ਬਠਿੰਡਾ - ਤਲਵੰਡੀ ਸਾਬੋ ਅਦਾਲਤ ਨੇ ਮੌੜ ਬੰਬ ਧਮਾਕੇ ’ਚ ਨਾਮਜ਼ਦ ਕੀਤੇ ਮੁੱਖ ਮੁਲਜ਼ਮਾਂ ਦੀ ਤਿੱਕੜੀ ਨੂੰ ਭਗੌੜਾ ਐਲਾਨਣ ਦੀ ਕਾਰਵਾਈ ਵਿੱਢ ਦਿੱਤੀ ਹੈ। ਅਦਾਲਤ ਨੇ ਅੱਜ ਮੁਲਾਜ਼ਮਾਂ ਨੂੰ ਆਖ਼ਰੀ ਮੌਕਾ ਦਿੰਦੇ ਹੋਏ ਇਸ਼ਤਿਹਾਰ ਜਾਰੀ ਕੀਤਾ ਹੈ। ਇਸ਼ਤਿਹਾਰ ਵਿੱਚ ਮੁਲਜ਼ਮਾਂ ਨੂੰ 30 ਦਿਨਾਂ ਦੇ ਅੰਦਰ ਅੰਦਰ ਪੇਸ਼ ਹੋਣ ਦਾ ਮੌਕਾ ਦਿੱਤਾ ਗਿਆ ਹੈ। ਇਹ ਇਸ਼ਤਿਹਾਰ ਹੁਣ ਤਿੰਨੋਂ ਮੁਲਜ਼ਮਾਂ ਦੇ ਘਰਾਂ ਅੱਗੇ ਚਿਪਕਾਏ ਜਾਣੇ ਹਨ। ਇੱਕ ਇਸ਼ਤਿਹਾਰ ਤਲਵੰਡੀ ਸਾਬੋ ਅਦਾਲਤ ਦੇ ਨੋਟਿਸ ਬੋਰਡ ’ਤੇ ਵੀ ਲਾਇਆ ਜਾਵੇਗਾ। ਜੇਕਰ 30 ਦਿਨਾਂ ਵਿੱਚ ਮੁਲਜ਼ਮ ਪੇਸ਼ ਨਾ ਹੋਏ ਤਾਂ ਅਦਾਲਤ ਵੱਲੋਂ ਉਨ੍ਹਾਂ ਨੂੰ ਭਗੌੜਾ ਐਲਾਨ ਦਿੱਤਾ ਜਾਵੇਗਾ। ਅੱਜ ਅਦਾਲਤ ਨੇ ਅਗਲੀ ਪੇਸ਼ੀ 24 ਸਤੰਬਰ ਪਾ ਦਿੱਤੀ ਹੈ। ਵਿਸ਼ੇਸ਼ ਜਾਂਚ ਟੀਮ ਨੇ ਵੀ ਮੁੱਖ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਮੌੜ ਬੰਬ ਧਮਾਕੇ ਦੇ ਸਬੰਧ ਵਿੱਚ ਫਰਵਰੀ 2018 ਵਿੱਚ ਹੀ ਗੁਰਤੇਜ ਸਿੰਘ ਕਾਲਾ, ਅਮਰੀਕ ਸਿੰਘ ਅਤੇ ਅਵਤਾਰ ਸਿੰਘ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਪੁਲੀਸ ਮੁਲਜ਼ਮਾਂ ਦੀ ਪੈੜ ਨੱਪਣ ਵਿੱਚ ਹੁਣ ਤੱਕ ਫ਼ੇਲ੍ਹ ਰਹੀ ਹੈ। ਹਾਈ ਕੋਰਟ ਦੀ ਝਿੜਕ ਮਗਰੋਂ ਪੁਲੀਸ ਨੇ ਮੁਸਤੈਦੀ ਦਿਖਾਉਣੀ ਸ਼ੁਰੂ ਕੀਤੀ ਹੈ। ‘ਸਿੱਟ’ ਨੇ ਤਲਵੰਡੀ ਸਾਬੋ ਅਦਾਲਤ ਵਿੱਚ ਕੁਝ ਅਰਸਾ ਪਹਿਲਾਂ ਚਾਰ ਗਵਾਹ ਭੁਗਤਾਏ ਸਨ, ਜਿਨ੍ਹਾਂ ਦੇ ਆਧਾਰ ’ਤੇ ਤਿੰਨ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਹੁਣ ਮੁਲਜ਼ਮ ਗੁਰਤੇਜ ਕਾਲਾ ਨੂੰ ਖ਼ਾਸ ਤੌਰ ’ਤੇ ਗ੍ਰਿਫ਼ਤਾਰ ਕਰਨਾ ਪੁਲੀਸ ਲਈ ਚੁਣੌਤੀ ਬਣਿਆ ਹੋਇਆ ਹੈ। ਤਫ਼ਤੀਸ਼ੀ ਅਫ਼ਸਰ ਇੰਸਪੈਕਟਰ ਦਲਬੀਰ ਸਿੰਘ ਨੇ ਦੱਸਿਆ ਕਿ ਤਲਵੰਡੀ ਸਾਬੋ ਅਦਾਲਤ ਨੇ ਅੱਜ ਤਿੰਨੋਂ ਮੁਲਜ਼ਮਾਂ ਦੇ ਇਸ਼ਤਿਹਾਰ ਜਾਰੀ ਕਰ ਦਿੱਤੇ ਹਨ। ਜੇਕਰ ਮੁਲਜ਼ਮ ਪੇਸ਼ ਨਾ ਹੋਏ ਤਾਂ ਉਨ੍ਹਾਂ ਨੂੰ ਅਦਾਲਤ ਭਗੌੜਾ ਐਲਾਨ ਦੇਵੇਗੀ। ਉਨ੍ਹਾਂ ਦੱਸਿਆ ਕਿ ਭਗੌੜਾ ਐਲਾਨੇ ਜਾਣ ਮਗਰੋਂ ਮੁਲਜ਼ਮਾਂ ਦੀ ਜਾਇਦਾਦ ਜ਼ਬਤ ਕੀਤੇ ਜਾਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਸੂਤਰ ਆਖਦੇ ਹਨ ਕਿ ਵਿਸ਼ੇਸ਼ ਜਾਂਚ ਟੀਮ ਹਾਈ ਕੋਰਟ ਤੋਂ ਮਿਲੇ ਇੱਕ ਮਹੀਨੇ ਦੌਰਾਨ ਆਪਣੀ ਪ੍ਰਗਤੀ ਦਿਖਾਉਣਾ ਚਾਹੁੰਦੀ ਹੈ ਅਤੇ ਮੁਲਜ਼ਮਾਂ ਦੀ ਭਾਲ ਵਿੱਚ ਵੀ ਜੁੱਟ ਗਈ ਹੈ। ਦੱਸਣਯੋਗ ਹੈ ਕਿ 31 ਜਨਵਰੀ 2017 ਨੂੰ ਮੌੜ ਮੰਡੀ ਵਿੱਚ ਚੋਣਾਂ ਦੇ ਪ੍ਰਚਾਰ ਦੌਰਾਨ ਮਾਰੂਤੀ ਕਾਰ ਵਿਚ ਬੰਬ ਧਮਾਕਾ ਹੋਇਆ ਸੀ, ਜਿਸ ‘ਚ 7 ਜਾਨਾਂ ਚਲੀਆਂ ਗਈਆਂ ਸਨ ਅਤੇ 12 ਜਣੇ ਜ਼ਖ਼ਮੀ ਹੋਏ ਸਨ। ਸੂਤਰ ਦੱਸਦੇ ਹਨ ਕਿ ਸਿੱਟ ਨੇ ਮੁਲਜ਼ਮਾਂ ਦੀ ਪੈੜ ਨੱਪਣ ਲਈ ਰਣਨੀਤੀ ਘੜ ਲਈ ਹੈ ਅਤੇ ਆਉਂਦੇ ਹਫ਼ਤੇ ਪੁਲੀਸ ਟੀਮਾਂ ਦੀ ਸਰਗਰਮੀ ਇਕਦਮ ਵਧਣ ਦੀ ਉਮੀਦ ਹੈ।