ਅੰਮਿ੍ਤਸਰ - ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਭਗਵਾਨ ਸਿੰਘ ਦੀ ਪੁੱਤਰੀ ਜਗਜੀਤ ਕੌਰ ਦੇ ਬਾਅਦ ਉਸੇ ਪਰਿਵਾਰ ਨਾਲ ਸਬੰਧਿਤ ਇਕ ਹੋਰ ਸਿੱਖ ਲੜਕੀ ਜਗਮੀਤ ਕੌਰ (17.5 ਸਾਲ), ਜਿਸ ਨੂੰ ਜੁਨੇਦ ਨਾਂਅ ਦੇ ਮੁਸਲਿਮ ਲੜਕੇ ਵਲੋਂ ਆਪਣੇ ਸਾਥੀ ਦੀ ਸਹਾਇਤਾ ਨਾਲ ਕਥਿਤ ਤੌਰ 'ਤੇ ਅਗਵਾ ਕੀਤਾ ਗਿਆ ਸੀ, ਨੂੰ ਉਸ ਦੇ ਵਾਰਸਾਂ ਵਲੋਂ ਬਰਾਮਦ ਕਰਕੇ ਇਕ ਸੁਰੱਖਿਅਤ ਠਿਕਾਣੇ 'ਤੇ ਭੇਜ ਦਿੱਤਾ ਗਿਆ ਹੈ | ਜਗਮੀਤ ਕੌਰ ਅਸਲ 'ਚ ਜਗਜੀਤ ਕੌਰ ਦੇ ਭਰਾ ਦੇ ਭਣੋਈਆ ਰਣਜੀਤ ਸਿੰਘ ਦੀ ਪੁੱਤਰੀ ਹੈ ਅਤੇ ਉਸ ਨੂੰ ਅਗਵਾ ਕਰਨ ਵਾਲਾ ਜਗਜੀਤ ਕੌਰ ਦੇ ਮੁਸਲਿਮ ਪਤੀ ਮੁਹੰਮਦ ਅਹਿਸਾਨ ਪੁੱਤਰ ਜੁਲਫਿਕਾਰ ਅਲੀ ਖ਼ਾਨ ਦਾ ਨਜ਼ਦੀਕੀ ਰਿਸ਼ਤੇਦਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਕਥਿਤ ਅਗਵਾ ਦੇ ਮਾਮਲੇ ਦੀ ਜਗਮੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਇਕ ਮਹਿਲਾ ਵਕੀਲ ਵਲੋਂ ਸੂਚਨਾ ਮਿਲਣ 'ਤੇ ਉਨ੍ਹਾਂ ਨੇ ੳੱੁਥੋਂ ਉਸ ਨੂੰ ਅਤੇ ਜੁਨੇਦ ਨੂੰ ਕਾਬੂ ਕਰ ਲਿਆ | ਇਹ ਵੀ ਜਾਣਕਾਰੀ ਮਿਲੀ ਹੈ ਕਿ ਜਗਮੀਤ ਕੌਰ ਦਾ ਨਾ ਤਾਂ ਅਜੇ ਤੱਕ ਧਰਮ ਪਰਿਵਰਤਨ ਕਰਵਾਇਆ ਗਿਆ ਸੀ ਅਤੇ ਨਾ ਹੀ ਉਸ ਦਾ ਅਦਾਲਤ 'ਚ ਨਿਕਾਹ ਹੀ ਕਰਵਾਇਆ ਗਿਆ ਸੀ |


