ਬੀਜਿੰਗ - ਚੀਨ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਬਣ ਗਿਆ ਹੈ ਅਤੇ ਵਿਸ਼ਵ ਪੱਧਰੀ ਆਮਦਨ ਵਿਚ 60 ਫੀਸਦੀ ਤੋਂ ਜ਼ਿਆਦਾ ਦੀ ਹਿੱਸੇਦਾਰੀ ਰੱਖਣ ਵਾਲੇ 10 ਦੇਸ਼ਾਂ ਦੀਆਂ ਬੈਲੇਂਸਸ਼ੀਟ 'ਤੇ ਨਜ਼ਰ ਰੱਖਣ ਵਾਲੀ ਕੰਸਲਟੈਂਟ ਮੈਕਿੰਜੀ ਐਂਡ ਕੰਪਨੀ ਦੀ ਰਿਸਰਚ ਸ਼ਾਖਾ ਦੀ ਰਿਪੋਰਟ ਅਨੁਸਾਰ ਪਿਛਲੇ 20 ਸਾਲਾਂ ਵਿਚ ਦੁਨੀਆ ਦੀ ਜਾਇਦਾਦ ਤਿੰਨ ਗੁਣਾ ਵਧੀ ਹੈ | ਇਨ੍ਹਾਂ ਜਾਇਦਾਦਾਂ ਵਿਚ ਚੀਨ ਦੀ ਹਿੱਸੇਦਾਰੀ ਇਕ ਤਿਹਾਈ ਹੈ | ਰਿਪੋਰਟ ਅਨੁਸਾਰ ਸਾਲ 2000 ਵਿਚ ਜਿੱਥੇ ਦੁਨੀਆ ਭਰ ਦੀ ਜਾਇਦਾਦ 156 ਟਿ੍ਲੀਅਨ ਡਾਲਰ ਸੀ | ਉੱਥੇ 2020 ਵਿਚ ਇਹ ਵਧ ਕੇ 514 ਟਿ੍ਲੀਅਨ ਡਾਲਰ ਹੋ ਗਈ | ਚੀਨ ਦੀ ਜਾਇਦਾਦ ਵਿਚ ਜ਼ਬਰਦਸਤ ਇਜਾਫਾ ਹੋਇਆ ਹੈ | ਸਾਲ 2000 ਵਿਚ ਉਸ ਦੀ ਜਾਇਦਾਦ ਕੇਵਲ 7 ਟਿ੍ਲੀਅਨ ਡਾਲਰ ਸੀ ਅਤੇ 2020 ਤੱਕ ਵਧ ਕੇ 120 ਟਿ੍ਲੀਅਨ ਡਾਲਰ ਤੱਕ ਪੁੱਜ ਗਈ ਹੈ | ਦੂਸਰੇ ਪਾਸੇ ਦੂਸਰੇ ਨੰਬਰ 'ਤੇ ਆ ਚੁੱਕੇ ਅਮਰੀਕਾ ਦੀ ਜਾਇਦਾਦ 20 ਸਾਲਾਂ ਵਿਚ ਦੋਗੁਣੀ ਹੋਈ ਹੈ | ਸਾਲ 2020 ਵਿਚ ਅਮਰੀਕੀ ਜਾਇਦਾਦ 90 ਟਿ੍ਲੀਅਨ ਡਾਲਰ ਤੱਕ ਪੁੱਜ ਗਈ | ਰਿਪੋਰਟ ਅਨੁਸਾਰ ਅਮਰੀਕਾ ਵਿਚ ਜਾਇਦਾਦ ਦੇ ਭਾਅ ਵਿਚ ਬਹੁਤ ਜ਼ਿਆਦਾ ਵਾਧਾ ਨਾ ਹੋਣ ਕਾਰਨ ਅਮਰੀਕੀ ਜਾਇਦਾਦ ਚੀਨ ਦੇ ਮੁਕਾਬਲੇ ਘੱਟ ਰਹੀ ਅਤੇ ਉਸ ਨੂੰ ਦੂਸਰੇ ਨੰਬਰ 'ਤੇ ਜਾਣਾ ਪਿਆ | ਰਿਪੋਰਟ ਵਿਚ ਇਹ ਗੱਲ ਵੀ ਕਹੀ ਗਈ ਹੈ ਕਿ ਦੁਨੀਆ ਵਿਚ ਸਭ ਤੋਂ ਜ਼ਿਆਦਾ ਜਾਇਦਾਦ ਵਾਲੇ ਚੀਨ ਅਤੇ ਅਮਰੀਕਾ ਵਿਚ ਧਨ ਦਾ ਵੱਡਾ ਹਿੱਸਾ ਕੇਵਲ ਕੁਝ ਅਮੀਰ ਲੋਕਾਂ ਤੱਕ ਹੀ ਸੀਮਤ ਹੈ | ਰਿਪੋਰਟ ਅਨੁਸਾਰ ਦੋਵਾਂ ਦੇਸ਼ਾਂ ਵਿਚ ਕੇਵਲ 10 ਫੀਸਦੀ ਆਬਾਦੀ ਕੋਲ ਜਾਇਦਾਦ ਦਾ ਦੋ ਤਿਹਾਈ ਹਿੱਸਾ ਹੈ ਅਤੇ ਇਨ੍ਹਾਂ ਦੇ ਸ਼ੇਅਰ ਲਗਾਤਾਰ ਵਧ ਰਹੇ ਹਨ | ਮੈਕਿੰਜੀ ਦੀ ਰਿਪੋਰਟ ਦੱਸਦੀ ਹੈ ਕਿ ਦੁਨੀਆ ਦਾ 68 ਫੀਸਦੀ ਪੈਸਾ ਰਿਅਲ ਅਸਟੇਟ ਵਿਚ ਲੱਗਿਆ ਹੋਇਆ ਹੈ | ਦੂਜੇ ਪਾਸੇ ਬਾਕੀ ਦੀ ਜਾਇਦਾਦ ਵਿਚ ਬੁਨਿਆਦੀ ਢਾਂਚਾ, ਮਸ਼ੀਨਰੀ ਅਤੇ ਉਪਕਰਨ ਵਰਗੀਆਂ ਚੀਜ਼ਾਂ ਸ਼ਾਮਿਲ ਹਨ |


