ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ ਸਭਾ ਵਿਚ ਬਹਿਸ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਸਦਨ 'ਚ ਵਾਕਆਊਟ ਕਰ ਦਿੱਤਾ। ਅਕਾਲੀ ਦਲ ਨੇ ਇਸ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਸਰਕਾਰੀ ਕਮਿਸ਼ਨ ਕਰਾਰ ਦਿੰਦਿਆਂ ਬਹਿਸ ਤੋਂ ਪਾਸਾ ਵੱਟ ਲਿਆ।
ਵਾਕਆਊਟ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਸ਼ਬਦੀ ਭੇੜ ਵੀ ਹੋਇਆ। ਕੈਪਟਨ ਦੇ ਤਿੱਖੇ ਤੇਵਰਾਂ ਮਗਰੋਂ ਸੁਖਬੀਰ ਬਾਦਲ ਨੇ ਆਪਣੇ ਸਾਥੀ ਵਿਧਾਇਕਾਂ ਨਾਲ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ।
ਬਾਅਦ ਵਿੱਚ ਅਕਾਲੀ ਦਲ ਖਿਲਾਫ ਨਿੰਦਾ ਮਤਾ ਪਾਸ ਕੀਤਾ ਗਿਆ। ਇਹ ਮਤਾ ਵਿਰੋਧੀ ਧਿਰ ਵੱਲੋਂ ਲਿਆਂਦਾ ਗਿਆ ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਹ ਮਤਾ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ ਦੀ ਬੇਅਦਬੀ ਕਰਨ ਖਿਲਾਫ ਪਾਸ ਕੀਤਾ ਗਿਆ। ਮਤੇ ਵਿੱਚ ਕਿਹਾ ਗਿਆ ਕਿ ਅਕਾਲੀ ਦਲ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਦਰਅਸਲ ਰਿਪੋਰਟ 'ਚ ਬਾਦਲਾਂ ਦਾ ਨਾਂ ਆਉਣ ਤੋਂ ਬਾਅਦ ਸੁਖਬੀਰ ਬਾਦਲ ਲਗਾਤਾਰ ਇਸ ਰਿਪੋਰਟ ਦਾ ਵਿਰੋਧ ਕਰ ਰਹੇ ਹਨ। ਬੇਅਦਬੀ ਮਾਮਲਿਆਂ 'ਤੇ ਜਸਸਿਟ ਰਣਜੀਤ ਸਿੰਘ (ਸੇਵਾਮੁਕਤ) ਕਮਿਸ਼ਨ ਵੱਲੋਂ ਰਿਪੋਰਟ ਕੱਲ੍ਹ ਵਿਧਾਨ ਸਭਾ 'ਚ ਸੌਂਪ ਦਿੱਤੀ ਗਈ ਸੀ। ਅੱਜ ਇਸ ਰਿਪਰੋਟ 'ਤੇ ਦੋ ਘੰਟੇ ਬਹਿਸ ਰੱਖੀ ਗਈ ਹੈ।


