਮਲ ਕਰਨ ਲਈ ਵੀ ਦਾਅਵਾ ਪੇਸ਼ ਕੀਤਾ ਜਾ ਸਕਦਾ ਹੈ।


