ਅੰਮਿ੍ਤਸਰ - ਪਾਕਿਸਤਾਨ ਸਥਿਤ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 19 ਨਵੰਬਰ ਨੂੰ ਮਨਾਏ ਜਾ ਰਹੇ 552ਵੇਂ ਪ੍ਰਕਾਸ਼ ਪੁਰਬ ਸਬੰਧੀ ਤਿਆਰੀਆਂ ਲਗਪਗ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਪ੍ਰਕਾਸ਼ ਪੁਰਬ ਸਮਾਗਮਾਂ 'ਚ ਸ਼ਿਰਕਤ ਕਰਨ ਲਈ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਸਿੰਘਾਪੁਰ ਆਦਿ ਤੋਂ ਸੰਗਤ ਨੇ ਪਹੁੰਚਣਾ ਵੀ ਸ਼ੁਰੂ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ. ਐਸ. ਜੀ. ਪੀ. ਸੀ.) ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਸਾਂਝੇ ਤੌਰ 'ਤੇ ਸੰਗਤ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬ ਨੂੰ ਵਿਸ਼ੇਸ਼ ਪ੍ਰਕਾਰ ਦੀਆਂ ਰੰਗ ਬਰੰਗੀਆਂ ਲਾਈਟਾਂ ਅਤੇ ਦੀਵਾਨ ਹਾਲ ਸਮੇਤ ਹੋਰਨਾਂ ਭਵਨਾਂ ਨੂੰ ਮਹਿਕਦੇ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ | ਗੁਰਦੁਆਰਾ ਸਾਹਿਬ ਦੇ ਸਭ ਪ੍ਰਵੇਸ਼ ਰਸਤਿਆਂ 'ਤੇ ਬਨਾਵਟੀ ਫੁੱਲਾਂ ਨਾਲ ਸਜਾਵਟ ਕੀਤੀ ਜਾ ਰਹੀ ਹੈ ਅਤੇ ਗੁਰਮੁਖੀ 'ਚ ਲਿਖੇ ਨਵੇਂ ਹੋਰਡਿੰਗ ਵੀ ਲਗਾਏ ਗਏ ਹਨ | ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਵੇਸ਼ ਰਸਤੇ ਅਤੇ ਡਿਉਢੀਆਂ ਨੂੰ ਦਿੱਲਖਿੱਚ ਰੂਪ ਦਿੱਤਾ ਗਿਆ ਹੈ ਤੇ ਕਈ ਨਵੇਂ ਭਵਨ ਉਸਾਰੇ ਗਏ ਹਨ | ਇਸ ਮੌਕੇ ਗੁਰਦੁਆਰਾ ਸਾਹਿਬ 'ਚ ਸਰੋਵਰ ਦੇ ਪਿਛਲੇ ਪਾਸੇ ਸ਼ਹੀਦੀ ਗੈਲਰੀ ਵੀ ਉਸਾਰੀ ਗਈ ਹੈ | ਦੱਸਿਆ ਜਾ ਰਿਹਾ ਹੈ ਕਿ ਗੁਰਪੁਰਬ ਮੌਕੇ ਭਾਰਤੀ ਸਿੱਖ ਯਾਤਰੂਆਂ ਸਮੇਤ ਪਾਕਿ ਦੇ ਸੂਬਾ ਖ਼ੈਬਰ ਪਖਤੂਨਖਵਾ, ਸਿੰਧ, ਪੰਜਾਬ, ਬਲੋਚਿਸਤਾਨ ਤੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਰਿਹਾਇਸ਼ ਅਤੇ ਲੰਗਰ ਆਦਿ ਦੇ ਸਭ ਪ੍ਰਬੰਧ ਕੋਵਿਡ-19 ਸਿਹਤ ਸੁਰੱਖਿਆ ਨਿਯਮਾਂ ਅਧੀਨ ਕੀਤੇ ਜਾ ਰਹੇ ਹਨ | ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਾਹਿਬ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ 'ਚ ਪਾਕਿਸਤਾਨ ਦੇ ਮੁਸਲਿਮ ਸ਼ਰਧਾਲੂ ਸੱਯਦ ਜ਼ਮੀਲ ਅੱਬਾਸ ਸ਼ਾਹ ਵਲੋਂ ਲਗਪਗ ਦੋ ਕਿੱਲੋਮੀਟਰ ਲੰਬਾ ਲਾਲ ਕਾਲੀਨ ਵੀ ਵਿਛਾਇਆ ਜਾਵੇਗਾ ਤੇ ਤਿੰਨ ਦਿਨਾਂ ਮੁਫ਼ਤ ਵਿਸ਼ਾਲ ਮੈਡੀਕਲ ਕੈਂਪ ਵੀ ਲਗਾਇਆ ਜਾ ਰਿਹਾ ਹੈ |


