ਨਵੀਂ ਦਿੱਲੀ - ਇਥੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਅੱਜ ਮੀਟਿੰਗ ਹੋਈ ਜਿਸ ਵਿਚ ਕਈ ਮਤੇ ਪਾਸ ਕੀਤੇ ਗਏ, ਜਿਨ੍ਹਾਂ ’ਚ ਮੁੱਖ ਤੌਰ ’ਤੇ ਬਾਦਲ ਦਲ ਦਾ ਮੁਕੰਮਲ ਪੰਥਕ ਬਾਈਕਾਟ ਕੀਤਾ ਜਾਣਾ ਸ਼ਾਮਲ ਹੈ। ਸ੍ਰੀ ਸਰਨਾ ਨੇ ਦੱਸਿਆ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸਬੂਤਾਂ, ਗਵਾਹਾਂ ਤੇ ਉਸ ਸਮੇਂ ਦੇ ਤਤਕਾਲੀ ਹਾਲਾਤ ਦੀ ਪੁਸ਼ਟੀ ਕਰਨ ਉਪਰੰਤ ਖੁਲਾਸਾ ਕੀਤਾ ਹੈ ਕਿ ਉਸ ਸਮੇਂ ਪੰਜਾਬ ਦੇ ਤਾਕਤਵਰ ਸਿਆਸੀ ਲੋਕਾਂ ਨੇ ਸਾਜ਼ਿਸ਼ ਅਧੀਨ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਹੁਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ’ਚ ਸ਼ਹੀਦ ਹੋਏ ਨੌਜਵਾਨਾਂ ਦਾ ਦੋਸ਼ੀ ਸਿੱਧ ਹੋਣ ਤੋਂ ਬਾਅਦ ਪੰਥ ’ਚੋਂ ਛੇਕ ਕੇ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਤੇ ਖੁਦਮੁਖਤਿਆਰੀ ਨੂੰ ਮੁੜ ਬਹਾਲ ਕਰਨਾ ਚਾਹੀਦਾ ਹੈ।
ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੈਂਬਰ ਆਤਮਾ ਸਿੰਘ ਲੁਬਾਣਾ ਨੇ ਸਰਨਾ ਭਰਾਵਾਂ ’ਤੇ ਸਿੱਖਾਂ ਦੀ ਦੁਸ਼ਮਣ ਜਮਾਤ ਕਾਂਗਰਸ ਦੇ ਹੱਕ ਵਿੱਚ ਬੈਠਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਰਣਜੀਤ ਸਿੰਘ ਕਮਿਸ਼ਨ ਦੀ ਆੜ ਹੇਠ ਸਰਨਾ ਭਰਾਵਾਂ ਨੂੰ ਲੱਗਦਾ ਹੈ ਕਿ ਉਹ ਦਿੱਲੀ ਕਮੇਟੀ ਉਪਰ ਮੁੜ ਕਾਬਜ਼ ਹੋ ਸਕਦੇ ਹਨ, ਇਸੇ ਲਈ ਉਹ ਕੈਪਟਨ ਸਰਕਾਰ ਦੀ ਬੋਲੀ ਬੋਲ ਰਹੇ ਹਨ। ਸ੍ਰੀ ਲੁਬਾਣਾ ਨੇ ਕਿਹਾ ਕਿ ਸਰਨਾ ਭਰਾਵਾਂ ਨੇ ਦਿੱਲੀ ਕਮੇਟੀ ਦਾ ਸੱਤਿਆਨਾਸ ਤਾਂ ਕੀਤਾ ਹੀ ਸੀ ਹੁਣ ਪੰਜਾਬ ਦੀ ਕਾਂਗਰਸ ਸਰਕਾਰ ਨਾਲ ਛੁਪਿਆ ਨਾਪਾਕ ਗੱਠਜੋੜ ਬਣਾ ਕੇ ਸਿੱਖ ਸੰਸਥਾਵਾਂ ਨੂੰ ਖੋਰਾ ਲਾ ਸਕਦੇ ਹਨ। ਇਸ ਲਈ ਸਮੁੱਚੀ ਕੌਮ ਇਨ੍ਹਾਂ ਲੋਕਾਂ ਤੋਂ ਹੁਣੇ ਹੀ ਉਸੇ ਤਰ੍ਹਾਂ ਸੁਚੇਤ ਹੋਵੇ ਜਿਵੇਂ ਦਿੱਲੀ ਦੇ ਸਿੱਖਾਂ ਨੇ ਸਰਨਾ ਭਰਾਵਾਂ ਨੂੰ ਘਰ ਬੈਠਾ ਦਿੱਤਾ ਹੋਇਆ ਹੈ।
ਸ੍ਰੀ ਲੁਬਾਣਾ ਮੁਤਾਬਕ ਰਾਹੁਲ ਗਾਂਧੀ ਦੇ ਨਵੰਬਰ 1984 ਬਾਰੇ ਦਿੱਤੇ ਬਿਆਨ ਉਪਰ ‘ਹੈਰਾਨੀਜਨਕ ਚੁੱਪ’ ਧਾਰੀ ਬੈਠੇ ਸਰਨਾ ਭਰਾਵਾਂ ਨੂੰ ਹੁਣ ਸੰਗਤ ਮੂੰਹ ਨਹੀਂ ਲਾਉਣ ਵਾਲੀ ਕਿਉਂਕਿ ਉਨ੍ਹਾਂ ਦੀ ਹਕੀਕਤ ਜੱਗ ਜ਼ਾਹਰ ਹੋ ਚੁੱਕੀ ਹੈ।